ਕਿਤਾਬ ਪੜਚੋਲ: ਸਿੱਖ ਨਸਲਕੁਸ਼ੀ 1984

ਕਿਤਾਬ ਪੜਚੋਲ: ਸਿੱਖ ਨਸਲਕੁਸ਼ੀ 1984
ਵਿਕਰਮਜੀਤ ਸਿੰਘ ਤਿਹਾੜਾ (ਖੋਜਾਰਥੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ)

ਕੁਝ ਗੱਲਾਂ ਸਾਡੇ ਚੇਤਿਆਂ ਅਤੇ ਵਜੂਦ ਦਾ ਹਿੱਸਾ ਬਣ ਜਾਂਦੀਆਂ ਹਨ, ਜਿੰਨ੍ਹਾਂ ਨੂੰ ਚਾਹ ਕੇ ਵੀ ਦੂਰ ਨਹੀਂ ਕੀਤਾ ਜਾ ਸਕਦਾ। ਆਪਣੇ ਬੀਤੇ ਸਮੇਂ ਦੀ ਬਹੁਤ ਸਾਰੀਆਂ ਘਟਨਾਵਾਂ ਅਸੀਂ ਭੁਲਦੇ ਰਹਿੰਦੇ ਹਾਂ ਅਤੇ ਅਗੇ ਵਧਦੇ ਰਹਿੰਦੇ ਹਾਂ। ਇਹ ਮਨੁਖੀ ਤਬੀਅਤ ਹੈ ਕਿ ਉਹ ਨਵਾਂ ਗ੍ਰਹਿਣ ਕਰਦਾ ਅਤੇ ਪੁਰਾਣਾ ਛਡਦਾ ਰਹਿੰਦਾ ਹੈ। ਇਸ ਦੇ ਨਾਲ ਹੀ ਕੁਝ ਘਟਨਾਵਾਂ ਅਜਿਹੀਆਂ ਵੀ ਹੁੰਦੀਆਂ ਹਨ ਜੋ ਸਾਡੀ ਹੋਂਦ ਦੇ ਨਾਲ ਜੁੜੀਆਂ ਹੁੰਦੀਆਂ ਹਨ, ਉਹਨਾਂ ਨੂੰ ਭੁਲਾ ਸਕਣਾ ਸੰਭਵ ਨਹੀਂ ਹੁੰਦਾ। ਜਿਸ ਘਟਨਾ ਵਿਚ ਸਾਡੀ ਹੋਂਦ/ਵਜੂਦ ਕੇਂਦਰ ਵਿਚ ਹੋਵੇ ਅਤੇ ਜਿਸ ਘਟਨਾ ਨੇ ਤੁਹਾਨੂੰ ਪਰਤ ਦਰ ਪਰਤ ਅੰਦਰ ਤਕ ਝੰਜੋੜਿਆ ਗਿਆ ਹੋਵੇ ਉਸ ਨੂੰ ਕਿਸੇ ਵਿਉਂਤ ਨਾਲ ਜਾਂ ਚਾਹ ਕੇ ਵੀ ਨਹੀਂ ਭੁਲਿਆ ਜਾ ਸਕਦਾ। ਅਜਿਹੀਆਂ ਘਟਨਾਵਾਂ ਆਉਣ ਵਾਲੀਆਂ ਪੀੜ੍ਹੀਆਂ ਸਹਿਜ ਰੂਪ ਵਿਚ ਹੀ ਗ੍ਰਹਿਣ ਕਰਦੀਆਂ ਹਨ। ਇਤਿਹਾਸ ਦੀਆਂ ਮਹਾਨ ਘਟਨਾਵਾਂ ਅਜ ਵੀ ਸਾਡੀ ਹੋਂਦ ਦਾ ਹਿੱਸਾ ਹਨ। ਇਕ ਸਿਖ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ, ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਆਦਿ ਨਾਲ ਸਹਿਜ ਰੂਪ ਵਿਚ ਜੁੜਿਆ ਹੋਇਆ ਹੁੰਦਾ ਹੈ। ਅਜ ਵੀ ਔਖੀ ਸਥਿਤੀ ਵਿਚ ਅਸੀਂ ਸਾਹਿਬਜਾਦਿਆਂ ਨੂੰ ਯਾਦ ਕਰਦੇ ਅਤੇ ਉਹਨਾਂ ਤੋਂ ਹੌਂਸਲਾ ਹਾਸਿਲ ਕਰਦੇ ਹਾਂ। ਇਸ ਪ੍ਰਕਾਰ ਹੀ ਇਤਿਹਾਸ ਦੀ ਰਵਾਨਗੀ ਅਤੇ ਲਗਾਤਾਰਤਾ ਵਿਚ ਨਵੰਬਰ 1984 ਦੀ ਸਿਖ ਨਸਲਕੁਸ਼ੀ ਵੀ ਅਜਿਹਾ ਬਿਰਤਾਂਤ ਹੈ ਜਿਸ ਨੂੰ ਹਰ ਸਿਖ ਸਹਿਜ ਹੀ ਸਮਝਦਾ ਅਤੇ ਉਸ ਦਾ ਦਰਦ ਸਾਂਭੀ ਬੈਠਾ ਹੈ।

ਮੇਰਾ ਜਨਮ 1984 ਦੇ ਘੱਲੂਘਾਰੇ ਤੋਂ ਬਾਅਦ ਹੋਇਆ ਪਰ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਉਸ ਦਾ ਹਿਸਾ ਨਹੀਂ ਸੀ। ਹਰ ਸਿਖ ਅਤੇ ਉਸ ਦੀਆਂ ਆਉਣ ਵਾਲੀਆਂ ਨਸਲਾਂ ਉਸ ਦਾ ਹਿਸਾ ਸਨ, ਜਿਸ ਵਿਚ ਸਿਖ ਹੋਂਦ ਨੂੰ ਕੁਚਲਣ ਵਾਸਤੇ ਸਟੇਟ ਦੁਆਰਾ ਵਿਉਂਤਬੰਦ ਤਰੀਕੇ ਨਾਲ ਨਸਲਕੁਸ਼ੀ ਕੀਤੀ ਜਾਂਦੀ ਹੈ। ਸਿਖ ਨਸ਼ਲਕੁਸ਼ੀ ਦਾ ਵਰਤਾਰਾ ਕਿਸੇ ਵਿਸ਼ੇਸ਼ ਵਿਅਕਤੀ ਜਾਂ ਸ਼ਖਸੀਅਤ ਨਾਲ ਨਹੀਂ ਵਾਪਰਿਆ, ਉਸ ਵਿਚ ਤਾਂ ਸਗੋਂ ਸਿਖ ਹੋਂਦ, ਪਹਿਚਾਣ, ਧਰਮ, ਸਭਿਆਚਾਰ ਆਦਿ ਹਰ ਉਹ ਚੀਜ਼ ਜੋ ਸਿਖ ਅਤੇ ਸਿਖੀ ਨਾਲ ਜੁੜੀ ਹੋਈ ਸੀ, ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਸਿਖ ਹੋਂਦ ‘ਤੇ ਜੋ ਜ਼ੁਲਮ ਕੀਤਾ ਗਿਆ ਉਸ ਦਾ ਦਰਦ ਅਜ ਵੀ ਮੇਰੀ ਰੂਹ ਦਾ ਹਿਸਾ ਹੈ। ਨਸ਼ਲਕੁਸ਼ੀ ਵਿਚ ਹਕੂਮਤ ਦੀ ਦਰਿੰਦਗੀ ਦਾ ਵਰਤਾਰਾ ਉਸੇ ਪ੍ਰਕਾਰ ਵਰਤਦਾ ਅਤੇ ਇਹ ਅਹਿਸਾਸ ਕਰਾ ਰਿਹਾ ਹੈ ਕਿ ਤੁਸੀਂ ਸਿਖ ਹੋ ਅਤੇ ਤੁਹਾਨੂੰ ਮਾਰਨ ਅਤੇ ਤੁਹਾਡੇ ‘ਤੇ ਕਹਿਰ ਢਾਹਉਣ ਦਾ ਸਰਕਾਰੀ ਅਧਿਕਾਰ ਹੈ। ਤੁਸੀਂ ਵਖ (ਮਾਰਨਯੋਗ) ਹੋ ਅਤੇ ਤੁਹਾਡੀ ਨਿਸ਼ਾਨਦੇਹੀ ਕੀਤੀ ਗਈ ਹੈ। ਭਾਰਤ ਦੇ ਢਾਂਚੇ ਅਤੇ ਨਿਆਂਪ੍ਰਣਾਲੀ ਵਿਚ ਤੁਹਾਡੇ ਲਈ ਵਖਰਾ ਦੰਡ ਵਿਧਾਨ ਹੈ। ਉਸ ਦਰਦ ਦੀ ਚੀਸ ਅਜ ਵੀ ਮਹਿਸੂਸ ਹੁੰਦੀ ਹੈ। ਭਾਰਤੀ ਸਟੇਟ ਵਲੋਂ 1984 ਸੰਬੰਧੀ ਹਕੂਮਤ ਪੱਖੀ ਬਿਰਤਾਂਤ/ਪ੍ਰਸੰਗ ਸਿਰਜਣ ਲਈ ਪੂਰੀ ਸ਼ਕਤੀ ਲਗਾਈ ਹੈ ਕਿ ਸਿਖ 1984 ਦੇ ਦੋਸ਼ੀ ਖੁਦ ਹੀ ਹਨ ਪਰ ਫਿਰ ਵੀ ਸੁਹਿਰਦ ਸਿਖ ਇਸ ਸੰਬੰਧੀ ਪੂਰੀ ਤਰ੍ਹਾਂ ਸੁਚੇਤ ਹਨ। ਸੁਚੇਤ ਸਿਖ ਭਾਰਤੀ ਢਾਂਚੇ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਸਮਝਦਾ ਹੈ।

ਸਿਖ ਪੱਖੀ ਬਿਰਤਾਂਤ ਨੂੰ ਉਸਾਰਨ ਅਤੇ ਪੇਸ਼ ਕਰਨ ਲਈ

ਬਹੁਤ ਸਾਰੇ ਸੂਝਵਾਨ ਸੱਜਣਾਂ ਵਲੋਂ ਯਤਨ ਹੋਏ ਹਨ ਜੋ ਸਾਨੂੰ ਵਖ ਵਖ ਰੂਪਾਂ (ਲੇਖਾਂ, ਕਹਾਣੀਆਂ, ਮਤਿਆਂ, ਦਸਤਾਵੇਜ਼ਾਂ, ਹੱਡ-ਬੀਤੀਆਂ, ਵਾਰਤਾਲਾਪਾਂ, ਇੰਟਰਵਿਊਆਂ ਆਦਿ) ਰਾਹੀਂ ਪ੍ਰਾਪਤ ਹੁੰਦੇ ਹਨ। ਇਹਨਾਂ ਸਭਨਾਂ ਤਕ ਪਹੁੰਚ ਬਣਾਉਣੀ ਅਤੇ ਪ੍ਰਾਪਤ ਕਰਨਾ ਸੌਖਾ ਕਾਰਜ ਨਹੀਂ ਹੈ ਕਿਉਂ ਕਿ ਇਹ ਇਕ ਜਗ੍ਹਾ ਪ੍ਰਾਪਤ ਨਹੀਂ ਹੁੰਦੇ।

ਇਹਨਾਂ ਵਿਚੋਂ ਮਹਤਵਪੂਰਨ ਲਿਖਤਾਂ ਨੂੰ ਇਕਤਰ ਕਰਕੇ ਇਕ ਪੁਸਤਕ ਦੇ ਰੂਪ ਵਿਚ ਹਾਸਿਲ ਕਰਨ ਦਾ ਮਹਤਵਪੂਰਨ ਕਾਰਜ ਬਿਬੇਕਗੜ੍ਹ ਪ੍ਰਕਾਸ਼ਨ ਦੁਆਰਾ ‘ਸਿੱਖ ਨਸਲਕੁਸ਼ੀ 1984’ ਿਕਤਾਬ ਦੇ ਰੂਪ ਵਿਚ ਕੀਤਾ ਗਿਆ ਹੈ, ਜਿਸ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਅਤੇ ਰਣਜੀਤ ਸਿੰਘ ਹਨ।

ਸਿਖ ਨਸਲਕੁਸ਼ੀ 1984 ਦੇ ਨਾਲ ਸੰਬੰਧਿਤ ਮਹਤਵਪੂਰਨ ਲੇਖਾਂ, ਖੋਜ, ਅੱਖੀਂ ਡਿਠੇ ਹਾਲਾਂ ਅਤੇ ਦਸਤਾਵੇਜ਼ਾਂ ਨੂੰ ਇਸ ਕਿਤਾਬ ਵਿਚ ਇਕ ਲੜੀ ਵਿਚ ਪਰੋਇਆ ਗਿਆ ਹੈ। ਪੰਜ ਭਾਗਾਂ ਵਿਚ ਵੰਡੀ ਹੋਈ ਪੁਸਤਕ ਸਿਖ ਨਸਲਕੁਸ਼ੀ ਦੇ ਅਨੇਕਾਂ ਪੱਖਾਂ ਨੂੰ ਉਜਾਗਰ ਕਰਦੀ ਹੈ। ਸਟੇਟ ਦੁਆਰਾ ਸਿਰਜੇ ਬਿਰਤਾਂਤ ਜਿਸ ਵਿਚ ਨਸਲਕੁਸ਼ੀ ਨੂੰ ਦੰਗਿਆ ਦੇ ਰੂਪ ਵਿਚ ਪੇਸ਼ ਕਰਨ ਅਤੇ ਆਪਣੇ ਆਪ ਨੂੰ ਦੋਸ਼ ਮੁਕਤ ਕਰਨ ਦਾ ਪਰਦਾਫਾਸ਼ ਕਰਦੀ ਹੋਈ ਇਹ ਪੁਸਤਕ ਸਿਖ ਨਸਲਕੁਸ਼ੀ ਦੀਆਂ ਪਰਤਾਂ ਨੂੰ ਫਰੋਲਦੀ ਅਤੇ ਪੇਸ਼ ਕਰਦੀ ਹੈ। ਪੁਸਤਕ ਵਿਚ ਪ੍ਰਾਪਤ ਸਮਗਰੀ ਦਾ ਇਕ ਜਗ੍ਹਾਂ ‘ਤੇ ਇਕਤਰ ਹੋਣਾ ਮਹਤਵਪੂਰਨ ਹੈ। ਨਸਲਕੁਸ਼ੀ ਦੇ ਨਾਲ ਮਹਤਵਪੂਰਨ ਸੰਬੰਧਤ ਥਾਵਾਂ ਅਤੇ ਦੋਸ਼ੀਆਂ ਦੀ ਸੂਚੀ ਨੂੰ ਬੇਬਾਕੀ ਦੇ ਨਾਲ ਦਿਤਾ ਗਿਆ ਹੈ, ਇਸ ਨਾਲ ਸਿਖ ਨਸਲਕੁਸ਼ੀ ਪ੍ਰਤੀ ਜੋ ਹਕੂਮਤੀ ਬਿਰਤਾਂਤ ਹੈ ਉਹ ਟੁਟਦਾ ਹੈ ਕਿ ਨਵੰਬਰ 1984 ਸਮੇਂ ਦਿੱਲੀ ਵਿਚ ‘ਦੰਗੇ’ ਹੋਏ ਸਨ। ਸਟੇਟ ਲੋਕਾਂ ਦਾ ਕਿਵੇਂ ਦਮਨ ਕਰਦੀ ਹੈ ਅਤੇ ਕਿਵੇਂ ਆਪਣੇ ਹਿੱਤਾਂ ਲਈ ਵਰਤਦੀ ਇਸ ਨੂੰ ਪੁਸਤਕ ਨੂੰ ਪੜ੍ਹਦਿਆਂ ਸਮਝਿਆ ਜਾ ਸਕਦਾ ਹੈ। ਜਿੰਨ੍ਹਾਂ ਘਟਨਾਵਾਂ ਨੂੰ ਅਸੀਂ ਸਹਿਜ ਹੀ ਵਾਪਰੀਆਂ ਸਮਝਦੇ ਹਾਂ, ਸਟੇਟ ਉਹਨਾਂ ਪਿਛੇ ਕਿਵੇਂ ਭੂਮਿਕਾ ਨਿਭਾਉਂਦੀ ਹੈ ਅਤੇ ਕਾਰਜਸ਼ੀਲ ਹੁੰਦੀ ਹੈ ਸਿਖ ਨਸ਼ਲਕੁਸ਼ੀ ਨੂੰ ਸਮਝਣ ਦੇ ਨਾਲ ਅਸੀਂ ਜਾਣ ਸਕਦੇ ਹਾਂ।

ਇਸ ਤਰ੍ਹਾਂ ਇਹ ਪੁਸਤਕ ਬਹੁਤ ਮਹਤਵਪੂਰਨ ਅਤੇ ਬਹੁ-ਪਸਾਰੀ ਹੈ। ਪਾਠਕ ਪੁਸਤਕ ਤੋਂ ਸਿਖ ਨਸਲਕੁਸ਼ੀ 1984 ਨੂੰ ਸਮਝਣ ਦੇ ਨਾਲ ਨਾਲ ਸਟੇਟ ਦੇ ਢਾਂਚੇ, ਕਰੂਰ ਚਿਹਰੇ ਅਤੇ ਕਾਰਗ਼ੁਜ਼ਾਰੀ ਨੂੰ ਜਾਣ ਅਤੇ ਸਮਝ ਸਕਦੇ ਹਨ।


ਇਹ ਕਿਤਾਬ ਸਿੱਖ ਸਿਆਸਤ ਅਤੇ ਬਿਬੇਕਗੜ੍ਹ ਪ੍ਰਕਾਸ਼ਨ ਦੇ ਫੇਸਬੁੱਕ ਸਫਿਆਂ ਰਾਹੀਂ ਵੀ ਮੰਗਵਾਈ ਜਾ ਸਕਦੀ ਹੈ।
5 2 votes
Article Rating
Subscribe
Notify of
2 ਟਿੱਪਣੀਆਂ
Oldest
Newest Most Voted
Inline Feedbacks
View all comments
2
0
Would love your thoughts, please comment.x
()
x