ਚੇਲਿਆਂਵਾਲਾ ਦੀ ਲੜਾਈ: ਖਾਲਸਾ ਫੌਜਾਂ ਦੀ ਫ਼ਰੰਗੀਆਂ ਤੇ ਭਾਰਤ ਦੀਆਂ ਫੌਜਾਂ ‘ਤੇ ਇਤਿਹਾਸਕ ਜਿੱਤ

ਚੇਲਿਆਂਵਾਲਾ ਦੀ ਲੜਾਈ: ਖਾਲਸਾ ਫੌਜਾਂ ਦੀ ਫ਼ਰੰਗੀਆਂ ਤੇ ਭਾਰਤ ਦੀਆਂ ਫੌਜਾਂ ‘ਤੇ ਇਤਿਹਾਸਕ ਜਿੱਤ

ਦੂਜੇ ਸਿੱਖ-ਐਂਗਲੋ ਯੁੱਧ ‘ਚ ਲੜੀਆਂ ਗਈਆਂ ਕੁੱਲ ਤਿੰਨ ਲੜਾਈਆਂ ਵਿੱਚੋਂ ਦੂਜੀ ਲੜਾਈ 13 ਜਨਵਰੀ 1849 ਨੂੰ ਸਿੱਖ ਰਾਜ ਪੰਜਾਬ ਦੀਆਂ ਖਾਲਸਾ ਫੌਜਾਂ ਵੱਲੋਂ ਬਰਤਾਨਵੀ ਭਾਰਤ (British-India) ਦੀ ਰਲਵੀਂ ਅੰਗਰੇਜ਼ ਫੌਜ ਅਤੇ ਭਾਰਤੀ ਫੌਜ ਦੇ ਖਿਲਾਫ਼ “ਚੇਲਿਆਂਵਾਲਾ” ਦੇ ਮੈਦਾਨ ਵਿਚ ਲੜੀ ਗਈ। ਚੇਲਿਆਂਵਾਲਾ ਪਿੰਡ ਜੇਹਲਮ ਦਰਿਆਂ ਦੇ ਕੰਢੇ ਉੱਤੇ ਚੜ੍ਹਦੇ ਵਾਲੇ ਪਾਸੇ ਹੈ, ਜੋ ਕਿ ਅੱਜ-ਕਲ ਪਾਕਿਸਤਾਨ ਵਾਲੇ ਪੰਜਾਬ ਦੇ ਮੰਡੀ ਬਹੂਦੀਨ ਜਿਲ੍ਹੇ ਵਿਚ ਹੈ। ਇਸ ਲਿਖਤ ਵਿਚ ਇਸ ਲੜਾਈ ਦਾ ਵਿਸਥਾਰਤ ਵਿਸਲੇਸ਼ਣ ਕੀਤਾ ਜਾਵੇਗਾ।

ਲੜਾਈ ਦਾ ਪਿਛੋਕੜ

ਪਹਿਲੇ ਸਿੱਖ-ਐਗਲੋ ਯੁੱਧ ਵਿਚ ਡੋਗਰਿਆਂ ਦੀਆਂ ਗਦਾਰੀਆਂ ਕਰਕੇ ਖਾਲਸਾ ਫੌਜ ਅੰਗਰੇਜਾਂ ਖਿਲਾਫ਼ ਲੜੀਆਂ ਗਈਆਂ ਲੜਾਈਆਂ ਹਾਰ ਗਈ।

 

ਫ਼ਰੰਗੀਆਂ ਨੇ ਗ਼ਦਾਰ ਡੋਗਰਿਆਂ ਨੂੰ ਇਨਾਮਾਂ ਨਾਲ ਨਿਵਾਜਿਆ। ਗੁਲਾਬ ਸਿੰਹ ਡੋਗਰੇ ਨੂੰ ਜੰਮੂ ਦਾ ਖ਼ੁਦਮੁਖਤਿਆਰ ਰਾਜਾ ਬਣਾ ਦਿੱਤਾ ਅਤੇ ਲਾਲ ਸਿੰਹ ਡੋਗਰੇ ਨੂੰ ਲਾਹੌਰ ਦਰਬਾਰ ਦਾ ਮੁੱਖ ਮੰਤਰੀ ਅਤੇ ਤੇਜਾ ਸਿੰਹ ਨੂੰ ਫੌਜਾ ਦਾ ਮੁਖੀ ਲਗਾ ਦਿੱਤਾ। ਇਸ ਉਪਰੰਤ 16 ਮਾਰਚ 1846 ਨੂੰ “ਲਾਹੌਰ ਦਾ ਅਹਿਦਨਾਮਾ” ਲਿਿਖਆ ਗਿਆ। ਜਿਸ ਦੇ ਤਹਿਤ “ਸਤਲੁਜ ਅਤੇ ਬਿਆਸ” ਦੇ ਵਿਚਕਾਰ ਦੋਆਬ ਦਾ ਖਿੱਤਾ ਸਿੱਖਾਂ ਨੂੰ ਜੰਗ ਦੇ ਖਰਚੇ ਵਜੋਂ ਅੰਗਰੇਜ਼ਾਂ ਨੂੰ ਦੇਣਾ ਪਿਆ। ਇਸ ਤੋਂ ਇਲਾਵਾ ਡੇਢ ਕਰੋੜ ਰੁਪਏ ਦਾ ਹੋਰ ਜੰਗ ਦਾ ਹਰਜਾਨਾ ਵੀ ਭਰਨਾ ਪਿਆ। ਅੰਗਰੇਜ਼ਾਂ ਵੱਲੋਂ ਲਾਹੌਰ ਦਰਬਾਰ ਉੱਤੇ ਕੁਝ ਹੋਰ ਰੋਕਾਂ ਅਤੇ ਸ਼ਰਤਾਂ ਵੀ ਲਾ ਦਿੱਤੀਆਂ ਗਈਆਂ। ਇਸ ਸੰਧੀ ਤੋਂ ਬਾਅਦ ਉਂਝ ਤਾਂ ਲਾਹੌਰ ਉੱਤੇ ਮਹਾਰਾਜਾ ਦਲੀਪ ਸਿੰਘ ਦਾ ਰਾਜ ਸਿਰਫ ਨਾਂ ਦਾ ਹੀ ਰਾਜ ਸੀ ਅਤੇ ਅਸਲ ਵਿਚ ਹਕੂਮਤ ਅੰਗਰੇਜ਼ਾਂ ਦੀ ਹੀ ਚਲਦੀ ਸੀ। ਇਸ ਦੇ ਬਾਵਜ਼ੂਦ ਵੀ ਸਿੱਖ ਇਸ ਅਹਿਦਨਾਮੇ ਉੱਤੇ ਪਹਿਰਾ ਦਿੰਦਾ ਰਹੇ। ਪਰ ਜਦੋਂ ਮਹਾਰਾਣੀ ਜਿੰਦਾਂ ਨੂੰ ਮਈ ਸੰਨ 1848 ਵਿਚ ਕੈਦ ਕਰਕੇ ਪੰਜਾਬ ਤੋਂ ਬਾਹਰ ਹਿੰਦੂਸਤਾਨ ਵਿਚ ਭੇਜ ਦਿੱਤਾ ਗਿਆ ਤਾਂ ਸਿੱਖਾਂ ਵਿਚ ਰੋਹ ਆ ਗਿਆ। ਅਟਾਰੀ ਵਾਲੇ ਸਰਦਾਰ ਲਾਹੌਰ ਦੇ ਵਫ਼ਾਦਾਰ ਸਰਦਾਰ ਸਨ। ਸਿੰਘ ਸਾਹਿਬ ਚੜ੍ਹਤ ਸਿੰਘ ਅਟਾਰੀਵਾਲੇ ਨੇ ਮਹਾਰਾਣੀ ਜਿੰਦਾਂ, ਮਹਾਰਾਜਾ ਦਲੀਪ ਸਿੰਘ ਅਤੇ ਲਾਹੌਰ ਦਰਬਾਰ ਨਾਲ ਹੋ ਰਹੀਆਂ ਜ਼ਿਆਦਤੀਆਂ ਦਾ ਜਵਾਬ ਦੇਣ ਲਈ ਆਪਣੇ ਪੁੱਤਰ ਸ਼ੇਰ ਸਿੰਘ ਅਟਾਰੀਵਾਲੇ ਨੂੰ ਰਾਜ਼ੀ ਕੀਤਾ। ਉਸ ਤੋਂ ਬਾਅਦ ਸਰਦਾਰ ਸ਼ੇਰ ਸਿੰਘ ਅਟਾਰੀਵਾਲੇ ਨੇ ਘਰੇ ਬੈਠ ਚੁੱਕੇ ਲਾਹੌਰ ਦਰਬਾਰ ਦੇ ਵਫ਼ਾਦਾਰ ਰਹੇ ਸਰਦਾਰਾਂ ਨੂੰ ਚਿੱਠੀਆਂ ਲਿਖ ਕੇ ਬਲਾਇਆ।

Sher Singh Attariwalla - Wikipedia
ਸ਼ੇਰ ਸਿੰਘ ਅਟਾਰੀਵਾਲੇ

ਸ਼ੇਰ ਸਿੰਘ ਅਟਾਰੀਵਾਲੇ ਨੇ ਚਿੱਠੀ ਵਿਚ ਲਿਖਿਆ  ਕਿ “ਲੋਕਾਂ ਦੀ ਮਾਂ, ਮਹਾਰਾਣੀ ਨੂੰ ਕੈਦ ਕਰਕੇ ਹਿੰਦੂਸਤਾਨ ਭੇਜ ਦਿੱਤਾ ਹੈ, ਮਹਾਰਾਜਾ ਰਣਜੀਤ ਸਿੰਘ ਦੇ ਪੱਤਰ ਮਹਾਰਾਜਾ ਦਲੀਪ ਸਿੰਘ ਤੋਂ ਸਾਡਾ ਪਿਆਰਾ ਧਰਮ ਖੋਹਿਆ ਜਾ ਰਿਹਾ ਹੈ”। ਸ਼ੇਰ ਸਿੰਘ ਅਟਾਰੀਵਾਲੇ ਨੇ ਸਿੱਖਾਂ ਨੂੰ ਸਿੱਖ ਰਾਜ ਪੰਜਾਬ ਲਈ ਸਿਰ ਧੜ ਦੀ ਬਾਜ਼ੀ ਲਗਾਉਣ ਲਈ ਵੰਗਾਰਿਆ ਅਤੇ ਪੰਜਾਬ ਦੀ ਧਰਤੀ ਤੋਂ ਫ਼ਰੰਗੀਆਂ ਦੀ ਜੜ੍ਹ ਪੱਟ ਦੇਣ ਦਾ ਅਹਿਦ ਕੀਤਾ।

ਖਾਲਸਾ ਫੌਜ ਦਾ ਵੇਰਵਾ

ਖਾਲਸਾ ਫੌਜਾਂ ਦੀ ਅਗਵਾਈ ਸ਼ੇਰ ਸਿੰਘ ਅਟਾਰੀਵਾਲਾ ਕਰ ਰਿਹਾ ਸੀ।

 

ਉਸ ਦੇ ਨਾਲ ਲਾਹੌਰ ਦਰਬਾਰ ਦੇ ਵਫ਼ਾਦਾਰ ਸਰਦਾਰ ਆ ਰਲੇ ਸਨ। ਜਦੋਂ ਸ਼ੇਰ ਸਿੰਘ ਅਟਾਰੀਵਾਲੇ ਨੇ ਫ਼ਰੰਗੀਆਂ ਖਿਲਾਫ਼ ਜਦੋਜ਼ਹਿਦ ਦਾ ਸੱਦਾ ਦਿੱਤਾ ਤਾਂ ਹਜ਼ਾਰਾ, ਪੇਸ਼ਾਵਰ, ਟੌਕ, ਬਾਨੂ, ਕੋਹਟ ਅਤੇ ਅਟਕ ਵਿਚ ਅੰਗਰੇਜ਼ਾਂ ਵਿਰੁਧ ਜੰਗ ਲਈ ਕਮਰਕੱਸੇ ਕਰ ਚੁੱਕੀਆਂ ਟੁਕੜੀਆਂ ਨਾਲ ਖਾਲਸਾ ਫੌਜਾਂ ਦੀ ਲਾਹੌਰ ਵਿਚ ਬੈਠੀ ਟੁੱਕੜੀ ਆ ਰਲੀ। ਜਿਸ ਤੋਂ ਬਾਅਦ ਇਹ ਗਿਣਤੀ 9400 ਦੇ ਕਰੀਬ ਹੋ ਗਈ ਜਿਸ ਵਿੱਚ ਸ਼ੇਰ ਸਿੰਘ ਅਟਾਰੀਵਾਲੇ ਦੇ 900 ਪੈਦਲ ਸਿੱਖ ਫੌਜੀ ਅਤੇ 3400 ਘੋੜਸਵਾਰ ਸਿੱਖ ਫੌਜੀ ਵੀ ਸ਼ਾਮਲ ਸਨ। ਇਸ ਲੜਾਈ ਵਿਚ ਅਨਮਾਨ ਅਨੁਸਾਰ ਘੋੜਸਵਾਰ ਅਤੇ ਪੈਦਲ ਖਾਲਸਾ ਫੌਜਾਂ ਦੀ ਗਿਣਤੀ ਦਸ ਹਜ਼ਾਰ ਦੇ ਕਰੀਬ ਸੀ ਜਿਨਾਂ ਵਿੱਚ ਕਾਫ਼ੀ ਗਿਣਤੀ ਨਵੇਂ ਸਿੱਖਾਂ ਦੀ ਸੀ, ਜਿਨਾਂ ਕੋਲ ਨੂੰ ਫੌਜੀ ਸਿਖਲਾਈ ਵੀ ਨਹੀਂ ਸੀ, ਪਰ ਉਹ ਖਾਲਸਾ ਰਾਜ ਨੂੰ ਬਚਾਉਣ ਲਈ ਜੰਗ ਦੇ ਮੈਦਾਨ ਵਿਚ ਆਣ ਨਿੱਤਰੇ ਸਨ। ਬਾਕੀ ਖਾਲਸਾ ਫੌਜ ਦੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਉੱਚ ਪੱਧਰੀ ਸਿਖਲਾਈ ਸੀ, ਉਹਨਾਂ ਦੇ ਲਾਲ ਰੰਗ ਦੀ ਜੈਕਟ ਅਤੇ ਨੀਲੇ ਰੰਗ ਦੇ ਪਜਾਮੇ ਪਾਏ ਹੋਏ ਸਨ। ਖਾਲਸਾ ਫੌਜ ਕੋਲ ਰਿਵਾਇਤੀ ਕਿਰਪਾਨਾਂ, ਢਾਲਾਂ, ਖੰਜਰ, ਨੇਜੇ, ਅਤੇ ਬੰਦੂਕਾਂ ਆਦਿ ਹਥਿਆਰ ਸਨ। ਇਸ ਲੜਾਈ ਵਿਚ ਜਨਰਲ ਗੱਫ਼ ਮੁਤਾਬਕ ਖਾਲਸਾ ਫੌਜ ਕੋਲ 65 ਤੋਪਾਂ ਸਨ, ਜੋ ਕਿ ਅਸਾਧਾਰਣ ਅੰਕੜਾ ਹੈ।

ਅੰਗਰੇਜ਼ ਅਤੇ ਭਾਰਤੀ ਫੌਜ ਦਾ ਵੇਰਵਾ

ਫ਼ਰੰਗੀ ਫੌਜਾਂ ਦੀ ਅਗਵਾਈ ਜਨਰਲ ਸਰ ਹੱਗ ਗੱਫ਼ ਕਰ ਰਿਹਾ ਸੀ।

ਜਨਰਲ ਗੱਫ਼ ਬਰਤਾਨਵੀ ਫੌਜ ਦਾ ਉਹ ਬਹਾਦਰ ਜਰਨੈਲ ਸੀ ਜਿਸ ਨੇ ਨਿਪੋਲੀਅਨ ਖਿਲਾਫ਼ ਪੈਨੀਨਸੂਲਰ ਦੇ ਯੁੱਧ (1807-14) ਵਿੱਚ ਬਹਾਦਰੀ ਦੇ ਜੌਹਰ ਦਿਖਾਏ ਹਨ। ਜਨਰਲ ਗੱਫ਼ ਕੋਲ ਬਾਰਾਂ ਹਜ਼ਾਰ ਦੇ ਕਰੀਬ ਫੌਜੀ ਦਸਤੇ ਸਨ, ਜਿਨਾਂ ਵਿੱਚ ਚਾਰ ਘੋੜ-ਸਵਾਰ ਰੈਜੀਮੈਟਾਂ ( 3rd, 9th, 14th, and 16th Light Dragoons – the 9th, and 16th being lancers) ਅਤੇ 12 ਪੈਦਲ ਰੈਜੀਮੈਟਾਂ (9th, 10th, 24th, 29th, 31st, 32nd, 50th, 53rd, 60th, 62nd and 80th regiments) ਸਨ। ਬਰਤਾਨਵੀ ਫੌਜ ਨੇ ਗੂੜੇ ਨੀਲੇ ਰੰਗ ਦੀ ਜੈਕਟ ਅਤੇ ਪੈਂਟ ਪਾਈ ਹੋਈ ਸੀ।

ਹਿਦੂਸਤਾਨ ਫੌਜ ਵਿੱਚੋਂ ਸੇਖਾਵਤੀ ਘੋੜ-ਸਵਾਰ ਅਤੇ ਪੈਦਲ ਰੈਜੀਮੈਟ, 2 ਗੋਰਖਾ ਰੈਜੀਮੈਟਾਂ ਸਮੇਤ 9 ਘੋੜ-ਸਵਾਰ ਰੈਜੀਮੈਟਾਂ, 13 ਅਨਿਯਮਿਤ ਘੋੜ-ਸਵਾਰ ਰੈਜੀਮੈਟਾਂ ਅਤੇ 48 ਪੈਦਲ ਰੈਜੀਮੈਟਾਂ ਸਨ। ਹਿਦੂਸਤਾਨੀ ਫੌਜ ਦੇ ਲਾਲ ਕੋਟ ਅਤੇ ਕਾਲੀ ਧੋਤੀ ਪਾਈ ਹੋਈ ਸੀ। ਜਨਰਲ ਗੱਫ਼ ਦੀ ਫੌਜ ਦੇ ਹਥਿਆਰਾਂ ਦੀ ਗੱਲ ਕਰੀਏ ਤਾਂ ਲੈਸਰ ਰੈਜੀਮੈਟ ਕੋਲ ਭਾਲਾ (Lance) ਸੀ, ਬਾਕੀ ਘੋੜ-ਸਵਾਰ ਅਤੇ ਪੈਦਲ ਫੌਜ ਕੋਲ ਤਲਵਾਰਾਂ ਸਨ ਅਤੇ ਕਾਰਬਾਈਨ ਸਾਰਿਆਂ ਕੋਲ ਸੀ।

(ਤਸਵੀਰ ਦਾ ਵੇਰਵਾ: ਹਿੰਦੋਸਤਾਨੀ ਫੌਜ ਦੀ ਬੰਗਾਲ ਨੇਟਿਵ ਇਨਫੈਨਟਰੀ ਖਾਲਸਾ ਰਾਜ ਪੰਜਾਬ ਤੇ ਹਮਲਾ ਕਰਨ ਤੋੰ ਪਹਿਲਾ ਰੈਜੀਮੈਂਟ ਦੇ ਝੰਡਿਆਂ ਦੀ ਹਿੰਦੂ ਰੀਤੀ ਰਿਵਾਜਾਂ ਨਾਲ ਪੂਜੇ ਕਰਦੇ ਹੋਏ)

(ਤਸਵੀਰ ਦਾ ਵੇਰਵਾ: ਹਿੰਦੋਸਤਾਨੀ ਫੌਜ ਦੀ ਬੰਗਾਲ ਨੇਟਿਵ ਇਨਫੈਨਟਰੀ ਖਾਲਸਾ ਰਾਜ ਪੰਜਾਬ ਤੇ ਹਮਲਾ ਕਰਨ ਤੋੰ ਪਹਿਲਾ ਰੈਜੀਮੈਂਟ ਦੇ ਝੰਡਿਆਂ ਦੀ ਹਿੰਦੂ ਰੀਤੀ ਰਿਵਾਜਾਂ ਨਾਲ ਪੂਜੇ ਕਰਦੇ ਹੋਏ)

ਰਾਮ ਨਗਰ ਦੀ ਲੜਾਈ

ਦੂਜੀ ਸਿੱਖ ਐਗਲੋ ਜੰਗ ਦੀ ਪਹਿਲੀ ਲੜਾਈ ਰਾਮ ਨਗਰ ਦੇ ਥਾਂ ਤੇ ਝਨਾਂ ਦਰਿਆਂ ਦੇ ਕੰਢੇ ਤੇ ਹੋਈ।

 

ਸ਼ੇਰ ਸਿੰਘ ਅਟਾਰੀਵਾਲਾ ਖਾਲਸਾ ਦਰਬਾਰ ਦੇ ਵਫ਼ਾਦਾਰ ਸਰਦਾਰਾਂ ਅਤੇ ਖਾਲਸਾ ਫੌਜ ਸਮੇਤ ਜੇਹਲਮ ਦਰਿਆ ਵੱਲ ਨੂੰ ਵੱਧ ਰਿਹਾ ਸੀ। ਜਨਰਲ ਗੱਫ਼ ਨੂੰ ਖ਼ਬਰ ਮਿਲੀ ਕਿ ਉਹ ਆਪਣੇ ਪਿਤਾ ਸਰਦਾਰ ਚੜਤ ਸਿੰਘ ਅਟਾਰੀਵਾਲੇ ਨੂੰ ਪੇਸ਼ਾਵਰ ਵਿਚ ਜਾ ਮਿਲੇਗਾ। ਜੇਕਰ ਇਹ ਦੋਵੇ ਸਰਦਾਰ ਮਿਲ ਗਏ ਤਾਂ ਫੌਜ ਦੀ ਗਿਣਤੀ ਵੱਧ ਜਾਵੇਗੀ। ਇਸ ਲਈ ਉਸ ਨੇ 22 ਨਵੰਬਰ 1848 ਦੀ ਰਾਤ ਨੂੰ ਖਾਲਸਾ ਫੌਜ ਉੱਤੇ ਬਰਗੇਡੀਅਰ ਜਨਰਲ ਕੈਪਬਲ ਨੇ 3 ਇਨਫੈਨਟਰੀ ਡਿਿਵਜ਼ਨ ਦੇ 8171 ਫੌਜੀਆਂ ਨਾਲ ਹਮਲਾ ਕਰ ਦਿੱਤਾ। ਜਨਰਲ ਗੱਫ਼ ਸਿੱਖਾਂ ਨੂੰ ਚਨਾਬ ਦੇ ਚੜਦੇ ਪਾਸੇ ਹੀ ਰੋਕਣਾ ਚਾਹੁੰਦਾ ਸੀ। ਸਿੱਖਾਂ ਨੇ ਜਵਾਬੀ ਕਾਰਵਾਈ ਕੀਤੀ ਤਾਂ ਫ਼ਰੰਗੀ ਇੱਕ ਵੱਡੀ ਤੋਪ ਅਤੇ 2 ਬਾਰੂਦ ਦੀਆਂ ਬੋਗੀਆਂ (ਗੱਡੇ) ਛੱਡ ਕੇ ਭੱਜ ਗਏ, ਜਿਹੜੀ ਕਿ ਸਿੱਖ ਨੇ ਆਪਣੇ ਕਬਜੇ ਵਿਚ ਕਰ ਲਈ। ਸਿੱਖ ਝਨਾਂ ਦਰਿਆਂ ਪਾਰ ਕਰ ਗਏ ਅਤੇ ਬਰਤਾਨਵੀ ਫੌਜ ਦੇ ਕਰੀਬ ਡੇਢ ਸੌ ਫੌਜੀ ਇਸ ਲੜਾਈ ਦਾ ਸ਼ਿਕਾਰ ਬਣੇ, ਜਿਨਾਂ 12 ਅਫ਼ਸਰ ਵੀ ਸ਼ਾਮਲ ਸਨ। ਇਸ ਲੜਾਈ ਵਿਚ ਫਰੰਗੀਆਂ ਦੇ 140 ਘੋੜਿਆਂ ਦਾ ਵੀ ਨੁਕਸਾਨ ਹੋਈਆ। ਲੈਫੀਟੀਨੈਂਟ ਕੋਲੋਨੈਲ ਹੈਵਲੋਕ ਦੀ ਲਾਸ਼ ਝਨਾਂ ਦਰਿਆਂ ਦੇ ਕੰਢੇ 12ਵੇਂ ਦਿਨ ਲੱਭੀ। ਹੈਵਲੋਕ ਦਾ ਸਿਰ ਧੜ ਤੋਂ ਵੱਖ ਸੀ ਅਤੇ ਲੱਤਾਂ-ਬਾਹਾਂ ਵੀ ਲੱਗਭਗ ਵੱਢੀਆਂ ਹੋਈਆਂ ਸਨ। ਉਸ ਦੇ ਨਾਲ 9 ਹੋਰ ਸਿਪਾਹੀਆਂ ਦੀਆਂ ਲਾਸ਼ਾਂ ਮਿਲੀਆਂ। ਇਸ ਲੜਾਈ ਵਿਚ ਬਰਗੇਡੀਅਰ ਜਨਰਲ ਕੂਰੇਟਨ ਦੀ ਮੌਤ ਵੀ ਬਰਤਾਨਵੀ ਫੌਜਾਂ ਲਈ ਵੱਡਾ ਘਾਟਾ ਸੀ। ਅੰਗਰੇਜ਼ ਫੌਜ ਖਾਲਸਾ ਰਾਜ ਪੰਜਾਬ ਦੀਆਂ ਫੌਜਾਂ ਨੂੰ ਰੋਕਣ ਵਿਚ ਨਕਾਮ ਰਹੀ ਅਤੇ ਇਸ ਨੁਕਸਾਨ ਤੋਂ ਬਾਅਦ ਉਹ ਪਿੱਛੇ ਹੱਟ ਗਏ। ਇਸ ਤਰ੍ਹਾਂ ਇਸ ਛੋਟੀ ਜਿਹੀ ਲੜਾਈ ਵਿਚ ਖਾਲਸਾ ਫੌਜਾਂ ਨੇ ਜਿੱਤ ਦਰਜ਼ ਕਰਵਾਈ।

ਲੜਾਈ ਦਾ ਮੁੱਢ

10 ਜਨਵਰੀ 1849 ਨੂੰ ਜਨਰਲ ਗੱਫ਼ ਨੂੰ ਖ਼ਬਰ ਮਿਲੀ ਕਿ ਸਰਦਾਰ ਚੜਤ ਸਿੰਘ ਅਟਾਰੀਵਾਲਾ ਅਤੇ ਉਸ ਦਾ ਅਫ਼ਗਾਨ ਦੋਸਤ, ਅਮੀਰ ਦੋਸਤ ਮੁਹੰਮਦ ਖਾਨ ਫੌਜਾਂ ਸਮੇਤ ਜੇਹਲਮ ਦਰਿਆਂ ਵੱਲ ਤੁਰ ਪਏ ਹਨ।

ਉਹਨਾਂ ਸੋਚਿਆਂ ਕਿ ਜੇਕਰ ਉਹ ਸਰਦਾਰ ਸ਼ੇਰ ਸਿੰਘ ਅਟਾਰੀਵਾਲੇ ਨੂੰ ਆਣ ਮਿਲੇ ਤਾਂ ਖਾਲਸਾ ਫੌਜ ਦੀ ਤਾਕਤ ਬਹੁਤ ਵੱਧ ਜਾਵੇਗੀ। ਗਵਰਨਰ ਜਨਰਲ ਲਾਰਡ ਡਲਹੌਜੀ ਨੇ ਜਨਰਲ ਗੱਫ ਨੂੰ ਛੇਤੀ ਤੋਂ ਛੇਤੀ ਸ਼ੇਰ ਸਿੰਘ ਅਟਾਰੀਵਾਲੇ ਤੇ ਹਮਲਾ ਕਰਨ ਦਾ ਹੁਕਮ ਸੁਣਾ ਦਿੱਤਾ। ਅੰਗਰੇਜ਼ਾਂ ਵੱਲੋਂ ਦੀਵਾਨ ਮੂਲਰਾਜ ਨੂੰ ਗ੍ਰਿਫ਼ਤਾਰ ਕਰਕੇ ਮੁਲਤਾਨ ਨੂੰ ਦੁਬਾਰਾ ਆਪਣੇ ਕਬਜ਼ੇ ਵਿਚ ਕਰਨ ਤੋਂ ਬਾਅਦ ਬਰਤਾਨਵੀ ਅਤੇ ਬੰਬੇ ਰਿਆਸਤ ਦੀ ਫੌਜ ਦੇ ਮੁਖੀ ਜਨਰਲ ਵਿਸ਼ ਨੂੰ ਫੌਜ ਸਮੇਤ ਜਨਰਲ ਗੱਫ਼ ਦੀ ਮੱਦਦ ਲਈ ਭੇਜ ਦਿੱਤਾ।

ਲੜਾਈ ਦੀ ਵਿਊਤਬੰਦੀ

ਜਨਰਲ ਗੱਫ਼ ਅੱਗੇ ਵੱਧਦਾ ਹੋਇਆ ਸਿੱਖ ਫੌਜ ਦੇ 8 ਮੀਲ ਦੇ ਘੇਰੇ ਵਿਚ ਨੇੜੇ ਤੱਕ ਚਲੇ ਗਿਆ।

 ਖਾਲਸਾ ਫੌਜ ਦੇ ਪਿੱਛੇ ਜੇਹਲਮ ਦਰਿਆ ਸੀ, ਅਤੇ ਅੱਗੇ ਜਨਰਲ ਗੱਫ਼ ਦੀ ਅਗਵਾਈ ਵਿਚ ਬਰਤਾਨਵੀ ਅਤੇ ਹਿਦੂਸਤਾਨੀ ਫੌਜਾਂ ਸਨ। ਖਾਲਸਾ ਫੌਜ ਨੇ ਦੇਰੀ ਨਾ ਕਰਦੇ ਹੋਏ ਚੇਲਿਆਂਵਾਲਾ ਪਿੰਡ ਵਿਚ ਮੋਰਚਾਬੰਦੀ ਕਰ ਲਈ। ਖਾਲਸਾ ਫੌਜ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ- ਖੱਬੇ ਹੱਥ ਰਸੂਲ ਪਿੰਡ ਵਾਲੇ ਪਾਸੇ ਸਰਦਾਰ ਸ਼ੇਰ ਸਿੰਘ ਅਟਾਰੀਵਾਲਾ ਟਿੱਬੇ ਦੇ ਉੱਤੇ ਤੋਪਾਂ ਬੀੜ ਕੇ ਸਿਰਲੱਥ ਯੋਧਿਆਂ ਨਾਲ ਇਸ ਜੰਗ ਦੀ ਕਮਾਨ ਸੰਭਾਲ ਰਿਹਾ ਸੀ; ਵਿਚਕਾਰ ਸੰਘਣੀ ਝਿੜੀ ਦੀ ਓਟ ਲੈ ਕੇ ਤੋਪਾਂ ਨਾਲ ਮੋਰਚਾਬੰਦੀ ਕੀਤੀ ਗਈ ਸੀ ਅਤੇ ਸੱਜੇ ਹੱਥ ਤੋਪਾਂ ਅਤੇ 4 ਬਟਾਲੀਅਨਾਂ ਨਾਲ ਬਰਤਾਨਵੀ ਅਤੇ ਹਿਦੂਸਤਾਨੀ ਫੌਜਾਂ ਦੇ ਆਹੂ ਲਾਉਣ ਲਈ ਖਾਲਸਾ ਫੌਜ ਦੇ ਬੀਰ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਸਖਲਾਈ ਤੋਂ ਬਿਨਾਂ ਲੜਨ ਆਏ ਸਿੱਖਾਂ ਨੂੰ ਪਿੱਛੇ ਰੱਖਿਆ ਗਿਆ ਸੀ।

ਜਨਰਲ ਗੱਫ਼ ਵੱਲੋਂ ਫੌਜਾਂ ਨੂੰ ਅੱਗੇ ਵਧਣ ਦਾ ਹੁਕਮ ਦਿੱਤਾ ਗਿਆ ਸੀ। ਸਿੱਖਾਂ ਵੱਲੋਂ ਘੇਰਾ ਤੰਗ ਹੁੰਦਾ ਦੇਖ ਕੇ ਗੋਲਾਬਾਰੀ ਕੀਤੀ ਗਈ। ਫਿਰ ਜਨਰਲ ਗੱਫ਼ ਨੇ ਫੌਜ ਨੂੰ ਰੋਕ ਲਿਆ ਅਤੇ ਮੋਰਚਾਬੰਦੀ ਕਰਨ ਦਾ ਹੁਕਮ ਦੇ ਦਿੱਤਾ। ਜਨਰਲ ਗੱਫ ਨੇ ਪੈਦਲ ਫੌਜ ਨੂੰ ਦੋ ਡਿਿਵਜ਼ਨ ਵਿਚ ਵੰਡਿਆ ਅਤੇ ਦੋਨਾਂ ਨੂੰ ਦੋ ਬਿਰਗੇਡਾਂ ਦਿੱਤੀਆਂ। ਖੱਬੇ ਹੱਥ ਤੋਂ ਕੈਪਬਲ ਡਿਿਵਜਨ ਵਿਚ ਹੋਗਨ ਅਤੇ ਪੈਨੀਕਊਕ ਬਿਰਗੇਡ, ਗਿਲਬਰਟ ਡਿਿਵਜਨ ਵਿਚ ਮਾਊਟੇਨ ਅਤੇ ਗੌਡਬਾਏ ਬਿਰਗੇਡ। ਪੈਨੀ ਦੀ ਬਿਰਗੇਡ ਨੂੰ ਰਿਜਰਵ ਰੱਖਿਆ। ਵਾਈਟ ਦੀ ਘੋੜਸਵਾਰ ਬਿਰਗੇਡ ਬਾਹਰਲੇ ਹੱਥ ਖੱਬੇ ਪਾਸੇ ਅਤੇ ਪੋਪ ਦੀ ਘੋੜਸਵਾਰ ਬਿਰਗੁਡ ਨੂੰ ਸੱਜੇ ਹੱਥ ਰੱਖਿਆ।

ਜਨਰਲ ਗੱਫ਼ ਦੇ ਮਨ ਵਿਚ ਡਰ ਸੀ ਕਿ ਕਿਤੇ ਖਾਲਸਾ ਫੌਜ ਰਾਤ ਨੂੰ ਹਮਲਾ ਨਾ ਕਰ ਦੇਵੇ, ਇਸ ਲਈ ਉਸ ਨੇ 13 ਜਨਵਰੀ ਨੂੰ ਸ਼ਾਮ 3 ਵਜੇ ਦੇ ਕਰੀਬ ਆਪ ਖਾਲਸਾ ਫੌਜਾਂ ਤੇ ਹਮਲਾ ਕਰ ਦਿੱਤਾ। ਪਹਿਲੇ ਹੀ ਹੱਲੇ’ਚ ਸਿੱਖ ਫੌਜਾਂ ਨੇ ਸੱਜੀ ਬਾਹੀ ਵਾਲੀ ਕੈਪਬਲ ਡਿਿਵਜ਼ਨ ਜਿਸ ਦੀ ਅਗਵਾਈ ਪੈਨੀਕਊਕ ਕਰ ਰਿਹਾ ਸੀ ਉਸ ਦਾ ਵੱਡਾ ਨੁਕਸਾਨ ਕੀਤਾ। ਸਿੱਖਾਂ ਨੇ 24ਵੀ ਪੈਦਲ ਰੈਜੀਮੈਂਟ ਲੱਗਭਗ ਖਤਮ ਹੀ ਕਰ ਦਿੱਤੀ, ਜਿਸ ਕਰਕੇ ਬਾਕੀਆਂ ਨੂੰ ਪਿੱਛੇ ਹਟਣਾ ਪਿਆ। ਇਸ ਹੱਲੇ ਵਿਚ ਬਰਗੇਡੀਅਰ ਪੈਨੀਕਊਕ, ਉਸ ਦਾ ਪੱਤਰ , ਲੈਫਟੀਨੈਂਟ ਕੋੋਲੋਨੈਲ ਬਰੂਕਸ, 24ਵੀਂ ਰੈਜੀਮੈਂਟ ਦਾ ਕਮਾਂਡਰ, ਅਤੇ ਦੋ ਹੋਰ ਅਫ਼ਸਰਾਂ ਦੀ ਜਾਨ ਦਾ ਨੁਕਸਾਨ ਹੋਇਆ ਅਤੇ ਸਿੱਖਾਂ ਨੇ ਇਸ ਰੈਜੀਮੈਂਟ ਦਾ ਝੰਡਾ ਖੋਹ ਲਿਆ।

ਸਿੱਖਾਂ ਨੇ ਭਾਰਤੀ ਫੌਜ ਦੀ 25ਵੀਂ ਅਤੇ 45ਵੀਂ ਬੰਗਾਲ ਨੇਟਿਵ ਇਨਫੈਂਟਰੀ ਜਿਸ ਵਿਚ ਸੇਖਾਵਤੀ ਅਤੇ ਗੋਰਖਾ ਰੈਜੀਮੈਂਟਾਂ ਸਨ ਦਾ ਭਾਰੀ ਨੁਕਸਾਨ ਕੀਤਾ। ਸਿੱਖਾਂ ਨੇ ਇਹਨਾਂ ਦੇ ਪੰਜਾਂ ਵਿੱਚੋਂ ਚਾਰ ਝੰਡੇ ਵੀ ਖੋਹ ਲਏ ਅਤੇ ਇਹ ਜੰਗ ਦੇ ਮੈਦਾਨ ਵਿੱਚੋਂ ਵਾਪਸ ਭੱਜ ਆਏ।

ਹੋਗਨ ਬਰਗੇਡ ਨੇ ਜਨਰਲ ਕੈਪਬਲ ਦੀ ਅਗਵਾਈ ਵਿਚ ਝਾੜੀਆਂ ਦੇ ਸੰਘਣੇ ਜੰਗਲ ਦੀ ਓਟ ਲੈ ਕੇ ਸਿੱਖਾਂ ਤੇ ਹਮਲਾ ਕੀਤਾ। ਉਸ ਨੂੰ ਕਾਫ਼ੀ ਸਫ਼ਲਤਾ ਮਿਲੀ ਅਤੇ ਸਿੱਖਾਂ ਦਾ ਕਾਫ਼ੀ ਨੁਕਸਾਨ ਹੋਇਆ। ਇਸ ਹਮਲੇ ਵਿਚ ਘੋੜਸਵਾਰ ਅਤੇ ਪੈਦਲ ਦਸਤੇ ਦੋਵੇਂ ਸਨ। ਐਚ. ਐਮ 61ਵੀਂ ਪੈਦਲ ਇਨਫੈਂਟਰੀ ਘੋੜਸਵਾਰ ਫੌਜ ਦੀ ਮੱਦਦ ਉੱਤੇ ਆਈ ਪਰ ਸਿੱਖ ਫੌਜ ਨੇ ਸੱਜੇ ਪਾਸੇ 46ਵੀਂ ਬੰਗਾਲ ਨੇਟਿਵ ਇਨਫੈਂਟਰੀ ਤੇ ਹਮਲੇ ਕਰਕੇ ਉਸ ਨੂੰ ਖਦੇੜ ਦਿੱਤਾ।

ਖੱਬੇ ਪਾਸੇ ਜਨਰਲ ਵਾਈਟ ਦੀ ਘੋੜਸਵਾਰ ਬਰਗੇਡ ਜਨਰਲ ਸ਼ੇਰ ਸਿੰਘ ਦਾ ਸਾਹਮਣਾ ਕਰ ਰਹੀ ਸੀ। ਤੀਜੀ ਕਿੰਗਜ ਓਨ ਲਾਈਟ ਡਰੈਗਨਜ ਦੀ ਟੁਕੜੀ ਨਾਲ ਕੈਪਟਨ ਉਨਟ ਨੇ ਇਸ ਦੀ ਕਮਾਨ ਸੰਭਾਲੀ ਅਤੇ ਝਾੜੀਆਂ ਵਿਚੋਂ ਤੇਜੀ ਨਾਲ ਹਮਲਾ ਕਰ ਦਿੱਤਾ। ਘੋੜਸਵਾਰ ਡਿਵੀਜਨ ਦਾ ਜਨਰਲ ਥੈਕਵਿਲ ਉਸ ਦਾ ਦੀ ਮਦਦ ਲਈ ਉਸ ਦੇ ਮਗਰ ਹੀ ਸੀ। ਸ਼ੇਰ ਸਿੰਘ ਅਟਾਰੀਵਾਲੇ ਨੇ ਇਸ ਦਾ ਜ਼ਬਰਦਸਤ ਜਵਾਬ ਦਿੱਤਾ ਅਤੇ ਤੀਜੀ ਕਿੰਗਜ ਲਾਈਟ ਡਰੈਗਨ ਦੇ ਸਾਰੇ ਅਫ਼ਸਰ ਫੱਟੜ ਹੋ ਗਏ।

ਸੱਜੇ ਪਾਸੇ ਜਨਰਲ ਪੋਪ ਨੇ ਆਪਣੀ ਬਰਗੇਡ ਨੂੰ ਅੱਗੇ ਵੱਧਣ ਲਈ ਕਿਹਾ; ਸੱਜੇ ਪਾਸੇ 9ਵੀਂ ਲੈਨਸਰਜ ਦੀਆਂ 2 ਟੁਕੜੀਆਂ, ਪਹਿਲੀ ਅਤੇ 6ਵੀਂ ਬੰਗਾਲ ਲਾਈਟ ਕਾਵੇਰੀ ਵਿਚਕਾਰ ਅਤੇ ਖੱਬੇ ਹੱਥ 14ਵੀਂ ਕਿੰਗਜ ਲਾਈਟ ਡਰੈਗਨਜ 10 ਤੋਪਾਂ ਨਾਲ ਸੀ। ਜਨਰਲ ਪੋਪ ਨੇ ਸਿੱਖਾਂ ਵੱਲ ਵੱਧਣ ਦਾ ਹੁਕਮ ਦਿੱਤਾ, ਜਵਾਬ ਵਿਚ ਸਿੱਖਾਂ ਨੇ ਬੰਗਾਲ ਕਾਵੇਰੀ ਦੀਆਂ ਟੁਕੜੀਆਂ ਪਿੱਛੇ ਧੱਕ ਦਿੱਤੀਆਂ। 2 ਹੋਰ ਬਰਤਾਨਵੀ ਰੈਜੀਮੈਟਾਂ ਨੇ ਇਹੀ ਕੋਸ਼ਿਸ਼ ਕੀਤੀ ਪਰ ਉਹ ਵੀ ਸਫ਼ਲ ਨਾ ਹੋ ਸਕੇ।

ਰਾਤ ਦੇ ਹਨੇਰੇ ਵਿੱਚ ਗਹਿਗੱਚ ਲੜਾਈ ਲੜੀ ਜਾ ਰਹੀ ਸੀ। ਖਾਲਸਾ ਰਾਜ ਪੰਜਾਬ ਦੀ ਸਿੱਖ ਫੌਜ ਦਾ ਵੀ ਕਾਫ਼ੀ ਨੁਕਸਾਨ ਹੋ ਚੁੱਕਾ ਸੀ। ਪਰ ਸਰਦਾਰ ਸ਼ੇਰ ਸਿੰਘ ਅਟਾਰੀਵਾਲਾ ਇਸ ਜੰਗ ਦੀ ਬਹੁਤ ਸੂਝਵਾਨੀ ਨਾਲ ਅਗਵਾਈ ਕਰ ਰਿਹਾ ਸੀ। ਬੁਰੀ ਤਰਾਂ ਫੱਟੜ ਹੋਏ ਸਿੱਖ ਵੀ ਹਥਿਆਰ ਸੁੱਟਣ ਲਈ ਰਾਜੀ ਨਹੀਂ ਸਨ ਅਤੇ ਉਹ ਲਹੂ ਲਹਾਣ ਹੋਏ ਜੰਗ ਦੇ ਮੈਦਾਨ ਵਿਚ ਖਾਲਸਾ ਰਾਜ ਦਾ ਪਰਚਮ ਲਹਿਰਾਉਣ ਅਤੇ ਲਾਹੌਰ ਦਰਬਾਰ ਨੂੰ ਇੱਕ ਵਾਰ ਫਿਰ ਪੂਰਨ ਆਜ਼ਾਦ ਕਰਵਾਉਣ ਲਈ ਜੂਝ ਰਹੇ ਸਨ। ਇਸ ਤੋਂ ਪਿੱਛੋਂ ਰਾਤ ਦੇ ਹਨੇਰੇ ਵਿਚ ਜੋਰਦਾਰ ਮੀਂਹ ਪੈਣਾ ਸ਼ੁਰੂ ਹੋ ਗਿਆ। ਜਨਰਲ ਗੱਫ਼ ਨੇ ਭਾਰੀ ਨੁਕਸਾਨ ਹੋ ਜਾਣ ਕਾਰਨ ਆਪਣੀ ਫੌਜ ਨੂੰ ਲੜਾਈ ਵਿਚੋਂ ਪਿੱਛੇ ਹੱਟਣ ਦਾ ਹੁਕਮ ਦੇ ਦਿੱਤਾ।

ਫਿਰ ਅਗਲੇ ਤਿੰਨ ਦਿਨਾਂ ਤੱਕ ਲਗਾਤਾਰ ਮੀਂਹ ਪੈਂਦਾ ਰਿਹਾ, ਖਾਲਸਾ ਫੌਜ ਜਨਰਲ ਗੱਫ਼ ਦੀਆਂ ਫੌਜਾਂ ਦੀ ਉਡੀਕ ਕਰਦੀ ਰਹੀਂ, ਪਰ ਉਹ ਭਾਰੀ ਨੁਕਸਾਨ ਕਾਰਨ ਮੈਦਾਨ ਛੱਡ ਕੇ ਪਿੱਛੇ ਹੱਟ ਚੁੱਕੇ ਸਨ। ਇਸ ਤਰਾਂ ਸਿੱਖ ਰਾਜ ਪੰਜਾਬ ਦੀਆਂ ਖਾਲਸਾ ਫੌਜਾਂ ਨੇ ਉਸ ਸਮੇਂ ਦੁਨੀਆਂ ਦੀ ਸਭ ਤੋਂ ਤਾਕਤਵਰ ਬਰਤਾਨਵੀ ਫੌਜ ਅਤੇ ਉਸ ਦੀ ਹਮਾਇਤੀ ਹਿੰਦੋਸਤਾਨ ਦੀਆਂ ਸਾਂਝੀਆਂ ਫੌਜਾਂ ਉੱਤੇ ਇਤਿਹਾਸਕ ਜਿੱਤ ਦਰਜ਼ ਕੀਤੀ। ਇਸ ਲੜਾਈ’ਚ ਇੱਕ ਗੱਲ ਦਾ ਜ਼ਿਕਰ ਕਰਨਾ ਬਣਦਾ ਹੈ ਕਿ ਖਾਲਸਾ ਫੌਜ ਵੱਲੋਂ ਇਸ ਵਾਰ ਖਾਲਸਾ ਰਾਜ ਦੇ ਵਫ਼ਾਦਾਰ ਸਰਦਾਰ ਹੀ ਲੜ ਰਹੇ ਹਨ; ਕੋਈ ਗਦਾਰ ਇਸ ਲੜਾਈ ਵਿਚ ਨਹੀਂ ਸੀ।

ਨੁਕਸਾਨ

ਚੇਲਿਆਵਾਲਾਂ ਦੀ ਇਸ ਲੜਾਈ ਵਿਚ ਬਰਤਾਨਵੀ ਫੌਜਾਂ ਦਾ ਐਨਾ ਜ਼ਿਆਦਾ ਨੁਕਸਾਨ ਹੋਇਆ ਕਿ

ਭਾਰਤੀ ਉਪ-ਮਹਾਂਦੀਪ ਉੱਤੇ ਦੋ ਸਦੀਆਂ ਤੋਂ ਵੱਧ ਦੇ ਰਾਜਕਾਲ ਦੌਰਾਨ ਲੜੀਆਂ ਗਈਆਂ ਲੜਾਈਆਂ ਵਿਚ ਉਹਨਾਂ ਦਾ ਐਨਾ ਨਹੀਂ ਸੀ ਹੋਇਆ। ਇਸ ਲੜਾਈ ਜਨਰਲ ਗੱਫ਼ ਦੀ ਫੌਜ ਦੇ ਲੱਗਭਗ 2800 ਫੌਜੀ ਮਾਰੇ ਗਏ ਸਨ, ਜਿਨਾਂ ਵਿਚ 132 ਅਫ਼ਸਰ ਵੀ ਸਨ। ਪੈਨੀਕਊਲ ਬਰਗੇਡ ਦੀ ਐਚ.ਐਮ 25ਵੀਂ ਰੈਜੀਮੈਂਟ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਇਸ ਦੇ 590 ਫੌਜੀ ਮਾਰੇ ਗਏ ਸਨ; ਜਿਸ ਵਿੱਚ 14 ਅਫ਼ਸਰ ਵੀ ਸਨ। ਜਨਰਲ ੳਨੈਟ ਦੀ ਐਚ. ਐਮ. ਤੀਜੀ ਕਿੰਗਜ ਓਨ ਲਾਈਟ ਡਰੈਗਨ ਲੱਗਭਗ ਸਾਰੀ ਫੱਟੜ ਹੋ ਚੁੱਕੀ ਸੀ। ਬਰਗੇਡੀਅਰ ਪੋਪ ਖੁੱਦ ਆਮ ਇਸ ਲੜਾਈ’ਚ ਬੁਰੀ ਤਰਾਂ ਫੱਟੜ ਹੋ ਗਿਆ ਸੀ। 14ਵੀਂ ਕਿੰਗਜ ਲਾਈਟ ਡਰੈਗਨ ਦਾ ਅਫਸਰ ਜਨਰਲ ਕਊਰਟਨ ਇਸ ਲੜਾਈ ਵਿਚ ਮਾਰਿਆ ਗਿਆ, ਉਸ ਦਾ ਪਿਤਾ ਬਰਗੇਡੀਅਰ ਕਊਰਟਨ ਰਾਮਨਗਰ ਦੀ ਲੜਾਈ ਵਿਚ ਮਾਰਿਆ ਗਿਆ ਸੀ।

ਸਿੱਖ ਫੌਜ ਦਾ ਵੀ ਭਾਰੀ ਨੁਕਸਾਨ ਹੋਇਆ, ਅੰਦਾਜ਼ੇ ਮੁਤਾਬਿਕ ਇਹ ਨੁਕਸਾਨ ਹਜ਼ਾਰਾਂ ਵਿਚ ਹੋ ਸਕਦਾ ਹੈ ਪਰ ਕਿਤੇ ਵੀ ਸਿੱਖਾਂ ਵੱਲੋਂ ਇਹ ਅੰਕੜੇ ਦਰਜ਼ ਨਹੀਂ ਕੀਤੇ ਗਏ।

ਲੜਾਈ ਤੋਂ ਬਾਅਦ

* ਬਰਤਾਨਵੀ ਪ੍ਰੈਸ ਅਤੇ ਬਰਤਾਨਵੀ ਲੋਕ ਇਸ ਭਿਆਨਕ ਲੜਾਈ ਤੋਂ ਬਾਅਦ ਸਹਿਮ ਗਏ ਸਨ। ਬਰਤਾਨਵੀ ਸਰਕਾਰ ਨੇ ਜਨਰਲ ਗੱਫ਼ ਦੀ ਥਾਂ ਕਮਾਂਡਰ ਇਨ ਚੀਫ਼ ਬੁਜ਼ਰਗ ਅਫ਼ਸਰ ਲੋਰਡ ਨੈਪੀਅਰ ਨੂੰ ਲਗਾਉਣ ਦਾ ਫੈਸਲਾ ਕਰ ਲਿਆ ਸੀ।

* ਬਰਤਾਨਵੀ ਪਾਰਲੀਮੈਂਟ ਵਿਚ ਇਸ ਲੜਾਈ ਵਿਚ ਹੋਏ ਨੁਕਸਾਨ ਕਾਰਨ ਮਾਤਮ ਮਨਾਇਆ ਗਿਆ।

* ਐਡਵਿਨ ਆਰਨਲਡ ਨੇ ਇਸ ਲੜਾਈ ਵਾਰੇ ਲਿਿਖਆ ਕਿ ਜੇ ਸਿੱਖ ਅਜਿਹੀ ਇੱਕ ਹੋਰ ਲੜਾਈ ਜਿੱਤ ਜਾਂਦੇ ਤਾਂ ਬਰਤਾਨੀਆਂ ਨੇ ਪੰਜਾਬ ਵੱਲ ਮੂੰਹ ਨਹੀਂ ਕਰਨਾ ਸੀ।

* ਜਰਨਲ ਥੈਕਵਿਲ ਨੇ ਕਿਹਾ ਕਿ: ਮੇਰਾ ਖ਼ਿਆਲ ਹੈ ਕਿ ਇਸ ਮਹਾਂਨਾਸ ਵਿੱਚੋਂ ਮੇਰਾ ਇੱਕ ਵੀ ਸਿਪਾਹੀ ਨਹੀਂ ਸੀ ਬਚਿਆ। ਬਰਤਾਨਵੀ ਫੌਜ ਸਿੱਖ ਫ਼ੌਜੀਆਂ ਤੋਂ ਐਨੀ ਡਰ ਗਈ ਸੀ ਉਹ ਮੈਦਾਨ ਵਿੱਚੋਂ ਇੰਝ ਭੱਜੇ ਜਿਵੇਂ ਭੇਡਾਂ ਆਪਣੀ ਜਾਨ ਬਚਾ ਕੇ ਭੱਜਦੀਆਂ ਹਨ।

5 1 vote
Article Rating
Subscribe
Notify of
1 ਟਿੱਪਣੀ
Oldest
Newest Most Voted
Inline Feedbacks
View all comments
1
0
Would love your thoughts, please comment.x
()
x