ਕੀ ਕਹਿੰਦਾ ਹੈ ‘ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦਾ ਸੱਚੋ-ਸੱਚ’ ਲੇਖਾ?

ਕੀ ਕਹਿੰਦਾ ਹੈ ‘ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦਾ ਸੱਚੋ-ਸੱਚ’ ਲੇਖਾ?

‘ਗੁਰਬਾਣੀ ਪ੍ਰਸਾਰਣ ਦਾ ਸੱਚੋ-ਸੱਚ’ ਲੇਖੇ ਵਿਚ ਵੱਡੇ ਖੁਲਾਸੇ ਹੋਏ

ਗੁਰਬਾਣੀ ਪ੍ਰਸਾਰਣ ਲਈ ਸੰਗਤੀ ਤੇ ਸਰਬ-ਸਾਂਝਾਂ ਪ੍ਰਬੰਧ ਸਿਰਜਣ ਦਾ ਸੱਦਾ

ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਚੱਲਦੇ ਗੁਰਬਾਣੀ ਪ੍ਰਵਾਹ ਨਾਲ ਦੁਨੀਆ ਭਰ ਵਿਚ ਬੈਠੀ ਨਾਨਕ ਨਾਮ ਲੇਵਾ ਸੰਗਤ ਜੁੜਨਾ ਲੋਚਦੀ ਹੈ। ਗੁਰਬਾਣੀ ਪ੍ਰਸਾਰਣ ਦੇ ਸਰਬਸਾਂਝੇ ਪ੍ਰਬੰਧ ਨੂੰ ਸਿਰਜਣ ਲਈ ਸਿੱਖਾਂ ਵਲੋਂ ਆਪਣਾ ਰੇਡੀਓ ਸਟੇਸ਼ਨ ਸ਼ੁਰੂ ਕਰਨ ਦੀ ਮੱਦ ‘ਧਰਮ-ਧੁੱਯ ਮੋਰਚੇ’ ਦਾ ਹਿੱਸਾ ਸੀ। ਸਮਾਂ ਪਾ ਕੇ ਜਦੋਂ ਗੁਰਬਾਣੀ ਪ੍ਰਸਾਰਣ ਦਾ ਪ੍ਰਬੰਧ ਸਿਰਜਿਆ ਗਿਆ ਤਾਂ ਇਸ ਉੱਤੇ ਇਕ ਨਿੱਜੀ ਚੈਨਲ ਦੀ ਅਜਾਰੇਦਾਰੀ ਸਥਾਪਿਤ ਹੋ ਗਈ ਜੋ ਕਿ ਗੁਰਬਾਣੀ ਪ੍ਰਸਾਰਣ ਉੱਤੇ ‘ਸੋਲ, ਅਕਸਕਲੂਜ਼ਿਵ ਅਤੇ ਐਬਸੋਲੂਟ ਰਾਈਟਸ’, ਭਾਵ ਕਿ ਪੂਰਨ ਅਜਾਰੇਦਾਰੀ ਹੋਣ ਦਾ ਦਾਅਵਾ ਕਰਦਾ ਹੈ। ਇਸ ਚੈਨਲ ਵਲੋਂ ਦੂਜੇ ਮੰਚਾਂ ਨੂੰ ਗੁਰਬਾਣੀ ਪ੍ਰਵਾਹ ਦੇ ਪ੍ਰਚਾਰ-ਪ੍ਰਸਾਰ ਤੋਂ ਰੋਕਿਆ ਜਾਂਦਾ ਹੈ ਅਤੇ ਬੀਤੇ ਵਿਚ ਇਸ ਚੈਨਲ ਨੇ ਗੁਰਬਾਣੀ ਪ੍ਰਵਾਹ ਨੂੰ ਆਪਣੀ ‘ਬੌਧਿਕ ਜਗੀਰ’ ਦੱਸਣ ਦੀ ਹਿਮਾਕਤ ਵੀ ਕੀਤੀ।

ਲੇਖਾ ਜਾਰੀ ਕੀਤੇ ਜਾਣ ਦਾ ਦ੍ਰਿਸ਼ – ਖੱਬਿਓਂ ਸੱਜੇ: ਬੀਬੀ ਹਰਸ਼ਰਨ ਕੌਰ, ਸ. ਜਸਪਾਲ ਸਿੰਘ ਸਿੱਧੂ, ਚੰਚਲ ਮਨੋਹਰ ਸਿੰਘ, ਪ੍ਰੋ. ਜਗਮੋਹਨ ਸਿੰਘ, ਅਜੈਪਾਲ ਸਿੰਘ ਬਰਾੜ ਅਤੇ ਪਰਮਜੀਤ ਸਿੰਘ ਗਾਜ਼ੀ

ਗੁਰਬਾਣੀ ਪ੍ਰਸਾਰਣ ਨਾਲ ਜੁੜੇ ਪੱਖਾਂ ਬਾਰੇ ਵਿਸਥਾਰ ਵਿਚ ਤੱਥ ਪੜਚੋਲ ਕਰਦਾ ਇੱਕ ਲੇਖਾ (ਰਿਪੋਰਟ) 2 ਅਪ੍ਰੈਲ ਨੂੰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਵਿਖੇ ਜਾਰੀ ਕੀਤਾ ਗਿਆ ਹੈ। ਇਹ ਲੇਖਾ ਦੋ ਸਾਲ ਪਹਿਲਾਂ ਬਣੇ ਇਕ ਛੇ ਜੀਆਂ ਦੇ ਜਾਂਚ ਜਥੇ ਵਲੋਂ ਜਾਰੀ ਕੀਤਾ ਗਿਆ ਹੈ। ਲੇਖੇ ਵਿਚ ਗੁਰਬਾਣੀ ਪ੍ਰਸਾਰਣ ਦੇ ਸ਼ੁਰੂ ਤੋਂ ਲੈ ਹੁਣ ਤੱਕ ‘ਗੁਰਮਤਿ ਸਿਧਾਂਤ, ਕਾਨੂੰਨੀ ਅਤੇ ਵਿੱਤੀ’ ਉਲੰਘਣਾਵਾਂ ਅਤੇ ਬੇਨਿਯਮੀਆਂ ਦਾ ਕੱਚਾ ਚਿੱਠਾ ਪੇਸ਼ ਕੀਤਾ ਗਿਆ ਹੈ ਅਤੇ ਗੁਰਮਤਿ ਅਨੁਸਾਰੀ, ਨਿਸ਼ਕਾਮ, ਸਰਬ-ਸਾਂਝਾ ਅਤੇ ਸੰਗਤੀ ਜੁਗਤ ਵਾਲਾ ਗੁਰਬਾਣੀ ਪ੍ਰਸਾਰਣ ਦਾ ਪ੍ਰਬੰਧ ਸਿਰਜਣ ਲਈ ਸੁਝਾਅ ਪੇਸ਼ ਕੀਤੇ ਗਏ ਹਨ।

ਲੇਖੇ ਦੇ ਪੰਨਾ 9 ਤੋਂ 12 ਉੱਤੇ ਦਿੱਤੇ ਵੇਰਵੇ ਦਰਸਾਉਂਦੇ ਹਨ ਕਿ ਗੁਰਬਾਣੀ ਪ੍ਰਸਾਰਣ ਦੇ ਸ਼ੁਰੂਆਤੀ ਦੌਰ ਵਿਚ ਕਿਵੇਂ ਸ਼੍ਰੋ.ਗੁ.ਪ੍ਰ.ਕ. ਦੇ ਪ੍ਰਬੰਧ ਦੀ ਪੈਰ-ਪੈਰ ਉੱਤੇ ਨਾਅਹਿਲੀਅਤ ਪਰਗਟ ਹੋਈ ਹੈ, ਅਤੇ ਇਹ ਸਿਰਮੌਰ ਕਹਾਉਂਦੀ ਸੰਸਥਾ ਝੂਠਬਿਆਨੀ ਵੀ ਕਰਦੀ ਰਹੀ ਹੈ।

ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਣ ਦਾ ਸੱਚੋ-ਸੱਚ ਲੇਖੇ ਦਾ ਸਰਵਰਕ

ਲੇਖੇ ਦੇ ਪੰਨਾ 12-13 ਉੱਤੇ ਨਸ਼ਰ ਕੀਤੇ ਗਏ ਵੇਰਵਿਆਂ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਵੇਲੇ ਸ਼੍ਰੋ.ਗੁ.ਪ੍ਰ.ਕ. ਵਲੋਂ ਸੁਝਾਈਆਂ ਸ਼ਰਤਾਂ ਵਿਚ ਪ੍ਰਧਾਨ ਵਲੋਂ ਕੀਤੀ ਗਈ ਫੇਰਬਦਲ ਕਾਰਨ ਸ਼੍ਰੋ.ਗੁ.ਪ੍ਰ.ਕ. ਨੂੰ 11 ਕਰੋੜ ਤੋਂ ਵੱਧ ਦਾ ਵਿੱਤੀ ਘਾਟਾ ਪਿਆ।

ਪੰਨਾ 14-15 ਉੱਤੇ ਦੱਸਿਆ ਗਿਆ ਕਿ ਸਾਲ 2003 ਵਿਚ ਜਿਸ ਵੇਲੇ ਸ਼੍ਰੋ.ਗੁ.ਪ੍ਰ.ਕ. ਨੇ ਆਪਣਾ ਚੈਨਲ ਚਲਾਉਣ ਦਾ ਵਿਚਾਰ ਇਹ ਕਹਿ ਕੇ ਰੱਦ ਕਰ ਦਿੱਤਾ ਸੀ ਕਿ ਇਸ ਵਿਚ ਬਹੁਤ ਹੀ ਜ਼ਿਆਦਾ ਖਰਚਾ ਆਉਂਦਾ ਹੈ ਉਸ ਵੇਲੇ ‘ਤਿਰੂਪਤੀ ਬਾਲਾਜੀ’ ਨਾਮੀ ਅਸਥਾਨ ਵਲੋਂ ਆਪਣਾ ਧਾਰਮਿਕ ਚੈਲਨ ਇਕ ਲੱਖ ਰੁਪਏ ਦੀ ਸ਼ੁਰੂਆਤੀ ਦਰਜ਼ਸ਼ੁਦਾ ਹਿੱਸਾ-ਪੂੰਜੀ ਨਾਲ ਸ਼ੁਰੂ ਕੀਤਾ ਗਿਆ ਅਤੇ ਉਹ ਚੈਨਲ ਹੁਣ 72 ਦੇਸ਼ਾਂ ਵਿਚ ਪ੍ਰਸਾਰਿਤ ਹੁੰਦਾ ਹੈ।

ਪੰਨਾ 15-16 ਉੱਤੇ ਦੱਸਿਆ ਗਿਆ ਹੈ ਕਿ ਕਿਵੇਂ ਈ.ਟੀ.ਸੀ. ਨਾਲ ਹੋਏ ਸਮਝੋਤੇ ਵਿਚ ਕੋਈ ਵੀ ਸ਼ਰਤ ਹੋਣ ਤੋਂ ਬਿਨਾ ਹੀ ਸ਼੍ਰੋ.ਗੁ.ਪ੍ਰ.ਕ. ਨੇ ਸਿਰਫ ਦੋ ਦਿਨਾਂ ਵਿਚ ਹੀ ਗੁਰਬਾਣੀ ਪ੍ਰਸਾਰਣ ਦਾ ਸਮਝੌਤਾ ਈ.ਟੀ.ਸੀ. ਤੋਂ ਪੀ.ਟੀ.ਸੀ. ਦੀ ਮਾਲਕ ਜੀ. ਨੈਕਸਟ ਮੀਡੀਆ ਕੰਪਨੀ ਕੋਲ ਤਬਦੀਲ ਕਰ ਦਿੱਤਾ ਜੋ ਕਿ ਕਾਰ-ਵਿਹਾਰ ਦੇ ਸਥਾਪਤ ਨੇਮਾਂ ਦੀ ਪ੍ਰਤੱਖ ਉਲੰਘਣਾ ਸੀ।

ਪੰਨਾ 17 ਉੱਤੇ ਦੱਸਿਆ ਗਿਆ ਹੈ ਕਿ ਕਿਵੇਂ ਸ਼੍ਰੋਮਣੀ ਕਮੇਟੀ ਗੁਰਬਾਣੀ ਪ੍ਰਸਾਰਣ ਦੇ ਮਾਮਲੇ ਵਿਚ ਆਪਣੇ ਹੀ ਬਣਾਏ ਕਾਰਵਿਹਾਰ ਦੇ ਨੇਮਾਂ ਅਤੇ ਅਮਲ (ਪ੍ਰੋਸੀਜ਼ਰ) ਦੀ ਉਲੰਘਣਾ ਕਰਦੀ ਰਹੀ ਹੈ ਤੇ ਇਸ ਸੰਸਥਾ ਵਲੋਂ ਆਪਣੀਆਂ ਹੀ ਰਿਵਾਇਤਾਂ ਨੂੰ ਤੋੜਿਆ ਗਿਆ।

b ਉੱਤੇ ਹੀ ਗੁਰਬਾਣੀ ਪ੍ਰਸਾਰਣ ਦੇ ਮਾਮਲੇ ਵਿਚ ਸ਼੍ਰੋ.ਅ.ਦ. (ਬਾਦਲ) ਦੀ ਦਖਲ ਅੰਦਾਜ਼ੀ ਅਤੇ ਇਸ ਵਿਰੁਧ ਜਸਟਿਸ (ਰਿਟਾ.) ਅਜੀਤ ਸਿੰਘ ਬੈਂਸ ਵਲੋਂ ਪੁਲਿਸ ਕੋਲ ਕੀਤੀ ਗਈ ਸ਼ਿਕਾਇਤ ਦਾ ਜ਼ਿਕਰ ਹੈ।

ਪੰਨਾ 18 ਉੱਤੇ ਬਾਦਲਾਂ ਦੇ ਦਖਲ ਦੀ ਪੜਚੋਲ ਕਰਦਿਆਂ ਜਾਂਚ ਜਥੇ ਨੇ ਪੀ.ਟੀ.ਸੀ. ਮਾਲਕੀ ਲੁਕਾਉਣ ਲਈ ਪਾਏ ਗਏ ਸਾਰੇ ‘ਕਾਰਪੋਰੇਟੀ ਪਰਦੇ’ ਚੁੱਕੇ ਹਨ ਕਿ ਕਿਵੇਂ ਪੀ.ਟੀ.ਸੀ. ਦੇ ਅਸਲ ਮਾਲਕਾਂ ਦੀ ਪਛਾਣ ਕੰਪਨੀਆਂ (ਜਿਹਨਾਂ ਨੂੰ ਕਾਰੋਬਾਰੀ ਕਾਨੂੰਨ ਵਿਚ ‘ਕਾਰਪੋਰੇਟ ਵੀਲ’ ਜਾਂ ਕਾਰਪੋਰੇਟੀ ਪਰਦੇ ਕਿਹਾ ਜਾਂਦਾ ਹੈ) ਪਿੱਛੇ ਲੁਕਾਈ ਗਈ ਸੀ। ਇਸ ਚਿੱਤਰ ਰਾਹੀਂ ਦਰਸਾਇਆ ਗਿਆ ਹੈ ਕਿ ਜਦੋਂ ਸਾਰੇ ਕਾਰਪੋਰੇਟੀ ਪਰਦੇ ਚੁੱਕੇ ਜਾਂਦੇ ਹਨ ਤਾਂ ਪੀ.ਟੀ.ਸੀ. ਦਾ ਅਸਲ ਮਾਲਕ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦਾ ‘ਹਿੰਦੂ ਸਾਂਝਾ ਪਰਿਵਾਰ’ (ਹਿੰਦੂ ਅਨਡਿਵਾਈਡਡ ਫੈਮਲੀ) ਦਿਸ ਜਾਂਦੇ ਹਨ।

ਪੀ.ਟੀ.ਸੀ. ਦੀ ਮਾਲਕੀ ਨੂੰ ਦਰਸਾਉਂਦਾ ਇੱਕ ਚਿੱਤਰ

ਪੰਨਾ 19 ਤੋਂ 22 ਤੱਕ ਪੀ.ਟੀ.ਸੀ. ਨਾਲ ਹੋਏ ਸਮਝੌਤੇ ਬਾਰੇ ਕਾਨੂੰਨੀ ਅਤੇ ਵਿੱਤੀ ਬੇਨਿਯਮੀਆਂ ਅਤੇ ਉਲੰਘਣਾਵਾਂ ਉਜਾਗਰ ਕੀਤੀਆਂ ਗਈਆਂ ਹਨ।

ਪਹਿਲੇ ਭਾਗ ਦੀ ਪੜਚੋਲ ਦੇ ਜੋ ਨਿਚੋੜ ਸਫਾ 23 ਉੱਤੇ ਦਰਜ਼ ਕੀਤੇ ਗਏ ਉਹਨਾ ਵਿਚ ਇਸ ਸਾਰੇ ਮਾਮਲੇ ਵਿਚ ਹੋਈਆਂ ਸੰਭਾਵੀ ਹੇਰਾ-ਫੇਰੀਆਂ ਦੇ ਹਵਾਲੇ ਨਾਲ ਸ਼੍ਰੋ.ਗੁ.ਪ੍ਰ.ਕ. ਦੇ ਕਾਰ-ਵਿਹਾਰ ਵਿਚ ਪਾਰਦਸ਼ਤਾ ਲਿਆਉਣ ਦੀ ਲੋੜ ਉੱਤੇ ਜ਼ੋਰ ਦਿੱਤਾ ਗਿਆ ਹੈ।

ਲੇਖੇ ਦੇ ਦੂਜੇ ਭਾਗ ਵਿਚ ਗੁਰਬਾਣੀ ਪ੍ਰਸਰਾਣ ਲਈ ਕੀਤੇ ਗਏ ਸਮਝੌਤਿਆਂ ਵਿਚ ਗੁਰਮਤਿ ਦੇ ਪੱਖ ਤੋਂ ਕੀਤੀਆਂ ਗਈਆਂ ਉਲੰਘਣਾਵਾਂ ਨੂੰ ਉਜਾਗਰ ਕੀਤਾ ਗਿਆ ਹੈ।

ਪੰਨਾ 24 ਉੱਤੇ ਦਰਜ਼ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੀ ਉਲੰਘਣਾ ਕਰਕੇ ਸ਼੍ਰੋ.ਗੁ.ਪ੍ਰ.ਕ. ਗੁਰਬਾਣੀ ਪ੍ਰਸਾਰਣ ਦੇ ਸਮਝੌਤਿਆਂ ਵਿਚ ਸ਼੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਲਈ ‘ਗੋਲਡਨ ਟੈਂਪਲ’ ਸ਼ਬਦ ਦੀ ਵਰਤੋਂ ਕਰਦੀ ਹੈ।

ਇਹਨਾਂ ਸਮਝੌਤਿਆਂ ਵਿਚ ਸ਼੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਗ੍ਰੰਥੀ ਸਾਹਿਬਾਨ, ਰਾਗੀ ਸਾਹਿਬਾਨ, ਅਰਦਾਸੀਏ ਸਾਹਿਬਾਨ ਅਤੇ ਹੋਰਨਾ ਸੇਵਾਦਾਰ ਸਾਹਿਬਾਨ ਲਈ ਗਵੱਈਏ ਅਤੇ ਪੇਸ਼ਕਾਰ ਜਿਹੀ ਨਿਰਾਦਰ ਭਰੀ ਸ਼ਬਦਾਵਲੀ ਵਰਤੀ ਗਈ ਹੈ।

ਇਹਨਾਂ ਸਮਝੌਤਿਆ ਵਿਚ ਗੁਰਬਾਣੀ ਪ੍ਰਵਾਹ ਉੱਤੇ ਇੰਡੀਆ ਦੀ ਏਕਤਾ-ਅਖੰਡਤਾ ਤੇ ਪ੍ਰਭੂਸੱਤਾ ਜਿਹੀਆਂ ਦੁਨਿਆਵੀ ਕਾਨੂੰਨ ਦੀਆਂ ਸ਼ਰਤਾਂ ਥੋਪੀਆਂ ਗਈਆਂ ਹਨ, ਅਤੇ ਇਲਾਹੀ ‘ਧੁਰ ਕੀ ਬਾਣੀ’ ਦੇ ਪ੍ਰਵਾਹ ਦੀ ਮਰਿਆਦਾ ਨੂੰ ਇਕ ਵਪਾਰਕ ਸਮਝੌਤੇ ਦੀਆਂ ਸ਼ਰਤਾਂ ਦਾ ਹਿੱਸਾ ਬਣਾਉਣ ਦੀ ਹਿਮਾਕਤ ਵੀ ਕੀਤੀ ਗਈ ਹੈ।

ਇਸ ਭਾਗ ਦੇ ਨਿਚੋੜ ਵਿਚ ਜਾਂਚ ਜਥੇ ਨੇ ਇਹ ਉਲੰਘਣਾਵਾਂ ਲਈ ਜਿੰਮੇਵਾਰਾਂ ਦੀ ਸ਼ਨਾਖਤ ਕਰਕੇ ਢੁਕਵੀਂ ਕਾਰਵਾਈ ਕਰਨ ਅਤੇ ਇਹ ਯਕੀਨੀ ਬਣਾਉਣ ਦੀ ਸਿਫਾਰਿਸ਼ ਕੀਤੀ ਹੈ ਕਿ ਅਗਾਂਹ ਤੋਂ ਇਹ ਉਲੰਘਣਾਵਾਂ ਨਾ ਹੋਣ।

ਲੇਖੇ ਦੇ ਤੀਜੇ ਭਾਗ ਵਿਚ ਪੰਨਾ 26 ਤੋਂ 31 ਤੱਕ ਪੀ.ਟੀ.ਸੀ. ਵਲੋਂ ਦੂਜੇ ਮੰਚਾਂ ਨੂੰ ਨਿਸ਼ਕਾਮ ਤੌਰ ਉੱਤੇ ਸ਼੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਰੋਜਾਨਾ ਹੁਕਮਨਾਮਾ ਸਾਹਿਬ ਦਾ ਪ੍ਰਚਾਰ-ਪ੍ਰਸਾਰ ਕਰਨ ਤੋਂ ਰੋਕਣ ਦੇ ਮਾਮਲੇ ਉੱਤੇ ਵਿਸਤਾਰ ਵਿਚ ਚਰਚਾ ਅਤੇ ਤੱਥ ਪੜੋਚਲ ਕੀਤੀ ਗਈ ਹੈ ਜਿਸ ਵਿਚ ਪੀ.ਟੀ.ਸੀ. ਨੈਟਵਰਕ ਅਤੇ ਇਸ ਦੀ ਮਾਲਕ ਜੀ. ਨੈਕਸਟ ਮੀਡੀਆ ਕੰਪਨੀ ਨੂੰ ਹੁਕਮਨਾਮਾ ਸਾਹਿਬ ਉੱਤੇ ਅਜ਼ਾਰੇਦਾਰਨਾ ਦਾਅਵੇ ਪੇਸ਼ ਕਰਨ ਦੇ ਦੋਸ਼ੀ ਸਿੱਧ ਹੁੰਦੇ ਹਨ। ਜਾਂਚ ਜਥੇ ਨੇ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਇਹ ਚੈਨਲ ਅਤੇ ਇਸ ਦੀ ਮਾਲਕ ਕੰਪਨੀ ਭਵਿੱਖ ਵਿਚ ਅਜਿਹਾ ਨਾ ਕਰ ਸਕਣ।

ਲੇਖੇ ਦੇ ਪੰਨਾ 31 ਤੋਂ 37 ਤੱਕ ਚੌਥੇ ਭਾਗ ਵਿਚ ਪੀ.ਟੀ.ਸੀ. ਨੈਟਵਰਕ ਇਸ ਦੀ ਮਾਲਕ ਜੀ. ਨੈਕਸਟ ਮੀਡੀਆ ਕੰਪਨੀ ਵਲੋਂ ਗੁਰਬਾਣੀ ਪ੍ਰਵਾਹ ਸੰਬੰਧੀ ਕੀਤੇ ਗਏ “ਬੌਧਿਕ ਜਗੀਰ” (ਇੰਟਲੈਕਚੁਅਲ ਪ੍ਰਾਪਰਟੀ) ਦੇ ਦਾਅਵੇ ਬਾਰੇ ਵਿਸਤਾਰ ਵਿਚ ਪੜਤਾਲ ਕੀਤੀ ਗਈ ਹੈ ਜਿਸ ਵਿਚ ਇਹ ਅਦਾਰੇ ਅਤੇ ਪੀ.ਟੀ.ਸੀ. ਦੇ ਮੁੱਖ ਪ੍ਰਬੰਧਕ ਰਬਿੰਦਰਾ ਨਰਾਇਨਣ ਦੋਸ਼ੀ ਪਾਏ ਗਏ ਹਨ। ਜਾਂਚ ਜਥੇ ਨੇ ਉਹਨਾ ਉੱਪਰ ਢੁਕਵੀ ਕਾਰਵਾਈ ਦਾ ਸੁਝਾਅ ਦਿੱਤਾ ਹੈ।

ਲੇਖੇ ਦੇ ਭਾਗ ਪੰਜ ਵਿਚ ਸਫਾ 38 ਅਤੇ 39 ਉੱਤੇ ਹੋਰਨਾ ਧਰਮਾਂ ਦੀਆਂ ਸੰਸਥਾਵਾਂ ਵਲੋਂ ਕੀਤੇ ਜਾਂਦੇ ਪ੍ਰਸਾਰਣ ਦਾ ਇਕ ਤੁਲਨਾਤਮਿਕ ਅਧਿਐਨ ਕੀਤਾ ਗਿਆ ਹੈ। ਜਥੇ ਨੇ ਦੱਸਿਆ ਹੈ ਕਿ ਤਿਰੂਮਾਲਾ ਤਿਰੂਪਤੀ ਦੇਵਾਸਥਮ ਵਲੋਂ 2007 ਵਿਚ ਸ਼ੁਰੂ ਕੀਤਾ ਚੈਨਲ ਇਸ ਵੇਲੇ 72 ਦੇਸ਼ਾਂ ਵਿਚ ਹਰ ਸਮੇਂ ਚੱਲਣ ਵਾਲਾ ਚੈਨਲ ਹੈ। ਜਥੇ ਨੇ ਇਸ ਚੈਨਲ ਦੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਮਸ਼ਹੂਰੀਆਂ ਦੀਆਂ ਦਰਾਂ ਆਦਿ ਦੇ ਦਸਤਾਵੇਜ਼ ਵੀ ਸਾਂਝੇ ਕੀਤੇ ਹਨ।

ਇਸ ਤੋਂ ਇਲਾਵਾ ਜਥੇ ਨੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਵਲੋਂ ਸਿਰਜੇ ਪ੍ਰਬੰਧ ਵਿਚ ਪ੍ਰਸਾਰਣਕਰਤਾਵਾਂ ਉੱਤੇ ਲਗਾਈਆਂ ਗਈਆਂ ਸਖਤ ਸ਼ਰਤਾਂ ਦਾ ਵੀ ਹਵਾਲਾ ਦਿੱਤਾ ਜਿਸ ਨਾਲ ਇਹ ਯਕੀਨੀ ਬਣਾਇਆ ਗਿਆ ਹੈ ਕਿ ਪ੍ਰਸਾਰਣ ਕਰਤਾ ਕਿਸੇ ਵੀ ਤਰੀਕੇ ਨਾਲ ਇਸ ਪ੍ਰਸਾਰਣ ਉੱਤੇ ਅਜਾਰੇਦਾਰੀ ਸਥਾਪਿਤ ਨਹੀਂ ਕਰ ਸਕਦਾ।

ਲੇਖੇ ਵਿਚ ਹਵਾਲੇ ਵਜੋਂ ਮੁਸਲਿਮ ਧਾਰਮਿਕ ਸਥਾਨ ਮੱਕਾ ਵਲੋਂ ਸਿਰਜੇ ਗਏ ਆਪਣੇ ਨਿਵੇਕਲੇ ਪ੍ਰਸਾਰਣ ਪ੍ਰਬੰਧ ਦਾ ਜ਼ਿਕਰ ਵੀ ਕੀਤਾ ਗਿਆ ਹੈ।

ਲੇਖੇ ਦੇ ਆਖਰੀ ਸਫੇ (40) ਉੱਤੇ ਗੁਰਬਾਣੀ ਪ੍ਰਸਾਰਣ ਲਈ ਗੁਰਮਤਿ ਸਿਧਾਂਤਾਂ ਤੋਂ ਸੇਧ ਲੈ ਕੇ ਨਿਸ਼ਕਾਮ, ਸਰਬਸਾਂਝਾ ਅਤੇ ਸੰਗਤੀ ਜੁਗਤ ਵਾਲਾ ਪ੍ਰਬੰਧ ਸਿਰਜਣ ਦਾ ਸੁਝਾਅ ਦਿੱਤਾ ਗਿਆ ਹੈ। ਜਥੇ ਨੇ ਅਜਿਹੇ ਪ੍ਰਬੰਧ ਲਈ ਸੁਝਾਵਾਂ ਦੀ ਗੈਰ-ਮੁਕੰਮਲ ਸੂਚੀ ਵੀ ਦਿੱਤੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਗੁਰਬਾਣੀ ਪ੍ਰਵਾਹ ਦੇ ਪ੍ਰਸਾਰਣ ਦਾ ਵਪਾਰੀਕਰਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਸਲ ਵਿਚ ਗੁਰਬਾਣੀ ਪ੍ਰਵਾਹ ਦਾ ਹੀ ਵਪਾਰੀਕਰਨ ਨਹੀਂ ਹੋ ਸਕਦਾ। ਜਥੇ ਨੇ ਇਹ ਨੁਕਤਾ ਵੀ ਸੁਝਾਇਆ ਹੈ ਕਿ ਕਿਸੇ ਨੂੰ ਵੀ ਗੁਰਬਾਣੀ ਪ੍ਰਵਾਹ ਦੇ ਪ੍ਰਸਾਰਣ ਉੱਤੇ ਅਜਾਰੇਦਾਰੀ (ਸੋਲ, ਐਕਸਕਲੈਸਿਵ ਐਂਡ ਐਬਸੁਲੂਟ ਰਾਈਟਸ) ਸਥਾਪਿਤ ਨਹੀਂ ਕਰਨ ਦਿੱਤੇ ਜਾ ਸਕਦੇ ਕਿਉਂਕਿ ਗੁਰਬਾਣੀ ਸਰਬਸਾਂਝੀ ਹੈ।

ਲੇਖਾ ਜਾਰੀ ਕਰਨ ਵੇਲੇ ਜਾਂਚ ਜਥੇ ਦੇ ਜੀਆਂ ਪ੍ਰੋ. ਜਗਮੋਹਨ ਸਿੰਘ, ਜਸਪਾਲ ਸਿੰਘ ਸਿੱਧੂ, ਚੰਚਲ ਮਨੋਹਰ ਸਿੰਘ, ਅਜੈਪਾਲ ਸਿੰਘ, ਪਰਮਜੀਤ ਸਿੰਘ ਗਾਜ਼ੀ ਅਤੇ ਬੀਬੀ ਹਰਸ਼ਰਨ ਕੌਰ ਨੇ ਕਿਹਾ ਕਿ ਉਹਨਾ ਸਿੱਖ ਸੰਗਤ ਵਲੋਂ ਸੌਂਪੀ ਗਈ ਜਿੰਮੇਵਾਰੀ ਪੂਰੀ ਕੀਤੀ ਹੈ ਹੁਣ ਇਹ ਲੇਖਾ ਉਹ ਸੰਗਤ ਦੀ ਕਚਹਿਰੀ ਵਿਚ ਪੇਸ਼ ਕਰ ਰਹੇ ਹਨ।

ਉਹਨਾ ਕਿਹਾ ਕਿ ਇਹ ਲੇਖਾ ਤਿਆਰ ਕਰਨ ਲਈ ਜਾਂਚ ਸ਼ੁਰੂ ਕਰਨ ਵੇਲੇ ਜਾਂਚ ਜਥੇ ਨੇ ਸਭ ਤੋਂ ਪਹਿਲਾਂ ਸ਼੍ਰੋ.ਗੁ.ਪ੍ਰ.ਕ. ਤੋਂ ਸਮਝੌਤਿਆਂ ਦੇ ਦਸਤਾਵੇਜ਼, ਵਿੱਤੀ ਲੈਣ-ਦੇਣ ਬਾਰੇ ਜਾਣਕਾਰੀ ਅਤੇ ਸਹਿਯੋਗ ਮੰਗਿਆ ਸੀ ਪਰ ਸ਼੍ਰੋ.ਗੁ.ਪ੍ਰ.ਕ. ਨੇ ਉਹਨਾ ਦੀ ਚਿੱਠੀ ਦਾ ਕੋਈ ਜਵਾਬ ਦੇਣਾ ਮੁਨਾਸਿਬ ਨਹੀਂ ਸਮਝਿਆ। ਉਹਨਾ ਕਿਹਾ ਕਿ ਸਿੱਖ ਸੰਗਤ ਦੀ ਤਰਫੋਂ ਜਾਣਕਾਰੀ ਦਾ ਹੱਕ ਕਾਨੂੰਨ ਤਹਿਤ ਦਸਤਾਵੇਜ਼ ਇਕੱਤਰ ਕਰਨ ਵਾਲੇ ਸ. ਬਲਦੇਵ ਸਿੰਘ ਸਿਰਸਾ ਨੇ ਉਹਨਾ ਨੂੰ ਦਸਤਾਵੇ ਮੁਹੱਈਆ ਕਰਵਾਏ। ਜਥੇ ਨੇ ਕਿਹਾ ਕਿ ਜਾਂਚ ਦੌਰਾਨ ਉਹਨਾ ਕੋਲ ਬਹੁਤ ਜਣਕਾਰੀ ਮੌਖਿਕ ਤੌਰ ਉੱਤੇ ਵੀ ਆਈ ਸੀ ਪਰ ਉਹਨਾ ਲੇਖੇ ਵਿਚ ਉਸੇ ਜਾਣਕਾਰੀ ਨੂੰ ਸ਼ਾਮਿਲ ਕੀਤਾ ਹੈ ਜਿਸ ਦੇ ਉਹਨਾ ਕੋਲ ਬਕਾਇਦਾ ਦਸਤਾਵੇਜ਼ੀ ਸਬੂਤ ਮੌਜੂਦ ਸਨ। ਉਹਨਾ ਕਿਹਾ ਕਿ 40 ਸਫਿਆਂ ਦਾ ਇਹ ਲੇਖਾ ਪੰਜਾਬੀ ਵਿਚ ਤਿਆਰ ਕੀਤਾ ਗਿਆ ਹੈ ਜਿਸ ਦਾ ਅੰਗਰੇਜ਼ੀ ਉਲੱਥਾ ਵੀ ਨਾਲ ਹੀ ਜਾਰੀ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਡੇਢ ਸੌ ਸਫਿਆਂ ਤੋਂ ਵੱਧ ਦੇ ਅੰਤਿਕਾ ਵੀ ਜਾਰੀ ਕੀਤੇ ਗਏ ਹਨ ਜਿਹਨਾ ਵਿਚ ਉਹ ਸਾਰੇ ਦਸਤਾਵੇਜ਼ਾਂ ਦੀਆਂ ਨਕਲਾਂ ਹਨ ਜਿਹਨਾ ਦਾ ਹਵਾਲਾ ਲੇਖੇ ਵਿਚ ਦਿੱਤਾ ਗਿਆ ਹੈ। ਇਹਨਾ ਅੰਤਿਕਾ ਵਿਚ ਸ਼੍ਰੋ.ਗੁ.ਪ੍ਰ.ਕ. ਵਲੋਂ ਗੁਰਬਾਣੀ ਪ੍ਰਸਾਰਣ ਬਾਰੇ ਕੀਤੇ ਗਏ ਸਾਰੇ ਸਮਝੌਤਿਆਂ ਦੀਆਂ ਨਕਲਾਂ ਅਤੇ ਪੀ.ਟੀ.ਸੀ. ਦੀ ਮਾਲਕੀ ਨੂੰ ਦਰਸਾਉਂਦੇ ਵੱਖ-ਵੱਖ ਕੰਪਨੀਆਂ ਦੇ ਦਸਤਾਵੇਜ਼ ਵੀ ਸ਼ਾਮਿਲ ਹਨ।

ਜਥੇ ਦੇ ਜੀਆਂ ਨੇ ਆਸ ਪ੍ਰਗਟਾਈ ਹੈ ਕਿ ਸੰਗਤ ਇਸ ਮਸਲੇ ਵੱਲ ਧਿਆਨ ਦੇ ਕੇ ਗੁਰਬਾਣੀ ਪ੍ਰਸਾਰਣ ਲਈ ਗੁਰਮਤਿ ਸਿਧਾਂਤਾਂ ਤੋਂ ਸੇਧ ਲੈ ਕੇ ਨਿਸ਼ਕਾਮ, ਸਰਬਸਾਂਝਾ ਅਤੇ ਸੰਗਤੀ ਜੁਗਤ ਵਾਲਾ ਪ੍ਰਬੰਧ ਸਿਰਜਣ ਦੀ ਪਹਿਲਕਦਮੀ ਕਰੇਗੀ।

5 2 votes
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x