ਕਾਲੇ ਪਾਣੀ ਦੀ ਸਜਾ

ਕਾਲੇ ਪਾਣੀ ਦੀ ਸਜਾ

ਸਕੂਲ ਦੀ ਪੜ੍ਹਾਈ ਦੌਰਾਨ ਵਿਦਿਆਰਥੀਆਂ ਨੂੰ ਅੰਡੇਮਾਨ ਨਿਕੋਬਾਰ ਦੀਆਂ ਜੇਲ੍ਹਾਂ ਦੀ ਕਾਲੇ ਪਾਣੀ ਦੀ ਸਜਾ ਬਾਰੇ ਪੜ੍ਹਾਇਆ ਜਾਂਦਾ ਰਿਹਾ ਹੈ। ਜਿਨ੍ਹਾਂ ਨੂੰ ਅੰਗਰੇਜ਼ਾਂ ਵੇਲੇ ਜਾਂ ਉਸ ਤੋਂ ਬਾਅਦ ਕਾਲੇ ਪਾਣੀ ਦੀ ਸਜਾ ਹੋਈ, ਓਹ ਉਸ ਵੇਲੇ ਦੀ ਸਰਕਾਰ ਦੀ ਨਿਗ੍ਹਾ ‘ਚ ਦੋਸ਼ੀ ਹੋਣਗੇ । ਹੜ੍ਹਾਂ ਦੌਰਾਨ ਲੁਧਿਆਣੇ ਦੇ ਬੁੱਢੇ ਦਰਿਆ ਨੇੜੇ ਰਹਿਣ ਵਾਲੇ ਲੋਕਾਂ ਨੇ ਜੋ ਝੱਲਿਆ, ਉਸਨੂੰ ਪੱਤਰਕਾਰ ਦਿਵਯਾ ਗੋਇਲ ਨੇ ਕਾਲੇ ਪਾਣੀ ਦੀ ਸਜਾ ਲਿਖਿਆ ਹੈ। ਕਾਲੇ ਪਾਣੀ ਦੀ ਸਜਾ ਭੁਗਤਣ ਵਾਲੇ ਇਹ ਲੋਕ ਤਾਂ ਕਿਸੇ ਵੀ ਤਰ੍ਹਾਂ ਸਰਕਾਰ ਦੀ ਨਿਗ੍ਹਾ ‘ਚ ਦੋਸ਼ੀ ਵੀ ਨਹੀਂ ਸਨ। ਇਹਨਾਂ ਵੱਲੋਂ ਕਿਸੇ ਤਰ੍ਹਾਂ ਤਖ਼ਤਾ ਪਲਟੀ/ਦਿੱਲੀ ਤਖ਼ਤ ਨੂੰ ਵੰਗਾਰ ਦੀ ਗੱਲ ਵੀ ਕਦੇ ਨਹੀਂ ਉੱਠੀ, ਪਰ ਸਜਾ ਜ਼ਰੂਰ ਮਿਲੀ। ਸਤਲੁਜ ‘ਚ ਪਾਣੀ ਵਧਣ ਕਰਕੇ ਅਤੇ ਲਗਾਤਾਰ ਮੀਹਾਂ ਕਰਕੇ ਬੁੱਢੇ ਦਰਿਆ ਦਾ ਪਾਣੀ ਉੱਛਲ ਕੇ ਲੋਕਾਂ ਦੇ ਘਰਾਂ ਤੇ ਗਲੀਆਂ ‘ਚ ਵੜ ਗਿਆ। 4-4 ਫੁੱਟ ਪਾਣੀ ‘ਚ ਲੋਕ ਕਈ ਦਿਨ ਰਹੇ ਤੇ ਕਈਆਂ ਨੂੰ ਓਥੋਂ ਦੂਜੀ ਜਗ੍ਹਾ ਪਰਿਵਾਰ ਸਮੇਤ ਜਾਣਾ ਪਿਆ। ਮੁੱਖ ਤੌਰ ‘ਤੇ ਪ੍ਰਭਾਵਿਤ ਇਲਾਕਿਆਂ ‘ਚ ਗਊ ਘਾਟ, ਧਰਮਪੁਰਾ, ਚੰਦਰ ਨਗਰ, ਸ਼ਿਵਾਜੀ ਨਗਰ ਅਤੇ ਤਾਜਪੁਰ ਰੋਡ ਆਦਿ ਰਹੇ ਹਨ। ਇਸ ਦੌਰਾਨ ਸੱਤਾ ਧਿਰ ਦੇ ਨੁਮਾਇੰਦਿਆਂ ਨੂੰ ਕਈ ਜਗ੍ਹਾ ਲੋਕਾਂ ਵੱਲੋਂ ਤਿੱਖੀ ਸਵਾਲ-ਜੁਆਬੀ ਦਾ ਸਾਹਮਣਾ ਵੀ ਕਰਨਾ ਪਿਆ। ਇਸ ਵਾਰ ਸੱਤਾ ਧਿਰ ਅਤੇ ਵਿਰੋਧੀ ਧਿਰਾਂ ਦੇ ਨੁਮਾਇੰਦਿਆਂ ਵੱਲੋਂ ਪਾਣੀ ‘ਚ ਵੜ ਕੇ (ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪਾ ਕੇ) ਲੋਕਾਂ ‘ਚ ਭੱਲ-ਭਾਅ ਬਣਾਉਣ ਦਾ ਰੁਝਾਨ ਕਾਫੀ ਰਿਹਾ ਹੈ। ਹਲਾਂਕਿ ਰਾਜਸੀ ਨੁਮਾਇੰਦਿਆਂ ਦਾ ਮੁੱਖ ਕੰਮ ਨੌਕਰਸ਼ਾਹੀ ਦੀ ਮਦਦ ਨਾਲ ਆਫ਼ਤ ਨਜਿੱਠਣ ਲਈ ਲੋੜੀਂਦੇ ਵਸੀਲੇ ਮੁੱਹਈਆ ਕਰਾਉਣੇ ਹੁੰਦੇ ਹਨ, ਜਿਸ ‘ਚ ਜਿਆਦਾਤਰ ਸਿਰਫ਼ ਦਾਅਵੇ ਹੀ ਦਿਖੇ ਹਨ।

ਇਹ ਨਹੀਂ ਕਿ ਇਹਨਾਂ ਲੋਕਾਂ ਨੂੰ ਕਾਲੇ ਪਾਣੀ ਦੀ ਸਜਾ ਹੁਣ ਬੁੱਢਾ ਦਰਿਆ ਉੱਛਲਣ ਕਰਕੇ ਹੋਈ, ਇਹ ਤਾਂ ਵਰ੍ਹਿਆਂ ਤੋਂ ਇਹ ਸਜਾ ਭੁਗਤ ਰਹੇ ਨੇ। ਬੁੱਢੇ ਦਰਿਆ ‘ਚ ਪੈਂਦਾ ਕਾਰਖਾਨਿਆਂ ਦਾ ਗੰਦਾ ਪਾਣੀ ਅੱਗੇ ਜਾ ਕੇ ਸਤਲੁਜ ਦੇ ਪਾਣੀ ਨੂੰ ਵੀ ਗੰਧਲਾ ਕਰਦਾ ਹੈ। ਇਸੇ ਗੰਦੇ ਪਾਣੀ ਦੇ ਜ਼ਮੀਨ ਹੇਠਾਂ ਰਿਸਾਅ ਨੇ ਇਲਾਕੇ ਦੇ ਜ਼ਮੀਨੀ ਪਾਣੀ ਨੂੰ ਵੀ ਗੰਧਲਾ ਕੀਤਾ ਹੈ, ਜਿਸ ਚ ਬੇਹੱਦ ਖ਼ਤਰਨਾਕ ਤੱਤ ਮਿਲੇ ਹਨ। 100 ਫੁੱਟ ਤੱਕ ਦਾ ਜ਼ਮੀਨੀ ਪਾਣੀ ਬੁਰੀ ਤਰ੍ਹਾਂ ਗੰਦਾ ਹੋ ਚੁੱਕਾ ਹੈ।

ਜਿੱਥੇ ਬੁੱਢੇ ਦਰਿਆ ‘ਚ ਪੈਂਦੇ ਕਾਰਖਾਨਿਆਂ ਦੇ ਗੰਦੇ ਪਾਣੀ ਨੂੰ ਰੋਕਣ ‘ਚ ਪੁਰਾਣੀਆਂ ਸਰਕਾਰਾਂ ਮੁਕੰਮਲ ਰੂਪ ‘ਚ ਫੇਲ ਹੋਈਆਂ ਹਨ, ਓਥੇ ਹੀ ਮੌਜ਼ੂਦਾ ਸਰਕਾਰ ਵੀ ਫੇਲ੍ਹ ਹੁੰਦੀ ਹੀ ਨਜ਼ਰ ਆ ਰਹੀ ਹੈ। ਮੌਜ਼ੂਦਾ ਮੁੱਖ ਮੰਤਰੀ ਦਾ ਸੱਤਾ ‘ਚ ਆਉਣ ਤੋਂ ਪਹਿਲਾਂ ਇਹ ਬਿਆਨ ਸੀ ਕਿ “ਮੈਨੂੰ ਕੱਲੀ-ਕੱਲੀ ਫੈਕਟਰੀ ਦਾ ਪਤਾ, ਜਿਹੜੀ ਬੁੱਢੇ ਦਰਿਆ ਨੂੰ ਗੰਦਾ ਕਰਦੀ ਐ। ਮੈਨੂੰ ਓਹਨਾਂ ਦਾ ਵੀ ਪਤਾ, ਜਿਹੜੀਆਂ ਧਰਤੀ ਹੇਠਾਂ ਸਿੱਧਾ ਪਾਣੀ ਪਾਉਂਦੀਆਂ। ਬੋਰ ਕੀਤੇ ਨੇ ਇਹਨਾਂ ਸਭ ਦੇ ਅੰਦਰੇ ਹੀ। ਸਰਕਾਰ ਬਣਨ ਦਿਓ, ਸਾਰੀਆਂ ਬੰਦ ਕਰੂੰ।” ਪਰ ਮੁੱਖ ਮੰਤਰੀ ਦਾ ਕਹਿਣੀ ਕਰਨੀ ਦੇ ਕੱਚੇ ਹੋਣ ਦਾ ਨਮੂਨਾ ਜ਼ੀਰਾ ਸ਼ਰਾਬ ਫੈਕਟਰੀ ਦੇ ਕੇਸ ਤੋਂ ਹੀ ਦੇਖਿਆ ਜਾ ਸਕਦਾ ਹੈ। ਕੱਲ੍ਹਾ ਮੌਜੂਦਾ ਮੁੱਖ ਮੰਤਰੀ ਨਹੀਂ, ਪੁਰਾਣਿਆਂ ਦੀ ਕਾਰਗੁਜ਼ਾਰੀ ਵੀ ਇਹੀ ਰਹੀ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਲੁਧਿਆਣੇ ਤੋਂ ਭਾਜਪਾ ਆਗੂ ਅੱਗੇ ਬੁੱਢੇ ਦਰਿਆ ਦੇ ਗੰਦੇ ਪਾਣੀ ਦਾ ਗਿਲਾਸ ਰੱਖਿਆ ਸੀ ਤਾਂ ਸਭ ਨੂੰ ਲੱਗਿਆ ਕਿ ਹੋਊ ਕੁਝ, ਪਰ ਓਹ 10 ਸਾਲ ਰਾਜ ਭੋਗਣ ਤੋਂ ਬਾਅਦ ਉਸ ਤੋਂ ਵੱਧ ਗੰਧਲਾ ਹੀ ਛੱਡ ਕੇ ਗਏ ਸਨ। ਕਾਂਗਰਸ ਸਰਕਾਰ ਦੀ ਸੁਹਿਰਦਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਹ ਮੱਤੇਵਾੜਾ ਵਿਖੇ ਸਤਲੁਜ ਕੰਢੇ ਹੀ ਕੱਪੜੇ ਦੇ ਕਾਰਖਾਨੇ ਲਾਉਣ ਨੂੰ ਤਰਲੋ ਮੱਛੀ ਸਨ।

ਸਮੱਸਿਆਵਾਂ ਦੇ ਹੱਲ ਦੇ 4 ਤਰੀਕੇ ਹੇਠ ਲਿਖੇ ਅਨੁਸਾਰ ਹਨ
1. ਰਾਜਸੀ (ਕਨੂੰਨ ਘੜ੍ਹਨੇ)
2. ਅਫ਼ਸਰਸ਼ਾਹੀ (ਕਾਨੂੰਨਾਂ ਨੂੰ ਲਾਗੂ ਕਰਾਉਣ ਤੇ ਉਲੰਘਣਾ ਵਾਲੇ ਦੇ ਸਿਰ ‘ਤੇ ਡੰਡਾ ਰੱਖਣਾ)
3. ਅਦਾਲਤੀ ਕਾਰਵਾਈ
4. ਸੰਘਰਸ਼

ਪਹਿਲੇ ਤਿੰਨੇ ਹੱਲ, ਜਿਨ੍ਹਾਂ ‘ਚ ਸਰਕਾਰ ਜਾਂ ਨੌਕਰਸ਼ਾਹੀ ਦੀ ਸ਼ਮੂਲੀਅਤ ਹੈ, ਬਿਲਕੁਲ ਵੀ ਅਸਰਦਾਰ ਸਾਬਤ ਨਹੀਂ ਹੋਏ। ਲੋਕਾਂ ਕੋਲ ਸੰਘਰਸ਼ ਦਾ ਰਾਹ ਹੀ ਬਚਦਾ ਹੈ । ਸਮੇਂ ਦੀ ਲੋੜ ਹੈ ਕਿ ਲੋਕ ਸਮੱਸਿਆ ਪ੍ਰਤੀ ਜਾਗਰੂਕ ਹੋ ਕੇ ਸੰਘਰਸ਼ ਲਈ ਜਥੇਬੰਦ ਹੋਣ। ਦਰਿਆਵਾਂ ਨੂੰ ਨੱਕੇ ਲਾਉਣ, ਹੜ੍ਹਾਂ ਵਰਗੀ ਕਰੋਪੀ ਨੂੰ ਮਿਲ ਕੇ ਨਜਿੱਠਣ, ਕਿਸਾਨ ਮੋਰਚਾ, ਮੁਦਕੀ ਮੋਰਚਾ ਵਰਗੇ ਮੋਰਚੇ ਜਿੱਤਣ ਵਾਲੇ ਯਕੀਨਨ ਬੁੱਢੇ ਦਰਿਆ ਦੇ ਹੱਲ ਲਈ ਯਤਨਸ਼ੀਲ ਹੋ ਕੇ ਇਸ ‘ਚ ਪੈਂਦਾ ਕਾਰਖਾਨਿਆਂ ਦਾ ਗੰਦਾ ਪਾਣੀ ਇੱਕ ਦਿਨ ਰੋਕ ਲੈਣਗੇ।

0 0 votes
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x