ਪ੍ਰੋ. ਪੂਰਨ ਸਿੰਘ ਦੇ ਅੰਤਲੇ ਦਿਨਾਂ ਨੂੰ ਯਾਦ ਕਰਦਿਆਂ

ਪ੍ਰੋ. ਪੂਰਨ ਸਿੰਘ ਦੇ ਅੰਤਲੇ ਦਿਨਾਂ ਨੂੰ ਯਾਦ ਕਰਦਿਆਂ

ਆਪ ਜੀ ਦੇ ਕਥਨਾਂ ਨੂੰ ਬਿਆਨ ਕਰਨਾ ਐਸਾ ਹੀ ਹੈ ਜਿਵੇਂ ਰੱਬ ਨੂੰ ਰੂਪ ਰੰਗ ਵਿਚ ਲਿਆਉਣਾ। ਆਪ ਨੇ ਜੋ ਕਹਿਣਾ, ਜੋ ਕਰਨਾ ਮਿੱਥ ਗਿਣ ਕੇ ਨਹੀਂ ਕਰਦੇ ਸਨ। ਬਚਿਆਂ ਵਾਂਗੂ ਤੋਤਲੀਆਂ ਗੱਲਾਂ ਕਰੀ ਜਾਣੀਆਂ। ਸਿਰਫ਼ ਏਸ ਗੱਲ ਦਾ ਖ਼ਿਆਲ ਰਖਣਾ ਕਿ ਜਿਸ ਨੂੰ ਮੈਂ ਇਹ ਗੱਲਾਂ ਸੁਣ ਰਿਹਾ ਹਾਂ ਉਹ ਇਨ੍ਹਾਂ ਗੱਲਾਂ ‘ਤੇ ਕਿੰਨਾ ਹਸਦਾ ਤੇ ਖ਼ੁਸ਼ੀ ਹੋ ਰਿਹਾ ਹੈ ਤੇ ਜਿਵੇਂ ਸੁਣਨ ਵਾਲੇ ਸੁਣ ਕੇ ਹੋਰ ਗੱਲ ਸੁਣਨ ਨੂੰ ਤਿਆਰ ਹੋ ਜਾਂਦੇ, ਆਪ ਜੀ ਨੇ ਉਹੀ ਗੱਲਾਂ ਹੋਰ ਵਧਾ ਵਧਾ ਸੁਣਾਨੀਆਂ। ਸੁਣਨ ਵਾਲੇ ਨੇ ਕਿਸੇ ਹੋਰ ਨੂੰ ਸੁਣਾਨੀਆਂ ਤਾਂ ਹੋਰ ਅਰਥ ਤੇ ਰੂਪ ਰੰਗ ਦੇ ਕੇ। ਉਸ ਨੇ ਹੋਰ ਅਦਲਾ ਬਦਲੀ ਕਰ ਕੇ ਆਪ ਜੀ ਨੂੰ ਜਾ ਸੁਣਾਨੀਆ। ਆਪ ਨੇ ਸੁਣ ਕੇ ਹੈਰਾਨ ਪਰੇਸ਼ਾਨ ਹੋ ਜਾਣਾ, ਤੇ ਸੋਚਣਾ ਕਿ ਮੈਂ ਤਾਂ ਐਸੀਆਂ ਗੱਲਾਂ ਨਹੀਂ ਕੀਤੀਆਂ।

ਤੇ ਫੇਰ ਆਪ ਜੀ ਨੇ ਇਨ੍ਹਾਂ ਗੱਲਾਂ ਦੀ ਚਿੰਤਾ ਕਰਨੀ ਸ਼ੁਰੂ ਕਰ ਦਿੱਤੀ।

ਦੂਜੀ ਆਪ ਜੀ ਨੂੰ ਇਹ ਸੋਚ ਪੈ ਗਈ ਕਿ ਜਿਸ ਨੂੰ ਮੈਂ ਆਪਣਾ ਜੀਵਨ ਸਾਥੀ ਬਣਾਇਆ ਹੈ, ਉਨ੍ਹਾਂ ਮੇਰੀਆਂ ਗੱਲਾਂ ਗ਼ਲਤ ਸਮਝੀਆਂ ਹਨ ਤੇ ਗ਼ਲਤਫਹਿਮੀ ਫੈਲੀ ਹੈ। ਜਿਨ੍ਹਾਂ ਖ਼ਾਤਰ ਆਪ ਜੀਊੰਦੇ ਸਨ, ਜਦ ਉਨ੍ਹਾਂ ਦੀਆਂ ਗੱਲਾਂ ਵਿਚ ਪਰਿਵਰਤਨ ਵੇਖਿਆ, ਤਦ ਆਪ ਦਾ ਦਿਲ ਹਿਲ ਗਿਆ। ਏਸ ਦਿਲ ਹਿਲਾਣ ਵਾਲੀ ਗਲ ਨੂੰ ਬਰਦਾਸ਼ਤ ਕਰਨਾ ਕਠਨ ਹੋ ਗਿਆ। ਕਵੀ ਸਨ, ਵਲਵਲਿਆਂ ਭਰਿਆ ਦਿਲ ਸੀ, ਨਿੱਕੇ ਅੰਞਣੇ ਬੱਚੇ ਵਾਂਗੂੰ, ਜ਼ਰਾ ਪੁਚਕਾਰਿਆ, ਜ਼ਰਾ ਸ਼ਲਾਘਾ ਕੀਤੀ, ਤਾਂ ਹੱਸ ਪੈਣਾ, ਸਭ ਕੁਝ ਭੁੱਲ ਜਾਣਾ, ਖੇਡਾਂ ਵਿਚ ਰੁਝ ਜਾਣਾ। ਦਿਲ ਆਪ ਦਾ ਫਟਕ ਮਣੀ ਵਾਂਗੂੰ ਸਾਫ਼ ਸੀ, ਅਕਸ ਜ਼ਰੂਰ ਦੂਜੇ ਦਾ ਪੈ ਜਾਣਾ। ਐਸਾ ਹੋੰਦ ਵਿਚ ਆਇਆ ਹੋਇਆ ਆਦਮੀ ਮਿਲਣਾ ਕਠਨ ਹੈ। ਸਾਰੇ ਦੁੱਖ ਸੁਖ ਪਲਕ ਝਲਕ ਹੀ ਰਹਿੰਦੇ ਸਨ, ਗੁੱਸਾ ਵੀ ਕੜਕ ਦੇ ਕੇ, ਬੱਦਲਾਂ ਵਾਂਗੂ ਸਾਫ਼ ਹੋ ਜਾਂਦਾ। ਪਰ ਏਸ ਗੱਲ ਨੂੰ ਨਾ ਭੁੱਲ ਸਕੇ ਤੇ ਏਸ ਦੁਨੀਆਂ ਤੋਂ ਤੁਰਨ ਲਈ ਤਿਆਰੀ ਕਰ ਲੀਤੀ। ਮੈਂ ਬਹੁਤੇਰੀਆਂ ਤਸੱਲੀਆਂ ਦਿੱਤੀਆਂ, ਪਰ ਆਪ ਦੇ ਦਿਲ ‘ਤੇ ਕੋਈ ਨਾ ਪੁੜੀ। ਆਪ ਆਪਣੇ ਆਪ ‘ਤੇ ਗੁੱਸੇ ਹੋ ਗਏ ਤੇ ਆਪਣੇ ਆਪ ਨੂੰ ਬੇਅਰਥ ਸਮਝਣ ਲਗ ਪਏ।

ਪ੍ਰੋ. ਪੂਰਨ ਸਿੰਘ ਦੀਆਂ ਅੰਗਰੇਜ਼ੀ ਅਤੇ ਪੰਜਾਬੀ ਵਿਚ ਕਿਤਾਬਾਂ ਖਰੀਦੋ

ਪਹਿਲੀ ਵਾਲੀ ਕੜਕ, ਉਹ ਗਰਜਣਾ ਉਹ ਹੱਸ ਕੇ ਖਿੜਨਾ ਤੇ ਖਿੜਾਉਣਾ ਸਭ ਭੁੱਲ ਗਏ। ਐਸੀ ਹਾਲਤ ਵਿਚ ਆਪ ਨੇ ਇਕ ਵਡਾ ਸਾਰਾ ਲੇਖ ਆਪਣੇ ਮਨ ਦੇ ਖ਼ਿਆਲਾਂ ਦਾ ਪੰਜਾਬੀ ਵਿਚ ਲਿਖਿਆ, ਜੋ ਛਪਣ ਲਈ ਘਲਿਆ, ਪਰ ਛਪ ਕੇ ਨਾ ਆਇਆ। ਉਸ ਦੀ ਉਡੀਕ ਕਈ ਮਹੀਨੇ ਕਰਦੇ ਰਹੇ ਤੇ ਉਡੀਕਦੇ ਹੀ ਤੁਰ ਗਏ । ਉਹ ਲੇਖ ਸਾਨੂੰ ਵੀ ਨਾ ਮਿਲਿਆ।

ਜਿਨ੍ਹਾਂ ਲੋਕਾਂ ਨੇ ਹੱਸਦਿਆਂ ਵੇਖਿਆ ਸੀ ਉਹ ਆਪ ਜੀ ਦੀ ਚੁੱਪ ਵੇਖ ਕੇ ਹੈਰਾਨ ਹੁੰਦੇ। ਪਹਿਲੇ ਤਾਂ ਆਪ ਦੀਆਂ ਅੱਖਾਂ ਵਿਚ ਸਦਾ ਅਥਰੂ ਭਰੇ ਰਹਿੰਦੇ ਸਨ, ਉਹ ਅਬਚਲ ਮੂਰਤ ਅੱਖਾਂ ਅਗੇ ਰਹਿੰਦੀ ਤੇ ਗਾਉਂਦੇ ਫਿਰਦੇ:

ਹਾਥ ਖ਼ਾਲੀ ਮਰਦਮੇ-ਦੀਦ ਬੁਤੋਂ ਸੇ ਕਿਆ ਮਿਲੇ,

ਮੋਤੀਉਂ ਕੀ ਪੰਜਾਏ-ਮਜ਼ਗਾਂ ਮੇਂ ਇਕ ਮਾਲਾ ਤੋਂ ਹੋ।

ਹੁਣ ਅੱਖਾਂ ਵਿਚ ਏਸ ਤਰ੍ਹਾਂ ਦਾ ਸੋਕਾ ਆ ਗਿਆ ਜਿਵੇਂ ਕਦੇ ਇਨ੍ਹਾਂ ਨੈਣਾਂ ਵਿਚ ਬੱਦਲ ਆਏ ਹੀ ਨਹੀਂ। ਡੇਹਰਾਦੂਨ ਤੋਂ ਪੰਜਾਬ ਵਲ ਤੁਰ ਪਏ। ਚੱਕਾਂ ਵਿਚ ਜਾਣਾ ਸੀ, ਸਰਕਾਰ ਨੂੰ ਮਾਮਲਾ ਦੇਣ। ਰਸਤੇ ਵਿਚ ਲਾਹੌਰ ਉਤਰੇ। ਮਾਯੂਸੀ ਨੇ ਦਿਲ ‘ਤੇ ਡੇਰੇ ਲਾਏ ਹੋਏ ਸਨ। ਕਿਸੇ ਨੂੰ ਕੁਝ ਹਾਲ ਦਸਿਆ, ਕਿਸੇ ਨੂੰ ਕੁਝ ਨਾ ਦਸਿਆ। ਦਿਲ ਬੁਝਾ ਬੈਠੇ ਤੇ ਗਾਉਂਦੇ ਫਿਰਦੇ :

ਉਕਤਾ ਗਿਆ ਹੈ ਯਾ ਰੱਬ

ਦੁਨੀਆਂ ਕੀ ਮਹਿਫ਼ਲੋਂ ਸੇ,

ਕਿਆ ਲੁਤਫ਼ ਅੰਜਮਨ ਕਾਂ,

ਜੋ ਦਿਲ ਹੀ ਬੁਝ ਗਿਆ ਹੈ।

ਕੋਈ ਐਸਾ ਦੀਵਾ ਲਟ ਲਟ ਬਲਦਾ ਨਾ ਮਿਲਿਆ ਜੋ ਛੂੰਹਦਿਆਂ ਹੀ ਦਿਲ ਨੂੰ ਜਗਾ ਦੇਂਦਾ। ਸਦਾ ਖੁਸ਼ੀਆਂ ਵਿਚ ਰਹਿਣ ਵਾਲਿਆਂ ਨੂੰ ਮਾਯੂਸੀ ਨੇ ਐਸਾ ਮਾਯੂਸ ਕੀਤਾ ਕਿ ਹੱਸਣਾ ਖੇਡਣਾ, ਗਾਉਣਾ, ਖਾਣਾ ਸਭ ਭੁੱਲ ਗਿਆ। ਆਪ ਜੀ ਦੇ ਜੋ ਖ਼ਤ ਮੈਨੂੰ ਡੇਹਰਾਦੂਨ ਆਉਂਦੇ ਉਨ੍ਹਾਂ ਵਿਚ ਵੀ ਇਕ ਉਦਾਸੀ ਭਰੀ ਹੁੰਦੀ ਸੀ।

ਨਵੰਬਰ, ੧੯੩੦ ਦੇ ਸ਼ੁਰੂ ਵਿਚ ਲਾਹੌਰ ਤੋਂ ਡੇਹਰਾਦੂਨ ਖ਼ਬਰ ਆਈ ਕਿ ਆਪ ਜੀ ਨੂੰ ਟੀ. ਬੀ. ਦਾ ਰੋਗ ਲਗ ਗਿਆ ਹੈ। ਇਹ ਸੁਣਦੇ ਸਾਰ ਹੀ ਮੇਰਾ ਦਿਲ ਕੰਬ ਉਠਿਆ। ਡਾਕਟਰ ਖ਼ੁਦਾਦਾਦ, ਜੋ ਆਪਣੇ ਦਿਲ ਨੂੰ ਆਪਣੇ ਮਨ ਦੀ ਸ਼ਕਤੀ ਨਾਲ ਕਾਬੂ ਵਿਚ ਰਖਦੇ ਸਨ, ਵੀ ਆਪਣੇ ਦਿਲ ਨੂੰ ਕਾਇਮ ਨਾ ਰਖ ਸਕੇ। ਇਕਦਮ ਉਨਾਂ ਦਾ ਚਿਹਰਾ ਪੀਲਾ ਪੈ ਗਿਆ। ਡਾਕਟਰ ਬਲਬੀਰ ਸਿੰਘ ਅਤਿ ਵਿਆਕੁਲ ਹੋਏ।

ਮੈਂ ਝਟ ਹੀ ਆਪਣੇ ਮੰਝਲੇ ਲੜਕੇ ਨਿਰਲੇਪ ਸਿੰਘ ਨੂੰ ਨਾਲ ਲੈ ਕੇ ਲਾਇਲਪੁਰ ਚਲੀ ਆਈ ਜਿਥੇ ਗਾਰਗੀ ਤੇ ਮਲਕ ਅਮਰ ਸਿੰਘ ਰਹਿੰਦੇ ਸਨ। ਉਥੇ ਕੇ ਵੇਖਿਆ ਕਿ ਆਪ ਦੋਹਤ੍ਰੀ ਅਨੀਲਾ ਨਾਲ ਖੇਡ ਰਹੇ ਸਨ।

ਮੈਂ ਕਿਹਾ, “ਚਲੋ ਡੇਹਰਾਦੂਨ ਚਲੀਏ।” ਉਨ੍ਹਾਂ ਨੇ ਇਸ ਦਾ ਜਵਾਬ ਕੁਝ ਨਾ ਦਿਤਾ, ਪਰ ਕਹਿਣ ਲਗੇ “ਮੇਰੀਆਂ ਕਿਤਾਬਾਂ ਚੱਕਾਂ ਤੋਂ ਲੈ ਆਉ। “

ਮੈਂ, ਨਿਰਲੇਪ ਸਿੰਘ ਤੇ ਮਲਕ ਅਮਰ ਸਿੰਘ ਚੱਕਾਂ ਵਿਚ ਗਏ ਤੇ ਸਾਰੀਆਂ ਲਿਖਤੀ ਕਿਤਾਬਾਂ ਲੈ ਆਏ, ਹੋਰ ਕੁਝ ਨਾ ਲਿਆ।

ਨਵੰਬਰ, ੧੯੩੦ ਵਿਚ ਹੀ ਮੈਂ ਉਨ੍ਹਾਂ ਨੂੰ ਡੇਹਰਾਦੂਨ ਲੈ ਆਈ। ਪਰ ਸ਼ਹਿਰ ਤੇ ਸ਼ਹਿਰ ਦੇ ਆਦਮੀਆਂ ਤੋਂ ਘਬਰਾਂਦੇ। ਡੇਹਰਾਦੂਨ ਜੀਅ ਨਾ ਲੱਗਾ। ਇਸ ਲਈ ਡੋਈਵਾਲੇ (ਜੋ ੧੨ ਮੀਲ ਪਰੇ ਹੈ) ਜਾਣ ਦਾ ਫ਼ੈਸਲਾ ਕੀਤਾ। ਉਥੇ ਫੈਕਟਰੀ ਹੈ, ਦਰਿਆ ਹੈ। ਫੈਕਟਰੀ ਚਲ ਰਹੀ ਸੀ। ਆਪ ਜੀ ਵੇਖ ਕੇ ਖ਼ੁਸ਼ ਹੋਏ। ਨੌਕਰ ਚਾਕਰ ਮਿਸਤਰੀ ਜੋ ਆਪ ਦੇ ਨਾਲ ਪਹਿਲੇ ਤੋਂ ਕੰਮ ਕਰਦੇ ਸਨ, ਉਹ ਸਾਰਾ ਕੰਮ ਪੁੱਛ ਪੁੱਛ ਕੇ ਕਰਨ ਲਗੇ। ਉਨ੍ਹਾਂ ਨੂੰ ਸਾਰਾ ਕੰਮ ਦਸਦੇ ਤੇ ਬਾਗ ਵਿਚ ਫਿਰਦੇ ਤੇ ਖ਼ੁਸ਼ ਹੁੰਦੇ।

ਬੀਮਾਰੀ ਵਿਚ ਆਪਣੇ ਆਪ ਨੂੰ ਇਕ ਛੋਟਾ ਬੱਚਾ ਸਮਝਦੇ ਤੇ ਬੱਚਿਆਂ ਵਾਲੀਆਂ ਗੱਲਾਂ ਕਰਦੇ। ਕਹਿੰਦੇ, “ਦੇਖ, ਮਾਇਆ ! ਮੇਰੇ ਸਿਰ ‘ਤੇ ਛੱਬਾ ਗੁੰਦਿਆ ਹੋਇਆ ਹੈ। ਮੇਰੇ ਪੈਰਾਂ ‘ਤੇ ਪੋਟੇ ਪਏ ਹੋਏ ਹਨ ਜੋ ਛਣ ਛਣ ਕਰਦੇ ਨੇ। ਤੈਨੂੰ ਆਵਾਜ਼ ਆਉਂਦੀ ਏ ?”

ਮੈਂ ਕਹਾਂ, “ਹਾਂ ਜੀ !”

ਜੋ ਡੋਈਵਾਲੇ ਵਿਚ ਬੱਚੇ ਸਨ ਉਨਾਂ ਨਾਲ ਖੇਡਦੇ।

ਪਰ ਅੰਦਰਲਾ ਕੁਮਲਾਇਆ ਹੋਇਆ ਸੀ ਇਸ ਤਰਾਂ ਜਿਵੇਂ ਜੀਵਨ ਦੀ ਕੋਈ ਨਿਕੀ ਜਿਹੀ ਜੜ੍ਹ ਕਿਧਰੇ ਫਸੀ ਹੋਈ ਹੈ, ਬਾਕੀ ਸਭ ਖ਼ਤਮ । ਉਨ੍ਹਾਂ ਜੜ੍ਹਾਂ ਨੂੰ ਮੈਂ ਮਜ਼ਬੂਤ ਕਰਨ ਦਾ ਬਹੁਤ ਜਤਨ ਕਰਾਂ ਪਰ ਆਪ ਜੀ ਆਪਣੇ ਆਪ ਉਤੇ ਆਪ ਹੀ ਗੁੱਸੇ ਹੋ ਗਏ ਸਨ।

ਏਸ ਤਰ੍ਹਾਂ ਤਨ ਖੁਰਦਾ ਰਿਹਾ, ਪਰ ਤਦ ਵੀ ਮਨ ਵੈਸਾ ਹੀ ਏਕਤਾ ਵਾਲਾ, ਪਿਆਰ ਭਰਿਆ। ਨਾ ਗੁੱਸਾ ਸੀ ਨਾ ਕਿਸੇ ‘ਤੇ ਗਿੱਲਾ ਸੀ।

ਆਪ ਜੀ ਦਾ ਇਲਾਜ ਡੇਹਰਾਦੂਨ ਦੇ ਡਾਕਟਰ ਕਰਦੇ ਸਨ ਜੋ ਆਪ ਨੂੰ ਦੇਖਣ ਵਾਸਤੇ ਰੋਜ਼ ਆਉਦੇ । ਨਾਲ ਹੀ ਡਾਕਟਰ ਖ਼ੁਦਾਦਾਦ ਤੇ ਡਾਕਟਰ ਬਲਬੀਰ ਸਿੰਘ ਹੋਰ ਮਿੱਤਰਾਂ ਸਮੇਤ ਆਉਂਦੇ । ਡਾਕਟਰ ਖ਼ਦਾਦਾਦ ੧੯੦੫ ਤੋਂ ਲੈ ਕੇ ਜੀਵਨ ਦੇ ਅਖ਼ੀਰ ਤਕ ਸਾਡੇ ਨਾਲ ਰਹੇ।

ਜਦ ਵੇਖਿਆ ਕਿ ਡੋਈਵਲੇ ਵਿਚ ਰਹਿ ਕੇ ਬੀਮਾਰੀ ਨੂੰ ਫਾਇਦਾ ਨਹੀਂ ਹੋਇਆ। ਡੇਹਰਾਦੂਨ ਆ ਕੇ ਹਰ ਪਰਕਾਰ ਦਾ ਨਵਾਂ ਇਲਾਜ ਕਰਨਾ ਸ਼ੁਰੂ ਕੀਤਾ। ਜਿਸ ਵਿਚ ਫੇਫੜੇ ਨੂੰ ਬੰਦ ਵੀ ਕਰਾਇਆ, ਪਰ ਫਾਇਦਾ ਕੁਝ ਨਾ ਹੋਇਆ।

ਡਾਕਟਰ ਖ਼ੁਦਾਦਾਦ ਨਾਲ ਚੱਕਾ ਦੀ ਜ਼ਮੀਨ ਬਾਬਤ ਗੱਲਾਂ ਕਰਨੀਆਂ । ਜ਼ਮੀਨ ਦਾ ਮਾਮਲਾ ਦੇਣ ਦਾ ਆਪ ਨੂੰ ਬਹੁਤ ਫਿਕਰ ਸੀ ਕਿ ਮਾਮਲਾ ਨਾ ਦਿਤਾ ਤਾਂ ਕਿਤੇ ਮੁਰੱਬੇ ਜ਼ਬਤ ਨਾ ਹੋ ਜਾਣ । ਡਾਕਟਰ ਖ਼ੁਦਾਦਾਦ ਨੇ ਆਪ ਦਾ ਫਿਕਰ ਹਟਾਉਣ ਵਾਸਤੇ ਮਾਮਲਾ ਭੇਜ ਦਿਤਾ। ਭਾਵੇਂ ਉਸ ਵੇਲੇ ਰੁਪਏ ਦੀ ਬਹੁਤ ਥੁੜ ਸੀ । ਜਦ ਮਾਮਲੇ ਦੀ ਰਸੀਦ ਆਪ ਦੇ ਹੱਥਾਂ ਵਿਚ ਫੜਾਈ, ਆਪ ਬਹੁਤ ਖੁਸ਼ ਹੋਏ ।

ਆਪ ਜੀ ਨੂੰ ਕਿਸਮ ਕਿਸਮ ਦੀਆਂ ਹੋਰ ਅਲਾਮਤਾਂ ਵੀ ਸਨ, ਜਿਨ੍ਹਾਂ ਦਾ ਇਲਾਜ ਇਕ ਦੂਜੇ ਤੋਂ ਵੱਖਰਾ ਸੀ-ਗਾਊਨ, ਐਲਬਰਾਮੇਡੋਰੀਆ, ਡਾਇਬਟੀਜ਼ ਤੇ ਟੀ. ਬੀ. ਜਦ ਟੀ. ਬੀ. ਨੂੰ ਵੇਖਣ ਲਈ ਐਕਸ-ਰੇਅ ਕਰਵਾਇਆ, ਐਕਸ-ਰੇਅ ਵਾਲੇ ਹੈਰਾਨ ਰਹਿ ਗਏ ਕਿ ਇੰਨੀਆਂ ਚੌੜੀਆਂ ਰਿੱਬਾਂ ਵਾਲੇ ਨੂੰ ਟੀ. ਬੀ. ਕਿਵੇਂ ਹੋ ਗਈ। ਹੱਡੀਆਂ ਇੰਚ ਤੋਂ ਜ਼ਿਆਦਾ ਚੌੜੀਆਂ ਸਨ। ਪਰ ਇਹ ਕਿਸੇ ਨੂੰ ਪਤਾ ਨਹੀਂ ਸੀ ਕਿ ਸਭ ਤੋਂ ਵੱਡੀ ਬੀਮਾਰੀ ਅੰਦਰਲੀ ਉਦਾਸੀ ਹੈ। ਜੋ ਵੀ ਇਲਾਜ ਹੁੰਦਾ ਰਿਹਾ ਉਸ ਵਿਚ ਆਪ ਨੇ ਆਪਣੀ ਕੋਈ ਰਾਏ ਨਾ ਦਿਤੀ । ਹਰ ਇਕ ਇਲਾਜ ਇਸ ਤਰਾਂ ਕਰਾਂਦੇ ਕਿ ਜਿਸਮ ਸੁੰਨ ਹੈ। ਫੇਫੜਾ ਬੰਦ ਕਰਨ ਵੇਲੇ ਵੀ ਵੈਸੇ ਹੀ ਚੁੱਪ ਰਹੇ । ਕਾਫੀ ਮਿਕਦਾਰ ਵਿਚ ਖੂਨ ਕਢਿਆ ਤਦ ਵੀ ਚੁੱਪ।

ਦਮੋਦਰ ਸਿੰਘ ਇੰਜੀਨੀਅਰ, ਜਿਸ ਦੇ ਨਾਲ ਜਾਪਾਨ ਵਿਚ ਇਕੱਠਿਆਂ ਸਫਰ ਕੀਤਾ ਅਤੇ ਉਥੇ ਤਿੰਨ ਸਾਲ ਇਕ ਕਮਰੇ ਵਿਚ ਰਹੇ, ਦਾ ਖ਼ਤ ਆਇਆ ਕਿ ਸੰਤ ਲਖਬੀਰ ਸਿੰਘ ਨੂੰ ਅਰਜ਼ ਕਰੋ ਕਿ ਆਪ ਦੇ ਅਰੋਗ ਹੋਣ ਲਈ ਅਰਦਾਸ ਕਰਨ । ਇਹ ਮਾਰਚ ੧੯੩੦ ਦੀ ਗੱਲ ਹੈ।

ਤਦ ਆਪ ਜੀ ਨੇ ਡਾਕਟਰ ਬਲਬੀਰ ਸਿੰਘ ਨੂੰ ਦੂਸਰੇ ਕਮਰੇ ਤੋਂ ਬੁਲਾ ਲਿਆ। ਉੱਚਾ ਨਹੀਂ ਬੋਲ ਸਕਦੇ ਸਨ। ਉਨ੍ਹਾਂ ਆਪਣਾ ਕੰਨ ਆਪ ਜੀ ਦੇ ਮੂੰਹ ਨਾਲ ਲਾਇਆ।

ਆਪ ਨੇ ਕਿਹਾ, “ਦੇਖ ਸੰਤਾਂ ਪਾਸ ਅਰਜ਼ ਨਹੀਂ ਕਰਨੀ।” ਆਪਣੀ ਬਾਂਹ ਨੂੰ ਹੱਥ ਲਾ ਕੇ ਕਹਿਣ ਲਗੇ ਏਸ ਮੁੱਠੀ ਭਰ ਕਾਇਆ ਵਾਸਤੇ ਅਰਜ਼ ਕਰਨੀ ਗ਼ਲਤ ਗੱਲ ਹੈ। ਖ਼ਬਰਦਾਰ ਐਸੀ ਗਲ ਕਰੋ ਤਾਂ ਜੋ ਹੋਣਾ ਹੈ ਸੋ ਹੋਣ ਦਿਓ।

ਮੈਂ ਕਦੇ ਜ਼ਰਾ ਜਿੰਨੀ ਬੀਮਾਰ ਹੋ ਜਾਣਾ ਤਦ ਸਖਤ ਫਿਕਰ ਕਰਨਾ ਤੇ ਕਹਿਣਾ, “ਮਾਇਆ ! ਜੇ ਤੂੰ ਬੀਮਾਰ ਹੋ ਗਈ ਮੈਨੂੰ ਕੌਣ ਪੁਛੇਗਾ ?” ਮੇਰੇ ਬੀਮਾਰ ਹੋਣ ਤੋਂ ਡਰਦੇ ਸਨ। ਉਨ੍ਹਾਂ ਨੂੰ ਖ਼ਬਰ ਸੀ ਕਿ ਮੇਰੀ ਬੀਮਾਰੀ ਪ੍ਰਹੇਜ਼ ਵਾਲੀ ਏ, ਉਹ ਆਪ ਸਾਰਿਆਂ ਤੋਂ ਪ੍ਰਹੇਜ਼ ਕਰਨ ਲਗ ਪਏ। ਪਰ ਆਪ ਉਨ੍ਹਾਂ ਨੇ ਕਦੀ ਕਿਸੇ ਪ੍ਰਹੇਜ਼ ਵਾਲੀ ਬੀਮਾਰੀ ਤੋਂ ਕਦੇ ਪ੍ਰਹੇਜ਼ ਨਹੀਂ ਕੀਤਾ ਸੀ। ਆਪ ਦੇ ਬੀਮਾਰ ਹੋਣ ਤੋਂ ਪਹਿਲੇ ਲਾਹੌਰ ਹਸਪਤਾਲ ਵਿਚ ਇਕ ਲੜਕੀ ਬੀਬੀ ਗੋਬਿੰਦ ਕੌਰ ਟੀ. ਬੀ. ਨਾਲ ਬੀਮਾਰ ਸੀ। ਆਪ ਨੇ ਉਹਦੇ ਪਾਸ ਜਾ ਕੇ ਕਿੰਨਾਂ ਕਿੰਨਾਂ ਚਿਰ ਗੱਲਾਂ ਕਰਨੀਆਂ, ਪਿਆਰ ਕਰਨਾ। ਉਹ ਬੀਬੀ ਅਜੇ ਤਕ ਮੌਜੂਦ ਹੈ।

ਮੇਰੇ ਦਿਲ ਵਿਚ ਕਦੇ ਵੀ ਇਸ ਬੀਮਾਰੀ ਵਾਸਤੇ ਪ੍ਰਹੇਜ਼ ਨਹੀਂ ਆਇਆ। ਆਪ ਜੀ ਤੋਂ ਤਾਂ ਮੈਂ ਕੀ ਪ੍ਰਹੇਜ਼ ਕਰਨਾ ਸੀ। ਮੈਂ ਉਨ੍ਹਾਂ ਕੋਲ ਰਾਤ ਦਿਨ ਬੈਠਾ ਰਹਿਣਾ। ਰਾਤ ਸੌਣ ਵਕਤ ਜਿਵੇਂ ਅਗੇ ‘ਗੁਡ ਨਾਈਟ’ ਕਰਦੇ ਹੁੰਦੇ ਸਾਂ, ਇਸੇ ਤਰਾਂ ਪਿਆਰ ਕਰ ਜੱਫੀ ਦਾ ‘ਗੁਡ ਨਾਈਟ’ ਕਰਨੀ। ਆਪ ਕਹਿੰਦੇ ਰਹਿੰਦੇ, “ਐਸਾ ਨਾ ਕਰ।” ਮੈਂ ਆਖਾਂ, “ਏਸ ਖਲੜੀ ਦੀ ਖਾਤਰ ਇਹ ਅਮੁੱਲ ਵਕਤ ਗਵਾ ਦਿਆਂ, ਮੇਰੇ ਵਾਸਤੇ ਇਹ ਤਾਕਤ ਹੈ। ਆਪ ਫ਼ਿਕਰ ਨਾ ਕਰੋ।”

ਤੁਰਨ ਤੋਂ ਕੁਝ ਦਿਨ ਪਹਿਲੇ ਸਰਦਾਰ ਸੰਪੂਰਨ ਸਿੰਘ ਬੈਰਿਸਟਰ ਨੂੰ ਯਾਦ ਕੀਤਾ। ਉਹ ਵਲਾਇਤ ਵਿਚ ਸਨ। ਪਰ ਆ ਹੀ ਗਏ। ਉਹ ਵੀ ਵਾਹੋਦਾਹ ਆਪ ਤੇ ਭੈਣ ਨਰਿੰਦਰ ਜੀ (ਆਪਣੀ ਸਰਦਾਰਨੀ) ਨੂੰ ਨਾਲ ਲੈ ਆਏ। ਘੁਟ ਕੇ ਜੱਫੀ ਮਾਰ ਉਨ੍ਹਾਂ ਨੂੰ ਆ ਮਿਲੇ। ਭਾਵੇਂ ਉਨ੍ਹਾਂ ਦੀਆਂ ਅੱਖਾਂ ਡੁਲ ਡੁਲ ਕਰ ਰਹੀਆਂ ਸਨ, ਪਰ ਅੱਥਰੂ ਛਿਪਾ ਕੇ ਹੀ ਰਖੇ । ਉਸ ਕਮਰੇ ਵਿਚ ‘ਕੱਠਿਆਂ ਬੈਠ ਕੇ ਰੋਟੀ ਖਾਧੀ। ਭੈਣ ਤੇ ਭਰਾ ਨਾਲ ਬੜੀਆਂ ਗੱਲਾਂ ਕਰਦੇ ਰਹੇ। ਫੇਰ ਉਹ ਦੋਵੇਂ ਵਿਦਾ ਹੋ ਕੇ ਲਾਇਲਪੁਰ ਚਲੇ ਗਏ। ਆਪ ਨੇ ਆਪਣੀ ਬੀਮਾਰੀ ਵਿਚ ਹੋਰ ਕਿਸੇ ਨੂੰ ਮਿਲਣ ਵਾਸਤੇ ਯਾਦ ਨਹੀਂ ਕੀਤਾ। ਪਰ ਇਕ ਦਿਨ ਡਾਕਟਰ ਦੀਵਾਨ ਸਿੰਘ ਸਿਵਲ ਸਰਜਨ ਨੂੰ ਯਾਦ ਕੀਤਾ। ਉਨ੍ਹਾਂ ਨਾਲ ਕਿਸੇ ਗੱਲ ਤੋਂ ਝਗੜਾ ਹੋਇਆ ਸੀ । ਉਸ ਝਗੜੇ ਵਿਚ ਡਾਕਟਰ ਦੀਵਾਨ ਸਿੰਘ ਜੀ ਕੁਝ ਗੁੱਸੇ ਹੋ ਗਏ । ਏਸ ਵਾਸਤੇ ਆਪ ਦਾ ਦਿਲ ਸੀ ਕਿ ਉਹ ਗੁੱਸਾ ਹਟਾ ਜਾਈਏ। ਉਸ ਨੂੰ ਯਾਦ ਕੀਤਾ ਤੇ ਖ਼ਤ ਲਿਖਵਾਇਆ। ਜਦ ਡਾਕਟਰ ਦੀਵਾਨ ਸਿੰਘ ਜੀ ਆਏ, ਬੜੇ ਪਿਆਰ ਨਾਲ ਦੋਵੇਂ ਮਿਲੇ। ਉਸ ਨੂੰ ਕਿਹਾ, “ਯਾਰਾ ਤੂੰ ਮੈਨੂੰ ਮਾਫ਼ ਕਰ ਦੇਵੀਂ।” ਉਸ ਨੇ ਜੱਫੀ ਮਾਰ ਕੇ ਕਿਹਾ, “ਓ ਭਾਪਾ ਤੈਨੂੰ ਹੁਣ ਤਕ ਇਹ ਗੱਲ ਯਾਦ ਹੈ, ਤੇ ਰੋ ਪਿਆ। ਫੇਰ ਉਸੇ ਰਾਤ ਉਹ ਸ਼ਿਮਲੇ ਵਲ ਚਲਾ ਗਿਆ।

ਅਗਲੇ ਦੇਸ਼ ਨੂੰ ਟੁਰਨ ਤੋਂ ਇਕ ਦਿਨ ਪਹਿਲੇ ਮੈਂ ਆਪ ਦੇ ਪਾਸ “ਕੱਲੀ ਬੈਠੀ ਹੋਈ ਸਾਂ।  ਕਿਹਾ ਨੇ, “ਮਾਇਆ ! ਮੈਂ ਤੇਰੇ ਲਈ ਕੁਝ ਰੁਪਿਆ ਨਹੀਂ ਛੱਡਿਆ।” ਮੈਂ ਹੈਰਾਨ ਹੋ ਕੇ ਆਖਿਆ, “ਆਪ ਨੂੰ ਇਹ ਖ਼ਿਆਲ ਕਿਉਂ ਆਇਆ ? ਜੋ ਦੌਲਤ ਤੁਸਾਂ ਮੈਨੂੰ ਦਿੱਤੀ ਹੈ, ਕਿਸੇ ਪਾਤਸ਼ਾਹ ਨੇ ਵੀ ਆਪਣੀ ਰਾਣੀ ਨੂੰ ਨਹੀਂ ਦਿੱਤੀ ਹੋਣੀ। ਮੇਰੇ ਅੰਦਰੋਂ ਤੁਸਾਂ ਭੁੱਖ ਦੂਰ ਕਰ ਦਿੱਤੀ ਏ, ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਰਹੀ ! ਰੱਜ ਗਈ ਹਾਂ। ਆਪ ਇਸ ਗੱਲ ਦਾ ਫ਼ਿਕਰ ਨਾ ਕਰੋ।”

ਮੈਂ ਨਹੀਂ ਸੀ ਚਾਹੁੰਦੀ ਕਿ ਇਸ ਵਕਤ ਆਪ ਜੀ ਨੂੰ ਕਿਸੇ ਵਲਵਲਿਆਂ ਵਿਚ ਵਲਾਂ। ਬਿਲਕੁਲ ਸਹਿਜ ਸੁਭਾ ਫਿਰਦੀ ਤੁਰਦੀ ਰਹੀ।

ਡਾਕਟਰ ਨੇ ਮੈਨੂੰ ਦੂਜੇ ਕਮਰੇ ਵਿਚ ਬੁਲਾਇਆ ਕਹਿਣ ਲੱਗਾ, “ਬਸ ਇਹ ਮਹਾਨ ਵਿਅਕਤੀ ਇਸ ਦੁਨੀਆਂ ਤੋਂ ਟੁਰਨ ਲੱਗਾ ਹੈ । ਦਿਲ ਦੀ ਧੜਕਨ ਤਾਂ ਬੰਦ ਹੋ ਗਈ, ਸਿਰਫ਼ ਫੇਫੜਿਆਂ ਵਿਚ ਸਾਹ ਹੈ।

ਉਸ ਵਕਤ ਮੈਨੂੰ ਐਸਾ ਲੱਗਾ ਕਿ ਮੇਰੀਆਂ ਹੱਡੀਆਂ ਕਾੜ ਕਾੜ ਕਰ ਰਹੀਆਂ ਹਨ। ਜਿਵੇਂ ਭੂਚਾਲ ਆਇਆ ਛੱਤ ਦੀਆਂ ਕੜੀਆਂ ਕਾੜ ਕਾੜ ਕਰਦੀਆਂ ਨੇ, ਤਿਵੇਂ ਮੈਨੂੰ ਇਕ ਇਕ ਹੱਡੀ ਦੀ ਕਾੜ ਕਾੜ ਦੀ ਆਵਾਜ਼ ਆਈ। ਮੈਂ ਉਸ ਵਕਤ ਗੁਰੂ ਗ੍ਰੰਥ ਸਾਹਿਬ ਦੇ ਕਮਰੇ ਵਿਚ ਜਾ ਕੇ ਅਰਦਾਸ ਕੀਤੀ ! “ਹੇ ਗੁਰੂ ਨਾਨਕ ! ਮੈਂ ਨਾ ਡੋਲਾਂ, ਤੂੰ ਮੇਰੇ ਅੰਦਰ ਆ, ਮੈਨੂੰ ਫੜ ਲੈ। ਆਪ ਜੀ ਇਸ ਵਕਤ ਆਪ ਦੇ ਪਾਸ ਆ ਰਹੇ ਹਨ। ਮੈਂ ਆਪ ਲਈ ਬਾਣੀ ਦੀਆਂ ਸੁਗਾਤਾਂ ਭੇਜਾਂ।” ਇਹ ਕਹਿੰਦਿਆਂ ਹੀ ਮੇਰਾ ਦਿਲ ਠਹਿਰ ਗਿਆ। ਮੈਂ ਆਪ ਪਾਸ ਆ ਗਈ।

ਆਖਣ ਲੱਗੇ, “ਮਾਇਆ ! ਭਾਪੇ ( ਡਾਕਟਰ ਖ਼ੁਦਾਦਾਦ) ਨੂੰ ਬੁਲਾ।” ਉਹ ਵੀ ਨਾਲ ਦੇ ਕਮਰੇ ਵਿਚ ਵਿਆਕੁਲ ਹੋਏ ਹੋਏ ਫਿਰ ਰਹੇ ਸਨ। ਉਨ੍ਹਾਂ ਪਾਸ ਆ ਕੇ ਡਾਕਟਰ ਖ਼ੁਦਾਦਾਦ ਖੜਾ ਹੋ ਗਿਆ।

ਆਖਣ ਲੱਗੇ, “ਭਾਪਾ ! ਮੈਂ ਚਲਿਆ ਹਾਂ !

ਭਾਪਾ ਜੀ ਨੇ ਅਗੋਂ ਕਿਹਾ, ‘ਨਹੀਂ ਜੀ ! ਇਹ ਨਾ ਕਹੋ।”

ਆਪਣੀ ਲੰਮੀ ਬਾਂਹ ਨੂੰ ਉਲਾਰਿਆ ਤੇ ਉਚਿਆਂ ਕਰ ਕੇ ਕਿਹਾ, “ਬਸ ਤੂੰ ਤਾਂ ਇਸ ਤਰ੍ਹਾਂ ਹੀ ਕਹਿੰਦਾ ਰਹੇਗਾ।”

ਉਹ ਬਾਂਹ ਜਿਹੜੀ ਲੈਕਚਰ ਦੇਦਿਆਂ ਉਲਾਰ ਉਲਾਰ ਲੋਕਾਂ ਨੂੰ ਸਮਝਾਂਦੀ ਤੇ ਦਿਲ ਹਿਲਾਂਦੀ ਸੀ, ਮੇਰੇ ਦਿਲ ਨੇ ਸੋਚਿਆ, ਕਿ ਇਸ ਬਾਂਹ ਨੇ ਅਖ਼ੀਰਲਾ ਹੁਲਾਰਾ ਲੀਤਾ ਹੈ। ਡਾਕਟਰ ਖ਼ੁਦਾਦਾਦ ਦੀ ਇਹ ਖ਼ਾਸੀਅਤ ਸੀ ਕਿ ਉਹ ਕਿਸੇ ਗੱਲ ਨੂੰ ਦੁਖਦਾਈ ਨਹੀਂ ਸੀ ਸਮਝਦਾ। ਡਾਕਟਰ ਖ਼ੁਦਾਦਾਦ ਤਾਂ ਬਾਹਰ ਚਲੇ ਗਏ।

ਫਿਰ ਆਪ ਨੇ ਮੈਨੂੰ ਕਿਹਾ, “ਮਾਇਆ ! ਮੈਂ ਚੱਲਿਆ ਹਾਂ।”

ਮੈਂ ਨਹੀਂ ਚਾਹੁੰਦੀ ਸੀ ਕਿ ਆਪ ਨੂੰ ਅੰਤ ਵੇਲੇ ਮੋਹ ਦੀ ਰੱਸੀ ਪਾਵਾਂ ਤੇ ਕਿਹਾ, “ਜਨ ਨਾਨਕ ਨਾਮੁ ਸਲਹਿ ਤੂੰ ਲੁਡਿ ਲੁਡਿ ਦਰਗਹ ਵੰਞੁ ।।”

ਆਪ ਜੀ ਨੇ ਤਾਂ ਇਹ ਕਹਿ ਕੇ ਅੱਖਾਂ ਮੀਟ ਲੀਤੀਆਂ । ਅਜੇ ਸਾਹ ਆਉਂਦਾ ਸੀ। ਮੈਂ ਉਸ ਵਕਤ ਮੱਥੇ ਉਤੇ ਇਕ ਪਿਆਰ ਵਾਲਾ ਚੁੰਮਨ ਦਿੱਤਾ । ਉਸ ਵਕਤ ਵੀ ਸਿਰ ਹਿਲਾਇਆ, ਮਨੇ ਕਰਨ ਲਈ।

ਉਸ ਕਮਰੇ ਵਿਚ ਬਾਣੀ ਦੇ ਰਸੀਏ, ਮੇਰੀ ਮਾਂ, ਭੈਣ ਤੇ ਦੋ ਭਤੀਜੀਆਂ ਮੌਜੂਦ ਸਨ।

ਮੈਂ “ਬਾਵਨ ਅਖਰੀ” ਦਾ ਪਾਠ ਕਰ ਰਹੀ ਸਾਂ। ਆਪ ਜੀ ਦਾ ਹੱਥ ਆਪਣੇ ਹੱਥ ਵਿਚ ਲਿਆ ਹੋਇਆ ਸੀ।

ਸੁਣਦਿਆਂ ਸੁਣਦਿਆਂ ਆਪ ਜੀ ਦੇ ਸਵਾਸ ਅਹਿਸਤਾ ਹੋ ਗਏ। ਬਿਲਕੁਲ ਚੁਪ ਹੋ ਗਏ ਤੇ ਇਸ ਤਰ੍ਹਾਂ ਮਾਲੂਮ ਹੋਏ ਕਿ :

ਜਿਉ ਜਲ ਮਹਿ ਜਲੁ ਆਇ ਖਟਾਨਾ ॥

ਤਿਉ ਜੋਤੀ ਸੰਗਿ ਜੋਤਿ ਸਮਾਨਾ॥

ਵਕਤ ਬਾਅਦ ਦੁਪਹਿਰ ਦਾ ਸੀ। ਕਮਰੇ ਦਾ ਅਜੀਬ ਪ੍ਰਭਾਵ ਸੀ। ਵਿਛੋੜਾ ਨਹੀਂ ਸੀ ਮਾਲੂਮ ਹੁੰਦਾ। ਮੇਲ ਮੇਲ ਲੱਗਦਾ ਸੀ।

ਉਸੇ ਸ਼ਾਮ ੩੧ ਮਾਰਚ, ੧੯੩੧ ਨੂੰ ਹੀ ਜਿਸਮ ਅਗਨੀ ਭੇਟਾ ਕਰ ਦਿਤਾ। ਘਰ ਵਿਚ ਸ਼ਾਂਤ ਪ੍ਰਭਾਵ ਰਿਹਾ। ਸਾਰੇ ਬਾਣੀ ਪੜ੍ਹਦੇ ਸਨ। ਉਸ ਵੇਲੇ ਸਾਰਾ ਪਰਿਵਾਰ ਕੋਲ ਸੀ। ਘਰ ਵਿਚ ਇਸ ਤਰਾਂ ਦਾ ਪ੍ਰਭਾਵ ਸੀ:

ਕਬੀਰੁ ਜਾ ਦਿਨ ਹਉ ਮੂਆ

ਪਾਛੈ ਭਇਆ ਅਨੰਦੁ॥

ਮੋਹਿ ਮਿਲਿਓ ਪ੍ਰਭੁ ਆਪਨਾ

ਸੰਗੀ ਭਜਹਿ ਗੋਬਿੰਦ॥

5 1 vote
Article Rating
Subscribe
Notify of
1 ਟਿੱਪਣੀ
Oldest
Newest Most Voted
Inline Feedbacks
View all comments
1
0
Would love your thoughts, please comment.x
()
x