ਜਦ ਆਨੰਦਪੁਰ ਦੇ ਨੇੜੇ ਪਹਾੜਾਂ ਵਿਚ ਬਾਜਾਂ ਵਾਲੇ ਦੇ ਰਣਜੀਤ ਨਗਾਰੇ ਦੀ ਧਮਕ ਉੱਠੀ, ਤਾਂ ਨੇੜੇ ਦੀਆਂ ਹਿੰਦੂ ਰਿਆਸਤਾਂ ਦੇ ਰਾਜਿਆਂ ਦੇ ਦਿਲਾਂ ਨੂੰ ਹੌਲ ਪਿਆ। ਇਸ ਡਰ ਦੇ ਪੈਦਾ ਹੋਣ ਪਿੱਛੇ ਕੋਈ ਰਾਜਸੀ ਕਾਰਨ ਨਹੀਂ ਸੀ, ਕਿਉਂਕਿ ਰਾਜੇ ਹਜੂਰ ਦੀ ਸੰਤ-ਤਬੀਅਤ ਤੋਂ ਬਹੁਤ ਅੱਛੀ ਤਰ੍ਹਾਂ ਜਾਣੂ ਸਨ, ਸਗੋਂ ਇਹ ਤਾਂ ਅਚੇਤ ਤੌਰ ਉੱਤੇ ਤੀਸਰੇ ਪੰਥ ਦੇ ਆਉਣ ਦਾ ਕਾਇਰਤਾ ਭਰਿਆ ਪੂਰਬ-ਪ੍ਤਿਰਕਰਮ ਸੀ, ਅਤੇ ਇਹ ਡਰ ਹੁਣ ਦਾ ਨਹੀਂ ਸੀ, ਸਗੋਂ ਬਹੁਤ ਪੁਰਾਣਾ ਸੀ। ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਹੀ ਵਰਣ-ਵੰਡ ਦਾ ਉਪਾਸ਼ਕ ਮਨ ਤੀਸਰੇ ਪੰਥ ਦੀ ਆਮਦ ਦੇ ਸੁਖਮ ਅਨੁਮਾਨ ਕਾਰਨ ਤ੍ਭਰਕ ਰਿਹਾ ਸੀ। ਸਮੂਹਿਕ ਹਿੰਦੂ-ਮਨ ਡਰ ਅਤੇ ਈਰਖਾ ਦੇ ਰਲਵੇਂ-ਮਿਲਵੇਂ ਪ੍ਰਤੀਕਰਮ ਬਹੁਤ ਦੇਰ ਤੋਂ ਦੇ ਰਿਹਾ ਸੀ। ਬੁੱਤ-ਪ੍ਰਸਤੀ ਦੇ ਹਿੰਦੂ-ਫਲਸਫੇ, ਜਾਤੀ ਚੇਤਨਾ ਅਤੇ ਜੀਵਨ ਕਰਮ ਨੂੰ ਇਸ ਤਰ੍ਹਾਂ ਘੇਰ ਲਿਆ ਸੀ, ਕਿ ਇਸ ਨੂੰ ਆਪਣੀ ਸਦੀਵੀ ਅਸਮਰੱਥਾ ਹੀ ਪਿ੍ਰਯ ਜਾਪਣ ਲੱਗੀ। ਇਹ ਪਹਾੜੀ ਰਾਜੇ ਸਦੀਆਂ ਦੇ ਸੁਆਰਥ ਦੀ ਇਕੱਠੀ ਕੀਤੀ ਬਿਪਰ ਸੰਸਕਾਰੀ ਨੇਸਤੀ ਦੇ ਅਸਲ ਪ੍ਰਤੀਨਿਧ ਸਨ। ਉਹ ਕਾਇਰ, ਈਰਖਾਲੂ, ਖੁਸ਼ਾਮਦੀ ਅਤੇ ਹੱਦ ਦਰਜੇ ਦੇ ਝੂਠੇ ਲੋਕ ਸਨ। ਸੋ ਜਦੋਂ ਇਤਿਹਾਸ ਦੇ ਸਭ ਤੋਂ ਵੱਡੇ ਬੁੱਤ-ਸ਼ਿਕਨ ਦਾ ਧੌਂਸਾ ਇਹਨਾਂ ਰਿਅਸਤਾਂ ਦੀਆਂ ਹੱਦਾਂ ਉੱਤੇ ਗੂੰਜਣ ਲੱਗਾ, ਤਾਂ ਐਨ ਕੁਦਰਤੀ ਸੀ, ਕਿ ਬੁੱਤਪ੍ਰਸਤਾਂ ਦੇ ਵਿਸ਼ੈਲੇ ਸੰਸਕਾਰਾਂ ਵਿਚ ਕੋਈ ਜ਼ੋਰਦਾਰ ਦਹਿਲ ਉਠਦਾ। ਈਰਖਾ ਦੀ ਅੱਗ ਨੇ ਸਭ ਤੋਂ ਪਹਿਲਾਂ ਕਹਿਲੂਰ ਦੇ ਅਰਧ-ਰਾਜਪੂਤ ਰਾਜੇ ਭੀਮ ਚੰਦ ਨੂੰ ਤਪਾਇਆ। ਇਕ ਦਿਨ ਸ਼ਿਕਾਰ ਖੇਡਦਿਆਂ ਜਦੋਂ ਉਸ ਨੇ ਰਣਜੀਤ ਨਗਾਰੇ ਦੀ ਗੂੰਜ ਸੁਣੀ, ਤਾਂ ਉਸ ਦੀ ਰਾਜ-ਪਦਵੀ ਅਤੇ ਵਰਣ-ਉੱਚਤਾ ਦੇ ਅਭਿਮਾਨ ਨੂੰ ਡਾਢੀ ਠੇਸ ਲੱਗੀ। ਉਹ ਕਾਹਲੇ ਅਤੇ ਹੋਛੇ ਸੁਭਾ ਵਾਲੇ ਰਾਜੇ ਨੇ ਹਜ਼ੂਰ ਨੂੰ ਨਗਾਰਾ ਨਾਂਹ ਵਜਾਉਣ ਦਾ ਸਖਤ ਹੁਕਮ ਭੇਜਿਆ, ਅਤੇ ਨਾਲ ਹੀ ਹੁਕਮ ਨਾਂਹ ਮੰਨਣ ਦੀ ਸੂਰਤ ਵਿਚ ਜੰਗ ਕਰਨ ਦੀ ਧਮਕੀ ਵੀ ਉਸੇ ਹੁਕਮ ਵਿਚ ਲਿਖ ਦਿੱਤੀ। ਖੁਦਾਪ੍ਰਸਤ ਕਲਗੀਧਰ ਨੂੰ ਇਕ ਬੁੱਤਪ੍ਰਸਤ ਰਾਜੇ ਦੇ ਅਜਿਹੇ ਹੁਕਮ ਦੀ ਪ੍ਰਵਾਹ ਸੀ ? ਸੋ ਰਾਜੇ ਦੇ ਏਲਚੀ ਨੂੰ ਨਿਰਾਸ ਮੁੜਨਾ ਪਿਆ। ਦੂਜੇ ਪਾਸੇ ਰਾਜੇ ਭੀਮ ਚੰਦ ਦੇ ਸੁਆਰਥੀ ਮਨ ਨੇ ਇਕ ਹੋਰ ਪਲਟਾ ਖਾਧਾ। ਹਜ਼ੂਰ ਦੀ ਤਾਕਤ ਤੋਂ ਡਰ ਕੇ ਉਸ ਨੇ ਸੰਸਾਰੀ ਲਾਭਾਂ ਦੀ ਪੂ੍ਰਤੀ ਹਿੱਤ ਉਹਨਾਂ ਨਾਲ ਦੋਸਤੀ ਪਾਉਣ ਦੀ ਯੋਜਨਾ ਬਣਾਈ। ਏਲਚੀਆਂ ਨੂੰ ਅਨੰਦਪੁਰ ਭੇਜਿਆ ਅਤੇ ਦਰਸ਼ਨਾਂ ਦੀ ਤਲਬ ਕੀਤੀ। ਕਲਗੀਧਰ ਦੀ ਮਨਜ਼ੂਰੀ ਆਉਣ ਉਤੇ ਆਨੰਦਪੁਰ ਆਇਆ, ਪਰ ਗਜ਼ਨੀ ਤੋਂ ਆਏ ਤੰਬੂ ਦੀ ਸ਼ਾਨ ਵੇਖ ਕੇ ਉਸਦੇ ਲਾਲਚੀ ਮਨ ਅੰਦਰ ਇਸ ਨੂੰ ਧੋਖੇ ਨਾਲ ਪ੍ਰਾਪਤ ਕਰਨ ਦੀ ਤੇਜ਼ਾਬ ਵਰਗੀ ਤਿੱਖੀ ਲਾਲਸਾ ਉੱਠੀ। ਆਪਣੀ ਰਾਜਧਾਨੀ ਵਿਚ ਆ ਕੇ ਉਸਨੇ ਤੰਬੂ ਅਤੇ ਪ੍ਰਸਾਦੀ ਹਾਥੀ ਦੀ ਮੰਗ ਕਰਨ ਲਈ ਦੋ ਵਾਰ ਫ਼ਰੇਬੀ ਦਿਲ ਪਰ ਮਿੱਠੀ ਜ਼ਬਾਨ ਵਾਲੇ ਚਤੁਰ ਏਲਚੀ ਗੁਰੂ ਜੀ ਕੋਲ ਭੇਜੇ। ਪਰ ਹਜ਼ੂਰ ਸਿੱਖਾਂ ਵਲੋਂ ਭੇਟ ਕੀਤੀਆਂ ਚੀਜ਼ਾਂ ਨੂੰ ਕਿਸੇ ਸੰਸਾਰੀ ਕਾਰਜ, ਜਾਂ ਜ਼ਾਤੀ ਗ਼ਰਜ਼, ਜਾਂ ਕਿਸੇ ਨਾਲ ਇਹਨਾਂ ਰਾਹੀਂ ਮੁਹੱਬਤ ਪਾਉਣ ਦੇ ਪ੍ਰਯੋਜਨ ਦੇ ਤੌਰ ਉੱਤੇ ਨਹੀਂ ਏਲਚੀਆਂ ਨੂੰ ਮੁੜ ਅਤਿ ਨਿਰਾਸ਼ਾ ਵਿਚ ਮੁੜਨਾ ਪਿਆ। ਭੀਮ ਚੰਦ ਦਾ ਈਰਖਾਲੂ ਮਨ ਆਪਣੇ ਇਸ ਅਪਮਾਨ ਉੱਤੇ ਬਹੁਤ ਬੇਚੈਨ ਹੋਇਆ, ਅਤੇ ਇਕ ਪੰਮੇ ਨਾਂ ਦੇ ਬਿਪਰ ਨੇ ਗੁਰੂ ਜੀ ਵਿਰੁੱਧ ਕੁਝ ਝੂਠੀਆਂ-ਸੱਚੀਆਂ ਜੋੜ ਕੇ ਉਸ ਦੇ ਅੰਦਰਲੀ ਈਰਖਾ ਨੂੰ ਹੋਰ ਵੀ ਉਤੇਜਿਤ ਕਰ ਦਿੱਤਾ।
ਉਹਨਾਂ ਦਿਨਾਂ ਵਿਚ ਚਾਰ-ਚੁਫੇਰੇ ਆਤਮਕ ਸੁਹਜ ਦਾ ਮੀਂਹ ਵਰ੍ਹ ਰਿਹਾ ਸੀ। ਹਜ਼ੂਰ ਦੇ ਨੇੜੇ-ਨੇੜੇ ਸਿੱਖ ਕੌਮ ਇਕ ਉੱਚੇ ਨਸ਼ੇ ਵਿਚ ਜਿਉਂ ਰਹੀ ਸੀ। ਇਹਨਾਂ ਦਿਨਾਂ ਵਿਚ ਹੀ ਹਜ਼ੂਰ ਨੂੰ ‘ਅਕਾਲ ਉਸਤਤਿ’ ਅਤੇ ‘ਸ਼ਬਦ ਹਜ਼ਾਰੇ’ ਦੇ ਉੱਚੇ ਰੱਬੀ ਆਵੇਸ਼ ਹੋਏ। ਸੰਗਤਾਂ ਨੇ ਵੀ ਇਹਨਾਂ ਦੈਵੀ ਰਮਜ਼ਾਂ ਦਾ ਗਿਆਨ ਪਾਇਆ; ਚੜ੍ਹਦੀ ਕਲਾ ਦੀ ਨਸ਼ੀਲੀ ਤਰੰਗ ਜਾਗੀ; ਅਤੇ ਸਿੱਖ ਕੌਮ ਦਾ ਮਨ ਸੁਹਜ ਦੇ ਅਸਗਾਹ ਵਿਚ ਰੰਗਿਆ ਗਿਆ। ਇਹਨਾਂ ਦਿਨਾਂ ਵਿਚ ਕਲਗ਼ੀਧਰ ਨੇ ਹਿਮਾਲੀਆ ਦੇ ਇਕ ਬਲਵਾਨ ਸਫ਼ੈਦ ਸ਼ੇਰ ਨਾਲ ਜੰਗ ਕੀਤਾ, ਅਤੇ ਪਾਰੇ ਵਾਂਗ ਤੇਜ਼ ਲਿਸ਼ਕਦੀ ਤੇਗ਼ ਨਾਲ ਉਸ ਦੇ ਸੀਨੇ ਨੂੰ ਚੀਰ ਦਿੱਤਾ। ਕੁਦਰਤ ਦੀ ਰਮਣੀਕ ਵਾਦੀ ਵਿਚ ਇਹਨਾਂ ਰੰਗ-ਬਰੰਗੀਆਂ ਰੌਣਕਾਂ ਦੇ ਉਹਲੇ ਵਿਚ ਆਤਮਕ ਕ੍ਰਿਸ਼ਮਿਆਂ ਦੀ ਬਰਕਤ ਸੀ। ਹਜ਼ੂਰ ਦੀ ਛੋਹ ਨੇੜੇ ਵੱਸਦਾ ਹਰ ਦ੍ਰਿਸ਼ ਇਕ ਅਜਿਹੀ ਦਾਸਤਾਨ ਸੀ, ਜੋ ਗਿਆਨ ਦੇ ਸੂਖਮ ਤੋਂ ਸੂਖਮ ਭੇਦ ਦੇ ਕਲਾਵੇ ਵਿਚ ਨਹੀਂ ਸੀ ਆਉਂਦੀ। ਸਿੱਖ ਕੌਮ ਬਖਸ਼ਿਸ਼ ਦੇ ਜਮਾਲ ਵਿਚ ਹੀ ਇਲਮ ਦੇ ਅਣਪਛਾਤੇ ਰਾਹ ਵੇਖ ਰਹੀ ਸੀ।
ਜਦੋਂ ਕਿ ਪੈਗੰਬਰਾਂ ਦੇ ਸ਼ਹਿਨਸ਼ਾਹ ਸਿੱਖ-ਚੇਤਨਾ ਦੇ ਸਦੀਵੀ ਦਰਿਆ ਨੂੰ ਤਰ੍ਹਾਂ-ਤਰ੍ਹਾਂ ਦੇ ਸੁਹਜ ਨਾਲ ਭਰਪੂਰ ਕਰ ਰਹੇ ਸਨ; ਜਦੋਂ ਕਿ ਸੰਗਤ ਨੂੰ ਗਿਆਨ ਦੀ ਨਵੀਂ ਤੋਂ ਨਵੀਂ ਕੁੰਟ ਵਿਖਾ ਰਹੇ ਸਨ; ਜਦੋਂ ਕਿ ਉਹ ਸਿੱਖਾਂ ਅੰਦਰ “ਅਕਾਲ ਉਸਤਤਿ” ਦੇ ਆਵੇਸ਼ ਰਾਹੀਂ ਇਤਿਹਾਸ ਵਿਚ ਸਭ ਤੋਂ ਵੱਡੀ ਬੁੱਤ-ਸ਼ਿਕਨੀ ਦਾ ਕਹਿਰ ਭਰ ਰਹੇ ਸਨ; ਐਨ ਉਸ ਸਮੇਂ ਬਿਪਰ ਸੰਸਕਾਰੀ ਈਰਖਾ ਅਤੇ ਸੁਆਰਥ ਦਾ ਰੋਹ ਵੀ ਪਹਾੜੀਆਂ ਅੰਦਰ ਜਾਗ ਰਿਹਾ ਸੀ।
ਖ਼ਾਲਸਾ ਪੰਥ
ਦੀ ਸਾਜਣਾ ਹੋਣ ਵਾਲੀ ਸੀ। ਮੌਤ ਦੇ ਉਹ ਕਹਿਰ ਦੂਰ ਨਹੀਂ ਸਨ, ਜਿਸ ਵਿਚ ਸ਼ਹੀਦਾਂ ਦੀ ਬੇਮਿਸਾਲ ਪ੍ਰਭਾਤ ਨੇ ਚਮਕਣਾ ਸੀ। ਅਜੀਤ ਸਿੰਘ,ਜੁਝਾਰ ਸਿੰਘ, ਜ਼ੋਰਾਵਰ ਸਿੰਘ ਅਤੇ ਫ਼ਤਹ ਸਿੰਘ ਚਾਰੇ ਸਾਹਿਬਜ਼ਾਦੇ ਪ੍ਰਗਟ ਹੋ ਚੁੱਕੇ ਸਨ। ਅਜੀਤ ਸਿੰਘ ਨੂੰ ਸੁੰਦਰੀ ਜੀ ਨੇ ਅਤੇ ਬਾਕੀ ਤਿੰਨਾਂ ਨੂੰ ਜੀਤੋ ਜੀ ਨੇ ਜਨਮ ਦਿੱਤੇ ਸਨ। ਹਜ਼ੂਰ ਦੇ ਲਹੂ ਵਿਚੋਂ ਬਣੀਆਂ ਉਹ ਸਿਦਕ ਅਤੇ ਫ਼ਤਹ ਦੀਆਂ ਚਾਰ ਨਿਸ਼ਾਨੀਆਂ ਸਨ, ਜੋ ਅੱਖਾਂ ਵਾਲਿਆਂ ਨੂੰ ਮੁੜ-ਮੁੜ ਸਮਝਾਉਂਦੀਆਂ ਸਨ, ਕਿ ਤੀਸਰੇ ਪੰਥ ਦਾ ਬਾਲਪਨ ਕਿਸ ਤਰ੍ਹਾਂ ਦਾ ਹੈ ਅਤੇ ਇਲਾਹੀ ਕਰਮ ਦੀ ਪਹਿਲੀ ਖੁਸ਼ਬੋ ਕਿਸ ਨੂੰ ਆਖਦੇ ਹਨ।
ਬਿਕ੍ਰਮੀ ਸੰਮਤ 1756 ਦੀ ਪਹਿਲੀ ਵਿਸਾਖ ਨੂੰ ਆਨੰਦਪੁਰ ਵਿਚ ਹਜ਼ਾਰਾਂ ਸਿੱਖਾਂ ਦਾ ਇਕੱਠ ਹੋਇਆ। ਜਿਥੇ ਅੱਜ ਕੱਲ ਤਖਤ ਕੇਸਗੜ੍ਹ ਸਾਹਿਬ ਸਜੇ ਹੋਏ ਹਨ, ਉਥੇ ਵੀਰਵਾਰ ਵਾਲੇ ਦਿਨ, 30 ਮਾਰਚ 1699 ਈਸਵੀ ਨੂੰ ਗੁਰੂ ਜੀ ਦੇ ਹੁਕਮ ਨਾਲ ਇਕ ਭਾਰੀ ਦੀਵਾਨ ਸਜਿਆ। ਪਹਾੜੀ ਢਲਾਣ ਉੱਤੇ ਵਿਸ਼ਾਲ ਖੂਬਸੂਰਤ ਤੰਬੂ ਲਗਾਇਆ ਗਿਆ; ਦੂਰ ਤੱਕ ਕਨਾਤਾਂ ਲਗਾਈਆਂ ਗਈਆਂ; ਹਜ਼ੂਰ ਦੇ ਬੈਠਣ ਲਈ ਸੰਗਮਰਮਰ ਦੀ ਇਕ ਉੱਚੀ ਥਾਂ ਖਾਸ ਤੌਰ ‘ਤੇ ਬਣਾਈ ਗਈ ਸੀ, ਜਿਸ ਦੇ ਪਿੱਛੇ ਨੀਲੇ ਰੰਗ ਦਾ ਇਕ ਨਿੱਕਾ ਜੇਹਾ ਤੰਬੂ ਸੀ। ਦਿਨ ਚੜਦਿਆਂ ਹੀ ਤੰਬੂ ਹੇਠ ਅਤੇ ਤੰਬੂ ਤੋਂ ਬਾਹਰ ਹਜ਼ੂਰ ਦੇ ਬੈਠਣ ਵਾਲੀ ਥਾਂ ਦੇ ਸਾਹਮਣੇ ਸੰਗਤਾਂ ਨੇ ਜੁੜਣਾ ਸ਼ੁਰੂ ਕਰ ਦਿੱਤਾ। ਸਾਰੇ ਦੀਵਾਨ ਵਿਚ ਕਿਸੇ ਨੂੰ ਨਹੀਂ ਸੀ ਪਤਾ, ਕਿ ਕੀ ਹੋਣਾ ਹੈ, ਪਰ ‘ਕੁਝ ਹੋਣ’ ਦੀ ਕੰਬਨੀ ਹਰ ਇਕ ਦਿਲ ਵਿਚ ਛਿੜ ਰਹੀ ਸੀ। ਕੋਈ ਤਣਾਉ ਨਹੀਂ ਸੀ; ਕਿਤੇ ਅਸ਼ਾਂਤੀ ਨਹੀਂ ਸੀ, ਪਰ ਕਿਸੇ ਅਰੂਪ ਆਮਦ ਦਾ ਅਹਿਸਾਸ ਚਾਰ-ਚੁਫੇਰੇ ਛਾਇਆ ਹੋਇਆ ਸੀ। ਕੁਝ ਦੇਰ ਪਿੱਛੋਂ ਗੁਰੂ ਜੀ ਨੀਲੇ ਤੰਬੂ ਵਾਲੇ ਪਾਸਿਉਂ ਦੀਵਾਨ ਵਿਚ ਦਾਖ਼ਲ ਹੋਏ। ਸੁੰਦਰ, ਸੁਜੀਲੇ, ਪਤਲੇ ਤੇ ਲੰਮੇ ਕਲਗ਼ੀਆਂ ਵਾਲੇ ਆਮ ਨਜ਼ਰ ਨਾਲ ਵੇਖਿਆਂ ਪਹਿਲੇ ਦਿਨਾਂ ਜੇਹੇ ਹੀ ਸਨ, ਪਰ ਸਿੱਖਾਂ ਦੀ ਅੰਤ੍ਰੀਵ ਨਾਜ਼ਕ ਤਬਾਅ ਨੂੰ ਉਹਨਾਂ ਵਿਚੋਂ ਆਏ ਕਿਸੇ ਤੇਜ ਨੇ ਇਸ ਤਰ੍ਹਾਂ ਇਕ ਦਮ ਹਲੂਣਿਆ, ਜਿਵੇਂ ਰਾਤਾਂ ਦੀ ਖਾਮੋਸ਼ੀ ਵਿਚ ਮਾਸੂਮ ਰੇਤਾ ਉੱਤੇ ਦਰਿਆਵਾਂ ਦੇ ਹੜ ਵਾਰ ਕਰ ਦੇਣ। ਹਜ਼ੂਰ ਨੇ ਥੜ੍ਹੇ ਉੱਤੇ ਖਲੋ ਕੇ ਸੰਗਤਾਂ ਨੂੰ ਕਿਸੇ ਡੂੰਘੀ ਅਪਣੱਤ ਨਾਲ ਵੇਖਿਆ, ਫੇਰ ਮਿਆਨ ਵਿਚੋਂ ਤੇਗ਼ ਨੂੰ ਖਿੱਚਿਆ, ਅਤੇ ਫੇਰ ਜਿਵੇਂ ਰੱਬ ਦੇ ਜਲਾਲ ਵਿਚੋਂ ਆਵਾਜ਼ ਆਈ, “ਮੈਨੂੰ ਇਕ ਸਿਰ ਦੀ ਲੋੜ ਹੈ। ਮੇਰਾ ਕੋਈ ਪਿਆਰਾ ਸਿੱਖ ਅੱਗੇ ਆਵੇ।” ਸੰਗਤਾਂ ਉੱਤੇ ਹੋਰ ਡੂੰਘੀ ਚੁੱਪ ਛਾ ਗਈ। ਕੋਈ ਘਬਰਾਇਆ ਨਹੀਂ, ਕਿਸੇ ਨੂੰ ਅਜੀਬ ਗੱਲ ਨਹੀਂ ਅਤੇ ਨਾਂਹ ਜਿਸ ਨੂਮ ਅੱਜ ਕੱਲ “ਡਰ” ਆਖਦੇ ਹਨ; ਉਸ ਤਰ੍ਹਾਂ ਦਾ ਕਿਸੇ ਨੂੰ ਡਰ ਹੀ ਲੱਗਾ। ਨਾਂਹ ਹੀ ਕੋਈ ਦੀਵਾਨ ਵਿਚੋਂ ਨੱਸਿਆ, ਕਿਉਂਕਿ ਜੋ ਕਮਜ਼ੋਰ ਸਨ ਉਹ ਵੀ ਇਸ ਦੋ ਸਦੀਆਂ ਪਿੱਛੋਂ ਯਕੀਨਨ ਅਤੇ ਜ਼ਰੂਰ ਹੀ ਵਾਪਰਣ ਵਾਲੀ ਘੜੀ ਦੇ ਤੇਜ ਨੇ ਕੀਲੇ ਹੋਏ ਸਨ। ਸਿਰ ਦੇਣ ਲਈ ਜਲਦੀ ਨਾਲ ਅੱਗੇ ਆਉਣ ਦਾ ਕਾਰਨ ਇਹ ਨਹੀਂ ਸੀ, ਕਿ ਸਿੱਖਾਂ ਦੇ ਦਿਲ ਉੱਤੇ ਡਰ ਹਾਵੀ ਹੋ ਰਿਹਾ ਸੀ। ਨਾਂਹ ਹੀ ਸ਼ੰਕਾ ਦੀ ਅਵਸਥਾ ਸੀ। ਅਸਲ ਗੱਲ ਇਹ ਸੀ, ਕਿ ਜਿਸ ਛਿਣ ਉੱਤੇ ਕਲਗੀਆਂ ਵਾਲੇ ਨੇ ਸੀਸ ਮੰਗਿਆ ਸੀ, ਉਸ ਛਿਣ ਵਿਚ ਦੋ ਸਦੀਆਂ ਦੇ ਇੰਤਜ਼ਾਰ ਦੀ ਗਰਮੀ ਸੀ। ਦੋ ਸਦੀਆਂ ਨੂੰ ਇਸ ਗੱਲ ਦੀ ਇੰਤਜ਼ਾਰ ਸੀ, ਕਿ ਗੁਰੂ ਦੀ ਪਛਾਣ, ਜੋ ਗੁਰੂ ਨਾਨਕ-ਸੱਚ ਵਿਚ ਵਿਆਪਕ ਸੀ, ਜੋ ਸਿੱਖ-ਸਿਮਰਨ ਦਾ ਹਿੱਸਾ ਸੀ, ਜੋ ਵਿਅਕਤੀ-ਇਕਾਈਆਂ ਵਿਚ ਅਨੇਕਾਂ ਵਾਰ ਗੁਰਮੁਖ-ਪੂਰਨਤਾ ਨੂੰ ਪਹੁੰਚੀ ਸੀ, ਜਿਸਦਾ ਸਫ਼ਰ ਸਿੱਖ-ਸੰਗਤ ਦੇ ਸਰਬ ਆਕਾਰ ਵਿਚ ਸਾਂਝੇ ਤੌਰ ਉੱਤੇ ਜਾਰੀ ਸੀ ਪਰ ਮੁੱਕਿਆ ਨਹੀਂ ਸੀ, ਹੁਣ ਕਲਗ਼ੀਆਂ ਵਾਲੇ ਦੇ ਸੀਸ ਮੰਗਣ ਦੇ ਛਿਣ ਉੱਤੇ ਉਸ ਗੁਰੂ-ਪਛਾਣ ਨੇ ਸਿੱਖ-ਸੰਗਤ ਦੇ ਸਰਬ ਆਕਾਰ ਵਿਚ ਸੰਪੂਰਣ ਹੋਣਾ ਸੀ। ਗੁਰੂ-ਪਛਾਣ ਸਰਬ ਰੂਪੀ ਸਿੱਖ-ਸੰਗਤ ਵਿਚ ਉਦੋਂ ਹੀ ਆਪਣੀ ਮੁਕੰਮਲ ਸ਼ਕਲ ਵਿਚ ਆਉਣੀ ਸੀ, ਜਦੋਂ ਸੰਗਤ ਦਸਾਂ ਪਾਤਸ਼ਾਹੀਆਂ ਦੀ ਗੁਰੂ-ਅਪਣੱਤ ਵਿਚ ਅਭੇਦ ਹੋ ਜਾਵੇ। ਗੁਰੂ-ਅਪਣੱਤ ਦਾ ਸਗਲ ਨਿੱਘ ਕੇਵਲ ਮੌਤ-ਛਿਣ ਉੱਤੇ ਹੀ ਨਸੀਬ ਹੋ ਸਕਦਾ ਸੀ। ਸੋ ਕਲਗ਼ੀਆਂ ਵਾਲੇ ਦਾ ਸੀਸ ਮੰਗਣ ਦਾ ਛਿਣ ਦਸਾਂ ਪਾਤਸ਼ਾਹੀਆਂ ਵੱਲੋਂ ਕੀਤਾ ਹੁਕਮ ਸੀ, ਅਤੇ ਫੇਰ ਇਹ ਹੁਕਮ ਦਸਾਂ ਪਾਤਸ਼ਾਹੀਆਂ ਵੱਲੋਂ ਦੋ ਸਦੀਆਂ ਦੇ ਇੰਤਜ਼ਾਰ ਪਿੱਛੋਂ ਕੀਤੀ ਜਾ ਰਹੀ ਬਖਸ਼ਿਸ਼ ਸੀ। ਸਿੱਖ-ਸੰਗਤ ਲਈ ਇਹ ਹੁਕਮ ਦਾ ਤੇਜ ਝੱਲਣਾ ਮੁਸ਼ਕਿਲ ਸੀ। ਸੋ ਸਿਰ ਦੇਣ ਲਈ ਉਸੇ ਨੇ ਅੱਗੇ ਆਉਣਾ ਸੀ, ਜਿਸ ਵਿਚ ਇਸ ਹੁਕਮ ਦਾ ਤੇਜ ਝੱਲਣ ਦਾ ਤਾਣ ਸੀ। ਦਸਾਂ ਪਾਤਸ਼ਾਹੀਆਂ ਵੱਲੋਂ ਕੀਤੀ ਜਾ ਰਹੀ ਬਖਸ਼ਿਸ਼ ਸੱਚਮੁੱਚ ਅਸੀਮ ਸੀ, ਤਾਂ ਸਿਰ ਦੇਣ ਲਈ ਉਸਨੇ ਅੱਗੇ ਆਉਣਾ ਸੀ, ਜੋ ਇਸ ਬਖਸ਼ਿਸ਼ ਦਾ ਭਾਰ ਉਠਾਉਣ ਜੋਗਾ ਸੀ। ਸੋ ਡਰਨ ਜਾਂ ਨਾਂਹ ਡਰਨ ਦਾ ਸੁਆਲ ਨਹੀਂ ਸੀ, ਸੁਆਲ ਦਸਾਂ ਸਤਿਗੁਰਾਂ ਦੀ ਅਪਣੱਤ ਨੂੰ ਅਭੇਦਤਾ ਦੀ ਹੱਦ ਤੱਕ ਪਾਉਣਾ ਸੀ। ਸੋ ਪੰਜ ਸਿਰ ਵਾਰੋ ਵਾਰੀ ਹਜ਼ੂਰ ਦੇ ਅੱਗੇ ਪੇਸ਼ ਹੋਏ: ਦਇਆ ਰਾਮ, ਧਰਮ ਚੰਦ, ਹਿੰਮਤ ਰਾਇ, ਮੁਹਕਮ ਚੰਦ ਅਤੇ ਸਾਹਿਬ ਚੰਦ। ਵਸਤੂ-ਕਾਲ ਵਿਚ ਖੜੀ ਸਮੂਹ ਸੁਰਤਿ ਨੂੰ ਹਜ਼ੂਰ ਦੇ ਹੱਥ ਵਿਚ ਫੜੀ ਤੇਗ਼ ਉੱਤੇ ਖੂਨ ਵਗਦਾ ਹੋਇਆ ਨਜ਼ਰ ਆਇਆ।
ਫੇਰ ਗੁਰੂ ਜੀ ਉਨ੍ਹਾਂ ਪੰਜਾਂ ਨੂੰ ਤੰਬੂ ਤੋਂ ਬਾਹਰ ਲੈ ਆਏ। ਇਹ ਕਹਿਣਾ, ਗ਼ਲਤ ਹੈ, ਕਿ ਬਾਕੀ ਸੰਗਤ ਨੂੰ ਸਿਰ ਨਾਂਹ ਭੇਟਾ ਕਰ ਸਕਣ ਉੱਤੇ ਪਛਤਾਵਾ ਹੋਇਆ। ਨਹੀਂ, ਬਲਕਿ ਪੰਜਾਂ ਨੂੰ ਵੇਖ ਕੇ ਸਾਰੀ ਸੰਗਤ ਹੀ ਉਹਨਾਂ ਜੇਹੀ ਹੋ ਗਈ; ਸਿੱਖ ਪੰਥ ਉਹਨਾਂ ਪੰਜਾਂ ਵਿਚ ਅਭੇਦ ਹੋ ਗਿਆ। ਉਹਨਾਂ ਪੰਜਾਂ ਅੰਦਰ ਸਿੱਖ ਕੌਮ ਦੇ ਭੂਤ-ਭਵਿੱਖ ਦੇ ਸ਼ਹੀਦਾਂ ਦੀ ਸੁੰਦਰਤਾ ਦਾ ਜਲੋਂ ਸੀ। ਹਜ਼ੂਰ ਨੇ ਆਖਿਆ, “ਮੇਰੇ ਖਾਲਸਾ ਜੀ! ਇਹ ਪੰਜੇ ਮੇਰੇ ਪਿਆਰੇ ਹਨ; ਤੁਸੀਂ ਸਾਰੇ ਹੀ ਮੇਰੇ ਹੋ। ਮੇਰਾ ਸਭ ਕੁਝ ਤੁਹਾਡਾ ਹੈ।” ਸਾਰੀ ਸੰਗਤ ਪੰਜਾਂ ਪਿਆਰਿਆਂ ਦੇ ਵਿਸਮਾਦ ਨਾਲ ਮਿਲ ਗਈ; ਸਿੱਖ ਕੌਮ ਨੇ ਦਸਾਂ ਨੂੰ ਨਿਵਾ ਦਿੱਤਾ। ਫੇਰ ਕਲਗ਼ੀਆਂ ਵਾਲੇ ਨੇ ਫ਼ੁਰਮਾਇਆ, “ਖਾਲਸਾ ਜੀ! ਮੈਂ ਆਪ ਲਈ ਅੰਮ੍ਰਿਤ ਤਿਆਰ ਕਰਾਂਗਾ।” ਫ਼ੌਲਾਦ ਦੇ ਬਾਟੇ ਵਿਚ ਥੋੜਾ ਜੇਹਾ ਜਲ ਪਾਇਆ; ਹਜ਼ੂਰ ਨੇ ਜਪੁਜੀ ਸਾਹਿਬ ਦਾ ਪਾਠ ਕਰਨਾ ਆਰੰਭ ਕਰ ਦਿੱਤਾ, ਅਤੇ ਨਾਲ ਹੀ ਸਾਰ ਦਾ ਖੰਡਾ ਅੰਮ੍ਰਿਤ ਵਿਚ ਹਿਲਾਉਂਦੇ ਰਹੇ। ਜਪੁਜੀ ਪਿੱਛੋਂ ਜਾਪੁ, ਜਾਪੁ ਪਿੱਛੋਂ ਅਕਾਲ ਉਸਤਤਿ ਵਾਲੇ ਤ੍ਰੈ ਪੁਸਾਦਿ ਸਵਯੈ, ਫੇਰ ਅਕਾਲ ਉਸਤਿਤ ਵਾਲੀ ਚੌਪਈ ਅਤੇ ਅੰਤ ਵਿਚ ਅਨੰਦੁ ਸਾਹਿਬ ਦਾ ਪਾਠ ਕਰਨ ਲੱਗੇ। ਅਨੰਦੁ ਸਾਹਿਬ ਦਾ ਪਾਠ ਹੋ ਰਿਹਾ ਸੀ, ਜਦੋਂ ਜੀਤੋ ਜੀ ਆਏ। ਉਸਨੇ ਹਜ਼ੂਰ ਦੇ ਸਿਮਰਨ-ਰੂਪ ਅੱਗੇ ਸਿਰ ਨਿਵਾਇਆ, ਅਤੇ ਰੂਹ ਦੇ ਕੁੱਲ ਕੋਮਲ ਸੁਹਜ ਨਾਲ ਕੋਈ ਮੂਕ ਅਰਾਧਨਾ ਕਰਕੇ ਕੁੱਝ ਮੰਗਿਆ। ਹਜ਼ੂਰ ਨੇ ਸਿਮਰਨ ਦੇ ਗਹਿਰ-ਗੰਭੀਰ ਪੈਂਡਿਆਂ ਉੱਤੇ ਜੀਤੋ ਜੀ ਨੂੰ ਬਤੌਰ ਹਮਸਫ਼ਰ ਦੇ ਮਨਜੂਰ ਕਰ ਲਿਆ। ਉਸ ਵੱਲੋਂ ਭੇਟ ਕੀਤੇ ਕੁੱਝ ਪਤਾਸੇ ਅੰਮ੍ਰਿਤ ਜਲ ਵਿਚ ਪ੍ਰਵਾਨ ਕੀਤੇ ਗਏ, ਅਤੇ ਸਿੱਖ ਕੌਮ ਦੀ ਸੂਖਮ ਸੁਰਤਿ, ਸਿਮਰਨ ਅਤੇ ਕ੍ਰਿਤ ਦੀ ਸੁੱਚਤਾ ਵਿਚ ਇਸਤਰੀ ਦੀ ਕੋਮਲਤਾ ਅਤੇ ਸੁਹਜ ਬਤੌਰ ਹਮਸਫ਼ਰ ਸ਼ਾਮਿਲ ਹੋ ਗਏ।
ਅੰਮ੍ਰਿਤ ਤਿਆਰ ਹੋ ਗਿਆ; ਹਜ਼ੂਰ ਨੇ ਸਭ ਤੋਂ ਪਹਿਲਾਂ ਉਹਨਾਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਬਖ਼ਸ਼ੀ, ਜੋ ਕਿ ਉਹਨਾਂ ਦੇ ਸਾਹਮਣੇ ਉਹਨਾਂ ਦੇ ਚਰਨਾਂ ਵਿਚ ਸਜੇ ਹੋਏ ਸਨ। ਫੇਰ ਕਲਗ਼ੀਆਂ ਵਾਲੇ ਨੇ ਸੰਗਤ ਨੂੰ ਮੁਖਾਤਬ ਹੋ ਕੇ ਆਖਿਆ, “ਖ਼ਾਲਸਾ ਜੀ! ਹੁਣ ਮੈਂ ਅੱਗੇ ਅੰਮ੍ਰਿਤ ਦੀ ਦਾਤ ਲਈ ਅਰਜ਼ ਕਰਦਾ ਹਾਂ।”…ਪੰਜਾਂ ਪਿਆਰਿਆਂ ਨੇ ਅੰਮਿ੍ਰਤ ਤਿਆਰ ਕੀਤਾ, ਅਤੇ ਆਪਣੇ ਹਜ਼ਾਰਾਂ ਪਿਆਰਿਆਂ ਸਾਹਮਣੇ ਹਜ਼ੂਰ ਨੇ ਅੰਮ੍ਰਿਤ ਪਾਨ ਕੀਤਾ।ਸ਼ਾਮ ਤੱਕ ਵੀਹ ਹਜ਼ਾਰ ਸਿੱਖਾਂ ਨੇ ਅੰਮ੍ਰਿਤ ਛਕ ਲਿਆ। ਇਸ ਵੀਹ ਹਜ਼ਾਰ ਵਿਚ ਬੱਚੇ, ਬੀਬੀਆਂ, ਮਾਈਆਂ, ਜੁਆਨ ਅਤੇ ਬੁੱਢੇ ਸਭ ਸ਼ਾਮਿਲ ਸਨ। ਕਲਗ਼ੀਧਰ ਦੇ ਸਾਰੇ ਪਰਿਵਾਰ ਨੇ ਅੰਮ੍ਰਿਤ ਪਾਨ ਕੀਤਾ।
ਪੰਜਾਂ ਪਿਆਰਿਆਂ ਨੂੰ ਕਲਗ਼ੀਆਂ ਵਾਲੇ ਨੇ ਪੰਥ ਦੀ ਸਾਬਤ ਸੂਰਤ ਵਿਚ ਪੇਸ਼ ਕੀਤਾ ਸੀ। ਪੰਜਾਂ ਦੇ ਕੇਸ ਸੀਸ ਭੇਟ ਕਰਨ ਸਮੇਂ ਹੀ ਸਲਾਮਤ ਸਨ। ਤੰਬੂ ਤੋਂ ਬਾਹਰ ਆਉਣ ਸਮੇਂ ਪੰਜਾਂ ਨੇ ਸਫ਼ੈਦ ਸਿੱਖ-ਕਛਹਿਰੇ, ਕੜੇ ਅਤੇ ਕਾਲੇ ਗਾਤਰੇ ਪਹਿਨੇ ਹੋਏ ਸਨ। ਪੰਜਾਂ ਦੇ ਕੇਸਾਂ ਵਿਚ ਸੁੰਦਰ ਸਿੱਖ-ਕੰਘੇ ਸਜ ਰਹੇ ਸਨ। ਇਹ ਪਹਿਲਾਂ ਹੀ ਸਨ। ਹਜ਼ੂਰ ਦੇ ਆਪਣੇ ਤੋਸ਼ੇ-ਖਾਨੇ ਵਿਚੋਂ ਸੈਂਕੜੇ ਅੰਮ੍ਰਿਤ-ਅਭਿਲਾਸ਼ੀਆਂ ਨੂੰ ਲੋੜੀਂਦੀਆਂ ਅੰਮ੍ਰਿਤ- ਨਿਸ਼ਾਨੀਆਂ ਆਪ ਵੀ ਭੇਟ ਕੀਤੀਆਂ। ਇੰਵ ਇਹ ਪੰਜੇ ਅੰਮ੍ਰਿਤ-ਨਿਸ਼ਾਨੀਆਂ ਗੁਰੂ ਨਾਨਕ-ਸੱਚ ਨਾਲ ਅਦ੍ਰਿਸ਼ਟ ਰਿਸ਼ਤਾ ਰੱਖਦੀਆਂ ਹਨ, ਅਤੇ ਇਸ ਲਈ ਇਹ ਦਾਰਸ਼ਨਿਕ, ਇਤਿਹਾਸਕਮ, ਮਨੋਵਿਗਿਆਨਕ, ਪ੍ਰਤੀਕਮਈ ਅਤੇ ਕਰਮ ਕਾਂਡੀ ਮਹੱਤਤਾ ਤੋਂ ਬਹੁਤ ਉਚੇਰੀਆਂ ਅਤੇ ਬਹੁਤ ਅੱਗੇ ਹਨ। ਇਹ ਹਰ ਤਰ੍ਹਾਂ ਦੀ ਉਪਯੋਗਤਾ ਵਾਲੀ ਦ੍ਰਿਸ਼ਟੀ ਤੋਂ ਨਿਰਾਲਮ ਅਤੇ ਸਦੀਵੀ ਤੌਰ ਉੱਤੇ ਨਿਰਲੇਪ ਹਨ। ਇਹ ਅੰਮ੍ਰਿਤ-ਨਿਸ਼ਾਨੀਆਂ ਦਸਾਂ-ਪਾਤਸ਼ਾਹੀਆਂ ਦੀ ਉਸ ਬਖਸ਼ਿਸ਼ ਨਾਲ ਕੋਈ ਰਹੱਸਮਈ ਰਿਸ਼ਤਾ ਰੱਖਦੀਆਂ ਹਨ, ਜਿਸਦਾ ਪ੍ਰਕਾਸ਼ ਗੁਰੂ ਨਾਨਕ-ਅਮਲ ਦੀ ਸੰਪੂਰਨਤਾ ਉੱਤੇ ਹੀ ਹੁੰਦਾ ਹੈ। ਸੋ ਇਹਨਾਂ ਪੰਜਾਂ ਅੰਮ੍ਰਿਤ-ਨਿਸ਼ਾਨੀਆਂ ਤੋਂ ਸਿੱਖ-ਪੰਥ ਜਦੋਂ ਜੁਦਾ ਹੋਣ ਦਾ ਯਤਨ ਕਰੇਗਾ, ਪਿਆਸ ਨਾਲ ਤੜਪ ਤੜਪ ਕੇ ਮਰ ਜਾਵੇਗਾ।