ਚੋਣਾਂ ਵਿੱਚ ਸ਼ਮੂਲੀਅਤ ਦਾ ਫੈਸਲਾ ਅਤੇ ਸਾਡੀ ਫੈਸਲੇ ਲੈਣ ਦੀ ਰਵਾਇਤ

ਚੋਣਾਂ ਵਿੱਚ ਸ਼ਮੂਲੀਅਤ ਦਾ ਫੈਸਲਾ ਅਤੇ ਸਾਡੀ ਫੈਸਲੇ ਲੈਣ ਦੀ ਰਵਾਇਤ

ਪੰਜਾਬ ਵਿਧਾਨ ਸਭਾ ਚੋਣਾਂ ਆਉਂਦੀ 20 ਫਰਵਰੀ ਨੂੰ ਹੋਣ ਜਾ ਰਹੀਆਂ ਹਨ। ਸਿਆਸਤ ਦੀਆਂ ਗੁੰਝਲਾਂ ਨੂੰ ਸਮਝਣ ਵਾਲੇ ਅਤੇ ਇੰਡੀਆ ਦੇ ਮਜੂਦਾ ਪ੍ਰਬੰਧ ਹੇਠ ਸੂਬੇ ਦੇ ਸੂਬੇਦਾਰ ਦੀਆਂ ਅਸਲ ਤਾਕਤਾਂ ਤੋਂ ਵਾਕਿਫ ਸੱਜਣ ਇਹਨਾਂ ਚੋਣਾਂ ਦੇ ਅਸਲ ਮਾਇਨੇ ਭਲੀ ਭਾਂਤ ਜਾਣਦੇ ਹਨ ਅਤੇ ਉਹ ਇਸ ਸਭ ਤੋਂ ਆਪਣੇ ਆਪ ਨੂੰ ਪਾਸੇ ਵੀ ਰੱਖ ਰਹੇ ਹਨ। ਪਰ ਇਹ ਵੀ ਹਕੀਕਤ ਹੈ ਕਿ ਵੱਡਾ ਹਿੱਸਾ ਇਹਨਾਂ ਚੋਣਾਂ ਵਿੱਚ ਆਪਣੀ ਸਿੱਧੀ-ਅਸਿੱਧੀ ਸ਼ਮੂਲੀਅਤ ਕਰ ਰਿਹਾ ਹੈ ਭਾਵੇਂ ਪੰਜਾਬ ਦੇ ਅਸਲ ਮੁੱਦਿਆਂ ਨੂੰ ਹੁਣ ਕੋਈ ਵੀ ਪਾਰਟੀ ਚੋਣਾਂ ਵਿੱਚ ਕੋਈ ਬਹੁਤਾ ਥਾਂ ਨਹੀਂ ਦਿੰਦੀ। ਚੋਣਾਂ ਵਿੱਚ ਸ਼ਮੂਲੀਅਤ ਕਰਨੀ ਜਾਂ ਨਾ ਕਰਨੀ, ਜੇਕਰ ਕਰਨੀ ਤਾਂ ਕਿਸ ਤਰੀਕੇ ਅਤੇ ਕਿੰਨੀ ਕੁ ਕਰਨੀ ਇਸ ਬਾਰੇ ਸਭ ਦੇ ਆਪੋ ਆਪਣੇ ਫੈਸਲੇ ਹੁੰਦੇ ਹਨ। ਸਿੱਖਾਂ ਦੇ ਸਬੰਧ ਵਿੱਚ ਚੋਣਾਂ ਨੂੰ ਲੈ ਕੇ ਭਾਵੇਂ ਸੁਹਿਰਦ ਹਿੱਸੇ ਨੂੰ ਇਸ ਗੱਲ ਦੀ ਸਮਝ ਹੈ ਕਿ ਪਾਤਿਸਾਹੀ ਦਾਅਵਾ ਦੁਨਿਆਵੀ ਤਖਤ ‘ਤੇ ਨਿਰਭਰ ਨਹੀਂ ਹੈ ਇਸ ਲਈ ਗੁਰੂ ਖਾਲਸਾ ਪੰਥ ਸਦਾ ਹੀ ਆਪਣੇ ਵੱਲੋਂ ਬਣਾਏ ਰਾਜ ਪ੍ਰਬੰਧ ਤੋਂ ਉੱਪਰ ਰਹੇਗਾ। ਅਤੇ ਨਾਲ ਹੀ ਇਹ ਵੀ ਹੁਣ ਬਹੁਤਿਆਂ ਨੂੰ ਸਪਸ਼ਟ ਹੋ ਗਿਆ ਹੈ ਕਿ ਸਿੱਖ ਮਸਲੇ ਇਹਨਾਂ ਚੋਣਾਂ ਰਾਹੀਂ ਜਾਂ ਇੰਡੀਆ ਦੇ ਇਸ ਮਜੂਦਾ ਪ੍ਰਬੰਧ ਹੇਠ ਚੋਣਾਂ ਲੜ੍ਹ ਕੇ ਹੱਲ ਕਰਨ ਕਰਵਾਉਣ ਦੀ ਹੁਣ ਕੋਈ ਬਹੁਤੀ ਗੁੰਜਾਇਸ਼ ਬਚੀ ਨਹੀਂ ਹੈ। ਪਰ ਸਿੱਖਾਂ ਲਈ ਇਹ ਗੱਲ ਵੀ ਵਿਚਾਰਨ ਵਾਲੀ ਹੈ ਕਿ ਚੋਣਾਂ ਸਬੰਧੀ ਆਪਣੀ ਸ਼ਮੂਲੀਅਤ ਲਈ ਅਸੀਂ ਆਪੋ ਆਪਣੇ ਨਿੱਜੀ ਫੈਸਲੇ ਹੀ ਕਰਦੇ ਰਹਿਣਾ ਹੈ ਜਾਂ ਕਿਸੇ ਤਰ੍ਹਾਂ ਕੋਈ ਸਾਂਝਾ ਫੈਸਲਾ ਵੀ ਲਿਆ ਜਾ ਸਕਦਾ ਹੈ? ਇਸ ਸਬੰਧੀ ਸਾਡੀ ਰਵਾਇਤ ਵਿੱਚ ਕਿਹੜਾ ਅਮਲ ਪਿਆ ਹੈ ਅਤੇ ਉਹ ਅਮਲ ਕਿੰਨਾ ਕੁ ਜਰੂਰੀ ਹੈ?

ਅਸੀਂ ਇਸ ਗੱਲ ਤੋਂ ਵੀ ਭਲੀਭਾਂਤ ਵਾਕਿਫ਼ ਹੋਵਾਂਗੇ ਕਿ ਮਜੂਦਾ ਸਮੇਂ ਵਿੱਚ ਦੁਨੀਆਂ ਭਰ ਦੇ ਸਿੱਖਾਂ ਜਾਂ ਇਕੱਲੇ ਕਿਸੇ ਇੱਕ ਸੂਬੇ ਦੇ ਸਿੱਖਾਂ ਦਾ ਵੀ ਕਿਸੇ ਮਸਲੇ ਉੱਤੇ ਕੋਈ ਸਾਂਝਾ ਫੈਸਲਾ ਕਰਨਾ ਹਾਲ ਦੀ ਘੜੀ ਸ਼ਾਇਦ ਸੰਭਵ ਨਹੀਂ ਹੈ ਜਾਂ ਘੱਟੋ-ਘੱਟ ਸੌਖਾਲਾ ਤਾਂ ਬਿਲਕੁਲ ਨਹੀਂ ਹੈ। ਇਸ ਦਰਪੇਸ਼ ਚੁਣੌਤੀ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਸਗੋਂ ਇਸ ਨੂੰ ਸਾਹਮਣੇ ਰੱਖਦਿਆਂ ਹੀ ਅਗਲਾ ਅਮਲ ਵਿਚਾਰਨਾ ਹੋਵੇਗਾ। ਪਰ ਉਸ ਤੋਂ ਪਹਿਲਾਂ ਇਸ ਗੱਲ ਵੱਲ ਕੇਂਦਰਿਤ ਹੋਣਾ ਜਰੂਰੀ ਹੈ ਕਿ ਸਿੱਖਾਂ ਦੀ ਫੈਸਲੇ ਕਰਨ ਦੀ ਰਵਾਇਤ ਕੀ ਹੈ।

ਗੁਰੂ ਖਾਲਸਾ ਪੰਥ ਵਿੱਚ ਫੈਸਲੇ ਲੈਣ ਲਈ ‘ਗੁਰਮਤਾ’ ਸੰਸਥਾ ਦੀ ਪ੍ਰਣਾਲੀ ਪ੍ਰਚਲਤ ਹੈ। ਅਸਲ ਵਿੱਚ ਇਹੀ ਸਾਡਾ ਮੂਲ ਹੈ। ‘ਅਗਾਂਹ ਵੱਲ ਨੂੰ ਤੁਰਦਿਆਂ’ ਖਰੜੇ ਵਿੱਚ ਦਰਜ ਹੈ ਕਿ “ਗੁਰਮਤਾ, ਸਰਬਤ ਗੁਰ-ਸੰਗਤਿ ਦੇ ਕਿਸੇ ਖਾਸ ਵਿਸ਼ੇ ਸੰਬੰਧੀ ਸਪਸ਼ਟ ਨਜਰੀਆ ਹੈ। ਗੁਰੂ ਖਾਲਸਾ ਪੰਥ ਵਿੱਚ ਫੈਸਲੇ ਸੰਗਤੀ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਚ-ਪ੍ਰਧਾਨੀ ਅਗਵਾਈ ਪ੍ਰਣਾਲੀ ਤਹਿਤ ਕੀਤੇ ਜਾਂਦੇ ਹਨ। ਗੁਰੂ ਖਾਲਸਾ ਪੰਥ ਦੀ ਪਰੰਪਰਾ ਵਿੱਚ ਪੰਜ ਸਿੰਘ ਸਾਹਿਬਾਨ ਗੁਰ-ਸੰਗਤਿ ਦੇ ਵਿਚਾਰ ਸੁਣਦੇ ਹਨ। ਗੁਰਬਾਣੀ ਅਤੇ ਤਵਾਰੀਖ ਦੀ ਅੰਤਰ-ਦ੍ਰਿਸ਼ਟੀ ਨਾਲ ਨਤੀਜੇ ਉੱਪਰ ਪਹੁੰਚਦੇ ਹਨ। ਪੰਜ ਸਿੰਘ ਸਾਹਿਬਾਨ ਦਾ ਹੁਕਮ ਅੰਤਿਮ ਹੁੰਦਾ ਹੈ। ਫੈਸਲਾ ਲੈਣ ਵਾਲੇ ਪੰਜ ਸਿੰਘ ਸਾਹਿਬ ਮੌਕੇ ‘ਤੇ ਹੀ ਸੰਗਤ ਵਿੱਚੋਂ ਚੁਣੇ ਜਾਂਦੇ ਹਨ। ਅੰਤਮ ਫੈਸਲਾ ਲੈਣ ਤੋਂ ਬਾਅਦ ਮੁੜ ਸੰਗਤ ਦਾ ਹੀ ਹਿੱਸਾ ਬਣ ਜਾਂਦੇ ਹਨ।”

‘ਗੁਰਮਤਾ’ ਸੰਸਥਾ ਕਿੰਨੀ ਕੁ ਅਹਿਮ ਹੈ ਅਤੇ ਇਸ ਤੋਂ ਬਿਨ੍ਹਾਂ ਸਾਡੇ ਅਮਲ ਉੱਤੇ ਕੀ ਅਸਰ ਪੈਂਦਾ ਹੈ ਇਸ ਬਾਬਤ ‘ਖਾਲਸਾ ਪ੍ਰਭੂਸਤਾ ਸਿਧਾਂਤ’ ਵਿੱਚ ‘ਸੁਖਦਿਆਲ ਸਿੰਘ’ ਲਿਖਦੇ ਹਨ ਕਿ “ਗੁਰਮਤਾ ਖਾਲਸਾ ਪ੍ਰਭੂਸੱਤਾ ਸਿਧਾਂਤ ਜਾਂ ਸਿੱਖ ਰਾਜਨੀਤੀ ਦੀ ਬੁਨਿਆਦ ਹੈ। ਇਸ ਸੰਸਥਾ ਤੋਂ ਬਿਨ੍ਹਾਂ ਜੇ ਸਿੱਖ ਰਾਜਨੀਤੀ ਚਲਾਈ ਜਾਂਦੀ ਹੈ ਤਾਂ ਉਸ ਦਾ ਸਿੱਖ ਕਰੈਕਟਰ ਨਹੀਂ ਹੋਵੇਗਾ। ਸਿੱਖ ਧਰਮ ਵਿੱਚ ਮੁੱਢ ਤੋਂ ਹੀ ਸੰਗਤ ਦੀ ਸਰਬਉੱਚਤਾ ਰਹੀ ਹੈ। ਖਾਲਸਾ ਪੰਥ ਸਾਜ ਕੇ, ਸਖਸ਼ੀ ਗੁਰਿਆਈ ਖਤਮ ਕਰ ਕੇ ਅਤੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਤੇ ਖਾਲਸਾ ਪੰਥ ਵਿੱਚ ਸਮਿਲਤ ਕਰ ਕੇ, ਸੰਗਤ ਦੀ ਸਰਬਉੱਚਤਾ ਨੂੰ ਪੱਕੇ ਤੌਰ ‘ਤੇ ਜਥੇਬੰਦਕ ਰੂਪ ਵਿੱਚ ਕਾਇਮ ਕਰ ਦਿੱਤਾ ਗਿਆ ਸੀ। ਗੁਰਮਤਾ ਸੰਗਤ ਦੀ ਸਰਬਉੱਚਤਾ ਨੂੰ ਦਰਸਾਉਣ ਦੀ ਅਤੇ ਇਸ ਦੀ ਸਰਬ ਸਾਂਝੀ ਰਾਇ ਨੂੰ ਪ੍ਰਗਟਾਉਣ ਦੀ ਸੰਸਥਾ ਹੈ।”

ਗੁਰਮਤਾ ਅਤੇ ਸਰਬ-ਸੰਮਤੀ ਵਿੱਚ ਅੰਤਰ ਬਾਬਤ ‘ਅਗਾਂਹ ਵੱਲ ਨੂੰ ਤੁਰਦਿਆਂ’ ਖਰੜੇ ਵਿੱਚ ਲਿਖਿਆ ਮਿਲਦਾ ਹੈ ਕਿ “ਗੁਰਮਤਾ ਅਤੇ ਪੱਛਮੀ ਤਰਜ ਦੀ ਸਰਬ-ਸੰਮਤੀ ਜਾਂ ਆਮ ਸਹਿਮਤੀ ਦੇ ਮਤੇ ਵਿਚ ਬਹੁਤ ਵਖਰੇਵਾਂ ਹੈ। ਪੱਛਮੀ ਤਰਜ ਦੀ ਸਰਬ-ਸੰਮਤੀ ਬਣਾਉਣ ਲਈ ਸਭਾ ਵਿੱਚ ਇੱਕਤਰ ਮਨੁੱਖ ਆਪਣੀ ਨਿੱਜ-ਹੋਂਦ ਨੂੰ ਸਭਾ ਦੀ ਸਾਂਝੀ ਹੋਂਦ ਵਿੱਚ ਜਜ਼ਬ ਨਹੀਂ ਕਰਦੇ ਸਗੋਂ ਵਿਅਕਤੀਗਤ ਰਾਵਾਂ ਨੂੰ ਥੋੜ੍ਹਾ ਵਧਾ ਘਟਾ ਕੇ ਆਮ ਸਹਿਮਤੀ ਬਣਾਈ ਜਾਂਦੀ ਹੈ, ਜਦਕਿ ਗੁਰਮਤੇ ਵਿੱਚ ਹਾਜਰ ਸਰਬਤ ਸਿੰਘ ਆਪਣੀ ਨਿੱਜ ਹੋਂਦ ਤੋਂ ਉੱਪਰ ਉੱਠ ਕੇ ਆਤਮਕ ਤੌਰ ‘ਤੇ ਇਕਮਿਕ ਅਵਸਥਾ ਵਿੱਚ ਹੁੰਦੇ ਹਨ।”

ਹੁਣ ਉਸ ਦਰਪੇਸ਼ ਚੁਣੌਤੀ ਵੱਲ ਪਰਤੀਏ ਜਿਸ ਵਿੱਚ ਹਾਲ ਦੀ ਘੜੀ ਦੁਨੀਆਂ ਭਰ ਦੇ ਸਿੱਖਾਂ ਜਾਂ ਇਕੱਲੇ ਕਿਸੇ ਇੱਕ ਸੂਬੇ ਦੇ ਸਿੱਖਾਂ ਦਾ ਵੀ ਕਿਸੇ ਮਸਲੇ ਉੱਤੇ ਕੋਈ ਸਾਂਝਾ ਫੈਸਲਾ ਕਰਨਾ ਸੰਭਵ ਨਹੀਂ ਜਾਪਦਾ। ਬੇਸ਼ੱਕ ਜਦੋਂ ਕਿਸੇ ਨੂੰ ਪੰਥ ਦੀ ਰਵਾਇਤ ਆਪਣੇ ਹੋਰ ਨਿੱਜੀ ਕਾਰਨਾਂ ਜਾਂ ਵਖਰੇਵਿਆਂ ਤੋਂ ਵੱਡੀ ਮਹਿਸੂਸ ਹੋਵੇਗੀ ਤਾਂ ਇਹ ਚੁਣੌਤੀ ਝੱਟ ਪੱਟ ਦੂਰ ਹੋ ਜਾਵੇਗੀ ਪਰ ਫਿਰ ਵੀ ਸ਼ੁਰੁਆਤ ਵਜੋਂ ਅਮਲੀ ਤੌਰ ਉੱਤੇ ‘ਗੁਰਮਤਾ ਸੰਸਥਾ’ ਨੂੰ ਮੁੜ ਸੁਰਜੀਤ ਕਰਨ ਦੇ ਰਾਹ ਪੈਣ ਲਈ ਆਪੋ ਆਪਣੇ ਇਲਾਕੇ ਵਿੱਚ ਸੰਗਤਾਂ ਨੂੰ ਇਹ ਉੱਦਮ ਕਰਨਾ ਚਾਹੀਦਾ ਹੈ। ਚੋਣਾਂ ਸਬੰਧੀ ਫੈਸਲਾ ਵੀ ਇਲਾਕੇ ਦੀ ਸੰਗਤ ਨੂੰ ਇਕੱਤਰ ਹੋ ਕਰ ਕੇ, ‘ਗੁਰਮਤਾ’ ਸੰਸਥਾ ਦੀ ਪ੍ਰਣਾਲੀ ਰਾਹੀਂ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਹੀ ਸਹਿਜੇ-ਸਹਿਜੇ ਇਸ ਰਵਾਇਤ ਨੂੰ ਮੁੜ ਸੁਰਜੀਤ ਕੀਤਾ ਜਾ ਸਕਦਾ ਹੈ। ਹਾਲ ਹੀ ਵਿੱਚ ‘ਪੰਥ ਸੇਵਕ ਜਥਾ ਦੁਆਬਾ’ ਵੱਲੋਂ ਇਸੇ ਰਿਵਾਇਤ ਨੂੰ ਸੁਰਜੀਤ ਕਰਦੇ ਹੋਏ ਪੰਜਾਬ ਵਿਧਾਨ ਸਭਾ ਚੋਣਾਂ 2022 ਬਾਰੇ ਇਕ ਗੁਰਮਤਾ ਕੀਤਾ ਗਿਆ। ਇਸ ਮਤੇ ਵਿਚ ਹਾਜ਼ਰ ਸਿੰਘਾਂ ਨੂੰ ਗੁਰਮਤੇ ਰਾਹੀਂ ਤੈਅ ਕੀਤੇ ਗਏ ਪੰਜ ਦਿਸ਼ਾ ਨਿਰਦੇਸ਼ਾਂ ਦੇ ਦਾਇਰੇ ਅਨੁਸਾਰ ਆਪਣੀ ਬੁੱਧ ਬਿਬੇਕ ਦੀ ਵਰਤੋਂ ਕਰਕੇ ਵੋਟ ਬਾਰੇ ਫੈਸਲਾ ਆਪ ਨਿੱਜੀ ਤੌਰ ਉੱਤੇ ਲੈਣ ਲਈ ਕਿਹਾ ਗਿਆ ਹੈ।

ਇਸੇ ਤਰ੍ਹਾਂ ਸੰਗਤ ਨੂੰ ਆਪੋ ਆਪਣੇ ਇਲਾਕਿਆਂ ਵਿੱਚ ਆਪਣੀ ਰਵਾਇਤ ਅਨੁਸਾਰ ਸਾਂਝੇ ਫੈਸਲੇ ਲੈਣ ਦੇ ਰਾਹ ਪੈਣਾ ਚਾਹੀਦਾ ਹੈ। ਵਿਧਾਨ ਸਭਾ ਚੋਣਾਂ ਵਿੱਚ ਆਪਣੀ ਸ਼ਮੂਲੀਅਤ ਦੇ ਫੈਸਲੇ ਤੋਂ ਇਹ ਸ਼ੁਰੂਆਤ ਕੀਤੀ ਜਾ ਸਕਦੀ ਹੈ ਤਾਂ ਜੋ ਅਗਾਂਹ ਆਪਣੇ ਸਮਾਜਿਕ ਅਤੇ ਰਾਜਨੀਤਕ ਫੈਸਲੇ ਆਪਣੀ ਰਵਾਇਤ ਅਨੁਸਾਰ ਲੈਣ ਦੇ ਰਾਹ ਪਿਆ ਜਾ ਸਕੇ।

0 0 votes
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x