ਖਾੜਕੂ ਸੰਘਰਸ਼ ਦੀ ਸਾਖੀ: ਅਣਜਾਣੇ, ਅਣਗੌਲੇ ਅਤੇ ਸਿਦਕੀ ਯੋਧੇ

ਖਾੜਕੂ ਸੰਘਰਸ਼ ਦੀ ਸਾਖੀ: ਅਣਜਾਣੇ, ਅਣਗੌਲੇ ਅਤੇ ਸਿਦਕੀ ਯੋਧੇ

ਸਿੱਖ ਗੁਰੂਆਂ ਵੱਲੋਂ ਸਰਬੱਤ ਦੇ ਭਲੇ ਲਈ ਦਿੱਤੀਆਂ ਕੁਰਬਾਨੀਆਂ ਇਤਿਹਾਸ ਵਿੱਚ ਸੁਨਹਿਰੇ ਅੱਖਰਾਂ ਨਾਲ ਦਰਜ ਹਨ। ਸਿੱਖ ਪੰਥ ਦੇ ਵਿਹੜੇ ਸ਼ਹਾਦਤਾਂ ਦੀ ਇੱਕ ਲੰਮੀ ਦਾਸਤਾਨ ਹੈ। ਇਹਨਾਂ ਸ਼ਹਾਦਤਾਂ ਨੇ ਬਿਪਰਵਾਦ ਵਿਰੁੱਧ ਸਦੀਆਂ ਤੋਂ ਦੱਬੇ ਲੋਕਾਂ ਨੂੰ ਅਣਖ ਅਤੇ ਸ੍ਵੈ-ਮਾਣ ਵਾਲਾ ਜੀਵਨ ਜਿਊਣ ਦੀ ਜਾਚ ਸਿਖਾਉਣ ਦੇ ਨਾਲ ਇਕ ਅਜਿਹੀ ਕੌਮ ਦਾ ਨਿਰਮਾਣ ਕੀਤਾ ਜਿਸਦੀ ਬਹਾਦਰੀ ਦੀ ਚਰਚਾ ਸੰਸਾਰ ਭਰ ਵਿੱਚ ਕੀਤੀ ਜਾਂਦੀ ਹੈ। ਇਸੇ ਕੌਮ ਨੂੰ ਅਣਖ ਤੇ ਕੁਰਬਾਨੀ ਸਦਕਾ ਸੰਸਾਰ ਭਰ ਵਿੱਚ ਸਤਿਕਾਰ ਦੇ ਨਾਲ ਸਿੱਖ ਅਰਦਾਸ ਵਿੱਚ ਹਰ ਵੇਲੇ ਸਿਜਦਾ ਕੀਤਾ ਜਾਂਦਾ ਹੈ। ਸਿੱਖ ਕੌਮ ਦੀ ਸਰਬੱਤ ਦੇ ਭਲੇ ਲਈ ਕੀਤੀਆਂ ਕੁਰਬਾਨੀਆਂ ਕਾਰਨ ਵਿਸ਼ਵ ਪੱਧਰ ਤੇ ਵੱਖਰੀ ਪਛਾਣ ਹੈ ਤੇ ਸਿੱਖ ਕੌਮ ਕੋਲ ਕੁਰਬਾਨੀ ਭਰੇ ਉਹ ਸਾਕੇ ਹਨ ਜਿਹਨਾਂ ਦੀ ਮਿਸਾਲ ਸੰਸਾਰ ਦੇ ਇਤਿਹਾਸ ਵਿੱਚ ਕਿਧਰੇ ਨਹੀਂ ਮਿਲਦੀ।

ਸਿੱਖ ਧਰਮ ਵਿੱਚ ਸ਼ਹੀਦ ਆਪਣੇ ਧਰਮ ਦੀ ਖਾਤਰ ਕੁਰਬਾਨੀ ਦੇ ਕੇ ਆਪਣੇ ਧਰਮ ਦੇ ਲੋਕਾਂ ਵਾਸਤੇ ਆਤਮਿਕ ਸ਼ਕਤੀ ਅਤੇ ਪ੍ਰੇਰਨਾ ਦੇ ਸ੍ਰੋਤ ਬਣਦੇ ਰਹੇ ਹਨ। ਸਿੱਖ ਧਰਮ ਵਿੱਚ ਸ਼ਹਾਦਤ ਦਾ ਸੰਕਲਪ ਬਾਕੀ ਧਰਮਾਂ ਅਤੇ ਮਤਾਂ ਨਾਲੋਂ ਵੱਖਰਤਾ ਰੱਖਦਾ ਹੈ। ਸ਼ਹੀਦ ਅਤੇ ਸ਼ਹਾਦਤ ਅਰਬੀ ਭਾਸ਼ਾ ਦੇ ਸ਼ਬਦ ਹਨ। ਸ਼ਹੀਦ ਦਾ ਭਾਵ ਗਵਾਹ ਅਤੇ ਸ਼ਹਾਦਤ ਤੋਂ ਭਾਵ ਸੱਚ ਦੀ ਗਵਾਹੀ ਮੰਨਿਆ ਗਿਆ ਹੈ। ਸਿੱਖ ਪੰਥ ਦਾ ਇਤਿਹਾਸ ਸ਼ਹਾਦਤਾਂ ਦਾ ਇਤਿਹਾਸ ਹੈ। ਸਰਬੱਤ ਦੇ ਭਲੇ ਲਈ ਤੁਰੇ ਪਾਂਧੀ ਲੋਕਾਈ ਦੀ ਮਤਿ ਨੂੰ ਉੱਚਾ ਚੁੱਕਣ ਲਈ, ਹਕੂਮਤੀ ਜਬਰ-ਜ਼ੁਲਮ ਵਿਰੁੱਧ ਡੱਟ ਕੇ ਨਿਸ਼ਕਾਮ ਭਾਵਨਾ ਨਾਲ ਗੁਰੂ ਦੀ ਬਖਸ਼ਿਸ ਸਦਕਾ ਸ਼ਹਾਦਤ ਦੇ ਰਾਹ ਤੁਰਦੇ ਹਨ। “ਸ਼ਹਾਦਤ ਦਾ ਮੁਕਾਮ ਸਚਿ ਖੰਡ ਵਿਚ ਨਿਵਾਸ ਹੈ। ਸ਼ਹਾਦਤ ਅਕਾਲ ਪੁਰਖ ਦੀ ਮੇਹਰ ਹੈ, ਜਿਸ ਦੀ ਬਖ਼ਸ਼ਿਸ਼ ਵਿਰਲੇ ਪੁਰਖਾਂ ‘ਪਰ ਹੀ ਹੁੰਦੀ ਹੈ। ਸ਼ਹਾਦਤ ਚਿਰਾਂ ਦੀ ਬੰਦਗੀ ਦੀ ਉਹ ਘੜੀ ਹੈ, ਉਹ ਵੇਲਾ ਹੈ, ਜਿਸ ਦੀ ਸੰਪੂਰਨਤਾ ਦੀ ਅਰਦਾਸ ਇਕ ਸੱਚਾ ਸਿੱਖ ਹੀ ਕਰ ਸਕਦਾ ਹੈ, ਜਿਸ ਨੇ ‘ਪਹਿਲਾ ਮਰਣੁ ਕਬੂਲਿ’ ਨੂੰ ਸੇਵਿਆ ਹੈ। ਸ਼ਹਾਦਤ ਸੁਰਤਿ ਦੀ ਉਚਾਈ ਦਾ ਪ੍ਰਕਾਸ਼ ਹੈ, ਜਿਸ ਵਿਚ ਉਮਰ ਕੋਈ ਮਾਇਨੇ ਨਹੀਂ ਰੱਖਦੀ”। ਸ਼ਹੀਦ ਮਨੁੱਖ ਜਾਤੀ ਦੇ ਧਾਰਮਿਕ ਮਾਮਲੇ, ਭਾਈਚਾਰਕ ਸਾਝਾਂ, ਰਾਜਨੀਤਿਕ ਹੱਕਾਂ ਅਤੇ ਸੱਚਾਈ, ਇਮਾਨਦਾਰੀ, ਇਨਸਾਫ਼, ਨੇਕੀ, ਹੱਕ ਅਤੇ ਅਸਲੀਅਤ ਉੱਤੇ ਬੇਇਨਸਾਫੀ, ਧੱਕੇ ਅਤੇ ਜਬਰ ਵਿਰੁੱਧ ਡੱਟ ਕੇ ਹਕੂਮਤੀ ਜਬਰ ਸਹਿ ਕੇ ਆਪਣੀ ਜਾਨ ਉੱਤੇ ਖੇਡ ਜਾਂਦੇ ਹਨ।

ਸ਼ਹੀਦ ਦ੍ਰਿੜ ਇਰਾਦੇ ਦੇ ਮਾਲਕ ਅਤੇ ਅਟੱਲ ਵਿਸ਼ਵਾਸ ਦੇ ਜਾਏ ਹਨ ਜਿਹਨਾਂ ਦਾ ਭਰਮ ਅਤੇ ਡਰ ਔਗੁਣਾਂ ਨਾਲ ਵਾਹ ਵਾਸਤਾ ਨਹੀਂ ਹੁੰਦਾ। ਦੇਖਿਆ ਜਾਵੇ ਤਾਂ ਭਰਮ ਕਰਨ ਵਾਲਾ ਮਨੁੱਖ ਸ਼ਹਾਦਤ ਦੇ ਰਾਹ ਕਿਵੇਂ ਤੁਰ ਸਕੇਗਾ ਅਤੇ ਡਰਨ ਵਾਲਾ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕਿਵੇਂ ਡੱਟ ਸਕਦਾ ਹੈ? ਇਸ ਲਈ ਸ਼ਹੀਦ ਇਹਨਾਂ ਦੋਨਾਂ ਔਗੁਣਾਂ ਦਾ ਤਿਆਗੀ ਹੁੰਦਾ ਹੈ। ਭਾਈ ਗੁਰਦਾਸ ਜੀ ਲਿਖਦੇ ਹਨ,

ਸਾਬਰੁ ਸਿਦਕਿ ਸਹੀਦੁ ਭਰਮ ਭਉ ਖੋਵਣਾ ।

‘ਖਾੜਕੂ ਸੰਘਰਸ਼ ਦੀ ਸਾਖੀ’ ਉਹਨਾਂ ਸ਼ਹੀਦਾਂ ਦੀ ਗਾਥਾ ਹੈ ਜਿਹਨਾਂ ਨੇ ਭਾਰਤੀ ਹਕੂਮਤ ਨਾਲ ਆਢਾ ਲੈ ਕੇ ਲਹੂ ਭਿੱਜੇ ਕਾਰਨਾਮਿਆਂ ਨਾਲ ਪੰਥ ਅਤੇ ਪੰਜਾਬ ਦੇ ਭਲੇ ਲਈ ਸ਼ਹਾਦਤ ਦਿੱਤੀ। ਇੱਕ ਦਹਾਕੇ ਤੋਂ ਵੱਧ ਸਮਾਂ ਪੰਜਾਬ ਦੀ ਰਾਜਨੀਤੀ ਤੇ ਛਾਈ ਰਹੀ ਖਾੜਕੂ ਧਿਰ ਦਾ ਇਤਿਹਾਸ ਅਦੁੱਤੀ ਹੈ। ਇਹ ਸਾਖੀ ਉਹਨਾਂ ਯੋਧਿਆਂ ਦਾ ਇਤਿਹਾਸ ਹੈ ਜੋ ਅਣਜਾਣ ਰਹਿੰਦੇ ਹਨ ਅਤੇ ਖਾੜਕੂ ਸੰਘਰਸ਼ ਵਿੱਚ ਉਹਨਾਂ ਦੇ ਯੋਗਦਾਨ ਨੂੰ ਅਣਗੌਲਿਆ ਜਾਂਦਾ ਹੈ। ਇਹ ਕਿਤਾਬ ਉਹਨਾਂ ਨਾਮਵਰ ਸਿੰਘਾਂ-ਸਿੰਘਣੀਆਂ ਦੇ ਅਥਾਹ ਯੋਗਦਾਨ ਨੂੰ ਪਛਾਣਨ ਦੀ ਇੱਕ ਨਿਮਾਣੀ ਜਿਹੀ ਕੋਸ਼ਿਸ ਵਜੋਂ ਸਾਹਮਣੇ ਆਉਂਦੀ ਹੈ ਜਿਹਨਾਂ ਨੂੰ ਅਸੀਂ ਹਰ ਰੋਜ਼ ਅਰਦਾਸ ਵਿੱਚ ਯਾਦ ਕਰਦੇ ਹਾਂ। ਇਹ ਕਿਤਾਬ ਇੱਕ ਬਦਲਵੇਂ ਦ੍ਰਿਸ਼ਟੀਕੋਣ ਵਜੋਂ ਸਾਖੀ ਸਾਹਿਤ ਦੀ ਵਰਤੋਂ ਕਰਦੀ ਹੋਈ ਇਤਿਹਾਸ ਨੂੰ ਬਿਆਨ ਕਰਨ ਦੀ ਪ੍ਰੰਪਰਾ ਨੂੰ ਅੱਗੇ ਤੋਰਦੀ ਹੈ। ਇਹ ਕਿਤਾਬ ਸੰਘਰਸ਼ ਦੀ ਬੇਮਿਸਾਲ ਸੱਚਾਈ ਨੂੰ ਸੁਰੱਖਿਅਤ ਕਰਨ ਦੇ ਨਾਲ ਇਸ ਦੀ ਭਾਵਨਾ ਨੂੰ ਫੜਨ ਵਿੱਚ ਸਫਲਤਾ ਹਾਸਿਲ ਕਰਦੀ ਹੈ।

ਸਾਖੀਕਾਰ ਨੇ ਇਤਿਹਾਸ ਨੂੰ ਸਾਖੀ ਰੂਪ ਵਿੱਚ ਪੇਸ਼ ਕਰਨ ਲਈ ਤੱਥ-ਦਲੀਲ ਦੇ ਨਾਲ ਨਿੱਜੀ ਤਜ਼ਰਬਿਆਂ ਅਤੇ ਖਾੜਕੂ ਲਹਿਰ ਦੇ ਸਿੰਘਾਂ-ਸਿੰਘਣੀਆਂ ਨੂੰ ਬੁਣਿਆ ਹੈ। ਇਹ ਸਾਖੀਆਂ ਉਹਨਾਂ ਬੇਨਾਮ, ਅਣਜਾਣੇ ਅਤੇ ਅਣਗੌਲੇ ਸਿੰਘਾਂ-ਸਿੰਘਣੀਆਂ ਦਾ ਇਤਿਹਾਸ ਹੈ ਜਿਹਨਾਂ ਨੇ ਨਿਮਰਤਾ, ਸਬਰ-ਸੰਤੋਖ, ਗੰਭੀਰ ਸੀਰਤ, ਉੱਜਲ ਅਨਾਮ ਕਿਰਦਾਰ, ਗੁਰੂ ਉੱਤੇ ਅਟੁੱਟ ਭਰੋਸਾ, ਦ੍ਰਿੜਤਾ ਨਾਲ ਚੁੱਪ-ਚਪੀਤੇ ਪੂਰੀ ਸਹਿਜਤਾ ਨਾਲ ਸੇਵਾ ਕਰਕੇ ਅਖੀਰ ਤੱਕ ਪੰਥ ਨਾਲ ਵਫਾ ਪਾਲੀ।

ਖਾੜਕੂ ਯੋਧਿਆਂ ਸਾਹਮਣੇ ਸਚਾਈ ਅਤੇ ਇਨਸਾਫ਼ ਹੁੰਦਾ ਹੈ। ਜਿੱਥੇ ਵੀ ਇਹਨਾਂ ਨੇ ਧੱਕਾ, ਵਧੀਕੀ ਅਤੇ ਜਬਰ ਹੁੰਦੇ ਦੇਖਿਆ ਉੱਥੇ ਹੀ ਉਸ ਕੂੜ ਵਿਰੁੱਧ ਡੱਟ ਜਾਂਦੇ ਹਨ। ਇਹਨਾਂ ਖਾੜਕੂ ਯੋਧਿਆਂ ਦੀ ਦਲੇਰੀ, ਦ੍ਰਿੜ੍ਹਤਾ ਤੇ ਨਿਧੱੜਕਤਾ ਦੇ ਕਾਇਲ ਉਹ ਲੋਕ ਵੀ ਸਨ ਜਿਹਨਾਂ ਦਾ ਖਾੜਕੂ ਲਹਿਰ ਨਾਲ ਕੋਈ ਵਾਹ ਵਾਸਤਾ ਨਹੀਂ ਸੀ, ਜੋ ਇਸ ਵਾਪਰ ਰਹੇ ਸਾਰੇ ਵਰਤਾਰੇ ਤੋਂ ਅਣਜਾਣ ਸਨ।

‘ਖਾੜਕੂ ਸੰਘਰਸ਼ ਦੀ ਸਾਖੀ’ ਰਾਹੀ ਖਾੜਕੂ ਲਹਿਰ ਦੀਆਂ ਅੰਤਰਮੁਖੀ ਅਤੇ ਬਾਹਰਮੁਖੀ ਹਾਲਾਤਾਂ ਦੇ ਪਏ ਮੋੜਿਆਂ ਨੂੰ ਪੂਰੀ ਸਪੱਸ਼ਟਤਾ ਦੇ ਨਾਲ ਮਹਿਸੂਸ ਕਰ ਕੇ ਸਮਝਿਆ ਜਾ ਸਕਦਾ ਹੈ। ਖਾੜਕੂ ਲਹਿਰ ਨੇ ਭਾਰਤੀ ਹਕੂਮਤ ਦੇ ਫ਼ਿਰਕੂ ਕਿਰਦਾਰ ਨੂੰ ਨੰਗਾ ਕਰਕੇ ਆਜ਼ਾਦੀ ਦਾ ਮੁੱਦਾ ਸਿਆਸੀ ਏਜੰਡੇ ‘ਤੇ ਲਿਆਂਦਾ ਹੈ ਅਤੇ ਆਜ਼ਾਦੀ ਦੀ ਪ੍ਰਾਪਤੀ ਲਈ ਕੌਮ ਅੰਦਰ ਜਾਗ੍ਰਿਤੀ ਪੈਦਾ ਕੀਤੀ। ਖਾੜਕੂ ਲਹਿਰ ਪ੍ਰਤੀ ਪੈਦਾ ਹੋਈਆਂ ਗਲਤਫਹਿਮੀਆਂ ਅਤੇ ਸ਼ੰਕਿਆਂ ਪ੍ਰਤੀ ਉਤਪੰਨ ਹੋਏ ਭਾਰਤੀਆਂ ਦੇ ਮਨਾਂ ਵਿਚਲੇ ਸਵਾਲਾਂ ਦੇ ਜਵਾਬ ਦੇਣ ਵਿੱਚ ਇਹ ਕਿਤਾਬ ਸਫਲ ਹੋਈ ਹੈ। ਇਸ ਕਿਤਾਬ ਰਾਹੀ ਉਹ ਤੱਤ ਵੀ ਸਾਹਮਣੇ ਆਏ ਹਨ ਜੋ ਪਹਿਲਾਂ ਖਾੜਕੂ ਲਹਿਰ ਦੇ ਸਮਰਥਕ ਸਨ ਪਰ ਬਾਦ ਵਿੱਚ ਪੁਲਿਸ ਦੇ ਤਸ਼ਦੱਦ, ਅਣਮਨੁੱਖੀ ਵਿਵਹਾਰ, ਜ਼ੁਲਮਾਂ ਤੇ ਲਹਿਰ ਦੇ ਕੁਝ ਅੰਦਰੂਨੀ ਨੁਕਸਾਂ ਅਤੇ ਗਲਤਫਹਿਮੀ ਜਾਂ ਨਿੱਜੀ ਵਿਰੋਧ ਕਾਰਨ ਸਿੰਘਾਂ ਚ ਆਪਸੀ ਵਖਰੇਵੇਂ ਕਾਰਨ ਤੰਗ ਆ ਕੇ ਲਹਿਰ ਤੋਂ ਆਪਣੇ ਆਪ ਨੂੰ ਦੂਰ ਕਰ ਗਏ। ਇਸ ਦਾ ਅੰਦਾਜ਼ਾ ਸਰਕਾਰ ਵੱਲੋਂ ਸਮਝੌਤੇ ਅਤੇ ਹਥਿਆਰਬੰਦ ਲਹਿਰ ਨੂੰ ਸੱਤਾ ਦੇ ਸੰਘਰਸ਼ ਵਿੱਚ ਉਲਝਾਉਣ ਦੀ ਨਾ-ਕਾਮਯਾਬ ਕੋਸ਼ਿਸ ਕਰਨ ਤੋਂ ਸਾਹਮਣੇ ਆਇਆ। ਪੁਲਿਸ ਦੇ ਸ਼ਿਕੰਜੇ ਵਿੱਚੋਂ ਛੁਟਣ ਵਿੱਚ ਕਾਮਯਾਬ ਹੋਏ ਕੁਝ ਸਿੰਘਾਂ ਨੇ ਲੋਕਾਂ ਵਿੱਚ ਪ੍ਰਚੱਲਤ ਕਲੰਕ ਦੇ ਡਰੋਂ ਪੰਜਾਬ ਛੱਡ ਕੇ ਜਾਣ ਵਿੱਚ ਆਪਣੀ ਭਲਾਈ ਸਮਝੀ। ਪਰਦੇਸ ਵੱਸਣ ਵੇਲੇ ਆਪਣੀ ਅਸਲ ਪਹਿਚਾਣ ਲੁਕੋ ਕੇ ਦਿਹਾੜੀ ਮਜ਼ਦੂਰੀ ਕਰਨੀ ਅਤੇ ਅਖੀਰ ਵਾਪਸ ਨਾ ਮੁੜਨਾ ਤ੍ਰਾਸਦੀ ਦੇ ਉਹ ਬਿੰਬ ਹਨ ਜਿਹਨਾਂ ਦੇ ਸਿਦਕ ਵਿੱਚ ਕਚਿਆਈ ਰਹਿ ਗਈ।

ਬਹੁਤੇ ਜੁਝਾਰੂ ਸਿੰਘ ਬਹੁਤ ਸਥਾਪਿਤ ਜਾਂ ਜਾਗੀਰਦਾਰ ਘਰਾਣਿਆਂ ਵਿੱਚੋਂ ਨਹੀਂ ਸਨ। ਇਹ ਜਨ ਸਾਧਾਰਨ ਦੇ ਆਮ ਕਿਰਤੀ ਸਿੱਖ ਸਨ। ਇਹਨਾਂ ਜੁਝਾਰੂ ਸਿੰਘਾਂ ਦੀ ਮਹਾਨਤਾ ਇਹਨਾਂ ਦੇ ਗੁਰੂ ਨੂੰ ਸਮਰਪਿਤ ਹੋਣ ਵਿੱਚ ਨਜ਼ਰ ਆਉਂਦੀ ਹੈ। “ਸਮਰਪਣ ਦਾ ਹੀ ਸਿਧਾਂਤਕ ਪ੍ਰਸੰਗ ਅਰਦਾਸ ਵਜੋਂ ਜਾਣਿਆ ਜਾਂਦਾ ਹੈ। ਅਰਦਾਸ ਨਾਲ ਜੁੜਨਾ ਹੈ ਅਤੇ ਅਰਦਾਸ ਦੇ ਸੰਗਤੀ ਰੂਪ ਦੀ ਪ੍ਰਮੁੱਖਤਾ ਪ੍ਰਵਾਨ ਕੀਤੀ ਹੋਈ ਹੈ। ਅਰਦਾਸ ਦਾ ਸਮਾਂ ਅਜਿਹਾ ਪਵਿੱਤਰ ਅਵਸਰ ਹੈ ਜਦੋਂ ਵਿਸ਼ਵਾਸ ਅਤੇ ਅਕਾਂਖਿਆਵਾਂ ਸਮਸ੍ਵਰ ਮੰਨੀਆਂ ਗਈਆਂ ਹੁੰਦੀਆਂ ਹਨ। ਇਸ ਸਮਸ੍ਵਰ ਤੋਂ ਵਿਰਵੇ ਵਿਅਕਤੀ ਨੂੰ ਦਸਮ ਪਾਤਸ਼ਾਹ ਨਾਲ ਜੁੜੀ ਹੋਈ ਸਾਖੀ ਮੁਤਾਬਕ ਹਾਜ਼ਰ ਹੋਣ ਤੇ ਵੀ ਗੈਰ-ਹਾਜ਼ਰ ਪ੍ਰਵਾਨ ਕੀਤਾ ਗਿਆ ਹੈ। ਅਰਦਾਸ ਨਿਹਫਲ ਵੀ ਨਹੀਂ ਜਾਂਦੀ ਅਤੇ ਭੰਗ ਵੀ ਨਹੀਂ ਹੁੰਦੀ। ਲਫਜ਼ਾਂ ਦੀ ਗਿਣਤੀ ਅਤੇ ਸੁਰਤਿ ਤੇ ਅਗਮ-ਅਗੋਚਰ ਬੋਲਾਂ ਦੇ ਪੱਖੋਂ ਵੇਖਿਆ ਗੁਰੂ ਗ੍ਰੰਥ ਸਾਹਿਬ ੴ ਤੋਂ ‘ਤਨੁ ਮਨੁ ਥੀਵੈ ਹਰਿਆ’ ਤੱਕ ਇਕ ਲੰਮੀ ਅਰਦਾਸ ਹੈ। ਬੇਵਸੀ ਦੇ ਅਹਿਸਾਸ ਵਿੱਚੋਂ ਨਿਮਰਤਾ ਮੌਲਦੀ ਹੈ, ਬਖਸ਼ਿਸ ਦੇ ਭਰੋਸੇ ਤੋਂ ਸਿਦਕ ਪੱਕਦਾ ਹੈ ਅਤੇ ਸ਼ਰਨ ਪੈਣ ਦੀ ਇੱਛਾ ਥੀ ਆਤਮ-ਸਮਰਪਣ ਦਾ ਅਮਲ ਜਾਗਦਾ ਹੈ। ਆਜਿਜ਼ ਤੇ ਮਸਕੀਨ ਹੋ ਕੇ ਮਨੁੱਖ ਦਾ, ਉਸ ਮਾਲਕ ਅੱਗੇ ਗਿੜ-ਗਿੜਾ ਕੇ ਮੰਗਣਾ, ਤਰਲੇ ਨਾਲ ਪੁਕਾਰ ਕਰਨੀ ਤੇ ਹਾੜਿਆਂ ਨਾਲ ਅਰਜ਼ ਕਰਨੀ ਸੱਚੀ ਅਰਦਾਸ ਹੈ। ਅਰਦਾਸ ਦਾ ਆਰੰਭ ਵਾਹਿਗੁਰੂ ਦੀ ਸਿਮਰਤੀ ਨਾਲ ਹੁੰਦਾ ਹੈ ਅਤੇ ਅਖ਼ੀਰ ਸਰਬੱਤ ਦੇ ਭਲੇ ਨਾਲ ਮੂਰਤੀਮਾਨ ਹੁੰਦਾ ਹੈ।

ਸਾਖੀਕਾਰ ਅਨੁਸਾਰ ਇਹੀ ਅਰਦਾਸ ਸਿੱਖ ਜਗਤ ਦੀ ਸਮੂਹਿਕ ਅਰਦਾਸ ਸੀ ਜਿਸਨੇ ਸੰਘਰਸ਼ ਦੌਰਾਨ ਕੌਮ ਦੇ ਵਿਹੜੇ ਵਿਚ ਪਸਰੀ ਵਿਚਾਰਧਾਰਕ ਵੀਰਾਨਗੀ, ਕੌਮ ਦੇ ਨੈਤਿਕ ਨਿਘਾਰ ਅਤੇ ਰੂਹਾਨੀ ਗੁਰਬਤ ਦੀਆਂ ਅਲਾਮਤਾਂ ਨਾਲ ਬਿਪਰਧਾਰਾ ਦੇ ਪੈਰੋਕਾਰਾਂ, ਸਰਕਾਰੀ ਤੰਤਰ ਨੂੰ ਸਪਸ਼ਟ ਚੁਣੌਤੀ ਦੇ ਕੇ ਜੁਝਾਰੂ ਸਿੰਘਾਂ-ਸਿੰਘਣੀਆਂ ਦਾ ਸਾਥ ਦਿੱਤਾ। ਅਤੇ ਮੁੜ ਸਿੱਖ ਜਗਤ ਦੀ ਇਸੇ ਸਮੂਹਿਕ ਅਰਦਾਸ ਨੇ ਸਾਖੀਕਾਰ ਨੂੰ ਖਾੜਕੂ ਇਤਿਹਾਸ ਨੂੰ ਕਲਮਬੱਧ ਕਰਨ ਦੀ ਤਾਕਤ ਬਖਸ਼ੀ। ਖਾੜਕੂ ਇਤਿਹਾਸ ਦੀ ਗਾਥਾ ਲੰਮੇਰੀ ਅਤੇ ਨਾ ਮੁੱਕਣ ਵਾਲੀ ਬਾਤ ਦੀ ਤਰ੍ਹਾਂ ਵਗਦੇ ਵਿਸ਼ਾਲ ਸਮੁੰਦਰ ਵਾਂਗ ਬੇਅੰਤ ਹੈ। ਇਹ ਗਾਥਾ ਉਹਨਾਂ ਸਿੱਖ ਨੌਜਵਾਨਾਂ ਦੀ ਹੈ ਜਿਹਨਾਂ ਨੇ ਭਾਰਤੀ ਹਕੂਮਤ ਅਤੇ ਪੁਲਿਸ ਦਾ ਵਿਰੋਧ ਕਰਦਿਆਂ ਪੂਰੀ ਤਰ੍ਹਾਂ ਜਮਹੂਰੀ ਜਾਬਤੇ ਵਿੱਚ ਰਹਿ ਕੇ ਆਪਣੇ ਆਪ ਨੂੰ ਸ਼ਾਂਤਮਈ ਰੱਖਿਆ।

ਸਾਖੀਆਂ ਗਵਾਹੀ ਭਰਦੀਆਂ ਹਨ ਕਿ ਖਾੜਕੂ ਸਿੰਘਾਂ ਦਾ ਕਾਲੀਆਂ ਰਾਤਾਂ ਨਾਲ ਡੂੰਘਾ ਰਿਸ਼ਤਾ ਰਿਹਾ ਹੈ। ਕਾਲੀਆਂ ਹਨੇਰੀਆਂ ਰਾਤਾਂ ਵਿੱਚ ਖਾੜਕੂ ਸਿੰਘਾਂ ਦੀ ਹੋਣੀ ਦੇ ਫੈਸਲੇ ਹੁੰਦੇ ਰਹੇ ਹਨ ਅਤੇ ਇਹਨਾਂ ਕਾਲੀਆਂ ਰਾਤਾਂ ਦੀ ਪੀੜ ਦੇ ਅਹਿਸਾਸ ਅਗਲੇ ਦਿਨਾਂ ਦੇ ਸੱਚ ਦਾ ਪਰਚਮ ਬਣ ਕੇ ਝੂਲਦੇ ਰਹੇ ਹਨ। ਜੁਝਾਰੂ ਸਿੰਘਾਂ ਦੀਆਂ ਇਹ ਕਾਲੀਆਂ ਰਾਤਾਂ ਸਿੱਖ ਇਤਿਹਾਸ ਦੇ ਉਸ ਦੌਰ ਦੀ ਸ਼ਾਹਦੀ ਭਰਦੀਆਂ ਹਨ। ਜਦੋਂ ਦਸਮ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਚਮਕੌਰ ਸਾਹਿਬ ਦੀ ਭਿਆਨਕ ਜੰਗ, ਸਰਸਾ ਕਿਨਾਰੇ ਪਰਿਵਾਰ ਵਿਛੋੜਾ, ਮਾਂ ਗੁਜਰੀ ਅਤੇ ਛੋਟੇ ਸਾਹਿਬਜਾਦਿਆਂ ਦਾ ਪਰਿਵਾਰ ਨਾਲੋਂ ਵਖਰੇਵਾਂ। ਖਾੜਕੂ ਸਿੰਘਾਂ ਦੇ ਮਨਾਂ ਵਿੱਚ ਇਤਿਹਾਸ ਦਾ ਵੇਗ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਇਤਿਹਾਸ ਤੋਂ ਸੇਧ ਲੈਂਦਿਆ ਇਹਨਾਂ ਖਾੜਕੂ ਸਿੰਘਾਂ ਨੇ ਰਾਤਾਂ ਦੀ ਭਿਆਨਕਤਾ ਨਾਲ ਲੜਦੇ ਹੋਏ ਆਪਣੀ ਰੂਹਾਨੀ ਉੱਚਤਾ ਅਤੇ ਨੈਤਿਕ ਚਰਿੱਤਰ ਦੇ ਬਲ ਉੱਤੇ ਸੰਘਰਸ਼ ਵਿੱਚ ਸੇਵਾ ਰਾਹੀ ਹਿੱਸਾ ਪਾਇਆ।

ਸਾਖੀਕਾਰ ਅਨੁਸਾਰ ਇਸ ਲਿਖਤ ਦਾ ਆਧਾਰ ਮੇਰੀ ਯਾਦ ਅਤੇ ਅਹਿਸਾਸ ਹਨ। ਕਿਤਾਬ ਦਾ ਪਾਠ ਕਰਦੇ ਸਮੇਂ ਉਸ ਪਵਿੱਤਰ ਯਾਦ ਦੇ ਅਹਿਸਾਸ ਮਨਾਂ ਨੂੰ ਟੁੰਬਦੇ ਹੋਏ ਉਸ ਸਮੇਂ ਦੀ ਹਕੀਕਤ, ਵਾਕਿਆਤ ਅਤੇ ਕਿਰਦਾਰਾਂ ਤੋਂ ਜਾਣੂ ਕਰਵਾਉਂਦੇ ਹਨ। ਸ਼ਹੀਦੀ ਰੂਹਾਂ ਧਰਮ ਅਤੇ ਕੌਮ ਦਾ ਸਹਾਰਾ ਹੁੰਦੀਆਂ ਹਨ। ਸ਼ਹੀਦਾਂ ਦੇ ਉੱਚੇ ਕਾਰਨਾਮੇ ਦੁਨੀਆਂ ਵਿੱਚ ਕੌਮਾਂ ਨੂੰ ਉਜਾਗਰ ਕਰਦੇ ਹਨ। ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿੰਦਿਆਂ ਗੁਰੂ ਘਰ ਦੀ ਪਵਿੱਤਰਤਾ ਅਤੇ ਗੁਰਬਾਣੀ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਇਕ ਤੋਂ ਵੱਧ ਇੱਕ ਸਕੇ ਭਰਾਵਾਂ ਦੀਆਂ ਜੋੜੀਆਂ ਅਤੇ ਦੋ-ਦੋ ਪਰਿਵਾਰਾਂ ਵੱਲੋਂ ਆਪਣੇ ਆਪ ਨੂੰ ਗੁਰੂ ਚਰਨਾਂ ਤੋਂ ਤਸੱਦਕ ਕਰ ਦੇਣਾ ਉਸ ਪਵਿੱਤਰ ਲਹਿਰ ਦੀ ਸਭ ਤੋਂ ਵੱਡੀ ਉਚਤਾਈ ਸੀ।

ਸਾਖੀਆਂ ਇਤਿਹਾਸ ਦੀਆਂ ਉਹਨਾਂ ਪਰਤਾਂ ਨੂੰ ਫਰੋਲਦੀਆਂ ਹਨ ਜਿਹਨਾਂ ਵਿੱਚ ਸਦਾ ਹੀ ਕੁਝ ਖਾਸ ਘਟਨਾਵਾਂ ਅਤੇ ਬੰਦਿਆਂ ਦਾ ਜ਼ਿਕਰ ਆਉਂਦਾ ਹੈ। ਪਰ ਭਾਈ ਦਲਜੀਤ ਸਿੰਘ ਜੀ ਇਹਨਾਂ ਘਟਨਾਵਾਂ ਅਤੇ ਬੰਦਿਆਂ ਦੇ ਅੰਗ ਸੰਗ ਵਿਚਰਦੇ ਉਹਨਾਂ ਅਨਾਮ, ਅਣਗੌਲੇ ਅਤੇ ਅਣਜਾਣੇ ਕਿਰਦਾਰਾਂ ਨਾਲ ਵੀ ਜਾਣ-ਪਛਾਣ ਕਰਵਾਉਂਦੇ ਹਨ। ਜਿਹਨਾਂ ਨੂੰ ਸਮੇਂ ਸਮੇਂ ਤੇ ਆਪਣਿਆਂ ਵੱਲੋਂ ਵੀ ਅਣਗੌਲਿਆ ਜਾਂਦਾ ਰਿਹਾ ਹੈ। ਇਹ ਉਹ ਅਨਾਮ ਸਿਦਕੀ ਯੋਧੇ ਹਨ ਜਿਹਨਾਂ ਦੇ ਸਬਰ ਸਿਦਕ ਦੀ ਅਡੋਲਤਾ ਨੇ ਅਖੀਰਲੇ ਪਲਾਂ ਤੱਕ ਅਸੂਲਾਂ ਉੱਤੇ ਦ੍ਰਿੜ੍ਹ ਰਹਿ ਕੇ ਵਰਦੀਆਂ ਗੋਲੀਆਂ ਵਿੱਚ ਪੰਥ ਦਾ ਹੁਕਮ ਨਾ ਉਲੰਘ ਕੇ ਪੰਥ ਦੇ ਫਰਜ਼ਾਂ ਨੂੰ ਨਿਭਾ ਕੇ ਵੱਡੇ ਆਦਰਸ਼ਾਂ ਦੀ ਪੂਰਤੀ ਕੀਤੀ ਹੈ।

ਖਾੜਕੂ ਸੰਘਰਸ਼ ਦੌਰਾਨ ਹਰ ਇੱਕ ਪੇਸ਼ੇ ਦਾ ਬੰਦਾ ਅੰਮ੍ਰਿਤ ਛਕ ਕੇ ਸ਼ਹਾਦਤ ਦੀ ਲਟ ਲਟ ਬਲ ਰਹੀ ਸ਼ਮ੍ਹਾਂ ਉੱਤੇ ਕੁਰਬਾਨ ਹੋਣ ਲਈ ਉੱਠ ਨੱਸਿਆ। ਦੁਨੀਆਂਦਾਰੀ ਦੀਆਂ ਸਖਤ ਔਕੜਾਂ ਤੇ ਮੋਹ ਮਾਇਆ ਦੇ ਜਾਲਾਂ ਦੀਆਂ ਤਕਲੀਫਾਂ ਦੇ ਪਹਾੜ ਚੀਰਦੇ ਹੋਏ ਇਹ ਯੋਧੇ ਪੰਥ ਪੰਜਾਬ ਦੀ ਭਲਾਈ ਖਾਤਰ ਗੁਰੂ ਦਰਾਂ ਉੱਤੇ ਪਹੁੰਚੇ ਅਤੇ ਪ੍ਰਵਾਨ ਹੋ ਚੁੱਕੀਆਂ ਰੂਹਾਂ ਨੂੰ ਨਿਵਾਜ ਕੇ ਸਤਿਗੁਰਾਂ ਨੇ ਆਪਣੇ ਚਰਨਾਂ ਵਿੱਚ ਸਦਾ ਲਈ ਥਾਂ ਬਖਸ਼ ਦਿੱਤੀ। ਖਾੜਕੂ ਸਿੰਘਾਂ ਦਾ ਸਾਰੀ-ਸਾਰੀ ਰਾਤ ਉਨੀਂਦਰੇ ਅਤੇ ਸਫ਼ਰ ਦੀਆਂ ਤਕਲੀਫ਼ਾਂ ਝਾਗ ਕੇ ਵਰਦੀਆਂ ਗੋਲੀਆਂ ਵਿੱਚ ਮਰਦਿ-ਮੈਦਾਨ ਵੰਗਾਰ ਕੇ ਸ਼ਹੀਦ ਹੋਣਾ ਕੌਮ ਅੰਦਰ ਸ਼ਹੀਦੀ ਰੂਹ ਫੂਕ ਕੇ ਇਹਨਾਂ ਤੁਕਾਂ ਦਾ ਅਸਲੀ ਸਬੂਤ ਦਿੰਦਾ ਹੈ,

ਮੁਰਦਾ ਹੋਇ ਮੁਰੀਦ ਨ ਗਲੀ ਹੋਵਣਾ ।
ਸਾਬਰੁ ਸਿਦਕਿ ਸਹੀਦੁ ਭਰਮ ਭਉ ਖੋਵਣਾ ।
ਗੋਲਾ ਮੁਲ ਖਰੀਦੁ ਕਾਰੇ ਜੋਵਣਾ ।
ਨਾ ਤਿਸੁ ਭੁਖ ਨ ਨੀਦ ਨ ਖਾਣਾ ਸੋਵਣਾ ।

ਖਾੜਕੂ ਸੰਘਰਸ਼ ਦੀ ਸਾਖੀ ਭਾਈ ਦਲਜੀਤ ਸਿੰਘ ਜੀ ਦੁਆਰਾ ਅਣਜਾਣੇ ਅਤੇ ਅਣਗੌਲੇ ਸਿਦਕੀਆਂ ਅਤੇ ਯੋਧਿਆਂ ਦੀ ਕਲਮਬੱਧ ਕੀਤੀ ਗਈ ਦਾਸਤਾਨ ਹੈ। ਇਸ ਕਿਤਾਬ ਵਿੱਚ ਮੁੱਖ ਰੂਪ ਵਿੱਚ ਛੇ ਪਾਠ ਹਨ। ਪਹਿਲਾ ਪਾਠ ਅਣਜਾਣੇ ਸਿਦਕੀ ਅਤੇ ਯੋਧਿਆਂ ਦੀ ਗਾਥਾ ਹੈ। ਜਿਹਨਾਂ ਨੇ ਗੁਰਬਾਣੀ ਅਤੇ ਗੁਰੂ ਦੇ ਅਦਬ ਨੂੰ ਬਰਕਰਾਰ ਰੱਖਦੇ ਹੋਏ ਉੱਚੇ ਇਖਲਾਕ ਦੇ ਦਰਸ਼ਨ ਕਰਵਾਏ ਹਨ ਜਿਵੇਂ ਪਾਠ ਕਰਦੇ ਦੁਸ਼ਮਣ ਉੱਤੇ ਗੋਲੀ ਨਾ ਚਲਾਉਣਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਮੌਤ ਦੇ ਮੂੰਹੋਂ ਦੁਸ਼ਮਣ ਨੂੰ ਬਖਸ਼ਣਾ। ਇਹ ਉਹਨਾਂ ਯੋਧਿਆਂ ਦੀ ਗਾਥਾ ਹੈ ਜਿਹਨਾਂ ਨੇ ਸੰਘਰਸ਼ ਵਿੱਚ ਕਦੇ ਵੀ ਢਿੱਲ ਮਿੱਠ ਨਹੀਂ ਦਿਖਾਈ ਸੀ। ਸਾਖੀਕਾਰ ਅਨੁਸਾਰ ਇਹ ਘਟਨਾਵਾਂ ਉੱਚੇ ਇਖਲਾਕ ਦੀਆਂ ਅਤੇ ਅਮਰ ਹਨ। ਇਹਨਾਂ ਯੋਧਿਆਂ ਦਾ ਨੇਮ ਸਿਮਰਨ, ਪਾਠ, ਅਰਦਾਸ ਅਤੇ ਅਮਲ ਸੀ। ਪੰਥ ਦਾ ਸਰਮਾਇਆ ਇਹ ਯੋਧੇ ਸ਼ੁਕਰ, ਨਿਮਰਤਾ ਤੇ ਸਾਦਗੀ, ਗੰਭੀਰ ਸੀਰਤ, ਗੱਲਬਾਤ ਦਾ ਸਲੀਕਾ, ਉੱਜਲ ਅਨਾਮ ਕਿਰਦਾਰ, ਮਾਸੂਮੀਅਤ ਗੁਣਾਂ ਨਾਲ ਲਬਰੇਜ਼ ਹਨ। ਸਰਕਾਰ ਵਿਰੁੱਧ ਜੂਝਣ ਦੀ ਤਮੰਨਾ, ਦੁਸ਼ਮਣ ਪ੍ਰਤੀ ਰੋਹ, ਜੰਗ, ਖਤਰਾ, ਧਮਾਕਾ, ਮੌਤ- ਚਾਓ, ਜ਼ੁਲਮ ਅਤੇ ਜ਼ਲਾਲਤ ਦਾ ਸਾਹਮਣਾ ਕਰਕੇ ਆਪਾ ਵਾਰਨਾ, ਭਵਿੱਖ ਦੇ ਸੂਰਮਿਆਂ ਨੂੰ ਤਿਆਰ ਕਰਨਾ ਇਹਨਾਂ ਦੇ ਨੇਮ ਦਾ ਹਿੱਸਾ ਰਿਹਾ ਹੈ।

ਬਿਪਰ ਸੰਸਕਾਰੀ ਹਕੂਮਤ ਦੁਆਰਾ ਕੀਤੇ ਗਏ ਅਣਮਨੁੱਖੀ ਤਸ਼ੱਦਦ ਉੱਤੇ ਭਾਰੂ ਪਏ ਸਿਦਕ ਵਾਲੀ ਬੀਬੀ ਦੇ ਹੌਂਸਲੇ ਦੀ ਦਾਸਤਾਨ, ਪਾਤਸ਼ਾਹ ਉੱਤੇ ਵਿਸ਼ਵਾਸ ਦੀ ਭਰੋਸੇਯੋਗਤਾ ਅਤੇ ਦ੍ਰਿੜ੍ਹਤਾ, ਜ਼ੁਲਮ ਅਤੇ ਮੌਤ ਵੱਲੋਂ ਇਕ ਸਧਾਰਨ ਜਿਹੀ ਕੁੜੀ ਦੀ ਸਖਸ਼ੀਅਤ ਅਤੇ ਸ਼ਕਤੀ ਵਿੱਚ ਵਾਧਾ ਸਿੱਖ ਬੀਬੀਆਂ ਦੇ ਸ਼ੁੱਧ ਇਖਲਾਕ ਦੀ ਸਿਰਜਣਾ ਸੀ ਜਿਹਨਾਂ ਨੇ ਗੁਰੂ ਦੀ ਮਿਹਰ ਨਾਲ ਮਾਂ, ਧੀ, ਭੈਣ ਜਾਂ ਪਤਨੀ ਵਜੋਂ ਯੋਧਿਆਂ ਦੇ ਕਿਰਦਾਰ ਨੂੰ ਸਿਰਜਿਆ ਅਤੇ ਸੰਘਰਸ਼ ਵਿੱਚ ਸੇਵਾ ਰਾਹੀ ਹਿੱਸਾ ਪਾਇਆ।

ਦੂਜਾ ਪਾਠ ਅਣਗੌਲੇ ਸਿਦਕੀ ਅਤੇ ਯੋਧਿਆਂ ਦੀ ਗਾਥਾ ਹੈ। ਸਾਖੀਕਾਰ ਅਨੁਸਾਰ ਜਿਹਨਾਂ ਦੇ ਨਾਮ ਕੁਝ ਲੋਕਾਂ ਨੂੰ ਪਤਾ ਹਨ ਪਰ ਉਹਨਾਂ ਦੇ ਕੰਮਾਂ ਅਤੇ ਰੂਹਾਂ ਦਾ ਪਤਾ ਨਹੀਂ ਹੈ। ਇਹਨਾਂ ਯੋਧਿਆਂ ਨੇ ਪਰਮਾਤਮਾ ਵੱਲੋਂ ਬਖਸ਼ੇ ਸਿਦਕ ਸਦਕਾ ਪੰਜਾਬ ਦੀਆਂ ਹੱਕੀ ਮੰਗਾਂ ਲਈ ਬਿਪਰਵਾਦੀ ਹਕੂਮਤ ਖਿਲਾਫ ਆਪਣਾ ਮੋਰਚਾ ਗੱਡੀ ਰੱਖਿਆ। ਇਹਨਾਂ ਯੋਧਿਆਂ ਵਿਚੋਂ ਅਣਗਿਣਤ ਯੋਧੇ ਉਹ ਸਨ ਜਿਹਨਾਂ ਨੇ ਰਹਿਤ ਤੋਂ ਦੂਰ ਰਹਿ ਕੇ ਵੀ ਪੰਥ ਦਾ ਦਰਦ ਰੱਖਿਆ ਅਤੇ ਬਿਪਰਵਾਦੀ ਹਕੂਮਤ ਦੇ ਜ਼ੁਲਮਾਂ ਦਾ ਸ਼ਿਕਾਰ ਹੁੰਦੇ ਹੋਏ ਆਪਣਾ ਤੇ ਪੰਥ ਦਾ ਈਮਾਨ ਬਚਾਈ ਰੱਖਿਆ। ਇਹਨਾਂ ਅਣਗੌਲੋ ਯੋਧਿਆਂ ਨੇ ਪੰਥ ਖਾਤਰ ਆਪਾ ਵਾਰਨਾ, ਪਰਿਵਾਰ ਗੁਆਉਣਾ ਬੇਸ਼ੱਕ ਉਸ ਵੇਲੇ ਕਿਸੇ ਨੇ ਵਿਸ਼ਵਾਸ ਨਹੀਂ ਕੀਤਾ, ਪਰ ਖੁਫੀਆਂ ਮਹਿਕਮਿਆਂ ਨੂੰ ਭੰਬਲਭੂਸੇ ਪਾ ਕੇ ਪੰਥ ਦੀ ਲਾਜ ਰੱਖੀ। ਇਹਨਾਂ ਯੋਧਿਆਂ ਦੇ ਧਾਰਮਿਕ ਅਤੇ ਸਮਾਜਿਕ ਸੇਵਾ ਲਈ ਵੱਡੇ ਕਿਰਦਾਰ, ਅਮੁੱਕ ਪੀੜਾ ਸਹਿ ਕੇ ਵੀ ਸੰਘਰਸ਼ ਦੇ ਭੇਦ ਨਾ ਦੱਸਣਾ ਇਹਨਾਂ ਅਮੁੱਲ ਮਰਜੀਵੜਿਆਂ ਦੇ ਸੁੱਚੇ ਕਿਰਦਾਰ ਦੀ ਨਿਸ਼ਾਨਦੇਹੀ ਕਰਦੇ ਹਨ। ਪੱਕੇ ਇਰਾਦੇ, ਕਠੋਰ ਜਜ਼ਬੇ ਦੇ ਧਾਰਨੀ ਇਹ ਅਣਗੌਲੇ ਸਿਦਕੀ ਸਿੱਖ ਜੰਗਜ਼ੂ ਸਾਥੀਆਂ ਦੀ ਜਾਨ ਖਾਤਰ ਦੁਸ਼ਮਣ ਨੂੰ ਜੰਗ ਦਾ ਭੇਤ ਨਾ ਦੱਸ ਕੇ ਆਪਣੀ ਜ਼ਿੰਦਗੀ ਸੰਘਰਸ਼ ਦੇ ਲੇਖੇ ਲਾ ਕੇ ਦਲੇਰੀ ਅਤੇ ਅਡੋਲਤਾ ਦੀ ਗਵਾਹੀ ਭਰਦੇ ਹਨ।

ਤੀਜਾ ਪਾਠ ਠਾਹਰਾਂ ਅਤੇ ਪਰਿਵਾਰਾਂ ਦੇ ਗਵਾਹਾਂ ਦੀ ਜ਼ੁਬਾਨੀ ਹੈ ਜਿਹਨਾਂ ਸਿੱਖ ਕੌਮ ਦੀ ਅਜਾਦੀ ਦੇ ਸੰਕਲਪ ਅਤੇ ਸੰਘਰਸ਼ ਨੂੰ ਤਕੜਾ ਹਲੂਣਾ ਬਖਸ਼ਿਆ। “ਲੋਕਾਂ ਦੀ ਬੇਮਿਸਾਲ ਹਿਮਾਇਤ ਦਾ ਆਧਾਰ ਧਾਰਮਿਕ ਭਾਵਨਾਵਾਂ ਸਨ, ਇਸੇ ਅਧੀਨ ਹੀ ਅਣਗਿਣਤ ਸੂਰਮੇ ਸ਼ਹੀਦ ਹੋਏ“। ਇਹ ਉੱਚੇ ਕਿਰਦਾਰਾਂ ਦੇ ਸੂਝਵਾਨ ਬੰਦਿਆਂ ਦੇ ਤਜ਼ਰਬੇ ਅਤੇ ਦ੍ਰਿੜ੍ਹਤਾ ਦੀ ਪਰਖ ਸੀ। ਜਿਹਨਾਂ ਦਾ ਮੁੱਢ ਤੋਂ ਗੁਰੂਆਂ ਵਿੱਚ ਅਥਾਹ ਵਿਸ਼ਵਾਸ ਅਤੇ ਜੁਝਾਰੂ ਸਿੰਘਾਂ ਨਾਲ ਹਮਦਰਦੀ ਸੀ। ਭਾਈਚਾਰੇ, ਬਰਾਬਰੀ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹੋਏ ਇਹ ਆਮ ਲੋਕ ਜੁਝਾਰੂ ਬੰਦਿਆਂ ਅਤੇ ਤਕੜੇ ਖਿਲਾਫ ਲੜਨ ਵਾਲਿਆਂ ਦੀ ਇੱਜ਼ਤ ਅਤੇ ਸੇਵਾ ਕਰਦੇ ਹੋਏ ਬਿਪਰਵਾਦੀ ਪ੍ਰਬੰਧ ਦੇ ਜੁਲਮਾਂ ਦਾ ਸ਼ਿਕਾਰ ਹੋ ਕੇ ਸੰਘਰਸ਼ ਦੇ ਲੇਖੇ ਆਪਣੀ ਜ਼ਿੰਦਗੀ ਲਾ ਗਏ। ਸਾਖੀਕਾਰ ਅਨੁਸਾਰ ਇਹਨਾਂ ਪਾਕ ਰੂਹਾਂ ਦੀ ਯਾਦ ਨੂੰ ਕਿਵੇਂ ਸਾਂਭਿਆ ਜਾਵੇ? ਜਿਹੜਿਆਂ ਨੇ ਸੰਘਰਸ਼ ਵਿੱਚ ਹਰ ਪੱਖੋਂ ਸਹਾਇਤਾ ਕੀਤੀ ਪਰ ਆਖਰ ਤੱਕ ਉਹਨਾਂ ਦਾ ਕੁਝ ਪਤਾ ਨਾ ਲੱਗ ਸਕਿਆ।

ਚੌਥੇ ਪਾਠ ਦਾ ਸਿਰਲੇਖ ‘ਟੁੱਟਦੇ ਤਾਰਿਆਂ ਦੀ ਚਮਕ’ ਹੈ। ਭਾਈ ਦਲਜੀਤ ਸਿੰਘ ਜੀ ਅਨੁਸਾਰ ਸਿੱਖ ਸੰਘਰਸ਼ ਨੇ ਅਜਿਹੇ ਅਨੇਕਾਂ ਨਾਇਕ ਸਿਰਜੇ ਹਨ ਜੋ ਹਰ ਇਲਾਕੇ ਵਿੱਚ ਹਾਲੇ ਵੀ ਟਾਂਵੇ ਟਾਂਵੇ ਲੋਕਾਂ ਦੀ ਯਾਦ ਵਿੱਚ ਵਸੇ ਹੋਏ ਹਨ। ਏਹਨਾਂ ਨੂੰ ਸਾਂਭੇ ਜਾਣ ਨਾਲ ਇਤਿਹਾਸ ਦਾ ਅਮੁਕ ਵਹਿਣ ਸਮੇਂ ਦੇ ਇਸ ਗੰਧਲੇ ਮੋੜ ਉੱਤੇ ਨਿਰਮਲ ਅਤੇ ਭਰਪੂਰ ਦਰਿਆ ਵਾਂਗ ਵਗਦਾ ਰਹਿ ਸਕਦਾ ਹੈ ਜੋ ਸਾਡੀ ਪੀਹੜੀ ਦੀ ਜਿੰਮੇਵਾਰੀ ਹੈ। ਸਿੱਖ ਹਮੇਸ਼ਾ ਮਜ਼ਲੂਮ ਦੀ ਹਿਫ਼ਾਜ਼ਤ ਅਤੇ ਮਨੁੱਖੀ ਹੱਕਾਂ ਦੀ ਰਾਖੀ ਲਈ ਬਿਪਰ ਪ੍ਰਬੰਧ ਦੇ ਜ਼ੁਲਮਾਂ ਖਿਲਾਫ ਸੰਘਰਸ਼ ਕਰਦੇ ਰਹੇ ਹਨ। ਇਤਿਹਾਸ ਦੀ ਇਸੇ ਧਾਰਾ ਦੇ ਅਮੁੱਕ ਵਹਿਣ ਦਾ ਹਿੱਸਾ ਬਣੇ ਸਿਦਕੀ ਯੋਧੇ ਹਥਿਆਰਾਂ ਦੀ ਅਣਹੋਂਦ ਵਿੱਚ ਵੀ ਬਹਾਦਰੀ ਨਾਲ ਲੜ ਕੇ ਸ਼ਹਾਦਤ ਦੇ ਰਸਤੇ ਤੁਰੇ ਹਨ। ਆਮ ਜਾਪਦੇ ਲੋਕਾਂ ਦੀ ਸਹਿਜ ਸੁਭਾਅ ਦ੍ਰਿੜ੍ਹਤਾ, ਨਿਸ਼ਚੇ ਅਤੇ ਅਣਖ ਨੇ ਧੀਆਂ-ਭੈਣਾਂ ਬਾਰੇ ਮਾੜੇ ਬੋਲ ਨਾ ਸਹਾਰ ਸਕਣਾ, ਬਜ਼ੁਰਗ ਦੀ ਲਲਕਾਰ ਨਾਲ ਨਿਰਦੋਸ਼ ਲੋਕਾਂ ਦੀ ਜਾਨ ਦਾ ਬਚਣਾ, ਗੁਰੂ ਸਾਹਿਬ ਦੇ ਸਤਿਕਾਰ ਲਈ ਮਰਿਆਦਾ ਦਾ ਪਾਲਣ ਨਾ ਹੋ ਸਕਣ ਦਾ ਅਫਸੋਸ ਉਸ ਉੱਚੇ ਕਿਰਦਾਰ ਦੀਆਂ ਮਿਸਾਲਾਂ ਹਨ ਜਿਹਨਾਂ ਗੁਰੂ ਦੀ ਅਜ਼ਮਤ ਦੀ ਪ੍ਰਥਾਇ ਸੰਘਰਸ਼ ਲੜ ਕੇ ਪੰਥ ਨਾਲ ਵਫਾ ਪਾਲੀ।

ਪੰਜਵਾਂ ਪਾਠ ਜੰਗ ਦੀ ਲਪੇਟ ਵਿੱਚ ਆਏ ਆਮ ਲੋਕਾਂ ਦੀ ਗਾਥਾ ਹੈ ਜਿਹਨਾਂ ਦਾ ਲੜ ਰਹੀਆਂ ਧਿਰਾਂ ਵਿਚੋਂ ਕਿਸੇ ਨਾਲ ਕੋਈ ਵੀ ਸੰਬੰਧ ਨਹੀਂ ਹੁੰਦਾ ਪਰ ਉਹ ਵੀ ਇਸ ਜੰਗ ਦੀ ਭੇਟ ਚੜ੍ਹ ਜਾਂਦੇ ਹਨ। ਇਹ ਪਾਠ ਆਮ ਬੰਦਿਆਂ ਦੀ ਦਾਸਤਾਨ ਹੈ ਜੋ ਮਹਾਨ ਸੰਘਰਸ਼ ਦੇ ਸਿਖਰ ਵੇਲੇ ਆਪਣੀ ਨਿਰਮਲਤਾ, ਸਾਦਗੀ ਅਤੇ ਸਾਧਾਰਨਤਾ ਨਾਲ ਮਹਾਨ ਸੂਰਮਿਆਂ ਵਾਂਗ ਖੜ੍ਹੇ ਸਨ। ਖਾੜਕੂ ਸੰਘਰਸ਼ ਵੇਲੇ ਦੇ ਬਿਪਰਵਾਦੀ ਫ਼ਲਸਫ਼ੇ ਨੂੰ ਗਹੁ ਨਾਲ ਵਿਚਾਰਦਿਆਂ ਪਤਾ ਲੱਗਦਾ ਹੈ ਇਹ ਸਾਰਾ ਬਿਰਤਾਂਤ ਬਿਪਰ ਅੰਤਹਕਰਣ ਵਿੱਚ ਵਸੀ ਹਊਮੈਂ, ਡਰ ਅਤੇ ਈਰਖਾ ਦੀ ਪੈਦਾਇਸ਼ ਸੀ। ਜੁਝਾਰੂ ਸਿੰਘਾਂ-ਸਿੰਘਣੀਆਂ ਦੇ ਇਲਾਹੀ ਜਲਾਲ ਤੋਂ ਈਰਖਾ ਖਾ ਕੇ ਸੱਤਾ ਦੀ ਹਊਮੈਂ ਵਿੱਚ ਆ ਕੇ ਭਾਰਤੀ ਹਕੂਮਤ ਨੇ ਖਾੜਕੂ ਸੰਘਰਸ਼ ਨੂੰ ਖਤਮ ਅਤੇ ਬਦਨਾਮ ਕਰਨ ਲਈ ਕੀਤੀਆਂ ਸਾਜ਼ਿਸ਼ਾਂ ਬਿਪਰਵਾਦ ਨੂੰ ਪ੍ਰਾਪਤ ਹੋਈ ਰਾਜਸੀ ਸਰਪ੍ਰਸਤੀ ਦਾ ਨਤੀਜਾ ਹਨ। ਇਸੇ ਸਰਪ੍ਰਸਤੀ ਦੇ ਨਤੀਜੇ ਵਜੋਂ ਬਿਪਰਵਾਦ ਸੱਤਾ ਦੇ ਅਭਿਮਾਨ ਵਿੱਚ ਆ ਕੇ ਨੈਤਿਕ ਕਦਰਾਂ ਕੀਮਤਾਂ ਨੂੰ ਤਿਲਾਂਜਲੀ ਦੇ ਕੇ ਆਮ ਲੋਕਾਂ ਉੱਤੇ ਤਸ਼ੱਦਦ ਕਰਨ ਦੀ ਹੱਦ ਤੱਕ ਉਤਰ ਆਉਂਦਾ ਹੈ। ਇਹਨਾਂ ਆਮ ਲੋਕਾਂ ਦਾ ਬਿਪਰ ਖਿਲਾਫ ਲੜਾਈ ਵਿੱਢੀ ਬੈਠੇ ਸਿੰਘਾਂ ਨਾਲ ਰਿਸ਼ਤਾ ਸਿਰਫ ਇਨਸਾਨੀਅਤ, ਵਿਰਸੇ ਅਤੇ ਸਿੱਖੀ ਦਾ ਸੀ। ਇਹਨਾਂ ਆਮ ਲੋਕਾਂ ਨੇ ਸਾਧਾਰਨ ਜੀਵਨ ਜਿਉਂਦਿਆਂ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਕਾਰਜ ਕੀਤੇ ਅਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ।

ਛੇਵਾਂ ਪਾਠ ਜੰਗ ਅਤੇ ਬੰਦਿਆਂ ਦੇ ਕਿਰਦਾਰਾਂ ਨਾਲ ਸੰਬੰਧਿਤ ਹੈ। ਸਾਖੀਕਾਰ ਅਨੁਸਾਰ ਉਸ ਸਮੇਂ ਕਾਲਜਾਂ-ਯੂਨੀਵਰਸਿਟੀਆਂ ਵਿੱਚ ਪੜ੍ਹਦੇ ਗੰਭੀਰ, ਸੰਵੇਦਨਸ਼ੀਲ ਤੇ ਅਣਖੀ ਨੌਜਵਾਨ ਸਹਿਜੇ ਹੀ ਇਸ ਰਾਹ ਵੱਲ ਮੋੜ ਕੱਟ ਲੈਂਦੇ ਸਨ। ਹਾਲਾਤ ਅਤੇ ਪੰਥ ਦੀ ਸੁਰਤ ਹੀ ਕੁਝ ਇਸ ਤਰ੍ਹਾਂ ਸੀ ਕਿ ਇਹੋ ਜਿਹੇ ਨੌਜਵਾਨਾਂ ਨੂੰ ਪਤਾ ਨਹੀਂ ਸੀ ਲੱਗਦਾ ਕਿ ਕਦੋਂ ਉਹ ਇਸ ਵਹਿਣ ਵਿੱਚ ਵਹਿ ਤੁਰਦੇ ਸਨ। ਬਿਪਰਵਾਦੀ ਵਿਚਾਰਧਾਰਾ ਦੀ ਸਿੱਖਾਂ ਪ੍ਰਤੀ ਫ਼ਿਰਕੂ ਨਫ਼ਰਤ ਤੇ ਦੁਸ਼ਮਣੀ ਦੀ ਅੱਗ ਸਮੇਂ-ਸਮੇਂ ਤੇ ਸਾਹਮਣੇ ਆਉਂਦੀ ਰਹੀ ਹੈ। ਬਿਪਰਵਾਦ ਨੇ ਖਾੜਕੂ ਸੰਘਰਸ਼ ਨੂੰ ਬਦਨਾਮ ਕਰਨ ਲਈ ਸਿੱਖ ਵਿਰੋਧੀ ਅਫ਼ਵਾਹਾਂ ਦਾ ਸੁਚੇਤ ਤੇ ਵਿਉਂਤਬੱਧ ਰੂਪ ਵਿੱਚ ਇਸਤੇਮਾਲ ਕੀਤਾ, ਜਿਸ ਵਿੱਚ ਸੱਤਾ ਦੇ ਲਾਲਚ ਅਤੇ ਹਊਮੈਂ ਦੇ ਗੁਬਾਰ ਹੇਠ ਪਲ ਰਹੀ ਪੁਲਿਸ ਦਾ ਰੋਲ ਨੰਗਾ-ਚਿੱਟਾ ਸੀ। ਇਸ ਕਪਟ ਵਿਕਾਰ ਦੇ ਪ੍ਰਭਾਵ ਹੇਠ ਉਹ ਕਿਰਦਾਰ ਵੀ ਆ ਗਏ ਜਿਹਨਾਂ ਦੇ ਤਕੜੇ ਮਨ ਸਨ ਪਰ ਬਿਪਰ ਉੱਤੇ ਵਿਸ਼ਵਾਸ ਵਿੱਚ ਝੁਕ ਕੇ ਸੰਘਰਸ਼ ਵਿੱਚ ਖੜੋਤ ਲਿਆ ਦਿੱਤੀ।

ਹਰ ਲਹਿਰ ਦੀ ਵਿਚਾਰਧਾਰਾ ਵਿੱਚ ਸਮੇਂ-ਸਮੇਂ ਤੇ ਅਨੇਕਾਂ ਉਤਰਾਅ-ਚੜਾਅ ਆਉਂਦੇ ਰਹਿੰਦੇ ਹਨ। ਖਾੜਕੂ ਲਹਿਰ ਦੇ ਦੌਰ ਵੇਲੇ ਸਿੱਖਾਂ ਵੱਲੋਂ ਗੁਰੂ ਦੀ ਰਜ਼ਾ ਅਤੇ ਭੈਅ ਵਿੱਚ ਰਹਿ ਕੇ ਜੋ ਜੰਗ ਲੜੀ ਗਈ, ਉਹ ਉੱਚੇ ਆਤਮਿਕ ਮਾਹੌਲ ਵਿੱਚ ਅਤੇ ਸੁੱਚੇ ਨੈਤਿਕ ਮਿਆਰਾਂ ਦੀ ਪਾਲਣਾ ਕਰਦੀ ਲੜੀ ਗਈ ਹੈ। ਇਤਿਹਾਸ ਹਮੇਸ਼ਾ ਮੋੜ ਕੱਟਦਾ ਅਤੇ ਆਪਣਾ ਮਿਜਾਜ਼ ਬਦਲਦਾ ਰਹਿੰਦਾ ਹੈ। ਇਤਿਹਾਸ ਦੇ ਖਾੜਕੂ ਦੌਰ ਵਿੱਚ ਭਾਰਤੀ ਹਕੂਮਤ ਦੇ ਸਾਏ ਹੇਠ ਪਲ ਰਹੀ ਪੁਲਿਸ ਨੇ ਆਮ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਖੜਾ ਕਰਨ ਲਈ ਮੁਖਬਰਾਂ ਦਾ ਜਾਲ ਵਿਛਾਇਆ ਅਤੇ ਅੰਨ੍ਹੇ ਤਸ਼ੱਦਦ ਦੀ ਮਾਰ ਰਾਹੀ ਜਿਸਮਾਨੀ ਅਤੇ ਮਾਨਸਿਕ ਤੌਰ ਤੇ ਡਰੇ-ਟੁੱਟੇ ਸਿੱਖ ਨੌਜਵਾਨਾਂ ਨੂੰ ਜਾਨ ਬਖਸ਼ਣਾ ਅਤੇ ਵੱਡੇ-ਵੱਡੇ ਲਾਲਚ ਦੇਣ ਦੇ ਮਨੋ ਵਿਗਿਆਨਕ ਪੈਂਤੜੇ ਵਰਤੇ ਗਏ। ਸਰਕਾਰ ਵੱਲੋਂ ਸਮਝੌਤੇ ਰਾਹੀ ਹਥਿਆਰਬੰਦ ਲਹਿਰ ਨੂੰ ਸੱਤਾ ਦੇ ਸੰਘਰਸ਼ ਵਿੱਚ ਉਲਝਾਉਣ ਦੀ ਨਾਕਾਮਯਾਬ ਕੋਸ਼ਿਸ ਕੀਤੀ ਗਈ। ਪਰ ਸਿਦਕ ਦੇ ਪੱਕੇ ਯੋਧਿਆਂ ਨੂੰ ਟੱਸ ਤੋਂ ਮੱਸ ਨਾ ਕਰਨ ਤੋਂ ਭਾਰਤੀ ਹਕੂਮਤ ਨੇ ਪਰਿਵਾਰਾਂ ਉੱਤੇ ਤਸ਼ੱਦਦ ਢਾਹੁੰਣਾ ਆਰੰਭ ਕਰ ਦਿੱਤਾ। ਸਿੱਟੇ ਵਜੋਂ ਅਨੇਕਾਂ ਪਰਿਵਾਰ ਇਸ ਸੰਘਰਸ਼ ਉੱਤੇ ਆਪਾ ਵਾਰ ਗਏ। ਦੂਜੇ ਬੰਨੇ ਉਹ ਪਰਿਵਾਰ ਵੀ ਸਾਹਮਣੇ ਆਏ ਜਿਹਨਾਂ ਬਿਪਰਵਾਦ ਦੇ ਅਣਮਨੁੱਖੀ ਤਸ਼ਦੱਦ ਤੋਂ ਤੰਗ ਆ ਕੇ ਪੰਜਾਬ ਛੱਡ ਕੇ ਪਰਵਾਸ ਵਿੱਚ ਵਸੇਬਾ ਕਰ ਲਿਆ।

ਸਾਖੀਆਂ ਗਵਾਹੀ ਭਰਦੀਆਂ ਹਨ ਕਿ ਸਰਕਾਰੀ ਦਸਤਿਆਂ ਵੱਲੋਂ ਇਨਾਮ ਦੇ ਲਾਲਚ ਵਜੋਂ ਆਮ ਲੋਕਾਂ ਉੱਤੇ ਤਸ਼ੱਦਦ ਕਰਨਾ ਅਤੇ ਅਖੀਰ ਉਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਦਿਖਾ ਕੇ ਮੌਤ ਦੇ ਘਾਟ ਉਤਾਰ ਦੇਣਾ ਬਿਪਰ ਦਾ ਸਿਆਸੀ ਪੈਂਤੜਾ ਸੀ। ਅੱਜ ਦੇ ਕਾਹਲ, ਬੇਸਬਰੀ, ਬੇਇਤਫਾਕੀ, ਧੁੰਧ-ਗੁਬਾਰ ਅਤੇ ਬੌਣੇ ਕਿਰਦਾਰਾਂ ਦੀਆਂ ਲਾਲਸਾਵਾਂ ਦੇ ਮਾਰੇ ਦੌਰ ਵਿੱਚ ਭਾਈ ਦਲਜੀਤ ਸਿੰਘ ਜੀ ਦੀ ਕਿਤਾਬ ਅਤੀਤ ਤੇ ਵਰਤਮਾਨ ਦਰਮਿਆਨ ਇੱਕ ਅਜਿਹੀ ਪਵਿੱਤਰ ਖਿੜਕੀ ਖੋਲ੍ਹਦੀ ਹੈ ਜਿਸ ਰਾਹੀ ਸਿਦਕੀ-ਸਿਰੜੀ, ਭਰੋਸੇ ਵਾਲੇ, ਉੱਜਲ ਅਤੇ ਬੁਲੰਦ ਕਿਰਦਾਰਾਂ ਦੇ ਦਰਸ਼ਨ ਹੁੰਦੇ ਹਨ ਜੋ ਭਵਿੱਖ ਵੱਲ ਪੇਸ਼ਕਦਮੀ ਲਈ ਚਾਨਣ-ਮੁਨਾਰਿਆਂ ਦੀ ਨਿਆਈ ਸਹਾਈ ਹੋਣ ਦੇ ਸਮਰੱਥ ਹਨ।

‘ਖਾੜਕੂ ਸੰਘਰਸ਼ ਦੀ ਸਾਖੀ’ ਰਾਜਨੀਤਿਕ ਪੈਂਤੜੇ ਵਜੋਂ ਆਪਾ-ਵਾਰੂ ਅਤੇ ਦਲੇਰ ਪਹੁੰਚ ਅਪਣਾਏ ਜਾਣ ਦੀ ਸਿੱਖਿਆ ਦਿੰਦੀ ਹੈ। ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ, ਪਾਣੀ ਦੇ ਦਰਿਆਈ ਪਾਣੀਆਂ ਦੇ ਮਸਲੇ, ਪੰਜਾਬ ਦੀ ਆਬੋ ਹਵਾ ਨੂੰ ਪਲੀਤ ਕਰਨ ਲਈ ਨਾਜ਼ਾਇਜ ਉਸਾਰੀਆਂ ਗਈਆਂ ਸ਼ਰਾਬ ਫੈਕਟਰੀਆਂ, ਉਚੇਰੀ ਸਿੱਖਿਆ ਤੰਤਰ ਸੰਬੰਧੀ ਸਮੱਸਿਆਵਾਂ, ਪੰਜਾਬੀ ਮਾਂ ਬੋਲੀ ਨਾਲ ਸੰਬੰਧਿਤ ਮਸਲੇ ਅਤੇ ਪਰਵਾਸ, ਖੁਦਮੁਖਤਿਆਰੀ ਅਤੇ ਆਜਾਦੀ ਬਾਬਤ ਹਾਲਾਤ ਜਦੋਂ ਵਿਚਾਰ ਚਰਚਾ, ਉਸਾਰੂ ਪ੍ਰਾਪੇਗੰਡਾ ਅਤੇ ਜਮਹੂਰੀ ਸਿਆਸੀ ਵਿਰੋਧ ਨਾਲ ਗੱਲ ਅੱਗੇ ਤੋਰੀ ਜਾ ਸਕਦੀ ਹੋਵੇ ਤਾਂ ਇਹੋ ਰਾਹ ਫੜਿਆ ਜਾਣਾ ਚਾਹੀਦਾ ਹੈ।

ਭਾਈ ਦਲਜੀਤ ਸਿੰਘ ਜੀ ਉਹ ਸਖਸ਼ੀਅਤ ਹਨ ਜਿਹੜੇ ਆਪ ਖੁਦ ਖਾੜਕੂ ਸੰਘਰਸ਼ ਦਾ ਹਿੱਸਾ ਰਹੇ ਹਨ, ਇਹ ਇਸ ਕਿਤਾਬ ਦੀ ਖੂਬਸੁਰਤੀ ਹੈ। ਖਾੜਕੂ ਯੋਧਿਆਂ ਦੀ ਗਾਥਾ ਬਿਆਨਦੀਆਂ ਇਹ ਸਾਖੀਆਂ ਚੜ੍ਹਦੀ ਕਲਾ ਦਾ ਸੁਨੇਹਾ ਦਿੰਦੀਆਂ ਹਨ। ਇਹੀ ਚੜ੍ਹਦੀ ਕਲਾ ਖਾੜਕੂ ਸੰਘਰਸ਼ ਉੱਤੇ ਮਾਣ ਮਹਿਸੂਸ ਕਰਵਾਉਂਦੀ ਹੈ। ਇਹ ਕਿਤਾਬ ਉਹਨਾਂ ਬੇਨਾਮ ਯੋਧਿਆਂ ਦੇ ਉੱਚੇ ਕਿਰਦਾਰਾਂ ਦੇ ਦਰਸ਼ਨ ਕਰਵਾਉਂਦੀਆਂ ਹਨ ਜਿਹਨਾਂ ਤੋਂ ਬਿਨਾਂ ਖਾੜਕੂ ਸੰਘਰਸ਼ ਨੂੰ ਲੰਮੇ ਸਮੇਂ ਲਈ ਜਾਰੀ ਰੱਖਣਾ ਕਠਿਨ ਸੀ।

ਸਿੱਖੀ ਵਿੱਚ ਦੇਗ ਤੇਗ ਨਾਲੋਂ ਨਾਲ ਵਰਤਦੇ ਹਨ। ਤੇਗ ਦੀ ਧਾਰ ਉੱਤੇ ਅਡੋਲ ਤੁਰਨਾ ਕਿੰਨਾ ਸਹਿਜ, ਕਿੰਨਾ ਸਾਦਾ, ਕਿੰਨਾ ਅੰਤਰਮੁਖੀ ਤੇ ਮਸਕੀਨ ਹੁੰਦਾ, ਇਹ ਸਾਖੀਆਂ ਇਸ ਅਲੌਕਿਕਤਾ ਦੇ ਦਰਸ਼ਨ ਕਰਵਾਉਂਦੀਆਂ ਹਨ। ਇਹਨਾਂ ਸਾਖੀਆਂ ਵਿੱਚੋਂ ਸਿੱਖ ਜੀਵਨ ਦੇ ਅਮਲ ਦਾ ਜੋ ਬਿੰਬ ਮੌਲਦਾ ਹੈ ਉਹ ਅਠਾਰਵੀਂ ਸਦੀ ਦੇ ਸਿੱਖ ਇਤਿਹਾਸ ਦੇ ਨੇੜੇ ਢੁੱਕਦਾ ਹੈ। ਇਸ ਕਿਤਾਬ ਰਾਹੀ ਹੀ ਸਾਖੀ ਦੀ ਭੁੱਲੀ-ਵਿਸਰੀ ਸ਼ਾਨ ਨੂੰ ਮੁੜ ਜੀਵਤ ਕੀਤਾ ਗਿਆ ਹੈ। ਇਸ ਕਿਤਾਬ ਵਿਚਲੀਆਂ ਸਾਖੀਆਂ ਰਾਹੀ ਹੀ ਜੁਝਾਰੂ ਲਹਿਰ ਦੀ ਸ਼ਾਨ ਅਤੇ ਗਹਿਰਾਈ ਨੂੰ ਸਮਝਿਆ ਜਾ ਸਕਦਾ ਹੈ।

ਕਿਤਾਬ ਵਿੱਚ ਬਿਪਰ ਸੰਸਕਾਰੀ ਪ੍ਰਬੰਧ ਦੇ ਹੱਥ ਠੋਕੇ ਬਣੇ ਭਾਰਤੀ ਹਕੂਮਤੀ ਤੰਤਰ ਦੀ ਪੁਲਿਸ ਵੱਲੋਂ ਕੀਤੇ ਗਏ ਝੂਠੇ ਮੁਕਾਬਲਿਆਂ ਅਤੇ ਕਾਲੀ ਪੱਤਰਕਾਰੀ ਦੀ ਤਫਸੀਲ ਨੂੰ ਖੁੱਲ੍ਹ ਕੇ ਪੇਸ਼ ਕੀਤਾ ਗਿਆ ਹੈ। ਇਹ ਕਿਤਾਬ ਖਾੜਕੂ ਲਹਿਰ ਬਾਰੇ, ਲਹਿਰ ਵਿਚ ਸ਼ਹੀਦ ਹੋਣ ਵਾਲੇ ਸਿੰਘਾਂ-ਸਿੰਘਣੀਆਂ ਬਾਰੇ, ਸਰਕਾਰ ਦੇ ਜ਼ਾਲਮ ਪੁਲਿਸ ਅਫਸਰਾਂ ਬਾਰੇ, ਸਰਕਾਰ ਦੀਆਂ ਨੀਤੀਆਂ ਅਤੇ ਸਿੰਘਾਂ ਦੇ ਗੁਰੂ ਪ੍ਰਤੀ ਅਥਾਹ ਪਿਆਰ, ਉੱਚੇ ਕਿਰਦਾਰਾਂ ਅਤੇ ਸਿੱਖੀ ਸਿਦਕ ਦੀ ਮਹਾਨ ਪਵਿੱਤਰਤਾ ਦੇ ਦਰਸ਼ਨ ਕਰਵਾਉਂਦੀ ਹੈ।

ਇਹਨਾਂ ਸਾਖੀਆਂ ਦਾ ਪਾਠ ਕਰਦਿਆਂ ਭਾਈ ਦਲਜੀਤ ਸਿੰਘ ਜੀ ਦੀ ਸਖਸ਼ੀਅਤ ਦਾ ਉਹ ਖੇੜਾ ਨਜ਼ਰੀ ਪੈਂਦਾ ਹੈ ਜਿਹਨਾਂ ਨੇ ਖਾੜਕੂ ਲਹਿਰ ਵਿੱਚ ਰਹਿ ਗਈਆਂ ਕਮੀਆਂ, ਘਾਟਾਂ, ਗਲਤ ਫੈਸਲਿਆਂ ਨੂੰ ਖਿੜੇ ਮੱਥੇ ਸਵੀਕਾਰ ਕਰਕੇ ਅਕਾਲ ਪੁਰਖ ਦਾ ਭਾਣਾ ਮੰਨਿਆ ਹੈ। ਇਹਨਾਂ ਕਮੀਆਂ ਤੋਂ ਭਵਿੱਖੀ ਸੇਧ ਲੈਣਾ ਕਿਸੇ ਵੀ ਸੰਘਰਸ਼ ਦੀ ਪਵਿੱਤਰਤਾ ਅਤੇ ਰਵਾਨਗੀ ਨੂੰ ਬਰਕਰਾਰ ਰੱਖਣ ਲਈ ਜ਼ਰੂਰੀ ਹੁੰਦਾ ਹੈ। ਖਾੜਕੂ ਲਹਿਰ ਦੀਆਂ ਅਨੇਕਾਂ ਪਰਤਾਂ ਸਨ। ਬਿਪਰ ਪ੍ਰਬੰਧ ਵੱਲੋਂ ਧੱਕੇਸ਼ਾਹੀ ਕਰਕੇ ਸਿੱਖ ਘੱਟ ਗਿਣਤੀ ਨੂੰ ਕੁਚਲਣ ਦੀ ਪ੍ਰਕਿਰਿਆ ਉਹਨਾਂ ਦਾ ਮੁੱਖ ਸਿਆਸੀ ਏਜੰਡਾ ਬਣ ਗਿਆ ਹੈ। ਭਾਈ ਸਾਹਿਬ ਦੀ ਇਹ ਪਲੇਠੀ ਕਿਤਾਬ ਖਾੜਕੂ ਲਹਿਰ ਬਾਰੇ ਪਾਏ ਜਾ ਰਹੇ ਭਰਮ-ਭੁਲੇਖਿਆਂ ਨੂੰ ਦੂਰ ਕਰਨ ਵਿੱਚ ਸਫਲਤਾ ਹਾਸਿਲ ਕਰਦੀ ਹੈ। ਖਾੜਕੂ ਲਹਿਰ ਵਿੱਚ ਹਿੱਸਾ ਪਾਉਣ ਵਾਲੇ ਕੌਣ ਸਨ, ਇਹ ਜੰਗ ਕਿਉਂ ਲੜੀ ਜਾ ਰਹੀ ਸੀ ਅਤੇ ਜੰਗ ਦੌਰਾਨ ਇਸ ਲਹਿਰ ਦਾ ਅਮਲ ਕੀ ਸੀ, ਇਹ ਕਿਤਾਬ ਪੜ੍ਹਨ ਤੋਂ ਸਪੱਸ਼ਟ ਹੋ ਜਾਂਦਾ ਹੈ। ਪੰਥ ਪੰਜਾਬ ਲਈ ਸ਼ਹੀਦ ਹੋਏ ਸਿੰਘਾਂ-ਸਿੰਘਣੀਆਂ ਦੀ ਦ੍ਰਿੜ੍ਹਤਾ, ਸਪੱਸ਼ਟਤਾ, ਦਲੇਰੀ ਅੱਗੇ ਸਤਿਕਾਰ ਨਾਲ ਸਿਰ ਝੁਕਦਾ ਹੈ।

 

ਰਵਨੀਤ ਕੌਰ
ਰਿਸਰਚ ਸਕਾਲਰ
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ
ਫਤਹਿਗੜ੍ਹ ਸਾਹਿਬ।

0 0 votes
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x