ਪਰੰਪਰਾਃ ਇਕ ਸੰਵਾਦ (ਵਿਚਾਰ-ਗੋਸ਼ਟਿ ਦਾ ਸੰਖੇਪ ਸਾਰ)

ਪਰੰਪਰਾਃ ਇਕ ਸੰਵਾਦ (ਵਿਚਾਰ-ਗੋਸ਼ਟਿ ਦਾ ਸੰਖੇਪ ਸਾਰ)

ਗੁਰਮਤਿ ਅਤੇ ਸਿੱਖ ਤਵਾਰੀਖ਼ ਬੁੰਗਾ, ਸ੍ਰੀ ਅੰਮ੍ਰਿਤਸਰ ਵੱਲੋਂ ‘ਪਰੰਪਰਾਃ ਇਕ ਸੰਵਾਦ’ ਵਿਸ਼ੇ ’ਤੇ ਸੈਮੀਨਰ ਕਰਵਾਇਆ ਗਿਆ। ਇਹ ਸੈਮੀਨਰ ੧੦ ਨਵੰਬਰ, ੨੦੨੧ ਦਿਨ ਬੁੱਧਵਾਰ ਨੂੰ ਖਾਲਸਾ ਕਾਲਜ, ਅੰਮ੍ਰਿਤਸਰ ਦੇ ਸੈਮੀਨਰ ਹਾਲ ਵਿਚ ਹੋਇਆ। ਇਸ ਦੇ ਮੰਚ ਸੰਚਾਲਕ ਦੀ ਜ਼ਿੰਮੇਵਾਰੀ ਭਾਈ ਗੁਰਮਿੰਦਰ ਸਿੰਘ ਰੂਪੋਵਾਲੀ ਦੁਆਰਾ ਨਿਭਾਈ ਗਈ। ਭਾਈ ਸੁਖਦੀਪ ਸਿੰਘ ਮੰਡ ਦੁਆਰਾ ਇਕੱਤਰ ਹੋਈ ਸੰਗਤ ਨੂੰ ਬੁਲਾਰਿਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ ਅਤੇ ‘ਜੀ ਆਇਆਂ’ ਆਖ ਕੇ ਸੈਮੀਨਰ ਦੀ ਰਸਮੀ ਆਰੰਭਤਾ ਕੀਤੀ।

ਸੈਮੀਨਰ ਦਾ ਪਹਿਲਾ ਪੇਪਰ ਡਾ. ਤੇਜਵੰਤ ਸਿੰਘ ਮਾਨ ਦੁਆਰਾ ਪੜ੍ਹਿਆ ਗਿਆ। ਉਨ੍ਹਾਂ ਨੇ ਫਲਸਫਾਨਾ ਅੰਦਾਜ਼ ਵਿਚ ਪਰੰਪਰਾ ਦਾ ਨਿਰਪੇਖ ਅਤੇ ਸਾਪੇਖ ਪੱਖ ਦਰਸਾ ਕੇ ਸੈਮੀਨਾਰ ਦੀ ਗੰਭੀਰਤਾ ਨੂੰ ਦ੍ਰਿੜ ਕਰਵਾਇਆ ਨਾਲ ਹੀ ਉਨ੍ਹਾਂ ਨੇ ਸ਼ਬਦ ਅਤੇ ਇਤਿਹਾਸ ਬਾਰੇ ਪੱਛਮੀ ਫਲਸਫੇ ਵਿਚ ਚੱਲਦੀਆਂ ਧਾਰਨਾਵਾਂ ਜਿਵੇਂ ਇਤਿਹਾਸ ਦੀ ਮੌਤ ਅਤੇ ਸ਼ਬਦ ਦੀ ਮੌਤ ਆਦਿ ਦੇ ਹਵਾਲੇ ਨਾਲ ਪਰੰਪਰਾ ਬਾਰੇ ਪੱਛਮੀ ਪਹੁੰਚ ਵਿਧੀ ਦੀਆਂ ਸੀਮਾਵਾਂ ਵੱਲ ਧਿਆਨ ਦੁਆਇਆ।

ਦੂਜਾ ਪਰਚਾ ਡਾ. ਕੁਲਦੀਪ ਸਿੰਘ ਢਿੱਲੋਂ ਦੁਆਰਾ ਪੇਸ਼ ਕੀਤਾ ਗਿਆ। ਉਨ੍ਹਾਂ ਇਸ ਵਿਸ਼ੇ ਦੀ ਮਹੱਤਤਾ ਦਰਸਾਈ ਅਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ੧੦-੧੫ ਸਾਲ ਦੇ ਅਕਾਦਮਿਕ ਸਫਰ ਦੌਰਾਨ ਪਹਿਲੀ ਵਾਰ ਪਰੰਪਰਾ ਦੇ ਵਿਸ਼ੇ ਬਾਰੇ ਸੈਮੀਨਾਰ ਹੋ ਰਿਹਾ ਹੈ । ਪਰੰਪਰਾ ਬਾਰੇ ਸੰਵਾਦ ਰਚਾਉੰਦਿਆਂ ਉਹਨਾਂ ਕਿਹਾ ਕਿ ਸਾਨੂੰ ਹਰ ਤਰ੍ਹਾਂ ਦੇ ਗਿਆਨ ਦਾ ਧਾਰਨੀ ਹੋਣਾ ਚਾਹੀਦਾ ਹੈ ਤਾਂ ਜੋ ਆਪਣੀ ਅਤੇ ਦੂਸਰੀਆਂ ਪ੍ਰੰਪਰਾਵਾਂ ਦੀ ਠੀਕ ਸਮਝ ਪੈਦਾ ਹੋ ਸਕੇ । ਗੁਰੂ ਗੋਬਿੰਦ ਸਿੰਘ ਜੀ ਦੇ ੫੨ ਵਚਨਾਂ ਵਿਚੋਂ ਕੁਝ ਕੁ ਨੂੰ ਪਰੰਪਰਾ ਦੇ ਸੰਦਰਭ ਵਿਚ ਵਿਚਾਰਿਆ।ਇਸ ਤੋਂ ਇਲਾਵਾ ਪਰੰਪਰਾ ਅਤੇ ਆਧੁਨਿਕਤਾ ਦੇ ਆਪਸੀ ਰਿਸ਼ਤੇ ਬਾਰੇ ਗੱਲ ਕਰਦਿਆਂ ਨਿਰਮਿਤ ਪਰੰਪਰਾ ਜੋ ਸਟੇਟ ਦੁਆਰਾ ਪਰੋਸੀ ਜਾਂਦੀ ਹੈ ਬਾਰੇ ਚਰਚਾ ਕੀਤੀ । ਉਨ੍ਹਾਂ ਦੁਆਰਾ ਬਾਣੀ ਗਾਉਣ ਅਤੇ ਸਾਖੀ ਸੁਨਾਉਣ ਦੀ ਪਰੰਪਰਾ ਨੂੰ ਅਕਾਦਮਿਕਤਾ ਵਿਚ ਸ਼ਾਮਿਲ ਕਰਨ ਲਈ ਪ੍ਰੇਰਿਤ ਕੀਤਾ ਗਿਆ।ਆਖਿਰ ਵਿਚ ਉਹਨਾਂ ਕਿਹਾ ਕਿ ਪਰੰਪਰਾ ਦੇ ਆਧਾਰ ਤੇ ਲੜਾਈ ਹਮੇਸ਼ਾ ਬਾਬੇ ਕੇ ਅਤੇ ਬਾਬਰ ਕਿਆਂ ਵਿਚ ਰਹਿੰਦੀ ਹੈ।

ਤੀਸਰੇ ਪਰਚੇ ਵਿਚ ਡਾ. ਕੰਵਲਜੀਤ ਸਿੰਘ ਦੁਆਰਾ ਪਰੰਪਰਾ ਬਾਰੇ ਸੰਵਾਦ ਰਚਾਉਂਦਿਆਂ ਕਿਹਾ ਕਿ ਸਿੱਖ ਪ੍ਰੰਪਰਾ ਇਲਹਾਮ ਨੂੰ ਅਮਲ ਵਿੱਚ ਢਾਲਣ ਦੀ ਪ੍ਰੰਪਰਾ ਹੈ ਇਹ ਅਮਲ ਹੀ ਇਤਿਹਾਸ ਬਣਦਾ ਹੈ ਇਸ ਤਰ੍ਹਾਂ ਇਲਹਾਮ ਅਮਲ ਅਤੇ ਇਤਿਹਾਸ ਸਾਡੀ ਪਰੰਪਰਾ ਕਹੇ ਜਾ ਸਕਦੇ ਹਨ। ਉਹਨਾਂ ਅੱਗੇ ਕਿਹਾ ਕਿ ਪ੍ਰੰਪਰਾ ਟੁੱਟਣ ਦੇ ਦੋ ਪ੍ਰਮੁੱਖ ਕਾਰਨ ਹੁੰਦੇ ਹਨ।ਪਹਿਲੇ ਕਾਰਨ ਵਜੋਂ ਮਨੁੱਖਾਂ ਦੁਆਰਾ ਸਾਜ਼ਿਸ਼ ਰੂਪ ਵਿਚ ਦੂਸਰਿਆਂ ਨੂੰ ਅਧੀਨ ਕਰਨ ਲਈ ਉਨ੍ਹਾਂ ਦੀਆਂ ਪ੍ਰੰਪਰਾਵਾਂ ਤੋੜ ਦਿੱਤੀਆਂ ਜਾਂਦੀਆਂ ਹਨ ਅਤੇ ਦੂਸਰੇ ਕਾਰਨ ਵਜੋਂ ਗੁਰੂ ਸਾਹਿਬਾਨ ਦੁਆਰਾ ਮਨੁੱਖ ਦੇ ਵਿਸ਼ਵ ਮਨੁੱਖ ਬਣਨ ਵਿੱਚ ਰੁਕਾਵਟ ਪੈਦਾ ਕਰਨ ਵਾਲੀਆਂ ਪ੍ਰੰਪਰਾਵਾਂ ਨੂੰ ਤੋਡ਼ ਦਿੱਤਾ ਗਿਆ।ਪਰੰਪਰਾ ਅਨੁਸਾਰ ਹੀ ਜੀਵ ਇਲਹਾਮ ਨਾਲ ਇਕਸੁਰ ਕਰਦੀ ਪ੍ਰਤੀਤੀ ਸੱਤਿਆ ਨਾਲ, ਕੁਦਰਤ ਦੀ ਭਰਪੂਰਤਾ ਅਤੇ ਵੰਨਸੁਵੰਨਤਾ ਨਾਲ ਲਬਰੇਜ਼ ਹੋ ਅਕਾਲ-ਪੁਰਖ ਤੱਕ ਸਫ਼ਰ ਤੈਅ ਕਰ ਸਕਦਾ ਹੈ। ਪਰੰਪਰਾ ਟੁੱਟਣ ਨਾਲ ਇਕੱਲਤਾ ਵੱਧਦੀ ਹੈ ਅਤੇ ਮਾਨਸਿਕ ਰੋਗਾਂ ਦਾ ਪਾਸਾਰ ਵੱਧ ਜਾਂਦਾ ਹੈ, ਜਿਨ੍ਹਾਂ (ਮਾਨਸਿਕ ਰੋਗੀਆਂ) ਨੂੰ ਸਾਜਿਸ਼ ਕਰਤਾ ਦੁਆਰਾ ਕਾਬੂ ਕਰਨਾ ਆਸਾਨ ਹੁੰਦਾ ਹੈ। ਇਸ ਦਾ ਹੱਲ ਗੋਸ਼ਟਿ ਅਤੇ ਸੰਵਾਦ ਵਿਚ ਪਿਆ ਹੋਇਆ ਹੈ ਜੋ ਸਾਂਝੀ ਸਾਰਥਕ ਪਹੁੰਚ ਬਣਾਉਂਣ ਦਾ ਪਰੰਪਰਾਗਤ ਰਾਹ ਹੈ।

ਸੰਤ ਤੇਜਾ ਸਿੰਘ ਖੁੱਡੇ ਵਾਲਿਆਂ ਦੁਆਰਾ ਪ੍ਰਧਾਨਗੀ ਭਾਸ਼ਣ ਦਿੱਤਾ ਗਿਆ। ਉਨ੍ਹਾਂ ਦੁਆਰਾ ਸਿੱਖਾਂ ਵਿਚ ਗਿਆਨ ਦੀ ਪਰੰਪਰਾ ਬਾਰੇ ਵਿਚਾਰ ਰੱਖੇ ਗਏ। ਉਨ੍ਹਾਂ ਅਨੁਸਾਰ ਸਿੱਖ ਰਹਿਤ ਦਾ ਕੇਂਦਰੀ ਸੋਮਾ ਗੁਰਬਾਣੀ ਹੈ ਅਤੇ ਗਿਆਨ ਦੀ ਪ੍ਰਾਪਤੀ ਗੁਰੂ ਦੁਆਰਾ ਹੀ ਹੁੰਦੀ ਹੈ। ਪਰੰਪਰਾ ਨਾਮ ਜਪਣ, ਕਿਰਤ ਕਰਨ ਅਤੇ ਵੰਡ ਛੱਕਣ ਨਾਲ ਕਾਇਮ ਰਹਿ ਸਕਦੀ ਹੈ। ਉਨ੍ਹਾਂ ਕਿਹਾ ਕਿ ਗਿਆਨ ਦੋ ਤਰ੍ਹਾਂ ਦਾ ਹੈ ਸਮਾਨ ਅਤੇ ਵਿਸ਼ੇਸ਼। ਸਮਾਨ ਗਿਆਨ ਹਰ ਕਿਸੇ ਕੋਲ ਹੈ। ਵਿਸ਼ੇਸ਼ ਗਿਆਨ ਮਨੁੱਖਾਂ ਨੂੰ ਪ੍ਰਾਪਤ ਹੁੰਦਾ ਹੈ।ਸਾਡੀ ਪਰੰਪਰਾ ਅਨੁਸਾਰ ਗੁਰੂ ਦਾ ਆਦਰ ਭਾਵ ਬਹੁਤ ਜ਼ਿਆਦਾ ਹੈ। ਇਸ ਤੋਂ ਇਲਾਵਾ ਗਿਆਨ ਦੀ ਸਮਝ ਸਿਆਣੇ ਪੁਰਸ਼ਾਂ ਕੋਲੋ ਪ੍ਰਾਪਤ ਹੁੰਦੀ ਹੈ। ਉਨ੍ਹਾਂ ਨੇ ਗੰਨੇ ਅਤੇ ਗੁੜ ਦੀ ਉਦਾਹਰਣ ਨਾਲ ਤੱਤ ਵਸਤੂ ਦੇ ਥੋੜ੍ਹਾ ਹੋਣ ਦੀ ਗਲ ਕੀਤੀ ਅਤੇ ਨੌਂ ਪ੍ਰਕਾਰ ਦੀ ਭਗਤੀ ਵਿਚੋਂ ਸ਼੍ਰਵਣ, ਸਿਮਰਨ ਅਤੇ ਕੀਰਤਨ ਨੂੰ ਸਿੱਖ ਪਰੰਪਰਾ ਦਾ ਹਿੱਸਾ ਦੱਸਿਆ।ਇਸ ਤੋਂ ਇਲਾਵਾ ਅੰਮ੍ਰਿਤਸਰ ਵਿਖੇ ਪਹਿਲੇ ਸਮਿਆਂ ਵਿਚ ੭੨ ਪਰੰਪਰਾਗਤ ਸਿੱਖ ਵਿਦਿਅਕ ਸੰਸਥਾਵਾਂ ਹੋਣ ਬਾਰੇ ਚਾਨਣਾ ਪਾਇਆ ਜਿਥੇ ਹਰ ਤਰ੍ਹਾਂ ਦੀ ਵਿਦਿਆ ਦਿੱਤੀ ਜਾਂਦੀ ਸੀ।

ਇਸ ਤਰ੍ਹਾਂ ਪਰੰਪਰਾ ਬਾਰੇ ਸੰਵਾਦ ਰਚਾਉਂਦਿਆਂ ਇਹ ਸੈਮੀਨਾਰ ਪਰੰਪਰਾ ਨੂੰ ਪ੍ਰਭਾਸ਼ਿਤ ਕਰਨ,ਪ੍ਰੰਪਰਾ ਨੂੰ ਢਾਹ ਲਾਉਣ ਵਾਲੇ ਪ੍ਰਮੁੱਖ ਨੁਕਤਿਆਂ ਨੂੰ ਉਜਾਗਰ ਕਰਨ ਦੇ ਨਾਲ ਨਾਲ ਪਰੰਪਰਾ ਦੇ ਉਭਾਰ ਲਈ ਯਤਨਸ਼ੀਲ ਹੋਣ ਦੀ ਪ੍ਰੇਰਣਾ ਨਾਲ ਸਮਾਪਤੀ ਵੱਲ ਵਧਿਆ। ਅਖ਼ੀਰ ਬੁਲਾਰਿਆਂ ਦਾ ਭਾਈ ਮਨਧੀਰ ਸਿੰਘ ਅਤੇ ਡਾ.ਕੰਵਲਜੀਤ ਸਿੰਘ ਦੁਆਰਾ ‘ਬਿਬੇਕਗੜ੍ਹ’ ਦੀ ਪ੍ਰਕਾਸ਼ਨਾ ਨਾਲ ਸਨਮਾਨ ਕੀਤਾ ਗਿਆ। ਭਾਈ ਸੁਖਦੀਪ ਸਿੰਘ ਦੁਆਰਾ ਧੰਨਵਾਦੀ ਸ਼ਬਦਾਂ ਨਾਲ ਇਸ ਸੈਮੀਨਰ ਦੀ ਸਮਾਪਤੀ ਹੋਈ।

ਇਸ ਵਿਚਾਰ-ਗੋਸ਼ਟਿ ਦੀ ਸਾਰੀ ਕਾਰਵਾਈ ਗੁਰਮਤਿ ਅਤੇ ਸਿੱਖ ਤਵਾਰੀਖ਼ ਬੁੰਗਾ ਸ੍ਰੀ ਅੰਮ੍ਰਿਤਸਰ ਦੇ ਫੇਸਬੁੱਕ ਸਫੇ ਰਾਹੀਂ ਸੁਣੀ ਜਾ ਸਕਦੀ ਹੈ:









0 0 votes
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x