ਵਕਤੀ ਸਰੋਕਾਰਾਂ ਨੂੰ ਮੁਖਾਤਿਬ ਪਹੁੰਚ ਬਨਾਮ ਮਾਰਗ-ਸੇਧ

ਵਕਤੀ ਸਰੋਕਾਰਾਂ ਨੂੰ ਮੁਖਾਤਿਬ ਪਹੁੰਚ ਬਨਾਮ ਮਾਰਗ-ਸੇਧ

ਹਰ ਸਮਾਜ ਦੇ ਸਨਮੁਖ ਸਦਾ ਚੁਣੌਤੀਆਂ ਅਤੇ ਸਰੋਕਾਰ ਖੜ੍ਹੇ ਹੁੰਦੇ ਹਨ ਜਿਹਨਾ ਨੂੰ ਮੁਖਾਤਿਬ ਹੋਣਾ ਉਸ ਸਮਾਜ ਲਈ ਲਾਜਮੀ ਹੁੰਦਾ ਹੈ। ਵਕਤੀ ਚੁਣੌਤੀਆਂ ਤੇ ਸਰੋਕਾਰਾਂ ਦਾ ਸਬੰਧ ਕਿਸੇ ਚੱਲ ਰਹੀ ਜਾਂ ਮੌਕੇ ਦੀ ਕਿਸੇ ਗੱਲ ਨਾਲ ਜੁੜਿਆ ਹੁੰਦਾ ਹੈ ਜਿਸ ਕਰਕੇ ਅਜਿਹੀਆਂ ਚਣੌਤੀਆਂ ਅਤੇ ਸਰੋਕਾਰਾਂ ਨਾਲ ਜੁੜੀ ਸਮਾਜਿਕ ਸਰਗਰਮੀ ਅਕਸਰ ਉੱਚੀ ਸੁਰ, ਕਾਹਲ ਤੇ ਜੋਸ਼ ਵਾਲੀ ਹੁੰਦੀ ਹੈ ਤੇ ਸਮਾਜ ਦੇ ਵੱਡੇ ਹਿੱਸੇ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ

ਆਪਾਂ ਵੇਖਦੇ ਹਾਂ ਕਿ ਕਿਸੇ ਵੀ ਸਮਾਜ ਨੂੰ ਦਰਪੇਸ਼ ਦੀਰਘ ਚੁਣੌਤੀਆਂ ਅਤੇ ਡੂੰਘੇ ਜਾਂ ਦੂਰਗਾਮੀ ਸਰੋਕਾਰਾਂ ਬਾਰੇ ਸਮਾਜ ਦੇ ਸੰਜੀਦਾ ਅਤੇ ਸੰਵੇਦਨਸ਼ੀਲ ਹਿੱਸੇ ਹੀ ਵਧੇਰੇ ਚਰਚਾ ਕਰਦੇ ਹਨ ਤੇ ਬਹੁਤੀ ਵਾਰ ਇਹ ਚਰਚਾ ਕਿਸੇ ਖਾਸ ਮੌਕੇ ਤੋਂ ਪਹਿਲਾਂ ਆਮ ਲੋਕਾਂ ਦਾ ਬਹੁਤਾ ਧਿਆਨ ਵੀ ਨਹੀਂ ਖਿੱਚਦੀ

ਵਕਤੀ ਚੁਣੌਤੀਆਂ ਅਤੇ ਸਰੋਕਾਰਾਂ ਉੱਤੇ ਕੇਂਦ੍ਰਿਤ ਪਹੁੰਚ ਮਸਲਿਆਂ ਨੂੰ ਮੁਖਾਤਿਬ ਹੁੰਦੀ ਹੈ ਅਤੇ ਦੂਜੇ ਪਾਸੇ ਦੀਰਘ ਚੁਣੌਤੀਆਂ ਅਤੇ ਦੂਰਗਾਮੀ ਸਰੋਕਾਰਾਂ ਨੂੰ ਮੁਖਾਤਿਬ ਪਹੁੰਚ ਮਸਲਿਆਂ ਦੇ ਮੂਲ, ਭਾਵ ਕਿ ਹਾਲਾਤ ਨੂੰ ਮੁਖਾਤਿਬ ਹੁੰਦੀ ਹੈ। ਜਿੱਥੇ ਪਹਿਲੀ ਪਹੁੰਚ ਕਿਸੇ ਵੀ ਮਸਲੇ ਬਾਰੇ ਲਏ ਗਏ ਫੈਸਲੇ ਜਾਂ ਕੀਤੇ ਜਾਣ ਵਾਲੇ ਫੌਰੀ ਕੰਮ ਨੂੰ ਕੇਂਦਰ ਵਿਚ ਰੱਖਦੀ ਹੈ ਓਥੇ ਦੂਜੀ ਪਹੁੰਚ ਉਸ ਮਾਰਗ-ਸੇਧ ਨੂੰ ਕੇਂਦਰ ਵਿਚ ਰੱਖਦੀ ਹੈ ਜਿਸ ਰਾਹੀਂ ਕਿਸੇ ਵੀ ਮਸਲੇ ਬਾਰੇ ਫੈਸਲੇ ਲੈਣ ਦੀ ਪ੍ਰਕਿਰਿਆ ਨਿਰਧਾਰਤ ਹੁੰਦੀ ਹੈ ਜਾਂ ਫਿਰ ਉਹ ਕਾਰਜ ਕਰਨ ਦੀ ਸਮਰੱਥਾ ਨੇ ਪੈਦਾ ਹੋਣਾ ਹੁੰਦਾ ਹੈ।

ਜਦੋਂ ਕੋਈ ਸਮਾਜ ਅਧੀਨਗੀ ਦੀ ਸਥਿਤੀ ਵਿਚ ਹੋਵੇ ਤਾਂ ਅਧੀਨਗੀ ਦੀ ਇਸ ਦੀਰਘ ਚਣੌਤੀ ਅਤੇ ਇਸ ਦੇ ਹੱਲ ਦੇ ਸਰੋਕਾਰਾਂ ਪ੍ਰਤੀ ਉੁਸ ਸਮਾਜ ਦੀ ਪਹੁੰਚ ਹੀ ਉਸ ਦਾ ਭਵਿੱਖ ਤੈਅ ਕਰਦੀ ਹੈ।

ਪੰਜਾਬ ਵਿਚ ਇਸ ਵੇਲੇ ਵੋਟਾਂ ਦਾ ਮਹੌਲ ਹੈ। ਦਿੱਲੀ ਦਰਬਾਰ ਅਧੀਨ ਨਿਜ਼ਾਮ ਤਹਿਤ ਪੰਜਾਬ ਦੇ ਨਵੇਂ ਸੂਬੇਦਾਰ ਦੀ ਚੋਣ ਹੋਣ ਜਾ ਰਹੀ ਹੈ। ਇਸ ਵੋਟਾਂ ਦੇ ਮਹੌਲ ਦੇ ਵੇਰਵਿਆਂ ਵਿਚ ਜਾਏ ਬਿਨਾ ਆਪਣੀ ਗੱਲ ਅੱਗੇ ਤੋਰਨ ਲਈ ਇੰਨਾ ਹੀ ਕਹਿ ਦੇਣਾ ਕਾਫੀ ਹੋਵੇਗਾ ਕਿ ਇਸ ਵਾਰ ਪੰਜਾਬ ਦੀ ਸੂਬੇਦਾਰੀ ਦੀ ਸਿਆਸਤ ਵਿਚ ਹਾਲਾਤ ਪਹਿਲਾਂ ਨਾਲੋਂ ਕਿਤੇ ਵਧੇਰੇ ਤਰਲ ਹਨ ਤੇ ਸੂਬੇਦਾਰੀ ਦੀ ਦੌੜ ਦੌੜਨ ਵਾਲੀਆਂ ਧਿਰਾਂ ਦੀ ਬਹੁਲਤਾ, ਸੂਬੇਦਾਰੀ ਦੀਆਂ ਪਹਿਲਾਂ ਦਾਅਵੇਦਾਰ ਰਹੀਆਂ ਪ੍ਰਮੁੱਖ ਧਿਰਾਂ ਵਿਚ ਹੋਈ ਉਥਲ-ਪੁਥਲ, ਬੀਤੇ ਸਾਲ ਭਰ ਚੱਲੇ ਕਿਰਸਾਨੀ ਸੰਘਰਸ਼ ਅਤੇ ਇਸ ਦੌਰਾਨ ਉੱਭਰੇ ਬਿਰਤਾਂਤਾਂ ਤੋਂ ਬਣੇ ਮਹੌਲ ਤੇ ਸਰਗਰਮ ਹੋਏ ਹਿੱਸਿਆਂ ਦੀ ਸਿੱਧੀ-ਅਸਿੱਧੀ ਸ਼ਮੂਲੀਅਤ ਦੇ ਰੰਗ ਵੀ ਵੋਟਾਂ ਦੇ ਇਸ ਮਹੌਲ ਦਾ ਹਿੱਸਾ ਹਨ।

ਅਜਿਹੇ ਵਿਚ ਜਦੋਂ ਦਿਨਾਂ ਅੰਦਰ ਮਹੀਨਿਆਂ ਦੀ ਸਰਗਰਮੀ ਵਾਪਰ ਰਹੀ ਹੈ ਅਤੇ ਬਹੁਤੇ ਹਿੱਸਿਆ ਲਈ ਇਸ ਵਾਰ ਦੀਆਂ ਵੋਟਾਂ ‘ਆਰ-ਪਾਰ’ ਦੀ ਲੜਾਈ ਬਣੀਆਂ ਹੋਈ ਹਨ, ਤਾਂ ਅਜਿਹੇ ਵਿਚ ਪੰਥ ਅਤੇ ਪੰਜਾਬ ਨੂੰ ਦਰਪੇਸ਼ ਦੀਰਘ ਚਣੌਤੀਆਂ ਅਤੇ ਇਹਨਾ ਦੇ ਦੂਰਗਾਮੀ ਸਰੋਕਾਰਾਂ ਬਾਰੇ ਚਰਚਾ ਇਕ ਵਾਰ ਬਿਲਕੁਲ ਪੱਛੜ ਗਈ ਹੈ। ਤੁਸੀਂ ਕਹਿ ਸਕਦੇ ਹੋ ਕਿ ਵੋਟਾਂ ਦੇ ਮਹੌਲ ਵਿਚ ਇਵੇਂ ਹੀ ਹੁੰਦਾ ਹੈਪਰ ਵਿਚਾਰਨ ਵਾਲੀ ਗੱਲ ਹੈ ਕਿ ਕੀ ਇਸ ਵੇਲੇ ਜੋ ਮਹੌਲ ਬਣਿਆ ਹੋਇਆ ਹੈ ਇਹ ਸਿਰਫ ਵੋਟਾਂ ਕਰਕੇ ਹੀ ਹੈ? ਜਾਂ ਫਿਰ ਅਸੀਂ ਤਕਰੀਬਨ ਹਰ ਮਾਮਲੇ ਵਿਚ ਇੰਝ ਹੀ ਕਰਦੇ ਹਾਂ? ਜਦੋਂ ਵੋਟਾਂ ਨਹੀਂ ਹੁੰਦੀਆਂ ਉਦੋਂ ਅਸੀਂ ਸਮੁੱਚੇ ਹਾਲਾਤ, ਦੀਰਘ ਚੁਣੌਤੀਆਂ ਅਤੇ ਦੂਰਗਾਮੀ ਸਰੋਕਾਰਾਂ, ਨੂੰ ਮੁਖਤਿਬ ਹੋਣ ਲਈ ਕੀ ਕਰਦੇ ਹਾਂ? ਕੀ ਅਸੀਂ ਹਰ ਵਾਰ ਹਾਲਾਤ ਨੂੰ ਮੁਖਾਤਿਬ ਹੋਣ ਦੀ ਬਜਾਏ ਆਪਣਾ ਸਾਰਾ ਧਿਆਨ ਮਸਲਿਆਂ ਨੂੰ ਨਜਿੱਠਣ ਉੱਤੇ ਕੇਂਦ੍ਰਿਤ ਨਹੀਂ ਕਰ ਦਿੰਦੇ? ਕੀ ਇਕ ਮਸਲਾ ਆਉਣ ਉੱਤੇ ਉਸ ਬਾਰੇ ਵਕਤੀ ਸਰਗਰਮੀ ਸਾਡੀ ਸਮੁੱਚੀ ਸਰਗਰਮੀ ਨਹੀਂ ਬਣ ਜਾਂਦੀ? ਨਤੀਜਾ ਇਹ ਹੈ ਕਿ ਅਸੀਂ ਹਰ ਵਾਰ ਮਸਲਿਆਂ ਨੂੰ ਹੀ ਮੁਖਾਤਿਬ ਹੁੰਦੇ ਰਹਿੰਦੇ ਹਾਂ ਹਾਲਾਤ ਨੂੰ ਮੁਖਾਤਿਬ ਹੋਣ ਦੀ ਬਹੁਤੀ ਲੋੜ ਨਹੀਂ ਸਮਝੀ ਜਾਂਦੀ। ਇਹੀ ਕਾਰਨ ਹੈ ਕਿ ਸਾਡੇ ਬਹੁਤਾਤ ਸਰਗਰਮ ਹਿੱਸਿਆਂ ਦੀ ਫੌਰੀ ਪੱਧਰ ਦੀ ਸਰਗਰਮੀ ਹੀ ਹੁੰਦੀ ਹੈ, ਦੀਰਘਕਾਲੀ ਮਾਰਗ-ਸੇਧ ਸਿਰਜਣ ਵੱਲ ਅਸੀਂ ਬਹੁਤਾ ਧਿਆਨ ਨਹੀਂ ਦੇ ਰਹੇ।

ਅੱਜ ਦੇ ਸਮੇਂ ਵਿਚ ਵੋਟਾਂ ਉਸ ਰਾਜਨੀਤਕ ਨਿਜਾਮ ਤਹਿਤ ਇਕ ਸੱਚਾਈ ਹਨ ਜਿਸ ਅਧੀਨ ਅਸੀਂ ਪੰਜਾਬ ਵਿਚ ਵਿਚਰ ਰਹੇ ਹਾਂ। ਪਰ ਨਾਲ ਹੀ ਬੀਤੇ ਦਾ ਤਜ਼ਰਬਾ ਇਹੀ ਦੱਸਦਾ ਹੈ ਕਿ ਪੰਜਾਬ ਅਤੇ ਸਿੱਖਾਂ ਨੂੰ ਦਰਪੇਸ਼ ਦੀਰਘ ਚਣੌਤੀਆਂ ਅਤੇ ਪੰਥ-ਪੰਜਾਬ ਦੇ ਦੂਰਗਾਮੀ ਸਰੋਕਾਰਾਂ ਦਾ ਪੱਕਾ ਹੱਲ ਇਹਨਾ ਵੋਟਾਂ ਰਾਹੀਂ ਨਹੀਂ ਨਿੱਕਲ ਸਕਦਾ। ਹਾਂ, ਵੋਟਾਂ ਰਾਹੀਂ ਕੁਝ ਵਕਤੀ ਅਤੇ ਅਸ਼ੰਕ ਹੱਲ ਕੱਢੇ ਜਾ ਸਕਦੇ ਹਨ ਉਹ ਵੀ ਤਾਂ ਜੇਕਰ ਇਹ ਸੂਬੇਦਾਰੀ ਨਿਜਾਮ ਕਿਸੇ ਪੰਜਾਬ ਪੱਖੀ ਕਾਬਲ ਅਤੇ ਇਮਾਨਦਾਰ ਧਿਰ ਕੋਲ ਹੋਵੇ, ਜਿਹੜੀ ਸੂਬੇਦਾਰੀ ਸਿਆਸਤ ਦੇ ਦਾਇਰਿਆਂ ਵਿਚ ਪੰਜਾਬ ਦੇ ਹਿਤਾਂ ਲਈ ਸੰਘਰਸ਼ ਕਰਨ ਦੀ ਦ੍ਰਿੜਤਾ ਰੱਖਦੀ ਹੋਵੇ।

1947 ਵਿਚ ਫਿਰੰਗੀ ਤੋਂ ਬਿੱਪਰ ਕੋਲ ਹੋਏ ਸੱਤਾ ਤਬਾਦਲੇ ਤੋਂ ਬਾਅਦ ਪੰਜਾਬ ਅਤੇ ਸਿੱਖਾਂ ਨੇ ਕਈ ਉਤਰਾਅ ਚੜ੍ਹਾਅ ਦੇ ਦੌਰ ਵੇਖੇ ਹਨ ਜਿਹਨਾ ਬਾਰੇ ਇੰਨੀ ਗੱਲ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਸੰਘਰਸ਼ ਦੇ ਇਹਨਾ ਪੜਾਵਾਂ ਦੌਰਾਨ ਪੰਥ ਦੀ ਸ਼ਾਨ ਉਦੋਂ-ਉਦੋਂ ਹੀ ਚਮਕੀ ਹੈ ਜਦੋਂ ਸਿੱਖਾਂ ਨੇ ਗੁਰੂ ਆਸ਼ੇ ਨੂੰ ਸਮਰਪਿਤ ਹੋ ਕੇ ਪੰਥਕ ਰਿਵਾਇਤ ਅਨੁਸਾਰ ਆਪਣਾ ਅਮਲ ਸਾਧਿਆ ਹੈ। ਇਸੇ ਗੱਲ ਨੂੰ ਸਮਝਣ ਵਿਚ ਹੀ ਸਾਡੇ ਭਵਿੱਖ ਦੇ ਰਾਹ ਪਏ ਹਨ।

ਕਿਸੇ ਵੀ ਹਾਲਾਤ ਨੂੰ ਨਜਿੱਠਣ ਵਾਸਤੇ ਕੀਤੇ ਜਾਣ ਵਾਲੇ ਉੱਦਮ ਲਈ ਇਮਾਨਦਾਰੀ, ਸਮਰਪਣ, ਇਰਾਦਾ ਅਤੇ ਸਮਰੱਥਾ ਕਿਸੇ ਮਨੁੱਖ ਵਾਸਤੇ ਬੁਨਿਆਦੀ ਸ਼ਰਤਾਂ ਹੁੰਦੀਆਂ ਹਨ। ਅਜਿਹੇ ਉੱਦਮ ਗੁਰੂ ਦੀ ਰਜ਼ਾ ਅਨੁਸਾਰ ਫਲਦੇ ਹਨ। ਇਹੀ ਗੱਲ ਸਮਾਜ ਉੱਤੇ ਵੀ ਲਾਗੂ ਹੁੰਦੀ ਹੈ। ਜਦੋਂ ਕੋਈ ਸਮਾਜ ਕਿਸੇ ਦੀਰਘ ਚਣੌਤੀ ਤੋਂ ਗ੍ਰਸਤ ਹੋਵੇ ਤਾਂ ਉਸ ਦੇ ਕਾਰਨਾਂ ਦੀ ਸ਼ਨਾਖਤ ਕਰਨਾ ਪਹਿਲਾ ਕਾਰਜ ਹੁੰਦਾ ਹੈ। ਦੂਜਾ ਕਾਰਜ ਉਹਨਾ ਕਾਰਨਾਂ ਨੂੰ ਦੂਰ ਕਰਨਾ ਹੁੰਦਾ ਹੈ, ਜਿਸ ਨਾਲ ਚਣੌਤੀਆਂ ਦੇ ਹੱਲ ਲਈ ਸਾਜਗਾਰ ਮਹੌਲ (ਘੱਟੋ-ਘੱਟ ਅੰਦਰੂਨੀ ਪੱਧਰ ’ਤੇ) ਸਿਰਜਿਆਂ ਜਾ ਸਕੇ।

ਸੰਖੇਪ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਦਿੱਲੀ ਦਰਬਾਰ ਦੇ ਮੁਤਹਿਤ ਪੰਜਾਬ ਦੀ ਰਾਜਸੀ ਅਧੀਨਗੀ ਸਾਡੇ ਸਮਾਜ ਦੀ ਦੀਰਘ ਚੁਣੌਤੀ ਹੈਪਰ ਇਹ ਚੁਣੌਤੀ ਸਿਰਫ ਬਾਹਰਮੁਖੀ ਨਹੀਂ ਹੈ ਇਸ ਦਾ ਅਧਾਰ ਸਿੱਖਾਂ ਦੇ ਅੰਦਰੂਨੀ ਹਾਲਾਤ ਨਾਲ ਵੀ ਸੰਬੰਧਤ ਹੈ। ਬਹੁ-ਪਸਾਰੀ ਅਲਾਮਤਾਂ ਵਾਲੇ ਇਸ ਦੀਰਘ ਰੋਗ ਦਾ ਇਲਾਜ ਉਨ੍ਹਾਂ ਪੰਥਕ ਰਿਵਾਇਤਾਂ ਦੀ ਪੁਨਰ-ਸੁਰਜੀਤੀ ਵਿਚ ਪਿਆ ਹੈ, ਜਿਨ੍ਹਾਂ ਨਾਲੋਂ ਅਸੀਂ ਬੁਰੀ ਤਰ੍ਹਾਂ ਟੁੱਟ ਚੁੱਕੇ ਹਾਂ।

ਉਕਤ ਪੱਖ ਤੋਂ ਵੇਖਿਆਂ ਜਿੱਥੇ ਵੋਟਾਂ ਫੌਰੀ ਅਤੇ ਵਕਤੀ ਸਰੋਕਾਰ ਹਨ ਓਥੇ ਪੰਥਕ ਰਿਵਾਇਤ ਦੀ ਪੁਨਰ-ਸੁਰਜੀਤੀ ਇਕ ਦੀਰਘਕਾਲੀ ਸਰੋਕਾਰ ਹੈ।

ਅੱਜ ਦੇ ਸਮੇਂ ਜਦੋਂ ਪੰਥਕ ਜਜ਼ਬੇ ਦੇ ਕੁਝ ਖਾਸ ਮੌਕਿਆਂ ਉੱਤੇ ਝਲਕਾਰੇ ਹੀ ਮਿਲਦੇ ਹਨ ਅਤੇ ਪੰਥਕ ਭਾਵਨਾ ਬੱਝਵੇਂ ਤੇ ਜਥੇਬੰਦਕ ਰੂਪ ਵਿਚ ਆਪਣਾ ਸਥਿਰ ਤੇ ਲਗਾਤਾਰ ਪ੍ਰਗਟਾਵਾ ਨਹੀਂ ਕਰ ਰਹੀ ਤਾਂ ਸਾਨੂੰ ਇਹ ਵੇਖਣ ਦੀ ਜਰੂਰਤ ਹੈ ਅਜਿਹੀ ਸਥਿਤੀ ਕਿਉਂ ਆਈ ਹੈ?

ਪੰਥਕ ਰਿਵਾਇਤ ਵਿਚ ਰਾਜਨੀਤੀ ਅਤੇ ਅਗਵਾਈ ਨਾਲ ਜੁੜੇ ਤਿੰਨ ਨੁਕਤੇ ਇੰਨੇ ਅਹਿਮ ਹਨ ਕਿ ਹਨ ਨੂੰ ਪੰਥਕ ਰਾਜਨੀਤੀ ਦੇ ਥੰਮ੍ਹ ਕਿਹਾ ਜਾ ਸਕਦਾ ਹੈ। ਇਹ ਨੁਕਤੇ ਹਨ: ਜਥੇਬੰਦ ਹੋਣ ਦੀ ਪੰਥਕ ਰਿਵਾਇਤ; ਆਗੂ ਚੁਣਨ ਦੀ ਪੰਥਕ ਰਿਵਾਇਤ ਅਤੇ ਫੈਸਲੇ ਲੈਣ ਦੀ ਪੰਥਕ ਰਿਵਾਇਤ 1ਫਿਰੰਗੀ ਨੇ ਦੇਸ ਪੰਜਾਬ ਦੀ ਧਰਤ ਉੱਤੇ ਆਪਣਾ ਜੋ ਨਿਜਾਮ ਸਥਾਪਿਤ ਕੀਤਾ ਸੀ ਉਸ ਰਾਹੀਂ ਸਿੱਖਾਂ ਦੀ ਤਰਜ-ਏ-ਜਿੰਦਗੀ ਨੂੰ ਆਪਣੇ ਮੂਲ, ਭਾਵ ਗੁਰਮਤਿ ਸਿਧਾਂਤ ਅਤੇ ਪੰਥਕ ਰਿਵਾਇਤ, ਤੋਂ ਤੋੜਨ ਲਈ ਪੱਛਮੀ ਤਰਜ਼ ਦੇ ਢਾਂਚੇ ਅਤੇ ਵਿਧੀਆਂ ਦਿੱਤੀਆਂ। ਜਿਸ ਰਾਹੀਂ ਜਥੇਬੰਦ ਹੋਣ, ਆਗੂ ਚੁਣਨ ਅਤੇ ਫੈਸਲੇ ਲੈਣ ਦੇ ਪੱਛਮੀ ਢਾਂਚੇ ਅਤੇ ਵਿਧੀਆਂ ਸਥਾਪਿਤ ਕਰਨ ਦੇ ਯਤਨ ਸ਼ੁਰੂ ਹੋਏ। ਸਿੱਖਾਂ ਵਿਚ ਹੌਲੀ-ਹੌਲੀ ਇਹ ਯਤਨ ਰਸਾਈ ਕਰਦੇ ਗਏ ਅਤੇ ਨਤੀਜਾ ਇਹ ਹੈ ਕਿ ਅੱਜ ਸਾਡੇ ਬਹੁਤਾਤ ਢਾਂਚੇ ਅਤੇ ਵਿਧੀਆਂ ਪੱਛਮੀ ਤਰਜ਼ ਦੀਆਂ ਹਨ ਜਿਸ ਕਾਰਨ ਸਾਡੇ ਅਤੇ ਸਾਡੀ ਆਪਣੀ ਰਿਵਾਇਤ ਦਰਮਿਆਨ ਭਾਰੀ ਵਿੱਥ ਆ ਗਈ ਹੈ। ਸਾਡੇ ਅਮਲ ਵਿਚ ਆਏ ਇਸ ਵਿਗਾੜ ਦੀ ਲੋੜੀਂਦੀ ਸੁਧਾਈ ਲਈ ਜਾਂ ਕਹਿ ਲਓ ਕਿ ਸਾਡੇ ਅਤੇ ਸਾਡੀ ਰਿਵਾਇਤ ਦਰਮਿਆਨ ਪਈ ਵਿੱਥ ਦੂਰ ਕਰਨ ਲਈ ਇਹ ਜਰੂਰੀ ਹੈ ਕਿ ਪੰਥਕ ਪਰੰਪਰਾ ਵਿਚੋਂ ਮਿਲਦੀ ਮਾਰਗ ਸੇਧ ਨੂੰ ਆਪਣਾਇਆ ਜਾਵੇ।

ਪੰਥਕ ਰਿਵਾਇਤ ਵਿਚੋਂ ਸਾਨੂੰ ਸਾਂਝੇ ਸਰੋਕਾਰਾਂ ਨਾਲ ਸੰਬੰਧਤ ਫੈਸਲੇ ਸੰਗਤੀ ਤੌਰ ਉੱਤੇ ਲੈਣ ਦੀ ਮਾਰਗ-ਸੇਧ ਮਿਲਦੀ ਹੈ। ਅਜੋਕੇ ਸਮੇਂ ਇਹ ਜਰੂਰੀ ਹੈ ਕਿ ਜਿਹਨਾ ਜੀਆਂ ਲਈ ਪੰਥਕ ਰਿਵਾਇਤ ਵਕਤੀ ਮੁਫਾਦਾਂ, ਜਿਵੇਂ ਕਿ ਨਿੱਜੀ, ਧੜੇ ਜਾਂ ਪਾਰਟੀ ਦੇ ਹਿੱਤਾਂ ਤੋਂ ਉੱਪਰ ਹਨ ਉਹ ਆਪਣੇ ਸਾਂਝੇ ਸਰੋਕਾਰਾਂ ਬਾਰੇ ਫੈਸਲਾ ਲੈਣ ਦੀ ਪੰਥਕ ਰਿਵਾਇਤ ਨੂੰ ਅਪਣਾਅ ਕੇ ਗੁਰੂ ਓਟ ਤੱਕਦਿਆਂ ਸੰਗਤੀ ਤੌਰ ਉੱਤੇ ਗੁਰੂ ਦੀ ਭੈਅ-ਭਾਵਨੀ ਤਹਿਤ ਬਿਬੇਕ-ਬੁੱਧ ਨਾਲ ਵਿਚਾਰ ਕਰਕੇ ਫੈਸਲੇ ਲੈਣ।

ਪੰਥਕ ਰਿਵਾਇਤ ਅਤੇ ਸਾਡੇ ਮੌਜੂਦਾ ਜੀਵਨ-ਅਮਲ ਵਿਚ ਪੈ ਚੁੱਕੀ ਵੱਡੀ ਵਿੱਥ ਦੇ ਮੱਦੇਨਜ਼ਰ ਇਹ ਗੱਲ ਲਏ ਜਾਣ ਵਾਲੇ ਫੈਸਲੇ ਤੋਂ ਵੀ ਵਧੇਰੇ ਅਹਿਮ ਹੈ ਕਿ ਫੈਸਲਾ ਪੰਥਕ ਵਿਧੀ-ਵਿਧਾਨ ਅਨੁਸਾਰ ‘ਗੁਰਮਤਾ’ ਕਰਕੇ ਲਿਆ ਜਾਵੇ। ‘ਗੁਰਮਤੇ’ ਰਾਹੀਂ ਫੈਸਲਾ ਲੈਣ ਦੀ ਵਿਧੀ ਵਿਚ ਗੁਰੂ ਲਿਵ ਨੂੰ ਸਮਰਪਣ ਇਸ ਤੋਂ ਮਿਲਣ ਵਾਲੀ ਬਰਕਤ ਦਾ ਜਾਮਨ ਹੈ।

ਰਾਜਨੀਤਕ ਮਸਲਿਆਂ ਵਿਚ ਸਿੱਖਾਂ ਲਈ ‘ਗੁਰਮਤਾ’ ਵਿਧੀ ਵਿਧਾਨ ਦੀ ਅਹਿਮੀਤ ਇਕ ਸਿੱਖ ਇਤਿਹਾਸਕਾਰ ਦੀ ਇਸ ਟਿੱਪਣੀ ਤੋਂ ਸਮਝੀ ਜਾ ਸਕਦੀ ਹੈ ਕਿ: “ਗੁਰਮਤਾ, ਖਾਲਸਾ ਪ੍ਰਭੂਸਤਾ ਸਿਧਾਂਤ ਜਾਂ ਸਿੱਖ ਰਾਜਨੀਤੀ ਦੀ ਬੁਨਿਆਦ ਹੈ। ਇਸ ਸੰਸਥਾ ਤੋਂ ਬਿਨਾਂ ਜੇ ਸਿਖ ਰਾਜਨੀਤੀ ਚਲਾਈ ਜਾਂਦੀ ਹੈ ਤਾਂ ਉਸ ਦਾ ਸਿੱਖ ਕਰੈਕਟਰ (ਚਰਿੱਤਰ) ਨਹੀਂ ਹੋਵੇਗਾ2

ਇਸ ਸੰਧਰਭ ਵਿਚ ਪੰਥ ਸੇਵਕ ਜਥਾ ਦੁਆਬਾ ਵਲੋਂ 10 ਫਰਵਰੀ 2022 ਨੂੰ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਜਿਲ੍ਹੇ ਵਿਚ ਪੈਂਦੇ ਕਿਸ਼ਨਪੁਰਾ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪੰਥਕ ਰਿਵਾਇਤ ਨੂੰ ਪਾਰਟੀ ਹਿਤਾਂ ਤੋਂ ਉੱਪਰ ਰੱਖਣ ਵਾਲੇ ਜੀਆਂ ਦੀ ਇਕ ਇਤੱਤਰਤਾ ਸੱਦੀ ਗਈ ਜਿਸ ਵਿਚ ਪੰਜਾਬ ਵਿਧਾਨ ਸਭ ਚੋਣਾਂ 2022 ਦੀਆਂ ਵੋਟਾਂ ਬਾਰੇ ਫੈਸਲਾ ਪੰਚ ਪਰਧਾਨੀ ਪ੍ਰਣਾਲੀ ਰਾਹੀਂ ‘ਗੁਰਮਤਾ’ ਕਰਕੇ ਕੀਤਾ ਗਿਆ। ਬੇਸ਼ੱਕ ਇਸ ਅਮਲ ਬਾਰੇ ਪਤਾ ਲੱਗਣ ਉੱਤੇ ਦੇਸ-ਵਿਦੇਸ਼ ਦੇ ਜਿੰਨੇ ਕੁ ਵੀ ਚੋਣਵੇਂ ਜੀਆਂ ਨੇ ਧਿਆਨ ਦਿੱਤਾ ਉਹਨਾਂ ਵਿਚੋਂ ਬਹੁਤਾਤ ਦੀ ਜ਼ਿਆਦਾ ਰੁਚੀ ਇਸ ਗੱਲ ਵਿਚ ਹੀ ਰਹੀ ਕਿ ਇਸ ਮੌਕੇ ਕੀਤੇ ਗਏ ‘ਗੁਰਮਤੇ’ ਵਿਚ ਫੈਸਲਾ ਕੀ ਕੀਤਾ ਗਿਆ ਹੈ? ਪਰ ਇਸ ਯਤਨ ਦੀ ਅਹਿਮੀਅਤ ਲਏ ਗਏ ਫੈਸਲੇ ਦੀ ਬਜਾਏ ਫੈਸਲਾ ਲੈਣ ਲਈ ਪੰਥਕ ਰਿਵਾਇਤ ਤੋਂ ਪ੍ਰੇਰਨਾ ਲੈਂਦੇ ਹੋਏ ਅਪਣਾਈ ਗਈ ‘ਪੰਚ ਪ੍ਰਧਾਨੀ ਵਿਧੀ’ ਅਤੇ ‘ਗੁਰਮਤਾ ਪ੍ਰਣਾਲੀ’ ਕਰਕੇ ਹੈ। ਇਹ ਯਤਨ ਸਾਂਝੇ ਸਰੋਕਾਰਾਂ ਬਾਬਤ ਫੈਸਲੇ ਲੈਣ ਵਾਸਤੇ ਪੰਥਕ ਰਿਵਾਇਤ ਵਿਚੋਂ ਮਿਲਦੀ ਮਾਰਗ ਸੇਧ ਨੂੰ ਅਪਨਾਉਣ ਦੀ ਇਕ ਚੰਗੀ ਪਹਿਲ ਹੈ। ਅਰਦਾਸ ਹੈ ਕਿ ਗੁਰੂ ਮਹਾਰਾਜ ਇਹ ਉੱਦਮ ਕਰਨ ਵਾਲੇ ਜੀਆਂ ਉੱਤੇ ਮਿਹਰ ਕਰਨ ਤਾਂ ਕਿ ਉਹ ਜੀਅ ਇਸ ਮਾਰਗ-ਸੇਧ ਉੱਤੇ ਸਾਬਤ ਕਦਮੀ ਨਾਲ ਚਲਦੇ ਰਹਿਣ। ਇਹ ਵੀ ਆਸ ਹੈ ਕਿ ਪੰਥਕ ਰਿਵਾਇਤ ਨੂੰ ਹੋਰਨਾਂ ਵਕਤੀ ਤੇ ਦੁਨਿਆਵੀ ਸਰੋਕਾਰਾਂ ਤੋਂ ਅੱਵਲ ਮੰਨਣ ਵਾਲੇ ਹੋਰ ਜਥੇ ਵੀ ਇਸ ਉੱਦਮ ਤੋਂ ਜਰੂਰ ਪ੍ਰੇਰਣਾ ਲੈਣਗੇ ਤਾਂ ਕਿ ਅਸੀਂ ਇਸ ਮਾਰਗ ਸੇਧ ਨੂੰ ਅਪਨਾਅ ਕੇ ਮੁੜ ਆਪਣੀ ਬੁਨਿਆਦ, ਭਾਵ ਪੰਥਕ ਰਿਵਾਇਤ ਵੱਲ ਪਰਤ ਸਕੀਏ ਜਿਸ ਵਿਚੋਂ ਸਾਡੀਆਂ ਦੀਰਘਕਾਲੀ ਚੁਣੌਤੀਆਂ ਦੇ ਹੱਲ ਨਿੱਕਲਣੇ ਹਨ।

ਸੱਚੇ ਪਾਤਿਸ਼ਾਹ ਭਲੀ ਕਰੇ!

***

ਹਵਾਲੇ ਅਤੇ ਟਿੱਪਣੀਆਂ:

  1. ਇਹਨਾਂ ਤਿੰਨਾਂ ਨੁਕਤਿਆਂ ਬਾਰੇ ਵਿਸਤਾਰ ਵਿਚ ਜਾਣਕਾਰੀ ਲਈ ਪਾਠਕ ਸੰਵਾਦ ਵਲੋਂ ਜਾਰੀ ਕੀਤਾ ਖਰੜਾ “ਅਗਾਂਹ ਵੱਲ ਨੂੰ ਤੁਰਦਿਆਂ…” ਵੇਖ ਸਕਦੇ ਹਨ।
  2. ਖਾਲਸਾ ਪ੍ਰਬੂਸਤਾ ਸਿਧਾਂਤ, ਸੁਖਦਿਆਲ ਸਿੰਘ, ਪੰਨਾ 45
5 1 vote
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x