ਕੌਮਾਂਤਰੀ ਮਾਂ-ਬੋਲੀ ਦਿਹਾੜਾ’ (21 ਫਰਵਰੀ) ‘ਤੇ ਵਿਸ਼ੇਸ਼: “ਬੋਲੀ ਦਾ ਫਿਕਰ”

ਕੌਮਾਂਤਰੀ ਮਾਂ-ਬੋਲੀ ਦਿਹਾੜਾ’ (21 ਫਰਵਰੀ) ‘ਤੇ ਵਿਸ਼ੇਸ਼: “ਬੋਲੀ ਦਾ ਫਿਕਰ”

ਇਸ ਗੱਲ ਦਾ ਦੁੱਖ ਤਾਂ ਬੜੇ ਲੋਕ ਮੰਨਦੇ ਵੇਖੇ ਨੇ ਕਿ ਪੰਜਾਬ ਦੀ ਨਵੀਂ ਪੀੜ੍ਹੀ ਪੰਜਾਬੀ ਬੋਲੀ ਤੋਂ ਮੂੰਹ ਮੋੜ ਰਹੀ ਹੈ ਪਰ ਬੋਲੀ ਦੇ ਸਵਾਲ ਨੂੰ ਲੈ ਕੇ ਨਵੀਂ ਪੀੜ੍ਹੀ ਬਾਰੇ ਹੋਣ ਵਾਲੇ ਦੁੱਖ ਦਾ ਖਾਤਮਾ ਇਥੇ ਹੀ ਨਹੀਂ ਹੋ ਜਾਂਦਾ ਸਗੋਂ ਇਥੋਂ ਸ਼ੁਰੂ ਮੰਨਣਾ ਚਾਹੀਦਾ ਏ। ਦੁਨੀਆਂ ਵਿੱਚ ਇਸ ਵੇਲੇ ਬਹੁਤ ਸਾਰੇ ਸਭਿਆਚਾਰਾਂ ਅਤੇ ਕੌਮਾਂ ਦੇ ਸਿਆਣਿਆਂ ਨੂੰ ਚਿੰਤਾ ਹੈ ਕਿ ਉਹਨਾਂ ਦੀ ਅਗਲੀ ਨਸਲ ਉਹਨਾਂ ਦਾ ਵਿਰਸਾ ਤਿਆਗ ਰਹੀ ਜਾਂ ਭੁੱਲ ਰਹੀ ਹੈ। ਆਪਣੀ ਬੋਲੀ ਨੂੰ ਤਿਆਗਣ ਦਾ ਜਿਹੜਾ ਰੁਝਾਨ ਨਵੀਂ ਪੀੜ੍ਹੀ ਅੰਦਰ ਭਾਰੂ ਹੋ ਰਿਹਾ ਹੈ ਇਸ ਦਾ ਹੱਲ ਹਰ ਸਭਿਆਚਾਰ ਜਾਂ ਕੌਮ ਦੇ ਲੋਕਾਂ ਨੇ ਆਪਣੀ ਆਪਣੀ ਸਮਝ ਅਤੇ ਸਮਰੱਥਾ ਅਨੁਸਾਰ ਕਰਨਾ ਹੈ ਪਰ ਜਿਸ ਕਦਰ ਇਹ ਵਰਤਾਰਾ ਵੱਧ ਰਿਹਾ ਹੈ ਇਸ ਦੇ ਸਿੱਧੇ ਅਤੇ ਸੌਖੇ ਹੱਲ ਦਾ ਕੋਈ ਰਾਹ ਨਜ਼ਰ ਨਹੀਂ ਆਉਂਦਾ।

ਕੋਈ ਮਨੁੱਖ ਕਈ ਬੋਲੀਆਂ ਵੀ ਬੋਲ ਸਕਦਾ ਹੈ ਪਰ ਸਹੀ ਸਮਝ ਉਸ ਬੋਲੀ ਦੀ ਹੀ ਮੰਨੀ ਜਾਂਦੀ ਹੈ ਜਿਸ ਦੇ ਅਰਥਾਂ ਦੀ ਸਭਿਆਚਾਰਕ ਸਮਝ ਹੋਵੇ। ਆਮ ਤੌਰ ਉਤੇ ਬੰਦੇ ਨੂੰ ਉਸੇ ਸਭਿਆਚਾਰ ਦੀ ਸਮਝ ਹੁੰਦੀ ਹੈ ਜਿਸ ਵਿੱਚ ਉਹ ਜਨਮ ਲੈਂਦਾ ਹੈ। ਕਿਸੇ ਬੋਲੀ ਨੂੰ ਜਨਮ ਤੋਂ ਬੋਲਣ ਵਾਲੇ ਆਮ ਲੋਕਾਂ ਦੀ ਬੋਲ ਚਾਲ ਕਿਤਾਬੀ ਬੋਲ਼ੀ ਜਾਂ ਪੜ੍ਹੇ ਲਿਖੇ ਲੋਕਾਂ ਦੀ ਬੋਲੀ ਨਾਲੋਂ ਜਿਆਦਾ ਮੁਹਾਵਰੇਦਾਰ ਅਤੇ ਠੇਠ ਹੁੰਦੀ ਹੈ। ਇਹ ਗੱਲ ਸਾਡੀ ਚਿੰਤਾ ਵਿੱਚ ਵਾਧਾ ਕਰਨ ਵਾਲੀ ਹੈ ਕਿ ਗੱਲ ਆਪਣੀ ਬੋਲੀ ਨਾ ਬੋਲਣ ਤੋਂ ਅੱਗੇ ਲੰਘ ਕੇ ਆਪਣੀ ਬੋਲੀ ਸਮਝ ਨਾ ਆਉਣ ਤੱਕ ਪੁਜ ਗਈ ਹੈ। ਸਾਡੀ ਪੀੜ੍ਹੀ ਦਾ ਵੱਡਾ ਹਿੱਸਾ, ਖਾਸ ਕਰਕੇ ਸਕੂਲਾਂ ਕਾਲਜਾਂ ਵਿੱਚ ਪੜ੍ਹਦੀ ਜਵਾਨੀ ਜਿੰਨੀ ਕੁ ਵੀ ਪੰਜਾਬੀ ਬੋਲਦੀ ਹੈ ਉਹ ਵੀ ਪੰਜਾਬੀ ਮੁਹਾਵਰੇ ਤੋਂ ਸੱਖਣੀ ਹੁੰਦੀ ਹੈ। ਇੱਕ ਪਾਸੇ ਤਾਂ ਇਹ ਫਿਕਰ ਕੀਤਾ ਜਾ ਰਿਹਾ ਹੈ ਕਿ ਜਵਾਨੀ ਧਰਮ ਤੋਂ ਦੂਰ ਜਾ ਰਹੀ ਹੈ ਪਰ ਦੂਜੇ ਪਾਸੇ ਉਹ ਬੋਲੀ ਤੋਂ ਹੀ ਹੀਣੀ ਹੁੰਦੀ ਜਾ ਰਹੀ ਹੈ। ਅਸੀਂ ਹੱਕ ਸੱਚ ਤੋਂ ਸੱਖਣੇ ਬੰਦੇ ਨੂੰ ਧਰਮ ਤੋਂ ਡਿੱਗਿਆ ਹੋਇਆ ਮੰਨਦੇ ਹਾਂ ਪਰ ਜਦ ਬੰਦੇ ਆਪਣੀ ਬੋਲੀ ਤੋਂ ਹੀਣੇ ਹੋਣ ਤਾਂ ਸਭਿਆਚਾਰਕ ਕਦਰਾਂ ਕੀਮਤਾਂ ਤੋਂ ਹੀ ਵਾਂਝੇ ਹੋ ਜਾਂਦੇ ਹਨ। ਇਸ ਧਰਤੀ ਉਤੇ ਬੰਦੇ ਨੇ ਜੋ ਕੁੱਝ ਕਮਾਇਆ-ਬਣਾਇਆ ਹੈ, ਉਹ ਬੋਲੀ ਰਾਹੀਂ ਹੀ ਹੈ ਜਦ ਬੰਦਾ ਇਸ ਤੋਂ ਹੀ ਸੱਖਣਾ ਹੋ ਜਾਏ ਤਾਂ ਉਹ ਕੁਲ ਮਨੁੱਖੀ ਵਿਰਾਸਤ ਤੋਂ ਹੀ ਬੇਦਖਲ ਹੋ ਜਾਂਦਾ ਹੈ। ਇਹ ਵਰਤਾਰਾ ਸਾਡੇ ਸਾਹਮਣੇ ਵਾਪਰ ਰਿਹਾ ਹੈ।

ਅਸੀਂ ਆਮ ਵੇਖ ਸਕਦੇ ਹਾਂ ਕਿ ਜੇ ਕੋਈ ਬੰਦਾ ਪੰਜਾਬੀ ਮੁਹਾਵਰੇ ਯਾਨੀ ਆਪਣੀ ਬੋਲੀ ਵਿੱਚ ਗੱਲ ਕਰਦਾ ਹੈ ਤਾਂ ਨਾਲ ਵਾਲੇ ਹੀ ਉਸ ਨੂੰ ਪੇਂਡੂ ਸਮਝਣ ਲੱਗ ਪੈਂਦੇ ਹਨ। ਇਥੇ ਪੇਂਡੂ ਤੋਂ ਭਾਵ ਉਸ ਬਾਰੇ ਇਹ ਰਾਇ ਬਣਾ ਲਈ ਜਾਂਦੀ ਹੈ ਕਿ ਉਸ ਦੀ ਸਮਝ ਦਾ ਪੱਧਰ ਨੀਂਵਾ ਹੈ ਜਾਂ ਫਿਰ ਉਸ ਦੇ ਜ਼ਿੰਦਗੀ ਜੀਣ ਦਾ ਪੱਧਰ ਨੀਂਵਾ ਹੈ। ਅੱਜ ਕੱਲ੍ਹ ਜਿਆਦਾ ਕਰਕੇ ਬੰਦੇ ਦੇ ਪਹਿਨਣ ਜਾਂ ਉਸ ਕੋਲ ਸਾਧਨ ਤੋਂ ਉਸ ਦੀ ਹਸਤੀ ਨੂੰ ਮਿਣਿਆ-ਤੋਲਿਆ ਜਾਂਦਾ ਹੈ। ਅੱਜ ਦੇ ਸਮੇਂ ਵਿੱਚ ਕੰਪਨੀਆਂ ਦਾ ਮਾਰਕਾ ਬੰਦੇ ਦੀ ਪਛਾਣ ਬਣ ਗਿਆ ਹੈ ਅਤੇ ਗੁਣਾਂ ਦੀ ਗੱਲ ਪਿਛਾਂਹ ਰਹਿ ਗਈ ਹੈ।

ਬੰਦੇ ਨੇ ਦੂਜਿਆਂ ਨੂੰ ਸਮਝਣ ਪਛਾਨਣ ਦੇ ਤਰੀਕੇ ਬੜੇ ਪਹਿਲਾਂ ਤੋਂ ਹੀ ਲੱਭਣੇ ਸ਼ੁਰੂ ਕੀਤੇ ਹੋਏ ਹਨ। ਹੁਣ ਤਾਂ ਮਨ ਨੂੰ ਸਮਝਣ ਦੇ ਕਈ ਵਿਗਿਆਨ ਹੋਂਦ ਵਿੱਚ ਆ ਗਏ ਨੇ। ਇਥੋਂ ਤੱਕ ਕੇ ਪਿਛਲੇ ਦਹਾਕੇ ਵਿੱਚ ਰਾਜਨੀਤੀ ਦੇ ਕਈ ਵੱਡੇ ਵਿਦਵਾਨਾਂ ਨੇ ਇਹ ਕਹਿ ਦਿੱਤਾ ਕਿ ਰਾਜਨੀਤੀ ਦਾ ਅਰਥ ਹੈ ਕਿ ਦੂਜਿਆਂ ਦੇ ਮਨ ਉਤੇ ਕੰਟਰੋਲ ਕਰਨਾ। ਇਹ ਉਹਨਾਂ ਨੇ ਕੋਈ ਭਵਿੱਖਬਾਣੀ ਨਹੀਂ ਕੀਤੀ ਸਗੋਂ ਜੋ ਦੁਨੀਆਂ ਭਰ ਵਿੱਚ ਰਾਜਨੀਤੀ ਚੱਲ ਰਹੀ ਹੈ ਉਹਨੂੰ ਸਮਝਣ ਤੋਂ ਬਾਅਦ ਸਿੱਟਾ ਕੱਢਕੇ ਦੱਸਿਆ ਹੈ। ਅਸੀਂ ਵੀ ਵੇਖ ਸਕਦੇ ਹਾਂ ਕਿ ਸਰਕਾਰ, ਵਪਾਰ ਜਾਂ ਪਿਆਰ ਕੁੱਝ ਵੀ ਹੋਵੇ ਉਹ ਓਨਾ ਹੀ ਸਫਲ਼ ਹੈ ਜਿੰਨਾ ਦੂਜੇ ਦੇ ਮਨ ਵਿੱਚ ਆਪਣੀ ਥਾਂ ਬਣਾਉਂਦਾ ਹੈ। ਰਾਜਨੀਤੀ ਦੂਜਿਆਂ ਦੇ ਮਨ ਨੂੰ ਕਾਬੂ ਕਰਨ ਦੀ ਖੇਡ ਤੇ ਧਰਮ ਆਪਣੇ ਮਨ ਨੂੰ। ਦੋਹਾਂ ਪਾਸੇ ਬੋਲੀ ਦਾ ਇਕੋ ਜਿਹਾ ਮਹੱਤਵ ਹੈ।

ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਇਥੇ ਸੱਚ ਗਿਆਨ ਦਾ ਚਾਨਣ ਵੰਡਣਾ ਸ਼ੁਰੂ ਕੀਤਾ ਤਾਂ ਲੋਕਾਈ ਨੂੰ ਜਿੰਨਾਂ ਕੰਮਾਂ ਤੋਂ ਹਟਕਿਆ, ਉਹਨਾਂ ਕੰਮਾਂ ਵਿੱਚੋਂ ਬੋਲੀ ਵੀ ਸੀ। ਅੱਜ ਅਸੀਂ ਹਿੰਦੀ ਦੀ ਰੀਸੇ ਭਾਸ਼ਾ ਕਹਿੰਦੇ ਹਾਂ ਗੁਰਬਾਣੀ ਅੰਦਰ ਇਹਦੇ ਲਈ ਭਾਖਾ ਲਫਜ਼ ਵੀ ਵਰਤਿਆ ਗਿਆ ਹੈ। ਵੀਹਵੀਂ ਸਦੀ ਦੇ ਮੁੱਢ ਤੱਕ ਇਹ ਲਫਜ਼ ਪ੍ਰਚੱਲਤ ਸੀ, ਹਿੰਦੀ ਭਾਸ਼ੀ ਲੋਕਾਂ ਦਾ ਰਾਜ ਹੋਣ ਕਾਰਨ ਹੁਣ ‘ਭਾਸ਼ਾ’ ਲਫਜ਼ ਦਾ ਬੋਲਬਾਲਾ ਹੋ ਗਿਆ। ਗੁਰੂ ਪਾਤਸ਼ਾਹ ਨੇ ਉਸ ਸਮੇਂ ਲੋਕਾਂ ਨੂੰ ਆਪਣੀ ਬੋਲੀ ਬੋਲਣ ਲਈ ਕਿਹਾ ਅੱਜ ਤਾਂ ਦੁਨੀਆਂ ਅੰਦਰ ਇਸ ਗੱਲ ਬਾਰੇ ਬੜੇ ਲੋਕ ਸਿਆਣੇ ਹਨ। ਗੁਰੂ ਸਾਹਿਬ ਨੇ ਫੁਰਮਾਇਆ;

ਘਰਿ ਘਰਿ ਮੀਆ ਸਭਨਾ ਜੀਆ ਬੋਲੀ ਅਵਰ ਤੁਮਾਰੀ॥

ਉਸ ਸਮੇਂ ਸਾਡੇ ਲੋਕਾਂ ਉਤੇ ਅਰਬੀ ਫਾਰਸੀ ਨੂੰ ਬੋਲਣ ਦਾ ਅੱਜ ਵਾਂਗ ਭੂਤ ਸਵਾਰ ਸੀ ਅੱਜ ਵੀ ਲੋਕ ਅੰਗਰੇਜੀ-ਹਿੰਦੀ ਨੂੰ ਉਸੇ ਗੁਲਾਮ ਭਾਵਨਾ ਕਾਰਨ ਪਸੰਦ ਕਰਦੇ ਹਨ, ਜਿਸ ਭਾਵਨਾ ਨਾਲ ਅਰਬੀ ਫਾਰਸੀ ਨੂੰ ਉਸ ਵੇਲੇ ਦੇ ਲੋਕ ਪਸੰਦ ਕਰਦੇ ਸਨ। ਕਿਸੇ ਦੀ ਗੁਲਾਮੀ ਵਿੱਚੋਂ ਨਿਕਲਣ ਦੀ ਥਾਂ ਉਸ ਵਰਗਾ ਹੋ ਕੇ ਹੀ ਵੱਡਾ ਹੋਣ ਦੀ ਕੋਸ਼ਿਸ਼ ਜਾਂ ਆਪਣੀ ਸੰਤੁਸ਼ਟੀ ਦੀ ਤਲਾਸ਼ ਗੁਲਾਮ ਮਨੁਖੀ ਮਨ ਦਾ ਆਮ ਵਰਤਾਰਾ ਹੈ। ਗੁਰੂ ਸਾਹਿਬ ਦੀ ਆਮਦ ਤੋਂ ਪਹਿਲਾਂ, ਇਥੋਂ ਦੇ ਧਾਰਮਿਕ-ਸਮਾਜਿਕ ਆਗੂ ਬ੍ਰਾਹਮਣ ਸਨ। ਬ੍ਰਾਹਮਣੀ ਕਰਮ ਕਾਂਡ ਅਤੇ ਬੋਲੀ ਦੀ ਵਰਤੋਂ ਬਾਰੇ ਇੱਕੋ ਪੰਕਤੀ ਵਿੱਚ ਗੁਰੂ ਸਾਹਿਬ ਨੇ ਇਸ਼ਾਰਾ ਕੀਤਾ ਹੈ

ਅਭਾਖਿਆ ਕਾ ਕੁਠਾ ਬਕਰਾ ਖਾਣਾ।।

ਇਸ ਪੰਕਤੀ ਅੰਦਰ ਬ੍ਰਾਹਮਣ ਦੇ ਕਿਰਦਾਰ ਦੀ ਨਿਸ਼ਾਨਦੇਹੀ ਵੀ ਕੀਤੀ ਗਈ ਹੈ ਕਿ ਕਿਵੇਂ ਕਿਵੇਂ ਉਹ ਕੀ ਕਰਦਾ ਹੈ ਅਤੇ ਕਿਸ ਹੱਦ ਤਕ ਜਾ ਸਕਦਾ ਹੈ? ਇੱਕ ਪਾਸੇ ਸੰਸਕ੍ਰਿਤ ਤੋਂ ਬਿਨਾਂ ਉਹ ਹੋਰ ਕਿਸੇ ਬੋਲੀ ਨੂੰ ਮਾਨਤਾ ਹੀ ਨਹੀਂ ਦਿੰਦਾ ਅਤੇ ਸੰਸਕ੍ਰਿਤ ਉਤੇ ਉਸ ਦਾ ਪੂਰਾ ਪੂਰਾ ਕਬਜ਼ਾ ਹੈ, ਦੂਜੇ ਪਾਸੇ ਦੂਜੀ ਸਭਿਅਤਾ / ਦੂਜੇ ਧਰਮ ਦੀ ਬੋਲੀ ਨੂੰ ਇਸ ਹੱਦ ਤੱਕ ਅਪਣਾਉਂਦਾ ਹੈ ਕਿ ਉਸ ਮੁਤਾਬਿਕ ਬਣਾਇਆ ਖਾਣਾ ਪਰਵਾਨ ਕਰਦਾ ਹੈ। ‘ਅਭਾਖਿਆ’ ਇਥੇ ਪਰਵਾਨਗੀ ਪ੍ਰਾਪਤ ਕਰਨ ਵਾਲੀ ਉਹ ਗ਼ੈਰ-ਬੋਲੀ ਹੈ ਜਿਸ ਨੂੰ ਚੁੱਲ੍ਹੇ ਚੌਂਕੇ/ਰਸੋਈ ਵਿੱਚ ਥਾਂ ਮਿਲ ਗਈ ਹੈ। ਇਥੇ ਇਹ ਗੱਲ ਬੜੀ ਖਾਸ ਹੈ ਕਿ ਕੁੱਝ ਸਮਾਂ ਪਹਿਲਾਂ ਪੱਛਮ ਵਿੱਚ ਬੋਲੀ ਦੇ ਮਹੱਤਵ ਬਾਰੇ ਖੋਜ ਕਰਨ ਵਾਲੇ ਦੋ ਪ੍ਰੋਫੈਸਰਾਂ ਨੇ ਮਿਲਕੇ ਇੱਕ ਕਿਤਾਬ ਛਾਪੀ ਜਿਸ ਵਿੱਚ ਬੰਦੇ ਅਤੇ ਬੋਲੀ ਨੂੰ ਜੋੜਕੇ ਪੜਤਾਲਿਆ ਗਿਆ ਸੀ। ਉਹਨਾਂ ਨੇ ਸਭ ਤੋਂ ਪਹਿਲਾਂ ਇਹ ਹੱਦਾਂ ਤੋੜੀਆਂ ਕਿ ਸ਼ਬਦਾਂ ਦਾ ਵਿਖਾਈ ਦਿੰਦਾ ਜਾਂ ਬੋਲਿਆ ਜਾਂਦਾ ਰੂਪ ਹੀ ਬੋਲੀ ਹੁੰਦਾ ਹੈ। ਲਫਜ਼ਾਂ ਦੀ ਚੋਣ ਅਤੇ ਬੋਲਣ ਦਾ ਢੰਗ ਹੀ ਨਹੀਂ ਸਗੋਂ ਇਸ ਤੋਂ ਵੀ ਅੱਗੇ, ਸੋਚਣ ਦਾ ਢੰਗ, ਉਸ ਦੇ ਅੰਦਰਲੀ ਅਸਲ ਸ਼ੈਅ ਬੋਲੀ ਹੁੰਦੀ ਹੈ। ਰਾਜਨੀਤੀ ਤੋਂ ਲੈ ਕੇ ਰਸੋਈ ਤੱਕ ਨੂੰ ਬੋਲੀ ਦੇ ਨੁਕਤੇ ਤੋਂ ਵੇਖਦੇ ਹੋਏ ਉਹ ਇਸ ਸਿੱਟੇ ਤੇ ਅੱਪੜੇ ਕਿ ਕਿਸੇ ਸਭਿਆਚਾਰ ਜਾਂ ਕੌਮ ਦੀ ਬੋਲੀ ਅਸਲ ਵਿੱਚ ਉਹ ਹੁੰਦੀ ਹੈ ਜਿਹੜੀ ਰਸੋਈ ਵਿੱਚ ਬੋਲੀ ਜਾਂਦੀ ਹੈ। ਇਹ ਗੱਲ ਪੜ੍ਹਕੇ ਕੋਈ ਹੈਰਾਨ ਵੀ ਹੋ ਸਕਦਾ ਹੈ ਅਤੇ ਕੋਈ ਹੱਸ ਵੀ ਸਕਦਾ ਹੈ ਕਿ ਇਹ ਕੀ ਗੱਲ ਹੋਈ? ਜਿਸ ਤਰ੍ਹਾਂ ਪੱਛਮ ਵਿੱਚ ਧੜਾ-ਧੜ ਕਿਤਾਬਾਂ ਬੋਲੀ ਬਾਰੇ ਖੋਜ ਉਤੇ ਆ ਰਹੀਆਂ ਹਨ, ਉਸ ਦਾ ਅੰਦਾਜਾ ਤਾਂ ਸਹਿਜੇ ਹੀ ਲੱਗ ਸਕਦਾ ਹੈ ਕਿ ਉਹ ਬੋਲੀ ਨੂੰ ਕਿੰਨੀ ਅਹਿਮੀਅਤ ਦੇ ਰਹੇ ਹਨ ਜਿੰਨਾਂ ਦੀ ਅਸੀਂ ਰੀਸ ਕਰਨੀ ਚਾਹੁੰਦੇ ਹਾਂ। ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਅਭਾਖਿਆ (ਗੈਰ ਬੋਲੀ) ਨੂੰ ਬ੍ਰਾਹਮਣ ਵੱਲੋਂ ਰਸੋਈ ਤੱਕ ਦੀ ਮਨਜ਼ੂਰ ਦੇਣ ਦਾ ਇਸ਼ਾਰਾ ਕੀਤਾ ਤਾਂ ਉਹ ਦੂਜਿਆਂ ਦੀ ਬੋਲੀ ਦੇ ਨਾਲ ਨਾਲ ਸਭ ਕਦਰਾਂ ਕੀਮਤਾਂ ਅਪਣਾਉਣ ਦਾ ਹਵਾਲਾ ਦਿੱਤਾ ਹੈ।

ਇੱਕ ਮਸ਼ਹੂਰ ਲਿਖਾਰੀ ਨੇ ਦੁਨੀਆਂ ਦੇ ਇਤਿਹਾਸ ਦੀ ਚੂਲ ਲੱਭਦਿਆਂ ਕਿਹਾ ਕਿ ਪੁਰਾਣੇ ਵੇਲਿਆਂ ਵਿੱਚ ਬੰਦੇ ਦੀਆਂ ਬਾਹਾਂ ਦੇ ਜ਼ੋਰ ਸਭ ਤੋਂ ਵੱਡੀ ਸ਼ੈਅ ਸੀ। ਅੱਜ ਦੇ ਸਮੇਂ ਵਿੱਚ ਮਸ਼ੀਨ ਦਾ ਜ਼ੋਰ ਵੱਡੀ ਸ਼ੈਅ ਹੈ ਅਤੇ ਆਉਣ ਵਾਲੇ ਵਕਤ ਵਿੱਚ ਗਿਆਨ ਦਾ ਜ਼ੋਰ ਸਭ ਤੋਂ ਵੱਡਾ ਜ਼ੋਰ ਹੋਏਗਾ। ਦੁਨੀਆਂ ਦੀ ਰਾਜਨੀਤੀ ਬਾਰੇ ਜਾਣਕਾਰੀ ਰੱਖਣ ਵਾਲੇ ਇੱਕ ਪੰਜਾਬੀ ਲਿਖਾਰੀ ਨੇ ਦੋ ਕੁ ਵਰ੍ਹੇ ਪਹਿਲਾਂ ਲਿਖਿਆ ਕਿ ਜਾਪਾਨ ਵਰਗਾ ਛੋਟਾ ਜਿਹਾ ਮੁਲਕ ਵਪਾਰ ਵਿੱਚ ਅਮਰੀਕਾ ਨੂੰ ਮੜਿੱਕ ਰਿਹਾ ਹੈ, ਇਸ ਦੀ ਵਜ੍ਹਾ ਇਹ ਹੈ ਕਿ ਜਾਪਾਨੀਆਂ ਨੇ ਆਪਣੀ ਬੋਲੀ ਵਿੱਚ ਗਿਆਨ ਪੈਦਾ ਕੀਤਾ ਹੈ ਤਾਂ ਉਹ ਦੂਜਿਆਂ ਨਾਲੋਂ ਬੇਹਤਰ ਹਨ।

ਇਹ ਤੱਥ ਤਾਂ ਮੁੱਢ ਤੋਂ ਹੀ ਸਿੱਧ ਹੈ ਕਿ ਕੋਈ ਬੋਲੀ ਵੀ ਆਪਣੇ ਆਪ ਵਿੱਚ ਪੂਰਨ ਨਹੀਂ ਹੈ ਉਸ ਵਿੱਚ ਹੋਰ ਬੋਲੀਆਂ ਦੇ ਲਫਜਾਂ ਦੀ ਆਮਦ ਲਗਾਤਾਰ ਜਾਰੀ ਰਹਿੰਦੀ ਹੈ ਪਰ ਇਸ ਮਸਲੇ ਵਿੱਚ ਗੌਲਣਯੋਗ ਤੱਥ ਇਹ ਹੈ ਕਿ ਇਹ ਆਮਦ ਸਹਿਜ ਨਾ ਹੋ ਕਿ ਇਸ ਦਾ ਰੂਪ ਗ੍ਰਹਿਣ ਕਰਨ ਵਾਲੇ ਭਾਈਚਾਰੇ ਦੇ ਦੂਜੇ ਭਾਈਚਾਰੇ ਨਾਲ ਸੰਬੰਧਾਂ `ਤੇ ਅਧਾਰਿਤ ਹੁੰਦਾ ਹੈ। ਇਤਿਹਾਸ ਵਿੱਚ ਇਸ ਗੱਲ ਦੀਆਂ ਉਘੜਵੀਆਂ ਮਿਸਾਲਾਂ ਹਨ ਕਿ ਵੱਡੀਆਂ ਰਾਜਸੀ ਤਾਕਤਾਂ ਦੀਆਂ ਬੋਲੀਆਂ ਨੇ ਆਸ ਪਾਸ ਦੇ ਛੋਟੇ ਰਾਜਾਂ ਦੀਆਂ ਬੋਲੀਆਂ ਨੂੰ ਆਪਣੇ ਅਸਰ ਹੇਠ ਉਸ ਹੱਦ ਤੱਕ ਲਿਆ ਜਿਸ ਹੱਦ ਤੱਕ ਉਹਨਾਂ ਨੇ ਵੱਡੇ ਰਾਜਾਂ ਦੀ ਵਡਿੱਤਣ ਨੂੰ ਕਬੂਲਿਆ। ਰਾਜਸੀ ਦਬਦਬੇ ਤਾਂ ਵਕਤ ਦੇ ਗੇੜ ਨਾਲ ਖਤਮ ਹੋ ਗਏ ਅਤੇ ਹੁੰਦੇ ਰਹਿਣਗੇ ਪਰ ਜਿਸ ਤਰ੍ਹਾਂ ਦਾ ਅਸਰ ਅਧੀਨ ਰਹੇ ਲੋਕਾਂ ਦੀ ਬੋਲੀ ਉਤੇ ਸਦੀਵੀ ਤੌਰ ਤੇ ਪੈਂਦਾ ਹੈ, ਉਹ ਇਸ ਗੱਲ ਦੀ ਗਵਾਹੀ ਹੁੰਦਾ ਹੈ ਕਿ ਉਹਨਾਂ ਨੇ ਮਾਨਸਿਕ ਰੂਪ ਵਿੱਚ ਗੁਲਾਮੀ ਨੂੰ ਕਿਸ ਹੱਦ ਤੱਕ ਕਬੂਲਿਆ? ਲੋਕਾਂ ਦੀ ਬੋਲੀ ਉਤੇ ਅਸਰ ਰਾਜਸੀ ਗੁਲਾਮੀ ਤੋਂ ਬਿਨਾਂ ਵਪਾਰਕ ਸਾਂਝ ਦੇ ਲੰਬੇ ਅਰਸੇ ਨਾਲ ਵੀ ਪੈਂਦੇ ਹਨ ਅਤੇ ਕੁਦਰਤੀ ਰੂਪ ਵਿੱਚ ਸਾਂਝੀਆਂ ਹੱਦਾਂ ਕਰਕੇ ਵੀ ਪੈਂਦੇ ਹਨ ਪਰ ਇਹ ਅਸਰ ਬਰਾਬਰੀ ਵਾਲੇ ਹੋਣ ਦੀ ਸੂਰਤ ਵਿੱਚ ਇੱਕ ਪਾਸੜ ਨਾ ਹੋ ਕੇ, ਦੋਹਾਂ ਧਿਰਾਂ ਉਤੇ ਪੈਂਦੇ ਹਨ। ਹਰ ਬੋਲੀ ਬਦਲਦੀ ਹੈ ਪਰ ਉਸ ਦੀ ਅਪਣੀ ਰਵਾਨਗੀ ਹੁੰਦੀ ਹੈ। ਜਦੋਂ ਬੰਦੇ ਆਪਣੀ ਬੋਲੀ ਬੋਲਣ ਤੋਂ ਵੀ ਸ਼ਰਮ ਮੰਨਣ ਅਤੇ ਕਿਸੇ ਹੋਰ ਬੋਲੀ ਨੂੰ ਬੋਲਣ ਵਿੱਚ ਜਿਆਦਾ ਰੁਚੀ ਲੈਣ, ਉਸ ਨੂੰ ਬੋਲੀ ਬਦਲਣ ਵਿੱਚ ਨਹੀਂ ਗਿਣਿਆ ਜਾਂਦਾ ਸਗੋਂ ਬੰਦਿਆਂ ਦੇ ਬਦਚਲਣ ਹੋਣ ਦੀ ਨਿਸ਼ਾਨੀ ਗਿਣਿਆ ਜਾਂਦਾ ਹੈ। ਆਪਣੇ ਸਮਕਾਲ ਦੇ ਇਸ ਵਰਤਾਰੇ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਇਸ ਤਰ੍ਹਾਂ ਚਿਤਰਿਆ ਹੈ

ਖਤ੍ਰੀਆ ਤਾ ਧਰਮ ਛੋਡਿਆ ਮਲੇਛ ਭਾਖਿਆ ਗਹੀ।

ਇਥੇ ਖੱਤਰੀਆਂ ਦੀ ਗੱਲ ਜਾਤ ਵਜੋਂ ਨਹੀਂ ਸਗੋਂ ਉਹਨਾਂ ਲੋਕਾਂ ਵਜੋਂ ਕੀਤੀ ਗਈ ਹੈ ਜਿਹੜੇ ਜ਼ਿੰਦਗੀ ਜੀਣ ਦੀ ਸਮਰੱਥਾ ਰੱਖਦੇ ਸਨ, ਕਿਸੇ ਵਧੀਕੀ ਜਾਂ ਜ਼ੁਲਮ ਦਾ ਮੁਕਾਬਲਾ ਕਰਨ ਵਾਲੇ ਸਨ। ਇਥੇ ਧਰਮ ਛੱਡਣ ਦੀ ਗੱਲ ਨੂੰ ਬੋਲੀ ਨਾਲ ਜੋੜਿਆ ਗਿਆ ਹੈ। ਗੁਰਬਾਣੀ ਧਰਮ ਨੂੰ ਜ਼ਿੰਦਗੀ ਦਾ ਮੂਲ ਮੰਨਦੀ ਹੈ, ਇਸ ਗੱਲ ਦੇ ਹਵਾਲੇ ਤਾਂ ਗੁਰਬਾਣੀ ਵਿਆਖਿਆ ਵਿੱਚੋਂ ਆਮ ਮਿਲ ਜਾਂਦੇ ਹਨ ਪਰ ਬੋਲੀ ਨੂੰ ਇਸ ਹੱਦ ਤੱਕ ਅਹਿਮੀਅਤ ਦੇਣ ਦਾ ਜ਼ਿਕਰ ਕਿਸੇ ਵਿਚਾਰ ਵਿਆਖਿਆ ਦਾ ਹਿੱਸਾ ਨਹੀਂ ਬਣਿਆ। ਇਹੀ ਕਾਰਨ ਹੈ ਕਿ ਗੁਰੂ ਸਾਹਿਬ ਵਲੋਂ ਬਖਸ਼ੇ ਗਏ ਇਸ ਨੁਕਤੇ ਨੂੰ ਅਸੀਂ ਵਿਸਾਰ ਬੈਠੇ ਕਿ ਬੋਲੀ ਨੂੰ ਵਿਸਾਰਨਾ ਆਪਣਾ ਧਰਮ ਛੱਡਣ ਬਰਾਬਰ ਹੁੰਦਾ ਹੈ। ਬੋਲੀ ਦਾ ਮਹੱਤਵ ਅੱਜ ਦੇ ਸਮੇਂ ਵਿੱਚ ਬੜੇ ਸਪੱਸ਼ਟ ਰੂਪ ਵਿੱਚ ਸਾਹਮਣੇ ਆ ਰਿਹਾ ਹੈ ਜਦੋਂ ਪੰਜਾਬ ਅੱਧੀ ਦਰਜਨ ਹਿੰਦੀ ਅਖਬਾਰਾਂ ਚੱਲ ਰਹੀਆਂ ਹਨ ਅਤੇ ਉਹਨਾਂ ਦੀ ਲਾਗਤ ਪੰਜਾਬੀ ਅਖਬਾਰਾਂ ਨਾਲੋਂ ਜ਼ਿਆਦਾ ਹੈ। ਟੀ. ਵੀ. ਖਬਰਾਂ, ਲੜੀਵਾਰ ਨਾਟਕਾਂ ਅਤੇ ਫਿਲਮਾਂ ਦੀ ਬੋਲੀ ਵੀ ਹਿੰਦੀ ਹੈ, ਪੰਜਾਬੀ ਅਖਬਾਰਾਂ ਅਤੇ ਪੰਜਾਬੀ ਦੇ ਨਾਂ ਹੇਠ ਚੱਲ ਰਹੇ ਚੈਨਲਾਂ ਉਤੇ ਹਿੰਦੀ ਜ਼ਿਆਦਾ ਅਤੇ ਪੰਜਾਬੀ ਘੱਟ ਹੁੰਦੀ ਹੈ। ਪੇਂਡੂ ਇਲਾਕਿਆਂ ਦੀਆਂ ਅਣਪੜ ਔਰਤਾਂ ਤੋਂ ਬਿਨਾਂ ਪੰਜਾਬ ਵਿੱਚ ਚੁਲ੍ਹੇ ਚੌਂਕੇ ਦੀ ਬੋਲੀ ਹਿੰਦੀ ਹੋ ਗਈ ਹੈ, ਵਿਦਵਾਨਾਂ ਵੱਲੋਂ ਪੰਜਾਬੀ ਵਿੱਚ ਲਿਖੇ ਜਾ ਰਹੇ ਗਿਆਨ ਧਿਆਨ ਦੇ ਪੋਥਿਆਂ ਦੀ ਬੋਲੀ ਤਾਂ ਏਨੀ ਕੁ ਓਪਰੀ ਹੈ ਕਿ ਆਮ ਕਾਲਜਾਂ ਤੋਂ ਬੀ. ਏ. ਕਰਨ ਵਾਲੇ ਵੀ ਸਮਝ ਨਹੀਂ ਸਕਦੇ ਕਿਸੇ ਅਣਪੜ੍ਹ ਨੂੰ ਸੁਣਾਇਆਂ ਤਾਂ ਕੀ ਸਮਝ ਪੈਣੀ ਹੈ?

ਇੱਕ ਪਾਸੇ ਤਾਂ ਬੋਲੀ ਨੂੰ ਛੱਡਣ ਦਾ ਸਵਾਲ ਹੈ ਦੂਜੇ ਪਾਸੇ ਜਿਹੜੇ ਬੋਲਦੇ ਹਨ ਉਹ ਇਸ ਤਰ੍ਹਾਂ ਨਹੀਂ ਬੋਲ ਰਹੇ ਜਿਵੇਂ ਮਾਂ ਬੋਲੀ ਬੋਲੀ ਜਾਂਦੀ ਹੈ ਸਗੋਂ ਓਪਰਿਆਂ ਵਾਂਗ ਬੋਲਦੇ ਹਨ। ਹਰ ਬੋਲੀ ਦੇ ਜਮਾਂਦਰੂ ਬੁਲਾਰੇ ਗੂੜ ਮੁਹਾਵਰੇ ਵਿੱਚ ਗੱਲ ਕਰਦੇ ਹਨ ਜਿਹੜਾ ਕਿਤਾਬਾਂ ਦੀ ਪਕੜ ਤੋਂ ਆਮ ਹੀ ਬਾਹਰ ਹੁੰਦਾ ਹੈ ਪਰ ਹੁਣ ਬੋਲੀ ਜਾਂਦੀ ਪੰਜਾਬੀ ਬਹੁਤੀ ਕਿਤਾਬੀ ਹੀ ਹੈ ਕਿਉਂਕਿ ਘਰ ਸਮਾਜ ਵਿੱਚੋਂ ਸਭਿਆਚਾਰਕ ਅਰਥਾਂ ਵਾਲੇ ਲਫਜ਼ ਖਤਮ ਹੋ ਰਹੇ ਹਨ। ਅਸਲ ਵਿੱਚ ਸਾਡੇ ਲਈ ਫਿਕਰ ਵਾਲੀ ਗੱਲ ਇਹ ਹੈ ਕਿ ਸਾਡੀ ਅਗਲੀ ਪੀੜ੍ਹੀ ਦੀ ਬੋਲੀ ਵਿੱਚੋਂ ਮੁਹਾਵਰਾ ਹੀ ਖਤਮ ਹੋ ਰਿਹਾ ਹੈ। ਮੁਹਾਵਰੇ ਦੀ ਸਮਝ ਅਤੇ ਸਹਿਜ ਵਰਤੋਂ ਨੂੰ ਹੀ ਅਸਲ ਵਿੱਚ ਬੋਲੀ ਬੋਲਣਾ ਕਿਹਾ ਜਾਂਦਾ ਹੈ। ਬਹੁਤੇ ਬੱਚੇ ਅਤੇ ਨੌਜਵਾਨ ਜਿਸ ਤਰ੍ਹਾਂ ਦੀ ਅੰਗਰੇਜ਼ੀ ਬੋਲਦੇ ਹਨ ਉਸ ਤਰ੍ਹਾਂ ਦੀ ਪੰਜਾਬੀ ਬੋਲਦੇ ਹਨ। ਉਹਨਾਂ ਨਾਲ ਗੱਲ ਕਰਕੇ ਲਗਦਾ ਹੀ ਨਹੀਂ ਕਿ ਉਹ ਪੰਜਾਬ ਵਿੱਚ ਜੰਮੇ ਹੋਣ। ਦੁਨੀਆਂ ਅੰਦਰ ਧਾਰਮਿਕ ਜਾਂ ਹੋਰ ਕੋਈ ਵੀ ਲਿਖਤ ਜਿਹੜੀ ਲੰਮੇ ਸਮੇਂ ਬਾਅਦ ਜ਼ਿੰਦਾ ਹੈ ਉਹ ਬੋਲੀ ਦੀ ਠੁਕਦਾਰ ਮੁਹਾਵਰੇ ਦੀ ਲਿਖਤ ਹੈ। ਇਥੋਂ ਤੱਕ ਕਿ ਚਮਕੀਲੇ ਵਰਗਿਆਂ ਦੇ ਜੋ ਗੰਦੇ ਗੀਤ ਚੱਲ ਰਹੇ ਹਨ ਉਸ ਦੀ ਵੱਡੀ ਵਜ੍ਹਾ ਵੀ ਮੁਹਾਵਰਿਆਂ ਦੀ ਵਰਤੋਂ ਹੈ।

ਮੁਹਾਵਰੇ ਦੀ ਵਰਤੋਂ ਅਰਥਾਂ ਵਿੱਚ ਇੱਕ ਸੁਆਦ ਪੈਦਾ ਕਰਦੀ ਹੈ, ਇੱਕ ਜਾਨ ਪੈਦਾ ਕਰਦੀ ਹੈ। ਬੋਲੀ ਵਿੱਚ ਮੁਹਾਵਰੇ ਤੋਂ ਬਾਅਦ ਦੂਜਾ ਵੱਡਾ ਤੱਤ ਸੰਗੀਤ ਹੈ ਜੋ ਸੁਆਦ, ਜਾਨ ਦੇ ਨਾਲ ਨਾਲ ਕੋਮਲਤਾ ਵੀ ਪੈਦਾ ਕਰਦਾ ਹੈ। ਅੱਜ ਪੰਜਾਬੀ ਦੇ ਮੁਹਾਵਰੇ ਅਤੇ ਸੰਗੀਤ ਦੀ ਸਭ ਤੋਂ ਵੱਧ ਵਰਤੋਂ ਲੱਚਰਤਾ ਦੇ ਫੈਲਾਅ ਲਈ ਹੋ ਰਹੀ ਹੈ, ਕਿਸੇ ਵੇਲੇ ਗੁਰੂ ਸਾਹਿਬ ਨੇ ਇਹਨਾਂ ਚੀਜ਼ਾਂ ਰਾਹੀ ਨਵੀਂ ਜ਼ਿੰਦਗੀ ਦਾ ਸੁਨੇਹਾ ਦਿੱਤਾ ਸੀ। ਇਹ ਗੱਲ ਬੜੀ ਕੌੜੀ ਹੈ ਕਿ ਸਿੱਖੀ ਦੇ ਦਾਅਵੇਦਾਰਾਂ ਦੀ ਬੋਲੀ ਵਿੱਚੋਂ ਗਾਲ੍ਹਾਂ, ਤਲਖੀ ਅਤੇ ਜੋ ਕਰੁਖਤ ਝਲਕਦੀ ਹੈ, ਉਹ ਅਸਲੀਅਤ ਨੂੰ ਬਿਆਨ ਕਰਦੀ ਹੈ ਕਿ ਸਾਡੀ ਅਸਲ ਹਾਲਤ ਕੀ ਹੈ? ਬੋਲੀ ਦੀ ਹਾਲਤ ਬੰਦਿਆਂ ਦੀ ਮਾਨਸਿਕ ਹਾਲਤ ਨਾਲ ਹੀ ਜੁੜੀ ਹੁੰਦੀ ਹੈ, ਕਿਸੇ ਬੰਦੇ ਬਾਰੇ ਅੰਦਾਜ਼ਾ ਉਸ ਦੀ ਬੋਲੀ ਤੋਂ ਹੀ ਲਾਇਆ ਜਾਂਦਾ ਹੈ। ਕਿਸੇ ਬੋਲੀ ਦੇ ਬੋਲਣ ਵਾਲਿਆਂ ਦੀ ਗਿਣਤੀ ਘੱਟ ਵੱਧ ਹੋ ਸਕਦੀ ਹੈ ਪਰ ਬੋਲਣ ਵਾਲਿਆਂ ਦੀ ਬੋਲ ਚਾਲ ਜੇ ਮੂਲ ਮੁਹਾਵਰੇ ਤੋਂ ਸੱਖਣੀ ਹੈ ਤਾਂ ਇਹ ਬਹੁਤ ਮਾੜੀ ਗੱਲ ਹੈ ਕਿਉਂਕਿ ਇਹ ਉਸ ਬੋਲੀ ਦੇ ਖੈਰ ਖੁਆਹਾਂ ਹੱਥੋਂ ਹੀ ਉਸਦੀ ਹੋਣੀ ਘੜੀ ਜਾ ਰਹੀ ਹੈ

0 0 votes
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x