ਜਬ ਲਗ ਖਾਲਸਾ ਰਹੈ ਨਿਆਰਾ

ਜਬ ਲਗ ਖਾਲਸਾ ਰਹੈ ਨਿਆਰਾ

ਜਦੋਂ ਗੁਰੂ ਪਾਤਸ਼ਾਹ ਨੇ ਵੈਸਾਖੀ ਵਾਲੇ ਦਿਹਾੜੇ ਖਾਲਸੇ ਦੀ ਸਾਜਨਾ ਦਾ ਕਾਰਜ ਪੂਰਾ ਕੀਤਾ ਤਾਂ ਆਉਣ ਵਾਲੇ ਸਮਿਆਂ ਦੇ ਲੰਮੇ ਦੌਰ ਅੰਦਰ ਗੁਜ਼ਰਦਿਆਂ ਜਿਹੜੀ ਗੱਲ ਦੀ ਅਗਾਊਂ ਚਿਤਾਵਨੀ ਦਿੱਤੀ ਉਹ ਖਾਲਸੇ ਨੂੰ ਹਰ ਦੌਰ ਅੰਦਰ ਯਾਦ ਰਹਿਣੀ ਚਾਹੀਦੀ ਹੈ।

ਜਬ ਲਗ ਖਾਲਸਾ ਰਹੈ ਨਿਆਰਾ॥
ਤਬ ਲਗ ਤੇਜ ਦਿਉ ਮੈ ਸਾਰਾ॥
ਜਬ ਇਹ ਗਹੈ ਬਿਪਰਨ ਕੀ ਰੀਤ॥
ਤਉ ਮੈ ਨ ਕਰਉ ਇਨ ਕੀ ਪਰਤੀਤ॥

ਸਾਜਨਾ ਦਾ ਜੋ ਉਦੇਸ਼ ਗੁਰੂ ਸਾਹਿਬ ਨੇ ਸਪੱਸ਼ਟ ਕੀਤਾ, ਉਸਨੂੰ ਦਰਬਾਰੀ ਕਵੀ ਸੈਨਾਪਤਿ ਨੇ ਇਹਨਾਂ ਲਫਜ਼ਾਂ ਵਿੱਚ ਪਰੋਇਆ ਹੈ :

ਅਸੁਰ ਸੰਘਾਰਬੇ ਕੋ ਦੁਰਜਨ ਕੇ ਮਾਰਬੇ ਕੋ ਸੰਕਟ ਨਿਵਾਰਬੇ ਕੋ ਖਾਲਸਾ ਬਨਾਇਓ ਹੈ। ਭਾਵ ਰਾਖਸ ਬਿਰਤੀ ਵਾਲੇ ਲੋਕਾਂ, ਜ਼ਾਲਮਾਂ ਅਤੇ ਹੋਰ ਸਭ ਮੁਸ਼ਕਲਾਂ ਦਾ ਹੱਲ ਕਰਨ ਲਈ ਖਾਲਸਾ ਪਰਗਟ ਕੀਤਾ ਹੈ। ਅਸੀਂ ਇਹਨਾਂ ਗੱਲਾਂ ਦੀ ਵਿਚਾਰ ਕਰਨੀ ਹੈ ਕਿ ਗੁਰੂ ਸਾਹਿਬ ਨੇ ਖਾਲਸੇ ਨੂੰ ਕੀ ਬਣਾਇਆ ਸੀ ਅਤੇ ਉਸ ਦਾ ਕੀ ਫਰਜ਼ ਸੀ ਪਰ ਸਮੇਂ ਦੇ ਗੇੜ ਅੰਦਰ ਜਦੋਂ ਸਿੱਖ ਗੁਲਾਮ ਹੋ ਗਏ ਤਾਂ ਉਹਨਾਂ ਦੀ ਪਹਿਚਾਣ ਅਤੇ ਉਹਨਾਂ ਦੇ ਫਰਜ਼ ਕੀ ਬਣ ਗਏ ? ਉਹਨਾਂ ਬਾਰੇ ਕਿਹੜੀਆਂ ਗੱਲਾਂ ਪ੍ਰਚਲਤ ਹੋ ਗਈਆਂ ਹਨ? ਕਿਵੇਂ ਅਤੇ ਕਿਉਂ ਅੱਜ ਉਹ ਇਹਨਾਂ ਗੱਲਾਂ ਦਾ ਸਾਹਮਣਾ ਕਰ ਰਹੇ ਹਨ? ਸਭ ਤੋਂ ਪਹਿਲਾਂ ਇਤਿਹਾਸ ਬਾਰੇ, ਜੋ ਇਤਿਹਾਸ ਅਸੀਂ ਕਿਤਾਬਾਂ ਵਿਚੋਂ ਪੜ੍ਹਦੇ ਹਾਂ ਉਸ ਵਿਚੋਂ:

ੳ. ਕੁਝ ਇਤਿਹਾਸ ਉਸ ਸਮੇਂ ਦੇ ਮੁਸਲਿਮ ਲਿਖਾਰੀਆਂ ਨੇ ਲਿਖਿਆ
ਅ. ਕੁਝ 18ਵੀਂ ਸਦੀ ਦੇ ਸ਼ੁਰੂ ਤੋਂ ਲੈ ਕੇ ਹੁਣ ਤਕ ਅੰਗਰੇਜ਼ ਲਿਖਾਰੀਆਂ ਨੇ ਲਿਖਿਆ
ੲ. ਕੁਝ ਉਹਨਾਂ ਲਿਖਾਰੀਆਂ ਨੇ ਲਿਖਿਆ ਜਿੰਨਾਂ ਖਾਲਸੇ ਨਾਲ ਸਿਧਾਂਤਕ ਵਿਰੋਧ ਸਭ ਤੋਂ ਵੱਧ ਸੀ।
ਸ. ਕੁਝ ਧਾਰਮਿਕ ਅਤੇ ਸਾਹਿਤਕ ਰੂਪ ਵਿਚ ਸਿੱਖ ਲਿਖਾਰੀਆਂ ਨੇ ਸਿੱਖ ਇਤਿਹਾਸ ਬਾਰੇ ਲਿਖਿਆ।

ਇਨ੍ਹਾਂ ਸਾਰੀਆਂ ਲਿਖਤਾਂ ਅੰਦਰ ਕਿਥੇ ਕੀ ਗਲਤੀਆਂ ਹਨ ਇਸਦੀ ਲੰਮੀ ਚੌੜੀ ਪੜਤਾਲ ਬਣਦੀ ਹੈ। ਹੁਣ ਦੇ ਸਮੇਂ ਵਿਚ ਹੋਈਆਂ ਕੁਝ ਘਟਨਾਵਾਂ ਨੇ ਇਸ ਨੂੰ ਹੋਰ ਜ਼ਰੂਰੀ ਬਣਾ ਦਿੱਤਾ ਹੈ । ਸਿਰਸੇ ਦੇ ਇਕ ਡੇਰੇਦਾਰ ਨੇ ਮਈ 2007 ਵਿਚ ਗੁਰੂ ਅਤੇ ਖਾਲਸੇ ਦਾ ਮਖੌਲ ਉਡਾਇਆ, ਇਸ ਦਾ ਸਿੱਖਾਂ ਵਲੋਂ ਸ਼ਾਂਤੀਮਈ ਵਿਰੋਧ ਹੋਇਆ ਪਰ ਮੀਡੀਏ ਨੇ ਸਿੱਖਾਂ ਨੂੰ ਬੜੇ ਅੱਖੜ, ਖੂੰਖਾਰ ਅਤੇ ਕੱਟੜ ਰੂਪ ਵਿਚ ਪੇਸ਼ ਕੀਤਾ। ਦੁਨੀਆਂ ਨੂੰ ਇਹ ਵਿਖਾ ਕੇ ਡਰਾਇਆ ਕਿ ਸਿੱਖ ਆਪਣੇ ਮੂਲ ਸੁਭਾਅ ਵਜੋਂ ਹੀ ‘ਕਲਹ ਦੇ ਮੂਲ’ ਹਨ । ਦੂਜੇ ਪਾਸੇ ਵਿਚਾਰ ਚਰਚਾ ਦੀ ਪੱਧਰ ‘ਤੇ ਇਹ ਗੱਲ ਜ਼ੋਰ ਨਾਲ ਉਠਾਈ ਗਈ ਕਿ ਡੇਰੇਦਾਰ ਦਾ ਵਿਰੋਧ ਕਰਨ ਵਾਲੇ ਸਿੱਖ, ਸਿੱਖੀ ਦੀ ਵਿਆਖਿਆ ਹੀ ਗਲਤ ਕਰ ਰਹੇ ਹਨ। ਉਨ੍ਹਾਂ ਵਿਦਵਾਨਾਂ ਦੀ ਇਹ ਦੋ ਨੁਕਾਤੀ ਵਿਆਖਿਆ ਕਿਹੜੀ ਧਿਰ ਦੀ ਹੈ ਕਿ “ਸਿੱਖ ਦੀ ਵੱਖਰੀ ਹਸਤੀ ਦੀ ਗੱਲ ਅੰਗਰੇਜ਼ਾਂ ਨੇ ਪਾੜੋ ਤੇ ਰਾਜ ਕਰੋ ਦੀ ਨੀਤੀ ਅਧੀਨ ਪੈਦਾ ਕੀਤੀ ਸੀ ਨਾ ਕਿ ਗੁਰੂ ਸਾਹਿਬ ਨੇ। ਗੁਰੂ ਸਾਹਿਬ ਨੇ ਤਾਂ ਭਾਈਚਾਰਕ ਸਾਂਝ ਪੈਦਾ ਕੀਤੀ ਸੀ।”ਜਦੋਂ ਵੀ ਸਿੱਖਾਂ ਦੀ ਹੋਂਦ ਹਸਤੀ ਬਾਰੇ ਇਸ ਦੇਸ਼ ਵਿੱਚ ਕੋਈ ਗੱਲ ਚਲਦੀ ਹੈ ਤਾਂ ਮਿਸਾਲ ਕਿਹੋ ਜਿਹੀ ਵੀ ਹੋਵੇ ਅਤੇ ਵਿਆਖਿਆ ਕਿੰਨੀ ਚੰਗੀ ਜਾਂ ਲੰਬੀ ਹੋਵੇ, ਤਰਕ ਦੀ ਤਹਿ ਹੇਠ ਇਹੀ ਨੁਕਤੇ ਦੁਹਰਾਏ ਜਾਂਦੇ ਹਨ ਕਿ

1. ਸਿੱਖ ਹਿੰਦੂ ਸਨ।
2. ਸਿੱਖ ਹਿੰਦੂ ਹਨ।

ਪੁਰਾਣੇ ਸਮੇਂ ਵਿੱਚ ਕਰਮ-ਕਾਂਡੀ ਅਤੇ ਮਿਥਹਾਸਕ ਰੂਪ ਵਿੱਚ ਸਿੱਖਾਂ ਨੂੰ ਹਿੰਦੂ ਸਿੱਧ ਕਰਨ ਦੀ ਜੀਅ ਤੋੜ ਕੋਸ਼ਿਸ਼ ਕੀਤੀ ਗਈ ਅਤੇ ਨਾਲ ਹੀ ਸਮੇਂ ਦੀ ਹਕੂਮਤ ਨਾਲ ਮਿਲ ਕੇ ਬੀਅ ਨਾਸ ਕਰਨ ਦੀ ਮੁਹਿੰਮ ਜਾਰੀ ਰੱਖੀ। ਨਵੇਂ ਜ਼ਮਾਨੇ ਵਿੱਚ ਪਹਿਲਾਂ ਵਾਂਗ ਵਿਆਖਿਆ ਦੀ ਪੱਧਰ ਉਤੇ ਹਿੰਦੂ ਸਿੱਧ ਕਰਨ ਦੀ ਮੁਹਿੰਮ ਜਾਰੀ ਹੈ ਅਤੇ ਹਕੂਮਤ ਆਪਣੇ ਹੱਥ ਹੋਣ ਕਰਕੇ ਬੀਅ ਨਾਸ ਦਾ ਕੰਮ ਵੀ ਜਾਰੀ ਹੈ।

ਕਿਸੇ ਹਕੂਮਤ ਦਾ ਆਪਣੇ ਰਾਜ ਅੰਦਰ ਦੂਜੀ ਧਿਰ ਨਾਲ ਵਰਤਾਓ ਦੋ ਪੱਧਰਾਂ ਤੇ ਚੱਲਦਾ ਹੈ

ਇਕ ਕਾਨੂੰਨ ਸੰਵਿਧਾਨ ਦੇ ਨਾਂ ਹੇਠ। ਕਾਨੂੰਨ ਰਾਜ ਦਾ ਉਹ ਤਰੀਕਾ ਹੈ ਜਿਸ ਰਾਹੀਂ ਪਰਜਾ ਨਾਲ ਸਭ ਤਰ੍ਹਾਂ ਦਾ ਵਰਤਾਓ ਕੀਤਾ ਜਾਂਦਾ ਹੈ।

ਦੂਜਾ ਵਿੱਦਿਆ ਅਤੇ ਪ੍ਰਚਾਰ ਰਾਹੀ ਜ਼ਿੰਦਗੀ ਦੇ ਹਰ ਪਹਿਲੂ ਬਾਰੇ ਉਹ ਕੁਝ ਸਿਖਾਇਆ ਜਾਂਦਾ ਹੈ ਜੋ ਰਾਜ ਦੀ ਨੀਤੀ ਦੇ ਅਨੁਸਾਰ ਹੁੰਦਾ ਹੈ।

ਆਪਣੀ ਗੱਲ ਦੀ ਪਰਖ ਲਈ ਅਸੀਂ ਪਹਿਲਾਂ ਦੀਆਂ ਹਕੂਮਤਾਂ ਦੇ ਪੈਂਤੜੇ ਬਾਰੇ ਵੀ ਥੋੜੀ ਗੱਲ ਕਰ ਲਈਏ ਕਿ ਉਹਨਾਂ ਨੇ ਕਿਵੇਂ ਆਪਣੇ ਖਿਆਲ ਮੁਤਾਬਿਕ ਸਿੱਖਾਂ ਬਾਰੇ ਖਿਆਲ ਪ੍ਰਚੱਲਤ ਕੀਤੇ ਅਤੇ ਸਿੱਖਾਂ ਨਾਲ ਕਿਹੋ ਜਿਹਾ ਵਰਤਾਓ ਕੀਤਾ। ਹੁਣ ਅਤੇ ਪਹਿਲੀਆਂ ਹਕੂਮਤਾਂ ਵਿੱਚ ਕੀ ਸਾਂਝ ਅਤੇ ਫਰਕ ਹੈ?

ਕਾਨੂੰਨ, ਵਿਧਾਨ ਦੀ ਪੱਧਰ ਉਤੇ

ਮੁਗਲ: ਇਸਲਾਮ ਦੇ ਪੈਰੋਕਾਰ ਹੋਣ ਕਾਰਨ ਮੁਗਲ, ਪਠਾਣਾਂ ਅਤੇ ਹੋਰ ਮੁਸਲਮ ਹਾਕਮਾਂ ਨੇ ਕਦੀ ਆਪਣੀ ਪਰਜਾ ਵੀ ਨਹੀਂ ਮੰਨਿਆ ਸੀ । ੳਹਨਾਂ ਨੇ ਓਹੀ ਵਰਤਾਓ ਕੀਤਾ ਜੋ ਇਸਲਾਮ ਕਿਸੇ ਕਾਫਰ ਨਾਲ ਕਰਨ ਦੀ ਆਗਿਆ ਦਿੰਦਾ ਹੈ । ਮੁਗਲ ਹਕੂਮਤ ਨੇ ਮਜਬੂਰੀ ਵੱਸ ਕੁਝ ਸਮੇਂ ਲਈ ਕਈ ਵਾਰ ਸਿੱਖਾਂ ਨਾਲ ਸਿਆਸੀ ਸਮਝੌਤੇ ਕੀਤੇ, ਜੋ ਲੋੜ ਖਤਮ ਹੋਣ ਨਾਲ ਹੀ ਖਤਮ ਹੋ ਜਾਂਦੇ ਸਨ। ਸਿੱਖਾਂ ਨੂੰ ਸਾਰੀਆਂ ਮੁਸ਼ਕਲਾਂ ਦੀ ਜੜ੍ਹ ਦੱਸਿਆ ਅਤੇ ਇਹਨਾਂ ਮੁਸ਼ਕਲਾਂ ਦਾ ਹੱਲ ਸਿੱਖਾਂ ਦਾ ਖਾਤਮਾ ਦਸਿਆ। ਇਸ ਲਈ ਖੁਲ੍ਹੇ ਆਮ ਸਿੱਖਾਂ ਦੇ ਸਿਰਾਂ ਦੇ ਇਨਾਮ ਰੱਖੇ । ਸਿੱਖ ਹੋਣਾ ਹੀ ਜ਼ੁਰਮ ਸੀ । ਸਿੱਖ ਬਣਨ ਵਾਲਿਆਂ ਦੇ ਘਰ-ਘਾਟ ਉਜਾੜਨਾ, ਤਸੀਹੇ ਦੇ ਕੇ ਮਾਰਨ ਨਾਲ ਖਾਸ ਕਿਸਮ ਦਾ ਡਰ-ਖੌਫ ਪੈਦਾ ਕੀਤਾ ਕਿ ਕੋਈ ਸਿੱਖ ਨਾ ਬਣੇ। ਇਹ ਤਰੀਕੇ ਹੁਣ ਤੱਕ ਜਾਰੀ ਹਨ। ਜਿਸ ਤਰ੍ਹਾਂ ਹਰਿਆਣਾ ਪੁਲਸ ਨੇ ਹੁਸ਼ਿਆਰ ਸਿੰਘ, ਪ੍ਰਵੀਨ ਕੌਰ, ਗੁਰਿੰਦਰ ਸਿੰਘ ਨੂੰ ਗੈਰ-ਕਾਨੂੰਨੀ ਹਿਰਾਸਤ ਵਿੱਚ ਕਿੰਨੇ-ਕਿੰਨੇ ਦਿਨ ਰੱਖਿਆ ਅਤੇ ਉਹਨਾਂ ਦੇ ਘਰ ਵਾਲਿਆਂ ਨੂੰ ਇਸ ਗੱਲ ਲਈ ਮਜਬੂਰ ਕੀਤਾ ਕਿ ਉਹ ਕਿਸੇ ਨੂੰ ਦੱਸਣ ਨਾਂਹ। ਪੁਲਸ ਨੇ ਆਪ ਮੀਡੀਏ ਸਾਹਮਣੇ, ਕਹਾਣੀਆਂ ਘੜ ਕੇ ਬੰਦੇ ਪੇਸ਼ ਕੀਤੇ, ਪਰਿਵਾਰ ਵਾਲੇ ਪੁਲਸ ਦੇ ਖੌਫ ਵਿੱਚੋਂ ਬਾਹਰ ਨਹੀਂ ਨਿਕਲ ਸਕੇ।

ਅੰਗਰੇਜ਼: ਅੰਗਰੇਜਾਂ ਨੂੰ ਜਿਹੜਾ ਵੀ ਸਿੱਖ, ਸਰਕਾਰ ਦਾ ਵਿਰੋਧੀ ਲੱਗਾ ਉਸ ਦਾ ਘਰ ਘਾਟ, ਮਾਲ ਅਸਬਾਬ ਸਭ ਜ਼ਬਤ ਕਰ ਲਿਆ। ਪੰਜਾਬ ਤੋਂ ਬਾਹਰ ਬੰਗਾਲ, ਬਿਹਾਰ ਅਤੇ ਕਾਲੇ ਪਾਣੀ ਦੀਆਂ ਜੇਲਾਂ ਵਿੱਚ ਉਮਰ ਭਰ ਲਈ ਸੁਟ ਦਿੱਤਾ, ਸਿੱਖ ਰਾਜ ਉਪਰ ਕਬਜ਼ਾ ਕਰਨ ਤੋਂ ਕੁਝ ਸਾਲ ਬਾਅਦ ਅਜਿਹੇ ਲੋਕਾਂ ਦੀ ਗਿਣਤੀ ਕਈ ਹਜ਼ਾਰ ਸੀ ।ਜਿੰਨਾਂ ਦੇ ਅੱਜ ਤੱਕ ਨਾ ਪਤੇ ਵੀ ਨਹੀਂ ਲੱਭੇ । ਕੂਕਾ ਲਹਿਰ ਸਮੇਂ ਜਿਸ ਦੇ ਲੱਕ ਉਪਰ ਕਛਿਹਰਾ ਬੰਨਣ ਦਾ ਨਿਸ਼ਾਨ ਸੀ ਉਸ ਨੂੰ ਵੀ ਦੋਸ਼ੀ ਮੰਨਿਆ ਗਿਆ। ਬੱਬਰ ਅਕਾਲੀ ਲਹਿਰ ਸਮੇਂ ਮੁਕਾਬਲੇ ਦੌਰਾਨ ਸਾਰੇ ਪਿੰਡ ਨੂੰ ਇਕ ਥਾਂ ਕੱਠਾ ਕਰਕੇ ਉਹੀ ਵਰਤਾਓ ਕੀਤਾ ਜਾਂਦਾ ਸੀ ਜਿਹੜਾ ਹੁਣ ਦੇ ਸਮੇਂ ਖਾੜਕੂ ਲਹਿਰ ਦੌਰਾਨ ਕੀਤਾ ਗਿਆ ।

ਅੰਗਰੇਜ਼ਾਂ ਦਾ ਮੁਗਲਾਂ ਨਾਲੋਂ ਕਈ ਫਰਕ ਸਨ ਪਹਿਲੀ ਗੱਲ ਉਹ ਆਪਣੇ ਧਰਮ ਦੇ ਮੁਸਲਮਾਨਾਂ ਵਾਂਗ ਪਾਬੰਦ ਨਹੀਂ ਸਨ। ਇਸ ਕਰਕੇ ਉਹ ਇਹ ਖਿਆਲ ਲੈ ਕੇ ਆਏ ਕਿ ਪਿਆਰ ਅਤੇ ਜੰਗ ਵਿੱਚ ਸਭ ਕੁਝ ਜਾਇਜ਼ ਹੈ। ਸਰਦਾਰ ਅਜਮੇਰ ਸਿੰਘ ਨੇ ਆਪਣੀ ਕਿਤਾਬ ‘ਕਿਤ ਬਿਧ ਰੁਲੀ ਪਾਤਸ਼ਾਹੀ’ ਵਿੱਚ ਅੰਗਰੇਜ਼ਾਂ ਦੀਆਂ ਉਹ ਦਫਤਰੀ ਚਿੱਠੀਆਂ ਦਾ ਹਵਾਲਾ ਦਿੱਤਾ ਹੈ ਜਿੰਨਾ ਵਿੱਚ ਕਿਹਾ ਗਿਆ ਹੈ ਕਿ ਹਿੰਦੋਸਤਾਨ ਨੂੰ ਕਾਬੂ ਰੱਖਣ ਲਈ ਸਿੱਖਾਂ ਨੂੰ ਕਾਬੂ ਰੱਖਣਾ ਬਹੁਤ ਜ਼ਰੂਰੀ ਹੈ। ਸਿੱਖਾਂ ਨੂੰ ਕਾਬੂ ਰੱਖਣ ਲਈ ਉਹਨਾਂ ਨੂੰ ਹਥਿਆਰਾਂ ਤੋਂ ਸੱਖਣੇ ਕਰਨਾ ਅਤੇ ਉਹਨਾਂ ਅੰਦਰੋਂ ਰਾਜ ਇੱਛਾ ਖਤਮ ਕਰਨੀ ਜ਼ਰੂਰੀ ਹੈ। ਜਿੱਥੇ ਮੁਗਲ ਸਿੱਖਾਂ ਨੂੰ ਖਤਮ ਕਰਕੇ ਆਪਣੇ ਰਾਜ ਨੂੰ ਪੱਕਾ ਕਰਨਾ ਚਾਹੁੰਦੇ ਸਨ ਓਥੇ ਅੰਗਰੇਜ਼ ਸਿੱਖਾਂ ਨੂੰ ਵਰਤ ਕੇ ਆਪਣਾ ਰਾਜ ਪੱਕਾ ਕਰਨਾ ਚਾਹੁੰਦੇ ਸਨ ਕਿਉਂਕਿ ਉਹਨਾਂ ਨੇ ਇੱਕ ਤਾਂ ਮੁਸਲਮ ਹਾਕਮਾਂ ਵਾਂਗ ਇੱਥੇ ਵਸਣਾ ਨਹੀਂ ਸੀ ਦੂਜਾ ਉਹਨਾਂ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਸਿੱਖਾਂ ਨੂੰ ਖਤਮ ਕਰਨਾ ਸੰਭਵ ਨਹੀਂ ਇਸ ਲਈ ਉਹਨਾਂ ਨੇ ਉਹ ਰਾਹ ਕੱਢਣ ਦੀ ਕੋਸ਼ਿਸ਼ ਕੀਤੀ ਜਿਸ ਨਾਲ ਸਿੱਖਾਂ ਨੂੰ ਵਰਤਿਆ ਜਾ ਸਕੇ। ਇਹ ਰਾਹ ਸੀ ਸਿੱਖਾਂ ਅੰਦਰੋਂ ਰਾਜ ਕਰਨ ਦੀ ਇੱਛਾ ਖਤਮ ਕਰਨਾ ਅਤੇ ਰਾਜ ਭਗਤ ਬਣਨ ਦੀ ਸਿਖਲਾਈ ਦੇਣੀ। ਅੰਗਰੇਜ਼ਾਂ ਦੁਆਰਾ ਅਪਣਾਏ ਗਏ ਸਾਰੇ ਪੈਂਤੜੇ ਇਸ ਪਾਸੇ ਵੱਲ ਨੂੰ ਸੇਧਤ ਸਨ। ਇਹ ਗੱਲ ਵਿਹਾਰਕ ਜ਼ਿੰਦਗੀ ਤੋਂ ਲੈ ਕੇ ਗਿਆਨ ਦੇ ਸਾਰੇ ਪਾਸਿਆਂ ਤੱਕ ਲਾਗੂ ਸੀ।

ਮੌਜੂਦਾ ਰਾਜ : ਬ੍ਰਾਹਮਣਵਾਦੀ ਸਰਕਾਰ ਨੇ ਵੀ ਕਾਨੂੰਨੀ ਰੂਪ ਵਿੱਚ ਸਿੱਖਾਂ ਦੀ ਹਸਤੀ ਨੂੰ ਨਕਾਰਿਆ ਹੈ। ਸੰਵਿਧਾਨ ਸਿੱਖਾਂ ਨੂੰ ਹਿੰਦੂ ਮੰਨਦਾ ਹੈ। ਸਾਰੇ ਕਾਨੂੰਨ ਉਹਨਾਂ ਨੂੰ ਹਿੰਦੂ ਸਿੱਧ ਕਰਦੇ ਹਨ। ਉਹ ਤਾਂ ਸਿੱਖਾਂ ਨੂੰ ਅੰਗਰੇਜ਼ਾਂ ਜਿੰਨੀ ਮਾਨਤਾ ਦੇ ਕੇ ਰਾਜ਼ੀ ਨਹੀਂ ਹਨ। ਮੌਜੂਦਾ ਹਾਕਮਾਂ ਨੂੰ ਪਤਾ ਹੈ ਕਿ ਜੇ ਸਿੱਖਾਂ ਦੀ ਧਾਰਮਿਕ ਅਜ਼ਾਦੀ ਨੂੰ ਵੀ ਮੰਨ ਲਿਆ ਤਾਂ ਉਹ ਵੱਖਰੀ ਅਤੇ ਬਰਾਬਰ ਦੀ ਧਿਰ ਬਣ ਜਾਣਗੇ। ਇਹ ਧਾਰਮਿਕ ਆਜ਼ਾਦੀ ਮੁੜ ਕੇ ਰਾਜਨੀਤਕ ਆਜ਼ਾਦੀ ਦਾ ਰੂਪ ਧਾਰ ਲਵੇਗੀ। ਇਸ ਕਰਕੇ ਭਾਰਤੀ ਸੰਵਿਧਾਨ ਅਤੇ ਵਿਧਾਨ ਦੇ ਸਾਜਣਹਾਰ, ਪਾਲਣਹਾਰ ਅਤੇ ਇਸ ਦੀ ਰਾਖੀ ਵਿਆਖੀ ਕਰਨ ਵਾਲੇ ਸਾਰੇ ਢਾਂਚੇ ਸਿੱਖਾਂ ਦੀ ਵੱਖਰਤਾ ਤੇ ਬਰਾਬਰਤਾ ਨੂੰ ਮੂਲੋਂ ਹੀ ਨਕਾਰਕੇ ਚੱਲਦੇ ਹਨ।

ਵਿਦਿਆ ਅਤੇ ਪ੍ਰਚਾਰ ਰਾਹੀਂ :

ਰਾਜਨੀਤੀ ਦੇ ਮਾਹਰ ਵਿਦਵਾਨਾਂ ਨੇ ਹੁਣ ਇਹ ਗੱਲ ਖੁਲ੍ਹੇ ਅਤੇ ਸਪੱਸ਼ਟ ਰੂਪ ਵਿੱਚ ਮੰਨੀ ਹੈ ਕਿ ਕਿਸੇ ਦੇਸ਼ ਵਿੱਚ ਪੜ੍ਹਾਈ ਵੀ ਉਸੇ ਖਿਆਲ ਅਨੁਸਾਰ ਕਰਾਈ ਜਾਂਦੀ ਹੈ ਜਿਹੜਾ ਰਾਜ ਕਰਨ ਵਾਲੀ ਧਿਰ ਦਾ ਹੁੰਦਾ ਹੈ। ਅੱਜ ਦੇ ਜ਼ਮਾਨੇ ਵਿੱਚ ਰੇਡੀਓ, ਟੀ.ਵੀ. ਅਖਬਾਰ, ਫਿਲਮਾਂ ਅਤੇ ਆਮ ਗਿਆਨ ਦੀਆਂ ਕਿਤਾਬਾਂ ਸਭ ਵਿੱਚ ਗਿਆਨ, ਜਾਣਕਾਰੀ ਅਤੇ ਮਨੋਰੰਜਨ ਦੀ ਤਹਿ ਹੇਠਲੀ ਦਲੀਲ ਰਾਜ ਕਰਨ ਵਾਲੀ ਧਿਰ ਦੇ ਖਿਆਲ ਦੀ ਅਨੁਸਾਰੀ ਹੁੰਦੀ ਹੈ। ਇਸ ਕਰਕੇ ਹੀ ਸਿੱਖਾਂ ਬਾਰੇ ਫਿਲਮਾਂ ਅਖਬਾਰਾਂ, ਰੇਡੀਓ, ਟੀ.ਵੀ. ਅਤੇ ਹੋਰ ਕਿਤਾਬਾਂ ਰਾਹੀਂ ਉਹ ਖਿਆਲ ਮੁੜ-ਮੁੜ ਦੁਹਰਾਇਆ ਜਾ ਰਿਹਾ ਹੈ ਜਿਹੜਾ ਰਾਜ ਕਰਨ ਵਾਲੀ ਧਿਰ ਨੂੰ ਚੰਗਾ ਲੱਗਦਾ ਹੈ। ਇਹ ਖਿਆਲ ਉਹਨਾਂ ਦੇ ਪੱਖ ਵਿੱਚ ਜਾਂਦਾ ਹੈ ਅਤੇ ਸਰਕਾਰ ਦੀ ਮਾਲਕੀ ਕਾਰਨ ਬੇਅੰਤ ਸਾਧਨਾਂ ਤੇ ਤਾਕਤ ਦੇ ਜ਼ੋਰ ਨਾਲ ਮਨਵਾਇਆ ਜਾ ਰਿਹਾ ਹੈ।

ਮੁਗਲ: ਹਕੂਮਤ ਦੇ ਸਰਕਾਰੀ ਲੇਖਾਕਾਰਾਂ ਅਤੇ ਆਮ ਮੁਸਲਮ ਲਿਖਾਰੀਆਂ ਨੇ ਸਿੱਖਾਂ ਬਾਰੇ ਜਿੰਨਾ ਕੁ ਜ਼ਿਕਰ ਆਪਣੀਆਂ ਲਿਖਤਾਂ ਵਿੱਚ ਕੀਤਾ ਉਹਨਾਂ ਵਿੱਚ ਅੱਜ ਵਾਂਗ ਉਹਨਾਂ ਨੂੰ ਚੋਰ-ਲੁਟੇਰੇ ਕਾਤਲ ਅਤੇ ਗੈਰ- ਸਮਾਜਿਕ ਕਿਹਾ ਹੈ। ਬਹੁਤਾ ਜ਼ਿਕਰ ਗੁਰੁ ਤੇਗ ਬਹਾਦਰ ਸਾਹਿਬ ਤੋਂ ਸ਼ੁਰੂ ਹੁੰਦਾ ਹੈ ਜਦੋਂ ਸਿੱਖਾਂ ਨਾਲ ਸਿੱਧੀ ਲੜਾਈ ਸ਼ੁਰੂ ਹੋ ਜਾਂਦੀ ਹੈ। ਸੂਫੀ ਜੋ ਇਸਲਾਮ ਦੇ ਖੁਲ੍ਹ ਦਿਲੇ ਪੈਰੋਕਾਰ ਕਹੇ ਜਾਂਦੇ ਸਨ, ਓਹਨਾਂ ਵਿੱਚੋਂ ਬੁਲ੍ਹੇ ਸ਼ਾਹ ਨੂੰ ਸਭ ਤੋਂ ਵੱਧ ਬੇਬਾਕ ਕਿਹਾ ਜਾਂਦਾ ਹੈ। ਉਸ ਦੀਆਂ ਲਿਖਤਾਂ ਵਿਚੋਂ ਵੀ ਸਿੱਖਾਂ ਬਾਰੇ ਸਮੇਂ ਦੀ ਹਕੂਮਤ ਦਾ ਨਜ਼ਰੀਆ ਪਰਗਟ ਹੁੰਦਾ ਹੈ, ਹਾਲਾਂਕਿ ਸਿੱਖ ਕਿਰਦਾਰ ਪੱਖੋਂ ਇਤਿਹਾਸ ਵਿੱਚ ਸਿਖਰ ਉਤੇ ਸਨ:-

ੳ. ਧਰਮਸਾਲ ਧੜਵਈ ਵਸਦੇ…(ਧੜਵਈ = ਧਾੜਵੀ, ਲੁਟੇਰੇ)
ਅ. ਬਾਜ਼ਾਂ ਨੂੰ ਖਰਗੋਸ਼ਾਂ ਖਾਧਾ ਜੁਰੇ ਚਿੜੀਆਂ ਮਾਰ ਗਵਾਏ। ਉਲਟੇ ਹੋਰ ਜ਼ਮਾਨੇ ਆਏ ।
ੲ. ਭੂਰਿਆਂ ਵਾਲੇ ਰਾਜੇ ਕੀਤੇ ਮੁਗਲਾਂ ਜ਼ਹਿਰ ਪਿਆਲੇ ਪੀਤੇ ।

ਧੜਵਈ, ਖਰਗੋਸ਼, ਚਿੜੀਆਂ ਅਤੇ ਭੂਰਿਆਂ ਵਾਲੇ ਉਸ ਸਮੇਂ ਪ੍ਰਚਾਰ ਰਾਹੀ ਸਿੱਖਾਂ ਬਾਰੇ ਮਾਹੌਲ ਵਿੱਚ ਤੈਰਦੇ ਲਫਜ਼ ਸਨ, ਜਿਹੜੇ ਸਹਿਜੇ ਹੀ ਸੂਫੀ ਦੀਆਂ ਕਾਫੀਆਂ ਵਿੱਚ ਵੀ ਆ ਗਏ। ਓਦੋਂ ਦੇ ਨਫਰਤੀ ਲਿਖਾਰੀਆਂ ਵੱਲੋਂ ਗੁਰੂ ਸਾਹਿਬ ਅਤੇ ਸਿੱਖਾਂ ਨੂੰ ਕੱਢੀਆਂ ਗਾਲ੍ਹਾਂ ਨੂੰ ਵੀਹਵੀਂ ਸਦੀ ਦੇ ਵਿਦਵਾਨਾਂ ਨੇ ਸੱਚੇ ਇਤਿਹਾਸਕ ਸਰੋਤਾਂ ਵਜੋਂ ਪੇਸ਼ ਕੀਤਾ। ਜਿਵੇਂ ਅੱਜ ਸਿੱਖਾਂ ਬਾਰੇ ਮੀਡੀਏ ਦਾ ਕੂੜ ਪ੍ਰਚਾਰ ਅਗਲੀਆਂ ਸਦੀਆਂ ਵਿੱਚ ਸੱਚਾ ਇਤਿਹਾਸਕ ਸਰੋਤ ਬਣ ਜਾਵੇਗਾ।

ਅੰਗਰੇਜ਼: ਅੰਗਰੇਜ਼ਾਂ ਨੇ ਹਰ ਤਰੀਕੇ ਨਾਲ ਆਪਣੇ ਆਪ ਨੂੰ ਸਿੱਖਾਂ ਨਾਲੋਂ ਉਚਾ ਦਰਸਾਇਆ, ਓਹਨਾਂ ਨੇ ਸਿੱਖਾਂ ਦੇ ਧਾਰਮਿਕ ਹੋਣ ਹੀ ਨੂੰ ਮਜ਼ਾਕ ਬਣਾਇਆ। ਅਜੋਕੇ ਸਮੇਂ ਅੰਦਰ ਸਿੱਖ ਖੁਦ ਵੀ ਇਸ ਤਰ੍ਹਾਂ ਕਰਨ ਲੱਗੇ ਹਨ। ਇਹ ਉਸੇ ਵਿੱਦਿਆ ਪ੍ਰਚਾਰ ਦਾ ਅਸਰ ਹੈ। ਰਾਜਨੀਤਿਕ ਤੌਰ ਤੇ ਇਹ ਸਿੱਧ ਕੀਤਾ ਕਿ ਸਿੱਖ ਉਕਾ ਹੀ ਅਯੋਗ ਹਨ ਉਹ ਮੌਕੇ, ਤਾਕਤ ਅਤੇ ਸਮਝ ਦੀ ਵਰਤੋਂ ਕਰਨ ਦੇ ਯੋਗ ਨਹੀਂ ਹਨ। ਉਹਨਾਂ ਨੇ ਸਿੱਖਾਂ ਨੂੰ ਸਿਰਫ ਬਹਾਦਰ ਸਿਪਾਹੀ ਕਿਹਾ ਉਹ ਵੀ ਉਹਨਾਂ ਦੀ ਰਾਖੀ ਕਰਨ ਕਰਕੇ, ਜਿਵੇਂ ਹੁਣ ਦੇ ਹਾਕਮ ‘ਖੜਗ ਭੁਜਾ’ ਆਖਦੇ ਹਨ।

ਅੰਗਰੇਜ਼ਾਂ ਦੁਆਰਾ ਅਪਣਾਏ ਗਏ ਇਸ ਪੈਂਤੜੇ ਨੂੰ ਹੀ ਬ੍ਰਾਹਮਣਵਾਦੀ ਵਿਦਵਾਨ ਸਿੱਖਾਂ ਦੀ ਵੱਖਰੀ ਹਸਤੀ ਦੀ ਸ਼ੁਰੂਆਤ ਦਸਦੇ ਹਨ। ਇਸ ਦੀ ਵਜ੍ਹਾ ਤਾਂ ਇਹ ਹੈ ਕਿ ਅੰਗਰੇਜ਼ਾਂ ਨੇ ਫੌਜੀਆਂ ਤੋਂ ਬਿਹਤਰ ਕੰਮ ਲੈਣ ਲਈ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵਰਤਿਆ। ਸਿੱਖ ਰਹਿਤ ਦੀ ਪਾਬੰਦੀ ਸਿੱਖ ਫੌਜੀਆਂ ਲਈ ਲਾਜ਼ਮੀ ਕਰਨ ਨੂੰ ਇਸ ਗੱਲ ਦਾ ਅਧਾਰ ਬਣਾਇਆ ਜਾਂਦਾ ਹੈ ਕਿ ਅੰਗਰੇਜ਼ਾਂ ਨੇ ਵੱਖਰੇਪਣ ਦੀ ਭਾਵਨਾ ਪੈਦਾ ਕੀਤੀ, ਜਿਵੇਂ ਪਹਿਲਾਂ ਬਹੁਤ ਗੂੜੀਆਂ ਸਾਂਝਾਂ ਸਨ। ਰਹਿਤ ਦੀ ਪਾਬੰਦੀ ਗੁਰੂ ਸਾਹਿਬ ਨੇ ਸ਼ੁਰੂ ਕੀਤੀ ਸੀ। ਸਿੱਖ ਫੌਜੀ ਇਸ ਲਈ ਰਹਿਤ ਦੇ ਪਾਬੰਦ ਨਹੀਂ ਸਨ ਕਿ ਅੰਗਰੇਜ਼ ਨੇ ਕਾਨੂੰਨ ਪਾਸ ਕੀਤਾ ਸੀ ਸਗੋਂ ਇਸ ਲਈ ਕਿ ਉਹਨਾਂ ਅੰਦਰ ਇਹ ਗੱਲ ਗੁਰੁ ਦੇ ਬੋਲ ਵਜੋਂ ਗੂੰਜਦੀ ਸੀ ਕਿ

ੳ. ਰਹਿਣੀ ਰਹੈ ਸੋਈ ਸਿਖ ਮੇਰਾ ॥
ਅ. ਰਹਿਤ ਪਿਆਰੀ ਮੁਝ ਕੋ ਸਿਖ ਪਿਆਰਾ ਨਾਹਿ ॥

ਅੰਗਰੇਜ਼ਾਂ ਦੀ ਆਮਦ ਨਾਲ ਖਾਲਸੇ ਦੀ ਨਿਆਰੀ ਹਸਤੀ ਦੀ ਗੱਲ ਸ਼ੁਰੂ ਨਹੀਂ ਹੋਈ ਸਗੋਂ ਇਸ ਨਿਆਰੀ ਹਸਤੀ ਨੂੰ ਮਿਟਾਉਣ ਦੇ ਨਵੇਂ ਯਤਨ ਸ਼ੁਰੂ ਹੋਏ। ਅੰਗਰੇਜ਼ਾਂ ਨੇ ਸਿੱਖਾਂ ਦੀ ਸੁਤੰਤਰ ਰਾਜਨੀਤਕ ਹਸਤੀ ਨੂੰ ਨਕਾਰਦਿਆਂ ਧਾਰਮਿਕ ਰੂਪ ਨੂੰ ਕਬੂਲ ਕਰ ਲਿਆ ਕਿਉਂਕਿ ਉਨ੍ਹਾਂ ਨੂੰ ਰਾਜ ਕਰਨ ਲਈ ਇਹੋ ਪੈਂਤੜਾ ਠੀਕ ਬੈਠਦਾ ਸੀ।

ਮੌਜੂਦਾ ਰਾਜ: ਸਿਰਸੇ ਦੇ ਡੇਰੇਦਾਰ ਵੱਲੋਂ ਕੀਤੇ ਗੁਨਾਹ ਦੇ ਹੱਕ ਵਿੱਚ ਲਿਖਣ ਵਾਲੇ ਲੋਕਾਂ ਨੇ ਮੁੜ ਇਹ ਗੱਲ ਉਠਾਈ ਹੈ ਕਿ ਰਹਿਤ ਮਰਯਾਦਾ ਪਹਿਲਾਂ ਨਹੀਂ ਸੀ, ਇਹ ਬਾਅਦ ਵਿੱਚ ਬਣੀ ਹੈ। ਉਹਨਾਂ ਦੇ ਕਹਿਣ ਦਾ ਅਸਲ ਅਰਥ ਇਹ ਹੈ ਕਿ ਇਹ ਮਾਮਲਾ ਉਹਨਾਂ ਲੋਕਾਂ ਨੇ ਉਠਾਇਆ ਹੇ ਜਿੰਨਾਂ ਦੀ ਜੜ੍ਹ ਮਰਯਾਦਾ ਪਾਲਣ ਵਿੱਚ ਹੈ। ਇਸ ਕਰਕੇ ਸਿੱਖੀ ਦੁਆਲੇ ਮਰਯਾਦਾ ਦੀ ਵਾੜ ਤੋੜਨਾ ਪਹਿਲਾ ਕੰਮ ਹੈ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਸਾਂਝੀਵਾਲਤਾ ਪੈਦਾ ਕੀਤੀ ਭਾਵ ਗੁਰੂ ਸਾਹਿਬ ਨੇ ਖਾਲਸੇ ਨੂੰ ਵੱਖਰਾ ਨਹੀਂ ਸਗੋਂ ਹਿੰਦੂਆਂ ਦਾ ਅੰਗ ਹੀ ਬਣਾਇਆ ਹੈ। 1984 ਮਗਰੋਂ ਬਣੀਆਂ ਫਿਲਮਾਂ ਵਿੱਚ ਖਾਸ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਸਿੱਖ ਜਾਂ ਤਾਂ ਮੂਰਖ ਅਤੇ ਹਿਜੜੇ ਹਨ ਜਾਂ ਸਿਰਫ ਦੇਸ਼ ਦੇ ਰਾਖੇ ਪਰ ਉਹ ਸਿੱਖ ਕਦੇ ਨਹੀਂ ਹੁੰਦੇ। ਵਿਦਿਆ ਦੀ ਪੱਧਰ ਉਤੇ ਮੁਗਲਾਂ ਅਤੇ ਅੰਗਰੇਜ਼ਾਂ ਦੋਹਾਂ ਦੇ ਨੁਕਤੇ ਅਪਣਾਏ ਹਨ। ਜੋ ਕੁਝ ਗੁਰੁ ਸਾਹਿਬ ਬਾਰੇ ਸਮਕਾਲੀ ਨਫਰਤੀ ਮੁਸਲਮ ਲਿਖਾਰੀਆਂ ਨੇ ਲਿਖਿਆ ਉਸ ਨੂੰ ਇਤਿਹਾਸ ਵਜੋਂ ਪੜਾਇਆ ਜਾਂਦਾ ਹੈ। ਗੁਰੂ ਸਾਹਿਬ ਦੇ ਸਾਂਝੀਵਾਲਤਾ ਦੇ ਉਪਦੇਸ਼ ਨੂੰ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਲਈ ਵਰਤਿਆ ਜਾ ਰਿਹਾ ਹੈ।

ਉਪਰੋਕਤ ਸਾਰੇ ਕੁਝ ਦੇ ਬਾਵਜੂਦ ਸਿੱਖਾਂ ਨੂੰ ਜੋ ਬੋਲ ਗੁਰੂ ਪਾਤਸ਼ਾਹ ਨੇ ਕਹੇ, ਉਹ ਲੱਖ ਹੀਲੇ ਵਰਤਿਆਂ ਵੀ ਮਨਾਂ ਵਿਚੋਂ ਮਿਟਾਏ ਨਹੀਂ ਜਾ ਸਕਦੇ। ਗੁਰੂ ਸਾਹਿਬ ਨੇ ਨਿਆਰੇ ਰਹਿਣ ਦਾ ਜੋ ਹੁਕਮ ਸੁਣਾਇਆ ਸੀ। ਉਹ ਸਪੱਸ਼ਟ ਰੂਪ ਵਿਚ ਇਥੇ ਪ੍ਰਚਲਿਤ ਮੁਰਦਾ ਰੀਤੀ ਰਿਵਾਜ਼ਾਂ ਅਤੇ ਬਿਪਰਵਾਦੀ ਸੋਚ ਪ੍ਰਬੰਧ ਤੋਂ ਨਿਆਰੇ ਰਹਿਣ ਦਾ ਸੀ। ਮੁਸਲਮਾਨਾਂ ਨਾਲ ਰਲ ਜਾਣ ਦਾ ਤਾਂ ਕਿਸੇ ਤਰ੍ਹਾਂ ਦਾ ਕੋਈ ਖਤਰਾ ਹੀ ਨਹੀਂ ਸੀ ਜੇ ਖਤਰਾ ਸੀ ਤਾਂ ਬਿਪਰਵਾਦੀ ਮਨੁੱਖ, ਰਾਜ ਅਤੇ ਸਮਾਜ ਤੋਂ ਸੀ ਅਤੇ ਹੈ। ਗੁਰੂ ਸਾਹਿਬ ਨੇ ਸੂਰਜਵਤ ਸਪੱਸ਼ਟ ਲਫਜ਼ਾਂ ਵਿਚ ਕਿਹਾ ਕਿ ਜੇ ਖਾਲਸਾ ਬਿਪਰ ਦੀ ਰੀਤ ਵਿਚ ਪੈ ਗਿਆ ਤਾਂ ਮੈਂ ਆਪਣਾ ਤੇਜ ਖਾਲਸੇ ਨੂੰ ਨਹੀਂ ਦਿਆਂਗਾ। ਤੇ ਖਾਲਸਾ ਉਨਾਂ ਚਿਰ ਹੀ ਖਾਲਸਾ ਹੈ ਜਿੰਨਾਂ ਚਿਰ ਬਿਪਰ ਦੀ ਰੀਤ ਤੋਂ ਨਿਆਰਾ ਰਹੇਗਾ। ਇਥੇ ਨਿਆਰੇ ਦਾ ਅਰਥ ਸਿਰਫ ਵੱਖਰਾ ਨਹੀਂ ਸਗੋਂ ਬਿਹਤਰ, ਤਰੋ-ਤਾਜ਼ਾ ਅਤੇ ਖਿੜੇ ਫੁਲ਼ ਵਾਂਗ ਸੱਜਰਾ ਹੈ ।

ਨਿਆਰੇ ਰਹਿਣ ਲਈ ਭੂਤ, ਭਵਿੱਖ, ਵਰਤਮਾਨ ਦੇ ਹਰ ਵਰਤਾਰੇ, ਬੰਦੇ ਅਤੇ ਚੀਜ਼ ਨੂੰ ਆਪਣੇ ਪੈਂਤੜੇ ਤੋਂ ਵਿਚਾਰਨਾ ਲਾਜ਼ਮੀ ਹੈ।ਸਾਡੇ ਮੌਜੂਦਾ ਸਮੇਂ ਵਿੱਚ ਜੂਨ 1984 ਦਾ ਦਰਬਾਰ ਸਾਹਿਬ ਉਤੇ ਭਾਰਤੀ ਫੌਜ ਦਾ ਹਮਲੇ ਵਿਆਖਿਆ ਇਸ ਦੀ ਬੜੀ ਸੌਖੀ ਕਸਵੱਟੀ ਹੈ ਜਿਹੜੀ ਝੱਟ ਨਿਖੇੜਾ ਕਰ ਦਿੰਦੀ ਹੈ ਕਿ ਕੌਣ ਨਿਆਰੇਪਣ ਦਾ ਹਾਮੀ ਹੈ ਕੌਣ ਦੂਜੇ ਪਾਸੇ ਹੈ। ਇਸ ਸਾਕੇ ਦੀ ਗੱਲ ਕਰਨ ਸਮੇਂ ‘ਜੇ, ਸ਼ਾਇਦ, ਜਾਂ, ਪਰ, ਫੇਰ ਵੀ’ ਵਰਗੇ ਲਫਜ਼ਾਂ ਦੀ ਵਰਤੋਂ ਕਰਨ ਵਾਲਾ ਖਾਲਸੇ ਦੇ ਨਿਆਰੇਪਣ ਦਾ ਹਾਮੀ ਨਹੀਂ ਹੋ ਸਕਦਾ। ਜੇ ਇਹ ਕਿਸੇ ਸਿੱਖ ਦੇ ਮਨ ਵਿੱਚ ਆਉਂਦੇ ਹਨ ਤਾਂ ਉਹ

ਨਿਆਰੇਪਣ ਦਾ ਧਾਰਨੀ ਨਹੀਂ ਹੈ ਸਗੋਂ ਭੇਖ ਦਾ ਧਾਰਨੀ ਹੈ। ਗੁਰੂ ਦਾ ਤੇਜ ਓਨਾ ਚਿਰ ਹੀ ਰਹਿਮਤ ਕਰੇਗਾ ਜਿੰਨਾਂ ਚਿਰ ਉਹ ਨਿਆਰੇਪਣ ਦਾ ਧਾਰਨੀ ਰਹੇਗਾ। ਸਾਨੂੰ ਆਪਣੀ ਮੌਜੂਦਾ ਹਾਲਤ ਸਮੇਤ ਇਤਿਹਾਸ ਦੇ ਹਰ ਤਲਖ ਦੌਰ ਨੂੰ ਇਸ ਨੁਕਤੇ ਤੋਂ ਦੇਖਣਾ ਚਾਹੀਦਾ ਹੈ ਕਿ ਸਾਡੇ ਨਿਆਰੇਪਣ ਵਿੱਚ ਕਿਥੇ ਘਾਟ ਸੀ ? ਜੇ ਇੱਕ ਝਾਤੀ ਵੀ ਮਾਰੀਏ ਤਾਂ ਜਿਥੇ ਕੋਈ ਨੁਕਸਾਨ ਹੋਇਆ ਹੈ ਓਥੇ ਬਿਪਰ ਦੀ ਰੀਤ ਤੇ ਚਲਣ ਦੇ ਨਿਸ਼ਾਨ ਹਨ। ਗੁਰਬਾਣੀ ਦੀ ਅਰਥ ਵਿਆਖਿਆ, ਇਤਿਹਾਸ, ਪਰੰਪਰਾਵਾਂ ਸਭ ਬਾਰੇ ਇਸ ਨੁਕਤੇ ਤੋਂ ਮੁੜ-ਮੁੜ ਵਿਚਾਰਨ ਦੀ ਲੋੜ ਹੈ। ਗੁਰੂ ਪਾਤਸ਼ਾਹ ਨੇ ਆਦਰਸ਼ ਮਨੁਖ ਅਤੇ ਸਮਾਜ ਦੀ ਸਿਰਜਣਾ ਕੀਤੀ ਅਤੇ ਖਾਲਸੇ ਨੂੰ ਰਾਖਸ਼ ਬਿਰਤੀ, ਜ਼ਾਲਮ ਲੋਕਾਂ ਅਤੇ ਹੋਰ ਔਕੜਾਂ ਤੋਂ ਸੰਸਾਰ ਨੂੰ ਪੱਕੇ ਤੌਰ ਤੇ ਮੁਕਤ ਕਰਨ ਲਈ ਆਦਰਸ਼ਕ ਰਾਜ ਦੀ ਸਥਾਪਤੀ ਲਈ ਤੋਰਿਆ। ਸਾਡੇ ਤੋਂ ਜੋ ਘਾਟ ਰਹੀ ਹੈ, ਉਸ ਨੂੰ ਮੁੜ ਕੇ ਮੁਢੋਂ ਵਿਚਾਰਨ ਦੀ ਲੋੜ ਹੈ।

ਬੇਸ਼ੱਕ ਨਿਆਰੇਪਣ ਨੂੰ ਪਹਿਲੀਆਂ ਹਕੂਮਤਾਂ ਨੇ ਵੀ ਖਤਮ ਕਰਨ ਦਾ ਯਤਨ ਕੀਤਾ ਪਰ ਅੱਜ ਹਕੂਮਤ ਉਹਨਾਂ ਦੇ ਹੱਥ ਹੈ ਜਿੰਨਾਂ ਬਾਰੇ ਮੁਢ ਤੋਂ ਹੀ ਗੁਰੂ ਸਾਹਿਬ ਨੇ ਸਪੱਸ਼ਟ ਨਾਂ ਲੈ ਕੇ ਸਖਤੀ ਨਾਲ ਸਾਵਧਾਨ ਕੀਤਾ ਹੈ। ਸਾਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਇਹ ਕਿੱਡੀ ਵੱਡੀ ਗੱਲ ਹੈ ਕਿ ਗੁਰੂ ਦਾ ਪਹਿਲਾ ਉਪਦੇਸ਼

‘ਨਾ ਹਮ ਹਿੰਦੂ ਨਾ ਮੁਸਲਮਾਨ’

ਵੀ ਸਾਡੇ ਨਿਆਰੇਪਣ ਨੂੰ ਸਪੱਸ਼ਟ ਕਰਦਾ ਹੈ ਤੇ ਅੰਤਿਮ ਸਮੇਂ ਭਵਿਖਮੁਖੀ ਚੇਤਾਵਨੀ ਵੀ ਇਹੀ ਹੈ

ਜਬ ਲਗ ਖਾਲਸਾ ਰਹੈ ਨਿਆਰਾ॥
ਤਬ ਲਗ ਤੇਜ ਦਿਉ ਮੈ ਸਾਰਾ॥
ਜਬ ਇਹ ਗਹੈ ਬਿਪਰਨ ਕੀ ਰੀਤ॥
ਤਉ ਮੈ ਨ ਕਰਉ ਇਨ ਕੀ ਪਰਤੀਤਿ॥

5 1 vote
Article Rating
Subscribe
Notify of
1 ਟਿੱਪਣੀ
Oldest
Newest Most Voted
Inline Feedbacks
View all comments
1
0
Would love your thoughts, please comment.x
()
x