ਚੀਨ-ਇੰਡੀਆ ਸਰਹੱਦੀ ਟਕਰਾਅ ਬਾਰੇ ਅਮਰੀਕਾ ਦਾ ਕੀ ਕਹਿਣਾ ਹੈ?

ਚੀਨ-ਇੰਡੀਆ ਸਰਹੱਦੀ ਟਕਰਾਅ ਬਾਰੇ ਅਮਰੀਕਾ ਦਾ ਕੀ ਕਹਿਣਾ ਹੈ?

ਅਮਰੀਕਾ ਦੇ ਬਚਾਅ ਸਕੱਤਰ ਦੇ ਦਫਤਰ (Office of Secretary of Defense) ਵੱਲੋਂ ਬੀਤੇ ਦਿਨੀਂ “ਚੀਨ ਨਾਲ ਸੰਬੰਧਤ ਫੌਜੀ ਅਤੇ ਸੁਰੱਖਿਆ ਮਾਮਲਿਆਂ ਦੀ ਹਾਲੀਆ ਸਥਿਤੀ 2021” (Military and Security Deveopments Involving People’s Republic of China 2021) ਸਿਰਲੇਖ ਹੇਠ ਇਕ ਲੇਖਾ ਜਾਰੀ ਕੀਤਾ ਗਿਆ ਹੈ। ਇਸ ਵਿਸਤਾਰਤ ਲੇਖੇ ਵਿਚ ਚੀਨ ਅਤੇ ਇੰਡੀਆ ਦਰਮਿਆਨ ਸਰਹੱਦੀ ਤਣਾਅ ਬਾਰੇ ਵੀ ਉਚੇਰੇ ਤੌਰ ਉੱਤੇ ਜ਼ਿਕਰ ਕੀਤਾ ਗਿਆ ਹੈ। ਇਸ ਵਿਸ਼ੇ ਬਾਰੇ ਕੀਤੇ ਗਏ ਜ਼ਿਕਰ ਦਾ ਸਿਰਲੇਖ ਹੈ “ਖਾਸ ਵਿਸ਼ਾ: ਚੀਨ-ਇੰਡੀਆ ਸਰਹੱਦੀ ਟਕਰਾਅ“। ਇਸ ਹਿੱਸੇ ਦਾ ਪੰਜਾਬੀ ਉਲੱਥਾ ਹੇਠਾਂ ਪਾਠਕਾਂ ਦੀ ਜਾਣਕਾਰੀ ਹਿਤ ਪੇਸ਼ ਕੀਤਾ ਜਾ ਰਿਹਾ ਹੈ: ਸੰਪਾਦਕ।


ਖਾਸ ਵਿਸ਼ਾ: ਚੀਨ-ਇੰਡੀਆ ਸਰਹੱਦੀ ਟਕਰਾਅ

ਮੌਜੂਦਾ ਹਾਲਾਤ: ਜੂਨ 2021 ਤੋਂ ਚੀਨ ਅਤੇ ਇੰਡੀਆ ਦੋਹਾਂ ਨੇ ਅਸਲ ਕਬਜ਼ਾ ਰੇਖਾ (ਲਾਈਨ ਆਫ ਐਕਚੂਅਲ ਕੰਟਰੋਲ) ਉੱਤੇ ਵੱਡੀ ਗਿਣਤੀ ਵਿਚ ਫੌਜ ਤੈਨਾਤ ਕੀਤੀ ਹੋਈ ਹੈ ਅਤੇ ਇਸ ਫੌਜੀ ਤੈਨਾਤੀ ਨੂੰ ਬਰਕਰਾਰ ਰੱਖਣ ਲਈ ਤਿਆਰੀਆਂ ਕਰ ਰਹੇ ਹਨ ਜਦਕਿ ਫੌਜਾਂ ਪਿੱਛੇ ਹਟਾਉਣ ਲਈ ਚੱਲ ਰਹੀ ਗੱਲਬਾਤ ਬਹੁਤੀ ਅੱਗੇ ਨਹੀਂ ਵਧੀ। ਮਈ 2020 ਤੋਂ ਬਾਅਦ ਚੀਨ ਨੇ ਰਵਾਇਤੀ ਤੌਰ ਉੱਤੇ ਇੰਡੀਆ ਦੇ ਕਬਜ਼ੇ ਹੇਠਲੇ ਸਰਹੱਦ ਪਾਰਲੇ ਇਲਾਕੇ ਵਿਚ ਆਪਣਾ ਦਖਲ ਵਧਾਇਆ ਹੈ ਅਤੇ ਅਸਲ ਕਬਜ਼ਾ ਰੇਖਾ ਨੇੜੇ ਟਕਰਾਅ ਵਾਲੇ ਥਾਵਾਂ ਉੱਤੇ ਆਪਣੀਆਂ ਫੌਜਾਂ ਦੀ ਗਿਣਤੀ ਵਧਾ ਲਈ ਹੈ। ਇਸ ਤੋਂ ਇਲਾਵਾ ਤਿੱਬਤ ਅਤੇ ਜ਼ਿੰਜਿਆਂਗ ਫੌਜੀ ਜਿਲ੍ਹਿਆਂ ਦੀ ਰਾਖਵੀਂ ਫੌਜ ਦੀ ਖਾਸੀ ਗਿਣਤੀ ਪੱਛਮੀ ਚੀਨ ਵਿਚ ਤੈਨਾਤ ਕੀਤੀ ਗਈ ਹੈ ਤਾਂ ਕਿ (ਲੋੜ ਪੈਣ ਉੱਤੇ) ਤੇਜ਼ੀ ਨਾਲ (ਜਵਾਬੀ) ਕਾਰਵਾਈ ਕੀਤੀ ਜਾ ਸਕੇ। ਜੂਨ 2020 ਵਿਚ ਗਲਵਾਨ ਘਾਟੀ ਵਿਚ ਹੋਈ ਹੱਥੋਪਾਈ, ਜਿਸ ਵਿਚ ਇੰਡੀਆ ਦੇ 20 ਫੌਜੀ ਮਾਰੇ ਗਏ ਸਨ, ਅਸਲ ਕਬਜ਼ੇ ਵਾਲੀ ਰੇਖਾ ਉੱਤੇ 1975 ਤੋਂ ਬਾਅਦ ਹੋਇਆ ਪਹਿਲਾ ਜਾਨੀ ਨੁਕਸਾਨ ਹੈ। ਫਰਵਰੀ 2021 ਵਿਚ ਕੇਂਦਰੀ ਮਿਲਟਰੀ ਕਮਿਸ਼ਨ ਨੇ ਚੀਨੀ ਫੌਜ ਦੇ ਚਾਰ ਫੌਜੀਆਂ ਵਾਸਤੇ ਮਰਨ ਉਪਰੰਤ ਸਨਮਾਨ ਦਾ ਐਲਾਨ ਕੀਤਾ, ਹਾਲਾਂਕਿ (ਚੀਨੀ ਫੌਜੀਆਂ ਦੀਆਂ) ਮੌਤਾਂ ਦੀ ਅਸਲ ਗਿਣਤੀ ਹਾਲੀ ਤੱਕ ਜਨਤਕ ਨਹੀਂ ਕੀਤੀ ਗਈ।

ਫੌਜੀ ਜਰਨੈਲਾਂ ਵਿਚਾਲੇ ਗੱਲਬਾਤ ਅਤੇ ਸੀਮਤ ਕਦਮ-ਪਿਛਾੜੀ: ਮਈ 2020 ਵਿਚ ਟਕਰਾਅ ਸ਼ੁਰੂ ਹੋਣ ਤੋਂ ਬਾਅਦ ਅਪਰੈਲ 2021 ਤੱਕ ਚੀਨੀ ਅਤੇ ਇੰਡੀਅਨ ਫੌਜਾਂ ਦੇ ਕੋਰਪਸ ਪੱਧਰ ਦੇ ਨੁਮਾਇੰਦਿਆਂ ਦੀ ਗੱਲਬਾਤ ਦੇ, ਸਮੇਤ ਚੀਨੀ ਫੌਜ ਦੇ ਦੱਖਣੀ ਜ਼ਿੰਗਜਿਆਂਗ (ਨੈਨਜਆਂਗ) ਫੌਜੀ ਜਿਲ੍ਹੇ ਅਤੇ ਇੰਡੀਅਨ ਫੌਜ ਦੇ 14ਵੇਂ ਕੋਰਪਸ ਦੇ ਕਮਾਨਦਾਰਾਂ (ਕਮਾਂਡਰਸ) ਦਰਮਿਆਨ ਮੁਲਾਕਤਾਂ ਦੇ, ਗਿਆਰਾਂ ਗੇੜ ਪੂਰੇ ਕਰ ਚੁੱਕੇ ਹਨ। ਗੱਲਬਾਤ ਦੇ ਨਤੀਜੇ ਵਜੋਂ ਅਸਲ ਕਬਜ਼ਾ ਰੇਖਾ ਨੇੜੇ ਕੁਝ ਕੁ ਥਾਵਾਂ ਉੱਤੇ ਹੀ ਕਦਮ-ਪਿਛਾੜੀ (ਡਿਸਇਨਗੇਜ਼ਮੈਂਟ) ਹੋਈ ਹੈ। ਫੌਜੀ ਪੱਧਰ ਦੀ ਗੱਲਬਾਤ ਤੋਂ ਇਲਾਵਾ 10 ਸਤੰਬਰ ਨੂੰ ਚੀਨ ਦੇ ਵਿਦੇਸ਼ ਮਾਮਲਿਆਂ ਦੇ ਵਜ਼ੀਰ ਵਾਂਗ ਜ਼ੀ ਨੇ ਇੰਡੀਆ ਦੇ ਬਾਹਰੀ ਮਾਮਲਿਆਂ ਦੇ ਮੰਤਰੀ ਸੁਬਰਾਮਨੀਅਮ ਜੈਸ਼ੰਕਰ ਨਾਲ ਮਾਸਕੋ ਵਿਚ ਸ਼ਿੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਮੌਕੇ ਵੱਖਰੀ ਮੁਲਾਕਾਤ ਕੀਤੀ। ਦੋਵਾਂ ਮੰਤਰੀਆਂ ਨੇ ਝਗੜੇ ਦੇ ਹੱਲ ਲਈ ਇਕ ਯੋਜਨਾ ਜਾਰੀ ਕੀਤੀ ਸੀ, ਜਿਹੜੀ ਕਿ ਹਾਲੀ ਲਾਗੂ ਕੀਤੀ ਜਾਣੀ ਸੀ, ਅਤੇ ਇਹ ਇੱਛਾ ਪ੍ਰਟਗਾਈ ਸੀ ਕਿ ਗੱਲਬਾਤ ਜਾਰੀ ਰੱਖ ਕੇ ਟਕਰਾਅ ਦਾ ਅਮਨ-ਅਮਾਨ ਨਾਲ ਹੱਲ ਕੱਢ ਲਿਆ ਜਾਵੇਗਾ।

ਸੰਕਟ ਬਾਰੇ ਟਕਰਾਵੀਆਂ ਧਾਰਨਾਵਾਂ: ਸਰਹੱਦੀ ਤਣਾਅ ਨੂੰ ਘਟਾਉਣ ਲਈ ਚੱਲ ਰਹੀ ਕੂਟਨੀਤਕ ਅਤੇ ਫੌਜੀ ਪੱਧਰ ਦੀ ਗੱਲਬਾਤ ਦੇ ਬਾਵਜੂਦ, ਚੀਨ (ਆਪਣੀ) ਮਜਬੂਤੀ ਵਧਾਉਣ ਵਾਲੀਆਂ ਅਤੇ ਪੈਂਤੜਾਗਤ ਕਾਰਵਾਈਆਂ ਕਰਕੇ ਅਸਲ ਕਬਜ਼ੇ ਵਾਲੀ ਰੇਖਾ ਉੱਤੇ ਆਪਣੇ ਦਾਅਵੇ ਪ੍ਰਤੀ ਲਗਾਤਾਰਤਾ ਨਾਲ ਦਬਾਅ ਬਣਾ ਰਿਹਾ ਹੈ। 2020 ਵਿਚ ਚੀਨ ਨੇ ਅਸਲ ਕਬਜ਼ੇ ਵਾਲੀ ਰੇਖਾ ਦੇ ਪੂਰਬੀ ਹਿੱਸੇ ਵਿਚ ਚੀਨ ਦੇ ਖੁਦਮੁਖਤਿਆਰ ਤਿੱਬਤ ਖੇਤਰ ਅਤੇ ਇੰਡੀਆ ਦੇ ਅਰੁਨਾਚਲ ਪ੍ਰਦੇਸ਼ ਸੂਬੇ ਦਰਮਿਆਨ ਵਿਵਾਦਤ ਇਲਾਕੇ ਵਿਚ 100 ਘਰਾਂ ਵਾਲਾ ਇਕ ਪਿੰਡਾ ਬਣਾ ਲਿਆ ਸੀ। ਇਹ ਅਤੇ ਚੀਨ-ਇੰਡੀਆ ਸਰਹੱਦ ਨੇੜੇ ਅਜਿਹੀਆਂ ਸਾਧਨ-ਸਮਰੱਥਾ (ਇਨਫਰਾਸਟ੍ਰਕਚਰ ਡਿਵੈਲਪਮੈਂਟ) ਵਧਾਉਣ ਵਾਲੀਆਂ ਚੀਨ ਦੀਆਂ ਹੋਰ ਕਾਰਵਾਈਆਂ ਇੰਡੀਆ ਦੀ ਸਰਕਾਰ ਅਤੇ ਇੱਥੋਂ ਦੇ ਖਬਰਖਾਨੇ ਲਈ ਚਰਚਾ ਅਤੇ ਫਿਕਰਮੰਦੀ ਦਾ ਸਵੱਬ ਬਣਦੀਆਂ ਰਹੀਆਂ ਹਨ। ਦੂਜੇ ਪਾਸੇ ਚੀਨ ਨੇ ਇੰਡੀਆ ਉੱਤੇ ਅਸਲ ਕਬਜ਼ਾ ਰੇਖਾ ਨੇੜੇ ਸਾਧਨ-ਸਮਰੱਥਾ ਵਧਾ ਕੇ ਟਕਰਾਅ ਨੂੰ ਭੜਕਾਉਣ ਦੇ ਦੋਸ਼ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਕਹਿੰਦਿਆਂ ਕਿ ਇਸ ਵੱਲੋਂ ਵਧਾਈ ਜਾ ਰਹੀ ਸਾਧਨ-ਸਮਰੱਥਾ ਇੰਡੀਆ ਵੱਲੋਂ ਉਕਸਾਹਟ ਦਾ ਪ੍ਰਤੀਕਰਮ ਹੈ, ਬੀਜਿੰਗ ਨੇ ਆਪਣੀ ਕੋਈ ਵੀ ਫੌਜ ਓਨੇ ਚਿਰ ਤੱਕ ਪਿੱਛੇ ਹਟਾਉਣ ਤੋਂ ਮਨ੍ਹਾਂ ਕਰ ਦਿੱਤਾ ਹੈ ਜਿੰਨਾ ਚਿਰ ਇੰਡੀਆ ਚੀਨ ਵੱਲੋਂ ਦੱਸੀ ਜਾਂਦੀ ਅਸਲ ਕਬਜ਼ਾ ਰੇਖਾ ਤੱਕ ਆਪਣੀ ਫੌਜ ਪਿੱਛੇ ਨਹੀਂ ਹਟਾ ਲੈਂਦਾ ਅਤੇ ਇਸ ਇਲਾਕੇ ਵਿਚ ਸਾਧਨ-ਸਮਰੱਥਾ ਵਧਾਉਣ ਦੀਆਂ ਕੀਤੀਆਂ ਜਾ ਰਹੀਆਂ ਸਾਰੀਆਂ ਕਾਰਵਾਈਆਂ ਬੰਦ ਨਹੀਂ ਕਰ ਦਿੰਦਾ।

ਟਕਰਾਅ ਵਿਚ ਚੀਨ ਦਾ ਮੌਜੂਦਾ ਟੀਚਾ: ਜਿਵੇਂ ਕਿ ਟਕਰਾਅ ਜਾਰੀ ਹੈ, ਚੀਨ ਨੇ ਇਹ ਪਰਗਟ ਕੀਤਾ ਹੈ ਕਿ ਉਹਦਾ ਟੀਚਾ ਟਕਰਾਅ ਦੇ ਵਿਗੜ ਕੇ ਵੱਡੇ ਫੌਜੀ ਝਗੜੇ ਦਾ ਰੂਪ ਧਾਰਨ ਤੋਂ ਰੋਕਣਾ ਹੈ। ਇਸ ਤੋਂ ਇਲਾਵਾ, ਬੀਜਿੰਗ ਨੇ ਆਪਣੀ ਇਸ ਇੱਛਾ ਦਾ ਵੀ ਇਜ਼ਹਾਰ ਕੀਤਾ ਹੈ ਕਿ ਉਹ ਨਵੀਂ ਦਿੱਲੀ ਨਾਲ ਆਪਣੇ ਦੁਵੱਲੇ ਸੰਬੰਧਾਂ ਵਿਚ 2017 ਦੇ ਡੋਕਲਾਮ ਟਕਰਾਅ ਤੋਂ ਬਾਅਦ ਮੰਨੀ ਜਾਂਦੀ ਆਰਥਕ ਅਤੇ ਕੂਟਨੀਤਕ ਸਹਿਯੋਗ ਵਿਚ ਸੁਧਾਰ ਵਾਲੀ ਸਥਿਤੀ ਵੱਲ ਮੁੜ ਲਿਜਾਣਾ ਚਾਹੁੰਦਾ ਹੈ। ਚੀਨ ਦਾ ਸਰਕਾਰੀ-ਕਬਜ਼ੇ ਵਾਲਾ ਖਬਰਖਾਨਾ ਇਹ ਗੱਲ ਜ਼ੋਰ ਨਾਲ ਕਹਿ ਰਿਹਾ ਹੈ ਕਿ ਚੀਨ ਇੰਡੀਆ ਵੱਲੋਂ ਮੰਗੀ ਜਾ ਰਹੀ ਜ਼ਮੀਨੀ-ਖੇਤਰ ਦੀ ਛੋਟ (ਟੈਰੀਟੋਰੀਅਲ ਕਨਸੈਸ਼ਨ) ਮੰਨਣ ਲਈ ਹਰਗਿਜ ਤਿਆਰ ਨਹੀਂ ਹੈ। ਚੀਨੀ ਅਧਿਆਰੀਆਂ ਨੇ, ਅਧਿਕਾਰਤ ਬਿਆਨਾਂ ਅਤੇ ਸਰਕਾਰੀ ਖਬਰਖਾਨੇ ਰਾਹੀਂ, ਟਕਰਾਅ ਦੌਰਾਨ ਅਤੇ ਇਸ ਤੋਂ ਬਾਅਦ ਇੰਡੀਆ ਉੱਤੇ ਖੇਤਰ ਵਿੱਚ ਅਮਰੀਕੀ ਨੀਤੀ ਦਾ ‘ਮੁਹਰਾ’ ਬਣਨ ਦਾ ਦੋਸ਼ ਲਾਉਂਦਿਆਂ ਇੰਡੀਆ ਨੂੰ ਅਮਰੀਕਾ ਨਾਲ ਆਪਣੇ ਸੰਬੰਧਾਂ ਨੂੰ ਮਜਬੂਤ ਕਰਨ ਤੋਂ ਰੋਕਣ ਦੀ ਨਾਕਾਮ ਕੋਸ਼ਿਸ਼ ਵੀ ਕੀਤੀ ਹੈ।

5 1 vote
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x