ਸਾਖੀ ਖਿਦਰਾਣੇ ਕੀ

ਸਾਖੀ ਖਿਦਰਾਣੇ ਕੀ

ਸਮਾਂ ਐਸਾ ਬਣਿਆ ਕਿ ਗੁਰੂ ਕੇ ਪਿਆਰੇ ਪੰਜ ਪਿਆਰਿਆਂ ਨੇ ਗੁਰੂ ਸਾਹਿਬ ਨੂੰ ਹੁਕਮ ਕੀਤਾ ਕਿ ਗੁਰੂ ਕਾ ਖਾਲਸਾ ਤੁਹਾਨੂੰ ਚਮਕੌਰ ਦੀ ਗੜ੍ਹੀ ਨੂੰ ਛੱਡਣ ਦਾ ਹੁਕਮ ਕਰਦਾ ਹੈ। ਇਹ ਐਸੀ ਅਨੋਖੀ ਸਾਖੀ ਸੀ ਜਿਸ ਵਿਚ ਗੁਰੂ ਸਿੱਖ ਤੇ ਸਿੱਖ ਗੁਰੂ ਦਾ ਰੂਪ ਧਾਰਣ ਕਰ ਗਏ। ਇਸ ਸਾਰੀ ਘਟਨਾ ਨੂੰ ਸ. ਕਰਤਾਰ ਸਿੰਘ ਬਲੱਗਣ ਖੂਬਸੂਰਤ ਸਤਰਾਂ ਵਿਚ ਪੇਸ਼ ਕਰਦਾ ਹੈ:

ਸਿੱਖ ਨਾਲ ਜਕਲੱਬ ਦੇ ਬੋਲ ਉਠੇ,
ਹੁਣ ਕੁਝ ਸੁਣਨ ਸੁਣਾਨ ਦੀ ਆਗਿਆ ਨਹੀਂ।
ਗੋਬਿੰਦ ਸਿੰਘ ਤੈਨੂੰ ਪੰਥ ਹੁਕਮ ਦੇਂਦੈ,
ਏਥੇ ਘੜੀ ਲੰਘਾਣ ਦੀ ਆਗਿਆ ਨਹੀਂ।
ਤੂੰ ਹੈ ਗੁਰੂ ਤੇ ਖਾਲਸਾ ਗੁਰੂ ਤੇਰਾ,
ਉਹਦਾ ਹੁਕਮ ਪਰਤਾਣ ਦੀ ਆਗਿਆ ਨਹੀਂ।
ਤੇਰੀ ਅਮਾਨਤ ਹੈ ਖਾਲਸੇ ਦੀ,
ਉਹਨੂੰ ਕਿਤੇ ਅਵਾਣ ਦੀ ਆਗਿਆ ਨਹੀਂ।
ਛੇਤੀ ਉਠੋ ਤੇ ਕਲਗੀਆਂ ਜਿਗ੍ਹੇ ਲਾਹੋ,
ਦੂਰ ਵੈਰੀਆਂ ਦੀ ਨਜਰੋਂ ਹੱਟ ਜਾਉ।
ਵੇਲਾ ਪਾ ਕੇ ਫ਼ੌਜ ਤਿਆਰ ਕਰ ਲਵੋ,
ਫੇਰ ਦੁਸ਼ਮਨਾਂ ਦੇ ਅੱਗੇ ਡੱਟ ਜਾਉ।
ਸੁਣਿਆ ਗੁਰੂ ਨੇ ‘ਗੁਰੂ’ ਦਾ ਹੁਕਮਨਾਮਾ,
ਛੇਤੀ ਸੀਸ ਝੁਕਾ ਕੇ ਉਠ ਟੁਰਿਆ।
ਹੱਥ ਜੋੜ ਦਿੱਤੇ ਅੱਖਾਂ ਭਰ ਆਈਆਂ,
ਅਤੇ ਹੁਕਮ ਬਜਾ ਕੇ ਉਠ ਟੁਰਿਆ।

ਗੁਰੂ ਸਾਹਿਬ ਬਿਖੜੇ ਪੈਡਿਆਂ ਤੋਂ ਗੁਜ਼ਰਦੇ ਹੋਏ ਮਾਛੀਵਾੜੇ ਦੇ ਜੰਗਲਾਂ ਵਿਚ ਪਹੁੰਚੇ। ਇਥੇ ਹੀ ਗੁਰੂ ਸਾਹਿਬ ਜੀ ਨੂੰ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਪ੍ਰਾਪਤ ਕਰ ਜਾਣ ਦੀ ਖਬਰ ਮਿਲੀ। ਆਪਣੇ ਚਾਰੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਹੋ ਜਾਣ ਤੋਂ ਬਾਅਦ, ਗੁਰੂ ਸਾਹਿਬ ਜੀ ਨੇ ਮਾਛੀਵਾੜੇ ਦੇ ਅਸਥਾਨ ‘ਤੇ ਹੀ ਅਕਾਲ ਪੁਰਖ ਦੇ ਸ਼ੁਕਰਾਨੇ ਵਿਚ ਵੈਰਾਗਮਈ ਸ਼ਬਦ ਉਚਾਰਿਆ:

ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾਂ ਦਾ ਕਹਿਣਾ॥
ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ॥
ਸੂਲ ਸੁਰਾਹੀ ਖੰਜਰੁ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ॥
ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ॥

ਮਾਛੀਵਾੜੇ ਦੇ ਜੰਗਲ ਵਿਚੋਂ ਨਿਕਲ ਕੇ ਗੁਰੂ ਸਾਹਿਬ ਜੀ ਨੇ ਮਾਲਵੇ ਦੀ ਧਰਤੀ ਵੱਲ ਕੂਚ ਕੀਤਾ। ਇਸ ਸਮੇਂ ਗੁਰੂ ਸਾਹਿਬ ਜੀ ਕੋਲ ਸਿਰਫ ਗਿਣਤੀ ਦੇ ਹੀ ਸਿੰਘ ਸਨ, ਜਿਹਨਾਂ ਵਿਚ ਭਾਈ ਦਯਾ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਰਾਮ ਸਿੰਘ ਆਦਿ ਸਿੰਘ ਸਨ। ਮਾਲਵੇ ਦੇ ਬਹੁਤ ਸਾਰੇ ਸਿੰਘ ਗੁਰੂ ਸਾਹਿਬ ਜੀ ਨਾਲ ਰਸਤੇ ਵਿਚ ਜੁੜਦੇ ਗਏ। ਯੁਧ ਨੀਤੀ ਅਨੁਸਾਰ ਗੁਰੂ ਸਾਹਿਬ ਜੀ ਇਕ ਐਸੀ ਜਗ੍ਹਾ ਦੀ ਤਲਾਸ਼ ਵਿਚ ਸਨ, ਜਿਹੜੀ ਉਚੀ ਹੋਵੇ ਤੇ ਭਾਰੀ ਝਾੜੀਦਾਰ ਜੰਗਲ ਨਾਲ ਘਿਰੀ ਹੋਵੇ। ਆਪਣੀ ਇਸ ਵਿਉਂਤ ਅਨੁਸਾਰ ਗੁਰੂ ਸਾਹਿਬ ਜੀ ਖਿਦਰਾਣੇ ਦੀ ਢਾਬ ‘ਤੇ ਪਹੁੰਚਣਾ ਚਾਹੁੰਦੇ ਸਨ। ਉਹ ਰਾਮੇਆਣਾ ਦੇ ਨੇੜੇ ਪਹੁੰਚੇ ਜਿਥੇ ਸਿੰਘਾਂ ਦਾ ਇਕ ਜਥਾ ਗੁਰੂ ਸਾਹਿਬ ਜੀ ਨਾਲ ਰਲ ਗਿਆ। ਗੁਰੂ ਸਾਹਿਬ ਰਾਮੇਆਣਾ ਤੋਂ ਰੂਪੇਆਣਾ ਪਹੁੰਚੇ, ਜਿਥੋਂ ਢਾਬ ਅਜੇ ਵੀ ਦੋ ਕੋਹ ਦੀ ਦੂਰੀ ‘ਤੇ ਸੀ। ਇਸ ਤਰ੍ਹਾਂ ਗੁਰੂ ਸਾਹਿਬ ਜੀ ਅਨੇਕ ਬਿਖੜੇ ਮਾਰਗਾਂ ਤੋਂ ਗੁਜ਼ਰਦੇ ਹੋਏ ਖਿਦਰਾਣੇ ਦੀ ਢਾਬ ‘ਤੇ ਪਹੁੰਚੇ। ਇਥੇ ਬਹੁਤ ਵੱਡਾ ਕੱਚਾ ਤਾਲਾਬ ਸੀ, ਜਿਸ ਦੇ ਚੌਹਾਂ ਪਾਸਿਆਂ ਤੋਂ ਮੀਂਹ ਦਾ ਪਾਣੀ ਇਕੱਠਾ ਹੋ ਜਾਂਦਾ ਸੀ। ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਦੇ ਸਿਪਾਹੀ ਗੁਰੂ ਸਾਹਿਬ ਜੀ ਦਾ ਨਿਰੰਤਰ ਪਿਛਾ ਕਰ ਰਹੇ ਸਨ। ਗੁਰੂ ਸਾਹਿਬ ਜੀ ਇਸ ਗੱਲ ਤੋਂ ਸੁਚੇਤ ਸਨ, ਗੁਰੂ ਸਾਹਿਬ ਨੇ ਖਿਦਰਾਣੇ ਦੀ ਢਾਬ ‘ਤੇ ਝਾੜੀਦਾਰ ਜੰਗਲ ਵਿਚ ਪੱਕਾ ਮੋਰਚਾ ਬਣਾ ਲਿਆ। ਵਜ਼ੀਰ ਖਾਨ ਦੀ ਸਿਪਾਹੀ ਵੀ ਗੁਰੂ ਜੀ ਦੀ ਭਾਲ ਵਿਚ ਬਹੁਤੀ ਦੂਰ ਨਹੀਂ ਸਨ।

ਗੁਰੂ ਸਾਹਿਬ ਜੀ ਨੂੰ ਬੇਦਾਵਾ ਦੇ ਕੇ ਚਾਲੀ ਸਿੰਘ ਮਹਾਂ ਸਿੰਘ ਦੀ ਅਗਵਾਈ ਵਿਚ ਜਦ ਘਰ ਪਹੁੰਚੇ ਤਾਂ ਸਭ ਨੂੰ ਅਤਿ ਜ਼ਲੀਲ ਹੋਣਾ ਪਿਆ, ਤਾਅਨੇ-ਮਿਹਣੇ ਸੁਣਨੇ ਪਏ। ਮਾਈ ਭਾਗੋ ਜੀ ਨੇ ਸਮੂਹ ਚਾਲੀ ਸਿੰਘਾਂ ਨੂੰ ਲਾਹਣਤਾਂ ਪਾਈਆਂ। ਜਿਸ ਸਦਕਾ ਸਿੰਘ ਗੁਰੂ ਜੀ ਤੋਂ ਖਿਮਾ ਮੰਗਣ ਅਤੇ ਟੁੱਟੀ ਪ੍ਰੀਤ ਨੂੰ ਮੁੜ ਗੰਢਣ ਲਈ ਸਿਰ ‘ਪਰ ਸ਼ਹਾਦਤ ਦਾ ਕਫਨ ਬੰਨ੍ਹ ਗੁਰੂ ਜੀ ਵੱਲ ਤੁਰੇ ਹੋਏ ਸਨ। ਇਸ ਜਥੇ ਦੀ ਅਗਵਾਈ ਝਬਾਲ ਨਗਰ ਤੋਂ ਮਾਈ ਭਾਗੋ ਜੀ ਖੁਦ ਕਰ ਰਹੇ ਸਨ। ਉਹ ਗੁਰੂ ਜੀ ਦੀ ਸੂਹ ਲੈਂਦੇ-ਲੈਂਦੇ ਖਿਦਰਾਣੇ ਦੀ ਢਾਬ ਕੋਲ ਪੁੱਜ ਗਏ। ਵਜ਼ੀਰ ਖਾਨ ਦਾ ਲਸ਼ਕਰ ਵੀ ਗੁਰੂ ਸਾਹਿਬ ਜੀ ਦਾ ਪਿੱਛਾ ਕਰ ਰਿਹਾ ਸੀ। ਮਾਝੇ ਤੋਂ ਆਏ ਜਥੇ ਨੇ ਇਸ ਗੱਲ ਨੂੰ ਭਾਂਪ ਲਿਆ ਅਤੇ ਉਹ ਢਾਬ ਦੇ ਚੜ੍ਹਦੇ ਪਾਸੇ ਡਟ ਗਏ। ਜਥੇ ਦੇ ਸਿੰਘਾਂ ਨੇ ਮੁਗਲ ਸੈਨਾ ਨੂੰ ਰੋਕਣ ਲਈ ਆਪਣੇ ਬਸਤਰਾਂ ਨੂੰ ਝਾੜੀਆਂ ਉਪਰ ਵਿਸ਼ਾ ਦਿੱਤਾ ਤਾਂ ਜੋ ਮੁਗਲ ਸੈਨਾ ਨੂੰ ਸਿੰਘਾਂ ਦੀਆਂ ਛਾਉਣੀਆਂ ਦਾ ਭੁਲੇਖਾ ਪਵੇ। ਸਿੰਘਾਂ ਦੁਆਰਾ ਮੁਗਲ ਸੈਨਾ ਲਈ ਲਾਈ ਹੋਈ ਇਹ ਘਾਤ ਸਹੀ ਸਾਬਿਤ ਹੋਈ, ਜਿਸ ਨਾਲ ਮੁਗਲਾਂ ਦਾ ਭਾਰੀ ਨੁਕਸਾਨ ਹੋਇਆ। ਇਸ ਯੁਧ ਨੂੰ ਗੁਰੂ ਸਾਹਿਬ ਜੀ ਉੱਚੀ ਟਿੱਬੀ ਤੋਂ ਦੇਖ ਰਹੇ ਸਨ ਅਤੇ ਥੋੜ੍ਹੇ-ਥੋੜ੍ਹੇ ਸਿੰਘਾਂ ਦੇ ਜਥੇ ਵੀ ਭੇਜ ਰਹੇ ਸਨ। ਗੁਰੂ ਸਾਹਿਬ ਨੇ ਖੁਦ ਟਿੱਬੀ ਤੋਂ ਹੀ ਤੀਰਾਂ ਦੀ ਝੜੀ ਲਾ ਦਿੱਤੀ, ਮੁਗਲ ਸੈਨਾ ਨੂੰ ਇਹ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਇਹ ਤੀਰ ਕਿਥੋਂ ਆ ਰਹੇ ਨੇ। ਓਧਰ ਮਾਈ ਭਾਗੋ ਜੀ ਦੀ ਅਗਵਾਈ ਹੇਠਾਂ ਮਾਝੇ ਤੋਂ ਆਇਆ ਸਿੰਘਾਂ ਦਾ ਜਥਾ ਮੁਗਲ ਸੈਨਾ ਨਾਲ ਪੂਰੇ ਜਾਹੋ ਜਲਾਲ ਵਿਚ ਜੂਝ ਰਿਹਾ ਸੀ। ਬਹੁਤ ਥੋੜ੍ਹੀ ਗਿਣਤੀ ਦੇ ਸਿੰਘਾਂ ਨੇ ਹਮੇਸ਼ਾ ਦੀ ਤਰ੍ਹਾਂ ਮੁਗਲ ਸੈਨਾ ‘ਤੇ ਐਸੇ ਹੱਲੇ ਕੀਤੇ ਕਿ ਵੈਰੀ ਦਲ ਪਾਣੀ ਖੁਣੋਂ ਵੀ ਤਰਸ ਗਿਆ। ਜਿਥੇ ਸਿੰਘਾਂ ਦੇ ਜਥੇ ਦੀ ਗਿਣਤੀ ਬਹੁਤ ਨਾ-ਮਾਤਰ ਸੀ, ਜਿਸ ਦੇ ਮੁਕਾਬਲੇ ਮੁਗਲ ਸਿਪਾਹੀ ਹਜ਼ਾਰਾਂ ਦੀ ਗਿਣਤੀ ਵਿਚ ਸਨ। ਇਸ ਯੁਧ ਵਿਚ ਮੁਗਲ ਸੈਨਾ ਦੇ ਪੈਰ ਉਖੜ ਗਏ ਅਤੇ ਉਹ ਮੈਦਾਨ ਛੱਡ ਕੇ ਪਿੱਛੇ ਹਟ ਗਏ। ਗੁਰੂ ਸਾਹਿਬ ਯੁਧ ਦਾ ਨਜ਼ਾਰਾ ਦੂਰੋਂ ਹੀ ਤੱਕ ਰਹੇ ਸਨ। ਜਦ ਗੁਰੂ ਸਾਹਿਬ ਜੀ ਪੂਰੀ ਸਥਿਤੀ ਦਾ ਜ਼ਾਇਜਾ ਲਿਆ ਤਾਂ ਗੁਰੂ ਸਾਹਿਬ ਟਿੱਬੀ ਤੋਂ ਹੇਠਾਂ ਉਤਰੇ। ਗੁਰੂ ਸਾਹਿਬ ਚਾਲੀਆਂ ਸਿੰਘਾਂ ਦੇ ਰੁਮਾਲ ਨਾਲ ਮੁਖ ਪੂੰਝਦੇ ਹਨ ਤੇ ਇਕ ਸਿੰਘ ਦਾ ਨਾਮ ਹਜਾਰੀ ਤੇ ਕਿਸੇ ਦਾ ਵੀਹ ਹਜਾਰੀ ਰਖਦੇ ਹਨ। ਗੁਰੂ ਸਾਹਿਬ ਜੀ ਨੇ ਸ਼ਹਾਦਤ ਪਾ ਚੁੱਕੇ ਅਤੇ ਜ਼ਖਮੀ ਸਿੰਘਾਂ ਦੇ ਮੁੱਖੜੇ ਨਿਹਾਰੇ। ਉਹਨਾਂ ਆਪਣੇ ਕਰ-ਕਮਲਾਂ ਨਾਲ ਜ਼ਖਮੀ ਸਿੰਘਾਂ ਦੀ ਮਲ੍ਹਮ-ਪੱਟੀ ਕਰਨੀ ਸ਼ੁਰੂ ਕੀਤੀ। ਜ਼ਖਮੀਆਂ ਵਿਚ ਭਾਈ ਮਹਾਂ ਸਿੰਘ ਨੂੰ ਭਾਰੀ ਫੱਟ ਲੱਗੇ ਹੋਏ ਸਨ। ਗੁਰੂ ਸਾਹਿਬ ਜੀ ਨੇ ਅੰਤਿਮ ਸਾਹ ਲੈ ਰਹੇ ਭਾਈ ਮਹਾਂ ਸਿੰਘ ਦਾ ਸਿਰ ਗੋਦੀ ਵਿਚ ਰੱਖਿਆ। ਭਾਵੇਂ ਭਾਈ ਮਹਾਂ ਸਿੰਘ ਗੁਰੂ ਜੀ ਤੋਂ ਆਪਾ ਵਾਰ ਗਿਆ ਸੀ ਪਰ ਬੇਦਾਵਾ ਲਿਖੇ ਜਾਣ ਦੀ ਡਾਢੀ ਪੀੜ ਨੇ ਧੁਰ ਅੰਦਰ ਤੱਕ ਝੰਜੋੜ ਦਿੱਤਾ, ਸਰੀਰ ‘ਤੇ ਲੱਗੇ ਫੱਟਾਂ ਨਾਲੋਂ ਇਹ ਪੀੜ ਤਕਲੀਫ ਦੇਹ ਸੀ। ਭਰੇ ਮਨ ਨਾਲ ਭਾਈ ਮਹਾਂ ਸਿੰਘ ਨੇ ਗੁਰੂ ਸਾਹਿਬ ਜੀ ਨੂੰ ਅਰਜ਼ ਕੀਤੀ ਕਿ “ਪਾਤਸ਼ਾਹ ਜੇ ਤੁਠੇ ਹੋ ਤਾਂ ਜਿਹੜਾ ਬੇਦਾਵਾ ਮੈਂ ਤੇ ਮੇਰੇ ਵਰਗੇ ਹੋਰ ਸਿੱਖ ਲਿਖ ਕੇ ਦੇ ਆਏ ਸਾਂ, ਉਹ ਪਾੜ ਕੇ ਟੁੱਟੀ ਗੰਢ ਲਵੋ।” ਜਦ ਗੁਰੂ ਸਾਹਿਬ ਜੀ ਨੇ ਭਾਈ ਮਹਾਂ ਸਿੰਘ ਦੀਆਂ ਵੈਰਾਗ ਨਾਲ ਭਰੀਆਂ ਅੱਖਾਂ ਵਿਚੋਂ ਤਰਲੇ ਦੀ ਭਾਵਨਾ ਵੇਖੀ ਤਾਂ ਗੁਰੂ ਸਾਹਿਬ ਜੀ ਨੇ ਕਮਰਕੱਸੇ ਵਿਚੋਂ ਉਹ ਬੇਦਾਵਾ ਕੱਢ ਕੇ ਟੋਟੇ-ਟੋਟੇ ਕਰ ਦਿੱਤਾ ਅਤੇ ਟੁੱਟੀ ਗੰਢ ਲਈ। ਭਾਈ ਮਹਾਂ ਸਿੰਘ ਸ਼ਹਾਦਤ ਨੂੰ ਪ੍ਰਾਪਤ ਕਰ ਗਏ। ਮਾਈ ਭਾਗੋ ਜੀ ਵੀ ਬਹੁਤ ਜ਼ਖਮੀ ਹੋ ਚੁੱਕੇ ਸਨ, ਗੁਰੂ ਸਾਹਿਬ ਜੀ ਨੇ ਉਹਨਾਂ ਦਾ ਇਲਾਜ਼ ਕਰਵਾਇਆ ਅਤੇ ਸ਼ਹੀਦ ਹੋ ਚੁੱਕੇ ਸਿੰਘਾਂ ਦੇ ਅੰਗੀਠੇ ਤਿਆਰ ਕਰਕੇ ਹੱਥੀਂ ਸਸਕਾਰ ਕੀਤਾ। ਸਿੱਖ ਇਤਿਹਾਸ ਦੇ ਇਹ ਮਹਾਨ ਯੋਧੇ ਹਮੇਸ਼ਾ ਲਈ ‘ਮੁਕਤੇ’ ਹੋਕੇ ਅਕਾਲ ਪੁਰਖ ਦੀ ਗੋਦ ਵਿਚ ਜਾ ਬਿਰਾਜੇ।

3 2 votes
Article Rating
Subscribe
Notify of
2 ਟਿੱਪਣੀਆਂ
Oldest
Newest Most Voted
Inline Feedbacks
View all comments
2
0
Would love your thoughts, please comment.x
()
x