ਸਿੱਖ ਮਜਲੂਮ ਧਿਰਾਂ ਦਾ ਸਾਥ ਦੇ ਕੇ ਗੁਰਮਤਿ ਆਸ਼ੇ ’ਤੇ ਚੱਲਣ: ਪੰਥਕ ਸ਼ਖ਼ਸੀਅਤਾਂ

ਸਿੱਖ ਮਜਲੂਮ ਧਿਰਾਂ ਦਾ ਸਾਥ ਦੇ ਕੇ ਗੁਰਮਤਿ ਆਸ਼ੇ ’ਤੇ ਚੱਲਣ: ਪੰਥਕ ਸ਼ਖ਼ਸੀਅਤਾਂ

ਜੁਝਾਰੂ ਪੰਥਕ ਸ਼ਖ਼ਸੀਅਤਾਂ

ਨੇ ਅੱਜ ਇਕ ਲਿਖਤੀ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਫਿਰਕਾਪ੍ਰਸਤੀ, ਵਿਤਕਰੇਬਾਜ਼ੀ ਤੇ ਨਾਬਰਾਬਰੀ ’ਤੇ ਉਸਰੀ ਤੇ ਮਨੁਖਤਾ ਵਿੱਚ ਵੰਡੀਆਂ ਪਾਉਣ ਵਾਲੀ ਹਿੰਦੂਤਵੀ ਬਿਪਰੀ ਵਿਚਾਰਧਾਰਾ ਭਾਰਤੀ ਉਪਮਹਾਂਦੀਪ ਦੇ ਖਿੱਤੇ ਨੂੰ ਬਹੁਤ ਹੀ ਖ਼ਤਰਨਾਕ ਹਾਲਾਤ ਵੱਲ ਧੱਕ ਰਹੀ ਹੈ। ਇਹ ਬਿਆਨ ਅਸੀਂ ਪਾਠਕਾਂ ਦੀ ਜਾਣਕਾਰੀ ਹਿਤ ਹੇਠਾਂ ਸਾਂਝਾ ਕਰ ਰਹੇ ਹਾਂ:

ਸਾਂਝਾ ਬਿਆਨ

ਫਿਰਕਾਪ੍ਰਸਤੀ, ਵਿਤਕਰੇਬਾਜ਼ੀ ਤੇ ਨਾਬਰਾਬਰੀ ’ਤੇ ਉਸਰੀ ਤੇ ਮਨੁਖਤਾ ਵਿੱਚ ਵੰਡੀਆਂ ਪਾਉਣ ਵਾਲੀ ਹਿੰਦੂਤਵੀ ਬਿਪਰੀ ਵਿਚਾਰਧਾਰਾ ਭਾਰਤੀ ਉਪਮਹਾਂਦੀਪ ਦੇ ਖਿੱਤੇ ਨੂੰ ਬਹੁਤ ਹੀ ਖ਼ਤਰਨਾਕ ਹਾਲਾਤ ਵੱਲ ਧੱਕ ਰਹੀ ਹੈ। ਬਿਪਰਵਾਦੀ ਸੋਚ ਦੇ ਧਾਰਨੀ ਹਿੰਦੂ ਸੰਗਠਨ ਆਰ.ਐਸ.ਐਸ. ਦੇ ਮੁਖੀ ਦਾ ਤਾਜ਼ਾ ਬਿਆਨ, “ਹਿੰਦੂ ਬੀਤੇ 1000 ਸਾਲ ਤੋਂ ਜੰਗ ਦੇ ਹਾਲਾਤ ਵਿਚ ਹਨ ਅਤੇ ਉਹਨਾ ਦਾ ਹਮਲਾਵਰ ਹੋਣਾ ਸੁਭਾਵਕ ਹੀ ਹੈ”, ਇਸ ਉਪਦੀਪ ਤੇ ਇਥੇ ਰਹਿੰਦੀਆਂ ਧਾਰਮਿਕ ਘੱਟਗਿਣਤੀ ਕੌਮਾਂ, ਖ਼ਾਸ ਕਰਕੇ ਮੁਸਲਮਾਨਾਂ ਲਈ ਆ ਰਹੇ ਭਿਆਨਕ ਖ਼ਤਰੇ ਦੀ ਘੰਟੀ ਹੈ।

ਸੰਸਾਰ ਵਿੱਚ ਨਸਲਕੁਸ਼ੀ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਖ਼ੁਦ ਨੂੰ ਉੱਤਮ ਅਤੇ ਬਾਕੀਆਂ ਨੂੰ ਦੋਮ ਦੱਸਣ ਵਾਲੀਆਂ ਫਿਰਕੂ ਨਸਲੀ ਵਿਚਾਰਧਾਰਾਵਾਂ ਜਦੋਂ ਰਾਜਸਤਾ ’ਤੇ ਕਾਬਜ਼ ਹੋ ਜਾਂਦੀਆਂ ਹਨ ਤਾਂ ਉਹਨਾਂ ਵੱਲੋਂ  ਘੱਟਗਿਣਤੀ ਕੌਮਾਂ ਤੇ ਭਾਈਚਾਰਿਆਂ ਨੂੰ ਬੀਤੇ ਸਮੇ ਵਿਚ ਵਾਪਰੀਆਂ ਦੁਖਦਾਈ ਘਟਨਾਵਾਂ ਤੇ ਪੈਦਾ ਹੋਈਆਂ ਮੁਸੀਬਤਾਂ ਲਈ ਜਿੰਮੇਵਾਰ ਠਹਿਰਾਇਆ ਜਾਂਦਾ ਹੈ ਅਤੇ ਉਹਨਾਂ ਵਿਰੁੱਧ ਹੋ ਰਹੇ ਨਫਰਤੀ ਪ੍ਰਚਾਰ ਤੇ ਜੁਲਮਾਂ ਨੂੰ ਬੀਤੇ ਦੀਆਂ ਮੁਸੀਬਤਾਂ ਵਿਰੁੱਧ ਆਈ ਜਾਗ੍ਰਿਤੀ ਦਾ ਪ੍ਰਗਟਾਵਾ ਦੱਸਿਆ ਜਾਂਦਾ ਹੈ। ਅਜਿਹਾ ਕਰਕੇ ਇਹਨਾਂ ਘੱਟਗਿਣਤੀ ਕੌਮਾਂ ਤੇ ਭਾਈਚਾਰਿਆਂ ਦੀ ਨਸਲਕੁਸ਼ੀ ਕਰਨ ਦਾ ਅਧਾਰ ਤਿਆਰ ਕੀਤਾ ਜਾਂਦਾ ਹੈ। ਆਰ. ਐਸ. ਐਸ. ਮੁਖੀ ਦੀ ਹਾਲੀਆ ਮੁਲਾਕਾਤ (ਇੰਟਰਵਿਊ), ਜੋ ਸੰਘ ਦੇ ਰਸਾਲੇ ‘ਆਰਗੇਨਾਈਜ਼ਰ’ ਵਿਚ ਛਪੀ ਹੈ, ਰਾਹੀਂ ਘੱਟਗਿਣਤੀਆਂ ਵਿਰੁੱਧ ਹੋ ਰਹੇ ਨਫਤਰ ਭਰੇ ਪ੍ਰਚਾਰ ਅਤੇ ਹਿੰਸਾ ਨੂੰ ਜਾਇਜ਼ ਠਹਿਰਾ ਕੇ ਇਸ ਨਫਰਤੀ ਮਾਹੌਲ ਨੂੰ ਹੋਰ ਵਧੇਰੇ ਖ਼ਤਰਨਾਕ ਮੋੜ ਦੇਣ ਵਾਲੀ ਘਿਨਾਉਣੀ ਸੋਚ ਹੈ।

ਗੁਰਮਤਿ ਦਾ ਆਸ਼ਾ ਅਤੇ ਗੁਰੂ ਖਾਲਸਾ ਪੰਥ ਦਾ ਬਿਰਦ ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਦਾ ਸੰਦੇਸ਼ ਹੈ। ਸਿੱਖ ਕੌਮ ਨੂੰ ਆਪਣੇ ਆਦਰਸ਼ਾਂ, ਇਤਿਹਾਸ ਅਤੇ ਪ੍ਰੰਪਰਾ ‘ਤੇ ਮਾਣ ਹੈ ਕਿ ਸਿੱਖ ਬਰਾਬਰੀ ਅਤੇ ਨਿਆਂ ਜਿਹੀਆਂ ਕਦਰਾਂ-ਕੀਮਤਾਂ ਦੇ ਸਦਾ ਪਹਿਰੇਦਾਰ ਰਹੇ ਹਨ। ਭਾਰਤੀ ਉਪਮਹਾਂਦੀਪ ਵਿਚ ਇਸ ਸਮੇ ਬਣ ਰਹੇ ਖ਼ਤਰਨਾਕ ਹਾਲਾਤ ਵਿਚ ਸਿੱਖਾਂ ਨੂੰ ਗੁਰੂ ਆਸ਼ੇ ਤੇ ਪੰਥਕ ਪ੍ਰੰਪਰਾ ਅਨੁਸਾਰ ਮਜ਼ਲੂਮਾਂ ਨਾਲ ਖੜ੍ਹਨਾ ਚਾਹੀਦਾ ਹੈ ਅਤੇ ਬਿਪਰਵਾਦ ਦੇ ਖ਼ਤਰਨਾਕ ਮਨਸੂਬਿਆਂ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। 

ਸਮਾਜ ਦੇ ਸਾਰੇ ਨਿਆਂ ਪਸੰਦ ਲੋਕਾਂ ਨੂੰ ਹਿੰਦੁਸਤਾਨ ਵਿਚ ਬਿਪਰਵਾਦ ਵੱਲੋਂ ਘੱਟਗਿਣਤੀਆਂ ਦੀ ਨਸਲਕੁਸ਼ੀ ਲਈ ਤਿਆਰ ਕੀਤੇ ਜਾ ਰਹੇ ਪਿੜ ਬਾਰੇ ਗ੍ਰੈਗਰੀ ਐਚ. ਸਟੈਨਟਨ ਜਿਹੇ ਮਾਹਰਾਂ ਦੀਆਂ ਚੇਤਾਵਨੀਆਂ ਨੂੰ ਗੰਭੀਰਤਾ ਨਾਲ ਲੈਂਦਿਆਂ, ਇਸ ਨਫਰਤ ਭਰੇ ਫਿਰਕੂ ਮਾਹੌਲ ਵਿਰੁੱਧ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਕੌਮਾਂਤਰੀ ਭਾਈਚਾਰੇ ਨੂੰ ਇਸ ਹਾਲਾਤ ਨੂੰ ਹੋਰ ਵਧੇਰੇ ਖ਼ਤਰਨਾਕ ਮੋੜ ਲੈਣ ਤੋਂ ਪਹਿਲਾਂ ਲੋੜੀਂਦਾ ਦਖਲ ਦੇਣਾ ਚਾਹੀਦਾ ਹੈ ਤਾਂ ਜੋ ਇਥੇ ਮਨੁੱਖਤਾ ਵਿਰੁੱਧ ਹੋਣ ਵਾਲੇ ਸੰਭਾਵੀ ਮਹਾਂਜ਼ੁਰਮਾਂ ਨੂੰ ਸਦੀਵੀ ਠਲ੍ਹ ਪਾਈ ਜਾ ਸਕੇ ਅਤੇ ਅਗੇ ਲਈ ਅਜਿਹਾ ਬਾਨਣੂੰ ਬੰਨ੍ਹਿਆ ਜਾਵੇ ਕਿ ਸੱਤਾ ਦੇ ਨਸ਼ੇ ’ਚ ਅੰਨ੍ਹੀ ਹੋਈ ਕੋਈ ਵੀ ਫਿਰਕੂ ਵਿਚਾਰਧਾਰਾ ਘਟਗਿਣਤੀ ਕੌਮਾਂ ਤੇ ਭਾਈਚਾਰਿਆਂ ਵਿਰੁੱਧ ਘਿਨਾਉਣੀਆਂ, ਬੇਰਹਿਮ ਤੇ ਮਾਰੂ ਸੋਚਾਂ ਸੋਚਣ ਅਤੇ ਨੀਤੀਆਂ ਘੜਨ ਦਾ ਹੀਆ ਨਾ ਕਰੇ।

ਵੱਲੋਂ:

ਭਾਈ ਦਲਜੀਤ ਸਿੰਘ

ਭਾਈ ਨਰਾਇਣ ਸਿੰਘ   

ਭਾਈ ਲਾਲ ਸਿੰਘ ਅਕਾਲਗੜ੍ਹ                

ਭਾਈ ਭੁਪਿੰਦਰ ਸਿੰਘ ਭਲਵਾਨ        

ਭਾਈ ਸਤਨਾਮ ਸਿੰਘ ਖੰਡੇਵਾਲਾ   

ਭਾਈ ਰਾਜਿੰਦਰ ਸਿੰਘ ਮੁਗਲਵਾਲ   

ਭਾਈ ਸਤਨਾਮ ਸਿੰਘ ਝੰਜੀਆਂ

ਭਾਈ ਸੁਖਦੇਵ ਸਿੰਘ ਡੋਡ           

ਭਾਈ ਅਮਰੀਕ ਸਿੰਘ ਈਸੜੂ

ਭਾਈ ਹਰਦੀਪ ਸਿੰਘ ਮਹਿਰਾਜ   

ਭਾਈ ਮਨਜੀਤ ਸਿੰਘ ਫਗਵਾੜਾ

੨੯ ਪੋਹ ੫੫੪

(13 ਜਨਵਰੀ 2023)

0 0 votes
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x