ਬੇਅਦਬੀ ਘਟਨਾਵਾਂ ਦਾ ਬਦਲਿਆ ਤਰੀਕਾ-ਕਾਰ: ਵਰਤਾਰੇ ਅਤੇ ਮਨੋਰਥਾਂ ਦੀ ਸ਼ਨਾਖਤ ਕਰਨ ਦੀ ਲੋੜ

ਬੇਅਦਬੀ ਘਟਨਾਵਾਂ ਦਾ ਬਦਲਿਆ ਤਰੀਕਾ-ਕਾਰ: ਵਰਤਾਰੇ ਅਤੇ ਮਨੋਰਥਾਂ ਦੀ ਸ਼ਨਾਖਤ ਕਰਨ ਦੀ ਲੋੜ

ਸਿੱਖਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਅਤਿ ਗੰਭੀਰ, ਦੁਖਦਾਈ ਅਤੇ ਸੰਵੇਦਨਸ਼ੀਲ ਮਸਲਾ ਹੈ। ਬੇਅਦਬੀ ਦੀਆਂ ਵਾਰ-ਵਾਰ ਵਾਪਰ ਰਹੀਆਂ ਘਟਨਾਵਾਂ ਦਰਸਾਉਂਦੀਆਂ ਹਨ ਇਹ ਘਟਨਾਵਾਂ ਕਰਵਾਈਆਂ ਜਾ ਰਹੀਆਂ ਹਨ

ਸਾਲ 2015 ਵਿਚ ਜੋ ਘੋਰ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਸਨ (ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਣਾ, ਅਤੇ ਬਰਗਾੜੀ, ਮੱਲ ਕੇ ਅਤੇ ਗੁਰੂ ਸਰ ਜਲਾਲ ਵਿਚ ਹੋਈ ਬੇਅਦਬੀ) ਉਹਨਾ ਪਿੱਛੇ ਇਕ ਨਿਰਧਾਰਤ ਤਰੀਕਾ-ਕਾਰ ਸੀ। ਉਦੋਂ ਬੇਅਦਬੀ ਗੁਪਤ ਤਰੀਕੇ ਨਾਲ (ਚੋਰੀ-ਛੁਪੇ) ਕੀਤੀ ਜਾਂਦੀ ਸੀ। ਹੁਣ ਬੇਅਦਬੀਆਂ ਦਾ ਤਰੀਕਾਕਾਰ ਬਦਲ ਰਿਹਾ ਹੈ

ਹਾਲੀਆ ਬੇਅਦਬੀ ਦੀ ਘਟਨਾਵਾਂ ਵਿਚ ਦੋਸ਼ੀਆਂ ਨੇ ਸ਼ਰੇਆਮ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਹੈ।  ਜਿੱਥੇ ਪਹਿਲਾਂ ਦੂਰਦੁਰਾਡੇ ਜਾਂ ਏਕਾਂਤ ਵਾਲੀਆਂ ਥਾਵਾਂ ਉੱਤੇ ਬੇਅਦਬੀ ਕੀਤੀ ਜਾਂਦੀ ਸੀ ਪਰ ਹੁਣ ਪ੍ਰਮੁੱਖ ਅਸਥਾਨਾਂ ਉੱਤੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

14 ਸਤੰਬਰ 2021 ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਅੰਦਰ ਬੇਅਦਬੀ ਕੀਤੀ ਗਈ। ਦੋਸ਼ੀ ਨੂੰ ਮੌਕੇ ਉੱਤੇ ਫੜ੍ਹ ਕੇ ਪੁਲਿਸ ਹਵਾਲੇ ਕੀਤਾ ਗਿਆ। ਭਾਵੇਂ ਕਿ ਦੋਸ਼ੀ ਦਾ ਸੰਬੰਧ ਡੇਰਾ ਸਿਰਸਾ ਨਾਲ ਹੋਣਾ ਪ੍ਰਤੱਖ ਹੋ ਗਿਆ ਪਰ ਜਾਂਚ ਦਾ ਦਾਇਰਾ ਬਹੁਤਾ ਨਹੀਂ ਵਧਾਇਆ ਗਿਆ ਤੇ ਅਗਲੀਆਂ ਤੰਦਾਂ ਨਹੀਂ ਭਾਲੀਆਂ ਗਈਆਂ।

ਫਿਰ 18 ਦਸੰਬਰ 2021 ਨੂੰ ਇਕ ਦੋਸ਼ੀ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼ ਕੀਤੀ ਜਿਸ ਨੂੰ ਮੌਕੇ ਉੱਤੇ ਕਾਬੂ ਕਰ ਲਿਆ ਗਿਆ, ਤੇ ਬਾਅਦ ਵਿਚ ਉਸ ਦਾ ਸੋਧਾ ਲਗਾਏ ਜਾਣ ਦੀ ਜਾਣਕਾਰੀ ਸਾਹਮਣੇ ਆਈ।

ਇਹ ਦੋਵੇਂ ਘਟਨਾਵਾਂ ਭਾਵੇਂ ਵੱਖ-ਵੱਖ ਸਮੇਂ ਅਤੇ ਸਥਾਨ ਉੱਤੇ ਵਾਪਰੀਆਂ ਹਨ ਪਰ ਇਹਨਾ ਦਾ ਤਰੀਕਾਕਾਰ ਕਾਫੀ ਮਿਲਦਾ ਜੁਲਦਾ ਹੈ। ਇਹ ਦੋਵੇਂ ਬੇਅਬਦੀ ਘਟਨਾਵਾਂ ਦੇ ਬਦਲੇ ਤਰੀਕਾਕਾਰ ਦੀ ਦੱਸ ਪਾਉਂਦੀਆਂ ਹਨ।

ਪਹਿਲੀ ਘਟਨਾ (14 ਸਤੰਬਰ) ਵਿਚ ਦੋਸ਼ੀ ਨੂੰ ਜਿੰਦਾ ਫੜ੍ਹ ਕੇ ਪੁਲਿਸ ਹਵਾਲੇ ਕੀਤਾ ਸੀ ਅਤੇ ਦੂਜੀ ਦਾ ਦੋਸ਼ੀ ਸੋਧਿਆ ਗਿਆ। ਪਰ ਦੋਵਾਂ ਵਿਚੋਂ ਕਿਸੇ ਵੀ ਘਟਨਾ ਪਿਛੇ ਕੋਈ ਠੋਸ ਜਾਣਕਾਰੀ ਸਾਹਮਣੇ ਨਹੀਂ ਆ ਸਕੀ।

ਇਸ ਦਰਮਿਆਨ 15 ਅਕਤੂਬਰ 2021 ਨੂੰ ਕਿਸਾਨ ਮੋਰਚੇ ਦੌਰਾਨ ਸਿੰਘੂ ਸਰਹੱਦ ਵਿਖੇ ਨਿਹੰਗ ਸਿੰਘਾਂ ਦੇ ਇਕ ਪੜਾਅ ਵਿਖੇ ਸਰਬ ਲੋਹ ਗ੍ਰੰਥ ਦੀ ਬੇਅਦਬੀ ਕਰਨ ਵਾਲੇ ਨੂੰ ਨਿਹੰਗ ਸਿੰਘਾਂ ਨੇ ਸੋਧਾ ਲਗਾ ਦਿੱਤਾ ਤੇ ਸੋਧਾ ਲਗਾਉਣ ਵਾਲਿਆਂ ਨੇ ਆਪਣੀ ਇੱਛਾ ਨਾਲ ਪੁਲਿਸ ਨੂੰ ਗ੍ਰਿਫਤਾਰੀ ਦੇ ਦਿੱਤੀ। ਪਰ ਇਹ ਗੱਲ ਅਜੇ ਵੀ ਰਾਜ ਬਣੀ ਹੋਈ ਹੈ ਕਿ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਸਿੰਘੂ ਬਾਰਡਰ ਵਿਖੇ ਕੌਣ ਲੈ ਕੇ ਗਿਆ ਸੀ?

ਅੰਮ੍ਰਿਤਸਰ ਸਾਹਿਬ ਦੇ ਘਟਨਾਕ੍ਰਮ ਤੋਂ ਕਰੀਬ 12 ਕੁ ਘੰਟੇ ਬਾਅਦ 19 ਦਸੰਬਰ ਨੂੰ ਤੜਕਸਾਰ ਕਪੂਰਥਲਾ ਦੇ ਇਕ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਵੱਲੋਂ ਫੜੇ ਗਏ ਇਕ ਸ਼ੱਕੀ ਵਿਅਕਤੀ ਨੂੰ ਬੇਅਦਬੀ ਦਾ ਦੋਸ਼ੀ ਦੱਸਿਆ ਗਿਆ ਅਤੇ ਕਰੀਬ 6-7 ਘੰਟੇ ਬਾਅਦ ਪੁਲਿਸ ਦੀ ਹਾਜ਼ਰੀ ਵਿਚ ਉਸ ਨੂੰ ਭਾਰੀ ਰੋਹ ਵਿਚ ਆਏ ਨੌਜਵਾਨਾਂ ਵੱਲੋਂ ਮਾਰ ਦੇਣ ਦੀ ਘਟਨਾ ਵਾਪਰੀ।

ਉੱਪਰੀ-ਥੱਲੀ ਵਾਪਰੀਆਂ ਇਹਨਾ ਘਟਨਾਵਾਂ ਨੂੰ, ਅਤੇ ਖਾਸ ਕਰਕੇ ਕਪੂਰਥਲੇ ਵਾਲੀ ਘਟਨਾ ਨੂੰ ਇੰਡੀਅਨ ਮੀਡੀਏ ਨੇ ਸਿੱਖਾਂ ਵਿਰੁਧ ਭੰਡੀ ਪ੍ਰਚਾਰ ਲਈ ਵਰਤਿਆ ਹੈ।

ਇਸੇ ਦੌਰਾਨ ਇਕ ਘਟਨਾ ਹੋਰ ਵੀ ਵਾਪਰੀ ਸੀ। 15 ਦਸੰਬਰ ਨੂੰ ਇਕ ਵਿਅਕਤੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਅੰਮ੍ਰਿਤਸਰ ਸਰੋਵਰ ਵਿਚ ਇਕ ਗੁਰਬਾਣੀ ਦਾ ਗੁਟਕਾ ਸਾਹਿਬ ਸੁੱਟ ਦਿੱਤਾ ਸੀ। ਦੋਸ਼ੀ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਸੀ। ਪੁਲਿਸ ਨੇ ਬਿਨਾ ਕਿਸੇ ਖਾਸ ਜਾਂਚ ਪਰਖ ਦੇ ਉਸ ਦਾ ਮਾਨਸਿਕ ਤਵਾਜਨ ਹਿੱਲਿਆ ਹੋਇਆ ਦੱਸਦਿਆਂ ਉਸ ਦਾ ਰਿਮਾਂਡ ਲਏ ਬਿਨਾ ਉਸ ਨੂੰ ਜੇਲ੍ਹ ਭੇਜ ਦਿੱਤਾ।

ਬੇਅਦਬੀ ਘਟਨਾਵਾਂ ਦਾ ਇੰਝ ਵਾਪਰਨਾ ਦਰਸਾਉਂਦਾ ਹੈ ਕਿ ਇਹ ਘਟਨਾਵਾਂ ਦਾ ਇਹਨਾ ਦਾ ਪਰਦੇ ਪਿੱਛੋਂ ਕਿਸੇ ਵੱਲੋਂ ਸੰਚਾਲਨ ਕੀਤਾ ਜਾ ਰਿਹਾ ਹੈ। ਇਹ ਸਿਰਫ ਸਾਜਿਸ਼-ਬੋਅ ਕਰਨ ਵਾਲੀ ਗੱਲ ਨਹੀਂ ਹੈ, ਅਜਿਹੀਆਂ ਕਈ ਕੜੀਆਂ ਮੌਜੂਦ ਹਨ ਜੋ ਇਸ ਪਿੱਛੇ ਕਿਸੇ ਤਾਕਤਵਰ ਸੂਤਰਧਾਰ ਦਾ ਹੱਥ ਹੋਣ ਵੱਲ ਇਸ਼ਾਰਾ ਕਰਦੀਆਂ ਹਨ।

ਕੇਂਦਰੀ ਜਾਂਚ ਏਜੰਸੀ ਸੀ.ਬੀ.ਆਈ. ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ, ਗੁਰੂਸਰ ਜਲਾਲ ਅਤੇ ਮੱਲ ਕੇ ਬੇਅਬਦੀ ਮਾਮਲੇ ਬੰਦ ਕਰਵਾਉਣ ਉੱਤੇ ਬਜਿਦ ਕਿਉਂ ਹੈ ਜਦਕਿ ਪੰਜਾਬ ਪੁਲਿਸ ਦੀ ਜਾਂਚ ਇਸ ਪਿੱਛੇ ਡੇਰਾ ਸਿਰਸਾ ਦਾ ਹੱਥ ਦਰਸਾਅ ਰਹੀ ਹੈ?

ਜਨਵਰੀ 2017 ਦੀ ਮੌੜ ਬੰਬ ਧਮਾਕੇ ਦੀ ਜਾਂਚ ਦੌਰਾਨ ਜਦੋਂ ਇਹ ਸਾਹਮਣੇ ਆਇਆ ਕਿ ਇਸ ਪਿੱਛੇ ਡੇਰਾ ਸੌਦਾ ਸਿਰਸਾ ਦਾ ਹੱਥ ਹੈ ਤਾਂ ਜਾਂਚ ਅੱਧ ਵਿਚਾਲੇ ਬੰਦ ਕਰਵਾ ਦਿੱਤੀ ਗਈ।

ਡੇਰਾ ਸਿਰਸਾ ਮੁਖੀ ਵੱਲੋਂ 2007 ਵਿਚ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਅੰਮ੍ਰਿਤ ਸੰਸਕਾਰ ਦਾ ਸਵਾਂਗ ਰਚਕੇ ਬੇਅਦਬੀ ਕਰਨ ਕਰਕੇ ਡੇਰੇ ਅਤੇ ਸਿੱਖਾਂ ਵਿਚ ਟਕਰਾਅ ਰਿਹਾ ਹੈ। ਹੁਣ ਜਦੋਂ ਕਿ ਡੇਰਾ ਮੁਖੀ ਜੇਲ੍ਹ ਵਿਚ ਹੈ, ਸਿੱਖਾਂ ਨਾਲ ਟਕਰਾਅ ਮੌਕੇ ਸਿੱਖਾਂ ਵਿਰੁਧ ਮੁੱਖ ਸੂਤਰਧਾਰ ਜਾਂ ਡੇਰੇ ਦੇ ਪ੍ਰਮੁੱਖ ਚਿਰਹੇ ਬਣਨ ਵਾਲੇ ਲੋਕਾਂ ਬਾਰੇ ਪਤਾ ਨਹੀਂ ਲੱਗ ਰਿਹਾ ਕਿ ਉਹ ਅਸਲ ਵਿਚ ਕੌਣ ਸਨ ਤੇ ਹੁਣ ਕਿੱਥੇ ਹਨ?

ਹੁਣ ਜਦੋਂ ਸਿੱਖਾਂ ਨੇ ਇਸ ਖਿੱਤੇ ਵਿਚ ਮਜਲੂਮ ਤੇ ਸੰਘਰਸ਼ਸ਼ੀਲ ਧਿਰਾਂ ਦੇ ਸਾਂਝੇ ਸੰਘਰਸ਼ ਵਿਚ ਅਹਿਮ ਭੂਮਿਕਾ ਨਿਭਾਉਣ ਦੀ ਆਪਣੀ ਸਮਰੱਥਾ ਪ੍ਰਤੱਖ ਤੌਰ ਉੱਤੇ ਉਜਾਗਰ ਕੀਤੀ ਹੈ ਤਾਂ ਇੰਡੀਅਨ ਸੇਟਟ/ਏਜੰਸੀਆਂ ਸਿੱਖਾਂ ਨੂੰ ਘੇਰਨ ਲਈ ਚੁਫੇਰਿਓਂ ਕੋਸ਼ਿਸ਼ਾਂ ਕਰ ਰਹੀਆਂ ਹਨ।

ਬਦਲੇ ਤਰੀਕਾਕਾਰ ਵਾਲੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਤੰਦ ਇਹਨਾ ਕੋਸ਼ਿਸ਼ਾਂ ਨਾਲ ਜਰੂਰ ਜੁੜਦੀ ਹੈ। ਇਹ ਘਟਨਾਵਾਂ ਵੱਡੀ ਵਿਓਂਤਬੰਦੀ ਦਾ ਹਿੱਸਾ ਜਾਪਦੀਆਂ ਹਨ।

ਇਹ ਸਭ ਨੂੰ ਸਮਝੇ ਬਿਨਾ ਇਸ ਦਾ ਟਾਕਰਾ ਕਰਨਾ ਮੁਸ਼ਕਿਲ ਹੋਵੇਗਾ। ਹਰ ਘਟਨਾ ਨੂੰ ਸਟੇਟ ਖਾਸ ਤਰ੍ਹਾਂ ਦੇ ਪ੍ਰਭਾਵ ਸਿਰਜਣ ਲਈ ਵਰਤੇਗੀ। ਸਿੰਘੂ ਬਾਰਡਰ ਬੇਅਦਬੀ ਘਟਨਾ ਦੇ ਮਾਮਲੇ ਵਿਚ ਇਸ ਪਾਸੇ ਬਿਲਕੁਲ ਮਿੱਥੇ ਦੇ ਕੋਸ਼ਿਸ਼ ਕੀਤੀ ਗਈ ਸੀ ਅਤੇ ਸਿੱਖਾਂ ਨੂੰ ਵੱਖ ਕਰਕੇ ਸਿੱਧੇ ਨਿਸ਼ਾਨੇ ਉੱਤੇ ਲਿਆਉਣ ਦਾ ਯਤਨ ਕੀਤਾ ਗਿਆ। ਹੁਣ ਅੰਮ੍ਰਿਤਸਰ ਅਤੇ ਕਪੂਰਥਲਾ ਵਾਲੀ ਘਟਨਾ ਤੋਂ ਫੌਰਨ ਬਾਅਦ ਵੀ ਅਜਿਹੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ।

ਮੌਜੂਦਾ ਹਾਲਾਤ ਵਿਚ ਸਿੱਖਾਂ ਲਈ ਇਹ ਗੱਲ ਹੋਰ ਵੀ ਵਧੇਰੇ ਗੰਭੀਰ ਹੋ ਕੇ ਵਿਚਾਰਨ ਵਾਲੀ ਹੈ ਕਿ ਇਸ ਘਟਨਾਕ੍ਰਮ ਪਿੱਛੇ ਕਿਸ ਦਾ ਹੱਥ ਹੈ? ਕਿ ਇਹ ਬਿਪਰ ਬਿਰਤੀ ਵਾਲੇ ਸੰਘ ਪਰਿਵਾਰ ਦਾ ਕਾਰਾ ਹੈ? ਜਾਂ ਇਹ ਪੱਛਮੀ ਤਾਰਕਿਕ ਬਿਰਤੀ ਵਾਲੀ ਅਫਸਰਸਾਹੀ/ਏਜੰਸੀਆਂ ਕਰਵਾ ਰਹੀਆਂ ਹਨ? ਜਾਂ ਵਿਸ਼ਵ ਰਾਜਨੀਤੀ ਦੇ ਕਿਸੇ ਪਸਾਰ ਅਨੁਸਾਰ ਕੋਈ ਵਿਸ਼ਵ ਤਾਕਤ ਅਜਿਹਾ ਕਰਵਾ ਰਹੀ ਹੈ?

ਜਿੱਥੇ ਅਸੀਂ ਇਹਨਾ ਘਟਨਾਵਾਂ ਅਤੇ ਇਹਨਾ ਦੇ ਪ੍ਰਤੀਕਰਮ ਬਾਰੇ ਸਿੱਖ ਪੱਖ ਉਭਾਰਨਾ ਹੈ ਓਥੇ ਜਰੂਰੀ ਹੈ ਕਿ ਇਹਨਾ ਘਟਨਾਵਾਂ ਦੀ ਲੜੀ ਅਤੇ ਇਸ ਲੜੀ ਦੇ ਪ੍ਰਸੰਗ ਨੂੰ ਵੀ ਬਰਾਬਰ ਉਭਾਰੀਏ ਤਾਂ ਕਿ ਘਟਨਾਵਾਂ ਪਿਛਲੇ ਵਰਤਾਰੇ ਤੋਂ ਪਰਦਾ ਚੁੱਕਿਆ ਜਾ ਸਕੇ।

ਅਜਿਹਾ ਕੀਤੇ ਬਿਨਾ ਫੇਸਬੁੱਕ ਅਤੇ ਟਿਵੱਟਰ ਉੱਤੇ ਘੜੇ ਜਾ ਰਹੇ ਹਾਂ-ਨਾਂਹ ਪੱਖੀ ਬਿਰਤਾਂਤਾਂ ਵਿਚੋਂ ਵੀ ਸਟੇਟ ਦੀ ਸਿੱਖਾਂ ਨੂੰ ਨਖੇੜ ਕੇ ਸਪਸ਼ਟ ਨਿਸ਼ਾਨੇ ਉੱਤੇ ਲਿਆਉਣ ਦੀ ਕੋਸ਼ਿਸ਼ ਨੂੰ ਚਣੌਤੀ ਨਹੀਂ ਦਿੱਤੀ ਜਾ ਸਕਦੀ।

ਪੰਜਾਬ ਤੇ ਇੰਡੀਆ ਦੇ ਅੰਦਰੂਨੀ ਸਿਆਸੀ ਹਾਲਾਤ ਅਤੇ ਦੱਖਣ ਏਸ਼ੀਆਈ ਖਿੱਤੇ ਤੇ ਇੰਡੀਆ ਦੀਆਂ ਚੀਨ-ਪਾਕਿਸਤਾਨ ਵਾਲੀਆਂ ਸਰਹੱਦਾਂ ਦੇ ਹਾਲਾਤ ਦੇ ਮੱਦੇਨਜ਼ਰ ਇਹ ਘਟਨਾਵਾਂ ਸਿੱਖਾਂ ਲਈ ਆ ਰਹੇ ਹਾਲਾਤ ਦੀ ਗੰਭੀਰਤਾ ਨੂੰ ਉਜਾਗਰ ਕਰਦਿਆਂ ਹਨ। ਜਿੱਥੇ ਆਉਂਦੇ ਦਿਨਾਂ ਦੇ ਘਟਨਾਕ੍ਰਮ ਉੱਤੇ ਬਾਰੀਕ ਨਜ਼ਰ ਰੱਖਣ ਦੀ ਲੋੜ ਹੋਵੇਗੀ ਓਥੇ ਹਾਲੀਆਂ ਘਟਨਾਕ੍ਰਮ ਨੂੰ ਵੀ ਨਿੱਠ ਕੇ ਘੋਖਣ ਦੀ ਲੋੜ ਹੈ।

ਭੁੱਲ ਚੁੱਕ ਦੀ ਖਿਮਾ।

5 1 vote
Article Rating
Subscribe
Notify of
1 ਟਿੱਪਣੀ
Oldest
Newest Most Voted
Inline Feedbacks
View all comments
1
0
Would love your thoughts, please comment.x
()
x