ਪ੍ਰੋ. ਭੁੱਲਰ ਦੀ ਰਿਹਾਈ ਦੀ ਗੁੰਝਲ ਅਤੇ ਅਰਵਿੰਦ ਕੇਜਰੀਵਾਲ

ਪ੍ਰੋ. ਭੁੱਲਰ ਦੀ ਰਿਹਾਈ ਦੀ ਗੁੰਝਲ ਅਤੇ ਅਰਵਿੰਦ ਕੇਜਰੀਵਾਲ

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਾਮਲਾ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸੱਤਾ ਵਾਲੇ ਬੋਰਡ ਕੋਲ ਰੁਕਿਆ ਪਿਆ ਹੈ। ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੇ ਪ੍ਰੋ. ਭੁੱਲਰ ਅਤੇ ਹੋਰ ਕਈ ਸਿੰਘਾਂ ਦੀ ਰਿਹਾਈ ਲਈ ਸਹਿਮਤੀ ਦੇ ਦਿੱਤੀ ਹੈ। ਉਸ ਤੋਂ ਬਾਅਦ ਸਿਖਰਲੀ ਅਦਾਲਤ ਵੱਲੋਂ ਲੱਗੀ ਰੋਕ ਵੀ ਪਿਛਲੇ ਮਹੀਨੇ ਹਟ ਗਈ ਹੈ। ਇਸ ਲਈ ਇਸ ਮਾਮਲੇ ਵਿਚ ਹੁਣ ਇਹ ਰੁਕਾਵਟ ਕੇਵਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬੂਹੇ ‘ਤੇ ਹੈ ਜੋ ਪੰਜਾਬ ਵਿੱਚ ਵੋਟਾਂ ਰਾਹੀਂ ਆਪਣੀ ਸਰਕਾਰ ਬਣਾਉਣ ਲਈ ਅੱਡੀ ਚੋਟੀ ਦਾ ਜੋਰ ਲਾ ਰਿਹਾ ਹੈ। ਪੰਜਾਬ ਸਿੱਖਾਂ ਦਾ ਘਰ ਹੈ। ਇਤਿਹਾਸ, ਇਤਿਹਾਸਕਾਰ, ਤੱਥ-ਸਬੂਤ, ਅੰਕੜੇ ਆਦਿ ਸਭ ਇਹੀ ਗੱਲ ਆਖ ਰਹੇ ਹਨ। ਕਿਸੇ ਦੇਸ, ਕੌਮ, ਸੱਭਿਆਚਾਰ ਵਿੱਚ ਦੋ ਚੀਜਾਂ ਸਭ ਤੋਂ ਅਹਿਮ ਹੁੰਦੀਆਂ ਹਨ, ਇਕ, ਉਸ ਦੀ ਉਸਾਰੀ ਲਈ ਕਿਰਤ ਅਤੇ ਕਿਰਤ ਦੀ ਹੱਕੀ ਵੰਡ ਅਤੇ ਦੂਜੀ, ਕਿਰਤ ਤੋਂ ਹੋਈ ਪੈਦਾਵਾਰ ਦੀ ਰਾਖੀ ਲਈ ਸ਼ਹਾਦਤਾਂ। ਪੰਜਾਬ ਦਾ ਇਤਿਹਾਸ ਬੇਸ਼ੱਕ ਬਹੁਤ ਪੁਰਾਣਾ ਹੈ ਪਰ ਇਸ ਵਿੱਚ ਉਪਰਲੀਆਂ ਦੋ ਕੀਮਤਾਂ ਦੇ ਜਾਮਨ ਗੁਰੂ ਨਾਨਕ ਦੇ ਵਾਰਸ ਹਨ। ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਅਤੇ ਹੋਰ ਕਿੰਨੇ ਹੀ ਬੰਦੀ ਸਿੰਘ ਜੇਲ੍ਹਾਂ ਅੰਦਰ ਰਹਿ ਕੇ ਸ਼ਹਾਦਤ ਦੀ ਇਹੀ ਕੀਮਤ ਤਾਰ ਰਹੇ ਹਨ ਅਤੇ ਪੰਜਾਬ ਦੇ ਹੱਕ ਸੱਚ ਦੇ ਜਾਮਨ ਬਣ ਰਹੇ ਹਨ। ਪ੍ਰੋ. ਭੁੱਲਰ ਜਿਸ ਜੰਗ ਜਾਂ ਜਿਸ ਲਹਿਰ ਕਰਕੇ ਜੇਲ੍ਹ ਵਿਚ ਨਜ਼ਰਬੰਦ ਹੈ ਉਹ ਲਹਿਰ ਪੰਜਾਬ ਦੇ ਇਤਿਹਾਸ ਵਿਚ ਇਕ ਵੱਡਾ ਮੀਲ ਪੱਥਰ ਹੈ ਜਿਸ ਨੂੰ ਸਮਝਿਆਂ, ਗੌਲਿਆਂ ਬਿਨਾਂ ਨਾ ਹੀ ਪੰਜਾਬ ਦਾ ਵਰਤਮਾਨ, ਭਵਿੱਖ ਸਮਝਿਆ ਜਾ ਸਕਦਾ ਅਤੇ ਨਾ ਹੀ ਉਸ ਨੂੰ ਦਿਸ਼ਾ ਦਿੱਤੀ ਜਾ ਸਕਦੀ ਹੈ। ਇਸ ਲਈ ਪੰਜਾਬ ਦੇ ਭਵਿੱਖ ਦੀਆਂ ਦਾਅਵੇਦਾਰ ਬਣੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਲਈ ਪ੍ਰੋ. ਭੁੱਲਰ ਅਤੇ ਉਨ੍ਹਾਂ ਵਰਗੇ ਹੋਰ ਉਨ੍ਹਾਂ ਦੇ ਸਾਥੀਆਂ ਦੀ ਰਿਹਾਈ ਕਿਸੇ ਵੀ ਰਾਜਨੀਤਕ ਪਾਰਟੀ ਲਈ ਵੱਡਾ ਹੁਲਾਰਾ ਬਣ ਸਕਦੀ ਹੈ। ਫਿਰ ਵੀ ਅਰਵਿੰਦ ਕੇਜਰੀਵਾਲ ਆਪਣੇ ਹੱਥ ਆਈ ਇਸ ਅਹਿਮ ਗੱਲ ਨੂੰ ਚੋਣਾਂ ਤੋਂ ਤੁਰਤ ਪਹਿਲਾਂ ਕਿਉਂ ਅਣਗੌਲਿਆਂ ਕਰ ਰਿਹਾ ਹੈ? ਇਹ ਗੰਭੀਰ ਸਵਾਲ ਹੈ! ਹੁਣ ਇਹ ਸਬੂਤ ਸਾਹਮਣੇ ਆ ਰਹੇ ਹਨ ਕਿ ਉਹ ਰਿਹਾਈ ‘ਚ ਦੇਰੀ ਹੀ ਨਹੀਂ ਕਰ ਰਿਹਾ ਬਲਕਿ ਰੋਕ ਰਿਹਾ ਹੈ ਅਤੇ ਰਿਹਾਈ ਦੇ ਮਾਮਲੇ ਨੂੰ ਪਹਿਲਾਂ ਇਕ ਤੋਂ ਵੱਧ ਵਾਰੀ ਰੱਦ ਕਰ ਚੁੱਕਿਆ ਹੈ। ਵੋਟਤੰਤਰ ਦੀ ਵਿਆਕਰਨ ਵਿੱਚ ਜਿੱਥੇ ਇੱਕ ਵੋਟ ਵੀ ਅਹਿਮ ਹੁੰਦੀ ਹੈ ਉੱਥੇ ਇਸ ਖਿੱਤੇ ਦੇ ਬਹੁਗਿਣਤੀ ਲੋਕਾਂ ਦੀ ਮੰਗ ਨੂੰ ਠੁਕਰਾ ਕੇ ਉਨ੍ਹਾਂ ਨੂੰ ਨਰਾਜ ਕਰਨਾ ਕਿੱਥੋਂ ਤਕ ਸਿਆਣਪ ਵਾਲਾ ਫ਼ੈਸਲਾ ਹੈ?

ਦੂਜਾ ਭੂ-ਸਿਆਸੀ ਅਤੇ ਕੌਮਾਂਤਰੀ ਰਾਜਨੀਤੀ ਵਿੱਚ ਪੰਜਾਬ ਅਤੇ ਸਿੱਖ ਸਹਿਮਤੀ ਏਨੀ ਅਹਿਮ ਹੋ ਗਈ ਹੈ ਕਿ ਪਾਕਿਸਤਾਨ, ਚੀਨ, ਅਮਰੀਕਾ ਦੀ ਇਸ ਤੇ ਪਲ-ਪਲ ਨਜਰ ਹੈ। ਭਾਰਤ ਦੀ ਬਹੁਤ ਤਾਕਤਵਰ ਅਤੇ ਬਹੁਮਤ ਹਾਸਲ ਹਾਕਮ ਜਮਾਤ ਭਾਜਪਾ, ਆਪਣੀ ਵਿਚਾਰਧਾਰਾ ਤੋਂ ਕੁਝ ਅੱਗੇ-ਪਿੱਛੇ ਹੋ ਕੇ ਵੀ ਸਿੱਖਾਂ ਨੂੰ ਰਿਝਾਉਣ ਦੇ ਆਹਰ ‘ਚ ਹੈ। ਭਾਜਪਾ ਸਿੱਖਾਂ ਦੇ ਬੜੇ ਲੰਮੇ ਸਮੇਂ ਤੋਂ ਲਟਕਦੇ ਅੰਦਰੂਨੀ ਅਤੇ ਕੌਮਾਂਤਰੀ ਪੱਧਰ ਦੇ ਮਸਲੇ ਹੱਲ ਕਰਨ ਵੱਲ ਤੁਰੀ ਹੋਈ ਹੈ ਜਾਂ ਘੱਟੋ ਘੱਟ ਹੱਲ ਕਰਨ ਦਾ ਅਡੰਬਰ ਤਾਂ ਜਰੂਰ ਰਚ ਰਹੀ ਹੈ ਜਦਕਿ ਉਨ੍ਹਾਂ ਨੂੰ ਇਹ ਭਲੀ-ਭਾਂਤ ਪਤਾ ਹੈ ਕਿ ਉਨ੍ਹਾਂ ਦੀ ਬਿਪਰਵਾਦੀ ਵਿਚਾਰਧਾਰਾ ਨਾਲ ਆਖਰ ਨੂੰ ਟੱਕਰਨਾ ਗੁਰੂ ਨਾਨਕ ਦੇ ਖਾਲਸਾ ਪੰਥ ਨੇ ਹੀ ਹੈ ਤਾਂ ਵੀ ਉਹ ਕਿਸੇ ਮਜਬੂਰੀ ਜਾਂ ਲਾਲਚਵੱਸ ਸਿੱਖਾਂ ਨੂੰ ਰਾਜੀ ਕਰਨ ਦੇ ਜਤਨ ਵਿੱਚ ਹੈ। ਇਹ ਸਪੱਸ਼ਟ ਹੈ ਅਤੇ ਹੁਣੇ ਪ੍ਰਤੱਖ ਦਿਖ ਰਿਹਾ ਹੈ। ਜਿਸ ਧਿਰ ਕੋਲ ਇੱਕ ਸੌ ਚਾਲੀ ਕਰੋੜ ਜਨਤਾ ਦਾ ਸਾਰਾ ਹਿੰਦੁਸਤਾਨ ਜਿੱਤਣ ਦਾ ਮੈਦਾਨ ਖਾਲੀ ਪਿਆ ਹੈ ਉਹ ਪੰਜਾਬ ਵਰਗੇ ਨਿੱਕੇ ਜਿਹੇ ਸਰਹੱਦੀ ਰਾਜ ਨੂੰ ਰਾਜੀ ਕਰਨ ਦੇ ਆਹਰ ਵਿੱਚ ਕਿਉਂ ਹੈ? ਜਦਕਿ ਸੰਵਿਧਾਨਕ ਤੌਰ ਤੇ ਪੰਜਾਬ ਦਾ ਗਵਰਨਰ ਕੇਂਦਰ ਨੇ ਲਾਉਣਾ ਹੈ। ਸਮੂਹ ਜਿਲ੍ਹਾ ਪ੍ਰਸ਼ਾਸਨ, ਪੁਲਸ ਅਧਿਕਾਰੀ ਸਿੱਧੇ ਕੇਂਦਰ ਦੇ ਹੱਥ ਵਿੱਚ ਹਨ ਅਰਥਾਤ ਭਾਰਤ ਅੰਦਰ ਸੰਵਿਧਾਨਕ ਅਤੇ ਗਿਣਤੀ ਦੀ ਤਾਕਤ ਦੇ ਨੁਕਤੇ ਤੋਂ ਪੰਜਾਬ ਕੋਈ ਉਸ ਕਦਰੇ ਅਹਿਮ ਨਹੀਂ ਹੈ ਜਿੰਨੀ ਤਵੱਜੋਂ ਦਿੱਤੀ ਜਾ ਰਹੀ ਹੈ। ਬਲਕਿ ਸਿੱਖਾਂ ਨੂੰ ਦੁਸ਼ਮਣ ਕਹਿ ਕੇ, ਦੁਸ਼ਮਣ ਵਜੋਂ ਮਾਰ ਕੇ ਭਾਰਤੀ ਬਣਤਰ ਵਿਚ ਬਹੁਗਿਣਤੀ ਵੋਟਾਂ ਲੈਣ ਦਾ ਇਤਿਹਾਸ ਰਿਹਾ ਹੈ। ਸੰਨ ੧੯੮੪ ਵਿੱਚ ਇੰਦਰਾ ਗਾਂਧੀ ਸਿੱਖਾਂ ਨਾਲ ਸਭ ਤੋਂ ਵੱਡੀ ਦੁਸ਼ਮਣੀ ਲੈ ਕੇ ਜਿੱਥੇ ਪਹੁੰਚ ਗਈ ਸੀ, ਦੁਰਗਾ ਦੇਵੀ ਦਾ ਰੁਤਬਾ ਹਾਸਲ ਕਰ ਗਈ ਸੀ ਉਹ ਹੁਣ ਦੇ ਹਾਕਮ ਨੂੰ ਅਜੇ ਤਕ ਖਿੱਤੇ ਦੀ ਬਹੁਗਿਣਤੀ ਨੂੰ ਦਿੱਤੇ ਜਾਂਦੇ ਬਿਪਰਵਾਦੀ ਹੁਲਾਰੇ ਵਿਚੋਂ ਹਾਸਲ ਨਹੀਂ ਹੋਇਆ। ਫਿਰ ਵੀ ਉਹ ਇਹ ਸਮਰੱਥਾ ਅਤੇ ਸੰਭਾਵਨਾ ਦੇ ਉਲਟ ਸਿੱਖਾਂ ਨੂੰ ਰਾਜੀ ਕਰਨ ਵਿੱਚ ਜੋਰ ਨਾਲ ਲੱਗਿਆ ਹੋਇਆ ਹੈ, ਮਤਲਬ ਤਾਕਤ ਦੇ ਨੁਕਤੇ ਤੋਂ ਕੋਈ ਵੱਡਾ ਭੇਦ ਹੈ ਜੋ ਅਰਵਿੰਦ ਕੇਜਰੀਵਾਲ ਦੇ ਸਮਝ ਨਹੀਂ ਆ ਰਿਹਾ ਜਿਸ ਕਰਕੇ ਉਹ ਇਸ ਤੋਂ ਬਿਲਕੁਲ ਉਲਟ ਚੱਲ ਰਿਹਾ ਹੈ।

ਪੰਜਾਬ ਭਾਰਤ ਦੇ ਜਮਾਂਦਰੂ ਦੁਸ਼ਮਣ ਦੇਸ਼ ਦੇ ਨਾਲ ਲੰਬੀ ਹੱਦ ਤਕ ਲੱਗਿਆ ਸਰਹੱਦੀ ਰਾਜ ਹੈ। ਇੱਥੇ ਲੋਕ ਵੀ ਭਾਰਤ ਦੀ ਧਾਰਾ ਤੋਂ ਨਿਆਰੇ ਚੱਲਣ ਵਾਲੇ ਵੱਸਦੇ ਹਨ ਜਿਨ੍ਹਾਂ ਨੂੰ ਭਾਰਤ ਦੇ ਇਕਜੁੱਟ ਰੱਖਣ ਵਾਸਤੇ ਰਾਜੀ ਰੱਖਣਾ ਜਾਂ ਨਿਰਅਸਰ ਕਰਨਾ ਬਹੁਤ ਲਾਜਮੀ ਹੈ। ਦੂਜਾ, ਉਨ੍ਹਾਂ ਦੀ ਸੱਭਿਆਚਾਰਕ ਤੇ ਸਮੂਹਿਕ ਅਵਚੇਤਨ ਦੀ ਸਾਂਝ ਭਾਰਤ ਦੇ ਦੁਸ਼ਮਣ ਦੇਸ਼ ਪਾਕਿਸਤਾਨ ਦੇ ਲੋਕਾਂ ਨਾਲ ਰਲਦੀ ਹੈ। ਇਨ੍ਹਾਂ ਦਾ ਪੱਛਮੀ ਪੰਜਾਬ ਲਈ ਸਦਾ ਜੀ ਤਰਸਦਾ ਹੈ ਜਿਥੋਂ ਦੇ ਗੁਰਦੁਆਰਿਆਂ ਦੇ ਦਰਸ਼ਨ ਦੀਦਾਰਿਆਂ ਦੀ ਤਾਂਘ ਉਨ੍ਹਾਂ ਦੀ ਅਰਦਾਸ ਵਿੱਚ ਸ਼ਾਮਲ ਹੈ। ਭਾਰਤ ‘ਤੇ ਰਾਜ ਕਰਨ ਦੇ ਨੁਕਤੇ ਤੋਂ ਸਿੱਖਾਂ ਦਾ ਭਾਰਤੀ ਤਾਕਤ ਅਨੁਸਾਰੀ ਰਹਿਣਾ ਬਹੁਤ ਜਰੂਰੀ ਹੈ ਜਿਸ ਲਈ ਭਾਜਪਾ ਤਰਲੋ ਮੱਛੀ ਹੋ ਰਹੀ ਹੈ ਪਰ ਅਰਵਿੰਦ ਕੇਜਰੀਵਾਲ ਬਿਲਕੁਲ ਉਲਟ ਬੇਪਰਵਾਹੀ ਵਿਖਾ ਰਿਹਾ ਹੈ। ਐਸਾ ਕਿਉਂ?

ਨਵੀਆਂ ਵਪਾਰਕ ਸੰਭਾਵਨਾਵਾਂ ਵਿਚ ਭਾਰਤ ਪੰਜਾਬ ਦਾ ਬੂਹਾ ਬਣਨ ਵਾਲਾ ਹੈ। ਪੰਜਾਬ ਵਿਚੋਂ ਕੇਂਦਰ ਅਤੇ ਦੱਖਣ, ਪੂਰਬ ਵੱਲ ਨੂੰ ਜਾਣ ਵਾਲੀਆਂ ਅੱਗ ਵਰਗੀਆਂ ਸੜਕਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ। ਇਤਿਹਾਸ ਦੱਸਦਾ ਹੈ ਕਿ ਭਾਰਤ ਤੇ ਰਾਜ ਕਰਨ ਵਾਲੇ ਕਿਸੇ ਵੀ ਰਾਜੇ ਦੀ ਪੂਰਨਮਾਸ਼ੀ ਪੰਜਾਬ ਆ ਕੇ ਹੀ ਹੁੰਦੀ ਹੈ ਬੇਸ਼ੱਕ ਉਹ ਪੂਰਬ ਜਾਂ ਪੱਛਮ ਜਿਧਰੋਂ ਮਰਜੀ ਆਇਆ ਹੋਵੇ। ਅਰਵਿੰਦ ਕੇਜਰੀਵਾਲ ਪੰਜਾਬ ਨੂੰ ਆਪਣੇ ਨਾਲ ਕਰਨ ਦਾ ਏਡਾ ਮੌਕਾ ਠੁਕਰਾ ਰਿਹਾ ਹੈ ਉਹ ਕਿਸੇ ਭੁਲੇਖੇ ਵਿੱਚ ਨਹੀਂ ਬਲਕਿ ਜਾਹਰਾ ਤੌਰ ਤੇ ਠੁਕਰਾ ਰਿਹਾ ਹੈ।

ਇਸ ਦਾ ਇੱਕ ਸੌਖਾ ਜਿਹਾ ਉੱਤਰ ਤਾਂ ਇਹ ਮਿਲ ਰਿਹਾ ਹੈ ਕਿ ਕੇਜਰੀਵਾਲ ਪੰਜਾਬ ਵਿੱਚ ਹਿੰਦੂ ਵੋਟਾਂ ਦੇ ਟੁੱਟਣ ਦੇ ਡਰੋਂ ਪ੍ਰੋ. ਭੁੱਲਰ ਦੀ ਰਿਹਾਈ ‘ਤੇ ਸਹੀ ਨਹੀਂ ਪਾ ਰਿਹਾ। ਮੋਟੇ ਤੌਰ ਤੇ ਇਹ ਗੱਲ ਸਹੀ ਜਾਪਦੀ ਹੈ ਕਿ ੨੦੧੭ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਕੇਜਰੀਵਾਲ ਵੱਲੋਂ ਸਿੱਖਾਂ ਦੇ ਭਖਦੇ ਮਸਲਿਆਂ ਨਾਲ ਸਰੋਕਾਰ ਵਿਖਾਉਣ ‘ਤੇ ਕਾਫੀ ਹਿੰਦੂ ਵੋਟ ਉਸ ਦੀ ਪਾਰਟੀ ਤੋਂ ਉਲਟ ਕਾਂਗਰਸ ਨੂੰ ਚਲੀ ਗਈ ਸੀ। ਸੰਨ ੨੦੧੫ ਅਤੇ ਉਸ ਤੋਂ ਬਾਅਦ ਲਗਾਤਾਰ ਵਾਪਰੀਆਂ ਕੁਝ ਖਾਸ ਦੁਰਘਟਨਾਵਾਂ ਤੋਂ ਮਗਰੋਂ ਸਿੱਖਾਂ ਨਾਲ ਹਮਦਰਦੀ ਅਤੇ ਉਨ੍ਹਾਂ ਨੂੰ ਇਨਸਾਫ ਦੀ ਆਸ ਵਿਖਾਉਣ ਬਦਲੇ ਸਿੱਖਾਂ ਦਾ ਅਹਿਮ ਅਤੇ ਵੱਡਾ ਹਿੱਸਾ ਸਹਿਜੇ ਈ ਆਮ ਆਦਮੀ ਪਾਰਟੀ ਨਾਲ ਜੁੜ ਗਿਆ ਸੀ ਜਿਸ ਨੂੰ ਜੋੜਨ ਖਾਤਰ ਭਾਜਪਾ ਅਨੇਕਾਂ ਪਾਪੜ ਵੇਲ ਰਹੀ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਕੇਜਰੀਵਾਲ ਅਤੇ ਉਸ ਦੀ ਪਾਰਟੀ ਦੀ ਸਿਆਸੀ ਬੌਧਿਕਤਾ ਨੂੰ ਜਾਪਦਾ ਹੈ ਕਿ ਇਸੇ ਹਿੱਸੇ ਕਰ ਕੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਹਿੰਦੂ ਵੋਟ ਟੁੱਟੀ ਸੀ ਅਤੇ ਹੁਣ ਜੇ ਪ੍ਰੋ. ਭੁੱਲਰ ਦੀ ਰਿਹਾਈ ਵਰਗੇ ਫੈਸਲੇ ਲੈ ਕੇ ਉਨ੍ਹਾਂ ਨਾਲ ਮੁੜ ਕੋਈ ਸਰੋਕਾਰ ਵਿਖਾਇਆ ਤਾਂ ਹਿੰਦੂ ਵੋਟ ਫੇਰ ਟੁੱਟ ਜਾਵੇਗੀ। ਜੇ ਇਹੀ ਕਾਰਨ ਹੈ ਤਾਂ ਭਾਜਪਾ ਨੂੰ ਐਸਾ ਕਿਉਂ ਨਹੀਂ ਜਾਪਦਾ? ਭਾਜਪਾ ਦੇ ਪੱਧਰ ਤੱਕ ਤਾਂ ਆਮ ਆਦਮੀ ਪਾਰਟੀ ਹਿੰਦੂ ਪੱਖੀ ਸਿੱਧ ਨਹੀਂ ਹੋਈ ਬੇਸ਼ੱਕ ਇਨ੍ਹਾਂ ਦਾ ਕੌਮੀ ਕਨਵੀਨਰ ਖੁਦ ਨੂੰ ‘ਅਸਲ ਹਿੰਦੂਤਵ’ ਦਾ ਵਾਰਸ ਆਖ ਰਿਹਾ ਹੈ

ਮਸਲਾ ਕੇਵਲ ਵੋਟਾਂ ਦਾ ਨਹੀਂ। ਇਤਿਹਾਸ ਦੱਸਦਾ ਹੈ ਕਿ ਜਿੰਨੇ ਵੀ ਹਾਕਮ ਪੰਜਾਬ ਆਏ ਬੇਸ਼ੱਕ ਉਨ੍ਹਾਂ ਨੇ ਜੰਗੀ/ ਤਾਕਤ/ ਵੋਟਾਂ ਦੇ ਤੌਰ ‘ਤੇ ਪੰਜਾਬ ਜਿੱਤ ਲਿਆ ਸੀ ਪਰ ਉਹ ਸਫਲ ਨਹੀਂ ਹੋਏ ਸਗੋਂ ਉਹ ਸਾਰੇ ਹੀ ਲੋਕਾਂ ਨੂੰ ਜਿੱਤਣ ਦੇ ਆਹਰ ਵਿੱਚ ਜਰੂਰ ਪਏ। ਭਾਜਪਾ ਵੋਟਾਂ ਨਾਲੋਂ ਪੰਜਾਬ ਦੇ ਲੋਕਾਂ ਨੂੰ ਜਿੱਤਣ ਵੱਲ ਤੁਰੀ ਹੋਈ ਹੈ। ਪਤਾ ਨਹੀਂ ਕਿਉਂ ਕੇਜਰੀਵਾਲ ਮਥ ਕੇ ਇਹ ਮੌਕਾ ਗੁਆ ਰਿਹਾ ਹੈ ਜਿਸ ਲਈ ਭਾਜਪਾ ਹਰ ਹੀਲਾ ਵਰਤ ਰਹੀ ਹੈ?

ਪ੍ਰੋ. ਭੁੱਲਰ ਦੀ ਰਿਹਾਈ ‘ਤੇ ਸਹੀ ਨਾ ਪਾਉਣ ਬਾਬਤ ਕੇਜਰੀਵਾਲ ਬਾਰੇ ਕੁਝ ਇਸ ਤਰ੍ਹਾਂ ਦੇ ਨਸਲੀ ਉੱਤਰ ਮਿਲਦੇ ਹਨ ਕਿ ‘ਬਾਣੀਏ ਦੀ ਖੋਟੀ ਮੱਤ ਹੈ’, ‘ਸਿੱਖਾਂ ਨਾਲ ਨਫਰਤ ਕਰਦਾ ਹੈ’, ‘ਦੁਸ਼ਮਣੀ ਪੁਗਾਉਂਦਾ ਹੈ’। ਇਹ ਸੱਚ ਹੈ ਕਿ ਸਿੱਖਾਂ ਨਾਲ ਦੁਸ਼ਮਣੀ ਅਤੇ ਨਫਰਤ ਦੀ ਭਾਰਤ ਵਿਚ ਇਕ ਤੋਂ ਵੱਧ ਸਦੀ ਬੀਤੀ ਹੈ। ਉਨੀਵੀਂ ਸਦੀ ਦੀ ਪਿਛਲੀ ਚੌਥਾਈ ਤੋਂ ਸ਼ੁਰੂ ਹੋਇਆ ਵਿਰੋਧ ਦਾ ਸਿਲਸਿਲਾ ਸਮੂਹਕ ਪੱਧਰ ਤੇ ਹੁਣ ਤਕ ਜਾਰੀ ਹੈ। ਹੁਣ ਦੀ ਭਾਰਤੀ ਤਾਕਤ ਖਾਸਕਰ ਅੰਦਰਲੀ ਤਾਕਤ ਨੂੰ ਇਹ ਸਪਸ਼ਟ ਹੋ ਗਿਆ ਹੈ ਕਿ ਇਹ ਨਫਰਤ ਕੀਤਿਆਂ, ਕੁੱਟਿਆਂ, ਮਾਰਿਆਂ ਮੁੱਕਣ ਵਾਲੇ ਨਹੀਂ। ਕਿਸਾਨੀ ਜੱਦੋਜਹਿਦ ਨੇ ਇਹ ਵਧੇਰੇ ਸਪਸ਼ਟ ਕਰ ਦਿੱਤਾ ਹੈ। ਸਿੱਖ ਕੌਮਾਂਤਰੀ ਪੱਧਰ ‘ਤੇ ਪਛਾਣ ਅਤੇ ਸੇਵਾ ਵਜੋਂ ਇੰਨੇ ਅਹਿਮ ਹੋ ਗਏ ਹਨ ਕਿ ਇਨ੍ਹਾਂ ਨੂੰ ਜਾਹਰਾ ਰੂਪ ਵਿੱਚ ਨਫਰਤ ਕਰਨੀ ਜਾਂ ਵਿਖਾਉਣੀ ਭਾਰਤ ਤਾਂ ਕੀ ਦੁਨੀਆ ਅੰਦਰ ਕਿਸੇ ਵੀ ਤਾਕਤ ਦੀ ਸਮਰੱਥਾ ਨਹੀਂ ਰਹੀ, ਅੰਦਰੋ-ਅੰਦਰੀ ਜੋ ਮਰਜੀ ਹੋਈ ਜਾਵੇ। ਐਸੀ ਹਾਲਤ ਵਿਚ ਕੇਜਰੀਵਾਲ ਸਿੱਖਾਂ ਨਾਲ ਨਫਰਤ ਸਿੱਖਾਂ ਦਾ ਵਿਰੋਧ ਮੁੱਲ ਲੈਣ ਦੇ ਰਾਹੇ ਕਿਉਂ ਪਿਆ? ਕੀ ਉਹ ਸਿਆਸੀ ਤੌਰ ਤੇ ਅਨਾੜੀ ਹੈ?

ਮੇਰੀ ਜਾਚੇ ਵੋਟ ਰਾਜਨੀਤੀ ਦੀ ਵਿਆਕਰਣ ਅਤੇ ਭਾਰਤੀ ਤਾਕਤ ਦੇ ਨਵੇਂ ਰੁਖਾਂ ਦੀ ਚਾਹ ਵਿਚ ਲੱਗੀ ਕੋਈ ਵੀ ਸਿਆਸੀ ਬੌਧਿਕਤਾ ਇਹ ਹਰਗਿਜ ਨਹੀਂ ਕਰ ਸਕਦੀ। ਇਹ ਤਾਂ ਹੀ ਹੋ ਰਿਹਾ ਹੈ ਕਿ ਉਸ ਅੰਦਰ ਕੋਈ ਹੋਰ ਵੱਡੀ ਤਾਕਤ ਜੋ ਉਸ ਦੇ ਸਿਆਸੀ ਹਿਤਾਂ ਤੋਂ ਵੀ ਉੱਤੇ ਹੈ ਉਹ ਉਸ ਨੂੰ ਮਜਬੂਰ ਕਰ ਰਹੀ ਹੈ! ਜਿਵੇਂ ਪੁਰਾਣੀਆਂ ਰਾਜ ਬਣਤਰਾਂ ਵਿੱਚ ਰਾਜੇ ਦੇ ਹਿਤ ਤੋਂ ਉੱਤੇ ਧਰਮ ਹੁੰਦਾ ਸੀ ਉਸੇ ਤਰ੍ਹਾਂ ਨਵੀਆਂ ਰਾਜਸੀ ਬਣਤਰਾਂ ਵਿੱਚ ਰਾਜ ਕਰਨ ਵਾਲੀਆਂ ਧਿਰਾਂ ਤੋਂ ਉੱਤੇ ਰਾਸ਼ਟਰ ਭਗਤੀ ਹੁੰਦੀ ਹੈ। ਇਕ ਨੁਕਤਾ ਇਹ ਹੋ ਸਕਦਾ ਹੈ ਕਿ ਕੇਜਰੀਵਾਲ ਅੰਦਰ ਬੈਠਾ ਰਾਸ਼ਟਰ ਭਗਤ ਉਸ ਨੂੰ ਪ੍ਰੋ. ਭੁੱਲਰ ਦੀ ਰਿਹਾਈ ‘ਤੇ ਸਹੀ ਪਾਉਣ ਤੋਂ ਰੋਕ ਰਿਹਾ ਹੈ ਜਿਸ ਲਈ ਉਹ ਆਪਣੀ ਅੱਜ ਦੀ ਸਭ ਤੋਂ ਵੱਡੀ ਲੋੜ ਵੋਟ ਦੀ ਕੁਰਬਾਨੀ ਦੇ ਰਿਹਾ ਹੈ। ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੂੰ ਪਹਿਲਾ ਸਮਰਥਨ ਰਾਸ਼ਟਰ ਨੂੰ ਡੋਬ ਰਹੀਆਂ ਰਵਾਇਤੀ ਪਾਰਟੀਆਂ ਦੇ ਖਿਲਾਫ ਬਣੀ ਭਾਵਨਾ ਵਿੱਚੋਂ ਹੀ ਮਿਲਿਆ ਸੀ। ਸੰਨ ੨੦੧੬ ਵਿਚ ਕਿਸੇ ਸੈਮੀਨਾਰ ‘ਤੇ ਮਿਲੇ ਮਦਰਾਸੀ ਸੱਜਣ ਨੇ ਭਾਰਤੀ ਸੰਘੀ ਢਾਂਚੇ ਬਾਰੇ ਆਮ ਗੱਲਬਾਤ ਕਰਦਿਆਂ ਆਖਿਆ ਸੀ ਕਿ ਆਮ ਆਦਮੀ ਪਾਰਟੀ ਕਾਂਗਰਸ ਨਾਲੋਂ ਵੱਧ ਰਾਸ਼ਟਰਵਾਦੀ ਹੈ। ਪੜ੍ਹੇ ਲਿਖੇ ਨੌਕਰੀ ਪੇਸ਼ਾ ਲੋਕ ਬੇਸ਼ੱਕ ਉਹ ਅਧਿਆਪਨ, ਸਿਵਲ ਸੇਵਾ, ਪ੍ਰਸ਼ਾਸਨ, ਫ਼ੌਜਦਾਰੀ ਆਦਿ ਕਿਸੇ ਵੀ ਖੇਤਰ ਵਿੱਚ ਰਹੇ ਹੋਣ ਉਹ ਭਾਰਤ ਦੇ ਸਿਆਸੀ ਲੋਕਾਂ ਨਾਲੋਂ ਵੱਧ ਰਾਸ਼ਟਰਵਾਦੀ ਹਨ। ਭਾਰਤ ਵਿੱਚ ਹਰ ਤਰ੍ਹਾਂ ਦੀ ਸਿਖਲਾਈ ਦੌਰਾਨ ਮੁੱਖ ਰਾਗ ਦੇਸ਼ ਭਗਤੀ ਅਤੇ ਰਾਸ਼ਟਰ ਭਗਤੀ ਦਾ ਹੀ ਅਲਾਪਿਆ ਜਾਂਦਾ ਹੈ। ਉਥੇ ਕਿਸੇ ਧਰਮ ਦੀ ਵਿਰੋਧਤਾ ‘ਤੇ ਕੋਈ ਪਾਬੰਦੀ ਨਹੀਂ ਹੁੰਦੀ। ਧਾਰਮਿਕ ਮੁਹਾਵਰਾ ਉਥੇ ਬਚਾਅ ਪੱਖ ‘ਤੇ ਹੁੰਦਾ ਹੈ ਪਰ ਰਾਸ਼ਟਰ ਉੱਤੇ ਕਿਸੇ ਸਵਾਲ ਦੀ ਗੁੰਜਾਇਸ਼ ਨਹੀਂ ਹੁੰਦੀ, ਰਾਸ਼ਟਰ ਹਿਤ, ਰਾਸ਼ਟਰੀ ਏਕਤਾ, ਰਾਸ਼ਟਰ ਭਗਤੀ ਉੱਥੇ ਅਟੱਲ ਸਚਾਈ ਹੁੰਦੀ ਹੈ। ਬਲਕਿ ਸਿਖਲਾਈ ਨੂੰ ਜੇ ਇਉਂ ਕਿਹਾ ਜਾਵੇ ਕਿ ਉਹ ਕੇਵਲ ਰਾਸ਼ਟਰ ਭਗਤੀ ਹੀ ਬੰਦੇ ਦੇ ਅੰਦਰ ਭਰਦੀ ਹੈ ਅਤੇ ਰਾਸ਼ਟਰ ਭਗਤੀ ਹੀ ਸਿਖਾਉਂਦੀ ਹੈ ਤਾਂ ਵਧੇਰੇ ਸਹੀ ਹੋਵੇਗਾ। ਅਰਵਿੰਦ ਕੇਜਰੀਵਾਲ ਦਾ ਬਾਕੀ ਸਿਆਸੀ ਪਾਰਟੀਆਂ ਦੀਆਂ ਤਾਕਤਵਰ ਹਸਤੀਆਂ ਨਾਲੋਂ ਇਹੀ ਫਰਕ ਹੈ ਕਿ ਉਹ ਸਿਵਲ ਸੇਵਾ ਦੀ ਸਿਖਲਾਈ ਅਤੇ ਨੌਕਰੀ ਵੇਲੇ ਰਾਸ਼ਟਰ ਭਗਤੀ ਦੇ ਪ੍ਰਛਾਵੇਂ ਹੇਠ ਵਧੇਰੇ ਰਿਹਾ ਹੈ। ਪਿਛਲੀਆਂ ਦੋ ਸਦੀਆਂ ਵਿੱਚ ਰਾਸ਼ਟਰ ਦਾ ਇੰਨਾ ਜੋਰ ਰਿਹਾ ਹੈ ਕਿ ਇਹ ਕਲਪਿਆ ਹੀ ਨਹੀਂ ਸੀ ਜਾਂਦਾ ਕਿ ਕੋਈ ਬੰਦਾ ਐਸਾ ਵੀ ਹੋਊ ਜਿਸ ਦੀ ਕੋਈ ਰਾਸ਼ਟਰੀ ਪਛਾਣ ਨਹੀਂ ਹੋਊ।

ਭਾਰਤੀ ਰਾਸ਼ਟਰ ਦੇ ਮੁਹਾਵਰੇ ਵਿਚ ਪ੍ਰੋ. ਭੁੱਲਰ ਅਤੇ ਉਸ ਵਰਗੇ ਬਾਕੀ ਸਾਰੇ ਸਿੱਖ ਸਿਆਸੀ ਕੈਦੀ ਰਾਸ਼ਟਰ ਦੇ ਦੁਸ਼ਮਣ ਹਨ। ਇਸ ਲਈ ਰਾਸ਼ਟਰ ਦੇ ਦੁਸ਼ਮਣਾਂ ਨੂੰ ਛੱਡਣ ਦੀ ਹਿਮਾਕਤ ਉਹੀ ਕਰ ਸਕਦਾ ਹੈ ਜਿਸ ਦੇ ਆਪਣੇ ਹਿਤ ਰਾਸ਼ਟਰ ਤੋਂ ਉੱਤੇ ਹਨ। ਕੇਜਰੀਵਾਲ ਸ਼ਾਇਦ ਇਸੇ ਕਰ ਕੇ ਭਾਜਪਾ ਦੇ ਹਿੰਦੂਤਵ ਨੂੰ ‘ਫਰਜੀ’ ਕਹਿ ਰਿਹਾ ਹੈ ਕਿਉਂਕਿ ਉਹ ਕਈ ਥਾਈਂ ਰਾਸ਼ਟਰ ਭਗਤੀ ਦੀਆਂ ਪ੍ਰਚਲਤ ਮਾਨਤਾਵਾਂ ਨੂੰ ਉਲੰਘ ਰਹੇ ਹਨ। ਕੇਜਰੀਵਾਲ ਭਾਜਪਾ ਦੇ ਰਾਸ਼ਟਰੀ ਅਤੇ ਦੇਸ ਭਗਤੀ ਹਿਤ ਕੀਤੇ ਕਾਰਨਾਮਿਆਂ ਦਾ ਹਾਮੀ ਹੈ ਕਸ਼ਮੀਰ। ਦੀ ਧਾਰਾ ੩੭੦ ਨੂੰ ਤੋੜਨ ਵਿੱਚ ਅਤੇ ਕਸ਼ਮੀਰੀ ਹੱਕਾਂ ਲਈ ਲੜ ਰਹੇ ਖਾੜਕੂਆਂ ਦੇ ਖਿਲਾਫ ਜੰਗ ਵਿਚ ਕੇਜਰੀਵਾਲ ਸਪਸ਼ਟ ਰੂਪ ਵਿੱਚ ਭਾਜਪਾ ਦਾ ਹਾਮੀ ਰਿਹਾ ਹੈ। ਇੱਥੇ ਉਹ ਰਾਜਨੀਤੀ ਤੋਂ ਉੱਪਰ ਰਾਸ਼ਟਰ ਹਿਤ ਵਾਸਤੇ ਭਾਜਪਾ ਨਾਲ ਸਹਿਮਤ ਹੋਇਆ ਹੈ। ਕਸ਼ਮੀਰ, ਪੰਜਾਬ ਦੇ ਦਿੱਲੀ ਤਖਤ ਖਿਲਾਫ ਟਕਰਾਵਾਂ ਵਿਚ ਕੇਜਰੀਵਾਲ ਦਾ ਰਵੱਈਆ ਵਧੇਰੇ ਸਖਤ ਦਿਖ ਰਿਹਾ ਹੈ। ਉਹ ਵੋਟਾਂ ਲਈ ਦੇਸ ਦੇ ਦੁਸ਼ਮਣਾਂ ਨੂੰ ਛੱਡ ਕੇ ਰਾਸ਼ਟਰ ਹਿੱਤਾਂ ਤੋਂ ਉੱਪਰ ਆਪਣੀ ਰਾਜਨੀਤੀ ਨਹੀਂ ਕਰਨੀ ਚਾਹੁੰਦਾ। ਇਸੇ ਲਈ ਉਹ ਆਪਣੀ ਗਲਤੀ ਨਹੀਂ ਦੁਹਰਾਉਣੀ ਚਾਹੁੰਦਾ ਜੋ ਉਸ ਨੇ ਪਿਛਲੀ ਵਾਰ ੨੦੧੭ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਿੱਖਾਂ ਨੂੰ ਆਪਣੇ ਨਾਲ ਲਾ ਕੇ ਕੀਤੀ ਸੀ। ਕੇਜਰੀਵਾਲ ਦੇ ਸਾਰੇ ਉਮੀਦਵਾਰ ਪੰਜਾਬ ਦੇ ਹਨ। ਉਨ੍ਹਾਂ ਵਿੱਚੋਂ ਬਹੁਤੇ ਸਿੱਖਾਂ ਦੀ ਇਸ ਮੰਗ ਦੇ ਹਾਮੀ ਵੀ ਹਨ। ਉਹ ਪਾਰਟੀ ‘ਤੇ ਦਬਾਅ ਵੀ ਜਰੂਰ ਬਣਾਉਂਦੇ ਹੋਣਗੇ। ਇੰਨੇ ਦਬਾਅ ਦੇ ਬਾਵਜੂਦ ਅਤੇ ਆਪਣੀ ਤਤਕਾਲੀ ਲੋੜ ਨੂੰ ਵੀ ਤਿਆਗ ਕੇ ਪ੍ਰੋ. ਭੁੱਲਰ ਦੀ ਰਿਹਾਈ ਤੇ ਸਹੀ ਨਾ ਪਾਉਣ ਦਾ ਕਾਰਨ ਇਹੀ ਹੈ ਕਿ ਉਸ ਦੀਆਂ ਨਜ਼ਰਾਂ ਵਿੱਚ ਰਿਹਾਅ ਹੋਣ ਵਾਲੇ ਦੇਸ਼ ਦੇ ਦੁਸ਼ਮਣ ਹਨ।

ਇਹ ਸਿੱਖਾਂ ਦੇ ਅੰਦਰਲੀ ਦਵੈਤ ਹੈ ਕਿ ਉਹ ਮਸਲੇ ਨੂੰ ਠੀਕ ਸਮਝਣ ਤੋਂ ਉੱਕ ਰਹੇ ਹਨ। ਉਹ ਕੇਜਰੀਵਾਲ ਦੀ ਤਿਰੰਗਾ ਯਾਤਰਾ ਅਤੇ ਉਸ ਦੇ ਪੰਜਾਬ ਵਿੱਚ ਸ਼ਾਂਤੀ ਦੇ ਨਾਅਰੇ ਨੂੰ ਹਿੰਦੂ ਵੋਟਾਂ ਨੂੰ ਲੁਭਾਉਣ ਵਾਲੇ ਪੱਤੇ ਵਜੋਂ ਵੇਖ ਰਹੇ ਹਨ। ਇਹ ਸਿਆਸੀ ਪੱਤਾ ਨਹੀਂ ਹੈ। ਪੰਜਾਬ ਦੇ ਆਮ ਜੀਵਨ ਦਾ ਅਜਾਦ ਸੁਭਾਅ ਅਤੇ ਨਿਭਾਅ ਇਕ ਰਾਸ਼ਟਰਵਾਦੀ ਨੂੰ ਸਦਾ ਹੀ ਅਸ਼ਾਂਤ ਦਿਖੂ। ਨੇੜ ਭੂਤ ਵਿੱਚ ਕਿਸਾਨੀ ਮੋਰਚੇ ਵਿੱਚ ਪੰਜਾਬ ਦਾ ਨਿਭਾਅ ਇਕ ਰਾਸ਼ਟਰ ਭਗਤ ਲਈ ਜਾਂ ਦਿੱਲੀ ਤਖਤ ਲਈ ਅਸ਼ਾਂਤੀ ਹੀ ਹੈ। ਚੋਣਾਂ ਲੜ ਰਹੀਆਂ ਬਾਕੀ ਪਾਰਟੀਆਂ ਅਸ਼ਾਂਤੀ ਦੇ ਮੁਹਾਵਰੇ ਵਿੱਚ ਗੱਲ ਨਹੀਂ ਕਰ ਰਹੀਆਂ। ਕੇਜਰੀਵਾਲ ਨੂੰ ਦਿਖ ਰਹੀ ਅਸ਼ਾਂਤੀ ਉਸ ਦੇ ਰਾਸ਼ਟਰ ਭਗਤੀ ਦੇ ਨਜਰੀਏ ਕਰਕੇ ਹੈ। ਇਸ ਲਈ ਇਹ ਨਹੀਂ ਮੰਨਿਆ ਜਾ ਸਕਦਾ ਕਿ ਕੇਜਰੀਵਾਲ ਹਿੰਦੂ ਪੱਤਾ ਖੇਡ ਰਿਹਾ ਹੈ ਉਸ ਨੂੰ ਪੰਜਾਬ ਦੀ ਸਹਿਜ ਸੁਭਾਅ ਚਾਲ ਵੀ ਰਾਸ਼ਟਰ ਸੁਰੱਖਿਆ ਲਈ ਖਤਰਾ ਜਾਪਦੀ ਹੈ। ਇਸ ਹਾਲਤ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਨੂੰ ਉਹ ਕਿਵੇਂ ਵੇਖਦਾ ਹੋਊ, ਇਹ ਸਵਾਲ ਹੈ।

ਹਿੰਦੂ ਪੱਤਾ ਜਾਂ ਹਿੰਦੂ ਵੋਟ ਦਾ ਇੰਨਾ ਰੌਲਾ ਨਹੀਂ ਕਿ ਸਾਰੀ ਰਿਹਾਈ ਹਿੰਦੂਆਂ ਕਰਕੇ ਹੀ ਰੁਕੀ ਹੋਈ ਹੈ। ਪ੍ਰੋ. ਭੁੱਲਰ ਅਤੇ ਉਸ ਵਰਗੇ ਸੈਂਕੜੇ ਹੋਰਾਂ ਨੇ ਜਿਹੜੀ ਜੰਗ ਲੜੀ ਹੈ ਉਸ ਵਿਚ ਅਨੇਕਾਂ ਹਿੰਦੂ ਉਨ੍ਹਾਂ ਦੇ ਸਹਾਇਕ ਰਹੇ ਹਨ। ਪੰਜਾਬ ਦੇ ਹਿੰਦੂਆਂ ਨੇ ਸਮੂਹਕ ਰੂਪ ਵਿੱਚ ਅਜਿਹੀ ਕੋਈ ਮੁਹਿੰਮ ਨਹੀਂ ਚਲਾਈ ਨਾ ਹੀ ਕੋਈ ਸਾਂਝੀ ਭਾਵਨਾ ਪ੍ਰਗਟ ਕੀਤੀ ਹੈ ਕਿ ਜੇ ਬੰਦੀ ਸਿੰਘਾਂ ਦੀ ਰਿਹਾਈ ਹੁੰਦੀ ਹੈ ਤਾਂ ਉਨ੍ਹਾਂ ਨੂੰ ਕੋਈ ਖਤਰਾ ਹੈ। ਬੇਸ਼ੱਕ ਕੇਜਰੀਵਾਲ ਦਾਅਵਾ ਕਰਦਾ ਹੈ ਕਿ ਉਹ ‘ਅਸਲ ਹਿੰਦੂਤਵ’ ਕਰ ਰਿਹਾ ਹੈ ਪਰ ਤਾਂ ਵੀ ਉਹਨੂੰ ਹਿੰਦੂਆਂ ਵਿੱਚ ਨਰਿੰਦਰ ਮੋਦੀ ਜਿੱਡੀ ਮਾਨਤਾ ਹਾਸਲ ਨਹੀਂ ਹੈ। ਜੇ ਪੰਜਾਬ ਦੇ ਹਿੰਦੂਆਂ ਦਾ ਹੀ ਬੰਦੀ ਸਿੰਘਾਂ ਦੀ ਰਿਹਾਈ ਬਾਬਤ ਕੋਈ ਅਜਿਹਾ ਦਬਾਅ ਹੁੰਦਾ ਤਾਂ ਭਾਰਤ ਦਾ ਪ੍ਰਧਾਨਮੰਤਰੀ ਨਰਿੰਦਰ ਮੋਦੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕਰਕੇ ਇਹ ਜੋਖਮ ਕਦੇ ਵੀ ਮੁੱਲ ਨਾ ਲੈਂਦਾ ਕਿਉਂਕਿ ਭਾਜਪਾ ਦਾ ਤਾਂ ਸਾਰਾ ਦਾਰੋਮਦਾਰ ਹੀ ਕੇਵਲ ਹਿੰਦੂ ਪੱਤੇ ਤੇ ਖੜ੍ਹਾ ਹੈ। ਨਾ ਹੀ ਉਹ ਇਸ ਸਾਲ ਗੁਰਪੁਰਬ ਮੌਕੇ ਖੇਤੀ ਕਾਨੂੰਨ ਵਾਪਸ ਲੈਣ ਦੇ ਰਾਹੇ ਪੈਂਦਾ। ਇਸ ਦੇ ਬਾਵਜੂਦ ਕਿ ਸਿੱਖ ਬਹੁਗਿਣਤੀ ਵਿੱਚ ਨਰਿੰਦਰ ਮੋਦੀ ਦੀ ਹਰ ਮੁਹਾਜ ‘ਤੇ ਮੁਖਾਲਫਤ ਕਰਨ ਦਾ ਮੁਹਾਵਰਾ ਭਾਰੂ ਹੈ ਤਾਂ ਵੀ ਨਰਿੰਦਰ ਮੋਦੀ ਅਤੇ ਉਸ ਦੀ ਭਾਜਪਾ ਨੂੰ ਪੰਜਾਬ ਵਿਚ ਹਿੰਦੂ ਵੋਟ ਟੁੱਟਣ ਦਾ ਕੋਈ ਡਰ ਨਹੀਂ। ਅਸਲ ਵਿੱਚ ਹਿੰਦੂ ਦਾ ਸਿੱਖ ਨਾਲ ਏਡਾ ਵਿਰੋਧ ਨਹੀਂ ਜਿੰਨਾ ਭਾਰਤੀ ਰਾਸ਼ਟਰ ਭਗਤੀ ਦਾ ਨਿਭਾਅ ਸਿੱਖ ਵਿਰੋਧੀ ਹੈ। ਬਲਕਿ ਪੰਜਾਬ ਦੇ ਜਿੰਨੇ ਵੀ ਵੱਡੇ ਮਸਲੇ ਹਨ ਭਾਵੇਂ ਉਹ ਦਰਿਆਈ ਪਾਣੀਆਂ ਦਾ ਹੋਵੇ, ਬਿਜਲੀ ਦੇ ਹੱਕਾਂ ਦਾ ਹੋਵੇ, ਖੇਤੀ ਢਾਂਚੇ ਵਿੱਚ ਬਦਲਾਅ ਦਾ ਹੋਵੇ, ਖੇਤੀ ਉਦਯੋਗ, ਪੰਜਾਬੀ ਬੋਲੀ, ਸੱਭਿਆਚਾਰਕ ਪਛਾਣ, ਲਹਿੰਦੇ ਨਾਲ ਵਪਾਰ ਜਾਂ ਸਿੱਖਾਂ ਦੀ ਨਿਆਰੀ ਹਸਤੀ ਦਾ, ਕੋਈ ਵੀ ਹੋਵੇ, ਉਹ ਸਾਰੇ ਮਸਲੇ ਰਾਸ਼ਟਰ ਕਰਕੇ ਹਨ। ਪੰਜਾਬ ਦੀ ਹਰ ਹੱਕੀ ਮੰਗ ਦਾ ਭਾਰਤੀ ਰਾਸ਼ਟਰ ਨਾਲ ਵਿਰੋਧ ਹੈ। ਪੰਜਾਬ ਦਾ ਹਿੰਦੂ ਇਨ੍ਹਾਂ ਸਾਰੇ ਮਸਲਿਆਂ ਲਈ ਕੇਂਦਰ ਦਾ ਮੋਹਰਾ ਜਰੂਰ ਬਣਿਆ ਹੈ ਪਰ ਉਹ ਇਸ ਦਾ ਮੂਲ ਕਾਰਨ ਨਹੀਂ। ਮੂਲ ਕਾਰਨ ਭਾਰਤੀ ਰਾਸ਼ਟਰ ਹੈ। ਇਹ ਖੋਜਣ ਦੀ ਲੋੜ ਹੈ ਕਿ ਸਿੱਖਾਂ ਲਈ ਸੰਘੀ ਵਧੇਰੇ ਖ਼ਤਰਨਾਕ ਹੈ ਜਾਂ ਰਾਸ਼ਟਰਵਾਦੀ? ਜਾਂ ਇਨ੍ਹਾਂ ਵਿੱਚ ਕੋਈ ਫ਼ਰਕ ਵੀ ਹੈ? ਸੰਘ ਵਿੱਚ ਵੀ ਬਹੁਤੇ ਉਹੀ ਲੋਕ ਹਨ ਜੋ ਰਾਸ਼ਟਰਵਾਦ ਵਿੱਚ ਵੀ ਸਿੱਖਾਂ ਨੂੰ ਖਤਮ ਕਰਨ ਲਈ ਕਾਹਲੇ ਸਨ? ਪ੍ਰੋ. ਭੁੱਲਰ ਅਤੇ ਉਸ ਵਰਗੇ ਹੋਰ ਅਨੇਕਾਂ ਸਿੰਘ ਜੇਲ੍ਹਾਂ ਵਿਚ ਬੰਦ ਇਸੇ ਕਰ ਕੇ ਹਨ ਕਿ ਉਨ੍ਹਾਂ ਨੇ ਪੰਜਾਬ ਦੇ ਹੱਕਾਂ ਦੀ ਬਹਾਲੀ ਲਈ ਜੰਗ ਲੜੀ ਹੈ। ਪੰਜਾਬ ਦੇ ਮਸਲੇ ਰਿਆਇਤਾਂ, ਗਾਰੰਟੀਆਂ, ਮੁਆਫ਼ੀਆਂ ਦੇ ਨਹੀਂ। ਪੰਜਾਬ ਨੂੰ ਜੇ ਕੁਝ ਮਿਲਣਾ ਹੈ ਤਾਂ ਰਾਸ਼ਟਰਵਾਦ ਦੇ ਕਮਜੋਰ ਹੋਣ ਅਤੇ ਖੇਤਰੀ ਤਾਕਤਾਂ ਦੇ ਮਜਬੂਤ ਹੋਣ ‘ਤੇ ਹੀ ਮਿਲ ਸਕਦਾ ਹੈ। ਕੇਜਰੀਵਾਲ ਤਾਂ ਪਹਿਲਾਂ ਦੀਆਂ ਕੇਂਦਰਵਾਦੀ ਪਾਰਟੀਆਂ ਨਾਲੋਂ ਵੀ ਵਧੇਰੇ ਕੇਂਦਰਵਾਦੀ ਰੁਖ ਦਿਖਾ ਰਿਹਾ ਹੈ ਇਸ ਤੋਂ ਪੰਜਾਬ ਦੇ ਭਵਿੱਖ ਦੀ ਕੀ ਆਸ ਕੀਤੀ ਜਾ ਸਕਦੀ ਹੈ?

ਅਰਵਿੰਦ ਕੇਜਰੀਵਾਲ ਅਤੇ ਉਸ ਦੇ ਸਿਆਸੀ ਮਾਹਿਰਾਂ ਨੂੰ ਪੰਥਕ ਮਸਲਿਆਂ ਤੇ ਸਿੱਖਾਂ ਦੀ ਏਕਤਾ ਅਤੇ ਸਮਰੱਥਾ ਦਾ ਅੰਦਾਜਾ ਤਾਂ ਜਰੂਰ ਹੋਊ। ਸਿੱਖ ਬਹੁਤ ਖੰਡਾਂ, ਟੋਟਿਆਂ, ਰਸਤਿਆਂ ਵਿੱਚ ਵੰਡੇ ਹੋਏ ਹਨ ਪਰ ਕਿਸੇ ਸਾਂਝੇ ਮਸਲੇ ਮੁੱਦੇ ‘ਤੇ ਉਨ੍ਹਾਂ ਲਈ ਇਕੱਠੇ ਹੋ ਕੇ ਜੂਝਣ ਦੀ ਜਿਹੜੀ ਸਮਰੱਥਾ ਅਤੇ ਸੰਭਾਵਨਾ ਹੈ ਉਹ ਭਾਰਤੀ ਬਣਤਰ ਬਾਰੇ ਮਾੜਾ ਮੋਟਾ ਜਾਣਨ ਵਾਲੇ ਨੂੰ ਵੀ ਪਤਾ ਹੈ। ਬੰਦੀ ਸਿੰਘਾਂ ਦੇ ਮਾਮਲੇ ਵਿੱਚ ਹੀ ਪ੍ਰੋ. ਭੁੱਲਰ ਦੀ ਫਾਂਸੀ ਰੁਕਵਾਉਣ ਵੇਲੇ ਅਤੇ ਭਾਈ ਰਾਜੋਆਣਾ ਦੀ ਫਾਂਸੀ ਰੁਕਵਾਉਣ ਲਈ ਸਭ ਵੰਡੀਆਂ ਭੁਲਾ ਕੇ ਇਕ ਹੋਣ ਦੀਆਂ ਨੇੜ ਭੂਤ ਵਿੱਚ ਹੀ ਇਤਿਹਾਸਕ ਮਿਸਾਲਾਂ ਹਨ। ਸੰਨ ੧੯੩੯ ਵਿੱਚ ਇਕ ਹਿੰਦੂ ਚਿੰਤਕ ਬੀਬੀ, ਸਾਵਿਤਰੀ ਦੇਵੀ ਆਪਣੀ ਕਿਤਾਬ ‘ਅ ਵਾਰਨਿੰਗ ਟੂ ਦ ਹਿੰਦੂਜ’ ਵਿਚ ਹਿੰਦੂਆਂ ਨੂੰ ਦਿੱਤੀਆਂ ਜਾਣ ਵਾਲੀਆਂ ਨਸੀਹਤਾਂ ਵਿਚ ਇਹ ਕਹਿੰਦੀ ਹੈ ਕਿ ਕੌਮੀ ਮਸਲਿਆਂ ‘ਤੇ ਇਕੱਠੇ ਹੋਣਾ ਸਿੱਖਾਂ ਵਾਂਗ ਸਿੱਖੋ ਨਹੀਂ ਤੁਹਾਡਾ ਹਾਲ ਠੀਕ ਨਹੀਂ ਰਹਿਣਾ। ਇਸ ਸਾਲ ਸਿੱਖਾਂ ਦੀ ਵੱਡੀ ਸਾਲਾਨਾ ਸ਼ਹੀਦੀ ਸਭਾ ਫਤਿਹਗਡ਼੍ਹ ਸਾਹਿਬ ਵਿਖੇ ਪ੍ਰੋ. ਭੁੱਲਰ ਅਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਜੋਰ ਨਾਲ ਤੁਰੀ। ਉਸ ਤੋਂ ਬਾਅਦ ਫਤਹਿਗੜ੍ਹ ਸਾਹਿਬ ਤੋਂ ਚੰਡੀਗੜ੍ਹ ਤੱਕ ਲੰਮਾ ਜਲੂਸ ਕੱਢਿਆ ਗਿਆ ਜੋ ਸਿੱਖਾਂ ਦੇ ਬੰਦੀ ਸਿੰਘਾਂ ਦੀ ਰਿਹਾਈ ਦੇ ਪ੍ਰਸੰਗ ਵਿੱਚ ਲਾਮਬੰਦ ਹੋਣ ਦੇ ਸਪਸ਼ਟ ਸੰਕੇਤ ਹਨ। ਕੇਜਰੀਵਾਲ ਜੇ ਵੋਟਾਂ ਤੋਂ ਤਿੰਨ ਹਫਤੇ ਪਹਿਲਾਂ ਇਨ੍ਹਾਂ ਸਪਸ਼ਟ ਸੰਕੇਤਾਂ ਬਾਰੇ ਅਤੇ ਸਿੱਖਾਂ ਦੇ ਨਿਭਾਅ ਬਾਰੇ ਨਹੀਂ ਗੌਲ ਰਿਹਾ ਤਾਂ ਮਸਲਾ ਉਸ ਲਈ ਸਿਆਸਤ ਦਾ ਨਹੀਂ ਸਗੋਂ ਕਿਸੇ ਵੱਡੀ ਅੰਦਰਲੀ ਗੁੰਝਲ ਦਾ ਹੈ। ਇਹ ਗੁੰਝਲ ਰਾਸ਼ਟਰ ਭਗਤੀ ਦੀ ਹੈ।

ਇਕ ਇਹ ਵੀ ਸਮਝਣ ਚ ਮਦਦਗਾਰ ਹੋ ਸਕਦਾ ਹੈ ਕਿ ਪ੍ਰੋ . ਭੁੱਲਰ ਦੇ ਵਕੀਲ ਨੇ ਦੱਸਿਆ ਕਿ ਉਨ੍ਹਾਂ ਦੀ ਰਿਹਾਈ ਦੇ ਸਾਰੇ ਕਾਨੂੰਨੀ ਅੜਿੱਕੇ ਦੂਰ ਹੋ ਗਏ ਹਨ। ਫਿਰ ਐਸਾ ਕਿਹੜਾ ਅੜਿੱਕਾ ਹੈ ਜਿਹੜਾ ਕਾਨੂੰਨ ਤੋਂ ਵੀ ਵੱਡਾ ਹੈ। ਪੁਰਾਤਨ ਸਮੇਂ ਤੋਂ ਹੀ ਇਨਸਾਫ, ਨਿਆਂ, ਕਾਨੂੰਨ ਰਾਜ ਦਾ ਸਰਵੋਤਮ ਗੁਣ ਅਤੇ ਪਹਿਲਾ ਫਰਜ ਰਿਹਾ ਹੈ ਪਰ ਰਾਸ਼ਟਰਵਾਦੀ ਬਣਤਰਾਂ ਵਿੱਚ ਕਾਨੂੰਨ ਤੋਂ ਵੀ ਵੱਡਾ ਰਾਸ਼ਟਰ ਹਿਤ ਹੁੰਦਾ ਹੈ ਜਿਸ ਲਈ ਕਾਨੂੰਨ ਨੂੰ ਤੋੜਿਆ, ਬਦਲਿਆ, ਨਵਾਂ ਬਣਾਇਆ ਜਾਂ ਉਲੰਘਿਆ ਵੀ ਜਾ ਸਕਦਾ ਹੈ। ਇੱਥੇ ਮਨੁੱਖੀ ਨਿਆਂ, ਕੁਦਰਤੀ ਨਿਆਂ ਤੋਂ ਉੱਤੇ ਰਾਸ਼ਟਰ ਹਿਤ ਹੁੰਦਾ ਹੈ। ਰਾਸ਼ਟਰ ਹਿਤ ਸਾਹਮਣੇ ਮਨੁੱਖੀ ਅਧਿਕਾਰ, ਨੈਤਿਕਤਾ, ਇਖਲਾਕ ਦੀ ਕੋਈ ਕੀਮਤ ਨਹੀਂ ਹੁੰਦੀ। ਪ੍ਰੋ. ਭੁੱਲਰ ਦੇ ਵਕੀਲ ਨੇ ਇਹ ਵੀ ਕਿਹਾ ਕਿ ਉਹੀ ਉਮਰ ਕੈਦਾਂ ਦੇ ਭਾਗੀ ਦੋਸ਼ੀ ਪੁਲਸ ਵਾਲੇ ਪੰਜ-ਪੰਜ, ਚਾਰ-ਚਾਰ ਸਾਲਾਂ ਬਾਅਦ ਹੀ ਰਿਹਾਅ ਕਰ ਦਿੱਤੇ ਜਾਂਦੇ ਹਨ ਪਰ ਬੰਦੀ ਸਿੰਘਾਂ ਨੂੰ ਸਜਾ ਮੁੱਕਣ ‘ਤੇ ਵੀ ਰਿਹਾਅ ਨਹੀਂ ਕੀਤਾ ਜਾਂਦਾ। ਉਹ ਇਸ ਦੋਹਰੀ ਪਹੁੰਚ ‘ਤੇ ਸਵਾਲ ਕਰਦਾ ਹੈ। ਚਰਚਾ ਦਾ ਸਿੱਟਾ ਇਹ ਬਣਦਾ ਹੈ ਕਿ ਬੰਦੀ ਸਿੰਘਾਂ ਅਤੇ ਪੁਲਸ ਵਾਲਿਆਂ ਦੀਆਂ ਉਮਰ ਕੈਦਾਂ ਬਾਰੇ ਜਿਹੜਾ ਭਾਰਤੀ ਤਾਕਤ ਅਤੇ ਨਿਆਂ ਦਾ ਕਾਣ ਹੈ ਉਹ ਰਾਸ਼ਟਰ ਦੀ ਉਸਾਰੀ ਕਰਕੇ ਹੀ ਹੈ ਕਿਉਂਕਿ ਪੁਲਸ ਵਾਲਿਆਂ ਨੇ ਬੇਸ਼ੱਕ ਅਪਰਾਧ ਕੀਤੇ ਪਰ ਰਾਸ਼ਟਰ ਹਿਤ ਕੰਮ ਕਰਦਿਆਂ ਉਨ੍ਹਾਂ ਤੋਂ ਅਪਰਾਧ ਹੋਏ ਮੰਨੇ ਜਾਂਦੇ ਹਨ। ਰਾਸ਼ਟਰ ਹਿਤ ਕੀਤੀ ਸੇਵਾ ਕਰ ਕੇ ਉਨ੍ਹਾਂ ਨਾਲ ਨਰਮਾਈ ਹੁੰਦੀ ਹੈ। ਬੰਦੀ ਸਿੰਘਾਂ ਨਾਲ ਸਖਤੀ ਰਾਸ਼ਟਰ ਵਿਰੋਧ ਕਰਕੇ ਹੈ। ਜੇਲ੍ਹ ਨੂੰ ਸੁਧਾਰ ਘਰ ਕਿਹਾ ਜਾਂਦਾ ਹੈ ਜਿੱਥੇ ਕੈਦੀਆਂ ਦੇ ਠੀਕ ਵਰਤਾਓ ਕਰ ਕੇ ਉਨ੍ਹਾਂ ਨੂੰ ਸੁਧਰਿਆ ਮੰਨ ਕੇ ਰਿਹਾਅ ਕਰਨ ਦੇ ਨੇਮ ਵਿਧਾਨ ਬਣਾਏ ਹਨ ਪਰ ਬੰਦੀ ਸਿੰਘਾਂ ਨੂੰ ਨੇਮਾਂ ਮੁਤਾਬਕ ਸੁਧਰੇ ਹੋਣ ਦੇ ਪ੍ਰਵਾਨੇ ਮਿਲਣ ‘ਤੇ ਵੀ ਸੁਧਰੇ ਹੋਏ ਨਹੀਂ ਮੰਨਿਆ ਜਾਂਦਾ ਕਿਉਂਕਿ ਉਹ ਰਾਸ਼ਟਰ ਖਿਲਾਫ ਲੜੇ ਸਨ। ਭਾਰਤੀ ਰਾਸ਼ਟਰ ਹੁਣ ਮਰਨਾਊ ਹਾਲਤ ਵਿੱਚ ਹੈ। ਕੌਮਾਂਤਰੀ ਹਾਲਤਾਂ, ਆਰਥਿਕ ਕਮਜੋਰੀ, ਪ੍ਰਸ਼ਾਸਨਿਕ ਅਸਫਲਤਾ, ਅਦਾਲਤੀ ਕਾਣ ਅਤੇ ਦਿੱਲੀ ਤਖਤ ਦੀਆਂ ਮਹਿਕੂਮ ਪਛਾਣਾਂ ਨਾਲ ਲਗਾਤਾਰ ਬੇਇਨਸਾਫੀਆਂ ਕਰ ਕੇ ਭਾਰਤੀ ਰਾਸ਼ਟਰ ਵਿਚੋਂ ਉਨ੍ਹਾਂ ਦਾ ਵੀ ਯਕੀਨ ਉੱਠ ਗਿਆ ਕਿ ਜਿਹੜੇ ਇਸਦੇ ਪੌਣੀ ਸਦੀ ਜਾਮਨ ਅਤੇ ਬੌਧਿਕ ਧਰੋਹਰ ਰਹੇ ਹਨ। ਜੇ ਅਜਿਹੀ ਹਾਲਤ ਵਿੱਚ ਵੀ ਕੋਈ ਸਿਆਸੀ ਧਿਰ ਆਪਣੀ ਰਾਸ਼ਟਰ ਭਗਤੀ ਕਰਕੇ ਸਿੱਖਾਂ ਨੂੰ ਨਾਰਾਜ ਕਰਨ ‘ਤੇ ਉਤਾਰੂ ਹੈ ਤਾਂ ਉਸ ਤੋਂ ਸਿੱਖਾਂ ਦੀ ਨਿਆਰੀ ਹਸਤੀ ਤੱਕ ਦੀ ਆਜਾਦੀ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ? ਭਾਰਤੀ ਰਾਸ਼ਟਰਵਾਦ ਸਿੱਖਾਂ ਦੀ ਨਿਆਰੀ ਹਸਤੀ ਨੂੰ ਆਪਣਾ ਸਭ ਤੋਂ ਵੱਡਾ ਦੁਸ਼ਮਣ ਮੰਨਦਾ ਰਿਹਾ ਹੈ। ਇਹ ਗੱਲ ਸਦਾ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਰਾਸ਼ਟਰਵਾਦ ਵਿਚ ਰਾਸ਼ਟਰ ਵਿਰੋਧੀਆਂ ਦੀਆਂ ਵੋਟਾਂ ਕੋਈ ਮਾਅਨੇ ਨਹੀਂ ਰੱਖਦੀਆਂ ਹੁੰਦੀਆਂ। ਇਸ ਲਈ ਸਿੱਖ ਆਪਣੇ ਆਪ ਨੂੰ ਸਪਸ਼ਟ ਰੂਪ ਵਿੱਚ ਭਾਰਤ ਦਾ ਅਟੁੱਟ ਅੰਗ ਮੰਨਣ ਜਾਂ ਫਿਰ ਆਪਣੀ ਵੋਟ ਦਾ ਦਾਅਵਾ ਕਰਨਾ ਛੱਡ ਦੇਣ ਇਹ ਦਵੈਤ ਨਹੀਂ ਚੱਲ ਸਕਦੀ।

...

ਡਾ. ਸਿਕੰਦਰ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਵਿਖੇ ਪੰਜਾਬੀ ਵਿਭਾਗ ਦੇ ਮੁਖੀ ਹਨ।

5 1 vote
Article Rating
Subscribe
Notify of
2 ਟਿੱਪਣੀਆਂ
Oldest
Newest Most Voted
Inline Feedbacks
View all comments
2
0
Would love your thoughts, please comment.x
()
x