ਪੁਸਤਕ ਪੜਚੋਲ “ਕੌਰਨਾਮਾ – ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ”

ਪੁਸਤਕ ਪੜਚੋਲ “ਕੌਰਨਾਮਾ – ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ”

“ਲੈ ਥਾਪੜਾ ਅਕਾਲ ਪੁਰਖ ਤੋਂ ਜੀ, ਲੱਖਾਂ ਸਿੰਘਣੀਆਂ ਸੀਸ ਵਾਰ ਦਿੱਤੇ,
ਕਦੇ ਪਤੀ ਵਾਰੇ, ਕਦੇ ਪੁੱਤਰ ਵਾਰੇ, ਪੰਥ ਕੌਮ ਤੋਂ ਕਰਜ਼ ਉਤਾਰ ਦਿੱਤੇ,
ਬਣ ਸ਼ੇਰਣੀਆਂ ਜੂਝੀਆਂ ਰਣ-ਤੱਤੇ ਅੰਦਰ, ਯੋਧੇ ਬਲੀਆਂ ਦੇ ਸਿਰ ਉਤਾਰ ਦਿੱਤੇ,
ਕਦੇ ਸੀ ਨਾ ਉਚਾਰੀ, ਨਾ ਕਦੇ ਗਿਲ੍ਹਾ ਕੀਤਾ,ਖੰਨੀ ਖੰਨੀ ‘ਤੇ ਦਿਨ ਗੁਜ਼ਾਰ ਦਿੱਤੇ”

ਇਸ ਜਗਤ ਦੀ ਜਨਨੀ ਔਰਤ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਖੰਡੇ ਬਾਟੇ ਦੀ ਪਾਹੁਲ ਛਕਾ ਕੇ ਸ਼ੇਰਨੀ ਦਾ ਖਿਤਾਬ ਦਿੱਤਾ। ਗੁਰੂ ਪਾਤਸ਼ਾਹ ਜੀ ਨੇ ਆਪਣੀ ਇਸ ਧੀ ਨੂੰ ਇਸ ਜਗਤ ਰੂਪੀ ਪੇਕੜੇ ਘਰ ਵਿੱਚ ਚੰਗੀ ਤਾਲੀਮ ਲੈ ਕੇ ਉਸ ‘ਤੇ ਚੱਲਣ ਦੀ ਸਿੱਖਿਆ ਦਿੱਤੀ। ਪੇਕੇ ਘਰ ਵਿੱਚ ਜੋ ਵੀ ਪਰਿਸਥਿਤੀਆਂ ਇਸ ਸਚਿਆਰੀ ਧੀ ਦੇ ਸਨਮੁੱਖ ਹੋਈਆਂ, ਹਰ ਹਾਲਾਤ ਵਿੱਚ ਗੁਰੂ ਦਾ ਲੜ ਫੜ ਕੇ, ਗੁਰੂ ਦੀ ਸਿੰਘਣੀ ਨੇ ਹਰ ਮੈਦਾਨ ਫਤਿਹ ਕੀਤਾ। ਇਹ ਮੈਦਾਨ ਕਦੇ ਜੰਗ ਵਿੱਚ ਜੂਝਣ ਵਾਲੇ ਯੋਧਿਆਂ ਦੇ ਜਖਮਾਂ ਉਪਰ ਮੱਲ੍ਹਮ ਲਗਾਉਣ ਦਾ ਸੀ, ਕਦੇ ਆਪਣੇ ਬੱਚਿਆਂ ਦੇ ਟੋਟੇ ਆਪਣੇ ਗਲਾਂ ਵਿੱਚ ਪਵਾਉਣ ਦਾ ਸੀ, ਕਦੇ ਹੱਥ ਜੋੜ, ਸਿਰ ਨੀਵਾਂ ਕਰ ਅਕਾਲ ਪੁਰਖ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਦਾ ਸੀ ਤੇ ਕਦੇ ਇੰਨ੍ਹਾਂ ਹੀ ਹੱਥਾਂ ਦੇ ਵਿੱਚ ਸ਼ਸਤਰ ਫੜ ਕੇ ਦੁਸ਼ਮਣ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਰਣ ਤੱਤੇ ਵਿੱਚ ਜੂਝਣ ਦਾ ਸੀ।

੨੦ ਵੀਂ ਸਦਾ ਦਾ ਖਾੜਕੂ ਸੰਘਰਸ਼ ਦਾ ਵੇਲਾ, ਸਿੱਖ ਇਤਿਹਾਸ ਦਾ ਇੱਕ ਅਜਿਹਾ ਸੁਨਿਹਰੀ ਦੌਰ ਸੀ ਜਿਸ ਦੀ ਚਮਕ ਦੀ ਗਵਾਹੀ ਭਰਨ ਵਾਲੀਆਂ ਸੱਚੀਆਂ ਰੂਹਾਂ ਜ਼ੁਲਮ ਦਾ ਟਾਕਰਾ ਕਰਦੀਆਂ ਹੋਈਆਂ ਸੱਚੇ ਖੁਦਾ ਦੀ ਗੋਦ ਵਿੱਚ ਸਮਾ ਗਈਆਂ। ਸਿੱਖ ਬੀਬੀਆਂ ਨੇ ਜੰਗ ਦੇ ਹਰ ਪੱਖ ਤੋਂ ਸਿਰ ਧੜ ਦੀ ਬਾਜੀ ਲਗਾ ਕੇ ਸੰਘਰਸ਼ ਨੂੰ ਸਦਾ ਚੜਦੀ ਕਲਾ ‘ਚ ਰੱਖਿਆ। ਗੁਰੂ ਦੀਆਂ ਧੀਆਂ ਨੇ ਖਾੜਕੂ ਸੰਘਰਸ਼ ਦੌਰਾਨ ਅਜਿਹਾ ਸਿਦਕ, ਨਿਡਰਤਾ ਅਤੇ ਅਡੋਲਤਾ ਦਿਖਾਈ ਕਿ ਇਹਨਾਂ ਸਿੰਘਣੀਆਂ ਦੀਆਂ ਸ਼ਹਾਦਤਾਂ ਸਾਡੇ ਲਈ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਦਾ ਹੀ ਰਾਹ ਦਸੇਰੇ ਦਾ ਚਾਨਣ ਬਣ ਕੇ ਰੁਸ਼ਨਾਉਂਦੀਆਂ ਰਹਿਣਗੀਆਂ।

ਇਹ ਇਤਿਹਾਸ ਦਾ ਉਹ ਪੰਨਾ ਹੈ ਜਿਸ ਨੂੰ ਅਜੇ ਤੱਕ ਲੋੜੀਂਦੀ ਜਗ੍ਹਾ ਨਹੀਂ ਮਿਲੀ ਸੀ ਖਾੜਕੂ ਸੰਘਰਸ਼ ਦੇ ਚਸ਼ਮਦੀਦ ਗਵਾਹ ਅਜੇ ਮੌਜੂਦ ਨੇ ਅਤੇ ਸਮਾਂ ਰਹਿੰਦਿਆਂ ਇਸ ਕਾਰਜ ਨੂੰ ਸੰਪੂਰਨ ਕਰਨ ਦੀ ਲੜੀ ਤੁਰ ਪਈ ਹੈ, ਇਸ ਲਈ ਅਕਾਲ ਪੁਰਖ ਦਾ ਲੱਖ ਲੱਖ ਸ਼ੁਕਰ ਹੈ। ਇਸ ਪਵਿੱਤਰ ਕਾਰਜ ਨੂੰ ਨੇਪਰੇ ਚਾੜ੍ਹਨ ਦੀ ਬਖਸ਼ਿਸ਼ ਲੇਖਕ ਬਲਜਿੰਦਰ ਸਿੰਘ ਕੋਟਭਾਰਾ ‘ਤੇ ਹੋਈ ਹੈ। ਇਸ ਖੋਜ ਭਰੇ ਔਖੇ ਕਾਰਜ ਨੂੰ ਬੜੇ ਸੁਚੱਜੇ ਢੰਗ ਨਾਲ ਸੰਪੂਰਨ ਕੀਤਾ ਗਿਆ ਹੈ। ਇਨਾਂ ਮਹਾਨ ਬੀਬੀਆਂ ਦੀ ਗਾਥਾ ਸੰਗਤਾਂ ਦੇ ਸਨਮੁੱਖ ਕਰਨ ਲਈ ਲੇਖਕ ਦਾ ਵੀ ਤਹਿ ਦਿਲੋਂ ਧੰਨਵਾਦ ਹੈ। ਕਿਤਾਬ ਦੀ ਲਿਖਣ ਸ਼ੈਲੀ ਬਹੁਤ ਹੀ ਸਾਦੀ ਸੌਖੀ ਅਤੇ ਤਰਤੀਬਵਾਰ ਹੈ। ਹਰ ਸ਼ਹੀਦ ਸਿੰਘਣੀ ਦੀ ਗਾਥਾ ਨੂੰ ਇੱਕ ਤਹਿ ਕੀਤੇ ਖਾਕੇ ਰਾਹੀਂ ਇਸ ਢੰਗ ਨਾਲ ਬਾਖੂਬੀ ਪੇਸ਼ ਕੀਤਾ ਗਿਆ ਹੈ ਕਿ ਸ਼ਹਾਦਤ ਦੀ ਘਟਨਾ, ਖਾੜਕੂ ਸੰਘਰਸ਼ ਨਾਲ ਸੰਬੰਧ, ਨਿੱਜੀ ਜਾਣਕਾਰੀ, ਪਰਿਵਾਰ, ਹਕੂਮਤ ਵੱਲੋਂ ਕੀਤਾ ਗਿਆ ਤਸ਼ੱਦਦ ਅਤੇ ਸਿੰਘਣੀਆਂ ਵੱਲੋਂ ਨਿਭਾਇਆ ਗਿਆ ਆਪਣਾ ਧਰਮ, ਇਹ ਸਭ ਪੱਖ ਇੱਕ ਇੱਕ ਕਰਕੇ ਖੁੱਲ੍ਹਦੇ ਜਾਂਦੇ ਹਨ।

ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦੁਆਰਾ ਪ੍ਰਗਟ ਕੀਤੀ ਗਈ ਇੱਛਾ ਤੇ ਪਹਿਰਾ ਦਿੰਦੇ ਹੋਏ ਇਸ ਕਿਤਾਬ ਦੀ ਸਿਰਜਣਾ ਕੀਤੀ ਗਈ ਹੈ। ਆਸ ਹੈ ਕਿ ਉਹਨਾਂ ਦੀ ਇਹ ਖਵਾਹਿਸ਼ ਇਤਿਹਾਸ ਦੀ ਇੱਕ ਖਾਲੀ ਪਈ ਤਰਕਸ਼ ਅੰਦਰ ਅਜਿਹਾ ਤੀਰ ਬਣ ਕੇ ਸਿੱਖ ਮਨਾ ਨੂੰ ਵਿੰਨ੍ਹੇਗੀ ਕਿ ਕੌਮ ਨੂੰ ਆਪਣੇ ਡੁੱਲ੍ਹਦੇ ਖੂਨ ਦੀ ਤਾਸੀਰ ਦੀ ਪਛਾਣ ਹੋ ਜਾਵੇਗੀ।

ਇਹ ਕਿਤਾਬ ਸਿਰਫ ਗੁਰਸਿੱਖ ਬੀਬੀਆਂ ਦੀ ਹੀ ਨਹੀਂ ਸਗੋਂ ਸੂਰਬੀਰ ਖਾੜਕੂ ਸਿੰਘਾਂ, ਨਿਡਰ ਸਿੱਖ ਪਰਿਵਾਰਾਂ ਸਮੇਤ ਬੇਖੌਫ ਖਾਲਸਾਈ ਮਨ ਦੀ ਬਾਤ ਵੀ ਪਾਉਂਦੀ ਹੈ। ਇਸ ਦੇ ਨਾਲ ਹੀ ਹਕੂਮਤ ਦੀ ਹਨੇਰਗਰਦੀ ਵਿੱਚ ਤਰੱਕੀਆਂ ਪਿੱਛੇ ਅੰਨ੍ਹੇ ਹੋ ਕੇ ਬੁੱਚੜ ਬਣੇ ਪੁਲਿਸ ਅਧਿਕਾਰੀਆਂ, ਪੁਲਿਸੀ ਸੂਹੀਆਂ ਅਤੇ ਉਨਾਂ ਗੱਦਾਰਾਂ ਬਾਰੇ ਵੀ ਪੜ੍ਹਨ ਨੂੰ ਮਿਲਦਾ ਹੈ ਜਿਨਾਂ ਦੀ ਗੱਦਾਰੀ ਹੀ ਖਾੜਕੂ ਸੰਘਰਸ਼ ਲਈ ਸਭ ਤੋਂ ਵੱਧ ਘਾਤਕ ਸਿੱਧ ਹੋਈ।

ਪੜੋ –
“ਕੈਟਾਂ ਦੇ ਗਰੋਹ ਨੇ ਅਨੇਕਾਂ ਸਿੰਘਾਂ ਨੂੰ ਸ਼ਹੀਦ ਕੀਤਾ, ਲੁਟਾਂ ਖੋਹਾਂ ਕੀਤੀਆਂ ਤੇ ਖਾੜਕੂਆਂ ਦੇ ਭੇਸ ਵਿੱਚ ਖਾੜਕੂ ਸੰਘਰਸ਼ ਨੂੰ ਬਦਨਾਮ ਕਰਨ ਵਾਲੀਆਂ ਕਾਰਵਾਈਆਂ ਕੀਤੀਆਂ, ਪੁਲਿਸ ਇਹਨਾਂ ਰਾਹੀਂ ਸਿੱਖ ਬੀਬੀਆਂ ਦੀਆਂ ਇੱਜਤਾਂ ਦੀ ਬੇਪਤੀ ਵੀ ਕਰਵਾਉਂਦੀ।”

“ਪੁਲਿਸ ਨੇ ਉਹਨਾਂ ਦੇ ਪੁਰਾਣੇ ‘ਵਫਾਦਾਰਾਂ’ ਨੂੰ ਮੋਟੀ ਰਕਮ ਦਾ ਲਾਲਚ ਦਿੱਤਾ, ਜਿਹਨਾਂ ਨੇ ਆਥਣੇ ਭਾਈ ਗੁਰਤੇਜ ਸਿੰਘ ਨੂੰ ਦੁੱਧ ਵਿੱਚ ਜ਼ਹਿਰ ਮਿਲਾ ਕੇ ਸ਼ਹੀਦ ਕਰ ਦਿੱਤਾ ਤੇ ਉਹਨਾਂ ਦੀ ਲਾਸ਼ ਨੂੰ ਖੇਤ ਵਿੱਚ ਸੁੱਟ ਆਏ।” ਹਰ ਕਹਾਣੀ ਦੀ ਸ਼ੁਰੂਆਤ ਵਿੱਚ ਦੇਸੀ ਅਤੇ ਅੰਗਰੇਜ਼ੀ ਮਹੀਨੇ ਸਮੇਤ ਸ਼ਹਾਦਤ ਦਾ ਸਮਾਂ, ਜਗ੍ਹਾ ਤੇ ਦਿਨ ਦੇ ਪਹਿਰ ਦੀ ਜਾਣਕਾਰੀ ਦਿੱਤੀ ਗਈ ਹੈ।

ਜਿਵੇਂ –
੩੧ ਸਾਵਣ, ਸੰਮਤ ੫੨੩ (੧੫ ਅਗਸਤ ੧੯੯੧)
ਸਵੇਰ ੯:੩੦ ਵਜੇ ਪਿੰਡ ਹਮਜਾ ਤੋਂ ਮਿਆਣੀ ਸੜਕ

ਇਸ ਉਪਰੰਤ ਸ਼ਹਾਦਤ ਦੀ ਲਾਸਾਨੀ ਗਾਥਾ ਸ਼ੁਰੂ ਹੁੰਦੀ ਹੈ, ਅਜਿਹੀ ਗਾਥਾ ਜੋ ਹਰ ਸ਼ਹੀਦ ਸਿੰਘਣੀ ਦੇ ਰਾਹ ਪੱਖੋਂ ਤਾਂ ਵੱਖਰੀ ਹੈ ਪਰ ਸਭ ਦੀ ਮੰਜ਼ਿਲ ਇੱਕ ਹੈ। ਸੰਬੰਧਿਤ ਗੁਰਸਿੱਖ ਬੀਬੀ ਦੇ ਜਨਮ, ਮਾਤਾ ਪਿਤਾ, ਪਿੰਡ, ਮੁੱਢਲੇ ਜੀਵਨ, ਅਨੰਦ ਕਾਰਜ, ਖਾੜਕੂ ਸੰਘਰਸ਼ ਵਿੱਚ ਸ਼ਮੂਲੀਅਤ, ਪੰਥਕ ਕਾਰਜ ਅਤੇ ਕਮਾਲ ਦੇ ਕਿਰਦਾਰ ਬਾਰੇ ਹਵਾਲੇ ਦਿੱਤੇ ਗਏ ਨੇ। ਹਰ ਕਹਾਣੀ ਦੇ ਆਖਿਰ ਤੇ ਸੰਬੰਧਿਤ ਘਟਨਾ, ਮੁਕਾਬਲੇ ਜਾਂ ਪੁਲਿਸ ਦੁਆਰਾ ਕਤਲ ਕਾਰਨ ਸ਼ਹੀਦ ਹੋਈ ਬੀਬੀ ਸਮੇਤ ਉਹਨਾਂ ਨਾਲ ਸ਼ਹੀਦੀ ਪਾਉਣ ਵਾਲੇ ਸੰਬੰਧੀਆਂ ਦਾ ਜ਼ਿਕਰ ਕੀਤਾ ਗਿਆ ਹੈ।

ਇੱਕ ਬੱਝਵੀਂ ਤਰਤੀਬ ਕਾਰਨ ਇਸ ਮਹਾਨ ਇਤਿਹਾਸ ਦੀ ਜਾਣਕਾਰੀ ਨੂੰ ਸਮਝਣਾ ਕਿਸੇ ਵੀ ਉਲਝਣ ਤੋਂ ਪਰ੍ਹੇ ਬਹੁਤ ਹੀ ਸਰਲ ਹੋ ਜਾਂਦਾ ਹੈ। ਸੰਬੰਧਿਤ ਸਿੰਘਣੀ ਦੀ ਸ਼ਹਾਦਤ ਵਾਲੇ ਪਿੰਡ, ਸਥਾਨ ਤੋਂ ਸ਼ਹੀਦ ਹੋਏ ਹੋਰਨਾਂ ਸਿੰਘਾਂ, ਸਿੰਘਣੀਆਂ ਬਾਰੇ ਵੀ ਵੇਰਵਾ ਦਿੱਤਾ ਗਿਆ ਹੈ। ਜਿਸ ਨਾਲ ਸ਼ਹੀਦ ਸਿੰਘਣੀ ਦੇ ਨਾਮ ਦੇ ਸਿਰਲੇਖ ਤੋਂ ਬਿਨਾਂ ਇੱਕ ਪਿੰਡ ਜਾਂ ਸਥਾਨ ਦੇ ਸਿਰਲੇਖ ਤੋਂ ਵੀ ਸ਼ਹਾਦਤਾਂ ਦੀ ਲੜੀ ਨੂੰ ਸਮਝਿਆ ਜਾ ਸਕਦਾ ਹੈ।

ਕਿਤਾਬ ਵਿੱਚ ਸ਼ਹਾਦਤਾਂ ਦੀਆਂ ਸੱਚੀਆਂ ਕਹਾਣੀਆਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲਾ ਭਾਗ ਉਹਨਾਂ ਸਿੰਘਣੀਆਂ ਦੇ ਨਾਮ ਜੋ ਰਣ-ਤੱਤੇ ਵਿੱਚ ਸਿੱਧੇ ਮੱਥੇ ਵੈਰੀ ਦਾ ਟਾਕਰਾ ਕਰਦੇ ਹੋਏ ਸ਼ਹੀਦ ਹੋਈਆਂ।

ਪੜੋ –
“ਸਾਡਾ ਇਹ ਪਵਿੱਤਰ ਰਿਸ਼ਤਾ ਗੁਰੂ ਪਾਤਿਸਾਹ ਦੀ ਬਖ਼ਸਿਸ ਹੈ, ਇਸ ਰਿਸ਼ਤੇ ਦਾ ਬਚਨ ਮੈਂ ਆਖਰੀ ਦਮ ਤੱਕ ਨਿਭਾਵਾਂਗੀ, ਮੌਤ ਭਾਵੇਂ ਅਜ ਆਵੇ ਚਾਹੇ ਕਲ।” – ਬੀਬੀ ਭਰਪੂਰ ਕੌਰ
“ਉਹਨਾਂ ਨੂੰ ਹਰ ਤਰ੍ਹਾਂ ਬੇਇੱਜ਼ਿਤ ਕੀਤਾ ਗਿਆ, ਅੱਤਿਆਚਾਰ ਦੇ ਹਰ ਢੰਗ ਵਰਤਦੇ ਹੋਏ ਅਖੀਰ ਵਿੱਚ ਸਰੀਰ ਦਾ ਅੰਗ ਅੰਗ ਕੱਟਿਆ ਗਿਆ।”

ਦੂਜਾ ਭਾਗ ਉਹਨਾਂ ਗੁਰਸਿੱਖ ਬੀਬੀਆਂ ਦੇ ਨਾਮ ਜੋ ਹਥਿਆਰਬੰਦ ਧਾਰਾ ਵਿੱਚ ਨਾ ਰਹਿੰਦੇ ਹੋਏ ਵੀ ਖਾੜਕੂ ਸਿੰਘਾਂ ਦੀ ਅਸਿੱਧੇ ਢੰਗ ਨਾਲ ਮਦਦ ਕਰਨ, ਸਿੰਘਾਂ ਨੂੰ ਠਾਹਰ ਦੇਣ, ਸੁਨੇਹੇ ਪਹੁੰਚਾਉਣ ਜਾਂ ਸਿੱਖ ਸੰਘਰਸ਼ ਦੀ ਡਟ ਕੇ ਹਿਮਾਇਤ ਕਰਨ ਦਾ ਕਾਰਜ ਨਿਭਾਉਂਦੀਆਂ ਸਨ।

ਪੜੋ –
“ਬੀਬੀਆਂ ਜਿਨਾਂ ਨੇ ਆਪਣੇ ਸਹੁਰੇ ਤੇ ਹੋਰਾਂ ਸਾਹਮਣੇ ਆਪਣੇ ਸਿਰਾਂ ਤੋਂ ਕਦੇ ਚੁੰਨੀਆਂ ਵੀ ਨਹੀਂ ਲਾਹੀਆਂ ਸਨ ਤੇ ਹੁਣ ਸਭ ਨੂੰ ਇੱਕ-ਦੂਜੇ ਦੇ ਸਾਹਮਣੇ ਨਿਰਵਸਤਰ ਕਰਕੇ ਕੱਦੂਕਸ ਨਾਲ ਮਾਸ ਛਿਲ-ਛਿਲ ਤੱਤੀ ਲੋਕ ਨਾਲ ਮਚਾਇਆ ਜਾ ਰਿਹਾ ਸੀ।”

“ਮਾਸੀ ਨੂੰ ਤਾਂ ਦਰਵਾਜੇ ‘ਚ ਵੜਦੇ ਸਾਰ ਹੀ ਗੋਲੀਆਂ ਦਾ ਮੀਂਹ ਵਰਾ ਕੇ ਮਾਰ ਦਿੱਤਾ, ਭੈਣ ਚਾਚੇ ਦੀ ਬੇਟੀ ਦੇ ਕੰਨ ਕੋਲੋਂ ਗੋਲੀਆਂ ਮਾਰ ਕੇ ਖੋਪੜੀ ਛਲਣੀ ਕੀਤੀ ਹੋਈ ਸੀ ____ਦਾਦੀ ਪੋਤੇ ਨੂੰ ਇਕੱਠਿਆਂ ਹੀ ਗੋਲੀਆਂ ਨਾਲ ਛਲਣੀ ਕਰਕੇ ਅੱਗ ਲਾ ਦਿੱਤੀ।”

ਤੀਜਾ ਭਾਗ ਉਹਨਾਂ ਗੁਰੂ ਦੀਆਂ ਲਾਡਲੀਆਂ ਧੀਆਂ ਦੇ ਨਾਮ ਜਿਨਾਂ ਨੂੰ ਹਕੂਮਤ ਵੱਲੋਂ ਅੰਨੇ ਕਾਨੂੰਨ ਦੇ ਨਾਮ ਹੇਠ ਆਪਣੇ ਵਹਿਸ਼ੀਪੁਣੇ ਦਾ ਸਬੂਤ ਦਿੰਦੇ ਹੋਏ ਸਿਰਫ਼ ਸਿੱਖ ਹੋਣ ਕਰਕੇ ਸ਼ਹੀਦ ਕਰ ਦਿੱਤਾ ਗਿਆ।

ਪੜੋ –
“ਸੀ.ਆਰ.ਪੀ.ਐਫ ਤੇ ਪੁਲਿਸ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ, ਉਸ ਦਾ ਕਸੂਰ ਇਹ ਸੀ ਕਿ ਉਸ ਨੇ ਕੇਸਰੀ ਰੰਗ ਦੀ ਚੁੰਨੀ ਲਈ ਹੋਈ ਸੀ।”
“ਮਾਸੂਮ ਬੱਚੀਆਂ ਅਜੇ ਪਿੰਡ ਤੋਂ ਬਾਹਰ ਹੀ ਗਈਆਂ ਸਨ ਕਿ ਕੁਝ ਪੁਲਿਸ ਵਾਲੇ ਉਹਨਾਂ ਨੂੰ ਗੱਡੀ ‘ਚ ਸੁੱਟ ਕੇ ਅਗਵਾ ਕਰਕੇ ਸਕੂਲ ‘ਚ ਪੁਲਿਸ ਚੌਂਕੀ ‘ਚ ਲੈ ਗਏ ਤੇ ਚਾਰ ਦਿਨ ਉਹਨਾਂ ਨਾਲ ਜਬਰ ਜਨਾਹ ਕੀਤਾ।”

ਸੰਘਰਸ਼ ਦੌਰਾਨ ਇੱਕ ਪਾਸੇ ਸਿੰਘਾਂ ਸਿੰਘਣੀਆਂ ਦੀ ਲਾਸਾਨੀ ਸ਼ਹਾਦਤ ਤੇ ਦੂਜੇ ਪਾਸੇ ਹਕੂਮਤਾਂ ਦੀ ਦਰਿੰਦਤਾ ਭਰੀ ਸ਼ਖਸ਼ੀਅਤ ਦੀ ਵੀ ਬਾਤ ਪੈਂਦੀ ਹੈ। ਕਿਤਾਬ ਪੜ੍ਹ ਕੇ ਇਹ ਗੱਲ ਤਾਂ ਚਿੱਟੇ ਦਿਨ ਵਾਂਗ ਸਾਫ਼ ਹੋ ਜਾਂਦੀ ਹੈ ਕਿ ਹਕੂਮਤ ਦਾ ਨਸ਼ਾ ਮਨੁੱਖ ਨੂੰ ਜਾਨਵਰ ਤੋਂ ਵੀ ਬਦਤਰ ਬਣਾ ਦਿੰਦਾ ਹੈ। ਹਕੂਮਤੀ ਕਰਿੰਦਿਆਂ ਨੇ ਕਾਨੂੰਨ, ਸ਼ਾਂਤੀ, ਕੁਰਸੀ ਅਤੇ ਸੱਤਾ ਦੀ ਅੰਨੀ ਅੱਖ ਦੇ ਕਾਲੇ ਹਨੇਰੇ ਦੇ ਨਸ਼ੇ ਵਿੱਚ ਚਾਰੇ ਪਾਸੇ ਹਨੇਰ ਪਸਾਰਨ ਦੇ ਗੰਦੇ ਯਤਨ ਕੀਤੇ, ਪਰ ਸੱਚ ਦੇ ਦੀਵੇ ਦੀ ਲੋਹ ਨੂੰ ਕਦੇ ਬੁਝਾ ਨਹੀਂ ਪਾਏ। ਕਿਤਾਬ ਅੰਦਰ ਮਿਲਦੇ ਜ਼ਿਕਰ ਅਨੁਸਾਰ ਕੇ.ਪੀ.ਐਸ ਗਿੱਲ ਸਮੇਤ ਸੁਮੇਧ ਸੈਣੀ, ਅਜੀਤ ਪੂਹਲਾ, ਸਵਰਨ ਘੋਟਨਾ, ਐਸਐਸਪੀ ਕਾਹਲੋਂ ਡੀਐਸਪੀ ਦੇਵਰਾਜ ਸ਼ਰਮਾ, ਡੀਐਸਪੀ ਅਸ਼ੋਕ ਸ਼ਰਮਾ, ਰਾਮ ਲੁਭਾਇਆ, ਏ.ਐੱਸ.ਆਈ ਸੁਖਦੇਵ ਸਿੰਘ, ਐੱਸ.ਐੱਚ.ਓ ਜਗਦੀਪ ਸਿੰਘ ਸਮੇਤ ਹੋਰਨਾ ਕਿੰਨੇ ਹੀ ਲਾਲਚੀ ਪੁਲਿਸ ਅਫਸਰਾਂ ਨੇ ਹਕੂਮਤ ਦੀਆਂ ਅੱਖਾਂ ‘ਚ ਉੱਚੇ ਉੱਠਣ ਲਈ ਮਨੁੱਖਤਾ ਦੀ ਨਿਗਾਹ ਨੂੰ ਮਿੱਟੀ ਵਿੱਚ ਰੋਲ ਦਿੱਤਾ। ਕਿਤਾਬ ਵਿੱਚ ਅਜਿਹੀਆਂ ਬਦਨਾਮ ਪੁਲਿਸ ਚੌਂਕੀਆਂ ਜਾਂ ਥਾਣਿਆਂ ਬਾਰੇ ਵੀ ਲਿਖਿਆ ਗਿਆ ਹੈ ਜਿੱਥੇ ਲਿਜਾ ਕੇ ਖਾੜਕੂ ਸਿੰਘਣੀਆਂ ਸਿੰਘਾਂ ਅਤੇ ਉਨਾਂ ਦੇ ਪਰਿਵਾਰਾਂ ਉੱਪਰ ਅਣਮਨੁੱਖੀ ਤਸ਼ੱਦਦ ਕੀਤੇ ਜਾਂਦੇ ਸਨ। ਕੁਝ ਨਾਮ ਇਸ ਤਰ੍ਹਾਂ ਨੇ – ਮਾਲ ਮੰਡੀ ਦਾ ਬਦਨਾਮ ਤਸੀਹਾ ਕੇਂਦਰ, ਬਦਨਾਮ ਸੀਆਈਏ ਲੱਡਾ ਕੋਠੀ, ਸ਼ਰਾਬ ਮਿਲ ‘ਚ ਬਣੀ ਸੀਆਰਪੀਐਫ ਦੀ ਚੌਂਕੀ, ਸੀਆਈਏ ਸਟਾਫ ਪਟਿਆਲਾ। ਸ਼ਹੀਦ ਕਰਨ ਤੋਂ ਬਾਅਦ ਸ਼ਹੀਦ ਦੀ ਮ੍ਰਿਤਕ ਦੇਹ ਤੱਕ ਦੇ ਨਾਲ ਵੀ ਬੁਰੇ ਤੋਂ ਬੁਰਾ ਸਲੂਕ ਕੀਤਾ ਜਾਂਦਾ ਸੀ। ਕਿਤਾਬ ਵਿੱਚ ਸਾਂਝੀਆਂ ਕੀਤੀਆਂ ਗਈਆਂ ਸੱਚੀਆਂ ਘਟਨਾਵਾਂ ਅਨੁਸਾਰ ਸ਼ਹੀਦ ਕਰਨ ਤੋਂ ਬਾਅਦ ਪੁਲਿਸ ਮ੍ਰਿਤਕ ਦੇਹਾਂ ਨੂੰ ਕਿੱਥੇ ਤੇ ਕਿਵੇਂ ਖਪਾ ਦਿੰਦੀ ਹੈ ਇਸ ਦਾ ਪਤਾ ਅੱਜ ਤੱਕ ਵੀ ਕਿੰਨੇ ਹੀ ਸੰਬੰਧਿਤ ਰਿਸ਼ਤੇਦਾਰਾਂ ਅਤੇ ਪਰਿਵਾਰਾਂ ਨੂੰ ਨਹੀਂ ਲੱਗ ਪਾਇਆ ਹੈ।

ਪੜੋ –
“ਪੁਲਿਸ ਨੇ ਤਰੱਕੀਆਂ ਲੈਣ ਲਈ ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤਾ, ਦੋਵੇਂ ਖਾੜਕੂ ਭਰਾਵਾਂ ਦੀਆਂ ਲਾਸ਼ਾਂ ਉਹਨਾਂ ਦੀ ਮਾਤਾ ਬਚਨ ਕੌਰ ਦੇ ਪਰਿਵਾਰ ਨੂੰ ਨਾ ਦਿੱਤੀਆਂ।”
“ਪੀੜਤ ਪਰਿਵਾਰ ਤੇ ਪੰਚਾਇਤਾਂ ਕਈ ਸਾਲ ਭਾਲ ਕਰਦੀਆਂ ਰਹੀਆਂ, ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਲੈ ਕੇ ਮਨੁੱਖੀ ਅਧਿਕਾਰਾਂ ਤੇ ਅਦਾਲਤ ਤੱਕ ਅਪੀਲਾਂ ਕੀਤੀਆਂ ਪਰ ਹੱਥ ਪੱਲੇ ਕੁਝ ਨਾ ਪਿਆ।”

ਖਾੜਕੂ ਸੰਘਰਸ਼ ਦੌਰਾਨ ਹਕੂਮਤ ਵੱਲੋਂ ਕੀਤੇ ਗਏ ਜ਼ੁਲਮਾਂ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸੱਤਾ ਆਪਣੇ ਖਿਲਾਫ ਉੱਠਣ ਵਾਲੀ ਹਰ ਆਵਾਜ਼ ਨੂੰ ਪੂਰਨ ਤੌਰ ਤੇ ਖ਼ਤਮ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਸੀਆਰਪੀਐਫ ਅਤੇ ਪੰਜਾਬ ਪੁਲਿਸ ਵੱਲੋਂ ਬੱਚੇ, ਬਜ਼ੁਰਗ ਬੀਬੀਆਂ, ਅੰਗਹੀਣ ਇਥੋਂ ਤੱਕ ਕਿ ਬੇਜੁਬਾਨ ਪਸ਼ੂਆਂ ਨੂੰ ਵੀ ਨਹੀਂ ਬਖਸ਼ਿਆ ਗਿਆ। ਘਰਾਂ ਦੇ ਘਰ ਤਬਾਹ ਕਰ ਦਿੱਤੇ ਗਏ। ਸੰਘਰਸ਼ ਦੇ ਰਾਹੀਂ ਪੈਣ ਵਾਲਿਆਂ ਦੇ ਪੈਂਡੇ ਕਿੰਨੇ ਔਖੇ ਹੋ ਸਕਦੇ ਨੇ ਇਸ ਦਾ ਭਲੀ ਭਾਂਤ ਗਿਆਨ ਇਸ ਕਿਤਾਬ ਦੇ ਰਾਹੀਂ ਹੁੰਦਾ ਹੈ, ਕਿੰਨੇ ਹੀ ਪਰਿਵਾਰਾਂ ਦੇ ਕਰੀਬ ਸਾਰੇ ਹੀ ਜੀਆਂ ਨੂੰ ਹਕੂਮਤ ਨੇ ਸ਼ਹੀਦ ਕਰ ਦਿੱਤਾ। ਬਚੇ ਹੋਏ ਪਰਿਵਾਰਿਕ ਮੈਂਬਰ ਜਦ ਬੀਤੇ ਸਮਿਆਂ ਦੀ ਦਰਦਨਾਕ ਕਹਾਣੀ ਬਿਆਨ ਕਰਦੇ ਨੇ ਤਾਂ ਉਹਨਾਂ ਦੀਆਂ ਅੱਖਾਂ ‘ਚੋਂ ਵਗਦਾ ਗਹਿਰਾ ਨੀਰ ਮਨੁੱਖੀ ਹੋਂਦ ਨੂੰ ਸ਼ਰਮਸ਼ਾਰ ਕਰਦਾ ਹੋਇਆ ਦਿਖਾਈ ਦਿੰਦਾ ਹੈ।

ਇੱਕ ਹੋਰ ਵੀ ਬਹੁਤ ਅਹਿਮ ਪੱਖ ਪੱਤਰਕਾਰਤਾ ਬਾਰੇ ਇਸ ਕਿਤਾਬ ਤੋਂ ਗਿਆਤ ਹੁੰਦਾ ਹੈ ਕਿ ਖਾੜਕੂ ਸੰਘਰਸ਼ ਦੌਰਾਨ ਹਕੂਮਤ ਨੇ ਪੱਤਰਕਾਰਤਾ ਨੂੰ ਸ਼ਬਦ ਜੰਗ ਦੇ ਪੈਂਤੜੇ ਵਜੋਂ ਲੋਕ ਮਨਾਂ ਅੰਦਰ ਬਗਾਵਤੀ ਧਿਰਾਂ ਦੇ ਕਿਰਦਾਰ ਦੀ ਵਿਆਖਿਆ ਘੜਨ ਲਈ ਪੂਰੇ ਚੰਗੇ ਤਰੀਕੇ ਨਾਲ ਵਰਤਿਆ।

‘ਕੌਰਨਾਮਾ’ ਦਾ ਸਭ ਤੋਂ ਖੂਬਸੂਰਤ ਪੱਖ ਇਸ ਕਿਤਾਬ ਦੀ ਉਹ ਕਾਬਲੀਅਤ ਹੈ ਜੋ ਇੱਕ ਵੱਡੇ ਮਨੁੱਖੀ ਭੁਲੇਖੇ ਨੂੰ ਤੋੜਨ ਦਾ ਦਮ ਰੱਖਦੀ ਹੈ। ਮਨੁੱਖੀ ਬੁੱਧੀ ਸਦਾ ਇਸ ਅੰਦਾਜ਼ੇ ਨਾਲ ਜੀਵਨ ਨਿਰਬਾਹ ਕਰਦੀ ਹੈ ਕਿ ਜੋ ਵੀ ਬੁਰੀ ਘਟਨਾ, ਜ਼ੁਲਮ ਭਰਿਆ ਸਮਾਂ, ਇਤਿਹਾਸ ਵਿੱਚ ਬੀਤੀਆਂ ਡਰਾਉਣੀਆਂ ਰਾਤਾਂ ਜਾਂ ਮੌਜੂਦਾ ਸਮੇਂ ਵਿੱਚ ਵੀ ਕਿਸੇ ਉਚੇਚੇ ਸਥਾਨ ਅਤੇ ਸਥਿਤੀਆਂ ਵਿੱਚ ਵਰਤ ਰਹੇ ਵਰਤਾਰੇ ਨੇ, ਉਹ ਸਾਡੇ ਨਾਲ ਨਹੀਂ ਵਾਪਰ ਸਕਦੇ। ਆਪਣੇ ਇਸ ਦਾਅਵੇ ਪਿਛਲੀ ‘ਕਿਉਂ’ ਦਾ ਕਾਰਨ ਲੱਭਣ ਲਈ ਮਨੁੱਖੀ ਮਨ ਜਿੰਨੇ ਮਰਜ਼ੀ ਭੁਲੇਖੇ ਘੜ ਸਕਦਾ ਹੈ। ਭੁਲੇਖੇ ਹੁੰਦੇ ਨੇ ਸਥਾਨ, ਹਾਲਾਤਾਂ, ਸਮੇਂ ਤੇ ਰੁਤਬੇ ਆਦਿ ਦੇ ਪਰ ਇਹ ਛਲਾਵੇ ਇੱਕ ਛਿਣ ਵਿੱਚ ਉਦੋਂ ਟੁੱਟ ਜਾਂਦੇ ਨੇ ਜਦ ਡਰਾਉਣਾ ਤੇ ਨਾ ਠੱਲ੍ਹਿਆ ਜਾਣ ਵਾਲਾ ਹੜ੍ਹ ਦਾ ਘਸਮੈਲਾ ਪਾਣੀ ਸਾਡੇ ਵੀ ਗਲ਼ਾਂ ਤੱਕ ਅੱਪੜ ਜਾਂਦਾ ਹੈ। ਫਿਰ ਸਮਝ ਆਉਂਦੀ ਹੈ ਕਿ ਜੋ ਇਤਿਹਾਸ ਵਿੱਚ ਕਦੇ ਕਿਸੇ ਸਮੇਂ ਵਰਤਿਆ ਸੀ ਉਹ ਵੀ ਕਿਸੇ ਦਾ ਅੱਜ ਹੀ ਸੀ।

ਹਥੇਲੀ ਕਿਤਾਬ ਮਨੁੱਖ ਵੱਲੋਂ ਸਿਰਜੇ ਝੂਠੇ ਸੰਦਰਭ ਨੂੰ ਸਾਰਥਕ ਢੰਗ ਨਾਲ ਮਿਟਾਉਂਦੀ ਹੋਈ ਸਾਨੂੰ ਇਹ ਪਰਪੱਕ ਕਰਾਉਂਦੀ ਹੈ ਕਿ ਸ਼ਹਾਦਤ ਦੇ ਰਾਹ ਤੇ ਪੈਣ ਵਾਲੇ ਕੋਈ ਆਮ ਇਨਸਾਨ ਨਹੀਂ ਰਹਿ ਜਾਂਦੇ ਪਰ ਉਹਨਾਂ ਦੀ ਜ਼ਿੰਦਗੀ ਪੱਖੋਂ ਉਹ ਆਮ ਜਿਹੇ ਹੀ, ਆਪਣੇ ਵਰਗੇ ਹੀ ਹੁੰਦੇ ਨੇ, ਉਹਨਾਂ ਦੀ ਵੀ ਜ਼ਿੰਦਗੀ ਉਸੇ ਆਮ ਧਰਾਤਲ ਤੇ ਸਫਰ ਕਰ ਰਹੀ ਹੁੰਦੀ ਹੈ ਜਿਸ ਤਰ੍ਹਾਂ ਕਿਸੇ ਵੀ ਪਰਿਵਾਰਿਕ ਇਨਸਾਨ ਦੀ ਪਰ ਹਕੂਮਤ ਦਾ ਵਿਵਹਾਰ ਉਸ ਸਮੇਂ ਦੇ ਆਮ ਹਾਲਾਤਾਂ ਨੂੰ ਖਾਸ ਜਾਂ ਵੱਖਰਾ ਬਣਾ ਦਿੰਦਾ ਹੈ। ਇਸ ਕਿਤਾਬ ਤੋਂ ਇਹ ਜ਼ਰੂਰ ਸਮਝ ਲੈਣਾ ਚਾਹੀਦਾ ਹੈ ਕਿ ਜ਼ਿੰਦਗੀ ਵਿੱਚ ਕਦੇ ਵੀ ਕੁਝ ਵੀ ਵਾਪਰ ਸਕਦਾ ਹੈ ਅਤੇ ਅੱਜ ਦਾ ਸਮਾਂ ਵੀ ਇਸ ਅਟੱਲ ਸੱਚਾਈ ਦੇ ਘੇਰੇ ਤੋਂ ਬਾਹਰ ਹਰਗਿਜ਼ ਨਹੀਂ ਹੈ।

ਕਿਤਾਬ ਅੰਦਰ ਵਾਕ ਰਚਨਾ ਦੇ ਸਬੰਧ ਵਿੱਚ ਕੁਝ ਊਣਤਾਈਆਂ ਨੇ ਜੋ ਵਾਰ-ਵਾਰ ਸਾਹਮਣੇ ਆਉਂਦੀਆਂ ਨੇ, ਲਗਾਂ-ਮਾਤਰਾਵਾਂ, ਸ਼ਬਦ ਜੋੜਾਂ ਆਦਿ ਕਮੀਆਂ ਤੋਂ ਇਲਾਵਾ ਧਿਆਨ ਦੇਣ ਯੋਗ ਕਮੀ ਇਹ ਹੈ ਕਿ ਬਹੁਤੀਆਂ ਥਾਵਾਂ ਤੇ ਵਾਕਾਂ ਦੇ ਅਰਥ ਤਾਂ ਸਹੀ ਨਿਕਲ ਰਹੇ ਹਨ ਪਰ ਪੜ੍ਹਨ ਦੇ ਵਿੱਚ ਵਾਕ ਦੀ ਰਚਨਾ ਪੂਰਨ ਤੌਰ ਤੇ ਉੱਚਿਤ ਨਹੀਂ ਲੱਗਦੀ. ਵਾਕ ਬਣਤਰ ਦੇ ਪੱਖ ਤੋਂ ਕਿਤਾਬ ਵਿੱਚ ਹੋਰ ਬਹੁਤ ਵਧੀਆ ਸੋਧ ਹੋ ਸਕਣ ਦੀ ਥਾਂ ਪਈ ਹੈ. ਕਿਤਾਬ ਪੜ੍ਹਦੇ ਹੋਏ ਜਦ ਦੁਹਰਾਉ ਵਿੱਚ ਇਸ ਤਰ੍ਹਾਂ ਦੀਆਂ ਛੋਟੀਆਂ- ਛੋਟੀਆਂ ਗਲਤੀਆਂ ਦਿਖਾਈ ਦਿੰਦੀਆਂ ਨੇ ਤਾਂ ਪਾਠਕ ਦੇ ਲਈ ਇਹ ਥੋੜੀ ਜਿਹੀ ਨਿਰਾਸ਼ਾ ਦਾ ਕਾਰਨ ਬਣਦੀਆਂ ਨੇ.

ਪੜੋ –
ਪੰਨਾ ਨੰਬਰ ੨੬
“ਹਿੰਦੁਸਤਾਨ ਦੀ ਲੋਕਾਈ ਸਦੀਆਂ ਤੋਂ ਲੁੱਟ ਕੁੱਟ, ਵਿਦੇਸ਼ੀ ਜਰਵਾਣਿਆਂ ਦੇ ਹਮਲਿਆਂ, ਧੀਆਂ ਭੈਣਾਂ ਦੀ_____ ਨਿਲਾਮੀ ਆਦਿ, ਇੱਕ ਭੇਡ ਦੀ ਤਰ੍ਹਾਂ ਜ਼ਿੰਦਗੀ ਦਾ ਵਕਤ ਲੰਘਾ ਰਹੀ ਸੀ।”

ਪੰਨਾ ਨੰ. ੮੧
“ਜੇਠ ਭਾਈ ਮਨਜੀਤ ਸਿੰਘ ਨੂੰ ਸੀ.ਆਰ.ਪੀ.ਐੱਫ ਨੇ ਸਵੇਰੇ ਲੈ ਗਈ।”

ਪੰਨਾ ਨੰ. ੧੦੭
“ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਜਨਰਲ ਭਾਈ ਲਾਭ ਸਿੰਘ….ਤਾਂ… ਉਹਨਾਂ ਨੇ ਤਨ ਮਨ ਨਾਲ ਇਹ ਪੰਥਕ ਕਾਰਜ ਨੂੰ ਸੰਭਾਲਿਆ।”

ਅਸਲ ਦੇ ਵਿੱਚ ਕਿਸੇ ਭਾਵਨਾ, ਦਰਦ ਜਾਂ ਘਟਨਾ ਨੂੰ ਆਪਣੇ ਸੀਨੇ ਤੇ ਹੰਢਾਉਣ ਵਾਲਾ ਹੀ ਉਸ ਭਾਵ ਨੂੰ ਮਹਿਸੂਸ ਕਰ ਸਕਦਾ ਹੈ ਪਰ ਹਰ ਮਹਿਸੂਸ ਕੀਤੇ ਜਾਣ ਵਾਲੇ ਭਾਵ ਨੂੰ ਸਮਝਣ ਯੋਗ ਬਣਾਉਣਾ ਵੀ ਇੱਕ ਬਹੁਤ ਹੀ ਅਹਿਮ ਤੇ ਜ਼ਰੂਰੀ ਕਾਰਜ ਹੈ। ਸ਼ਬਦਾਂ ਅਤੇ ਇਸ਼ਾਰਿਆਂ ਦੇ ਹਿੱਸੇ ਇਸ ਕਾਰਜ ਨੂੰ ਸੰਪੂਰਨ ਕਰਨ ਦੀ ਤਾਕਤ ਆਈ ਹੈ। ਸਿੱਖ ਇਤਿਹਾਸ ਅੰਦਰ ਸਿੱਖ ਬੀਬੀਆਂ ਦੇ ਸਥਾਨ ਨੂੰ ਜਗ੍ਹਾ ਦੇਣ ਵਾਲੀ ਇਹ ਕਿਤਾਬ ਮੌਜੂਦਾ ਸਮੇਂ ਦੇ ਸਿੱਖਾਂ ਲਈ ਇੱਕ ਬੇਸ਼ਕੀਮਤੀ ਤੋਹਫ਼ੇ ਦੇ ਸਮਾਨ ਹੈ। ਔਰਤ ਅੰਦਰ ਅਕਾਲ ਪੁਰਖ ਨੇ ਧਰਤ ਜਿੰਨੇ ਅੱਤ ਦੇ ਸਹਿਜ, ਸੰਜਮ, ਪਿਆਰ ਸਮੇਤ ਅਸਮਾਨ ਜਿੰਨੀ ਵਿਸ਼ਾਲ, ਜਿਗਰੇ ਵਾਲੀ ਨਿਡਰਤਾ ਤੇ ਸੂਰਬੀਰਤਾ ਵੀ ਪਾਈ ਹੈ। ਇਹ ਸੁਮੇਲ ਹੀ ਮਨੁੱਖ ਦੀ ਜ਼ਿੰਦਗੀ ਹੈ ਤੇ ਇਸੇ ਬੁਝਾਰਤ ਨੂੰ ਸਮਝਣਾ ਹੀ ਸੱਚ ਦੀ ਪ੍ਰਾਪਤੀ ਹੈ।ਔਰਤ ਦੀ ਸ਼ਕਤੀ ਨੂੰ ਸਿਜਦਾ ਕਰਦੀ ਇਸ ਕਿਤਾਬ ਨੂੰ ਬਤੌਰ ਪਾਠਕ ਮੈਂ ਸਿਜਦਾ ਕਰਦੀ ਹਾਂ।

‘ਕੌਰਨਾਮਾ’ ਸਿੱਖ ਸੰਗਤ ਦੀ ਝੋਲੀ ਪਾਉਣ ਲਈ ਲੇਖਕ ਬਲਜਿੰਦਰ ਸਿੰਘ ਕੋਟਭਾਰਾ ਸਮੇਤ ਇਸ ਕਿਤਾਬ ਅੰਦਰ ਇੱਕ-ਇੱਕ ਪੰਨੇ ਅਤੇ ਇੱਕ-ਇੱਕ ਸ਼ਬਦ ਲਈ ਮਦਦਗਾਰ ਰਹੇ ਉਸ ਹਰ ਜੀਅ ਦਾ ਬਹੁਤ ਸ਼ੁਕਰਾਨਾ ਹੈ, ਜਿਨ੍ਹਾਂ ਦੀ ਸੇਵਾ ਸਾਡੇ ਮਨਾਂ ਅੰਦਰ ਇਤਿਹਾਸ ਦੀ ਲੋਅ ਨਾਲ ਭਵਿੱਖ ਦਾ ਦੀਵਾ ਜਗਾਉਣ ਦਾ ਚਾਅ ਬਣ ਕੇ ਜ਼ਰੂਰ ਸਫਲੀ ਹੋਵੇਗੀ।

ਸਾਡੀਆਂ ਝੋਲੀਆਂ ਇਸ ਤਰਾਂ ਦੀਆਂ ਕਿੰਨੀਆਂ ਹੀ ਅਨਮੁੱਲੀਆਂ ਕਿਤਾਬਾਂ ਪਾਉਣ ਵਾਲਾ ‘ਬਿਬੇਕਗੜ੍ਹ ਪ੍ਰਕਾਸ਼ਨ’ ਵੀ ਵਧਾਈ ਦਾ ਪਾਤਰ ਹੈ। ਉਮੀਦ ਹੈ ਕਿ ਸਿੱਖ ਇਤਿਹਾਸ ਵਿੱਚ ਬੀਬੀਆਂ ਦੇ ਯੋਗਦਾਨ ਨੂੰ ਲਿਖਤਬੱਧ ਕਰਨ ਦੀ ਇਹ ਲੜੀ ਇਸ ਕਿਤਾਬ ਤੋਂ ਅੱਗੇ ਵੀ ਵਧੇਗੀ ਅਤੇ ਹੁਣ ਤੱਕ ਸਾਡੀਆਂ ਅੱਖਾਂ ਤੋਂ ਓਹਲੇ ਲੁਕੇ ਹੋਏ ਰੱਬੀ ਇਸ਼ਕ ਦੇ ਲਾਸਾਨੀ ਕਿੱਸੇ, ਸ਼ਬਦਾਂ ਰਾਹੀਂ ਸਾਡੇ ਚਿਹਰਿਆਂ ਦੇ ਨੂਰ ਦਾ ਆਕਾਰ ਬਣਦੇ ਰਹਿਣਗੇ।

‘ਅਕਾਲ ਸਹਾਇ’
‘ਸਰਬੱਤ ਦਾ ਭਲਾ’
“ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ”

 

– ਰਾਜਦੀਪ ਕੌਰ

5 1 vote
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x