ਪਰਜਾ ਮੰਡਲ ਲਹਿਰ ਦੇ ਬਾਨੀ ਸ਼ਹੀਦ ਸਰਦਾਰ ਸੇਵਾ ਸਿੰਘ ਠੀਕਰੀਵਾਲਾ

ਪਰਜਾ ਮੰਡਲ ਲਹਿਰ ਦੇ ਬਾਨੀ ਸ਼ਹੀਦ ਸਰਦਾਰ ਸੇਵਾ ਸਿੰਘ ਠੀਕਰੀਵਾਲਾ

ਪਰਜਾ ਮੰਡਲ ਲਹਿਰ ਦੇ ਬਾਨੀ ਸ਼ਹੀਦ ਸੇਵਾ ਸਿੰਘ ਦਾ ਜਨਮ ਪਿੰਡ ਠੀਕਰੀਵਾਲਾ (ਬਰਨਾਲਾ) ਵਿਖੇ ਇੱਕ ਅਮੀਰ ਪਰਿਵਾਰ ਵਿੱਚ ਦੇਵਾ ਸਿੰਘ ਤੇ ਮਾਤਾ ਹਰ ਕੌਰ ਦੇ ਘਰ 24 ਅਗਸਤ 1886 ਨੂੰ ਹੋਇਆ ਸੀ। ਸੇਵਾ ਸਿੰਘ ਦੇ ਪਿਤਾ ਮਹਾਰਾਜਾ ਪਟਿਆਲਾ ਦੇ ਅਹਿਲਕਾਰ ਸਨ ਅਤੇ ਇਨ੍ਹਾਂ ਕੋਲ ਹੀ ਰਹਿ ਕੇ ਉਨ੍ਹਾਂ ਨੇ ਮੁਢਲੀ ਪੜ੍ਹਾਈ ਕੀਤੀ ਸੀ।

ਪਡ਼੍ਹਾਈ ਉਪਰੰਤ ਉਨ੍ਹਾਂ ਨੇ ਕੁਝ ਸਮਾਂ ਰਿਆਸਤ ਪਟਿਆਲਾ ਵਿੱਚ ਬਤੌਰ ਪਲੇਗ ਅਫ਼ਸਰ ਬਰਨਾਲਾ ਵੀ ਸੇਵਾ ਕੀਤੀ। ਫਿਰ, ਉਪਰੰਤ ਇਹ ਸੇਵਾ ਛੱਡ ਕੇ ਪਿੰਡ ਵਿੱਚ ਸਿੱਖ ਧਰਮ ਅਤੇ ਵਿੱਦਿਆ ਦਾ ਪ੍ਰਚਾਰ ਕਰਨਾ ਸੇਵਾ ਸਿੰਘ ਨੇ ਆਪਣੇ ਜੀਵਨ ਦਾ ਮੁੱਖ ਮਨੋਰਥ ਮਿਥ ਲਿਆ। ਇਸ ਮਨੋਰਥ ਤਹਿਤ ਸੇਵਾ ਸਿੰਘ ਨੇ ਜਰਨਲ ਬਖਸ਼ੀਸ਼ ਸਿੰਘ ਪਟਿਆਲਾ, ਹਰਚੰਦ ਸਿੰਘ ਰਈਸ ਭਦੌੜ, ਰਣਬੀਰ ਸਿੰਘ ਜੱਜ ਬਰਨਾਲਾ, ਕਰਨਲ ਨਰੈਣ ਸਿੰਘ ਪਟਿਆਲਾ ਅਤੇ ਬਸੰਤ ਸਿੰਘ ਠੀਕਰੀਵਾਲਾ ਨਾਲ ਮਿਲ ਕੇ 26 ਜੂਨ 1917 ਨੂੰ ਠੀਕਰੀਵਾਲਾ ਵਿੱਚ ਨਵਾਬ ਕਪੂਰ ਸਿੰਘ ਦੇ ਪੜਾਅ ਸਥਾਨ ’ਤੇ ਇੱਕ ਗੁਰਦੁਆਰੇ ਦੀ ਵਿਸ਼ਾਲ ਇਮਾਰਤ ਦਾ ਨੀਂਹ ਪੱਥਰ ਸੰਤ ਗੁਰਬਖਸ਼ ਸਿੰਘ ਪਟਿਆਲਾ ਤੋਂ ਰਖਵਾਇਆ, ਜੋ ਸਤੰਬਰ 1920 ਵਿੱਚ ਮੁਕੰਮਲ ਹੋਈ।

ਗੁਰਦੁਆਰਾ ਸੇਵਾ ਸਿੰਘ ਦੀਆਂ ਧਾਰਮਿਕ ਸਰਗਰਮੀਆਂ ਦਾ ਕੇਂਦਰ ਬਣਿਆ ਰਿਹਾ। 1920 ਵਿੱਚ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਚੁਣੇ ਗਏ। ਇਸ ਨਾਲ ਹੀ ਮਹਾਰਾਜਾ ਭੁਪਿੰਦਰ ਸਿੰਘ ਦੀਆਂ ਰਜਵਾੜਾਸ਼ਾਹੀ ਅਤੇ ਲੋਕ ਮਾਰੂ ਨੀਤੀਆਂ ਵਿਰੁੱਧ ਸੇਵਾ ਸਿੰਘ ਦੇ ਲਗਾਤਾਰ ਸੰਘਰਸ਼ਮਈ ਜੀਵਨ ਦੀ ਦਾਸਤਾਨ ਆਰੰਭ ਹੁੰਦੀ ਹੈ।

1923 ਵਿੱਚ ਅਕਾਲੀ ਲਹਿਰ ਦੇ ਜੈਤੋ ਦੇ ਮੋਰਚੇ ਦੌਰਾਨ ਅੰਗਰੇਜ਼ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗ਼ੈਰਕਾਨੂੰਨੀ ਕਰਾਰ ਦਿੰਦਿਆਂ ਇਨ੍ਹਾਂ ਜਥੇਬੰਦੀਆਂ ਦੇ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਲਈ ਹੁਕਮ ਜਾਰੀ ਕਰ ਦਿੱਤੇ ਸਨ। ਸੇਵਾ ਸਿੰਘ ਜੀ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ, ਰਿਆਸਤ ਪਟਿਆਲਾ ਦੇ ਜਥੇ ਦੇ ਪ੍ਰਧਾਨ ਹੋਣ ਦੀ ਹੈਸੀਅਤ ਵਿੱਚ ਸ੍ਰੀ ਮੁਕਤਸਰ ਸਾਹਿਬ ਤੋਂ ਗ੍ਰਿਫ਼ਤਾਰ ਕੀਤਾ ਗਿਆ।

1925 ਵਿੱਚ ਗੁਰਦੁਆਰਾ ਐਕਟ ਹੋਂਦ ਵਿੱਚ ਆਉਣ ਉਪਰੰਤ ਪਟਿਆਲਾ ਰਿਆਸਤ ਦੀ ਪੁਲੀਸ ਨੇ ਮੁੜ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਕਈ ਕੌਮੀ ਜਥੇਬੰਦੀਆਂ ਦੇ ਸੰਘਰਸ਼ ਦੇ ਫਲਸਰੂਪ ਉਨ੍ਹਾਂ ਨੂੰ ਅਗਸਤ 1929 ਵਿੱਚ ਬਿਨਾਂ ਸ਼ਰਤ ਰਿਹਾਅ ਕੀਤਾ ਗਿਆ। ਇਸ ਸਮੇਂ ਤਕ ਉਹ ਕਿਸਾਨੀ ਅਤੇ ਆਮ ਲੋਕਾਂ ਦੇ ਬਹੁ-ਪੱਖੀ ਹਿੱਤਾਂ ਦੀ ਸੁਰੱਖਿਆ ਦੇ ਮੰਤਵ ਨਾਲ ਹੋਂਦ ਵਿੱਚ ਆਈ ‘ਪਰਜਾ ਮੰਡਲ ਲਹਿਰ’ ਦੇ ਬਾਨੀ ਪ੍ਰਧਾਨ ਅਤੇ ਅਕਾਲ ਕਾਲਜ ਮਸਤੂਆਣਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ ਸਨ।

ਸੰਤ ਅਤਰ ਸਿੰਘ ਮਸਤੂਆਣਾ ਦੀ ਦਿਵ-ਦ੍ਰਿਸ਼ਟੀ ਨੇ ਸੇਵਾ ਸਿੰਘ ਵਿਚਲੇ ਅਧਿਆਤਮਕ ਅਤੇ ਪੰਥਪ੍ਰਸਤੀ ਦੇ ਗੁਣਾਂ ਦੀ ਪਛਾਣ ਕਰਦਿਆਂ ਇਹ ਮਾਣ ਬਖ਼ਸ਼ਿਆ ਸੀ, ਭਾਵੇਂ ਮਹਾਰਾਜਾ ਪਟਿਆਲਾ ਦਾ ਸਾਰਾ ਪਰਿਵਾਰ ਸੰਤਾਂ ਦੀ ਸੇਵਾ ਲਈ ਤਤਪਰ ਰਹਿੰਦਾ ਸੀ।

ਅਕਤੂਬਰ 1930 ਵਿੱਚ ਪੰਜਾਬ ਰਿਆਸਤ ਪਰਜਾ ਮੰਡਲ ਦੀ ਲੁਧਿਆਣਾ ਕਾਨਫਰੰਸ ਵਿੱਚ ਭਾਗ ਲੈਣ ਕਾਰਨ ਪੁਲੀਸ ਨੇ ਉਨ੍ਹਾਂ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਅਤੇ ਪੰਜ ਸਾਲ ਕੈਦ ਤੇ ਇੱਕ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾ ਕੇ ਪਟਿਆਲਾ ਜੇਲ੍ਹ ਵਿੱਚ ਨਜ਼ਰਬੰਦ ਕਰ ਦਿੱਤਾ। ਪਰ ਕੌਮੀ ਜਥੇਬੰਦੀਆਂ ਦੇ ਸੰਘਰਸ਼ ਦੇ ਫਲਸਰੂਪ ਚਾਰ ਮਹੀਨਿਆਂ ਬਾਅਦ ਹੀ ਬਿਨਾ ਸ਼ਰਤ ਰਿਹਾਅ ਕਰ ਦਿੱਤਾ ਗਿਆ।

ਇਸ ਤਰ੍ਹਾਂ ਹੀ ਨਵੰਬਰ 1931 ਵਿੱਚ ਰਿਆਸਤ ਜੀਂਦ ਦੀ ਸਰਕਾਰ ਵਿਰੁੱਧ ਲੱਗੇ ਅਕਾਲੀ ਮੋਰਚੇ ਵਿੱਚ ਉਨ੍ਹ੍ਹਾਂ ਨੇ ਚਾਰ ਮਹੀਨੇ ਕੈਦ ਕੱਟੀ ਅਤੇ ਰਿਆਸਤ ਮਾਲੇਰਕੋਟਲੇ ਦੀ ਸਰਕਾਰ ਵਿਰੁੱਧ ਚੱਲੇ ਕੁਠਾਲਾ ਕਿਸਾਨ ਅੰਦੋਲਨ ਵਿੱਚ ਤਿੰਨ ਮਹੀਨਿਆਂ ਦੀ ਕੈਦ ਕੱਟੀ।

ਸਰਦਾਰ ਸੇਵਾ ਸਿੰਘ ਜੀ ਦੀ ਆਖ਼ਰੀ ਗ੍ਰਿਫ਼ਤਾਰੀ ਦੇ ਦੋ ਦੋਸ਼ ਦੱਸੇ ਗਏ: ਪਹਿਲਾ ਇਹ ਕਿ ਉਨ੍ਹਾਂ ਨੇ 15-16 ਮਈ 1932 ਪਿੰਡ ਖਡਿਆਲ (ਸੁਨਾਮ) ਦੀ ਅਕਾਲੀ ਕਾਨਫਰੰਸ ਵਿੱਚ ਭਾਗ ਲੈ ਕੇ ਮਹਾਰਾਜਾ ਪਟਿਆਲਾ ਵਿਰੁੱਧ ਅੰਦੋਲਨ ਜਾਰੀ ਕੀਤਾ ਅਤੇ ਦੂਜਾ ਉਨ੍ਹਾਂ ਨੇ 24 ਅਗਸਤ 1933 ਵਿੱਚ ਪੰਜਾਬ ਰਿਆਸਤੀ ਪਰਜਾ ਮੰਡਲ ਦੀ ਦਿੱਲੀ ਕਾਨਫਰੰਸ ਵਿੱਚ ਭਾਗ ਲੈ ਕੇ ਇਕੱਠ ਕਰਨ ਲਈ ਸਰਕਾਰ ਤੋਂ ਪ੍ਰਵਾਨਗੀ ਲੈਣ ਦੇ ਕਾਨੂੰਨ ਦੀ ਉਲੰਘਣਾ ਕੀਤੀ ਹੈ।

ਇਨ੍ਹਾਂ ਦੋਸ਼ਾਂ ਵਿੱਚ ਰਿਆਸਤ ਪਟਿਆਲਾ ਦੀ ਪੁਲੀਸ ਨੇ ਉਨ੍ਹਾਂ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਅਤੇ ਬਰਨਾਲਾ ਦੇ ਨਾਜ਼ਿਮ ਦੀ ਅਦਾਲਤ ਵਿੱਚ ਮੁਕੱਦਮਾ ਚਲਾ ਕੇ ਦਸ ਸਾਲ ਦੀ ਕੈਦ ਅਤੇ ਦੋ ਹਜ਼ਾਰ ਜੁਰਮਾਨੇ ਦੀ ਸਜ਼ਾ ਸੁਣਾਈ ਗਈ। ਇਹ ਉਨ੍ਹਾਂ ਦੀ ਅੰਤਿਮ ਜੇਲ੍ਹ ਯਾਤਰਾ ਸੀ। ਕੇਂਦਰੀ ਜੇਲ੍ਹ ਪਟਿਆਲਾ ਵਿੱਚ ਜੇਲ੍ਹ ਦੇ ਉੱਚ ਅਧਿਕਾਰੀਆਂ ਅਤੇ ਰਿਆਸਤ ਪਟਿਆਲਾ ਦੇ ਹੁਕਮਰਾਨਾ ਦੇ ਜਬਰ, ਜੁਲਮ ਅਤੇ ਧੱਕੇਸ਼ਾਹੀ ਵਿਰੁੱਧ ਸੇਵਾ ਸਿੰਘ ਨੇ ਅਪਰੈਲ 1934 ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ, ਜੋ ਨੌ ਮਹੀਨੇ ਜਾਰੀ ਰਹੀ। ਉਪਰੰਤ 19 ਅਤੇ 20 ਜਨਵਰੀ ਦੀ ਵਿਚਕਾਰਲੀ ਰਾਤ ਨੂੰ ਲਗਪਗ ਡੇਢ ਵਜੇ ਸੇਵਾ ਸਿੰਘ ਸ਼ਹੀਦੀ ਪਾ ਗਏ। ਉਨ੍ਹਾਂ ਦੀ ਬਰਸੀ ਹਰ ਸਾਲ 18, 19 ਅਤੇ 20 ਜਨਵਰੀ ਨੂੰ ਪਿੰਡ ਠੀਕਰੀਵਾਲਾ (ਬਰਨਾਲਾ) ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਜਾਂਦੀ ਹੈ।

0 0 votes
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x