ਜਦੋਂ ਕਮਾਨ ਤਣੀ ਹੋਵੇ ਤਾਂ ਸਵੈ-ਜਾਬਤਾ ਹੋਰ ਵੀ ਲਾਜਮੀ ਹੋ ਜਾਂਦਾ ਹੈ…

ਜਦੋਂ ਕਮਾਨ ਤਣੀ ਹੋਵੇ ਤਾਂ ਸਵੈ-ਜਾਬਤਾ ਹੋਰ ਵੀ ਲਾਜਮੀ ਹੋ ਜਾਂਦਾ ਹੈ…

ਪੰਜਾਬ ਵਿਚ ਪਿਛਲੇ ਮਹੀਨੇ ਦੌਰਾਨ ਇਕ ਤੋਂ ਬਾਅਦ ਇਕ ਵਾਪਰੀਆਂ ਘਟਨਾਵਾਂ ਨੇ ਸੂਬੇ ਅੰਦਰਲੇ ਸੁਹਿਰਦ ਹਿੱਸਿਆਂ ਅਤੇ ਦੁਨੀਆ ਭਰ ਵਿਚ ਰਹਿੰਦੇ ਸਿੱਖਾਂ ਦੀਆਂ ਪੰਜਾਬ ਤੇ ਸਿੱਖਾਂ ਪ੍ਰਤੀ ਫਿਕਰਾਂ ਵਧਾ ਦਿੱਤੀਆਂ ਹਨ। ਇਸ ਦੌਰਾਨ ਇਹਨਾ ਘਟਨਾਵਾਂ ਬਾਰੇ ਬਹੁਭਾਂਤੀ ਚਰਚਾ ਹੋ ਰਹੀ ਹੈ।

ਇਹਨਾ ਘਟਨਾਵਾਂ (18 ਦਸੰਬਰ ਅੰਮ੍ਰਿਤਸਰ ਬੇਅਦਬੀ, 19 ਦਸੰਬਰ ਕਪੂਰਥਲਾ ਘਟਨਾ ਅਤੇ 23 ਦਸੰਬਰ ਨੂੰ ਲੁਧਿਆਣੇ ਕਚਹਿਰੀਆਂ ਵਿਚ ਧਮਾਕਾ) ਦੇ ਵੇਰਵਿਆਂ ਵਿਚ ਜਾਏ ਬਿਨਾ ਆਪਣੀ ਗੱਲ ਅੱਗੇ ਤੋਰਨ ਲਈ ਇੰਨਾ ਕਹਿ ਦੇਣਾ ਹੀ ਕਾਫੀ ਹੈ ਕਿ ਇਹਨਾ ਘਟਨਾਵਾਂ ਦੀ ਰਫਤਾਰ ਇੰਨੀ ਤੇਜ ਰਹੀ ਕਿ ਹਰ ਅਗਲੀ ਘਟਨਾ ਨੇ ਪਿਛਲੀ ਬਾਰੇ ਚਰਚਾ ਨੂੰ ਪਿੱਛੇ ਪਾ ਦਿੱਤਾ।

ਇਹਨਾ ਦਿਨਾਂ ਦੌਰਾਨ ਕਈ ਘਟਨਾਕ੍ਰਮ ਵਾਪਰੇ ਹਨ। ਅੰਮ੍ਰਿਤਸਰ ਸਾਹਿਬ ਵਾਲੀ ਘਟਨਾ ਵਾਪਰਦੀ ਹੈ ਤਾਂ ਇਸ ਪ੍ਰਤੀ ਦਿੱਲੀ ਦਰਬਾਰੀ ਖਬਰਖਾਨਾ ਸਿੱਖਾਂ ਵਿਰੁਧ ਬਿਰਤਾਂਤ ਘੜ੍ਹਨਾ ਸ਼ੁਰੂ ਕਰ ਦਿੰਦਾ ਹੈ। ਇਹ ਘਟਨਾ ਇੰਨੀ ਸਾਫ ਤੇ ਉਕਸਾਊ ਸੀ ਕਿ ਗੈਰ-ਸਿੱਖ ਪੱਤਰਕਾਰ ਹਿੱਸਿਆਂ ਵੱਲੋਂ ਵੀ ਦਿੱਲੀ ਦਰਬਾਰੀ ਖਬਰਖਾਨੇ ਦੇ ਬਿਰਤਾਂਤ ਨੂੰ ਚਣੌਤੀ ਦਿੱਤੀ ਜਾਂਦੀ ਹੈ। ਪਰ ਇਸ ਤੋਂ ਕਰੀਬ 12 ਘੰਟੇ ਬਾਅਦ ਹੀ ਸਭਨਾ ਦਾ ਧਿਆਨ ਕਪੂਰਥਲੇ ਵਾਲੀ ਘਟਨਾ ਵੱਲ ਲੱਗ ਜਾਂਦਾ ਹੈ। ਚਰਚਾ ਗ੍ਰੰਥੀ ਅਮਰਜੀਤ ਸਿੰਘ ਦੀ ਇਕ ਬੋਲਦੀ ਮੂਰਤ (ਵੀਡੀਓ) ਨਾਲ ਸ਼ੁਰੂ ਹੁੰਦੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਵੇਲੇ ਤੱਕ ਕੁਝ ਕੁ ਲੋਕ ਹੀ ਮੌਕੇ ਉੱਤੇ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਘਟਨਾ ਵਾਲੀ ਥਾਂ ਦੇ ਨੇੜੇ ਹੀ ਪੁਲਿਸ ਚੌਂਕੀ ਸੀ ਪਰ ਫਿਰ ਵੀ ਹਾਲਾਤ ਇਥੋਂ ਤੱਕ ਪਹੁੰਚੇ ਕਿ ਫੜੇ ਗਏ ਸ਼ੱਕੀ ਵਿਅਕਤੀ ਨੂੰ 6-7 ਘੰਟੇ ਬਾਅਦ ਭਾਰੀ ਰੋਹ ਵਿੱਚ ਆਏ ਹਾਜ਼ਰੀਨ ਨੇ ਪੁਲਿਸ ਦੀ ਮੌਜੂਦਗੀ ਵਿਚ ਮਾਰ ਦਿੱਤਾ। ਇਸ ਤੋਂ ਬਾਅਦ ਅੰਮ੍ਰਿਤਸਰ ਸਾਹਿਬ ਵਾਲੀ ਘਟਨਾ ਤਕਰੀਬਨ ਮੁਕੰਮਲ ਤੌਰ ਉੱਤੇ ਹੀ ਚਰਚਾ ਤੋਂ ਬਾਹਰ ਹੋ ਗਈ ਅਤੇ ਸਾਰੀ ਚਰਚਾ ਹੀ ਕਪੂਰਥਾਲੇ ਵਾਲੀ ਘਟਨਾ ਉੱਤੇ ਕੇਂਦ੍ਰਿਤ ਹੋ ਗਈ। ਸਿੱਖਾਂ ਦੇ ਹੱਕ ਵਿਚ ਆਏ ਚੋਣਵੇਂ ਗੈਰ-ਸਿੱਖ ਪੱਤਰਕਾਰਾਂ ਲਈ ਵੀ ਸਥਿਤੀ ਕਸੂਤੀ ਬਣ ਗਈ। ਦਿੱਲੀ ਦਰਬਾਰੀ ਖਬਰਖਾਨੇ ਨੇ ਸਿੱਖ ਵਿਰੋਧੀ ਬਿਰਤਾਂਤ ਸਿਰਜਣ ਦੀ ਖੁੱਲ੍ਹੀ ਖੇਡ ਖੇਡੀ। ਇਸ ਤੋਂ ਬਾਅਦ ਲੁਧਿਆਣੇ ਕਚਹਿਰੀਆਂ ਵਾਲੀ ਘਟਨਾ ਵਾਪਰੀ ਜਿਸ ਵਿਚ ਪੁਲਿਸ ਅਨੁਸਾਰ ਬੰਬ ਲਗਾਉਣ ਆਇਆ ਵਿਅਕਤੀ ਮੌਕੇ ਉੱਤੇ ਮਾਰਿਆ ਗਿਆ, ਜਿਸ ਬਾਰੇ ਅਗਲੇ ਦਿਨਾਂ ਦੌਰਾਨ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਉਹ ਨਸ਼ਾ ਤਸਕਰੀ ਦੇ ਇਕ ਮਾਮਲੇ ਵਿਚ ਬਰਖਾਸਤ ਕੀਤਾ ਪੰਜਾਬ ਪੁਲਿਸ ਦਾ ਹੀ ਮੁਲਾਜਮ ਸੀ। ਧਮਾਕੇ ਵਾਲੇ ਦਿਨ ਤੋਂ ਚਰਚਾ ਇਸ ਲੁਧਿਆਣੇ ਵਾਲੀ ਘਟਨਾ ਉੱਤੇ ਕੇਂਦ੍ਰਿਤ ਹੋ ਗਈ। ਇਸੇ ਦੌਰਾਨ ਪੁਲਿਸ ਨੇ ਕਪੂਰਥਲਾ ਘਟਨਾ ਲਈ ਅਮਰਜੀਤ ਸਿੰਘ ਨੂੰ ਇਹ ਕਹਿੰਦਿਆਂ ਗ੍ਰਿਫਤਾਰ ਕਰ ਲਿਆ ਹੈ ਕਿ ਉਸ ਨੇ ਇਕ ਚੋਰੀ ਦੀ ਘਟਨਾ ਨੂੰ ਬੇਅਦਬੀ ਦੀ ਘਟਨਾ ਦੀ ਰੰਗਤ ਦੇ ਕੇ ਗੱਲ ਫੈਲਾਈ (ਵੀਡੀਓ ਵਾਇਰਲ ਕੀਤੀ) ਜਿਸ ਨਾਲ ਕਾਬੂ ਕੀਤੇ ਵਿਅਕਤੀ ਨੂੰ ਲੋਕਾਂ ਨੇ ਮਾਰ ਦਿੱਤਾ। ਇਸੇ ਦੌਰਾਨ ਇਹ ਜਾਣਕਾਰੀ ਵੀ ਨਸ਼ਰ ਹੋਈ ਕਿ ਅਮਰਜੀਤ ਸਿੰਘ ਪੰਜਾਬ ਪੁਲਿਸ ਦੇ ਕੁਝ ਉੱਚ ਅਫਸਰਾਂ ਦੇ ਸਪੰਰਕ ਵਿਚ ਸੀ, ਉਸ ਦਾ ਪੁੱਤਰ ਪੁਲਿਸ ਦੇ ਖੂਫੀਆ ਮਹਿਕਮੇਂ ਵਿਚ ਹੈ ਅਤੇ ਉਸ ਵੱਲੋਂ ਦਿੱਤੀ ਜ਼ਮੀਨ ਉੱਤੇ ਹੀ ਗੁਰਦੁਆਰਾ ਸਾਹਿਬ ਦੇ ਨੇੜੇ ਪੁਲਿਸ ਚੌਂਕੀ ਬਣੀ ਹੋਈ ਹੈ।

ਇਹ ਸੰਖੇਪ ਜਿਹੀ ਤਫਸੀਲ ਹੀ ਦਰਸਾਅ ਦਿੰਦੀ ਹੈ ਕਿ ਬੀਤੇ ਕੁਝ ਦਿਨਾ ਦਾ ਘਟਨਾਕ੍ਰਮ ਕਿੰਨਾ ਪੇਚੀਦਾ ਹੈ ਜਿਸ ਨੂੰ ਘੋਖ ਕੇ ਕਿਸੇ ਨਤੀਜੇ ਉੱਤੇ ਪਹੁੰਚਣ ਲਈ ਘਟਨਾਵਾਂ ਪਿਛਲੇ ਵਰਤਾਰੇ ਦੀ ਸ਼ਨਾਖਤ ਕਰਨੀ ਜਰੂਰੀ ਹੈ। ਪਰ ਅਸੀਂ ਪਿਛਲੇ ਲੰਮੇ ਸਮੇਂ ਤੋਂ ਬਹੁਤੀਆਂ ਘਟਨਾਵਾਂ ਬਾਰੇ ਬੱਝਵੇਂ, ਅਤੇ ਵਿਆਪਕ ਤੌਰ ਉੱਤੇ ਅਜਿਹਾ ਨਹੀਂ ਕਰ ਪਾ ਰਹੇ। ਇਸ ਦੇ ਕਾਰਨਾਂ ਦੀ ਘੋਖ ਕਰਨੀ ਜਰੂਰੀ ਹੈ। ਜਿਸ ਲਈ ਸਾਨੂੰ ਸ਼ੁਰੂਆਤ ਦੇ ਤੌਰ ਉੱਤੇ ਆਪਣੇ ਵਿਹਾਰ ਦੀ ਘੋਖ ਕਰਨੀ ਚਾਹੀਦੀ ਹੈ।

ਪਿਛਲੇ ਦਿਨਾਂ ਦੀਆਂ ਘਟਨਾਵਾਂ ਬਾਰੇ ਹੋਈ ਬਹੁਤੀ ਚਰਚਾ ਨੇ ਮੁੜ ਦਰਸਾਇਆ ਹੈ ਕਿ ਇਕ ਤਾਂ ਸਾਡੀ ਬਹੁਤਾਤ ਚਰਚਾ ਘਟਨਾਵਾਂ ਬਾਰੇ ਹੀ ਕੇਂਦ੍ਰਿਤ ਰਹਿੰਦੀ ਹੈ। ਅਸੀਂ ਘਟਨਾਵਾਂ ਨੂੰ ਵਿਆਪਕ ਦ੍ਰਿਸ਼ਟੀ ਤੋਂ ਵੇਖ ਕੇ ਘਟਨਾਕ੍ਰਮਾਂ ਦੇ ਨਕਸ਼ (ਪੈਟਰਨ) ਨੂੰ ਪਛਾਨਣ ਦੀ ਕੋਸ਼ਿਸ਼ ਨਹੀਂ ਕਰਦੇ।

ਦੂਜੀ ਦਿੱਕਤ ਇਹ ਹੈ ਕਿ ਅੱਜ ਦੇ ਸਮੇਂ ਸ਼ੀਸ਼ੇ (ਸਕਰੀਨ) ਰਾਹੀਂ ਦਿਸਦੀ ਹਕੀਕਤ ਅਤੇ ਜ਼ਮੀਨੀ ਹਕੀਕਤ ਵਿਚ ਬਹੁਤ ਵੱਡਾ ਪਾੜਾ ਆ ਗਿਆ ਹੈ। ਸ਼ੀਸ਼ੇ ਰਾਹੀਂ ਸਾਹਮਣੇ ਆ ਰਹੀ ਜਾਣਕਾਰੀ ਵੀ ਅਕਸਰ ਬਹੁਤੀ ਪੁਖਤਾ ਨਹੀਂ ਹੁੰਦੀ ਤੇ ਬਹੁਤੀ ਵਾਰ ਉਸ ਵਿਚ ਭਾਰੀ ਖੱਪੇ ਅਤੇ ਢੇਰ ਸਾਰੀ ਗੁੰਜਾਇਸ਼ ਹੁੰਦੀ ਹੈ (ਜਿਹਾ ਕਿ ਕਪੂਰਥਲੇ ਵਾਲੀ ਘਟਨਾ ਦੇ ਮਾਮਲੇ ਵਿਚ ਹੁਣ ਸਾਹਮਣੇ ਆਈ ਹੈ)।

ਤੀਜੀ ਗੱਲ ਕਿ ਅਸੀਂ ਪ੍ਰਤੀਕਿਰਿਆ ਕਰਨ ਲਈ ਅਜਿਹੀ ਕਾਹਲ ਵਿਚ ਹੁੰਦੇ ਹਾਂ ਕਿ ਜਿਵੇਂ ਕਿ ਜੇਕਰ ਫੌਰੀ ਪ੍ਰਤੀਕਿਰਿਆ ਨਾ ਦਿੱਤੀ ਤਾਂ ਜਿਵੇਂ ਜਨਮ ਹੀ ਵਿਫਲਾ ਹੋ ਜਾਣਾ ਹੈ। ਬਹੁਤੀ ਵਾਰ ਸ਼ੀਸ਼ੇ ਰਾਹੀਂ ਆ ਰਹੀ ਜਾਣਕਾਰੀ ਦੀ ਮੌਕੇ ਉੱਤੋਂ ਸਿੱਧੀ ਤਸਦੀਕ ਕਰਨ ਦੀ ਲੋੜ ਵੀ ਨਹੀਂ ਸਮਝੀ ਜਾਂਦੀ। ਸ਼ੀਸ਼ੇ ਰਾਹੀਂ ਜਾਣਕਾਰੀ ਤਟਫਟ ਅਤੇ ਬਿਨਾ ਤਰੱਦਦ ਦੇ ਪਹੁੰਚ ਜਾਂਦੀ ਹੈ ਜਦਕਿ ਜ਼ਮੀਨੀ ਹਕੀਕਤ ਤੱਕ ਪਹੁੰਚਣ ਲਈ ਉੱਦਮ ਅਤੇ ਸਮਾਂ ਦੋਵੇਂ ਲੱਗਦੇ ਹਨ ਅਤੇ ਇਸ ਵਿੱਚ ਕਈ ਤਰ੍ਹਾਂ ਦੀਆਂ ਅੜਚਣਾ ਅਤੇ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਬਹੁਤੀ ਵਾਰ ਅਸੀਂ ਜ਼ਮੀਨੀ ਹਕੀਕਤ ਜਾਨਣ ਲਈ ਲੋੜੀਂਦਾ ਉੱਦਮ ਤੇ ਸਮਾਂ ਨਹੀਂ ਲਗਾਉਂਦੇ।

ਚੌਥੀ ਗੱਲ ਜੋ ਇਸ ਸਭ ਕਾਸੇ ਦੌਰਾਨ ਸਾਹਮਣੇ ਆਈ ਹੈ ਕਿ ਜੇਕਰ ਇੰਝ ਤਟਫਟ ਕੀਤੀ ਗਈ ਪ੍ਰਤੀਕਿਰਿਆ ਸਮਾਂ ਪਾ ਕੇ ਸਹੀ ਸਾਬਿਤ ਨਹੀਂ ਹੁੰਦੀ ਤਾਂ ਫਿਰ ਵੀ ਇਸ ਬਾਰੇ ਮੁੜ ਵਿਚਾਰ ਕਰਕੇ ਉਕਾਈ ਤਸਲੀਮ ਨਹੀਂ ਕੀਤੀ ਜਾਂਦੀ ਬਲਕਿ ਆਪਣੀ ਪਹਿਲਾਂ ਦਿੱਤੀ ਪ੍ਰਤੀਕਿਰਿਆ ਨੂੰ ਕਿਸੇ ਨਾ ਕਿਸੇ ਤਰ੍ਹਾਂ ਸਹੀ ਸਾਬਿਤ ਕਰਨ ਲਈ ਦਲੀਲਸਾਜੀ ਸ਼ੁਰੂ ਕਰ ਲਈ ਜਾਂਦੀ ਹੈ।

ਪੰਜਵੀਂ ਗੱਲ ਕਿ ਅਗਲੀ ਕੋਈ ਵੀ ਘਟਨਾ ਵਾਪਰ ਜਾਣ ਉੱਤੇ ਜਾਂ ਨਵੀਂ ਚਰਚਾ ਛਿੜ ਜਾਣ ਉੱਤੇ ਪਿਛਲੀ ਚਰਚਾ ਛੱਡ ਦਿੱਤੀ ਜਾਂਦੀ ਹੈ ਤੇ ਬਹੁਤੀ ਵਾਰ ਅਗਲੀਆਂ ਚਰਚਾਵਾਂ ਵਿਚ ਫਿਰ ਮੁੜ ਉਹੀ ਕੁਝ ਦਹੁਰਾਇਆ ਜਾਂਦਾ ਹੈ।

ਇਹ ਵਿਹਾਰ ਇਕ ਅਜਿਹੀ ਆਦਤ ਬਣ ਗਿਆ ਹੈ ਕਿ ਜਿਸ ਦੇ ਚੱਲਦਿਆਂ ਅਸੀਂ ਹਰ ਵਾਕੇ ਨੂੰ ਘਟਨਾ ਦੇ ਪੱਧਰ ਤੱਕ ਹੀ ਵੇਖਣਾ ਸ਼ੁਰੂ ਕਰ ਦਿੱਤਾ ਹੈ। ਅਸੀਂ ਹਰ ਘਟਨਾ ਬਾਰੇ ਤਟਫੜ ਟਿੱਪਣੀਬਾਜ਼ੀ ਸ਼ੁਰੂ ਕਰ ਦਿੰਦੇ ਹਾਂ ਅਤੇ ਉਸ ਨਾਲ ਜੁੜਵੇਂ ਘਟਨਾਕ੍ਰਮਾਂ ਦੇ ਵਿਆਪਕ ਨਕਸ਼ਾਂ ਦੀ ਸ਼ਨਾਖਤ ਕਰਨ ਜਾਂ ਉਸ ਪਿੱਛੇ ਕੰਮ ਕਰਦੇ ਸੰਭਾਵੀ ਵਰਤਾਰੇ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਨਹੀਂ ਕਰਦੇ।

ਇਹ ਗੱਲ ਯਾਦ ਰੱਖੀਏ ਕਿ ਹਾਲਾਤ ਵਿਚ ਜਿੰਨੀ ਤਰਲਤਾ ਇਸ ਵੇਲੇ ਹੈ ਸਾਡੀ ਪੀੜੀ ਨੇ ਅਜਿਹੀ ਸਥਿਤੀ ਪਹਿਲਾਂ ਕਦੇ ਨਹੀਂ ਵੇਖੀ। ਕੌਮਾਂਤਰੀ, ਖੇਤਰੀ ਅਤੇ ਦੇਸੀ ਹਾਲਾਤ ਤੇਜੀ ਨਾਲ ਹੋਰ ਅਸਥਿਰਤਾ ਵੱਲ ਵਧ ਰਹ ਹਨ। ਸੰਸਾਰ ਆਰਥਕ, ਸਿਆਸੀ, ਫੌਜੀ ਅਤੇ ਸਿਹਤ ਪੱਖ ਤੋਂ ਵੀ ਹੋਰ ਅਸਥਿਰਤਾ ਵੱਲ ਜਾ ਰਿਹਾ ਹੈ। ਪੰਜਾਬ ਅਤੇ ਇੰਡੀਆ ਵਿਚ ਹਾਲਤ ਕਿਸੇ ਤਰ੍ਹਾਂ ਵੀ ਵੱਖਰੀ ਨਹੀਂ ਹੈ ਬਲਕਿ ਆਪਣੀ ਭੂ-ਰਣਨੀਤਕ ਸਥਿਤੀ ਅਤੇ ਇੰਡੀਆ ਵਿਚਲੀ ਹਕੂਮਤ ਦੀ ਤਲਖ ਤਸੀਰ ਕਰਕੇ ਪੰਜਾਬ ਦੀ ਸਥਿਤੀ ਵਧੇਰੇ ਗੰਭੀਰ ਹੈ।

ਦੂਜੇ ਪਾਸੇ ਬੀਤੇ ਸਮੇਂ ਤੋਂ ਸਿੱਖਾਂ ਵੱਲੋਂ ਬਿਨਾ ਕਿਸੇ ਪਰਤੱਖ ਕੇਂਦਰੀ ਢਾਂਚੇ ਦੇ ਅਚੇਤ ਰੂਪ ਵਿਚ ਹੀ ਸਮੂਹਿਕ ਤੌਰ ਉੱਤੇ ਗੁਰੂ-ਲਿਵ ਅਨੁਸਾਰੀ ਵਿਹਾਰ ਕੀਤਾ ਜਾ ਰਿਹਾ ਹੈ ਜਿਸ ਕਾਰਨ ਇਸ ਖਿੱਤੇ ਵਿਚ ਹੀ ਨਹੀਂ ਬਲਕਿ ਆਲਮੀ ਤੌਰ ਉੱਤੇ ਵੀ ਸਿੱਖਾਂ ਦੀ ਸਮੂਹਿਕ ਸਾਖ ਬੁਲੰਦ ਹੋਈ ਹੈ। ਕਿਰਸਾਨੀ ਸੰਘਰਸ਼ ਦੀ ਜਿੱਤ ਨੇ ਇਸ ਖਿੱਤੇ ਦੇ ਨਿਮਾਣੇ-ਨਿਤਾਣੇ ਅਤੇ ਸੰਘਰਸ਼ਸ਼ੀਲ ਹਿੱਸਿਆਂ ਵਿਚ ਸਿੱਖਾਂ ਦਾ ਸਤਿਕਾਰ ਵਧਾਇਆ ਹੈ ਅਤੇ ਸਥਿਤੀ ਮਜਬੂਤ ਕੀਤੀ ਹੈ। ਇਸ ਪੱਖੋਂ ਸਿੱਖ 1970ਵਿਆਂ ਦੇ ਅੱਧ ਵਿਚ ਲਗਾਏ ਗਏ ‘ਹੰਗਾਮੀ-ਸ਼ਾਸਨ’ (ਐਮਰਜੈਂਸੀ) ਤੋਂ ਬਾਅਦ ਵਾਲੀ ਸਥਿਤੀ ਵਿਚ ਪਹੁੰਚ ਗਏ ਹਨ ਜਦੋਂ ਸਿੱਖ ਨੇ ਉਸ ਸ਼ਾਸਨ ਦਾ ਸਫਲ ਵਿਰੋਧ ਕਰਕੇ ਆਪਣੇ ਰਾਜਸੀ ਸਮਰੱਥਾ ਦਾ ਪ੍ਰਗਟਾਵਾ ਕੀਤਾ ਸੀ। ਇਤਿਹਾਸ ਦੱਸਦਾ ਹੈ ਕਿ 1977 ਤੋਂ ਬਾਅਦ ਦਿੱਲੀ ਦਰਬਾਰ ਨੇ ਮਿੱਥ ਕੇ ਸਿੱਖਾਂ ਨੂੰ ਟਕਰਾਅ ਵਿਚ ਉਲਝਾਇਆ ਕੇ ਨਿਸ਼ਾਨੇ ਉੱਤੇ ਲਿਆਉਣ ਦਾ ਅਮਲ ਸ਼ੁਰੂ ਕੀਤਾ ਸੀ। ਇਸ ਅਮਲ ਤਹਿਤ ਦਿੱਲੀ ਨੇ ਸਿੱਖਾਂ ਨੂੰ ਮਿੱਥ ਕੇ ਬਦਨਾਮ ਕਰਨਾ ਸ਼ੁਰੂ ਕੀਤਾ ਸੀ ਅਤੇ ਸਰੀਰਕ ਘਾਣ ਤੋਂ ਪਹਿਲਾਂ ਉਹਨਾ ਨੂੰ ਨਿਖੇੜ ਕੇ ਸਿੱਧੇ ਨਿਸ਼ਾਨੇ ਉੱਤੇ ਲੈ ਆਂਦਾ। “ਕਾਲ ਏ ਡੌਗ ਮੈਡ ਐਂਡ ਦੈੱਨ ਕਿਲ ਇਟ ਦੀ ਇਹੀ ਰਣਨੀਤੀ ਦਿੱਲੀ ਦਰਬਾਰ ਮੁੜਦਹੁਰਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਹਰ ਘਟਨਾ ਤੋਂ ਬਾਅਦ ਦਿੱਲੀ ਦਰਬਾਰ ਤੇ ਦਿੱਲੀ ਦੇ ਦਰਬਾਰੀ ਖਬਰਖਾਨੇ ਦਾ ਵਿਹਾਰ ਵੇਖ ਕੇ ਹੀ ਇਹ ਗੱਲ ਸਾਫ ਹੋ ਜਾਣੀ ਚਾਹੀਦੀ ਹੈ। ਪਰ ਯਾਦ ਰਹੇ ਕਿ ਨਾ ਤਾਂ ਦਿੱਲੀ ਦਰਬਾਰ ਇਕਸਾਰ ਇਕੋ ਜੁੱਟ ਹੈ ਤੇ ਨਾ ਹੀ ਇਹ ਵਾਹਿਦ ਧਿਰ ਹੈ। ਮੌਜੂਦਾ ਹਾਲਾਤ ਦਿੱਲੀ ਦਰਬਾਰ ਦੀ ਸੱਤਾ ਉੱਤੇ ਕਾਬਜ਼ ਬਿੱਪਰਵਾਦੀ ਆਰ.ਐਸ.ਐਸ.-ਭਾਜਪਾ ਦੀ ਪੰਜਾਬ ਅਤੇ ਸਿੱਖਾਂ ਵਿਚ ‘ਰੁਚੀ’ ਹੈ ਪਰ ਇਸ ਤੋਂ ਇਲਾਵਾ ਇੰਡੀਆ ਦੀ ਸੈਕੂਲਰ-ਲਿਬਰਲ ਅਫਸਰਸ਼ਾਹੀ ਵੀ ਪੰਜਾਬ ਵਿਚ, ਅਤੇ ਸਿੱਖਾਂ ਨਾਲ, ਬਹੁਤ ਕੁਝ ਕਰ-ਕਰਵਾ ਸਕਣ ਦੀ ਸਮਰੱਥਾ ਰੱਖਦੀ ਹੈ। ਇਸ ਤੋਂ ਇਲਾਵਾ ਕੌਮਾਂਤਰੀ ਹਾਲਾਤ ਦੇ ਮੱਦੇਨਜ਼ਰ ਆਲਮੀ ਤਾਕਤਾਂ ਦੀ ਪੰਜਾਬ ਵਿਚ ਰੁਚੀ ਬਾਰੇ ਕਿਸੇ ਨੂੰ ਸ਼ੱਕ ਨਹੀਂ ਹੋਣਾ ਚਾਹੀਦਾ। ਅਜਿਹੇ ਵਿਚ ਹਰ ਘਟਨਾ ਚਾਹੇ ਬਿਲਕੁਲ ਹੀ ਬੇਲਾਗ ਅਨਸਰਾਂ ਵੱਲੋਂ ਹੀ ਕਿਉਂ ਨਾ ਕੀਤੀ ਗਈ ਹੋਵੇ ਬਾਰੇ ਵੀ ਵਧੇਰੇ ਸੁਚੇਤ ਰਹਿਣ ਦੀ ਲੋੜ ਹੈ। ਬੇਸ਼ੱਕ ਇਹ ਜਰੂਰੀ ਨਹੀਂ ਕਿ ਹਰ ਘਟਨਾ ਕਿਸੇ ਵਲੋਂ ਮਿੱਥ ਕੇ ਹੀ ਕਰਵਾਈ ਜਾਵੇ ਪਰ ਜਿਹੋ-ਜਿਹੇ ਹਾਲਾਤ ਬਣੇ ਹੋਏ ਹਨ ਉਸ ਵਿਚ ਹਰ ਸੰਬੰਧਤ ਧਿਰ ਕਿਸੇ ਅਚਾਨਕ ਵਾਪਰੀ ਘਟਨਾ ਨੂੰ ਵੀ ਪੂਰਬ-ਮਿੱਥੇ ਮਨੋਰਥਾਂ ਲਈ ਵਰਤ ਸਕਦੀ ਹੈ। ਭਾਵ ਕਿ ਹਾਲਾਤ ਪੇਚੀਦਗੀ ਵਾਲੇ ਹਨ, ਸੋ ਵਧੇਰੇ ਗੰਭੀਰ ਤੇ ਚੇਤਨ ਹੋ ਕੇ ਵਿਹਾਰ ਕਰਨ ਦੀ ਲੋੜ ਹੈ

ਆਖਰੀ ਗੱਲ, ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅੱਜ ਦੇ ਸਮੇਂ ਵਿਚ ਬਿਜਲਈ ਜਗਤ ’ਚ ਉਸਾਰੇ ਜਾਣ ਵਾਲੇ ਬਿਰਤਾਂਤ ਜਮੀਨੀ ਹਾਲਾਤ ਨੂੰ ਪ੍ਰਭਾਵਿਤ ਕਰਦੇ ਹਨ। ਅਜਿਹੀ ਸਥਿਤੀ ਵਿਚ ਜਮੀਨੀ ਹਕੀਕਤ ਤੋਂ ਟੁੱਟੀ ਬਿਜਲਈ ਜਗਤ ਦੀ ਬਿਰਤਾਂਤਕਾਰੀ ਹੋਰ ਵੀ ਗੰਭੀਰ ਮਸਲਾ ਬਣ ਜਾਂਦੀ ਹੈ। ਅਸਥਿਰਤਾ ਵਿਚ ਹਾਲਾਤ ਤਣੀ ਹੋਈ ਕਮਾਨ ਜਿਹੇ ਹੁੰਦੇ ਹਨ ਜਿੱਥੇ ਧਿਆਨ ਜਾਂ ਪੋਟੇ ਦੀ ਜ਼ਰਾ ਜਿੰਨੀ ਹਰਕਤ ਵੀ ਤੀਰ ਨੂੰ ਕਾਮਨੋ ਕੱਢ ਦਿੰਦੀ ਹੈ ਜਿਸ ਉੱਤੇ ਮੁੜ ਕਿਸੇ ਦਾ ਅਖਤਿਆਰ ਨਹੀਂ ਰਹਿੰਦਾ। ਅਜਿਹੀ ਹਾਲਤ ਵਿਚ ਬਹੁਤ ਸੁਚੇਤ ਰਹਿਣ ਅਤੇ ਆਪਣੇ ਵਿਹਾਰੀ ਦੀ ਲਗਾਤਾਰ ਸਵੈ-ਪੜਚੋਲ ਕਰਦੇ ਰਹਿਣ ਦੀ ਜਰੂਰਤ ਹੈ। ਆਸ ਹੈ ਕਿ ਅਸੀਂ ਇਸ ਪਾਸੇ ਜਰੂਰ ਧਿਆਨ ਦਿਆਂਗੇ

ਭੁੱਲ ਚੁੱਕ ਦੀ ਖਿਮਾ!


3 2 votes
Article Rating
Subscribe
Notify of
0 ਟਿੱਪਣੀਆਂ
Oldest
Newest Most Voted
Inline Feedbacks
View all comments
0
Would love your thoughts, please comment.x
()
x