ਨਵਾਬ ਜੱਸਾ ਸਿੰਘ ਆਹਲੂਵਾਲੀਆ

ਨਵਾਬ ਜੱਸਾ ਸਿੰਘ ਆਹਲੂਵਾਲੀਆ

ਖਾਲਸਾ ਪੰਥ ਦੀ ਰਤਨਾਂ ਦੀ ਖਾਨ ਵਿੱਚੋਂ ਨਵਾਬ ਜੱਸਾ ਸਿੰਘ ਜੀ ਇਕ ਐਸਾ ਅਮੋਲਕ ਲਾਲ ਸੀ, ਜਿਸ ਦੇ ਨਾਮ ਪਰ ਖਾਲਸੇ ਦੀਆਂ ਆਉਣ ਵਾਲੀਆਂ ਨਸਲਾਂ ਰਹਿੰਦੀ ਦੁਨੀਆਂ ਤਕ ਮਾਣ ਕਰਿਆ ਕਰਨਗੀਆਂ। ਆਪ ਦੀਵਾਨਾਂ ਵਿਚ ਪ੍ਰਮਾਰਥ ਦਾ ਉੱਚ ਨਮੂਨਾ, ਮੈਦਾਨ ਜੰਗ ਵਿਚ ਅਜਿਤ ਜੋਧਾ, ਆਪਦਾ ਸਮੇਂ ਨਿਡਰ ਸੂਰਮਾ ਸਨ, ਜੋ ਵੰਡ ਛਕਣ ਤੇ ਗੁਰਧਾਮਾਂ ਦੀ ਸੇਵਾ ਵਿਚ ਆਪਣਾ ਸਰਬੰਸ ਤੱਕ ਲੱਗਾ ਦੇਣ ਵਿਚ ਆਪਣੀ ਵੱਡੀ ਖੁਸ਼ੀ ਸਮਝਦੇ ਸਨ।

ਆਪ ਦੇ ਜੀਵਨ ਪਰ ਨਜ਼ਰ ਮਾਰਿਆਂ ਨਿਰੇ ਗੁਣ ਹੀ ਗੁਣ ਦਿੱਸਣਗੇ। ਆਪ ਖਾਲਸਾ ਧਰਮ ਦੇ ਵਾਧੇ ਲਈ ਆਪਣੇ ਸੀਨੇ ਵਿਚ ਅਗਾਧ ਪਿਆਰ ਰੱਖਦੇ ਸਨ। ਉਸ ਸਮੇਂ ਖਾਲਸਾ ਪੰਥ ਵਿਚ ਇਹ ਇਕ ਆਮ ਖਿਆਲ ਸੀ ਕਿ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਤੋਂ ਛੁਟ ਜਿੰਨੇ ਵਧ ਪ੍ਰਾਣੀਆਂ ਨੂੰ ਆਪਣੇ ਹੱਥਾਂ ਨਾਲ ਨਵਾਬ ਜੱਸਾ ਸਿੰਘ ਜੀ ਨੇ ਪਾਵਨ ਅੰਮ੍ਰਿਤ ਛਕਾਇਆ ਸ਼ਾਇਦ ਹੀ ਕਿਸੇ ਇਕ ਜੀਵ ਨੇ ਛਕਾਇਆ ਹੋਵੇ। ਆਪ ਇੰਨੇ ਉੱਚੇ ਪ੍ਰਮਾਰਥੀ ਤੇ ਧਰਮੀ ਹੁੰਦੇ ਹੋਏ ਵੀ ਕੇਵਲ ਮਾਲਾਧਾਰੀ ਸੰਤ ਨਹੀਂ ਸਨ, ਬਲਕਿ ਖੜਗਧਾਰੀ ਮਹਾਂਪੁਰਖ ਸਨ ਆਪ ਮਾਲਾ ਫੇਰਨਾ ਤੇ ਤਲਵਾਰ ਚਲਾਣਾ, ਦੋਹਾਂ ਦੀ ਉੱਚ ਵਰਤੋਂ ਦੇ ਭੇਦ ਨੂੰ ਅਸਲ ਅਰਥਾਂ ਵਿਚ ਜਾਣਦੇ ਸਨ। ਮਾਲਾ ਫੇਰਨ ਸਮੇਂ ਇਨ੍ਹਾਂ ਵਰਗਾ ਰਸਨੀਕ ਭਜਨੀਕ ਭੀ ਸੰਸਾਰ ਪਰ ਕੋਈ ਵਿਰਲਾ ਹੀ ਮਿਲੇਗਾ ਅਤੇ ਖੜਗ ਚਲਾਣ ਸਮੇਂ ਐਸਾ ਵਰਯਾਮ ਸੂਰਮਾਂ ਭੀ ਜਗਤ ਪਰ ਬਹੁਤ ਘਟ ਆਇਆ ਹੋਣਾ ਹੈ ਇਹ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਪੂਰਨ ਆਦਰਸ਼ ‘ਖਾਲਸਾ ਸੰਤ’ ਸੀ। ਆਪ ਜੀ ਦੇ ਸਰੀਰ ਪਰ ਛੱਤੀ ਫੱਟ ਸਨ, ਜਿਹੜੇ ਆਪ ਜੀ ਨੂੰ ਕੌਮੀ ਤੇ ਧਰਮ ਯੁੱਧਾਂ ਵਿਚ ਲੱਗੇ ਸਨ।

ਘਰਾਣਾ

ਨਵਾਬ ਜੱਸਾ ਸਿੰਘ ਜੀ ਦਾ ਜਨਮ ਸਰਦਾਰ ਬਦਰ ਸਿੰਘ ਦੇ ਘਰ ਸੰਨ ੧੭੧੮ਈ: ਵਿਚ ਖਾਸ ਸ੍ਰੀ ਕਲਗੀਧਰ ਜੀ ਦੀ ਅਸੀਸ ਨਾਲ ਹੋਇਆ ਸੀ। ਇਸ ਬਾਰੇ ਕਪੂਰਥਲਾ ਘਰਾਣੇ ਦੇ ਪੁਰਾਤਨ ਰੀਕਾਰਡ ਦੇ ਚੋਲਿਆਂ ਲਿਖਤਾਂ ਮਿਲਦੀਆਂ ਹਨ ਕਿ ਸਰਦਾਰ ਬਦਰ ਸਿੰਘ ਦਾ ਵਿਆਹ ਸਰਦਾਰ ਬਾਗ ਸਿੰਘ ਜੀ ਦੀ ਭੈਣ ਨਾਲ ਹੋਇਆ। ਵਿਆਹ ਹੋਇਆਂ ਜਦ ਕਈ ਸਾਲ ਹੋ ਗਏ ਤੇ ਇਸ ਜੋੜੀ ਨੂੰ ਸੰਤਾਨ ਦਾ ਫਲ ਨਾ ਲੱਗਾ ਤਾਂ ਇਹ ਆਪਣੇ ਜੀਵਨ ਤੋਂ ਕੁਝ ਨਿਰਾਸ ਜਿਹੇ ਹੋ ਗਏ। ਇਸ ਦਸ਼ਾ ਵਿਚ ਉਹ ਉਸ ਦਵਾਰੇ ਪਹੁੰਚੇ ਜਿੱਥੇ ਕਦੇ ਕੋਈ ਸਿਦਕੀ ਨਿਰਾਸ ਹੋ ਕੇ ਨਹੀਂ ਆਇਆ। ਇਹ ਦੰਪਤੀ ਵੀ ਸੀ ਦਸ਼ਮੇਸ਼ ਪਿਤਾ ਜੀ ਦੀ ਹਜ਼ੂਰੀ ਵਿਚ ਪਹੁੰਚੇ ਤੇ ਯੋਗ ਸਮਾਂ ਦੇਖ ਕੇ ਗਰੀਬ ਨਿਵਾਜ ਜੀ ਅੱਗੇ ਆਪਣਾ ਸੱਧਰਾਂ ਭਰਿਆ ਦਿਲ ਖੋਲ੍ਹ ਕੇ ਰੱਖ ਦਿੱਤਾ। ਇਨ੍ਹਾਂ ਦੀ ਬੇਨਤੀ ਪੁਰ ਸਤਿਗੁਰੂ ਜੀ ਰੀਝ ਪਏ ਤੇ ਅਸੀਸਾਂ ਦੇ ਕੇ ਨਿਹਾਲ ਕਰ ਦਿੱਤਾ। ਇਸ ਤਰ੍ਹਾਂ ਇਹ ਜੋੜੀ ਮਨ ਬਾਂਛਤ ਦਾਤਾਂ ਪ੍ਰਾਪਤ ਕਰਕੇ ‘ਆਹਲੂ’ ਪਿੰਡ ਵਲ ਪਰਤ ਆਈ। ਇੱਥੇ ਕੁਝ ਸਮਾਂ ਬੀਤ ਜਾਣ ਦੇ ਉਪਰੰਤ ਇਨ੍ਹਾਂ ਦੇ ਘਰ ਬੱਚੇ ਦਾ ਜਨਮ ਹੋਇਆ, ਜਿਸ ਦਾ ਨਾਮ ਜੱਸਾ ਸਿੰਘ ਰੱਖਿਆ ਗਿਆ। ਇਹ ਗੱਲ ਸੰਮਤ ੧੭੭੫ ਬਿ: (੧੭੧੮ ਈ:) ਦੀ ਹੈ।

ਸਰਦਾਰ ਬਦਰ ਸਿੰਘ ਆਪਣੇ ਮੁਖਾਂਲਧੇ ਲਾਲ ਨੂੰ ਵਧਦਾ ਫੁਲਦਾ ਦੇਖ ਕੇ ਖੁਸ਼ੀ ਨਾਲ ਜਾਮੇ ਵਿਚ ਨਹੀਂ ਸੀ ਸਮਾਉਂਦਾ, ਪਰ ਕਾਦਰ ਦੀ ਕੁਦਰਤ ਕੁਝ ਅਸਚਰਜ ਜਿਹੀ ਬਣੀ ਹੈ, ਇਸ ਤੋਂ ਪਹਿਲਾਂ ਹੀ – ਕਿ ਉਹ ਆਪਣੇ ਇਸ ਹੋਨਹਾਰ ਸਪੁਤ੍ਰ ਦੀਆਂ ਸਾਰੀਆਂ ਸਫ਼ਲਤਾਈਆਂ ਆਪਣੀ ਅੱਖੀਂ ਵੇਖਦਾ-ਧੁਰ ਦਰਗਾਹੋਂ ਸੱਦਾ ਆਇਆ ਤੇ ਸਰਦਾਰ ਬਦਰ ਸਿੰਘ ਥੋੜੇ ਦਿਨ ਬੀਮਾਰ ਰਹਿ ਕੇ ਸੰਨ ੧੭੨੩ ਈ: ਵਿਚ ਪਰਲੋਕ ਗਮਨ ਕਰ ਗਿਆ।

ਮਾਤਾ ਸੁੰਦਰੀ ਜੀ ਦੇ ਦੁਆਰੇ

ਸਰਦਾਰ ਬਦਰ ਸਿੰਘ ਦੇ ਚਲਾਣੇ ਦੇ ਉਪਰੰਤ ਕਾਕਾ ਜੱਸਾ ਸਿੰਘ ਦੀ ਮਾਤਾ ਦੀ ਇਹ ਤੀਬਰ ਇੱਛਾ ਸੀ ਕਿ ਉਹ ਇਸ ਗੁਰੂ-ਬਖਸ਼ਸ਼ ਨਾਲ ਜਨਮੇ ਬਾਲਕ ਗੁਰੂ-ਚਰਨਾਂ ਵਿਚ ਹਾਜ਼ਰ ਕਰ ਕੇ ਇਸ ਦਾ ਦਸਵੰਧ ਚੁਕਾਏ, ਪਰ ਇਸ ਦੀ ਇਹ ਰੀਝ ਪੂਰੀ ਨਾ ਹੋ ਸਕੀ, ਕਿਉਂਕਿ ਇਨ੍ਹਾਂ ਦਿਨੀਂ ਸਾਡੇ ਸੱਚੇ ਪਾਤਸ਼ਾਹ ਸ੍ਰੀ ਅਬਚਲ ਨਗਰ ਵਿਚ ‘ਜੋਤਿ ਸਮਾਣੀ ਜੋਤਿ ਮਾਹਿ ਆਪੁ ਆਪੈ ਏਤੀ ਮਿਕਿਓਨੁ` ਦਾ ਖੇਲ ਖੇਲ ਗਏ ਸਨ।

ਹੁਣ ਕੁਛ ਦਿਨਾਂ ਦੇ ਬਾਅਦ ਜਦ ਇਹ ਪਤਾ ਲੱਗਾ ਕਿ ਵਾਲੀ ਦੋ ਜਹਾਨ ਦੀ ਧਰਮ ਪਤਨੀ ਜਗਤ ਮਾਤਾ ਸ੍ਰੀ ਸੁੰਦਰੀ ਜੀ ਦਿੱਲੀ ਵਿਚ ਬਿਰਾਜਦੇ ਹਨ। ਤਾਂ ਘਰ ਦੇ ਸਭ ਕੰਮ ਧੰਦੇ ਛੱਡ ਗੁਰੂ-ਪਤਨੀ ਨੂੰ ਗੁਰ ਤੁਲ ਜਾਣ ਕੇ ਦਰਸ਼ਨਾਂ ਲਈ ਆਪਣੇ ਭ੍ਰਾਤਾ ਬਾਗ ਸਿੰਘ ਤੇ ਨਾਲ ਜੱਸਾ ਸਿੰਘ ਨੂੰ ਨਾਲ ਲੈ ਕੇ ਸਿੱਧੀ ਦਿੱਲੀ ਪਹੁੰਚੀ ਤੇ ਮਾਤਾ ਜੀ ਦੇ ਚਰਨਾਂ ਵਿਚ ਬਾਲਕ ਨੂੰ ਹਾਜ਼ਰ ਕਰਕੇ ਕ੍ਰਿਤ ਕ੍ਰਿਤ ਹੋਈ।

ਬੱਚੇ ਨੂੰ ਗੁਰੂ ਬਖਸ਼ਸ਼ ਦੀ ਦਾਤ ਸੁਣਕੇ ਮਾਤਾ ਸੁੰਦਰੀ ਜੀ ਇਸ ਨੂੰ ਦੇਖ ਦੇਖ ਕੇ ਅਤਿ ਪ੍ਰਸੰਨ ਹੁੰਦੇ ਅਤੇ ਆਪਣੇ ਬਚਿਆਂ ਤੁਲ ਇਸ ਨੂੰ ਲਾਡ ਲਡਾਉਂਦੇ। ਇਸ ਤਰ੍ਹਾਂ ਲਗਪਗ ਪੰਜ ਸਾਲ ਮਾਤਾ ਜੀ ਨੇ ਇਕ ਡਾਢੇ ਪਿਆਰ ਨਾਲ ਇਸ ਲਾਲ ਨੂੰ ਆਪਣੇ ਪਾਸ ਦਿੱਲੀ ਵਿਚ ਰੱਖਿਆ। ਇਸਦੇ ਉਪਰੰਤ ਜਦ ਹੁਣ ਸਰਦਾਰ ਜੱਸਾ ਸਿੰਘ ਦੀ ਅੰਮੀ ਨੇ ਮਾਤਾ ਸੁੰਦਰੀ ਜੀ ਤੋਂ ਘਰ ਜਾਣ ਲਈ ਵਿਦੈਗੀ ਮੰਗੀ ਤਾਂ ਮਾਤਾ ਜੀ ਨੇ ਇਕ ਬਹੁਮੁੱਲਾ ਪੁਸ਼ਾਕਾਂ ਆਪਣੇ ਹੱਥ ਨਾਲ ਕਾਕਾ ਜੀ ਨੂੰ ਪਹਿਨਾਇਆ ਤੇ ਖੁਸ਼ੀਆਂ ਬਖਸ਼ਦਿਆਂ ਆਖਿਆ ਕਿ ਇਹ ਬੱਚਾ ਬੜੇ ਮੁਰਾਤਬੇ ਵਾਲਾ ਹੋਵੇਗਾ। ਇਹ ਪੰਥ ਖਾਲਸੇ ਦਾ ਮਾਣ ਤੇ ਤਾਣ ਹੋਵੇਗਾ। ਇਸਦੇ ਨਾਲ ਹੀ ਇਕ ਚਾਂਦੀ ਦਾ ਆਸਾ ਅਤੇ ਸ੍ਰੀ ਕਲਗੀਧਰ ਜੀ ਦੇ ਕਰ ਕਮਲਾਂ ਦਾ ਗੁਰਜ ਵੀ ਜੱਸਾ ਸਿੰਘ ਨੂੰ ਬਖਸ਼ਿਆ ਤੇ ਅਸੀਸ ਦਿੱਤੀ ਕਿ ਮੇਰੇ ਇਸ ਬੱਚੇ ਤੇ ਇਸਦੇ ਜਾਨਸ਼ੀਨਾਂ ਦੀਆਂ ਅਰਦਲਾਂ ਵਿਚ ਸਦਾ ਹੀ ਆਸਾ ਬਰਦਾਰ (ਚੋਬਦਾਰ) ਰਿਹਾ ਕਰਨਗੇ।

ਨਵਾਬ ਕਪੂਰ ਸਿੰਘ ਦੀ ਸੰਗਤ

ਮਾਤਾ ਸੁੰਦਰੀ ਜੀ ਨੇ ਉੱਪਰ ਲਿਖੀਆਂ ਬਖਸ਼ਸ਼ਾਂ ਤੋਂ ਛੁੱਟ ਇੱਕ ਹੁਕਮਨਾਮਾ ਨਵਾਬ ਕਪੂਰ ਸਿੰਘ ਜੀ ਦੇ ਨਾਮ ਪਰ ਦਿੱਤਾ, ਜੋ ਇਸ ਸਮੇਂ ਜਲੰਧਰ ਵਿਚ ਟਿਕੇ ਹੋਏ ਸਨ, ਇਸ ਵਿਚ ਲਿਖ਼ਤ ਸੀ ਕਿ ਇਹ ਹੋਨਹਾਰ ਬੱਚਾ ਗੁਰੂ ਘਰ ਦਾ ਨਿਵਾਜਿਆ ਹੋਇਆ ਹੈ, ਇਸ ਨੂੰ ਆਪਣੀ ਹੱਥੀਂ ਅੰਮ੍ਰਿਤ ਪਾਨ ਕਰਵਾਉਣਾ ਤੇ ਗੁਰੂ-ਬਾਣੀ ਅਰ ਸ਼ਸਤ੍ਰ ਵਿਦਿਆ ਵਿਚ ਨਿਪੁੰਨਤਾ ਬਖਸ਼ਣੀ। ਜੱਸਾ ਸਿੰਘ ਜਦ ਜਲੰਧਰ ਪਹੁੰਚੇ ਤੇ ਮਾਤਾ ਜੀ ਦਾ ਹੁਕਮਨਾਮਾ ਨਵਾਬ ਕਪੂਰ ਸਿੰਘ ਜੀ ਨੂੰ ਦਿੱਤਾ ਤਾਂ ਆਪ ਜੀ ਬੜੇ ਪ੍ਰਸੰਨ ਹੋਏ ਤੇ ਜੱਸਾ ਸਿੰਘ ਨੂੰ ਅੰਮ੍ਰਿਤ ਛਕਾ ਕੇ ਸਿਖੀ ਜੀਵਨ ਆਰੰਭ ਕਰਵਾ ਦਿੱਤਾ। ਥੋੜੇ ਦਿਨਾਂ ਵਿਚ ਹੀ ਨੌਜਵਾਨ ਜੱਸਾ ਸਿੰਘ ਦੀ ਰਹਿਣੀ ਬਹਿਣੀ ਪਰ ਸੀ ਕਪੂਰ ਸਿੰਘ ਜੀ ਇੰਨੇ ਪ੍ਰਸੰਨ ਹੋਏ ਕਿ ਆਪਣੀ ਮਿਸਲ ਦੇ ਤੋਸ਼ਖਾਨੇ ਦੀਆਂ ਕੁੰਜੀਆਂ ਇਸਨੂੰ ਸੌਂਪ ਦਿੱਤੀਆਂ। ਇਸ ਕਾਰਜ ਨੂੰ ਜੱਸਾ ਸਿੰਘ ਨੇ ਥੋੜੇ ਸਮੇਂ ਵਿਚ ਹੀ ਇੰਨੀ ਯੋਗਤਾ ਨਾਲ ਚਲਾਇਆ ਕਿ ਸਾਰੀ ਮਿਸਲ ਵਿਚ ਆਪ ਲਈ ਪਿਆਰ ਤੇ ਸਤਿਕਾਰ ਖਿਲਰ ਗਿਆ।

ਨਵਾਬ ਕਪੂਰ ਸਿੰਘ

ਇਸ ਤਰ੍ਹਾਂ ਸੇਵਾ ਕਰਦਿਆਂ ਸੰਮਤ ੧੮੧੧ ਬਿ: ਵਿਚ ਜਦ ਨਵਾਬ ਸਾਹਿਬ ਦੇ ਦਿਹਾਂਤ ਦਾ ਸਮਾਂ ਨੇੜੇ ਆਇਆ ਤਾਂ ਆਪ ਨੇ ਜੱਸਾ ਸਿੰਘ ਨੂੰ ਸ੍ਰੀ ਅੰਮ੍ਰਿਤਸਰ ਵਿਚ ਖਾਲਸੇ ਦੇ ਇੱਕ ਵੱਡੇ ਇਕੱਠ ਵਿਚ ਆਪਣਾ ਨਵਾਬੀ ਖਿਤਾਬ ਅਤੇ ਸ੍ਰੀ ਕਲਗੀਧਰ ਜੀ ਦੀ ਸ਼ਮਸ਼ੇਰ ਸਿਰੋਪਾ ਦੇ ਨਾਲ ਦੇ ਦਿੱਤੀ। ਇਸ ਤੋਂ ਅਗਲੇ ਦਿਨ ਸ੍ਰੀ ਕਪੂਰ ਸਿੰਘ ਜੀ ਸੰਸਾਰ ਯਾਤਰਾ ਪੂਰਨ ਕਰਕੇ ਪਰਲੋਕ ਜਾ ਵੱਸੇ। ਆਪ ਜੀ ਦਾ ਅੰਤਮ ਸੰਸਕਾਰ ਆਪ ਦੀ ਸ਼ਾਨ ਅਨੁਸਾਰ ਕੀਤਾ ਗਿਆ।

ਕੁਝ ਸਮੇਂ ਦੇ ਬਾਅਦ ਨਵਾਬ ਜੱਸਾ ਸਿੰਘ ਜੀ ਨੇ ਆਪਣੇ ਸਿਖਯਾ ਦਾਤਾ ਜੀ ਦੀ ਸਮਾਧ, ਬਾਬਾ ਅਟੱਲ ਰਾਏ ਜੀ ਦੇ ਨੌਛੜੇ ਗੁਰਦੁਆਰੇ ਦੇ ਪੂਰਬ ਵਲ ਦੇ ਦਰਵਾਜ਼ੇ ਦੇ ਲਾਗੇ ਸੰਗਮਰਮਰ ਦੀ ਸੋਹਣੀ ਗੁੰਮਟੀ ਦਾਰ ਬਣਵਾਈ, ਜਿਸ ਪਰ ਹੇਠ ਲਿਖੀ ਲਿਖਤ ਗੁਰਮੁਖੀ ਤੇ ਉਰਦੂ ਅੱਖਰਾਂ ਵਿਚ ਉਕਰੀ ਹੋਈ ਸੀ :-

ਜਿਸ ਪਰ ਹੇਠ ਲਿਖੀ ਲਿਖਤ ਗੁਰਮੁਖੀ ਤੇ ਉਰਦੂ ਅੱਖਰਾਂ ਵਿਚ ਉਕਰੀ ਹੋਈ ਸੀ

ਸਮਾਧ ਨਵਾਬ ਕਪੂਰ ਸਿੰਘ ਜੀ ਬਹਾਦਰ ਬਜੁਰਗ

ਮਹਾਰਾਜਾ ਸਾਹਿਬ ਬਹਾਦਰ ਵਾਲੀਏ ਕਪੂਰਥਲਾ ।

ਇਹ ਸਮਾਧ ਦੀ ਰੱਖਿਆ ਲਈ ਇਸ ਦੇ ਚੌਗਿਰਦੇ ਜੰਗਲਾ ਲੱਗ ਹੋਇਆ ਸੀ।

ਕੌਮੀ ਜੀਵਨ

ਨਵਾਬ ਜੱਸਾ ਸਿੰਘ ਜੀ ਨੇ ਆਪਣੇ ਸਿਖਯਾ ਦਾਤਾ ਜੀ ਦੀਆਂ ਲੀਹਾਂ ਉੱਪਰ ਤੁਰਦੇ ਹੋਏ ਪੰਥ ਵਿਚ ਵੱਡਾ ਨਾਮ ਤੇ ਮਾਨ ਪ੍ਰਾਪਤ ਕੀਤਾ। ਆਹਲੂਵਾਲੀਆ ਮਿਸਲ ਨਾਲ ਆਪ ਨੇ ਖਾਲਸਾ ਪੰਥ ਦੀ ਬਹੁਤ ਬੜੀ ਸੇਵਾ ਕੀਤੀ। ਆਪ ਜੀ ਦੇ ਅਨੇਕਾਂ ਕਾਰਨਾਮਿਆਂ ਵਿਚੋਂ ਕੁਝ ਕੁ ਦਾ ਸੰਖੇਪ ਇੱਥੇ ਦਿੱਤਾ ਜਾਂਦਾ ਹੈ :-

ਅੰਮ੍ਰਿਤਸਰ ਨੂੰ ਆਜ਼ਾਦ ਕਰਵਾਉਣਾ

ਸਲਾਬਤ ਖਾਨ ਨੇ ਸ੍ਰੀ ਅੰਮ੍ਰਿਤਸਰ ਦੀ ਹਕੂਮਤ ਸਮੇਂ ਬੜੇ ਬੜੇ ਆਯੋਗ ਕਾਰੇ ਕੀਤੇ। ਖਾਲਸਾ ਇਸ ਦੇ ਇਨ੍ਹਾਂ ਜ਼ੁਲਮਾਂ ਨੂੰ ਲਹੂ ਭਰੀ ਨਿਗਾਹ ਨਾਲ ਦੇਖ ਰਿਹਾ ਸੀ। ਹੁਣ ਸਮਾਂ ਕੁਝ ਆਪਣੇ ਹੱਕ ਵਿਚ ਵੇਖਕੇ ਨਵਾਬ ਜੱਸਾ ਸਿੰਘ ਜੀ ਆਹਲੂਵਾਲੀਏ ਨੇ ਪੰਥਕ ਇਕੱਠ ਕੀਤਾ, ਜਿਸ ਵਿਚ ਇਹ ਗੁਰਮਤਾ ਸੋਧਿਆ ਗਿਆ ਕਿ ਛੇਤੀ ਤੋਂ ਛੇਤੀ ਗੁਰੂ-ਨਗਰੀ ਨੂੰ ਗੈਰਾਂ ਤੋਂ ਆਜ਼ਾਦ ਕਰਾਇਆ ਜਾਏ ਇਸ ਮਹਾਨ ਕਾਰਜ ਦੀ ਸੇਵਾ ਨਵਾਬ ਜੱਸਾ ਸਿੰਘ ਜੀ ਨੇ ਆਪਣੇ ਆਪ ਨੂੰ ਵਡਭਾਗੀ ਜਾਣਕੇ ਆਪਣੇ ਜ਼ਿੰਮੇ ਲੈ ਲਈ। ਥੋੜੇ ਦਿਨਾਂ ਵਿਚ ਹੀ ਖਾਲਸਾ ਦਲ ਨੇ ਆਪਣੇ ਵਰਯਾਮ ਜੋਧੇ ਦੀ ਅਗਵਾਈ ਵਿਚ ਸਲਾਬਤ ਖਾਨ ਪਰ ਚੜ੍ਹਾਈ ਕਰ ਦਿੱਤੀ ਅਗੋਂ ਖਾਨ ਨੂੰ ਜਦ ਸਿੰਘਾਂ ਦੇ ਕੂਚ ਦੀ ਕਿਸੇ ਸੁਹ ਆ ਦਿੱਤੀ ਤਾਂ ਉਸ ਨੇ ਤੁਰਤ ਫੁਰਤ ਆਪਣੀ ਬਹੁਤ ਸਾਰੀ ਫੌਜ ਇਕੱਠੀ ਕਰਕੇ ਖਾਲਸੇ ਦੇ ਹੱਲੇ ਨੂੰ ਠੱਲਣ ਲਈ ਮੈਦਾਨ ਵਿਚ ਲੈ ਆਂਦੀ। ਇਸ ਸਮੇਂ ਖਾਲਸਾ ਜੀ ਨੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤ੍ਰਤਾ ਨੂੰ ਕਾਇਮ ਰੱਖਣ ਦੇ ਦੋਸ਼ ਵਿਚ ਆਪਣੀ ਜਾਨਾਂ ਤੋਂ ਹੱਥ ਧੋ ਕੇ ਵੈਰੀ ਪਰ ਅਜਿਹਾ ਸ਼ੇਰਵਾਈ ਹੱਲਾ ਕੀਤਾ ਕਿ ਸਲਾਬਤ ਖਾਨ ਆਪਣੀ ਫੌਜ ਨੂੰ ਲੱਖ ਦਿਲਬਰੀਆਂ ਦਿੰਦਾ ਹੋਇਆ ਵੀ ਖਾਲਸੇ ਦੇ ਅਗਾਧ ਜੋਸ਼ ਅੱਗੇ ਇੰਝ ਰੁੜ ਗਿਆ ਜਿਵੇਂ ਹੜ ਅੱਗੇ ਕੱਖ ਕਾਨ। ਇਸ ਨਾਜ਼ਕ ਸਮੇਂ ਖਾਨ ਆਪਣੀ ਨੱਸੀ ਜਾਂਦੀ ਫੌਜ ਦੇ ਰੋਕਣ ਲਈ ਅੱਗੇ ਆਇਆ ਹੀ ਸੀ ਕਿ ਨਵਾਬ ਜੱਸਾ ਸਿੰਘ ਜੀ ਨੇ ਇਸਨੂੰ ਵੇਖ ਲਿਆ ਅਤੇ ਇਸ ਪਰ ਐਸਾ ਤੇਜ਼ੀ ਨਾਲ ਵਾਰ ਕੀਤਾ ਕਿ ਸਲਾਬਤ ਖਾਨ ਦਾ ਸੀਸ ਤਨ ਤੋਂ ਵੱਖ ਕਰ ਦਿੱਤਾ। ਹੁਣ ਵੈਰੀ ਦੀ ਫੌਜ ਨੇ ਜਦ ਆਪਣੇ ਆਗੂ ਨੂੰ ਇਸ ਤਰ੍ਹਾਂ ਤੜਫ਼ਦਾ ਡਿੱਠਾ ਤਾਂ ਉਨ੍ਹਾਂ ਦਾ ਰਿਹਾ ਖਿਹਾ ਦਮ ਵੀ ਟੁੱਟ ਗਿਆ ਤੇ ਜਿਧਰ ਕਿਸੇ ਨੂੰ ਰਾਹ ਲੱਭਾ, ਆਪਣੀ ਪਿਆਰੀ ਜਾਨ ਖਾਲਸੇ ਦੀਆਂ ਤੇਗਾਂ ਤੋਂ ਬਚਾਉਣ ਲਈ, ਉੱਧਰ ਹੀ ਉੱਠ ਨੱਠਾ। ਖਾਲਸੇ ਨੇ ਭਗੌੜਿਆਂ ਦਾ ਦੁਰ ਤੱਕ ਪਿੱਛਾ ਕੀਤਾ ਤੇ ਬਹੁਤ ਵੱਡੀ ਗਿਣਤੀ ਵਿਚ ਵੈਰੀਆਂ ਦੇ ਸ਼ਸਤ੍ਰ ਘੋੜੇ ਖੋਹ ਲਏ। ਹੁਣ ਖਾਲਸੇ ਨੇ ਫਤਹ ਦੇ ਨਗਾਰੇ ਵਜਾਉਂਦਿਆਂ ਹੋਇਆਂ ਸ਼੍ਰੀ ਦਰਬਾਰ ਸਾਹਿਬ ਵਿਖੇ ਜਾ ਡੇਰੇ ਲਾਏ। ਇਹ ਗੱਲ ਸੰਨ ੧੭੪੮ ਦੀ ਹੈ। ਇਸ ਫਤਹ ਦੇ ਨਾਲ ਨਵਾਬ ਸਾਹਿਬ ਦਾ ਸਤਿਕਾਰ ਸਾਰੇ ਪੰਥ ਵਿਚ ਬਹੁਤ ਵਧ ਗਿਆ। ਇਸ ਸਮੇਂ ਆਪ ਜੀ ਨਾਲ ਮਿਲਕੇ ਭਾਈ ਤਾਰਾ ਸਿੰਘ ਵਾਈਆਂ ਤੇ ਭਾਈ ਚੂਹੜ ਸਿੰਘ ਭਕਣੀਏ ਨੇ ਵੀ ਖੂਬ ਸੇਵਾ ਕੀਤੀ।

ਮਹਾਰਾਜਾ ਕੌੜਾ ਮੱਲ ਨੂੰ ਮਿੱਠਾ ਮੱਲ ਦਾ ਖਿਤਾਬ ਦੇਣਾ

ਦਿੱਲੀ ਦਾ ਵਜ਼ੀਰ ਸਫਦਰ ਜੰਗ ਮੀਰ ਮੰਨੂੰ ਨਾਲ ਦਿਲੋਂ ਵਿਰੋਧ ਰੱਖਦਾ ਸੀ। ਪੰਜਾਬ ਵਿਚ ਇਸ ਦੀ ਤਾਕਤ ਨੂੰ ਘਟਾਉਣ ਲਈ ਸੰਨ ੧੭੪੯ ਵਿਚ ਸਫਦਰ ਜੰਗ ਨੇ ਸ਼ਾਹ ਨਿਵਾਜ਼ ਖਾਨ ਨੂੰ ਮੁਲਤਾਨ ਦਾ ਸੂਬਾ ਮੁਕੱਰਰ ਕਰਵਾ ਦਿੱਤਾ। ਇਸ ਗੱਲ ਨੂੰ ਮੀਰ ਮੰਨੂੰ ਚੰਗੀ ਤਰ੍ਹਾਂ ਜਾਣਦਾ ਸੀ ਕਿ ਮੁਲਤਾਨ ਦੇ ਸੂਬੇਦਾਰੀ ਸ਼ਾਹ ਨਿਵਾਜ਼ ਖਾਨ ਦੇ ਹੱਥ ਹੋਣੀ ਉਸਦੀ ਸਲਾਮਤੀ ਲਈ ਕਿਨੀ ਕੁ ਹਾਨੀਕਾਰਕ ਸੀ। ਇਸ ਖਤਰੇ ਨੂੰ ਦੂਰ ਕਰਨ ਲਈ ਮੀਰ ਮੰਨੂੰ ਨੇ ਮੁਲਤਾਨ ਪਰ ਚੜ੍ਹਾਈ ਕਰਨ ਲਈ ਇਕ ਮੁਹਿੰਮ ਤਿਆਰ ਕੀਤੀ, ਜਿਸ ਦੀ ਅਗਵਾਈ ਉਸ ਨੇ ਦੀਵਾਨ ਕੌੜਾ ਮੱਲ ਜੀ ਦੇ ਹੱਥ ਸੌਂਪ ਦਿੱਤੀ, ਪਰ ਆਪਣੀ ਫੌਜ ਦਾ ਵਧੇਰਾ ਭਾਗ ਉਸਨੇ ਲਾਹੌਰ ਵਿਚ ਅਮਨ ਰੱਖਣ ਲਈ ਆਪਣੇ ਪਾਸ ਰੱਖ ਲਿਆ ਤੇ ਬਾਕੀ ਦੀ ਥੋੜੀ ਜੇਹੀ ਫੌਜ ਦੀਵਾਨ ਜੀ ਨਾਲ ਤੋਰੀ, ਨਾਲ ਹੀ ਦੀਵਾਨ ਜੀ ਨੂੰ ਇਹ ਖੁਲ਼ ਦੇ ਦਿੱਤੀ ਕਿ ਉਹ ਆਪਣੇ ਆਪ ਜਿੰਨੀ ਸਹਾਇਤਾ ਖਾਲਸਾ ਦਲ ਤੋਂ ਲੈਣੀ ਚਾਹੇ ਪ੍ਰਾਪਤ ਕਰ ਲਏ ਅਤੇ ਇਸਦੇ ਰਸਦ ਪਾਣੀ ਆਦਿ ਦਾ ਖਰਚ ਲਾਹੌਰ ਦੇ ਖਜ਼ਾਨੇ ਤੋਂ ਤਾਰਿਆ ਜਾਏਗਾ।

ਦੀਵਾਨ ਕੌੜਾ ਮਲ ਜੀ ਚੂਕਿ ਖਾਲਸੇ ਵਿਚ ਪਿਆਰਿਆ ਜਾਂਦਾ ਸੀ, ਇਸ ਨੇ ਇਸ ਸਮੇਂ ਆਪਣੀ ਸਫਲਤਾ ਲਈ ਖਾਲਸੇ ਤੋਂ ਮਦਦ ਮੰਗੀ ਤੇ ਖਾਲਸੇ ਦੀ ਵਧੇਰੀ ਪ੍ਰਸੰਨਤਾ ਪ੍ਰਾਪਤ ਕਰਨ ਲਈ ਨਾਲ ਹੀ ਇਹ ਅਰਦਾਸਾ ਵੀ ਕਰਵਾਇਆ ਕਿ ਇਸ ਮੁਹਿੰਮ ਦੀ ਫ਼ਤਹ ਦੇ ਉਪਰੰਤ ਉਹ ਆਪਣੇ ਆਪ ਨੂੰ ਵਡਭਾਗੀ ਸਮਝਕੇ ਤਿੰਨ ਲੱਖ ਰੁਪਯਾ ਲਗਾਕੇ ਸ੍ਰੀ ਨਨਕਾਣਾ ਸਾਹਿਬ ਵਿਖੇ ਬਾਲ ਲੀਲਾ ਦੇ ਗੁਰਦੁਵਾਰੇ ਦੀ ਸੇਵਾ ਕਰਵਾਏਗਾ। ਦੀਵਾਨ ਜੀ ਦੀ ਗੁਰੂ ਘਰ ਲਈ ਇੱਨੀ ਸ਼ਰਧਾ ਦੇਖ ਕੇ ਨਵਾਬ ਜੱਸਾ ਸਿੰਘ ਜੀ ਆਹਲੂਵਾਲੀਏ ਨੇ ਦਸ ਹਜ਼ਾਰ ਖਾਲਸੇ ਨਾਲ ਮੁਲਤਾਨ ਵਲ ਕੂਚ ਕਰ ਦਿੱਤਾ। ਉਧਰ ਸ਼ਾਹ ਨਿਵਾਜ਼ ਖ਼ਾਨ ਨੂੰ ਜਦ ਇਸ ਫੌਜ ਦੇ ਮੁਲਤਾਨ ਵਲ ਕੂਚ ਕਰਨ ਦਾ ਪਤਾ ਲਗਾ ਤਾਂ ਉਸ ਨੇ ਇਨ੍ਹਾਂ ਦੇ ਟਾਕਰੇ ਲਈ ਬਹੁਤ ਸਾਰੀ ਫੌਜ ਨਾਲ ਦੁਰਾਣਾ ਪਿੰਡ ਦੇ ਲਾਗੇ ਦੀਵਾਨ ਜੀ ਦੀ ਫੌਜ ਨੂੰ ਆ ਰੋਕਿਆ। ਹੁਣ ਲੱਗੀ ਹੱਥੋ ਹੱਥ ਸਿਰੀ ਸਾਹਿਬ ਚਲਣ। ਇਸ ਸਮੇਂ ਸ਼ਾਹ ਨਿਵਾਜ਼ ਖਾਨ ਬੜੀ ਬਹਾਦਰੀ ਨਾਲ ਮੈਦਾਨ ਵਿਚ ਲੜਿਆ, ਇੰਨੇ ਨੂੰ ਜਦ ਕਿ ਲੜਾਈ ਗਹਿਗੱਚ ਹੋ ਰਹੀ ਸੀ, ਖਾਲਸੇ ਨੇ ਫੌਜ ਦੇ ਉਸ ਹਿੱਸੇ ਨੂੰ ਘੇਰੇ ਵਿਚ ਰੱਖ ਲਿਆ, ਜਿੱਥੇ ਸ਼ਾਹ ਨਿਵਾਜ਼ ਖਾਨ ਆਪ ਆਪਣੀਆਂ ਫੌਜਾਂ ਦੇ ਹੌਸਲੇ ਵਧਾ ਰਿਹਾ ਸੀ। ਇੱਥੇ ਨਵਾਬ ਜੱਸਾ ਸਿੰਘ ਜੀ ਦੀ ਅੜਦਲ ਦਾ ਇਕ ਜਵਾਨ ਭੀਮ ਸਿੰਘ ਨਾਮੀ ਸ਼ਾਹ ਨਿਵਾਜ਼ ਨੂੰ ਸਾਹਮਣੇ ਦੇਖ ਕੇ ਉਸ ਪਰ ਟੁੱਟ ਪਿਆ ਤੇ ਉਸਨੇ ਆਪਣੇ ਤੇਗੇ ਦੀ ਇਕੋ ਸੱਟ ਨਾਲ ਉਸ ਦੀ ਅਲਖ ਮੁਕਾ ਦਿੱਤੀ। ਸਿਪਾਹ ਸਲਾਰ ਦੇ ਮਰਨ ਬਾਅਦ ਹੁਣ ਕਿਸੇ ਕੀ ਲੜਨਾ ਸੀ ? ਮੁਲਤਾਨੀ ਫੌਜ ਮੈਦਾਨ ਦੀਵਾਨ ਕੌੜਾ ਮੱਲ ਜੀ ਦੇ ਹੱਥ ਛੱਡ ਕੇ ਖਿੰਡ ਗਈ ਤੇ ਦੀਵਾਨ ਜੀ ਦਾ ਮੁਲਤਾਨ ਪੁਰ ਪੂਰੀ ਤਰ੍ਹਾਂ ਕਬਜ਼ਾ ਹੋ ਗਿਆ।

ਚੂੰਕਿ ਸ਼ਾਹ ਨਿਵਾਜ਼ ਖਾਨ ਇਸ ਲੜਾਈ ਵਿਚ ਬੜੀ ਬਹਾਦਰੀ ਨਾਲ ਲੜਿਆ ਸੀ, ਇਸ ਲਈ ਦੀਵਾਨ ਕੌੜਾ ਮੱਲ ਜੀ ਨੇ ਬਹਾਦਰਾਂ ਤੇ ਉੱਚ ਕੋਟੀ ਦੇ ਨੀਤੀਵਾਨਾਂ ਦੀ ਤਰ੍ਰਾਂ ਨਿਰਵੈਰ ਹੋ ਕੇ ਇਸ ਦੀ ਲਾਸ਼ ਨੂੰ ਬਹੁਤ ਬੜੀ ਫੌਜੀ ਸ਼ਾਨ ਨਾਲ ਸ਼ ਮਸ਼ ਦੀਨ ਤਬਰੇਜ਼ੀ ਦੀ ਖਾਨਗਾਹ ਵਿਚ ਦਫ਼ਨਵਾ ਦਿੱਤਾ।

ਮੁਲਤਾਨ ਦੇ ਯੋਗ ਪ੍ਰਬੰਧ ਬਾਅਦ ਜਦ ਦੀਵਾਨ ਕੌੜਾ ਮੱਲ ਜੀ ਖਾਲਸਾ ਦਲ ਨਾਲ ਲਾਹੌਰ ਪੁੱਜੇ ਤਾਂ ਮੀਰ ਮੰਨੂੰ ਨੇ ਇਸ ਮੁਹਿੰਮ ਦੀ ਸਫਲਤਾ ਲਈ ਇਨ੍ਹਾਂ ਨੂੰ ‘ਮਹਾਰਾਜਾ ਬਹਾਦਰ` ਦਾ ਖਿਤਾਬ ਦਿੱਤਾ ਅਤੇ ਖਾਲਸੇ ਨਾਲ ਦੀਵਾਨ ਜੀ ਇਸ ਸਮੇਂ ਬਹੁਤ ਮਿੱਠਾ ਹੋਕੇ ਵਰਤੇ ਸੀ, ਇਸ ਲਈ ਪੰਥ ਵੱਲੋਂ ਨਵਾਬ ਜੱਸਾ ਸਿੰਘ ਜੀ ਨੇ ਇਨ੍ਹਾਂ ਨੂੰ ਬਜਾਏ ਕੌੜਾ ਮੱਲ ਦੇ ਮਿੱਠਾ ਮੱਲ ਦਾ ਪਦ ਬਖਸ਼ਿਆ।

ਦੀਵਾਨ ਜੀ ਨੇ ਆਪਣੀ ਮੰਨਤ ਅਨੁਸਾਰ ਤਿੰਨ ਲੱਖ ਤੋਂ ਵੱਧ ਰੁਪਿਆ ਖਰਚ ਕੇ ਬਾਲ ਲੀਲਾ ਦਾ ਗੁਰਦੁਆਰਾ ਅਤੇ ਇਸ ਦੇ ਨਾਲ ਲਗਵਾਂ ਸਰੋਵਰ ਬਣਵਾਇਆ ਜਿਹੜਾ ਅਜ ਤੱਕ ਆਪ ਜੀ ਦੀ ਯਾਦ ਚੇਤੇ ਕਰਾ ਰਿਹਾ ਹੈ।

ਬੰਦੀ ਛੋੜ ਜੱਸਾ ਸਿੰਘ

ਸੰਨ ੧੭੬੧ ਈ: ਵਿਚ ਅਹਿਮਦ ਸ਼ਾਹ ਦੁਰਾਨੀ ਨੇ ਮੁੜ ਹਿੰਦ ਪਰ ਧਾਵਾ ਕੀਤਾ। ਇਸ ਵਾਰੀ ਕੋਈ ਤੀਹ ਹਜ਼ਾਰ ਦੇ ਲਗਭਗ ਹਿੰਦੂ ਪੁਰਖ ਇਸਤ੍ਰੀਆਂ ਬੰਦੀਵਾਨ ਬਣਾ ਕੇ ਅਫ਼ਗਾਨਿਸਤਾਨ ਵਲ ਮੁੜ ਪਿਆ। ਇਹ ਦੁਖ ਭਰੀ ਖਬਰ ਜਦ ਨਵਾਬ ਜੱਸਾ ਸਿੰਘ ਜੀ ਤੱਕ ਪਹੁੰਚੀ ਤਾਂ ਆਪ ਦੀ ਅਣਖ ਇਸ ਨੂੰ ਨਾ ਸਹਾਰ ਸਕੀ ਤੇ ਆਪ ਦੇ ਦੇਸ਼-ਪਿਆਰ ਦੇ ਜੋਸ਼ ਨੇ ਐਸਾ ਹੁਲਾਰਾ ਖਾਧਾ ਕਿ ਆਪ ਉਸੇ ਵਕਤ ਆਪਣੇ ਕਈ ਹਜ਼ਾਰ ਸਿਰਲੱਥ ਸੂਰਮਿਆਂ ਨੂੰ ਆਪਣੇ ਨਾਲ ਲੈ ਕੇ ਦੁਰਾਨੀ ਦੇ ਡੇਰੇ ਪਰ ਟੁੱਟ ਪਏ। ਇਸ ਸਮੇਂ ਜਿਹੜਾ ਵੀ ਰਾਹ ਰੋਕਣ ਲਈ ਆਇਆ ਉਸੇ ਨੂੰ ਤਲਵਾਰ ਦੀ ਧਾਰ ਤੋਂ ਪਾਰ ਕੀਤਾ ਤੇ ਆਪ ਰਵਾਂ ਰਵੀਂ ਸਿੱਧਾ ਉੱਥੇ ਪਹੁੰਚ ਗਏ ਜਿੱਥੇ ਦੁਰਾਨੀ ਨੇ ਨਿਮਾਣੇ ਕੈਦੀਆਂ ਨੂੰ ਡਕਿਆ ਹੋਇਆ ਸੀ। ਆਪਨੇ ਆਪਣੇ ਜੁਆਨਾਂ ਨੂੰ ਹੁਕਮ ਦਿੱਤਾ ਕਿ ਇਨ੍ਹਾਂ ਦੀ ਬੰਦ ਖਲਾਸ ਕਰਕੇ ਸਭ ਨੂੰ ਆਪਣੇ ਨਾਲ ਲੈ ਚੱਲੋ। ਇਹ ਸਭ ਕੁਝ ਇੰਨੀ ਤੇਜ਼ੀ ਨਾਲ ਕੀਤਾ ਗਿਆ ਕਿ ਜਦ ਤੱਕ ਅਫ਼ਗਾਨੀ ਫੌਜ ਤਿਆਰ ਹੁੰਦੀ ਰਹੀ ਇਹ ਸਭ ਵਿੱਚੋਂ ਵਾਲ ਦੀ ਤਰ੍ਹਾਂ ਇਨ੍ਹਾਂ ਦੀ ਮਾਰ ਤੋਂ ਨਿਕਲ ਗਏ। ਇਹ ਕਰਤਵ ਨਵਾਬ ਜੱਸਾ ਸਿੰਘ ਜੀ ਨੇ ਆਪਣਾ ਸੀਸ ਤਲੀ ਪਰ ਰੱਖ ਕੇ ਕੀਤਾ ਸੀ। ਇਸ ਮਹਾਨ ਉਪਕਾਰ ਦੇ ਕਾਰਨ ਆਪ ਦਾ ਨਾਮ ਸਾਰੇ ਦੇਸ਼ ਵਿਚ ਬੰਦੀ ਛੋੜ ਸਿੱਧ ਹੋਇਆ।

ਖਾਲਸੇ ਦਾ ਪਹਿਲਾ ਸਿੱਕਾ

ਸੰਨ ੧੭੭੪ ਈ: ਵਿਚ ਨਵਾਬ ਜੱਸਾ ਸਿੰਘ ਜੀ ਨੇ ਰਾਏ ਈਬਰਾਹੀਮ ਭੱਟੀ ਤੋਂ ਕਪੂਰਥਲਾ ਫਤਹ ਕਰਕੇ ਆਪਣੀ ਰਾਜਧਾਨੀ ਕਾਇਮ ਕੀਤੀ। ਖਾਲਸੇ ਵਿਚ ਇਹ ਪਹਿਲਾ ਗੁਰਸਿਖ ਸੀ, ਜਿਸ ਦੇ ਨਾਮ ਸਿੱਕਾ ਚੱਲਿਆ ।

ਸਿੱਕੇ ਪਰ ਇਹ ਲਿਖਤ ਸੀ :

ਸਿਕਾ ਜ਼ਦ ਦੂਰ ਜਹਾਂ ਬਫ਼ਜ਼ਲੇ ਅਕਾਲ।
ਮੁਲਕੇ ਅਹਿਮਦ ਗਰਿਫਤ ਜੱਸਾ ਕਲਾਲ।

ਚਲਾਣਾ

ਇਸ ਤਰ੍ਹਾਂ ਬਹਾਦਰ ਜੱਸਾ ਸਿੰਘ ਜੀ ਆਪਣਾ ਸਾਰਾ ਜੀਵਨ ਪੰਥ ਤੇ ਦੇਸ਼ ਦੀ ਸੇਵਾ ਵਿਚ ਲਾਉਂਦੇ ਹੋਏ ਸੰਨ ੧੭੮੩ ਵਿਚ ਸ੍ਰੀ ਅੰਮ੍ਰਿਤਸਰ ਗੁਰ-ਚਰਨਾ ਵਿਚ ਜਾ ਵੱਸੇ। ਆਪ ਜੀ ਦਾ ਸੰਸਕਾਰ ਬਾਬਾ ਅਟੱਲ ਸਾਹਿਬ ਜੀ ਦੇ ਹਾਤੇ ਵਿਚ ਹੋਇਆ। ਸਰਦਾਰ ਫਤਹ ਸਿੰਘ ਜੀ ਨੇ ਉਸੇ ਥਾਂ ਪਰ ਆਪ ਜੀ ਦੀ ਸਮਾਧ ਬਣਵਾਈ ਜੋ ਇਸ ਵਕਤ (ਸੰਨ ੧੯੪੨) ਤੱਕ ਉਸੇ ਸ਼ਕਲ ਵਿਚ ਮੌਜੂਦ ਹੈ ਜਿਸ ਪਰ ਗੁਰਮੁਖੀ ਤੇ ਫਾਰਸੀ ਅੱਖਰਾਂ ਵਿਚ ਇਹ ਲਿਖਤ ਲਿਖੀ ਹੋਈ ਹੈ :

੧ਓ

ਸਮਾਧ ਨਵਾਬ ਜੱਸਾ ਸਿੰਘ ਸਾਹਿਬ ਬਾਨੀ ਰਿਆਸਤ ਕਪੂਰਥਲਾ

ਜਨਮ ਸੰਨ ੧੭੧੮

ਕਾਲ ਸੰ: ੧੭੮੩

5 1 vote
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x