ਅਸੀਂ ਅਰਦਾਸ ਵਿੱਚ ਪੜ੍ਹਦੇ ਹਾਂ “ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੰਨ੍ਹਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ।” ਹੁਣ ਤਾਂ ਅਸੀਂ ਜ਼ਮੀਨੀ ਹੱਦਾਂ ਉੱਤੇ ਲਾ ਦਿੱਤੀਆਂ ਬੰਦਿਸ਼ਾਂ ਕਰ ਕੇ ਇਹ ਅਰਦਾਸ ਕਰਦੇ ਹਾਂ ਪਰ ਅੱਜ ਤੋਂ 100 ਵਰ੍ਹੇ ਪਹਿਲਾਂ ਵੀ ਸਿੱਖਾਂ ਨੇ ਇਹੀ ਅਰਦਾਸਾਂ ਕੀਤੀਆਂ ਜਦੋਂ ਮਹੰਤ ਨਰਾਇਣ ਦਾਸ ਵੱਲੋਂ ਸਰਕਾਰ ਦੀ ਸ਼ਹਿ ਦੇ ਨਾਲ ਗੁਰਦੁਆਰਾ ਨਨਕਾਣਾ ਸਾਹਿਬ ਉੱਤੇ ਕਬਜ਼ਾ ਕੀਤਾ ਹੋਇਆ ਸੀ, ਲਗਾਤਾਰ ਬੇਅਦਬੀਆਂ ਕਰ ਰਿਹਾ ਸੀ ਅਤੇ ਸਿੱਖਾਂ ਨੂੰ ਡੂੰਘੀਆਂ ਪੀੜਾਂ ਦੇ ਰਿਹਾ ਸੀ ਜੋ ਅਰਦਾਸਾਂ ‘ਚ ਢਲ ਰਹੀਆਂ ਸਨ। ਮਹੰਤ ਨਰਾਇਣ ਦਾਸ ਨੇ ਭਾਵੇਂ ਗੱਦੀ ‘ਤੇ ਬੈਠਣ ਵਕਤ ਬਚਨ ਕੀਤੇ ਸਨ ਕਿ ਮੈਂ ਚੰਗੀ ਤਰ੍ਹਾਂ ਸੇਵਾ ਨਿਭਾਵਾਂਗਾ ਅਤੇ ਜੇਕਰ ਮੇਰੇ ਖਿਲਾਫ ਕੋਈ ਕਸੂਰ ਸਾਬਿਤ ਹੋ ਗਿਆ ਤਾਂ ਮੈਂ ਅਸਤੀਫਾ ਦੇ ਦਵਾਂਗਾ ਪਰ ਛੇਤੀ ਹੀ ਉਸਨੇ ਇਹ ਬਚਨ ਭੰਗ ਕਰ ਦਿੱਤਾ ਅਤੇ ਮੁੜ ਪਹਿਲੇ ਮਹੰਤਾਂ ਵਾਂਙ ਗੁਰੁਦਆਰਾ ਸਾਹਿਬ ਦੀ ਮਰਿਯਾਦਾ ਭੰਗ ਕਰਨ ਲੱਗ ਪਿਆ। ਗੁਰਦੁਆਰਾ ਸਾਹਿਬ ਅੰਦਰ ਵੇਸਵਾਵਾਂ ਦੇ ਨਾਚ ਕਰਵਾਏ ਗਏ, ਦਰਸ਼ਨ ਕਰਨ ਆਈਆਂ ਅਨੇਕਾਂ ਬੀਬੀਆਂ ਬੱਚੀਆਂ ਦੀ ਪੱਤ ਲੁੱਟੀ ਜਾਂਦੀ ਰਹੀ ਅਤੇ ਇਸ ਤਰ੍ਹਾਂ ਦਾ ਹੋਰ ਬਹੁਤ ਕੁਝ ਹੁੰਦਾ ਰਿਹਾ। ਸੰਗਤਾਂ ਨੇ ਇਸ ਦੇ ਖਿਲਾਫ ਮਤੇ ਪਾਏ, ਸਰਕਾਰ ਨੂੰ ਇਹ ਸਭ ਰੋਕਣ ਲਈ ਬੇਨਤੀਆਂ ਕੀਤੀਆਂ ਪਰ ਕੋਈ ਫਰਕ ਨਾ ਪਿਆ।
24 ਜਨਵਰੀ 1921 ਨੂੰ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਮਤਾ ਪਾਸ ਕੀਤਾ ਗਿਆ ਕਿ 4,5 ਅਤੇ 6 ਮਾਰਚ ਨੂੰ ਨਨਕਾਣਾ ਸਾਹਿਬ ਖਾਲਸੇ ਦਾ ਦੀਵਾਨ ਹੋਵੇਗਾ ਅਤੇ ਮਹੰਤ ਨੂੰ ਸੱਦਾ ਦਿੱਤਾ ਜਾਵੇਗਾ ਕਿ ਆਪਣਾ ਸੁਧਾਰ ਕਰੇ। ਮਹੰਤ ਨੇ ਸਿੱਖਾਂ ਦਾ ਮੁਕਾਬਲਾ ਕਰਨ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਅਤੇ ਬਦਮਾਸ਼ਾਂ ਲੜਾਕੂਆਂ ਨੂੰ ਸ਼ਰਾਬਾਂ ਅਤੇ ਤਨਖਾਹਾਂ ਦੇ ਕੇ ਗੁਰਦੁਆਰੇ ਅੰਦਰ ਰੱਖ ਲਿਆ। ਪਰ ਮਹੰਤ ਨੇ ਨਾਲ ਹੀ ਕਰਤਾਰ ਸਿੰਘ ਝੱਬਰ ਨੂੰ ਸਮਝੌਤੇ ਲਈ ਤਜ਼ਵੀਜ਼ ਵੀ ਪੇਸ਼ ਕੀਤੀ ਸੀ ਜਿਸ ਉੱਤੇ ਸ਼੍ਰੋਮਣੀ ਕਮੇਟੀ ਨੇ ਸਮਝੌਤੇ ਲਈ ਇਕ ਕਮੇਟੀ ਬਣਾਈ ਅਤੇ ਮਹੰਤ ਨਾਲ ਕਈ ਮੁਲਾਕਤਾਂ ਕਰਨ ਦਾ ਯਤਨ ਕੀਤਾ ਪਰ ਉਹ ਕਿਤੇ ਵੀ ਨਾ ਪਹੁੰਚਿਆ। ਅਕਾਲੀ ਆਗੂਆਂ ਨੂੰ ਮਹੰਤ ਦੇ ਇਰਾਦਿਆਂ ਦੀ ਸੂਹ ਮਿਲ ਗਈ ਅਤੇ ਉਹਨਾਂ ਨੇ ਯਤਨ ਅਰੰਭੇ ਕਿ ਕੋਈ ਵੀ ਜੱਥਾ ਨਨਕਾਣਾ ਸਾਹਿਬ ਮਾਰਚ ਦੇ ਦੀਵਾਨ ਤੋਂ ਪਹਿਲਾਂ ਨਾ ਪਹੁੰਚੇ।
ਕਰਤਾਰ ਸਿੰਘ ਝੱਬਰ ਹੁਰਾਂ ਨੇ ਆਪਣੇ ਜੱਥੇ ਅਤੇ ਭਾਈ ਲਛਮਣ ਸਿੰਘ ਧਾਰੋਵਾਲ ਅਤੇ ਭਾਈ ਬੂਟਾ ਸਿੰਘ ਲਾਇਲਪੁਰ ਨਾਲ ਵਿਚਾਰ ਵਿਟਾਂਦਰਾ ਕਰ ਕੇ ਸਹਿਮਤੀ ਬਣਾਈ ਕਿ ਸਾਨੂੰ ਨੀਅਤ ਤਰੀਕ ਤੋਂ ਪਹਿਲੋਂ ਪਹੁੰਚਣਾ ਚਾਹੀਦਾ ਹੈ ਅਤੇ ਗੁਰਦੁਆਰਾ ਸਾਹਿਬ ਉੱਤੋਂ ਮਹੰਤ ਦੇ ਕਬਜ਼ੇ ਨੂੰ ਛਡਾਉਣਾ ਚਾਹੀਦਾ ਹੈ। ਜਦੋਂ ਇਹ ਫੈਸਲੇ ਦਾ ਪਤਾ ਅਕਾਲੀ ਆਗੂਆਂ ਨੂੰ ਲੱਗਿਆ ਤਾਂ ਉਹਨਾਂ ਨੇ ਯਤਨ ਕਰ ਕੇ ਭਾਈ ਕਰਤਾਰ ਸਿੰਘ ਝੱਬਰ ਨੂੰ ਇਸ ਤਰ੍ਹਾਂ ਨਾ ਕਰਨ ਲਈ ਮਨਾ ਲਿਆ। ਭਾਈ ਲਛਮਣ ਸਿੰਘ ਧਾਰੋਵਾਲ ਆਪਣੇ ਜੱਥੇ ਸਮੇਤ ਨਨਕਾਣਾ ਸਾਹਿਬ ਵੱਲ ਜਾ ਰਹੇ ਸਨ, 20 ਫਰਵਰੀ ਨੂੰ ਉਹਨਾਂ ਨੂੰ ਵੀ ਸੁਨੇਹਾ ਮਿਲਿਆ ਕਿ ਜੱਥੇ ਸਮੇਤ ਨਨਕਾਣਾ ਸਾਹਿਬ ਤੋਂ ਵਾਪਿਸ ਆ ਜਾਵੋ। ਕੁਝ ਇਤਿਹਾਸਕਾਰਾਂ ਅਨੁਸਾਰ ਹੁਕਮ ਮੰਨ ਲਿਆ ਗਿਆ ਸੀ ਪਰ ਜੱਥੇ ਵਿੱਚੋਂ ਇਹ ਕਹਿਣ ਉੱਤੇ ਕਿ ਕੋਈ ਝਗੜਾ ਨਹੀਂ ਕਰਾਂਗੇ ਅਤੇ ਦਰਸ਼ਨ ਕਰਕੇ ਵਾਪਿਸ ਚਲੇ ਜਾਵਾਂਗੇ, ਭਾਈ ਲਛਮਣ ਸਿੰਘ ਨੇ ਇਸ ਗੱਲ ਨੂੰ ਸਹਿਮਤੀ ਦੇ ਦਿੱਤੀ ਸੀ। ਕੁਝ ਇਤਿਹਾਸਕਾਰ ਲਿਖਦੇ ਹਨ ਕਿ ਇਹ ਕਹਿ ਕੇ ਮਨਾ ਕਰ ਦਿੱਤਾ ਗਿਆ ਸੀ ਕਿ ਅਸੀਂ ਅਰਦਾਸ ਕਰਕੇ ਆਏ ਹਾਂ, ਹੁਣ ਵਾਪਿਸ ਨਹੀਂ ਪਰਤਾਂਗੇ।
ਸਿੰਘ ਇਸ਼ਨਾਨ ਕਰਨ ਉਪਰੰਤ ਗੁਰੂ ਦੇ ਦਰਸ਼ਨਾਂ ਲਈ ਗਏ, ਭਾਈ ਲਛਮਣ ਸਿੰਘ ਧਾਰੋਵਾਲ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਗਏ। ਇਕਦਮ ਸਿੰਘਾਂ ਉੱਤੇ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ, ਇੱਟਾਂ ਵੱਟੇ ਮਾਰੇ ਗਏ, ਡਾਂਗਾਂ ਮਾਰੀਆਂ ਗਈਆਂ, ਟਕੂਏ ਅਤੇ ਛਵੀਆਂ ਨਾਲ ਵਾਰ ਕੀਤੇ ਗਏ। ਸਿੰਘਾਂ ਉੱਤੇ ਬਹੁਤ ਤਸ਼ੱਦਤ ਕੀਤੇ ਗਏ। ਮਹੰਤ ਨੇ ਸ਼ਹੀਦ ਹੋਏ ਸਿੰਘਾਂ ਨੂੰ ਵਿਹੜੇ ਵਿੱਚ ਇਕ ਥਾਂ ਰੱਖ ਕੇ ਤੇਲ ਪਾ ਕੇ ਅੱਗ ਲਗਵਾਈ ਅਤੇ ਕੁਝ ਨੂੰ ਜਿਉਂਦੇ ਵੀ ਸਾੜਿਆ ਗਿਆ।
ਇਸ ਸਾਕੇ ਪਿੱਛੋਂ ਨਨਕਾਣਾ ਸਾਹਿਬ ਨੂੰ ਆਉਂਦੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਅਤੇ ਸਰਕਾਰ ਦੁਆਰਾ ਮਹੰਤ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗੁਰਦੁਆਰਾ ਸਾਹਿਬ ਉੱਤੇ ਸਰਕਾਰ ਨੇ ਕਬਜਾ ਕਰ ਕੇ ਗੁਰਦੁਆਰਾ ਸਾਹਿਬ ਨੂੰ ਜਿੰਦਰੇ ਮਾਰ ਦਿੱਤੇ।
ਇਸ ਸਭ ਤੋਂ ਬਾਅਦ ਵੱਖ ਵੱਖ ਸਿੰਘਾਂ ਦੇ ਜੱਥੇ ਭਾਈ ਕਰਤਾਰ ਸਿੰਘ ਝੱਬਰ ਦੀ ਅਗਵਾਈ ਵਿੱਚ ਸ਼ਹੀਦ ਹੋ ਜਾਣ ਜਾਂ ਗੁਰੁਦਆਰਾ ਸਾਹਿਬ ਦਾ ਕਬਜਾ ਛਡਵਾਉਣ ਦਾ ਫੈਸਲਾ ਕਰ ਕੇ ਨਨਕਾਣਾ ਸਾਹਿਬ ਵੱਲ ਨੂੰ ਤੁਰ ਪਏ। ਗੁਰਦੁਆਰਾ ਸਾਹਿਬ ਦੇ ਨੇੜੇ ਪਹੁੰਚਣ ਉੱਤੇ ਡੀ.ਸੀ ਦਾ ਹੁਕਮ ਮਿਲਦਾ ਹੈ ਕਿ ਜੱਥਾ ਅੱਗੇ ਨਾ ਲੈ ਕੇ ਆਓ। ਲਿਖਤੀ ਹੁਕਮ ਓਥੇ ਹੀ ਪਾੜ ਦਿੱਤਾ ਜਾਂਦਾ ਹੈ ਅਤੇ ਸੁਨੇਹਾ ਦੇਣ ਵਾਲੇ ਨੂੰ ਕਿਹਾ ਜਾਂਦਾ ਹੈ ਕਿ ਡੀ.ਸੀ ਨੂੰ ਸੁਨੇਹਾ ਪਹੁੰਚਾ ਦੇਵੇ ਕਿ “ਮੈਂ ਆਪਣੇ ਜੱਥਾ ਨਾਲ ਆ ਰਿਹਾ ਹਾਂ, ਜੋ ਤੁਹਾਡੀ ਮਰਜੀ ਉਹ ਕਰ ਲਵੋ।” ਅੱਗੇ ਵਧ ਰਹੇ ਜੱਥੇ ਨੂੰ ਦੱਸਿਆ ਗਿਆ ਕਿ ਅੱਗੇ ਫੌਜ ਮਸ਼ੀਨ-ਗੰਨਾਂ ਬੀੜ ਖਲੋਤੀ ਹੈ, ਪਰ ਅੱਗੋਂ ਜਵਾਬ ਮਿਲਦਾ ਹੈ ਕਿ ਹੁਣ ਪਿੱਛੇ ਮੁੜਨ ਦਾ ਵੇਲਾ ਨਹੀਂ ਹੈ। ਜੱਥੇ ਨੂੰ ਕੁਝ ਸਿੱਖ ਆਗੂ ਅਤੇ ਅੰਗ੍ਰੇਜ਼ ਅਫਸਰ ਫਿਰ ਅੱਗੇ ਖੜੇ ਮਿਲੇ, ਜੱਥੇ ਨੂੰ ਅੱਗੇ ਜਾਣ ਤੋਂ ਰੋਕਣ ਦਾ ਯਤਨ ਕੀਤਾ ਗਿਆ, ਡੀ.ਸੀ ਵੱਲੋਂ ਗੋਲੀ ਚਲਾਉਣ ਦੀ ਗੱਲ ਵੀ ਆਖੀ ਗਈ ਪਰ ਸਿੰਘਾਂ ਦੇ ਰੋਹ ਅੱਗੇ ਸਭ ਫਿੱਕਾ ਪੈ ਗਿਆ। ਬਹੁਤ ਸਵਾਲ ਜਵਾਬ ਵੀ ਹੋਏ, ਚਾਬੀਆਂ ਲਈ ਸਵੇਰ ਤੱਕ ਉਡੀਕਣ ਦੀ ਗੱਲ ਵੀ ਕਹੀ ਗਈ ਪਰ ਸਭ ਮਿੱਟੀ ਹੁੰਦਾ ਗਿਆ ਅਤੇ ਅੰਤ ਅੰਗ੍ਰੇਜ਼ ਸਰਕਾਰ ਨੂੰ ਸਿੰਘਾਂ ਨੂੰ ਚਾਬੀਆਂ ਦੇਣੀਆਂ ਹੀ ਪਈਆਂ।
ਸਿੱਖਾਂ ਨੇ ਇਕ ਵਾਰ ਫਿਰ ਧੁਰ ਅੰਦਰ ਤੋਂ ਗੁਰੂ ਨੂੰ ਮਹਿਸੂਸ ਕੀਤਾ ਅਤੇ ਆਪਣੀਆਂ ਸ਼ਹੀਦੀਆਂ ਅਤੇ ਸਿੱਖੀ ਜਜ਼ਬੇ ਦੇ ਨਾਲ ਗੁਰਦੁਆਰਾ ਨਨਕਾਣਾ ਸਾਹਿਬ ਦੀ ਸੇਵਾ ਸੰਭਾਲ ਹਾਸਲ ਕੀਤੀ। ਇਸ ਤਰ੍ਹਾਂ ਜੋ ਪੀੜ ਅਰਦਾਸ ਬਣ ਗਈ ਸੀ, ਉਹ ਅਰਦਾਸ ਸੁਣੀ ਗਈ।