‘ਨਸਲਕੁਸ਼ੀ ਦੀ ਤਰੰਗ’ ਦਾ ਪ੍ਰਗਟਾਵਾ

‘ਨਸਲਕੁਸ਼ੀ ਦੀ ਤਰੰਗ’ ਦਾ ਪ੍ਰਗਟਾਵਾ

ਲੰਘੇ ਦਿਨਾਂ ਦੌਰਾਨ ਦੋ ਅਤਿ ਗੰਭੀਰ ਘਟਨਾਕ੍ਰਮ ਸਾਹਮਣੇ ਆਏ। ਪਹਿਲਾ, 17 ਤੋਂ 19 ਦਸੰਬਰ 2021 ਨੂੰ ਹਰੀਦੁਆਰ ਵਿਖੇ ਹੋਏ “ਧਰਮ ਸੰਸਦ” ਨਾਮੀ ਇਕ ਸਮਾਗਮ ਵਿਚ ਹਿੰਦੂ ਧਰਮ ਨਾਲ ਸੰਬੰਧਤ ਕੁਝ ਸਾਧਾਂ ਵੱਲੋਂ ਮੁਸਲਿਮ ਭਾਈਚਾਰੇ ਦੇ ਕਤਲੇਆਮ ਤੇ ਨਸਲਕੁਸ਼ੀ ਦਾ ਹੋਕਾ ਦਿੱਤਾ ਗਿਆ। ਦੂਜਾ, 5 ਜਨਵਰੀ 2022 ਨੂੰ ਫਿਰੋਜ਼ਪੁਰ ਵਿਖੇ ਹੋਣ ਵਾਲੀ ਇੰਡੀਅਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਕ ਰੈਲੀ ਰੱਦ ਹੋਣ ਤੋਂ ਬਾਅਦ ਮੋਦੀ ਦੀ ਜਾਨ ਨੂੰ ਪੰਜਾਬ ਵਿਚ ਕਥਿਤ ਖਤਰੇ ਦੇ ਹਵਾਲੇ ਨਾਲ ਬਿਜਲ ਸੱਥ (ਸੋਸ਼ਲ ਮੀਡੀਆ) ਉੱਤੇ 1984 ਵਾਙ ਸਿੱਖਾਂ ਦੀ ਨਸਲਕੁਸ਼ੀ ਦਾ ਹੋਕਾ ਦਿੱਤਾ ਗਿਆ।

ਇਹਨਾ ਘਟਨਾਕ੍ਰਮਾਂ ਨੂੰ ਇੰਡੀਆ ਵਿਚ ਖਬਰਖਾਨੇ ਵੱਲੋਂ “ਨਫਤਰੀ ਪ੍ਰਚਾਰ” (ਹੇਟ ਸਪੀਚ) ਦੀ ਸੰਗਿਆ ਦੇ ਕੇ ਇਹਨਾ ਦੀ ਨਿਖੇਧੀ ਕੀਤੀ ਗਈ। ਧਰਮ ਸੰਸਦ ਵਾਲਾ ਮਾਮਲਾ ਹਾਲੀ ਵੀ ਚਰਚਾ ਵਿਚ ਹੈ ਜਦਕਿ ਸਿੱਖਾਂ ਵਿਰੁਧ ਨਸਲਕੁਸ਼ੀ ਵਾਲੀ ਹਿੰਸਾ ਦਾ ਸੱਦਾ ਦੇਣ ਵਾਲੇ ਪ੍ਰਚਾਰ ਦਾ ਮਸਲਾ ਕੁਝ ਦਿਨਾਂ ਬਾਅਦ ਹੀ ਚਰਚਾ ਤੋਂ ਬਾਹਰ ਹੋ ਗਿਆ।

ਨਸਲਕੁਸ਼ੀ ਦੇ ਇਤਿਹਾਸ ਵਿਚ ਵਾਪਰੇ ਜੁਰਮਾਂ ਦੀ ਘੋਖ ਕਰਕੇ ਵਿਦਵਾਨ ਗ੍ਰੈਗਰੀ ਐਚ. ਸਟੈਨਟਨ ਨੇ ਨਸਲਕੁਸ਼ੀ ਦੇ ਦਸ ਪੜਾਅ ਦਰਸਾਏ ਹਨ ਜਿਹੜੇ ਕਿ ਨਸਲਕੁਸ਼ੀ ਦੇ ਕਰੀਬ ਹਰੇਕ ਕਾਂਡ ਵਿਚ ਵਾਪਰਦੇ ਹਨ। ਇਹ ਪੜਾਅ ਦਰਸਾਉਂਦੇ ਹਨ ਕਿ ਜਿਸ ਸਮਾਜ ਜਾਂ ਮੁਲਕ ਵਿਚ ਨਸਲਕੁਸ਼ੀ ਵਾਪਰਨ ਦਾ ਖਦਸ਼ਾ ਹੁੰਦਾ ਹੈ ਉਸ ਵਿਚ ‘ਨਸਲਕੁਸ਼ੀ ਦੀ ਤਰੰਗ’ (ਜੈਨੋਸਾਈਡਲ ਇਮਪਲਸ) ਹਰ ਸਮੇਂ ਸੰਚਾਰਤ ਰਹਿੰਦੀ ਹੈ। ਆਮ ਹਾਲਾਤ ਵਿਚ ਅੰਦਰਖਾਤੇ ਚੱਲਦੇ ਰਹਿਣ ਵਾਲੀ ਇਹ ਤਰੰਗ ਜਦੋਂ ਖਾਸ ਹਾਲਾਤ ਵਿਚ ਪ੍ਰਤੱਖ ਅਤੇ ਜ਼ੋਰਦਾਰ ਰੂਪ ਵਿਚ ਉੱਭਰਨੀ ਸ਼ੁਰੂ ਹੋ ਜਾਂਦੀ ਹੈ ਕਿ ਤਾਂ ਨਸਲਕੁਸ਼ੀ ਵਾਪਰਨ ਦਾ ਖਦਸ਼ਾ ਵਧਣਾ ਸ਼ੁਰੂ ਹੋ ਜਾਦਾ ਹੈ।

ਇੰਡੀਆ ਵਿਚ ਧਰਮ ਸੰਸਦ ਦੌਰਾਨ ਮੁਸਲਮਾਨਾਂ ਦੀ, ਅਤੇ ਮੋਦੀ ਦੀ ਰੈਲੀ ਰੱਦ ਹੋਣ ਤੋਂ ਬਾਅਦ ਸਿੱਖਾਂ ਦੀ ਨਸਲਕੁਸ਼ੀ ਦਾ ਹੋਕਾ ਦੇਣਾ ਮਹਿਜ਼ ‘ਨਫਰਤੀ ਪ੍ਰਚਾਰ’ ਨਹੀਂ ਹੈ ਬਲਕਿ ਇਸ ਤੋਂ ਵੀ ਕਿਤੇ ਵਧ ਇਹ “ਨਸਲਕੁਸ਼ੀ ਦੀ ਤਰੰਗ” ਦੇ ਤੇਜ ਤੇ ਠੋਸ ਹੋ ਜਾਣ ਦਾ ਪ੍ਰਗਟਾਵਾ ਹੈ।

ਇੰਡੀਆ ਦੇ ਪੱਤਰਕਾਰ ਕਰਨ ਥਾਪਰ ਨਾਲ ਗੱਲਬਾਤ ਦੌਰਾਨ ਨਸਲਕੁਸ਼ੀ ਦੇ ਮਾਮਿਲਆਂ ਦੀ ਪੜਤਾਲ ਕਰਨ ਵਾਲੇ ਵਿਦਵਾਨ ਗ੍ਰੈਗਰੀ ਐਚ. ਸਟੈਨਟਨ ਨੇ ਵੀ ਸਾਫ ਕੀਤਾ ਹੈ ਕਿ ਇੰਡੀਆ ਵਿਚ ਮੁਸਲਮਾਨਾਂ ਦੀ ਨਸਲਕੁਸ਼ੀ ਦਾ ਮਹੌਲ ਸਿਰਜਿਆ ਜਾ ਰਿਹਾ ਹੈ।

ਸਟੈਨਟਨ ਨੇ ਕਿਹਾ ਕਿ ਇੰਡੀਆ ਵਿਚ ਨਸਲਕੁਸ਼ੀ ਹੋਣ ਦਾ ਖਦਸ਼ਾ ਹੈ। ਉਸਨੇ ਅੱਗੇ ਕਿਹਾ ਕਿ “ਅਮਰੀਕੀ ਕਾਂਗਰਸ ਨੂੰ ਇਹ ਚੇਤਾਵਨੀ ਦਿੰਦਾ ਮਤਾ ਪ੍ਰਵਾਣ ਕਰਨਾ ਚਾਹੀਦਾ ਹੈ ਕਿ ਇੰਡੀਆ ਵਿਚ ਨਸਲਕੁਸ਼ੀ ਨਹੀਂ ਵਾਪਰਨ ਦੇਣੀ ਚਾਹੀਦੀ”। ਸਟੈਨਟਨ ਨੇ ਇਹ ਵੀ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੂੰ ਇੰਡੀਅਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਫ ਕਹਿ ਦੇਣਾ ਚਾਹੀਦਾ ਹੈ ਕਿ ਜੇਕਰ ਇੰਡੀਆ ਵਿਚ ਨਸਲਕੁਸ਼ੀ ਵਾਪਰਦੀ ਹੈ ਤਾਂ ਅਮਰੀਕਾ ਇੰਡੀਆ ਨਾਲ ਆਪਣੇ ਸੰਬੰਧਾਂ ਬਾਰੇ ਮੁੜ ਵਿਚਾਰ ਕਰੇਗਾ।

ਇਹ ਟਿੱਪਣੀਆਂ ਬਹੁਤ ਸਪਸ਼ਟ ਹਨ ਕਿਉਂਕਿ ਸਟੈਨਟਨ ਨੂੰ ਪਤਾ ਹੈ ਕਿ ਇੰਡੀਆ ਵਿਚ ਨਸਲਕੁਸ਼ੀ ਦਾ ਖਤਰਾ ਬਿਲਕੁਲ ਹਕੀਕੀ ਹੈ ਤੇ ਧਰਮ ਸੰਸਦ ਦੌਰਾਨ ਕੀਤੀ ਗਈ ਮੁਸਲਿਮ ਵਿਰੋਧੀ ਬਿਆਨਬਾਜ਼ੀ ਸਧਾਰਨ ਪੱਧਰ ਦਾ ਨਫਰਤੀ ਪ੍ਰਚਾਰ ਨਹੀਂ ਹੈ ਬਲਕਿ “ਨਸਲਕੁਸ਼ੀ ਦੀ ਤਰੰਗ” ਦਾ ਪ੍ਰਗਟਾਵਾ ਹੈ ਜਿਸ ਨੂੰ ਜੇਕਰ ਨਾ ਰੋਕਿਆ ਗਿਆ ਤਾਂ ਇੰਡੀਆ ਵਿਚ ਨਸਲਕੁਸ਼ੀ ਦੇ ਅਗਲੇ ਪੜਾਅ ਵਾਪਰਨ ਲੱਗਿਆਂ ਬਹੁਤਾ ਸਮਾਂ ਨਹੀਂ ਲੱਗਣਾ।

ਨਸਲਕੁਸ਼ੀ ਦੇ ਮਾਮਲੇ ਵਿਚ ਇਹ ਹੋਰ ਅਹਿਮ ਮਸਲਾ ਧਿਆਨ ਦੀ ਮੰਗ ਕਰਦਾ ਹੈ ਕਿ ‘ਨਸਲਕੁਸ਼ੀ’ ਕੌਮਾਂਤਰੀ ਕਾਨੂੰਨ ਤਹਿਤ ਇਕ ਬੇਹੱਦ ਸੰਗੀਨ ਜ਼ੁਰਮ ਹੈ ਅਤੇ ਆਲਮੀ ਭਾਈਚਾਰੇ ਨੇ 1948 ਵਿਚ ਨਸਲਕੁਸ਼ੀ ਦੇ ਜ਼ੁਰਮ ਨੂੰ ਕੌਮਾਂਤਰੀ ਕਾਨੂੰਨ ਦਾ ਹਿੱਸਾ ਬਣਾਇਆ ਸੀ ਅਤੇ ਇਸ ਮਹਾਂਜ਼ੁਰਮ ਦੀ ਰੋਕਥਾਮ, ਅਤੇ ਇਹ ਜ਼ੁਰਮ ਕਰਨ ਵਾਲਿਆਂ ਨੂੰ ਸਜਾ ਦੇਣ ਲਈ “ਨਸਲਕੁਸ਼ੀ ਕਨਵੈਨਸ਼ਨ” ਪ੍ਰਵਾਣ ਕੀਤੀ ਸੀ। ਇਸ ਕਨਵੈਨਸ਼ਨ ਉੱਤੇ ਦਸਤਖਤ ਕਰਨ ਵਾਲੇ ਮੁਲਕਾਂ ਵਾਸਤੇ ਇਹ ਯਕੀਨੀ ਬਣਾਉਣਾ ਲਾਜਮੀ ਸੀ ਕਿ ਨਸਲਕੁਸ਼ੀ ਨੂੰ ਉਹਨਾਂ ਮੁਲਕਾਂ ਦੇ ਦੇਸੀ ਕਾਨੂੰਨ ਵਿਚ ਜ਼ੁਰਮ ਐਲਾਨਿਆ ਜਾਵੇ ਤੇ ਨਸਲਕੁਸ਼ੀ ਕਰਨ ਵਾਲਿਆਂ ਲਈ ਸਜਾ ਮਿੱਥੀ ਕੀਤੀ ਜਾਵੇ। ਪਰ ਇੰਡੀਆ ਵਿਚ ਨਸਲਕੁਸ਼ੀ ਦੀ ਰੋਕਥਾਮ ਜਾਂ ਇਸ ਜੁਰਮ ਲਈ ਸਜਾ ਦੇਣ ਦੀ ਗੱਲ ਤਾਂ ਦੂਰ ਰਹੀ, ਇੰਡੀਆ ਦੇ ਕਾਨੂੰਨ ਵਿਚ ਤਾਂ ਨਸਲਕੁਸ਼ੀ ਨੂੰ ਜ਼ੁਰਮ ਵੀ ਨਹੀਂ ਮੰਨਿਆ ਗਿਆ।

ਇੰਡੀਆ ਵਿਚ ਕੋਈ ਵੀ ਅਜਿਹਾ ਕਾਨੂੰਨ ਨਹੀਂ ਹੈ ਜਿਹੜਾ ਨਸਲਕੁਸ਼ੀ ਦੇ ਜ਼ੁਰਮ ਨੂੰ ਪ੍ਰਭਾਸ਼ਿਤ ਕਰਦਾ ਹੋਵੇ, ਉਸ ਦੀ ਰੋਕਥਾਮ ਜਾਂ ਨਸਲਕੁਸ਼ੀ ਕਰਨ ਵਾਲੇ ਨੂੰ ਸਜਾ ਦੇਣ ਦਾ ਪ੍ਰਬੰਧ ਕਰਦਾ ਹੋਵੇ। ਨਤੀਜਾ ਇਹ ਹੈ ਕਿ ਨਾ ਤਾਂ ਨਸਲਕੁਸ਼ੀ ਤੇ ਨਾ ਹੀ ਇਸ ਨਾਲ ਸੰਬੰਧਤ ਜ਼ੁਰਮਾਂ ਜਿਵੇਂ ਕਿ ਨਸਲਕੁਸ਼ੀ ਕਰਨ ਦੀ ਤਿਆਰੀ ਕਰਨੀ, ਨਸਲਕੁਸ਼ੀ ਦੀ ਸਾਜਿਸ਼ ਕਰਨੀ, ਨਸਲਕੁਸ਼ੀ ਦੀ ਕੋਸ਼ਿਸ਼ ਕਰਨੀ ਆਦਿ ਲਈ ਕੋਈ ਫੌਜਦਾਰੀ ਮੁਕਦਮਾ ਦਰਜ਼ ਹੁੰਦਾ ਹੈ ਅਤੇ ਨਾ ਹੀ ਨਸਲਕੁਸ਼ੀ ਲਈ ਬਣਾਏ ਜਾਣ ਵਾਲੇ ਮਹੌਲ ਦੀ ਰੋਕਥਾਮ ਵਾਸਤੇ ਹੀ ਕੋਈ ਕਾਰਵਾਈ ਹੁੰਦੀ ਹੈ।

ਸਿਰਫ ਇੰਨਾ ਹੀ ਨਹੀਂ ਜਦੋਂ ਪ੍ਰਤੱਖ ਤੌਰ ਉੱਤੇ ਧਾਰਮਿਕ ਭਾਈਚਾਰਿਆਂ ਦੀ ਨਸਲਕੁਸ਼ੀ ਦੇ ਹੋਕੇ ਦਿੱਤੇ ਜਾ ਰਹੇ ਹਨ ਤਾਂ ਉਸ ਹਾਲਾਤ ਵਿਚ ਖਰਬਖਾਨੇ ਜਾਂ ਸਮਾਜ ਵਿਚ ਇਹਨਾ ਬਾਰੇ ‘ਨਸਲਕੁਸ਼ੀ ਦੀ ਤਰੰਗ ਦੇ ਪ੍ਰਗਟਾਵੇ’ ਦੇ ਨੁਕਤੇ ਤੋਂ ਚਰਚਾ ਵੀ ਨਹੀਂ ਹੋ ਰਹੀ। ਇਸ ਮਾਮਲੇ ਵਿਚ ਜੋ ਚਰਚਾ ਹੋ ਰਹੀ ਹੈ ਉਸ ਦਾ ਦਾਇਰਾ ‘ਨਫਰਤ ਦੇ ਪ੍ਰਗਟਾਵੇ’ ਦਾ ਵਿਰੋਧ ਕਰਨ ਵਾਲਾ ਹੈ ਨਾ ਕਿ ਇਹ ਗੱਲ ਉਜਾਗਰ ਕਰਨ ਵਾਲਾ ਕਿ ਮੌਜੂਦਾ ਸਮੇਂ ਇੰਡੀਆ ਵਿਚ ਕੁਝ ਹਿੱਸੇ ਸ਼ਰੇਆਮ ‘ਨਸਲਕੁਸ਼ੀ ਦੀ ਤਰੰਗ’ ਦਾ ਪ੍ਰਗਟਾਵਾ ਕਰ ਰਹੇ ਹਨ ਜਿਸ ਬਾਰੇ ਨਸਲਕੁਸ਼ੀ ਦੇ ਮਾਹਿਰਾਂ ਵਲੋਂ ਸਖਤ ਤਾੜਨਾ ਕੀਤੀ ਜਾ ਰਹੀ ਹੈ। ਇੰਡੀਆ ਵਿਚ ਪਹਿਲਾਂ ਵਾਪਰੀਆਂ ਨਸਲਕੁਸ਼ੀਆਂ, ਜਿਵੇਂ ਕਿ ਨਵੰਬਰ 1984 ਵਿਚ ਸਿੱਖਾਂ ਦੀ ਨਸਲਕੁਸ਼ੀ ਅਤੇ 2002 ਵਿਚ ਗੁਜਰਾਤ ਵਿਚ ਮੁਸਲਮਾਨਾਂ ਦੀ ਨਸਲਕੁਸ਼ੀ, ਬਾਰੇ ਦਿੱਲੀ ਦਰਬਾਰ ਅਤੇ ਇੰਡੀਅਨ ਖਬਰਖਾਨੇ ਦੀ ਪਹੁੰਚ ‘ਮੁੱਕਰ ਜਾਣ’ ਵਾਲੀ ਹੀ ਰਹੀ ਹੈ।

ਜ਼ਿਕਰਯੋਗ ਹੈ ਕਿ ਗ੍ਰੈਗਰੀ ਐਚ. ਸਟੈਨਟਸ ਦੀ ਖੋਜ ਦਰਸਾਉਂਦੀ ਹੈ ਕਿ ਮੁੱਕਰ ਜਾਣਾ ਦਰ-ਅਸਲ ਨਸਲਕੁਸ਼ੀ ਦਾ ਕਦੇ ਵੀ ਨਾ ਮੁੱਕਣ ਵਾਲਾ ਪੜਾਅ ਹੁੰਦਾ ਹੈ। ਮੁੱਕਰ ਜਾਣ ਦਾ ਅਮਲ ਇਸ ਗੱਲ ਦਾ ਵੀ ਪ੍ਰਗਟਾਵਾ ਹੁੰਦਾ ਹੈ ਕਿ ਉਸ ਰਾਜ/ਸਮਾਜ ਅੰਦਰ ‘ਨਸਲਕੁਸ਼ੀ ਦੀ ਤਰੰਗ’ ਕਾਇਮ ਹੈ ਜੋ ਕਿ ਕਿਸੇ ਵੀ ਵੇਲੇ ਪ੍ਰਬਲ ਰੂਪ ਧਾਰਨ ਕਰ ਸਕਦੀ ਹੈ। ਇਸ ਲਈ ਸਪਸ਼ਟ ਹੈ ਕਿ ਹਾਲਾਤ ਦਿਸਦੇ ਤੋਂ ਵੱਧ ਗੰਭੀਰ ਹਨ, ਸੋ ਇਸ ਬਾਰੇ ਵਧੇਰੇ ਸੁਚੇਤ ਤੇ ਗੰਭੀਰ ਹੋਣ ਦੀ ਲੋੜ ਹੈ। ਕਿਸੇ ਗੰਭੀਰ ਵਰਤਾਰੇ ਨੂੰ ਉਸ ਦੇ ਅਸਲੀ ਰੂਪ ਵਿਚ ਉਜਾਗਰ ਕਰਨ ਨਾਲ ਹੀ ਹਾਲਾਤ ਵਿਚ ਅਜਿਹੀ ਤਬਦੀਲੀ ਲਿਆਂਦੀ ਜਾ ਸਕਦੀ ਹੈ ਜਿਹਦੇ ਨਾਲ ਉਸ ਵਰਤਾਰੇ ਦਾ ਮੁਕਾਬਲਾ ਕਰਕੇ ਉਸ ਦੀ ਰੋਕਥਾਮ ਕੀਤੀ ਜਾ ਸਕੇ।

ਜਰੂਰਤ ਹੈ ਕਿ ਘਟਨਾਵਾਂ ਤੇ ਘਟਨਾਕ੍ਰਮਾਂ ਪਿੱਛੇ ਜੋ ਵਰਤਾਰੇ ਕੰਮ ਕਰ ਰਹੇ ਹਨ ਉਹਨਾ ਦੇ ਅਸਲੇ ਨੂੰ ਪਛਾਣ ਕੇ ਉਹਨਾ ਘਟਨਾਵਾਂ ਬਾਰੇ ਹੋਣ ਵਾਲੀ ਚਰਚਾ ਵਿਚ ਉਜਾਗਰ ਕੀਤਾ ਜਾਵੇ। ਇਤਿਹਾਸ ਗਵਾਹ ਹੈ ਕਿ ਅਣਗੌਲਿਆਂ ਕਰਨ ਨਾਲ ਮਨੁੱਖੀ ਘਾਣ ਦੀ ਇੱਛਾਵਾਨ ‘ਨਸਲਕੁਸ਼ੀ ਦੀ ਤਰੰਗ’ ਸਦਾ ਹੋਰ ਪ੍ਰਚੰਡ ਹੀ ਹੁੰਦੀ ਹੈ। ਸੋ ਜਰੂਰੀ ਹੈ ਕਿ ‘ਨਸਲਕੁਸ਼ੀ ਦੀ ਤਰੰਗ’ ਦੇ ਪ੍ਰਗਟਾਵੇ ਨੂੰ ਨੰਗੇ-ਚਿੱਟੇ ਰੂਪ ਵਿਚ ਜੱਗ-ਜ਼ਾਹਰ ਕੀਤਾ ਜਾਵੇ ਕਿਉਂਕਿ ਅਜਿਹਾ ਕਰਕੇ ਹੀ ਇਸ ਨੂੰ ਠੱਲ੍ਹ ਪਾਉਣ ਦੇ ਠੋਸ ਯਤਨ ਕੀਤੇ ਜਾ ਸਕਦੇ ਹਨ।

4.7 3 votes
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x