ਹਾਲੀਆ ਗ੍ਰਿਫਤਾਰੀਆਂ ਪਿਛਲੇ ਵਰਤਾਰੇ ਨੂੰ ਸਮਝਣ ਦੀ ਲੋੜ

ਹਾਲੀਆ ਗ੍ਰਿਫਤਾਰੀਆਂ ਪਿਛਲੇ ਵਰਤਾਰੇ ਨੂੰ ਸਮਝਣ ਦੀ ਲੋੜ

ਬਨੂੜ ਪੁਲਿਸ ਵੱਲੋਂ ਦੋ ਸਿੱਖ ਨੌਜਵਾਨਾਂ ਅਤੇ ਉਹਨਾ ਵਿਚੋਂ ਇਕ ਦੇ ਮਾਤਾ ਜੀ ਦੀ ਬੀਤੇ ਦਿਨੀਂ ਕੀਤੀ ਗਈ ਗ੍ਰਿਫਤਾਰੀ ਕੋਈ ਟੁੱਟਵਾਂ ਮਾਮਲਾ ਨਹੀਂ ਹੈ, ਬਲਕਿ ਇਹ ਬਕਾਇਦਾ ਇਕ ਲੜੀ ਦਾ ਹਿੱਸਾ ਹੈ।

ਪੰਜਾਬ ਦੇ ਕਈ ਸਿੱਖ ਨੌਜਵਾਨ ਅਜਿਹੇ ਹੀ ਦੋਸ਼ਾਂ ਹੇਠ ਜੇਲ੍ਹਾਂ ਦੀਆਂ ਸੀਖਾਂ ਪਿੱਛੇ ਹਨ, ਜਿਹਨਾਂ ਵਿਚੋਂ ਕਈਆਂ ਉੱਤੇ ਹੋਰ ਵੀ ਵਧੇਰੇ ਗੰਭੀਰ ਦੋਸ਼ ਆਇਦ ਕੀਤੇ ਗਏ ਹਨ।

ਇਹ ਸਭ ਕੁਝ ਇਕ ਵਿਓਂਤ ਦਾ ਹਿੱਸਾ ਹੈ ਤੇ ਬਕਾਇਦਾ ਇਕ ਲੜੀ ਤਹਿਤ ਕੀਤਾ ਜਾ ਰਿਹਾ ਹੈ

ਦਿੱਲੀ ਦਰਬਾਰ ਦਾ ਕਹਿਣਾ ਹੈ ਕਿ ਇੱਕ ਗੈਰ-ਮਾਨਤਾਪ੍ਰਾਪਤ, ਨਾ-ਲਾਗੂ ਕੀਤੇ ਜਾਣ ਯੋਗ ਨਤੀਜੇ ਵਾਲੀ (ਨੌਟ ਰੈਕੋਗਨਾਈਜ਼ਡ ਅਤੇ ਨੌਨ-ਬਾਇੰਡਿੰਗ) ਬਿਜਾਲੀ ਮਤਦਾਨ (ਔਨਲਾਈਨ ਵੋਟਿੰਗ) ਮੁਹਿੰਮ ਬਹੁਤ ਹੀ ਖਤਰਨਾਕ ਮਸਲਾ ਹੈ।

ਜ਼ਿਕਰਯੋਗ ਹੈ ਕਿ ਇਹ ਮੁਹਿੰਮ ਦੀ ਸ਼ੁਰੂਆਤ ਅਤੇ ਸੰਚਾਲਨ ਅਮਰੀਕਾ ਵਿਚ ਰਹਿਣ ਵਾਲਿਆਂ ਵੱਲੋਂ ਅਮਰੀਕਾ ਵਿਚ ਹੀ ਬਣਾਈ ਗਈ ਇਕ ਬਕਾਇਦਾ ਸੰਸਥਾ ਰਾਹੀਂ ਕੀਤਾ ਜਾ ਰਿਹਾ ਹੈ।

ਇੰਡੀਆ ਇਸ ਵੇਲੇ ਅਮਰੀਕਾ ਲਈ ਬਹੁਤ ਮਹੱਤਵਪੂਰਨ ਰਣਨੀਤਕ ਭਾਈਵਾਲ ਹੈ। ਜੇਕਰ ਦਿੱਲੀ ਦਰਬਾਰ ਲਈ ਅਮਰੀਕਾ ਤੋਂ ਸੰਚਾਲਤ ਇਹ ਮੁਹਿੰਮ ਇੰਨੀ ਹੀ ਖਤਰਨਾਕ ਹੈ ਤਾਂ ਇੰਡੀਆ ਨੇ ਹਾਲੀ ਤੱਕ ਵੀ ਅਮਰੀਕਾ ਨਾਲ ਆਪਣੇ ਕੂਟਨੀਤਕ ਸੰਬੰਧ ਆਮ ਵਾਂਗ ਹੀ ਕਿਉਂ ਬਰਕਰਾਰ ਰੱਖੇ ਹੋਏ ਹਨ?

ਜੇਕਰ ਦਿੱਲੀ ਦਰਬਾਰ ਇਸ ਮੁਹਿੰਮ ਨੂੰ ਸੱਚੀਂ ਖਤਰਨਾਕ ਮੰਨਦਿਆਂ ਗੰਭੀਰਤਾ ਨਾਲ ਲੈਂਦਾ ਹੁੰਦਾ ਤਾਂ ਦਿੱਤੇ ਹਾਲਾਤ ਵਿਚ ਇੰਡੀਆ ਨੇ ਅਮਰੀਕਾ ਨਾਲ ਆਪਣੇ ਕੂਟਨੀਤਕ ਸੰਬੰਧ ਜਰੂਰ ਮੁਲਤਵੀ ਕਰ ਦਿੱਤੇ ਹੁੰਦੇ ਜਾਂ ਘੱਟੋ-ਘੱਟ ਉਹਨਾ ਨੂੰ ਸੰਕੋਚ ਲਿਆ ਹੁੰਦਾ।

ਇੰਡੀਆ ਵੱਲੋਂ ਅਜਿਹਾ ਨਾ ਕਰਨਾ ਦਰਸਾਉਂਦਾ ਹੈ ਦਿੱਲੀ ਦਰਬਾਰ ਇਸ ਮੁਹਿੰਮ ਨੂੰ ਇੰਨਾ ਵੀ ਖਤਰਨਾਕ ਜਾਂ ਗੰਭੀਰ ਨਹੀਂ ਮੰਨਦਾ ਬਲਕਿ ਦਿੱਲੀ ਦਰਬਾਰ ਇਸ ਮੁਹਿੰਮ ਨੂੰ ਪੰਜਾਬ ਵਿਚ ਸਿੱਖਾਂ ਦੇ ਵਿਚਾਰਾਂ ਦੇ ਪ੍ਰਗਟਾਵੇ ਅਤੇ ਸਿੱਖ ਨੌਜਵਾਨਾਂ ਦੀ ਸਰਗਰਮੀ ਨੂੰ ਦਬਾਉਣ ਦੇ ਸਿਆਸੀ ਸੰਦ ਵਾਂਗ ਵਰਤ ਰਿਹਾ ਹੈ।

ਦਿੱਲੀ ਦਰਬਾਰ ਵੱਲੋਂ ਉਕਤ ਮੁਹਿੰਮ ਦਾ ਬਹਾਨਾ ਬਣਾ ਕੇ ਸਿੱਖ ਖਬਰਖਾਨੇ ਦੇ ਬਿਜਾਲ-ਮੰਚ ਅਤੇ ਸਿੱਖਾਂ ਦੇ ਬਿਜਲ-ਸੱਥ ਸਫੇ (ਵੈਬਸਾਈਟਾਂ ਅਤੇ ਸੋਸ਼ਲ ਮੀਡੀਆ ਖਾਤੇ) ਬਿਨਾ ਕਿਸੇ ਨਿਯਮ-ਵਿਚਾਰ ਦੇ ਧੜਾ-ਧੜ ਬੰਦ ਕੀਤੇ ਜਾ ਰਹੇ ਹਨ।

ਪੰਜਾਬ ਦੇ ਕਈ ਕਮ-ਉਮਰ ਜਜ਼ਬਾਤੀ ਨੌਜਵਾਨ ਇਸੇ ਮੁਹਿੰਮ ਦੇ ਬਹਾਨੇ ਜੇਲ੍ਹਾਂ ਵਿਚ ਨਜ਼ਰਬੰਦ ਕੀਤੇ ਹੋਏ ਹਨ।

ਇਹ ਸਾਰਾ ਕੁਝ ਦਰਸਾਉਂਦਾ ਹੈ ਕਿ ਕਿਵੇਂ ਦਿੱਲੀ ਦਰਬਾਰ ਇਸ ਬਹਾਨੇ ਪੰਜਾਬ ਵਿਚ ਸਿੱਖਾਂ ਦੀ ਆਵਾਜ਼ ਬੰਦ ਕਰਕੇ ਸਿੱਖ ਨੌਜਵਾਨਾਂ ਦੀ ਆਮ ਜਿਹੀ ਸਰਗਰਮੀ ਵੀ ਦਬਾਅ ਰਿਹਾ ਹੈ।

ਜਿਸ ਤਰੀਕੇ ਨਾਲ ਪੰਜਾਬ ਦੀ ਅਫਸਰਸ਼ਾਹੀ ਵੱਲੋਂ ਇਹਨਾ ਕਮ-ਉਮਰ ਜਜ਼ਬਾਤੀ ਸਿੱਖ ਨੌਜਵਾਨਾਂ ਵਿਰੁਧ ਇਹ ਮਾਮਲੇ ਦਰਜ਼ ਕੀਤੇ ਜਾ ਰਹੇ ਹਨ ਉਸ ਤੋਂ ਇਹ ਲੱਗਦਾ ਹੈ ਕਿ ਜਾਂ ਤਾਂ ਜਿਲ੍ਹਾ ਪੱਧਰੀ ਤੇ ਹੇਠਲੇ ਅਫਸਰ ਦਿੱਲੀ ਦਰਬਾਰ ਅਤੇ ਪੰਜਾਬ ਡੀਜੀਪੀ ਦਫਤਰ ਦਾ ਦਬਾਅ ਝੱਲਣ ਦੇ ਅਸਮਰਥ ਹਨ ਤੇ ਉਹਨਾ ਦੇ ਦਾਬਅ ਅੱਗੇ ਗੋਡੇ ਟੇਕ ਰਹੇ ਹਨ, ਜਾਂ ਫਿਰ ਉਹ ਤਰੱਕੀਆਂ ਦੇ ਲਾਲਚ ਵਿਚ ਦਿੱਲੀ ਦਰਬਾਰ ਦੀ ਖਾਹਸ਼ਾ ਲੀਹ ਉੱਤੇ ਤੁਰ ਰਹੇ ਹਨ।

ਇਹ ਮਹਿਜ ਇਕ ਅੱਧ ਮਾਮਲੇ ਜਾਂ ਘਟਨਾ ਦੀ ਗੱਲ ਨਹੀਂ ਹੈ। ਇਹ ਮਹਿਜ ਗ੍ਰਿਫਤਾਰੀਆਂ ਦੀ ਲੜੀ ਜਾਂ ਘਟਨਾਕ੍ਰਮ ਨਹੀਂ ਹੈ। ਬਲਕਿ ਇਹ ਇਕ ਤਰ੍ਹਾਂ ਨਾਲ ਸਿੱਖਾਂ ਦੇ ਸਵੈ ਦੇ ਪ੍ਰਗਟਾਵੇ ਤੇ ਸਰਗਰਮੀ ਨੂੰ ਦਬਾਉਣ ਦੀ ਬਕਾਇਦਾ ਕਵਾਇਦ ਤੇ ਵਰਤਾਰਾ ਹੈ। ਇਸ ਦਾ ਟਾਕਰਾ ਕਰਨ ਲਈ ਇਹ ਜਰੂਰ ਹੈ ਕਿ ਇਸ ਨੂੰ ਵਿਆਪਕ ਚੌਖਟੇ ਵਿਣ ਰੱਖ ਕੇ ਵੇਖੀਏ, ਘੋਖੀਏ ਅਤੇ ਸਮਝੀਏ, ਤੇ ਇਸ ਦੀ ਹਕੀਕਤ ਨੂੰ ਉਜਾਗਰ ਕਰੀਏ।

ਇਹ ਗੱਲ ਅਸੀਂ ਸਭ ਜਾਣਦੇ ਜਾਂ ਕਿ ਉਕਤ ਹਵਾਲੇ ਨਾਲ ਹਾਲੀਆ ਗ੍ਰਿਫਤਾਰੀਆਂ ਨਾ ਤਾਂ ਪਹਿਲੀਆਂ ਹਨ ਤੇ ਨਾ ਹੀ ਇਹ ਆਖਰੀ ਹੋਣਗੀਆਂ। ਮਸਲਾ ਦਿਸਦੇ ਤੋਂ ਵੱਧ ਡੂੰਘਾ ਅਤੇ ਗੰਭੀਰ ਹੈ।

ਭੁੱਲ ਚੁੱਕ ਦੀ ਖਿਮਾ!

5 1 vote
Article Rating
Subscribe
Notify of
1 ਟਿੱਪਣੀ
Oldest
Newest Most Voted
Inline Feedbacks
View all comments
1
0
Would love your thoughts, please comment.x
()
x