ਆਦਰਸ਼ਕ ਹਾਲਤ ਵਿੱਚ ਲੋਕਤੰਤਰੀ ਚੋਣਾਂ ਸਮਾਜ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਲੋੜੀਂਦੀ ਰਾਜਸੀ, ਆਰਥਿਕ ਅਤੇ ਸੱਭਿਆਚਾਰਕ ਨੀਤੀ ਦੇ ਅਧਾਰ ਉੱਤੇ ਲੜੀਆਂ ਜਾਣੀਆਂ ਚਾਹੀਦੀਆਂ ਹਨ। ਪਰ ਪੱਛਮ ਬੰਗਾਲ ਦੀਆਂ ਚੋਣਾਂ ਦਾ ਬਿਰਤਾਂਤ ਕਿਸੇ ਨੀਤੀ ’ਤੇ ਅਧਾਰਤ ਹੋਣ ਦੀ ਬਜਾਏ ਸਿਰਫ ਚੋਣਾਂ ਲੜਨ ਦੇ ਪੈਂਤੜਿਆਂ ਉੱਤੇ ਅਧਾਰਤ ਸੀ। ਸੋ, ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਦਾ ਵਿਸ਼ਲੇਸ਼ਣ ਚੋਣਾਂ ਦੌਰਾਨ ਅਮਲ ਵਿੱਚ ਲਿਆਂਦੇ ਜਾਣ ਵਾਲੇ ਪੈਂਤੜਿਆਂ ਦੇ ਅਧਾਰ ਉੱਤੇ ਕਰਨਾ ਵਧੇਰੇ ਲਾਹੇਵੰਦ ਰਹੇਗਾ। ਵੋਟਾਂ ਦੌਰਾਨ ਜੋ ਪੈਂਤੜੇ ਅਮਲ ਵਿੱਚ ਲਿਆਂਦੇ ਗਏ ਉਹ ਹਨ:
• ਧਾਰਮਿਕ ਧਰੁਵੀਕਰਨ
• ਸਮਾਜਿਕ ਗੱਠਜੋੜ
• ਦੇਸ਼ ਭਗਤੀ ਦੀ ਭਾਵਨਾ
• ਬੀਤੇ ਦੀ ਕਾਰਗੁਜਾਰੀ
• ਭਵਿੱਖ ਦਾ ਸੁਪਨਾ
• ਨਿੱਜੀ ਰਸੂਖ
• ਵਿਰੋਧੀ ਵੋਟਾਂ ਨੂੰ ਵੰਡਣਾ/ਪਾੜਨਾ
• ਹਮਦਰਦੀ ਹਾਸਿਲ ਕਰਨ ਦੀ ਕਿਵਾਇਦ
• ਵਿਰੋਧੀ ’ਚ ਡਰ ਦੀ ਭਾਵਨਾ ਪੈਦਾ ਕਰਨੀ (ਗਲਬਾ ਪਾਉਣਾ)
• ਚੋਣ ਲੜਨ ਦੀ ਕੁਸ਼ਲਤਾ
ਧਾਰਮਿਕ ਧਰੁਵੀਕਰਨ: ਜਿਹਨਾਂ ਰਾਜਾਂ ਵਿੱਚ ਮੁਸਲਮਾਨਾਂ ਦੀ ਗਿਣਤੀ 15% ਤੋਂ ਘੱਟ ਹੈ ਓਥੇ ਭਾਜਪਾ ਉੱਚ ਜਾਤਾਂ ਦੇ ਨਾਲ ਸ਼ਡਿਊਲਡ ਕਾਸਟ (ਐਸ. ਸੀ.), ਸ਼ਡਿਊਲਡ ਟਰਾਈਬਸ (ਐਸ. ਟੀ.), ਅਤੇ ਬੈਕਵਰਡ ਕਲਾਸਿਸ (ਬੀ.ਸੀ.) ਤੇ ਅਦਰ ਬੈਕਵਰਡ ਕਲਾਸਿਸ (ਓ.ਬੀ.ਸੀ.) ਦੇ ਨੌਕਰੀਪੇਸ਼ਾ ਵਰਗ (ਮੱਧਵਰਗੀ ਹਿੱਸੇ) ਦਾ ਸੁਮੇਲ ਕਰਕੇ ਜਿੱਤ ਜਾਂਦੀ ਹੈ। ਉਕਤ ਵਰਗਾਂ ਵਿਚ ਆਪਸੀ ਭਾਈਚਾਰਕ ਸਾਂਝ ਨਾ ਹੋਣ ਦੇ ਬਾਵਜੂਦ ਭਾਜਪਾ ਮੁਸਲਮਾਨਾਂ ਖਿਲਾਫ ਧਾਰਮਿਕ ਧਰੁਵੀਕਰਨ ਕਰਕੇ ਇਹਨਾਂ ਦੀਆਂ ਵੋਟਾਂ ਹਾਸਿਲ ਕਰਨ ਵਿਚ ਕਾਮਯਾਬ ਹੋ ਜਾਂਦੀ ਹੈ। ਪਰ ਪੱਛਮੀ ਬੰਗਾਲ ਵਿੱਚ ਖਾਸ ਗੱਲ ਇਹ ਹੈ ਕਿ ਕਰੀਬ ਸਵਾ ਸੌ ਸੀਟਾਂ ਉੱਤੇ ਮੁਸਲਮਾਨਾਂ ਦੀ ਗਿਣਤੀ 20% ਤੋਂ 90% ਹੈ। 65 ਸੀਟਾਂ ਅਜਿਹੀਆਂ ਹਨ ਜਿੱਥੇ ਮੁਸਲਮਾਨਾਂ ਦੀ ਅਬਾਦੀ 40% ਤੋਂ ਵੀ ਵੱਧ ਹੈ। ਕਰੀਬ 30-35 ਸੀਟਾਂ ਉੱਤੇ ਮੁਸਲਿਮ ਵੱਸੋਂ 30% ਤੋਂ 40% ਹੈ ਅਤੇ ਕਰੀਬ 30-35 ਸੀਟਾਂ ਹੀ ਅਜਿਹੀਆਂ ਹਨ ਜਿੱਥੇ ਮੁਸਲਿਮ ਵਸੋਂ 20% ਤੋਂ 30% ਦੇ ਦਰਮਿਆਨ ਹੈ। ਇੰਝ ਇਹ ਕਰੀਬ 130 ਸੀਟਾਂ ਬਣਦੀਆਂ ਹਨ ਜਿੱਥੇ ਮੁਸਲਿਮ ਵਸੋਂ 20% ਤੋਂ ਵੱਧ ਹੈ। ਜਿਸ ਕਰਕੇ ਇੱਥੇ ਧਾਰਮਿਕ ਧਰੁਵੀਕਰਨ ਦਾ ਉਲਟ ਅਸਰ ਵੇਖਣ ਨੂੰ ਮਿਲਿਆ ਅਤੇ ਇਹਨਾਂ ਸੀਟਾਂ ਉੱਤੇ ਮੁਸਲਿਮ ਵੋਟ ਜੋ ਪਹਿਲਾਂ ਇੱਕ ਤੋਂ ਵੱਧ ਪਾਰਟੀਆਂ ਵਿੱਚ ਵੰਡੀ ਜਾਂਦੀ ਸੀ ਉਹ ਇਕੱਠੀ ਹੋ ਕੇ ਭਾਜਪਾ ਨੂੰ ਹਰਾਉਣ ਲਈ ਤ੍ਰਿਣਮੂਲ ਕਾਂਗਰਸ ਨੂੰ ਪਈ ਹੈ।
2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਮਾਲਧਾ ਉੱਤਰ, ਮਾਲਧਾ ਦੱਖਣ, ਬਹਿਰਾਮਪੁਰ ਅਤੇ ਰਾਏਗੰਜ ਵਾਲੀਆਂ ਮੁਸਲਿਮ ਬਹੁਗਿਣਤੀ ਸੀਟਾਂ ਉੱਤੇ ਤ੍ਰਿਣਮੂਲ ਕਾਂਗਰਸ ਦੇ ਹਾਰਨ ਦੀ ਵਜ੍ਹਾ ਮੁਸਲਿਮ ਵੋਟਾਂ ਦਾ ਤ੍ਰਿਣਮੂਲ, ਸੀ.ਪੀ.ਐਮ. ਅਤੇ ਕਾਂਗਰਸ ਦਰਮਿਆਨ ਵੰਡੇ ਜਾਣਾ ਸੀ।
ਕਾਂਗਰਸ ਪਾਰਟੀ ਨੇ ਪਿਛਲੀਵਾਰ ਜਿਹੜੀਆਂ 44 ਸੀਟਾਂ ਜਿੱਤੀਆਂ ਸਨ ਉਹਨਾਂ ਵਿੱਚੋਂ 29 ਸੀਟਾਂ ਇਸ ਵਾਰ ਤ੍ਰਿਣਮੂਲ ਕਾਂਗਰਸ ਨੂੰ ਮਿਲੀਆਂ ਹਨ ਜਿਹਨਾਂ ਚੋਂ 26 ਸੀਟਾਂ ਅਜਿਹੀਆਂ ਹਨ ਜੋ ਮੁਸਲਿਮ ਵੱਸੋਂ ਦੇ ਪ੍ਰਭਾਵ ਵਾਲੀਆਂ ਹਨ।
ਮੁਸਲਿਮ ਵਸੋਂ ਵਾਲੀਆਂ ਅਜਿਹੀਆਂ ਸੀਟਾਂ ਉੱਤੇ 2021 ਵਿੱਚ ਭਾਜਪਾ ਦੇ ਹਾਰਨ ਦੀ ਮੁੱਖ ਵਜ੍ਹਾ ਇਹ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੱਛਮੀ ਬੰਗਾਲ ਦੇ ਮੁਸਲਮਾਨਾਂ ਨੇ ‘ਸਬਕ’ ਸਿੱਖਿਆ ਹੈ; ਅਤੇ ਦੂਜਾ ਕਿ ਭਾਜਪਾ ਵੱਲੋਂ ਧਾਰਮਿਕ ਧਰੁਵੀਕਰਨ ਦੀ ਜ਼ੋਰਦਾਰ ਕਵਾਇਦ ਨੇ ਮੁਸਲਮਾਨ ਹੋਰ ਵੀ ਵਧੇਰੇ ਸਤਰਕ ਕਰ ਦਿੱਤੇ ਤੇ ਉਹ ਭਾਜਪਾ ਨੂੰ ਰੋਕਣ ਲਈ ਵਧੇਰੇ ਬੱਝਵੇਂ ਰੂਪ ਵਿੱਚ ਤ੍ਰਿਣਮੂਲ ਕਾਂਗਰਸ ਨਾਲ ਖੜ੍ਹ ਗਏ।
ਸਮਾਜਿਕ ਗੱਠਜੋੜ: ਉੱਤਰੀ-ਇੰਡੀਆ ਦੇ ਸੂਬਿਆਂ (ਉੱਤਰ-ਪ੍ਰਦੇਸ਼, ਬਿਹਾਰ ਆਦਿ) ਵਿੱਚ ਰਾਜਨੀਤੀ ਦਾ ਮੁੱਖ ਅਧਾਰ ਸਮਾਜਿਕ ਗਠਜੋੜ ਹੀ ਹੁੰਦਾ ਹੈ ਕਿਉਂਕਿ ਇਹਨਾਂ ਸੂਬਿਆਂ ਵਿੱਚ ਜਾਤਾਂ ਦੇ ਅਧਾਰ ਉੱਤੇ ਹੀ ਪਾਰਟੀਆਂ ਬਣਦੀਆਂ ਹਨ ਅਤੇ ਇਸੇ ਅਧਾਰ ਉੱਤੇ ਹੀ ਵੋਟਾਂ ਵੀ ਪੈਂਦੀਆਂ ਹਨ। ਭਾਜਪਾ ਸਮਾਜਿਕ ਗਠਜੋੜ ਦੇ ਪੈਤੜੇ ਨੂੰ ਵਰਤਦੀ ਆ ਰਹੀ ਹੈ।
ਆਰ.ਐਸ.ਐਸ. ਪੂਰਬੀ-ਇੰਡੀਆ ਦੇ ਆਦਿਵਾਸੀਆਂ (ਐਸ.ਟੀ. ਭਾਈਚਾਰਿਆਂ) ਦਰਮਿਆਨ ਲੰਮੇ ਸਮੇਂ ਤੋਂ ਸਮਾਜਿਕ ਪੱਧਰ ਉੱਤੇ ਸਰਗਰਮੀ ਕਰ ਰਹੀ ਹੈ, ਜਿਸ ਦਾ ਅਸਰ ਪੱਛਮੀ ਬੰਗਾਲ ਦੀਆਂ ਚੋਣਾਂ ਦੌਰਾਨ ਐਸ. ਟੀ. ਵਸੋਂ ਵਾਲੇ ਪੁਰਲੀਆ, ਬਾਂਕੁਰਾ ਅਤੇ ਪੱਛਮੀ ਬਰਧਮਾਨ ਜਿਲ੍ਹਿਆਂ ਵਿੱਚ ਸਾਫ ਵੇਖਣ ਨੂੰ ਮਿਲਿਆ ਹੈ। ਪਿਛਲੇ ਕੁਝ ਸਮੇਂ ਤੋਂ ਆਰ.ਐਸ.ਐਸ. ਪੱਛੜੀਆਂ ਸ਼੍ਰੇਣੀਆਂ (ਐਸ.ਸੀ. ਭਾਈਚਾਰਿਆਂ) ਵਿੱਚ ਵੀ ਕੰਮ ਕਰ ਰਹੀ ਹੈ ਅਤੇ ਇਸ ਦਾ ਅਸਰ ਨਾਦੀਆ ਅਤੇ ਉੱਤਰ 24 ਪਰਗਨਾ ਜਿਲ੍ਹਿਆਂ ਦੀਆਂ ਐਸ.ਸੀ. ਸੀਟਾਂ ਉੱਤੇ ਭਾਜਪਾ ਦੀ ਜਿੱਤ ਦੇ ਰੂਪ ਵਿੱਚ ਵੇਖਣ ਨੂੰ ਮਿਲਿਆ ਹੈ।
ਇੱਕ ਹੋਰ ਖਾਸ ਗੱਲ ਧਿਆਨ ਦੇਣ ਵਾਲੀ ਹੈ ਕਿ ਜਾਤ ਅਧਾਰਿਤ ਪਛਾਣਾਂ ਨੇ ਵੱਖ ਵੱਖ ਖਿੱਤਿਆਂ ਵਿੱਚ ਵੱਖ ਵੱਖ ਵਿਹਾਰ ਪ੍ਰਗਟਾਇਆ ਹੈ। ਅਸਾਮ ਨਾਲ ਲੱਗਦੇ ਕੂਚ ਬਿਹਾਰ, ਅਲੀਬਰਦਾਰ, ਜਲਪਾਈਗੁੜੀ ਅਤੇ ਦਾਰਜਲਿੰਗ ਵਿੱਚ ਹਿੰਦੂ ਉੱਚ ਜਾਤੀ ਵਰਗਾਂ ਦੀ ਵੋਟ ਭਾਜਪਾ ਨੂੰ ਪਈ ਹੈ, ਹਾਲਾਂਕਿ ਕਲਕੱਤੇ ਅਤੇ ਇਸ ਦੇ ਨਾਲ ਲੱਗਦੇ ਜਿਲ੍ਹਿਆਂ ਵਿੱਚ ਹਿੰਦੂ ਉੱਚ ਜਾਤੀ ਵਰਗਾਂ (ਭੱਦਰਲੋਕਾਂ) ਵੱਲੋਂ ਵੱਖਰਾ ਵਿਹਾਰ ਪਰਗਟਾਇਆ ਗਿਆ ਹੈ (ਜਿਸ ਦਾ ਵਿਸ਼ਲੇਸ਼ਣ ਅਗਲੇ ਨੁਕਤੇ ’ਚ ਦਰਜ਼ ਹੈ)।
ਦੇਸ਼ਭਗਤੀ ਦੀ ਭਾਵਨਾ: ਦੇਸ਼ਭਗਤੀ ਅਤੇ ਰਾਸ਼ਟਰਵਾਦ ਦੀ ਭਾਵਨਾ ਜਗਾ ਕੇ ਹਿੰਦੂ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਆਪਣੇ ਨਾਲ ਕਰ ਲੈਣਾ ਭਾਜਪਾ ਦਾ ਇੱਕ ਮੁੱਖ ਚੋਣ ਪੈਂਤੜਾ ਰਿਹਾ ਹੈ ਪਰ ਬੰਗਾਲੀ ਸੱਭਿਆਚਾਰ ਦੇ ਕੇਂਦਰ ਕਲਕੱਤੇ ਅਤੇ ਇਸ ਦੇ ਨਾਲ ਲੱਗਦੇ ਜਿਲਿਆਂ- ਹੁਗਲੀ, ਹਾਵੜਾ, ਪੂਰਬੀ ਬਰਧਮਾਨ, ਅਤੇ ਉੱਤਰ 24 ਪਰਗਨਾ ਅਤੇ ਦੱਖਣ 24 ਪਰਗਨਾ ਜਿਲ੍ਹਿਆਂ ਦੇ ਕਲਕੱਤੇ ਸ਼ਹਿਰ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਹਿੰਦੂ ਉੱਚ ਜਾਤੀ ਵਰਗਾਂ (ਭੱਦਰਲੋਕਾਂ) ਦੀਆਂ ਵੋਟਾਂ ਤ੍ਰਿਣਮੂਲ ਕਾਂਗਰਸ ਨੂੰ ਬਾਕੀ ਇਲਾਕਿਆਂ (ਅਸਾਮ ਨਾਲ ਲੱਗਦੇ ਜਿਲ੍ਹਿਆਂ) ਦੇ ਮੁਕਾਬਲੇ ਵੱਧ ਪਈਆਂ ਹਨ। ਜਿਸ ਦਾ ਕਾਰਨ ਇਹ ਹੈ ਕਿ ਆਪਣੇ ਆਪ ਨੂੰ ਦੇਸ਼ ਦੇ ਮਾਰਗਦਰਸ਼ਕ ਸਮਝਣ ਵਾਲੇ ਭੱਦਰਲੋਕਾਂ ਨੇ ਆਪਣੀ ਬੰਗਾਲੀ ਸੱਭਿਆਚਾਰਕ ਪਛਾਣ ਨੂੰ ਇੰਡੀਅਨ ਰਾਸ਼ਟਰਵਾਦੀ ਪਛਾਣ ਤੋਂ ਉੱਤਮ ਮੰਨਿਆ ਹੈ।
ਬੀਤੇ ਦੀ ਕਾਰਗੁਜਾਰੀ: ਪਹਿਲਾਂ ਮੋਦੀ-ਸ਼ਾਹ ਵੱਲੋਂ ਗੁਜਰਾਤ ਮਾਡਲ ਨੂੰ ਹੋਰਨਾਂ ਥਾਵਾਂ ਉੱਤੇ ਹੋਣ ਵਾਲੀਆਂ ਚੋਣਾਂ ਦੌਰਾਨ ਪ੍ਰਚਾਰਿਆ ਜਾਂਦਾ ਸੀ ਪਰ ਹੁਣ ਉਹਨਾਂ ਨੂੰ ਕੇਂਦਰ ਦੀ ਸੱਤਾ ਵਿੱਚ ਆਇਆਂ ਸੱਤ ਸਾਲ ਹੋ ਗਏ ਹਨ ਜਿਸ ਦੌਰਾਨ ਆਰਥਿਕ ਖੇਤਰ (ਕਾਲਾ ਧੰਨ ਦੀ ਵਾਪਸੀ, ਨੋਟਬੰਦੀ, ਜੀ.ਐਸ.ਟੀ.), ਵਿਦੇਸ਼ ਨੀਤੀ ਅਤੇ ਰੱਖਿਆ ਨੀਤੀ (ਚੀਨ ਅਤੇ ਪਾਕਿਸਤਾਨ ਨਾਲ ਸਰਹੱਦੀ ਤਣਾਅ ਦੇ ਘਟਨਾਕ੍ਰਮਾਂ), ਖੇਤੀਬਾੜੀ ਸੁਧਾਰ ਨੀਤੀ ਅਤੇ ਪ੍ਰਸ਼ਾਸਨਿਕ (ਕਰੋਨਾ ਮਹਾਮਾਰੀ) ਪੱਧਰ ਉੱਤੇ ਮੋਦੀ ਸਰਕਾਰ ਦੀਆਂ ਭਾਰੀ ਨਾਕਾਮੀਆਂ ਸਾਹਮਣੇ ਆਈਆਂ ਹਨ। ਇਸ ਲਈ ਮੋਦੀ-ਸ਼ਾਹ ਕੋਲ ਇਸ ਵਾਰ ਬੀਤੇ ਦੀ ਕਾਰਗੁਜਾਰੀ ਦੇ ਮਾਮਲੇ ਵਿੱਚ ਵਿਖਾਉਣਯੋਗ ਖਾਸ ਨਹੀਂ ਸੀ। ਜਦਕਿ ਇਸ ਦੇ ਉਲਟ ਮਮਤਾ ਬੈਨਰਜੀ ਕੋਲ ਬੀਤੇ ਦਸ ਸਾਲ ਅਤੇ ਖਾਸ ਕਰਕੇ ਅਖੀਰਲੇ ਦੋ ਸਾਲਾਂ ਦੌਰਾਨ ਪ੍ਰਸ਼ਾਸਨਿਕ ਅਤੇ ਸਮਾਜਿਕ ਪੱਧਰ ਉੱਤੇ ਕੀਤੇ ਕਾਰਜ ਵਿਖਾਉਣ ਲਈ ਸਨ, ਜਿਨਾਂ ਨੂੰ ਉਸ ਵੱਲੋਂ ਬਕਾਇਦਾ ਤੌਰ ਉੱਤੇ ਪ੍ਰਚਾਰਿਆ ਗਿਆ।
ਭਵਿੱਖ ਦਾ ਸੁਪਨਾ: ਭਾਜਪਾ ਵੱਲੋਂ ਸ਼ਹਿਰੀ ਅਮੀਰ ਵਰਗ ਅਤੇ ਪਿੰਡਾਂ ਦੇ ਪੜ੍ਹੇ-ਲਿਖੇ ਨੌਜਵਾਨ ਵਰਗ ਨੂੰ ਡਿਜਿਟਲ ਇੰਡੀਆ ਦਾ ਸੁਪਨਾ ਵਿਖਾਇਆ ਜਾਂਦਾ ਸੀ ਪਰ ਬੀਤੇ ਸੱਤ ਸਾਲਾਂ ਦੌਰਾਨ ਭਾਜਪਾ ਦੇ ਡਿਜਿਟਲ ਇੰਡੀਆ ਜਾਂ ਮੇਕ ਇਨ ਇੰਡੀਆ ਜਿਹੀਆਂ ਗੱਲਾਂ ਮਹਿਜ਼ ਨਾਅਰੇ ਹੀ ਸਾਬਿਤ ਹੋਏ ਹਨ। ਉੱਤੋਂ ਇਹ ਚੋਣਾਂ ਆਲਮੀ ਆਰਥਕ ਗਿਰਾਵਟ ਦੇ ਦੌਰ ਵਿੱਚ ਹੋਈਆਂ ਹਨ। ਬੰਗਾਲ ਵਿੱਚ ਜ਼ਿਆਦਾਤਰ ਵਸੋਂ ਗਰੀਬ ਹੈ ਜਿਹਨਾਂ ਦੀ ਪਹਿਲ ਬੁਨਿਆਂਦੀ ਸਹੂਲਤਾਂ ਦੀ ਹੈ ਅਤੇ ਉਹਨਾਂ ਲਈ ਡਿਜਿਟਲ ਇੰਡੀਆ ਜਿਹੇ ਨਾਅਰੇ ਮਾਅਨੇ ਨਹੀਂ ਸਨ ਰੱਖਦੇ। ਭਾਜਪਾ ਵੱਲੋਂ ‘ਸੋਨਾਰ ਬਾਂਗਲਾ’ ਦਾ ਜੋ ਨਾਅਰਾ ਭਵਿੱਖ ਦੇ ਸਪਨੇ ਵੱਜੋਂ ਲਗਾਇਆ ਗਿਆ ਉਸ ਦੌਰਾਨ ਹਿੰਦੂਤਵੀ ਚਿੰਨ੍ਹ, ਭਾਸ਼ਾ (ਹਿੰਦੀ) ਅਤੇ ਨਾਅਰੇ ਵਰਤੇ ਗਏ ਜੋ ਕਿ ਉੱਤਰੀ-ਇੰਡੀਆ ਵਿੱਚ ਤਾਂ ਕੰਮ ਕਰ ਜਾਂਦੇ ਹਨ ਪਰ ਬੰਗਾਲ ਵਿੱਚ ਇਹ ਨਹੀਂ ਚੱਲ ਸਕੇ। ਮਮਤਾ ਵੱਲੋਂ ਇਸ ਦੇ ਮੁਕਾਬਲੇ ਉੱਤੇ ਬੰਗਾਲੀ ਚਿਨ੍ਹ, ਭਾਸ਼ਾ ਅਤੇ ਨਾਅਰੇ ਉਭਾਰੇ ਗਏ ਜੋ ਵੱਧ ਅਸਰਦਾਰ ਸਾਬਿਤ ਹੋਏ।
ਨਿੱਜੀ ਰਸੂਖ: ਭਾਜਪਾ ਵੱਲੋਂ ਬੰਗਾਲ ਵਿੱਚ ਮਮਤਾ ਬੈਨਰਜੀ ਦੇ ਮੁਕਾਬਲੇ ਕੋਈ ਵੀ ਮੁੱਖ ਮੰਤਰੀ ਦਾ ਚਿਹਰਾ ਨਹੀਂ ਉਭਾਰਿਆ ਗਿਆ ਅਤੇ ਨਾ ਹੀ ਭਾਜਪਾ ਕੋਲ ਮਮਤਾ ਬੈਨਰਜੀ ਦੇ ਕੱਦ ਦਾ ਕੋਈ ਸਥਾਨਕ ਆਗੂ ਸੀ। ਮਮਤਾ ਬੈਨਰਜੀ ਬੰਗਾਲ ਦੀ ਸਿਆਸਤ ’ਚ ਜਮੀਨੀ ਪੱਧਰ ਤੋਂ ਸੰਘਰਸ਼ ਕਰਕੇ ਮੌਜੂਦਾ ਸਿਆਸੀ ਮੁਕਾਮ ਉੱਤੇ ਪਹੁੰਚੀ ਹੈ ਜਦਕਿ ਇਸ ਦੇ ਮੁਕਾਬਲੇ ਵਿੱਚ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦਾ ਬੰਗਾਲ ਵਿੱਚ ਅਜਿਹਾ ਕੋਈ ਨਿੱਜੀ ਰਸੂਖ ਨਹੀਂ ਹੈ।
ਵਿਰੋਧੀ ਵੋਟਾਂ ਨੂੰ ਵੰਡਣਾ/ਪਾੜਨਾ: ਧਰੁਵੀਕਰਨ ਦੀ ਸਿਆਸਤ ਦੇ ਚੱਲਦਿਆਂ ਮੁਸਲਮਾਨ ਭਾਜਪਾ ਨੂੰ ਹਰਾਉਣ ਲਈ ਕਿਸੇ ਦੂਜੀ ਧਿਰ ਨੂੰ ਬੱਝਵੀਂ ਵੋਟ ਪਾਉਂਦੇ ਹਨ। 2019 ਵਿੱਚ ਮੁਸਲਮਾਨਾਂ ਦੀ ਵੋਟ ਤ੍ਰਿਣਮੂਲ, ਸੀ.ਪੀ.ਐਮ. ਅਤੇ ਕਾਂਗਰਸ ਦਰਮਿਆਨ ਵੰਡੇ ਜਾਣ ਕਾਰਨ ਭਾਜਪਾ ਬੰਗਾਲ ਵਿਚੋਂ ਕਰੀਬ 120 ਵਿਧਾਨ ਸਭਾ ਹਲਕਿਆਂ ਤੋਂ ਅੱਗੇ ਰਹੇ ਸੀ ਪਰ ਇਸ ਵਾਰ ਤ੍ਰਿਣਮੂਲ ਨੂੰ ਮੁਸਲਮਾਨਾਂ ਦੀਆਂ 80% ਦੇ ਕਰੀਬ ਵੋਟਾਂ ਮਿਲੀਆਂ ਹਨ।
ਹਮਦਰਦੀ ਹਾਸਿਲ ਕਰਨ ਦੀ ਕਵਾਇਦ: ਇੰਡੀਆ ਵਿੱਚ ਰਾਜਨੀਤਕ ਆਗੂ ਚੋਣਾਂ ਮੌਕੇ ‘ਹਮਦਰਦੀ ਪੱਤਾ’ (ਵਿਕਟਮ ਕਾਰਡ) ਖੇਡਦੇ ਰਹੇ ਹਨ। ਮੋਦੀ ਵੱਲੋਂ ਖੁਦ ਨੂੰ ਖਤਰਾ ਦੱਸ ਕੇ ਗੁਜਰਾਤ ਦੀਆਂ ਵੋਟਾਂ ਵਿੱਚ ਲਾਹਾ ਲਿਆ ਜਾਂਦਾ ਸੀ। ਇਸ ਵਾਰ ਮੋਦੀ-ਸ਼ਾਹ ਤਾਂ ਹਮਦਰਦੀ ਦਾ ਪੈਂਤੜਾ ਨਹੀਂ ਲੈ ਸਕਦੇ ਪਰ ਕੇਂਦਰੀ ਏਜੰਸੀਆਂ ਵੱਲੋਂ ਤ੍ਰਿਣਮੂਲ ਆਗੂਆਂ ਖਿਲਾਫ ਕੀਤੀ ਛਾਪੇਮਾਰੀ, ਕੇਂਦਰੀ ਵਲੋਂ ਚੋਣਾਂ ਚ ਕੇਂਦਰੀ ਸੁਰੱਖਿਆ ਬਲਾਂ ਨੂੰ ਤਾਇਨਾਤ ਕਰਨਾ, ਸਿਤਲਕੁਚੀ ਗੋਲੀਕਾਂਡ ਜਿਸ ਵਿਚ ਕੇਂਦਰੀ ਦਸਤਿਆਂ ਵਲੋਂ ਚਲਾਈ ਗੋਲੀ ਨਾਲ ਚਾਰ ਲੋਕ ਮਾਰੇ ਗਏ ਸਨ ਆਦਿ ਦੇ ਹਵਾਲੇ ਨਾਲ ਮਮਤਾ ਵੱਲੋਂ ਹਮਦਰਦੀ ਹਾਲਿਸ ਕਰਨ ਦੀ ਕਵਾਇਦ ਨੂੰ ਆਪਣੇ ਚੋਣ ਪ੍ਰਚਾਰ ਦਾ ਹਿੱਸਾ ਬਣਾਇਆ ਗਿਆ।
ਵਿਰੋਧੀ ’ਚ ਡਰ ਦੀ ਭਾਵਨਾ ਪੈਦਾ ਕਰਨੀ (ਗਲਬਾ ਪਾਉਣਾ): ਭਾਜਪਾ ਲਵ-ਜਿਹਾਦ ਅਤੇ ਗਊ-ਮਾਸ ਆਦਿ ਦਾ ਮਸਲਾ ਉਭਾਰ ਕੇ ਮੁਸਲਮਾਨਾਂ ਵਿੱਚ ਡਰ ਦੀ ਭਾਵਨਾ ਪੈਦਾ ਕਰਦੀ ਹੈ। ਦੂਜੇ ਪਾਸੇ ਭਾਜਪਾ ਵੱਲੋਂ ਵਿਰੋਧੀ ਪਾਰਟੀਆਂ ਦੇ ਆਗੂਆਂ ਉੱਤੇ ਕੇਂਦਰੀ ਏਜੰਸੀਆਂ (ਸੀ.ਬੀ.ਆਈ., ਇਨਕਮ ਟੈਕਸ, ਈ.ਡੀ. ਵਗੈਰਾ) ਰਾਹੀਂ ਦਬਾਅ ਬਣਾਇਆ ਜਾਂਦਾ ਹੈ। ਉੱਤਰ-ਪ੍ਰਦੇਸ਼ ਵਿੱਚ ਇਹ ਹਥਕੰਡਾ ਭਾਜਪਾ ਲਈ ਕਾਰਗਰ ਸਾਬਿਤ ਹੁੰਦਾ ਰਿਹਾ ਹੈ ਪਰ ਬੰਗਾਲ ਵਿੱਚ ਅਜਿਹਾ ਨਹੀਂ ਹੋ ਸਕਿਆ। ਇੱਕ ਤਾਂ ਮਮਤਾ ਬੈਨਰਜੀ ਨੇ ਦ੍ਰਿੜਤਾ ਨਾਲ ਕੇਂਦਰ ਦੀ ਧੱਕੇ ਸ਼ਾਹੀ ਦਾ ਮੁਕਾਬਲਾ ਕੀਤਾ ਅਤੇ ਕੇਂਦਰੀ ਏਜੰਸੀਆਂ ਦੇ ਛਾਪਿਆਂ ਦੇ ਹਵਾਲੇ ਨਾਲ ਹਮਦਰਦੀ ਹਾਸਿਲ ਕਰਨ ਦੀ ਕਿਵਾਇਦ ਚਲਾਈ; ਦੂਜਾ ਪੱਛਮੀ ਬੰਗਾਲ ਵਿੱਚ ਮੁਸਲਮਾਨਾਂ ਦੀ ਗਿਣਤੀ ਉੱਤਰ-ਪ੍ਰਦੇਸ਼ ਦੇ ਮੁਕਾਬਲੇ ਜਿਆਦਾ ਹੈ ਤੇ ਕਈ ਸੀਟਾਂ ਉੱਤੇ ਇਹ ਗਿਣਤੀ 90 ਫੀਸਦੀ ਤੱਕ ਵੀ ਹੈ।
ਚੋਣ ਲੜਨ ਦੀ ਕੁਸ਼ਲਤਾ: ਇਸ ਗੱਲ ਨੂੰ ਭਾਜਪਾ ਦੀ ਚੋਣਾਂ ਲੜਨ ਦੀ ਕੁਸ਼ਲਤਾ ਹੀ ਮੰਨਿਆ ਜਾਣਾ ਚਾਹੀਦਾ ਹੈ ਕਿ ਪੱਛਮੀ ਬੰਗਾਲ ਦੀਆਂ ਚੋਣਾਂ ਦੌਰਾਨ ਭਾਜਪਾ ਨੇ ਆਪਣੀ ਬਿਰਤ੍ਰਾਂਤ ਸਿਰਜਣ ਦੀ ਤਾਕਤ ਅਤੇ ਜਮੀਨੀ ਪੱਧਰ ਦੀ ਬੂਥ ਮੈਨੇਜਮੈਂਟ ਨਾਲ ਨਾ ਸਿਰਫ ਇੱਕਪਾਸੜ ਚੋਣ ਨੂੰ ਚੋਣ ਪ੍ਰਚਾਰ ਦੌਰਾਨ, ਬਲਕਿ ਵੋਟਾਂ ਪੈਣ ਤੋਂ ਬਾਅਦ ਵੀ ਆਮ ਧਾਰਨਾ ਵਿੱਚ ਸਖਤ ਮੁਕਾਬਲੇ ਵਾਲੀ ਚੋਣ (ਨੈੱਕ-ਟੂ-ਨੈੱਕ ਫਾਈਟ) ਬਣਾਈ ਰੱਖਿਆ।
***