ਵਿਆਖਿਆ ਅਤੇ ਵਿਆਖਿਆਕਾਰੀ ਦੇ ਯੁਗ ਵਿਚ ਵਿਚਰਦਿਆਂ…

ਵਿਆਖਿਆ ਅਤੇ ਵਿਆਖਿਆਕਾਰੀ ਦੇ ਯੁਗ ਵਿਚ ਵਿਚਰਦਿਆਂ…
ਵਿਕਰਮਜੀਤ ਸਿੰਘ ਤਿਹਾੜਾ (ਖੋਜਾਰਥੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ)

ਅਸੀਂ ਜਿਸ ਯੁਗ ਵਿਚ ਰਹਿ ਰਹੇ ਹਾਂ, ਇਸ ਨੂੰ ਵਿਆਖਿਆ ਅਤੇ ਵਿਆਖਿਆਕਾਰੀ ਦਾ ਯੁਗ ਕਿਹਾ ਜਾ ਸਕਦਾ ਹੈ। ਅਸੀਂ ਆਪਣੀ ਜ਼ਿੰਦਗੀ ਦੇ ਛੋਟੇ ਤੋਂ ਛੋਟੇ ਪਹਿਲੂ ਪ੍ਰਤੀ ਸਹਿਜ ਨਹੀਂ ਹਾਂ। ਸਾਡੀ ਦ੍ਰਿਸ਼ਟੀ ਅਤੇ ਪਹੁੰਚ ਵਿਚ ਆਉਣ ਵਾਲੀ ਹਰ ਵਸਤ, ਵਿਅਕਤੀ, ਘਟਨਾ, ਵਿਸ਼ਾ, ਚਰਚਾ ਆਦਿ ਸਾਡੀ ਵਿਆਖਿਆ ਦਾ ਵਿਸ਼ਾ ਵਸਤੂ ਜ਼ਰੂਰ ਬਣਦੀ ਹੈ। ਇਸ ਵਿਚ ਅਸੀਂ ਆਪਣਾ ਇਕ ਵਿਚਾਰ ਜਾਂ ਵਿਆਖਿਆ ਸਿਰਜਦੇ ਹਾਂ। ਇਸ ਤਰ੍ਹਾਂ ਅਨੇਕ ਵਿਚਾਰ ਅਤੇ ਵਿਆਖਿਆਵਾਂ ਹੋਂਦ ਵਿਚ ਆਉਂਦੀਆਂ ਹਨ। ਹੌਲੀ ਹੌਲੀ ਵਿਆਖਿਆਵਾਂ ਦਾ ਜਾਲ ਏਨਾਂ ਸੰਘਣਾ ਹੋ ਜਾਂਦਾ ਹੈ, ਜਿਸ ਵਿਚੋਂ ਮੂਲ ਘਟਨਾ/ਵਿਚਾਰ/ਮੁੱਦਾ ਮਨਫੀ ਹੋ ਜਾਂਦਾ ਹੈ। ਸਾਡੀ ਜ਼ਿਆਦਾਤਰ ਸ਼ਕਤੀ ਅਤੇ ਸਮਾਂ ਪ੍ਰਸੰਗ ਉਸਾਰਨ ਵਿਚ ਹੀ ਲਗਦਾ ਹੈ। ਇਸ ਤਰ੍ਹਾਂ ਅਸੀਂ ਵਿਆਖਿਆਵਾਂ ਦੇ ਯੁਗ ਵਿਚ ਰਹਿਣੇ ਹਾਂ। ਹਰ ਦੂਜੇ ਵਿਅਕਤੀ ਜਿਸ ਨਾਲ ਸਾਡਾ ਲੰਮਾਂ ਜਾਂ ਥੋੜ੍ਹ-ਚਿਰਾ ਸੰਬੰਧ ਹੋਵੇ, ਉਸ ਪ੍ਰਤੀ ਸਾਡਾ ਇਕ ਵਿਚਾਰ ਜਾਂ ਰਾਇ ਕਾਇਮ ਹੋ ਜਾਂਦੀ ਹੈ, ਜਿਸ ਅਧਾਰ ‘ਤੇ ਹੀ ਅਸੀਂ ਉਸ ਬਾਰੇ ਦਸਦੇ ਜਾਂ ਵਿਆਖਿਆ ਕਰਦੇ ਹਾਂ। ਸਾਡੀ ਜ਼ਿੰਦਗੀ ਦਾ ਛੋਟੇ ਤੋਂ ਛੋਟਾ ਹਿਸਾ ਇਸ ਤੋਂ ਮੁਕਤ ਨਹੀਂ ਹੈ। ਇਹਨਾਂ ਵਿਆਖਿਆਵਾਂ ਨੂੰ ਕੋਈ ਨਾ ਕੋਈ ਸ਼ਕਤੀ ਜਾਂ ਤੰਤਰ ਜ਼ਰੂਰ ਪ੍ਰਭਾਵਿਤ ਕਰਦੀ ਹੈ। ਸਾਡੀ ਆਪਣੀ ਤਬੀਅਤ ਜਾਂ ਸੁਭਾਅ ਵੀ ਇਸ ਵਿਚ ਮਹਤਵਪੂਰਨ ਰੋਲ ਅਦਾ ਕਰਦਾ ਹੈ। ਹਾਲਾਤ, ਸਥਾਨ, ਸਮਾਂ ਆਦਿ ਸਾਡੀ ਗੱਲਬਾਤ ਦਾ ਰੁਖ, ਲਹਿਜਾ, ਕਿਸੇ ਪ੍ਰਤੀ ਦ੍ਰਿਸ਼ਟੀਕੋਣ ਜਾਂ ਵਿਆਖਿਆ ਆਦਿ ਨੂੰ ਪ੍ਰਭਾਵਿਤ ਕਰਦਾ ਹੈ। ਆਪਣੀ ਲੋੜ ਜਾਂ ਸਥਿਤੀ ਅਨੁਸਾਰ ਸਾਡਾ ਵਿਚਾਰ/ਵਿਆਖਿਆ ਤਬਦੀਲ ਹੁੰਦੀ ਰਹਿੰਦੀ ਹੈ। ਆਪਣੀ ਵਿਆਖਿਆ ਲਈ ਅਸੀਂ ਤੱਥਾਂ ਦੀ ਭਾਲ/ਪੜਤਾਲ/ਘੋਖ ਨਹੀਂ ਕਰਦੇ ਜਾਂ ਬਹੁਤ ਘਟ ਕਰਦੇ ਹਾਂ, ਸਗੋਂ ਦੂਜੇ ਵਿਅਕਤੀ/ਸਾਧਨ/ਮੀਡੀਆ/ਵਹਾਅ ਆਦਿ ਤੋਂ ਪ੍ਰਭਾਵਿਤ ਹੋ ਕੇ ਆਪਣੀ ਰਾਇ ਬਣਾ ਲੈਂਦੇ ਹਾਂ।

ਇਹ ਯੁਗ ਉਸ ਦਾ ਹੈ, ਜੋ ਜਲਦੀ ਅਤੇ ਮਜ਼ਬੂਤ ਪ੍ਰਸੰਗ ਦੀ ਉਸਾਰੀ ਕਰਦਾ ਹੈ। ਵਡੀਆਂ ਤਾਕਤਾਂ ਇਸ ਯਤਨ ਵਿਚ ਹੀ ਲਗੀਆਂ ਰਹਿੰਦੀਆਂ ਹਨ। ਇਹਨਾਂ ਸਿਰਜਿਤ ਪ੍ਰਸੰਗਾਂ ਨੂੰ ਹੀ ਲੋਕ ਗ੍ਰਹਿਣ ਕਰਦੇ ਹਨ ਅਤੇ ਆਪਣੀ ਰਾਇ ਘੜਦੇ ਜਾਂ ਉਸਾਰਦੇ ਹਨ। ਇਸ ਤਰ੍ਹਾਂ ਲੋਕ ਰਾਇ ਨੂੰ ਸਿਧੇ ਰੂਪ ਵਿਚ ਮੌਲਿਕ ਨਹੀਂ ਕਿਹਾ ਜਾ ਸਕਦਾ। ਲੋਕ ਰਾਇ ਵਿਆਖਿਆ ਦੇ ਯੁਗ ਵਿਚ ਸਿਰਜੀ ਅਤੇ ਘੜੀ ਜਾਂਦੀ ਹੈ। ਇਸ ਨੂੰ ਵਰਤਿਆ ਅਤੇ ਬਦਲਿਆ ਵੀ ਜਾਂਦਾ ਹੈ। ਕੋਈ ਵੀ ਵਾਪਰੀ ਘਟਨਾ ਬਾਰੇ ਬਿਨ੍ਹਾਂ ਠੋਸ ਜਾਣਕਾਰੀ ਦੇ ਅਸੀਂ ਵੀ ਭੋਲੇ-ਭਾਅ ਆਪਣੀ ਰਾਇ ਬਣਾ ਲੈਂਦੇ ਹਾਂ। ਜਲਦੀ ਹੀ ਵਿਆਖਿਆਵਾਂ ਦਾ ਦੌਰ ਆਰੰਭ ਹੋ ਜਾਂਦਾ ਹੈ। ਕਿਸੇ ਘਟਨਾ/ਵਿਚਾਰ ਨੂੰ ਗਲਤ ਜਾਂ ਸਹੀ ਸਿਧ ਕਰਨਾ ਵਿਆਖਿਆ ਦੀ ਖੇਡ ਹੁੰਦਾ ਹੈ। ਵਿਆਖਿਆ ਦੇ ਕਲਾਕਾਰ ਪ੍ਰਸੰਗ ਉਸਾਰਦੇ ਹਾਂ। ਇਸ ਲਈ ਕਈ ਸੰਦਾਂ (instruments) ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਵਿਚ ਮੀਡੀਆ ਮੁਖ ਰੋਲ ਨਿਭਾਉਂਦਾ ਹੈ, ਜਿਸ ਦੁਆਰਾ ਆਪਣੀ ਸੰਪੂਰਨ ਸ਼ਕਤੀ ਨਾਲ ਚਰਚਾ ਆਰੰਭ ਕਰ ਦਿਤੀ ਜਾਂਦੀ ਹੈ। ਸਭ ਕੁਝ ਬਣਾਵਟੀ ਢੰਗ ਨਾਲ ਸਿਰਜ ਕੇ ਸਾਡੇ ਅਗੇ ਪਰੋਸਿਆ ਜਾਂਦਾ ਹੈ। ਘਟਨਾ ਪ੍ਰਤੀ ਇਕ ਵਿਚਾਰ ਸਿਰਜ ਦਿਤਾ ਜਾਂਦਾ ਹੈ ਅਤੇ ਇਕ ਵਹਾਅ ਚਲ ਪੈਂਦਾ ਹੈ, ਜਿਸ ਵਿਚ ਸਭ ਡੁਬਕੀ ਲਗਾਉਂਦੇ ਹਨ।

ਅਜਿਹੇ ਮੌਕੇ ਬਹੁਤ ਸਾਰੇ ਮੌਕਾਪ੍ਰਸਤ ਵਿਅਕਤੀ ਆਪਣੀ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹਨ, ਜਿੰਨ੍ਹਾਂ ਦੁਆਰਾ ਘਟਨਾ/ਵਿਚਾਰ ਆਦਿ ਨੂੰ ਹੋਰ ਪਾਸਿਆਂ ਵਲ ਲਿਜਾਇਆ ਜਾਂਦਾ ਹੈ। ਉਹ ਪਖ ਜਿੰਨ੍ਹਾਂ ਦਾ ਘਟਨਾ ਦਾ ਭਾਵੇਂ ਸੰਬੰਧ ਨਾ ਹੀ ਹੋਵੇ ਪਰ ਉਹਨਾਂ ਨੂੰ ਵਿਆਖਿਆ ਵਿਚ ਲਿਆ ਕੇ ਘਟਨਾ/ਵਿਚਾਰ ਆਦਿ ਨਾਲ ਜੋੜ ਦਿਤਾ ਜਾਂਦਾ ਹੈ। ਅਜਿਹੇ ਵਹਾਅ ਵਿਚ ਬਹੁਤ ਸਾਰੇ ਲੋਕ ਆਪਣੀ ਹਾਜ਼ਰੀ ਲਗਵਾਉਣਾ ਜ਼ਰੂਰੀ ਸਮਝਦੇ ਹਨ ਅਤੇ ਬਿਆਨ ਦੇਣਾ ਸ਼ੁਰੂ ਕਰ ਦਿੰਦੇ ਹਨ। ਸਟੇਟ ਦੁਆਰਾ ਆਪਣੀ ਪੂਰੀ ਸ਼ਕਤੀ ਇਸ ਦਿਸ਼ਾ ਵਿਚ ਹੀ ਲਗਾਈ ਜਾਂਦੀ ਹੈ, ਜਿਸ ਨਾਲ ਆਮ ਜਨ-ਸਧਾਰਨ ਰਾਇ ਨੂੰ ਕਾਬੂ ਵਿਚ ਰਖਿਆ ਜਾ ਸਕੇ। ਇਸ ਲਈ ਸਟੇਟ ਦੀਆਂ ਏਜੰਸੀਆਂ ਕਾਰਜ਼ਸ਼ੀਲ ਰਹਿੰਦੀਆਂ ਹਨ। ਜਦੋਂ ਵੀ ਕੋਈ ਵਿਚਾਰ, ਰਾਇ, ਵਿਅਕਤੀ ਜਾਂ ਸਮੂਹ ਸਟੇਟ ਦੇ ਵਿਰੁਧ ਭੁਗਤਦਾ ਜਾਂ ਆਪਣਾ ਆਧਾਰ ਤਿਆਰ ਕਰਦਾ ਹੈ ਤਾਂ ਉਸ ਦਾ ਦਮਨ ਸਟੇਟ ਦੁਆਰਾ ਹਰ ਹੀਲਾ ਵਰਤ ਕੇ ਕੀਤਾ ਜਾਂਦਾ ਹੈ। ਲੋਕਾਂ ਦੇ ਆਮ ਮਸਲੇ ਅਤੇ ਸੰਘਰਸ਼ ਇਸ ਤਰ੍ਹਾਂ ਵਿਆਖਿਆ ਦੀ ਹਨ੍ਹੇਰ ਗਰਦੀ ਵਿਚ ਗੁਆਚ ਜਾਂਦੇ ਹਨ। ਜਦੋਂ ਲੋਕ ਆਪਣੇ ਹਕੀਕੀ ਮਸਲਿਆਂ ਲਈ ਇਕੱਠੇ ਹੁੰਦੇ ਹਨ ਜਾਂ ਜਥੇਬੰਦਕ ਹੋ ਕੇ ਆਪਣਾ ਬਿਰਤਾਂਤ ਉਸਾਰਦੇ ਹਨ ਤਾਂ ਸਟੇਟ ਦੁਆਰਾ ਨਵੇਂ ਮਸਲਿਆਂ ਨੂੰ ਉਭਾਰ ਕੇ, ਉਹਨਾਂ ਦੇ ਬਿਰਤਾਂਤ ਨੂੰ ਹੌਲਾ ਕਰ ਦਿਤਾ ਜਾਂਦਾ ਹੈ। ਲੋਕ ਸਮੂਹ ਨੂੰ ਨਵੇਂ ਮਸਲੇ ਦੇ ਦਿਤੇ ਜਾਂਦੇ ਹਨ ਅਤੇ ਜਿਸ ਨਾਲ ਉਹਨਾਂ ਦਾ ਸੰਗਠਿਤ ਬਿਰਤਾਂਤ ਖਿੰਡਰ ਜਾਂਦਾ ਹੈ। ਇਸ ਤਰ੍ਹਾਂ ਲੋਕ ਤਾਕਤ ਦਾ ਵਹਾਅ ਵਿਆਖਿਆ ਅਤੇ ਬਿਰਤਾਂਤ ਦੀ ਸਿਰਜ ਕੇ ਮੋੜਿਆ, ਬਦਲਿਆ, ਵਰਤਿਆ ਜਾਂ ਖਤਮ ਕੀਤਾ ਜਾਂਦਾ ਹੈ।

ਇਸ ਪ੍ਰਕਾਰ ਅਸੀਂ ਵਿਆਖਿਆਕਾਰੀ ਦੇ ਯੁਗ ਵਿਚ ਜੀਅ ਰਹੇ ਹਾਂ, ਇਸ ਲਈ ਸਾਡਾ ਸੁਚੇਤ ਹੋਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਸੁਚੇਤ ਵਿਅਕਤੀ ਹੀ ਅਜਿਹੇ ਯੁਗ ਵਿਚ ਆਪਣੀ ਮੌਲਿਕਤਾ ਨੂੰ ਕਾਇਮ ਰਖ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਸੁਚੇਤ ਹੋ ਕੇ ਆਪਣੀ ਮਜ਼ਬੂਤ ਵਿਆਖਿਆ ਸਿਰਜਕੇ ਆਪਣਾ ਬਿਰਤਾਂਤ ਕਾਇਮ ਰਖ ਸਕੀਏ।

  • ਲੇਖਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਖੋਜਾਰਥੀ ਹੈ।

5 1 vote
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x