ਇਹ ਤੱਕੜੀ ਦੇ ਪਾਲੜਿਆਂ ਵਿੱਚ ਵੱਡੀ ਗੜਬੜ ਹੈ….
ਅੱਖਾਂ ‘ਤੇ ਪੱਟੀ ਅਤੇ ਹੱਥ ‘ਚ ਤੱਕੜੀ:
ਅੱਖਾਂ ‘ਤੇ ਪੱਟੀ ਬੰਨ੍ਹ ਕੇ ਅਤੇ ਹੱਥ ਵਿੱਚ ਤੱਕੜੀ ਫੜਦਿਆਂ ਭਾਵੇਂ ਇਹ ਵਿਖਾਇਆ ਜਾਂਦਾ ਹੈ ਕਿ ਇਸ ਮੁਲਕ ਦੀਆਂ ਅਦਾਲਤਾਂ ਬਿਨਾਂ ਕਿਸੇ ਭੇਦਭਾਵ ਦੇ ਇਨਸਾਫ ਕਰਦੀਆਂ ਹਨ ਪਰ ਅਸਲੀਅਤ ਇਸ ਤੋਂ ਕੋਹਾਂ ਦੂਰ ਹੈ। ਅੱਖਾਂ ‘ਤੇ ਪੱਟੀ ਬੰਨਣ ਦਾ ਬਸ ਪਰਦਾ ਹੀ ਹੈ ਜਾਂ ਸ਼ਾਇਦ ਉਹ ਵੀ ਨਹੀਂ ਰਿਹਾ ਅਤੇ ਤੱਕੜੀ ਦੇ ਪਾਲੜੇ ਹੁਣ ਜੇਕਰ ਸਹੀ ਹਨ ਤਾਂ ਬਸ ਮੇਜ ‘ਤੇ ਰੱਖੇ ਛੋਟੇ ਜਿਹੇ ਬੁੱਤ ਦੇ ਹੱਥਾਂ ‘ਚ ਹੀ ਹਨ। ਬੇਅੰਤ ਉਦਾਹਰਣਾਂ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ ਕਿ ਇਸ ਮੁਲਕ ਦਾ ਪ੍ਰਬੰਧ ਇਨਸਾਫ, ਬਰਾਬਰਤਾ ਅਤੇ ਸਾਂਝੀਵਾਲਤਾ ਵਾਲਾ ਰੱਤੀ ਭਰ ਵੀ ਨਹੀਂ ਹੈ। ਇੱਥੇ ਤਾਂ ਹਵਾ ‘ਚ ਚਲਾਈ ਗੋਲੀ ਵੀ ਧਰਤੀ ‘ਤੇ ਤੁਰੇ ਜਾਂਦੇ ਮਨੁੱਖ ਦੇ ਚੂਲੇ ‘ਚ ਵੱਜ ਸਕਦੀ ਹੈ। ਸ਼ਰੇਆਮ ਚਲਾਈਆਂ ਜਾ ਰਹੀਆਂ ਗੋਲੀਆਂ ਬੋਲਦੀਆਂ ਮੂਰਤਾਂ (ਵੀਡੀਓ) ਦੇ ਰੂਪ ਵਿੱਚ ਹੋਣ ਦੇ ਬਾਵਜੂਦ ਵੀ ਬੇਝਿਜਕ ਗੋਲੀ ਨਾ ਚਲਾਉਣ ਦਾ ਦਾਅਵਾ ਕੀਤਾ ਜਾ ਸਕਦਾ ਹੈ ਅਤੇ ਅਜਿਹੀਆਂ ਹੋਰ ਬਹੁਤ ਅਸੰਭਵ, ਬੇਤੁਕੀਆਂ ਅਤੇ ਫਰੇਬੀ ਗੱਲਾਂ ਨੂੰ ਸਹੀ ਠਹਿਰਾਇਆ ਜਾ ਸਕਦਾ ਹੈ ਬਸ ਤੁਸੀਂ ਇਸ ਮੁਲਕ ਅਨੁਸਾਰ ਸਹੀ ਧਿਰ ਵਜੋਂ ਜਾਂ ਸਹੀ ਧਿਰ ਦੇ ਹੱਕ ‘ਚ ਭੁਗਤ ਰਹੇ ਹੋਵੋਂ। ਇਹ ਅੱਖਾਂ ‘ਤੇ ਪੱਟੀ ਬੰਨ੍ਹ ਕੇ ਹੱਥ ‘ਚ ਤੱਕੜੀ ਫੜਨ ਵਾਲੇ ਤੁਹਾਡੇ ਲਈ ਅਜਿਹਾ ਇਨਸਾਫ ਕਰਨਗੇ ਜੋ ਆਮ ਬੰਦਾ ਕਦੀ ਕਿਆਸ ਵੀ ਨਹੀਂ ਸਕਦਾ। ਇੱਕ ਗੱਲ ਹੋਰ, ਇਹ ਅੱਖਾਂ ‘ਤੇ ਪੱਟੀਆਂ ਨੂੰ ਅੰਨ੍ਹੇ ਨਹੀਂ ਕਹਿਣਾ ਚਾਹੀਦਾ, ਅਸੀਂ ਅਕਸਰ ਕਹਿ ਦਿੰਦੇ ਹਾਂ ਪਰ ਇਹ ਅੰਨ੍ਹੇ ਨਹੀਂ ਹਨ, ਅੰਨ੍ਹੇ ਪੱਖਪਾਤ ਨਹੀਂ ਕਰਦੇ। ਇਹਨਾਂ ਨੂੰ ਸਭ ਦਿਸਦਾ ਹੈ, ਸਾਫ ਸਾਫ ਦਿਸਦਾ ਹੈ, ਬਸ ਬਾਕੀਆਂ ਨੂੰ ਕੀ ਦਿਖਾਉਣਾ ਹੈ ਅਤੇ ਕਿਵੇਂ ਦਿਖਾਉਣਾ ਹੈ ਘੁੰਡੀ ਇੱਥੇ ਹੈ ਅਤੇ ਇਹ ਇਹਨਾਂ ਦੇ ਵੀ ਹੱਥ ਬਸ ਨਹੀਂ ਹੈ।
ਇੱਕ ਦਹਾਕਾ ਪਹਿਲਾਂ:
ਅੱਜ ਤੋਂ ਇੱਕ ਦਹਾਕਾ ਪਹਿਲਾਂ ਵੀ ਅਜਿਹਾ ਹੀ ਕੁਝ ਵਾਪਰਿਆ, ਉਦੋਂ ਵੀ ਇੱਕ ਹਵਾ ‘ਚ ਚੱਲੀ ਗੋਲੀ ਕਿਸੇ ਧਰਤੀ ‘ਤੇ ਤੁਰੇ ਜਾਂਦੇ ਦੇ ਚੂਲੇ ‘ਚ ਜਾ ਵੱਜੀ ਜਿਸ ਨਾਲ ਕਰੀਬ 19 ਵਰ੍ਹਿਆਂ ਦਾ ਨੌਜਵਾਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਸਬੂਤਾਂ ਦੇ ਬਾਵਜੂਦ ਇਨਸਾਫ ਦੀ ਇਸ ਤੱਕੜੀ ਨੇ ਇੱਕ ਖਾਸ ਧਿਰ ਵਜੋਂ ਅਤੇ ਖਾਸ ਧਿਰ ਦੇ ਹੱਕ ‘ਚ ਭੁਗਤ ਰਹੇ ਬੰਦਿਆਂ ਨੂੰ ਇਨਸਾਫ ਦਾ ਤੋਹਫ਼ਾ ਦਿੱਤਾ। ਉਹਨਾਂ ਦੇ ਪਾਲੜੇ ਵਿੱਚ ਕੁਝ ਨਾ ਹੁੰਦਿਆਂ ਵੀ ਉਸ ਨੂੰ ਭਾਰਾ ਬਣਾ ਦਿੱਤਾ।
ਕੌਣ ਸੀ ਇਹ 19 ਵਰ੍ਹਿਆਂ ਦਾ ਨੌਜਵਾਨ?
ਗੁਰਦਾਸਪੁਰ ਜਿਲ੍ਹੇ ਦੇ ਪਿੰਡ ਚੌੜ ਸਿੱਧਵਾਂ ਵਿੱਚ ਕਰੀਬ 19 ਵਰ੍ਹਿਆਂ ਦਾ ਇਹ ਨੌਜਵਾਨ ਭਾਈ ਜਸਪਾਲ ਸਿੰਘ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ। ਦੁਨਿਆਵੀ ਪੜ੍ਹਾਈ ਵਜੋਂ ਇਹ ਬੀਟੈੱਕ ਦੇ ਪਹਿਲੇ ਸਾਲ ਦਾ ਵਿਦਿਆਰਥੀ ਸੀ। ਗੁਰੂ ਨਾਲ ਪ੍ਰੇਮ ਸੀ, ਸ਼ਹੀਦਾਂ ਦੀਆਂ ਬਾਤਾਂ ਸੁਣਨਾ ਪਸੰਦ ਸੀ ਅਤੇ ਸੁਭਾਅ ਪੱਖੋਂ ਬਹੁਤ ਥੋੜ੍ਹਾ ਬੋਲਦਾ ਸੀ।
ਇੱਕ ਦਹਾਕਾ ਪਹਿਲਾਂ ਕੀ ਵਾਪਰਿਆ?
ਗੱਲ 2012 ਦੀ ਹੈ ਜਦੋਂ 31 ਮਾਰਚ 2012 ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਲੱਗਣ ਦੇ ਹੁਕਮ ਹੋਏ। ਉਦੋਂ ਇਹਨਾਂ ਹੁਕਮਾਂ ਦਾ ਵਿਰੋਧ ਸ਼ੁਰੂ ਹੋ ਗਿਆ ਜਿਸ ਤਹਿਤ ਵੱਖ-ਵੱਖ ਥਾਵਾਂ ‘ਤੇ ਰੋਸ ਮੁਜਾਹਰੇ ਸ਼ੁਰੂ ਹੋ ਗਏ ਅਤੇ ਇਸੇ ਸਬੰਧ ਵਿੱਚ 28 ਮਾਰਚ 2012 ਨੂੰ ਪੰਜਾਬ ਬੰਦ ਦਾ ਸੱਦਾ ਵੀ ਦਿੱਤਾ ਗਿਆ।
ਗੁਰਦਾਸਪੁਰ ਬੰਦ ਵਿੱਚ ਭਾਈ ਜਸਪਾਲ ਸਿੰਘ ਨੇ ਵੀ ਸ਼ਮੂਲੀਅਤ ਕੀਤੀ। ਉਹਨਾਂ ਦੇ ਮਾਤਾ ਜੀ ਦੇ ਦੱਸਣ ਅਨੁਸਾਰ ਉਹ ਦੁਮਾਲਾ ਸਜਾ ਕੇ ਗਿਆ ਅਤੇ ਉਹਨਾਂ ਨੂੰ ਵੀ ਕਹਿ ਕੇ ਗਿਆ ਕਿ ਅੱਜ ਕੇਸਰੀ ਦੁੱਪਟੇ ਲਿਓ। ਇਸੇ ਦਿਨ ਗੁਰਦਾਸਪੁਰ ਵਿਖੇ ਸ਼ਿਵ ਸੈਨਾ ਨਾਲ ਸਬੰਧਿਤ ਕੁਝ ਬੰਦਿਆਂ ਨੇ ਤਿੰਨ ਸਿੱਖ ਨੌਜਵਾਨਾਂ ਦੀ ਕੁੱਟਮਾਰ ਕੀਤੀ। ਕੁੱਟਮਾਰ ਦੇ ਨਾਲ ਉਹਨਾਂ ਦੀਆਂ ਦਸਤਾਰਾਂ ਵੀ ਉਤਾਰੀਆਂ ਅਤੇ ਦਸਤਾਰਾਂ ਦੀ ਬੇਅਦਬੀ ਵੀ ਕੀਤੀ ਜਿਸ ਦੀਆਂ ਤਸਵੀਰਾਂ ਅਤੇ ਬੋਲਦੀਆਂ ਮੂਰਤਾਂ (ਵੀਡੀਓ) ਮੱਕੜ ਜਾਲ (ਇੰਟਰਨੈੱਟ) ਉੱਤੇ ਮੌਜੂਦ ਹਨ। ਸ਼ਿਵ ਸੈਨਾ ਦੇ ਬੰਦਿਆਂ ਨੂੰ ਗ੍ਰਿਫਤਾਰ ਕਰਨ ਦੀ ਥਾਂ ਪੁਲਸ ਸਿੱਖ ਨੌਜਵਾਨਾਂ ਨੂੰ ਹੀ ਥਾਣੇ ਵਿੱਚ ਲੈ ਗਈ ਅਤੇ ਓਹਨਾ ‘ਤੇ ਪਰਚਾ ਪਾਉਣ ਦਾ ਯਤਨ ਕੀਤਾ। ਜਦੋਂ ਇਹ ਗੱਲ ਦਾ ਹੋਰ ਸਿੰਘਾਂ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਇਕੱਠੇ ਹੋ ਕੇ ਥਾਣੇ ਦਾ ਘਿਰਾਓ ਕੀਤਾ। ਇਸ ਤੋਂ ਬਾਅਦ ਪੁਲਸ ਨੂੰ ਮਜਬੂਰਨ ਸ਼ਿਵ ਸੈਨਾ ਨਾਲ ਸਬੰਧਿਤ ਦੋਸ਼ੀਆਂ ਉੱਤੇ ਪਰਚਾ ਕਰਨਾ ਪਿਆ।
ਅਗਲੇ ਦਿਨ 29 ਮਾਰਚ ਨੂੰ ਸ਼ਿਵ ਸੈਨਾ ਨੇ ਇਸ ਪਰਚੇ ਦੇ ਵਿਰੋਧ ਵਿੱਚ ਗੁਰਦਾਸਪੁਰ ਨੂੰ ਬੰਦ ਕਰਵਾਉਣ ਦੇ ਯਤਨ ਸ਼ੁਰੂ ਕਰ ਦਿੱਤੇ। ਇਸ ਵਿੱਚ ਭਾਜਪਾ ਨਾਲ ਸਬੰਧਿਤ ਬੰਦਿਆਂ ਸੀ ਸ਼ਮੂਲੀਅਤ ਦਾ ਵੀ ਜਿਕਰ ਮਿਲਦਾ ਹੈ। ਭਾਈ ਜਸਪਾਲ ਸਿੰਘ ਆਪਣੇ ਕਾਲਜ ਗਏ ਹੋਏ ਸਨ। ਸ਼ਿਵ ਸੈਨਾ ਵਾਲਿਆਂ ਨੇ ਕਾਲਜ ਨੂੰ ਜਬਰੀ ਬੰਦ ਕਰਵਾ ਦਿੱਤਾ। ਕਾਲਜ ਬੰਦ ਹੋਣ ਬਾਅਦ ਕੁਝ ਸਿੰਘ (ਤਕਰੀਬਨ 20-25) ਗੁਰਦੁਆਰਾ ਰਾਮਗੜ੍ਹੀਆ ਵਿਖੇ ਇਕੱਠੇ ਹੋਏ ਜਿੰਨ੍ਹਾਂ ਵਿੱਚ ਭਾਈ ਜਸਪਾਲ ਸਿੰਘ ਵੀ ਸਨ। ਗੁਰਦੁਆਰਾ ਸਾਹਿਬ ਦੇ ਨੇੜੇ ਦੀਆਂ ਦੁਕਾਨਾਂ ਨੂੰ ਸ਼ਿਵ ਸੈਨਾ ਵਾਲਿਆਂ ਵੱਲੋਂ ਜਬਰਦਸਤੀ ਬੰਦ ਕਰਵਾਉਣਾ ਸ਼ੁਰੂ ਕਰ ਦਿੱਤਾ ਗਿਆ। ਦੁਕਾਨਾਂ ਵਾਲਿਆਂ ਨੇ ਵਿਰੋਧ ਕੀਤਾ ਤਾਂ ਅੱਗੋਂ ਉਹਨਾਂ ਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਕੁਝ ਦੁਕਾਨਾਂ ‘ਤੇ ਪੱਥਰ (ਇੱਟਾਂ-ਰੋੜੇ) ਵੀ ਮਾਰੇ ਗਏ। ਜਦੋਂ ਸਿੰਘਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਪੁਲਸ ਨੇ ਸਿੰਘਾਂ ਨੂੰ ਰੋਕ ਦਿੱਤਾ ਅਤੇ ਕਿਹਾ ਕਿ ਇੱਕ ਘੰਟੇ ‘ਚ ਤੁਹਾਡਾ ਫੈਸਲਾ ਕਰਵਾ ਦਿੰਦੇ ਹਾਂ। ਸਿੰਘ ਉੱਥੇ ਹੀ ਸੜਕ ‘ਤੇ ਸ਼ਾਂਤਮਈ ਢੰਗ ਨਾਲ ਬੈਠ ਗਏ ਅਤੇ ਵਾਹਿਗੁਰੂ ਦਾ ਜਾਪੁ ਕਰਨਾ ਸ਼ੁਰੂ ਕਰ ਦਿੱਤਾ। ਕੁਝ ਸਿੰਘ ਜਲ ਦੀ ਸੇਵਾ ਕਰ ਰਹੇ ਸਨ, ਪੁਲਸ ਵਾਲੇ ਵੀ ਉਹਨਾਂ ਤੋਂ ਜਲ ਛਕ ਰਹੇ ਸਨ।
ਉਸੇ ਦੌਰਾਨ ਜਿਸ ਐੱਸ.ਐੱਸ.ਪੀ ਨੇ ਸਿੰਘਾਂ ਨੂੰ ਭਰੋਸਾ ਦਿਵਾਇਆ ਸੀ ਅਤੇ ਇੱਕ ਘੰਟੇ ਦਾ ਸਮਾਂ ਮੰਗਿਆ ਸੀ, ਉਸਨੂੰ ਇੱਕ ਫੋਨ ਆਇਆ, ਉਸ ਨੇ ਪਾਸੇ ਹੋ ਕੇ ਫੋਨ ਸੁਣਿਆ ਅਤੇ ਫੋਨ ਸੁਣਨ ਉਪਰੰਤ ਉਸ ਨੇ ਪੁਲਸ ਨੂੰ ਇਸ਼ਾਰਾ ਕਰ ਦਿੱਤਾ। ਪੁਲਸ ਨੇ ਸਿੰਘਾਂ ‘ਤੇ (ਸਮੇਤ ਜਲ ਛਕਾਉਣ ਵਾਲਿਆਂ ‘ਤੇ) ਅੰਨ੍ਹੇਵਾਹ ਸਿੱਧੀਆਂ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਗੰਦੀਆਂ ਗਾਲਾਂ ਵੀ ਕੱਢੀਆਂ ਗਈਆਂ। ਪਿੱਛੇ ਭੱਜ-ਭੱਜ ਕੇ ਵੀ ਗੋਲੀਆਂ ਚਲਾਈਆਂ ਗਈਆਂ। ਇੱਕ ਸਿੰਘ ਜੋ ਗੋਲੀ ਲੱਗਣ ਕਾਰਨ ਗਿਰ ਗਿਆ ਸੀ ਓਹਨੂੰ ਗੋਲੀ ਲੱਗਣ ਬਾਅਦ ਵੀ ਪੁਲਸ ਨੇ ਬਹੁਤ ਕੁੱਟਿਆ ਮਾਰਿਆ ਅਤੇ ਕਿਹਾ ਗਿਆ ਕਿ “ਹੁਣ ਭੱਜ ਕੇ ਵਿਖਾ।” ਪੁਲਸ ਦੀ ਇੱਕ ਗੋਲੀ ਭਾਈ ਜਸਪਾਲ ਸਿੰਘ ਦੇ ਚੂਲੇ ‘ਚ ਜਾ ਵੱਜੀ, ਜਿਸ ਨਾਲ ਉਹ ਸ਼ਹੀਦ ਹੋ ਗਏ। ਇਸ ਤੋਂ ਬਾਅਦ ਸ਼ਹਿਰ ਵਿੱਚ ਕਰਫਿਊ ਲਗਾ ਦਿੱਤਾ ਗਿਆ।
ਪਰਿਵਾਰ ਨੂੰ ਗੁਮਰਾਹ ਕਰਨ ਦਾ ਪਹਿਲਾ ਯਤਨ:
ਜਦੋਂ ਭਾਈ ਜਸਪਾਲ ਸਿੰਘ ਦੀ ਮ੍ਰਿਤਕ ਦੇਹ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਭਾਈ ਜਸਪਾਲ ਸਿੰਘ ਦੇ ਪਿਤਾ ਜੀ ਹੀ ਸਨ। ਕਰਫਿਊ ਲੱਗਿਆ ਹੋਣ ਕਰਕੇ ਕੋਈ ਹੋਰ ਉਥੇ ਅਜੇ ਪਹੁੰਚ ਨਹੀਂ ਸੀ ਸਕਿਆ। ਸ਼ਾਮ ਤੱਕ ਉੱਥੇ ਕੁਝ ਸਿਆਸੀ ਬੰਦੇ ਵੀ ਪਹੁੰਚ ਗਏ ਜਿੰਨ੍ਹਾ ਵਿੱਚ ਅਕਾਲੀ ਦਲ ਬਾਦਲ ਵੱਲੋਂ ਐਮ.ਐਲ.ਏ ਗੁਰਬਚਨ ਸਿੰਘ, ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਅਤੇ ਸੁੱਚਾ ਸਿੰਘ ਲੰਗਾਹ ਪਹੁੰਚ ਗਏ। ਮੌਕੇ ਦਾ ਐੱਸ.ਡੀ.ਐੱਮ ਵੀ ਉੱਥੇ ਪਹੁੰਚ ਗਿਆ। ਇਹਨਾਂ ਵੱਲੋਂ ਭਾਈ ਜਸਪਾਲ ਸਿੰਘ ਦੇ ਪਿਤਾ ਨੂੰ ਗੁਮਰਾਹ ਕਰਨ ਦਾ ਯਤਨ ਕੀਤਾ ਗਿਆ ਕਿ ਪੁਲਸ ਵੱਲੋਂ ਉੱਥੇ ਕੋਈ ਗੋਲੀ ਨਹੀਂ ਚਲਾਈ ਗਈ। ਗੁਰਦੁਆਰਾ ਸਾਹਿਬ ਵਾਲੇ ਪਾਸਿਓਂ ਕੋਈ ਗੋਲੀ ਆਈ ਹੈ ਜੋ ਜਸਪਾਲ ਸਿੰਘ ਨੂੰ ਵੱਜੀ ਹੈ। ਪਰ ਇੱਕ ਨੌਜਵਾਨ ਨੇ ਭਾਈ ਜਸਪਾਲ ਸਿੰਘ ਦੇ ਪਿਤਾ ਜੀ ਨੂੰ ਫੋਨ ਕੀਤਾ ਕਿ ਕੋਈ ਬਿਆਨ ਨਾ ਦੇਣਾ ਪੁਲਸ ਦੀ ਗੋਲੀ ਚਲਾਉਂਦਿਆਂ ਦੀ ਵੀਡੀਓ ਮਿਲ ਗਿਆ ਹੈ। ਇਸ ਨੌਜਵਾਨ ਦੇ ਉੱਦਮ ਸਦਕਾ ਉਹਨਾਂ ਸਭ ਨੂੰ ਪੁਲਸ ਵੱਲੋਂ ਚਲਾਈ ਗੋਲੀ ਦੀ ਵੀਡੀਓ ਵਿਖਾਈ ਗਈ। ਗੁਮਰਾਹ ਕਰਨ ਵਾਲੇ ਚੁੱਪ। ਗੁਮਰਾਹ ਕਰਨ ਦਾ ਪਹਿਲਾ ਯਤਨ ਸਫਲ ਨਾ ਹੋ ਸਕਿਆ।
ਪਰਿਵਾਰ ਨੂੰ ਗੁਮਰਾਹ ਕਰਨ ਦਾ ਦੂਜਾ ਯਤਨ:
ਅਗਲੇ ਦਿਨ, 30 ਮਾਰਚ 2012 ਨੂੰ ਉੱਪਰ ਦੱਸੇ ਸਿਆਸੀ ਬੰਦੇ ਫਿਰ ਪਹੁੰਚ ਗਏ ਅਤੇ ਪਰਿਵਾਰ ਨੂੰ ਕਿਹਾ ਕਿ ਅਸੀਂ ਇਹਨਾਂ ‘ਤੇ ਪਰਚਾ ਦਰਜ ਕਰਵਾਵਾਂਗੇ, ਤੁਸੀਂ ਸਾਡੇ ‘ਤੇ ਭਰੋਸਾ ਕਰਕੇ ਸਸਕਾਰ ਕਰ ਦੇਵੋ। ਜਦੋਂ ਭਾਈ ਜਸਪਾਲ ਸਿੰਘ ਦੀ ਮ੍ਰਿਤਕ ਦੇਹ ਨੂੰ ਘਰ ਲਿਆਂਦਾ ਗਿਆ ਤਾਂ ਇਕੱਤਰ ਹੋਈ ਸੰਗਤ ਨੇ ਕਿਹਾ ਕਿ ਜਿੰਨ੍ਹਾਂ ਸਮਾਂ ਇਨਸਾਫ ਨਹੀਂ ਮਿਲਦਾ ਅਸੀਂ ਸਸਕਾਰ ਨਹੀਂ ਕਰਨਾ। ਗੁਮਰਾਹ ਕਰਨ ਦਾ ਦੂਜਾ ਯਤਨ ਵੀ ਸਫਲ ਨਾ ਹੋ ਸਕਿਆ।
ਪਰਿਵਾਰ ਨੂੰ ਗੁਮਰਾਹ ਕਰਨ ਦਾ ਤੀਜਾ ਯਤਨ:
ਅਗਲੀ ਸਵੇਰ, 31 ਮਾਰਚ 2012 ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਪਰਿਵਾਰ ਕੋਲ ਪਹੁੰਚੇ। ਪਰਿਵਾਰ ਨੇ ਕਿਹਾ ਕਿ ਜਦੋਂ ਤੱਕ ਦੋਸ਼ੀਆਂ ‘ਤੇ ਪਰਚਾ ਦਰਜ ਨਹੀਂ ਹੁੰਦਾ ਅਸੀਂ ਸਸਕਾਰ ਨਹੀਂ ਕਰਨਾ। ਗਿਆਨੀ ਗੁਰਬਚਨ ਸਿੰਘ, ਬਾਬਾ ਹਰਨਾਮ ਸਿੰਘ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਮੀਟਿੰਗ ਕੀਤੀ ਅਤੇ ਫਿਰ ਗਿਆਨੀ ਗੁਰਬਚਨ ਸਿੰਘ ਅਤੇ ਬਾਬਾ ਹਰਨਾਮ ਸਿੰਘ ਹੁਰਾਂ ਵੱਲੋਂ ਪਰਿਵਾਰ ਨੂੰ ਕਿਹਾ ਗਿਆ ਕਿ ਸਾਡੀ ਬਾਦਲ ਸਾਹਬ ਨਾਲ ਗੱਲ ਹੋ ਗਈ ਹੈ ਬਾਦਲ ਸਰਕਾਰ ਨੇ ਸਿੱਖਾਂ ਦੀਆਂ ਭਾਵਨਾਵਾਂ ਦੇ ਮੱਦੇਨਜਰ ਸਬੰਧਿਤ ਅਫਸਰ ਸਸਪੈਂਡ ਕਰ ਦਿੱਤੇ ਹਨ। ਇਹ ਵੀ ਕਿਹਾ ਗਿਆ ਕਿ ਇਹ ਸਭ ਲਿਖਤੀ ਹੋਇਆ ਹੈ। ਪਰਿਵਾਰ ਨੇ ਭਰੋਸਾ ਕਰਦਿਆਂ ਭਾਈ ਜਸਪਾਲ ਸਿੰਘ ਦਾ ਸਸਕਾਰ ਕਰ ਦਿੱਤਾ। ਅਖੀਰ ਗੁਮਰਾਹ ਕਰਨ ਦਾ ਤੀਜਾ ਯਤਨ ਸਫਲ ਹੋ ਗਿਆ। ਬਾਅਦ ‘ਚ ਪਤਾ ਚੱਲਿਆ ਕਿ ਕੋਈ ਵੀ ਅਫਸਰ ਸਸਪੈਂਡ ਨਹੀਂ ਕੀਤਾ ਗਿਆ।
ਜਾਂਚਾਂ ਦੇ ਘੁੰਮਣ ਘੇਰ:
ਸਰਕਾਰ ਵੱਲੋਂ ਪਹਿਲਾ ਜਾਂਚ ਕਮਿਸ਼ਨ, ਕਮਿਸ਼ਨਰ ਸੁੱਚਾ ਰਾਮ ਲੱਧੜ ਦੀ ਅਗਵਾਈ ਵਾਲਾ ਬਣਾਇਆ ਗਿਆ ਜਿਹਨਾਂ ਨੇ ਆਪਣੀ ਲਿਖਤੀ ਰਿਪੋਰਟ ਵਿੱਚ ਕਿਹਾ ਕਿ ਪੁਲਸ ਨੇ ਜੋ ਗੋਲੀ ਚਲਾਈ ਹੈ ਉਸ ਦੀ ਲੋੜ ਨਹੀਂ ਸੀ। ਪੁਲਸ ਨੇ ਬਿਨਾਂ ਕਿਸੇ ਚੇਤਾਵਨੀ ਦੇ ਇਹ ਗੋਲੀ ਚਲਾਈ ਹੈ। ਇਹ ਗੱਲ ਪੁਲਸ ਦੇ ਉਲਟ ਅਤੇ ਪਰਿਵਾਰ ਦੇ ਹੱਕ ‘ਚ ਜਾ ਰਹੀ ਸੀ। ਪਰ ਪੁਲਸ ਵੱਲੋਂ ਚੱਲ ਰਹੀ ਤਫਤੀਸ਼ ਵਿੱਚ ਪੁਲਸ ਨੇ ਗੋਲੀ ਚਲਾਉਣ ਵਾਲੀ ਗੱਲ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਪੁਲਸ ਨੇ ਕੋਈ ਗੋਲੀ ਨਹੀਂ ਚਲਾਈ। ਇਸ ਤਰ੍ਹਾਂ ਜਾਂਚਾਂ ਦਾ ਘੁੰਮਣ ਘੇਰ ਚੱਲਦਾ ਰਿਹਾ। ਪਹਿਲਾਂ ਪੁਲਸ ਗੋਲੀ ਚਲਾਉਣ ਵਾਲੀ ਗੱਲ ਤੋਂ ਹੀ ਮੁਨਕਰ ਹੁੰਦੀ ਰਹੀ ਫਿਰ ਜਿਸ ‘ਏ.ਕੇ 47’ ਨਾਲ ਗੋਲੀ ਚੱਲੀ ਉਸ ਦਾ ਪੱਤਾ ਲੱਗ ਗਿਆ। ਉਹ ਪੁਲਸ ਮੁਲਾਜਮ ਵਿਜੈ ਕੁਮਾਰ ਦੇ ਨਾਮ ‘ਤੇ ਦਰਜ ਸੀ। ਪੁਲਸ ਵੱਲੋਂ ਉਸ ‘ਏ.ਕੇ 47’ ਨੂੰ ਕੰਡਮ ਦਿਖਾਉਣ ਦੇ ਯਤਨ ਕੀਤੇ ਗਏ। ਫਿਰ ਅੰਤ ਓਹੀ ਪੁਲਸ ਨੂੰ ਸਬੂਤਾਂ ਦੇ ਜ਼ੋਰ ਹੇਠ ਮਜਬੂਰਨ ਇੰਨਾ ਕੁ ਤਾਂ ਕਬੂਲ ਕਰਨਾ ਹੀ ਪਿਆ ਕਿ ਗੋਲੀ ਹੈੱਡ ਕਾਂਸਟੇਬਲ ਤੋਂ ਚੱਲੀ ਹੈ। ਪਰ ਨਾਲ ਹੀ ਉਹਨਾਂ ਨੇ ਆਪਣੇ ਬਚਾਅ ਲਈ ਫਰੇਬੀ ਅਤੇ ਬੇਤੁਕੀ ਦਲੀਲ ਵੀ ਘੜ੍ਹ ਲਈ ਕਿ ਗੋਲੀ ਤਾਂ ਉਸ ਨੇ ਹਵਾ ਵਿੱਚ ਚਲਾਈ ਸੀ ਜੋ ਹਵਾ ਵਿੱਚ ਘੁੰਮ ਕੇ ਕਿਸੇ ਤਰ੍ਹਾਂ ਜਸਪਾਲ ਸਿੰਘ ਨੂੰ ਲੱਗ ਗਈ। ਇਸ ਲਈ ਉਸ ਦੀ ਕੋਈ ਗਲਤੀ ਨਹੀਂ ਹੈ।
ਫਰੇਬ ਤੋਂ ਬਾਅਦ ਪੁਲਸ ਦਾ ਚਲਾਕੀ ਭਰਿਆ ਜਬਰ:
ਪੁਲਸ ਨੇ ਹੋਰ ਹਉਮੈ ‘ਚ ਆ ਕੇ ਉਲਟਾ ਭਾਈ ਜਸਪਾਲ ਸਿੰਘ ਦੇ ਨਜ਼ਦੀਕੀਆਂ ਅਤੇ ਰਿਸ਼ਤੇਦਾਰਾਂ ਨੂੰ ਝੂਠੇ ਕੇਸਾਂ ‘ਚ ਫਸਾਉਣ ਦੇ ਯਤਨ ਸ਼ੁਰੂ ਕਰ ਦਿੱਤੇ। ਪੁਲਸ ਵੱਲੋਂ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਤੁਸੀਂ ਜਪਸਲ ਸਿੰਘ ਦੇ ਪਰਿਵਾਰ ਨਾਲ ਸਮਝੌਤਾ ਕਰਵਾ ਦੇਵੋ ਤੁਹਾਡਾ ਕੇਸ ਰੱਦ ਕਰ ਦਿਆਂਗੇ।
ਇਸ ਜਬਰ ਮੂਹਰੇ ਭਾਈ ਜਸਪਾਲ ਸਿੰਘ ਦੇ ਪਿਤਾ ਦਾ ਸਿਦਕ ਸਬਰ:
ਭਾਈ ਜਸਪਾਲ ਸਿੰਘ ਦੇ ਪਿਤਾ ਨੇ ਕਿਹਾ ਕਿ ਪੁਲਸ ਜਿੰਨੇ ਮਰਜੀ ਝੂਠੇ ਕੇਸ ਪਾ ਲਵੇ, ਜਿੰਨੇ ਮਰਜੀ ਸਾਡੇ ਬੰਦੇ ਫੜ ਲਵੇ ਪਰ ਮੈਂ ਜਿਉਂਦੇ ਜੀਅ ਇਹ ਕੇਸ ਵਾਪਸ ਨਹੀਂ ਲਵਾਂਗਾ। ਪੁਲਸ ਨੇ ਆਪਣੀ ਰਿਪੋਰਟ ਤਿਆਰ ਕਰਕੇ ਕੋਰਟ ‘ਚ ਅਪੀਲ ਪਾਈ ਕਿ ਇਹ ਕੇਸ ਖਤਮ ਕਰ ਦਿੱਤਾ ਜਾਵੇ ਪਰ ਭਾਈ ਜਸਪਾਲ ਸਿੰਘ ਦੇ ਪਰਿਵਾਰ ਨੇ ਅਸਹਿਮਤ ਹੁੰਦਿਆਂ ਉਹ ਰਿਪੋਰਟ ਨਾ ਮਨਜ਼ੂਰ ਕਰ ਦਿੱਤੀ।
ਇਹ ਤੱਕੜੀ ਦੇ ਪਾਲੜਿਆਂ ਵਿੱਚ ਵੱਡੀ ਗੜਬੜ ਹੈ:
ਭਾਈ ਜਸਪਾਲ ਸਿੰਘ ਦੇ ਪਿਤਾ ਜੀ ਵਾਰ ਵਾਰ ਕਹਿੰਦੇ ਹਨ ਕਿ ਅਸੀਂ ਇਨਸਾਫ ਲਈ ਹਰ ਸੰਭਵ ਯਤਨ ਕਰਾਂਗੇ ਪਰ ਨਾਲ ਇਹ ਵੀ ਕਹਿੰਦੇ ਹਨ ਕਿ ਸਾਨੂੰ ਮਹਿਸੂਸ ਹੁੰਦਾ ਹੈ ਕਿ ਸਾਨੂੰ ਇਸ ਮੁਲਕ ਵਿੱਚ ਇਨਸਾਫ ਨਹੀਂ ਮਿਲੇਗਾ।
ਬਿਲਕੁਲ, ਇਹ ਤੱਕੜੀ ਦੇ ਪਾਲੜਿਆਂ ਵਿੱਚ ਵੱਡੀ ਗੜਬੜ ਹੈ।