ਘੱਲੂਘਾਰੇ ਦੇ 40 ਸਾਲ: ਦਿੱਲੀ ਦਰਬਾਰ ਦਾ ਬਿਜਾਲੀ ਜ਼ਬਰ ਅਤੇ ਸਿੱਖ

ਘੱਲੂਘਾਰੇ ਦੇ 40 ਸਾਲ: ਦਿੱਲੀ ਦਰਬਾਰ ਦਾ ਬਿਜਾਲੀ ਜ਼ਬਰ ਅਤੇ ਸਿੱਖ

ਜੂਨ 1984 ਵਿਚ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਅੰਮ੍ਰਿਤਸਰ), ਸ੍ਰੀ ਅਕਾਲ ਤਖਤ ਸਾਹਿਬ ਅਤੇ 701 ਦੇ ਕਰੀਬ ਹੋਰਨਾਂ ਗੁਰਧਾਮਾਂ ਉੱਤੇ ਦਿੱਲੀ ਦਰਬਾਰ ਵੱਲੋਂ ਫੌਜੀ ਹਮਲਾ ਕਰਕੇ ਵਰਤਾਇਆ ਗਿਆ ਤੀਜਾ ਘੱਲੂਘਾਰਾ ਸਿੱਖ ਯਾਦ ਵਿਚ ਇਕ ਅਮਿਟ ਵਰਤਾਰਾ ਹੈ2

ਤੀਜੇ ਘੱਲੂਘਾਰੇ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਭਵਨ ਸਮੂਹ ਵਿਖੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਅਗਵਾਈ ਵਿਚ ਜੁਝਾਰੂ ਯੋਧਿਆਂ ਵੱਲੋਂ ਲੜੀ ਗਈ ‘ਸ੍ਰੀ ਅੰਮ੍ਰਿਤਸਰ ਦੀ ਜੰਗ’ ਨੇ ਖਾਲਸਾ ਜੀ ਦੇ ਜੰਗਜੂ ਇਤਿਹਾਸ ਨੂੰ ਅਜੋਕੇ ਸਮੇਂ ਵਿਚ ਮੁੜ ਜਲਵਾਗਰ ਕੀਤਾ। ਜੂਨ 84 ਦੇ ਘੱਲੂਘਾਰੇ ਅਤੇ ਨਵੰਬਰ 1984 ’ਚ ਇੰਡੀਆ ਦੇ ਵੱਖ-ਵੱਖ ਹਿੱਸਿਆਂ ਵਿਚ ਕੀਤੀ ਗਈ ਸਿੱਖ ਨਸਲਕੁਸ਼ੀ.3 ਤੋਂ ਬਾਅਦ ਦਾ ਜੰਗ ਤੇ ਸ਼ਹਾਦਤਾਂ ਦਾ ਖਾੜਕੂ ਸੰਘਰਸ਼ ਦਾ ਦੌਰ.4 ਆਇਆ।

ਖਾੜਕੂ ਸੰਘਰਸ਼ ਤੋਂ ਬਾਅਦ ਲੰਘੇ ਦਹਾਕਿਆਂ ਦੌਰਾਨ ਵੱਖ-ਵੱਖ ਤਰ੍ਹਾਂ ਦੇ ਹਾਲਾਤ ਉੱਭਰੇ ਜਿਸ ਵਿਚ ਕਦੇ ਮਨੁੱਖੀ ਹੱਕਾਂ ਦੀਆਂ ਉਲੰਘਣਾਵਾਂ, ਇਨਸਾਫ, ਵੋਟਤੰਤਰ ਦੀ ਸਰਗਰਮੀ, ਧਾਰਮਿਕ ਮਸਲੇ, ਸਿੱਖ ਸੰਸਥਾਵਾਂ ਦੀ ਭੂਮਿਕਾ ਤੇ ਇਹਨਾਂ ਬਦਲ ਰਹੇ ਚਰਿੱਤਰ ਆਦਿ ਨਾਲ ਜੁੜੇ ਮਸਲੇ ਸਿੱਖ ਸਰਗਰਮੀ ਦੇ ਕੇਂਦਰ ਵਿਚ ਰਹੇ। ਪਰ ਇਸ ਸਾਰੇ ਸਮੇਂ ਦੌਰਾਨ ਜੂਨ ਤੇ ਨਵੰਬਰ 1984 ਦੇ ਘਟਨਾਕ੍ਰਮਾਂ ਦੇ ਮੂਲ ਖਾਸੇ ਨੂੰ ਪਛਾਨਣ, ਬਿਆਨਣ ਅਤੇ ਬੀਤੇ, ਵਰਤਮਾਨ ਤੇ ਭਵਿੱਖ ਬਾਰੇ ਸਿੱਖ ਨਜ਼ਰੀਆ ਪੇਸ਼ ਕਰਦੀ ਬ੍ਰਿਤਾਂਤਕਾਰੀ ਦੇ ਯਤਨ ਲਗਾਤਾਰ ਚੱਲਦੇ ਰਹੇ। ਇਹਨਾ ਯਤਨਾਂ ਦਾ ਮੁੱਖ ਸੋਮਾ ਅਖਬਾਰਾਂ ਰਸਾਲਿਆਂ ਵਿਚ ਛਪਦੀਆਂ ਰਹੀਆਂ ਲਿਖਤਾਂ, ਰਚਨਾਵਾਂ, ਆਤਮ-ਬਿਆਨੀਆਂ, ਪੜਚੋਲਾਂ ਅਤੇ ਕਿਤਾਬਾਂ ਰਹੀਆਂ ਹਨ।

ਬੀਤੇ ਸਮੇਂ ਵਿਚ ਪ੍ਰਚਾਰ ਸਾਧਨਾਂ ਤੇ ਤਕਨੀਕਾਂ ਵਿਚ ਆਈ ਵਿਆਪਕ ਤਬਦੀਲੀ ਨੇ ਪ੍ਰਚੱਲਤ ਘੇਰੇ ਤੋਂ ਬਾਹਰ ਇਹ ਹੋਰ ਵਿਆਪਕ ਖੇਤਰ ਸਿਰਜ ਦਿੱਤਾ ਹੈ। 21ਵੀਂ ਸਦੀ ਦੇ ਪਹਿਲੇ ਦਹਾਕੇ ਦੌਰਾਨ ਪੰਜਾਬ ਤੇ ਸਿੱਖਾਂ ਸਮੇਤ ਲੋਕਾਈ ਦੇ ਆਮ ਹਿੱਸਿਆਂ ਵਿਚ ਵਧੇਰੇ ਪ੍ਰਚੱਲਤ ਹੋਈ ਬਿਜਾਲ5 ਦੀ ਤਕਨੀਕ ਅਤੇ ਫਿਰ ਇਸ ਤੋਂ ਅਗਲੇ ਦਹਾਕੇ ਦੌਰਾਨ ਉੱਭਰੇ ਬਿਜਲ-ਸੱਥ6 ਮੰਚਾਂ ਨੇ ਬ੍ਰਿਤਾਂਤਕ ਪੇਸ਼ਕਾਰੀ ਦੇ ਨਵੇਂ ਮੁਹਾਜ਼ ਖੜ੍ਹੇ ਕਰ ਦਿੱਤੇ ਹਨ। ਇਹ ਨਵੇਂ ਸਾਧਨ ਤੇ ਮੁਹਾਜ਼ ਕਿਸੇ ਵੀ ਚੱਲ ਰਹੇ ਸਮੇਂ ਵਿਚ ਇਕਦਮ ਤੇ ਜ਼ੋਰਦਾਰ ਅਸਰ ਪਾਉਣ ਦੇ ਸਮਰੱਥ ਹਨ। ਮੌਜੂਦਾ ਸਮੇਂ ਵਿਚ ਘੱਲੂਘਾਰੇ ਦੇ 40 ਸਾਲ ਬਾਅਦ ਅਸੀਂ ਅਜਿਹੀ ਸਥਿਤੀ ਵਿਚ ਖੜ੍ਹੇ ਹਾਂ ਜਿੱਥੇ ਬੀਤੇ ਨੂੰ ਬਿਆਨਣ ਲਈ ਬਿਜਲ-ਸੱਥ ਵੱਡਾ ਤੱਤ ਬਣ ਕੇ ਉੱਭਰੀ ਹੈ ਓਥੇ ਸਾਡਾ ਕਾਫੀ ਵੱਡਾ ਹਿੱਸਾ, ਖਾਸ ਕਰਕੇ ਨਵੀਂ ਪੀੜ੍ਹੀ, ਅਤੀਤ, ਵਰਤਮਾਨ ਨੂੰ ਜਾਨਣ, ਇਹਨਾ ਬਾਰੇ ਨਜ਼ਰੀਆ ਬਣਾਉਣ ਤੇ ਭਵਿੱਖ ਦੀ ਆਸ ਜਾਂ ਕਿਆਸਅਰਾਈ ਵਾਸਤੇ ਬਿਜਾਲ ਤੇ ਬਿਜਲ-ਸੱਥ ਉੱਤੇ ਨਿਰਭਰ ਹੈ। ਇਸੇ ਦੌਰਾਨ ਬਿਜਾਲ ਅਤੇ ਬਿਜਲ-ਸੱਥ ਉੱਤੇ ਸੱਤਾ ਦੀ ਤਾਕਤ ਤੇ ਕਾਰਪੋਰੇਟ ਨਾਲ ਗਠਜੋੜ ਰਾਹੀਂ ਦਿੱਲੀ ਦਰਬਾਰ ਵੱਲੋਂ ਕਾਇਮ ਕੀਤਾ ਗਿਆ ਗਲਬਾ ਸਿੱਖਾਂ ਸਮੇਤ ਸਭਨਾ ਸੰਘਰਸ਼ੀ ਧਿਰਾਂ ਲਈ ਵੱਡੀ ਚੁਣੌਤੀ ਹੈ। ਇਸ ਲਿਖਤ ਵਿਚ ਸਿੱਖਾਂ ਦੇ ਸਨਮੁਖ ਇਸੇ ਚੁਣੌਤੀ ਦੇ ਵੱਖ-ਵੱਖ ਪੱਖਾਂ ਨੂੰ ਵਿਚਾਰਨ ਦਾ ਯਤਨ ਕੀਤਾ ਜਾ ਰਿਹਾ ਹੈ।

ਡੇਢ ਕੁ ਦਹਾਕਾ ਪਹਿਲਾਂ ਹੋਏ ਬਿਜਲ-ਸੱਥ ਦੇ ਉਭਾਰ ਵੇਲੇ ਇਹ ਮਨੌਤ ਉੱਭਰੀ ਸੀ ਕਿ ਇਸ ਜੁਗਤ ਨੇ ਸੰਸਾਰ ਵਿਚ ਵਿਚਾਰਾਂ ਦੇ ਪ੍ਰਗਟਾਵੇ ਦੀ ਅਜ਼ਾਦੀ ਲਈ ਨਵੇਂ ਰਾਹ ਖੋਲ੍ਹ ਦਿੱਤੇ ਹਨ। 2010 ਵਿਚ ਤੁਨੇਸ਼ੀਆ ਤੇ ਯਮਨ ਸਮੇਤ ਹੋਰਨਾਂ ਅਰਬ ਮੁਲਕਾਂ ਵਿਚ ਹਕੂਮਤਾਂ ਖਿਲਾਫ ਹੋਏ ਵਿਰੋਧ ਪ੍ਰਦਰਸ਼ਨਾਂ, ਜਿਹਨਾਂ ਨੂੰ ‘ਅਰਬ-ਸਪਰਿੰਗ’ ਦਾ ਨਾਮ ਦਿੱਤਾ ਗਿਆ, ਅਤੇ 2011 ਦੇ ਅਮਰੀਕਾ ਵਿਚ ਹੋਏ ‘ਆਕੂਪਾਈ ਵਾਲਸਟਰੀਟ’ ਪ੍ਰਦਰਸ਼ਨਾਂ ਵਿਚ ਬਿਜਲ-ਸੱਥ ਮੰਚਾਂ ਦੀ ਭੂਮਿਕਾ ਨੇ ਉਕਤ ਮਨੌਤ ਨੂੰ ਹੋਰ ਵੀ ਪੱਕਿਆਂ ਕੀਤਾ। ਇਹ ਮਨੌਤ ਦਰੁਸਤ ਸੀ ਪਰ ਸਿਰਫ ਇਕ ਹੱਦ ਤੱਕ। ਅਸਲ ਵਿਚ ਸ਼ੁਰੂਆਤੀ ਦੌਰ ਵਿਚ ਬਣਿਆ ਇਹ ਪ੍ਰਭਾਵ ਬਿਜਲ-ਸੱਥ ਮੰਚਾਂ ਦੀ ਜਨਤਕ ਵਰਗਾਂ (ਸਿਵਲ-ਸੁਸਾਇਟੀ) ਤੇ ਕਾਰਕੁੰਨਾਂ (ਐਕਟੀਵਿਸਟਾਂ) ਵੱਲੋਂ ਕੀਤੀ ਗਈ ਸਿਆਸੀ ਵਰਤੋਂ ਦੀ ਪਹਿਲਕਦਮੀ ਦਾ ਨਤੀਜਾ ਸੀ। ਛੇਤੀ ਹੀ ਹਕੂਮਤਾਂ ਨੇ ਬਿਜਲ-ਸੱਥ ਦੇ ਇਹਨਾਂ ਪੱਖਾਂ ਨੂੰ ਭਾਪ ਲਿਆ ਅਤੇ ਇਸ ਨੂੰ ਕਾਬੂ ਕਰਨ ਦੇ ਤਰੀਕੇ ਇਜ਼ਾਦ ਕਰ ਲਏ।

ਬੀਤੇ ਕੁਝ ਸਾਲਾਂ ਦੌਰਾਨ, ਖਾਸ ਕਰਕੇ ਸਾਲ 2019-20 ਦੇ ‘ਕਰੋਨਾ ਕਾਲ’ ਤੋਂ ਬਾਅਦ ਵਿਚਾਰਾਂ ਦੀ ਅਜ਼ਾਦੀ ਦੇ ਪ੍ਰਗਟਾਵੇ ਲਈ ਬਿਜਾਲ ਅਤੇ ਬਿਜਲ-ਸੱਥ ਉੱਤੇ ਇਕ ਵਾਰ ਬਣਿਆ ਸਾਜਗਾਰ ਮਹੌਲ ਤੇਜੀ ਨਾਲ ਪਲਟਿਆ ਹੈ। ਵੈਸੇ ਇਹ ਪਲਟਾ ਲੱਗਣਾ ਕਰੋਨੇ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਅਤੇ ਸੰਸਾਰ ਭਰ ਵਿਚ ਹਕੂਮਤਾਂ, ਸਮੇਤ ਦਿੱਲੀ ਦਰਬਾਰ (ਇੰਡੀਅਨ ਸੇਟਟ) ਦੇ, ਨੇ ਲੋਕਾਂ ਦੀ ਆਵਾਜ਼ ਦਬਾਉਣ ਲਈ ਲੋੜੀਂਦੇ ਹਵਾਲੇ, ਬਹਾਨੇ ਅਤੇ ਤਰੀਕੇ ਲੱਭ ਅਤੇ ਘੜ੍ਹ ਲਏ ਸਨ। ਇੰਝ ਹਕੂਮਤ ਨੇ ਬਿਜਾਲ ਅਤੇ ਬਿਜਲ-ਸੱਥ ਨੂੰ ਅਜਿਹੇ ਮਾਰੂ ਵਰਤਾਰੇ ਦੇ ਸੰਦ ਵਿਚ ਬਦਲ ਲਿਆ ਹੈ ਜਿਸ ਨੂੰ ਬਿਜਾਲੀ-ਜ਼ਬਰ (ਡਿਜਿਟਲ ਰਿਪਰੈਸ਼ਨ) ਦਾ ਨਾਮ ਦਿੱਤਾ ਗਿਆ ਹੈ।

ਬਿਜਾਲੀ ਜ਼ਬਰ:

‘ਬਿਜਾਲੀ ਜ਼ਬਰ’ ਤਹਿਤ ਹਕੂਮਤਾਂ ਵੱਲੋਂ ਨਿਸ਼ਾਨਾਂ ਬਣਾਈਆਂ ਜਾ ਰਹੀਆਂ ਧਿਰਾਂ, ਵਰਗਾਂ ਜਾਂ ਵਿਅਕਤੀਆਂ ਉੱਤੇ ਬਿਜਾਲੀ ਰੋਕਾਂ ਲਗਾ ਕੇ ਉਹਨਾ ਨੂੰ ਆਪਣੀ ਗੱਲ ਰੱਖਣ ਤੋਂ ਰੋਕਿਆ ਜਾਂਦਾ ਹੈ ਅਤੇ/ਜਾਂ ਉਹਨਾ ਵਿਰੁਧ ਬਿਜਾਲੀ ਸੰਚਾਰ ਸਾਧਨਾਂ ਰਾਹੀਂ ਸਿੱਧੇ ਅਤੇ ਅਸਿੱਧੇ ਤੌਰ ਉੱਤੇ ਭੰਡੀ ਪਰਚਾਰ ਕਰਕੇ ਉਹਨਾਂ ਨੂੰ ਬਦਨਾਮ ਕਰਕੇ ਹਾਸ਼ੀਏ ’ਤੇ ਧੱਕਣ ਦਾ ਯਤਨ ਕੀਤਾ ਜਾਂਦਾ ਹੈ; ਅਤੇ ਜ਼ਬਰ ਦੇ ਰਿਵਾਇਤੀ ਢੰਗ ਤਰੀਕਿਆਂ ਨੂੰ ਲਾਗੂ ਕਰਨ ਵਾਸਤੇ ਬਿਜਾਲੀ ਸਾਧਨ ਵਰਤੋਂ ਵਿਚ ਲਿਆਂਦੇ ਜਾਂਦੇ ਹਨ। ਜ਼ਬਰ ਦੀ ਇਹ ਕਿਸਮ ਮੁਲਕਾਂ ਦੀਆਂ ਹੱਦਾਂ-ਸਰਹੱਦਾਂ ਤੋਂ ਪਾਰ ਤੱਕ ਮਾਰ ਕਰਨ ਕਰਨ ਦੀ ਸਮਰੱਥਾ ਰੱਖਦੀ ਹੈ। ਅੱਜ ਦੇ ਸਮੇਂ ਕੌਮਾਂਤਰੀ ਕੂਟਨੀਤੀ ਵਿਚ ਚਰਚਾ ਦਾ ਵਿਸ਼ਾ ਬਣੇ ਰਹੇ “ਵਿਦੇਸ਼ੀ ਦਖਲਅੰਦਾਜ਼ੀ” (ਫੌਰਨ ਇਨਟਰਫੀਰੈਂਸ) ਅਤੇ “ਕੌਮਾਂਤਰੀ ਜ਼ਬਰ” (ਟਰਾਂਸਨੈਸ਼ਨਲ ਰਿਪਰੈਸ਼ਨ) ਜਿਹੇ ਵਰਤਾਰਿਆਂ ਦੀ ਇਕ ਅਹਿਮ ਤੰਦ ‘ਬਿਜਾਲੀ ਜ਼ਬਰ’ ਨਾਲ ਜੁੜੀ ਹੋਈ ਹੈ।

ਤੀਜਾ ਘੱਲੂਘਾਰਾ ਤੇ ਸਿੱਖਾਂ ਵਿਰੁਧ ਦਿੱਲੀ ਦਰਬਾਰ ਦੇ ਬਿਜਾਲੀ ਜ਼ਬਰ ਦੀ ਪੈੜ:

ਸਿੱਖਾਂ ਵਿਰੁਧ ਦਿੱਲੀ ਦਰਬਾਰ ਦੇ ਬਿਜਾਲੀ ਜ਼ਬਰ ਦੀ ਪੈੜ ਖੋਜਦਿਆਂ ਪਤਾ ਲੱਗਦਾ ਹੈ ਕਿ ਇਸ ਦੀ ਸ਼ੁਰੂਆਤ ਤੀਜੇ ਘੱਲੂਘਾਰੇ ਬਾਰੇ ਤੱਥ ਤੇ ਸਿੱਖ ਨਜ਼ਰੀਆ ਪੇਸ਼ ਕਰਦੇ ਮੰਚਾਂ ਉੱਤੇ ਰੋਕਾਂ ਲਗਾਉਣ ਨਾਲ ਹੋਈ।

ਮਈ 2015 ਵਿਚ ਘੱਲੂਘਾਰਾ ਜੂਨ ’84 ਅਤੇ ਸਿੱਖ ਨਸਲਕੁਸ਼ੀ 1984 ਬਾਰੇ ਜਾਣਕਾਰੀ, ਤਸਵੀਰਾਂ, ਦਸਤਾਵੇਜ਼ ਤੇ ਹੋਰ ਸਰੋਤ, ਜਿਵੇਂ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਵਖਿਆਨ, ਜਾਰੀ ਕਰਦੇ ਮੰਚ “ਨੈਵਰਫਾਰਗੈਟ1984ਡਾਟਕਾਮ”7 ਅਤੇ ਅਮਰੀਕਾ ਦੀ ਸੰਸਥਾ “ਜੂਨ 1984 ਮੂਵਮੈਂਟ”8 ਦੇ ਫੇਸਬੁੱਕ ਸਫੇ ਦਿੱਲੀ ਦਰਬਾਰ ਵੱਲੋਂ ਪੰਜਾਬ ਤੇ ਇੰਡੀਆ ਵਿਚ ਰੋਕ ਦਿੱਤੇ ਗਏ। ਇਹ ਰੋਕਾਂ ਸਿੱਖ ਬਿਜਲ-ਸੱਥ ਮੰਚਾਂ ਉੱਤੇ ਲੱਗਣ ਵਾਲੀਆਂ ਪਹਿਲੀਆਂ ਰੋਕਾਂ ਵਿਚੋਂ ਸਨ।

ਉਸ ਵੇਲੇ ਤੱਕ ਸਿੱਖ ਨਸਲਕੁਸ਼ੀ 1984 ਇਨਸਾਫ ਲਈ ਮੁਕਾਮੀ ਅਤੇ ਕੌਮਾਂਤਰੀ ਪੱਧਰ ਉੱਤੇ ਸਰਗਰਮੀ ਕਰ ਰਹੀ ਅਮਰੀਕਾ ਅਧਾਰਤ ਸਿੱਖ ਸੰਸਥਾ “ਸਿੱਖਸ ਫਾਰ ਜਸਟਿਸ”9 ਦਾ ਫੇਸਬੁੱਕ ਸਫਾ ਵੀ ਇਸੇ ਦੌਰਾਨ ਰੋਕਿਆ ਗਿਆ। ਇਸੇ ਸਾਲ “ਸਿੱਖਸ24ਡਾਟਕਾਮ” ਨਾਮੀ ਖਬਰ ਅਦਾਰੇ ਦਾ ਫੇਸਬੁੱਕ ਸਫਾ, ਜਿਸ ਨਾਲ ਉਸ ਵੇਲੇ ਕਰੀਬ ਸਵਾ-ਚਾਰ ਲੱਖ ਪਾਠਕ ਜੁੜੇ ਹੋਏ ਸਨ, ਵੀ ਦਿੱਲੀ ਦਰਬਾਰ ਵੱਲੋਂ ਜੂਨ 2015 ਵਿਚ ਰੋਕ ਦਿੱਤਾ ਗਿਆ10। ਜ਼ਿਕਰਯੋਗ ਹੈ ਕਿ ‘ਨੈਵਰਫੌਰਗੈਟ1984ਡਾਟਕਾਮ’ ਵਰਗੇ ਬਿਜਾਲ-ਮੰਚ ਬੀਤੇ ਦਹਾਕਿਆਂ ਦੌਰਾਨ ਅਖਬਾਰਾਂ/ਰਸਾਲਿਆਂ ਜਾਂ ਦਸਤਾਵੇਜ਼ਾਂ ਦੇ ਰੂਪ ਵਿਚ ਸਿੱਖਾਂ ਵੱਲੋਂ ਛਪਦੀ ਰਹੀ ਸਮਗਰੀ ਦਾ ਫਿਰੰਗੀ ਬੋਲੀ (ਅੰਗਰੇਜ਼ੀ) ਵਿਚ ਤਰਜ਼ਮਾ ਕਰਕੇ ਬਿਜਾਲ ਉੱਤੇ ਪ੍ਰਕਾਸ਼ਤ ਕਰ ਰਹੇ ਸਨ। ਇਸ ਦਾ ਨਤੀਜਾ ਇਹ ਸੀ ਕਿ ਕੋਈ ਵੀ ਚਾਹਵਾਨ ਪਾਠਕ ਸੰਸਾਰ ਭਰ ਵਿਚ ਕਿਤੇ ਵੀ ਬੈਠਿਆਂ ਇਹ ਜਾਣਕਾਰੀ ਖੋਜ ਤੇ ਵੇਖ-ਪੜ੍ਹ ਸਕਦਾ ਸੀ।

ਦਿੱਲੀ ਦਰਬਾਰ ਨੇ ਤੀਜੇ ਘੱਲੂਘਾਰੇ ਅਤੇ ਸਿੱਖ ਨਸਲਕੁਸ਼ੀ 1984 ਬਾਰੇ ਸਿੱਖਾਂ ਵੱਲੋਂ ਬਿਜਾਲ ਤੇ ਬਿਜਲ-ਸੱਥ ਰਾਹੀਂ ਪੇਸ਼ ਕੀਤੀ ਜਾਂਦੀ ਜਾਣਕਾਰੀ ਤੇ ਪੱਖ ਨੂੰ ਰੋਕਣ ਲਈ ਰੋਕਾਂ ਦਾ ਉਕਤ ਸਿਲਸਿਲਾ ਕਰੋਨਾ-ਕਾਲ, ਜਿਸ ਨੂੰ ਕਿ ਦੁਨੀਆ ਭਰ ਵਿਚ ਹਕੂਮਤਾਂ ਵੱਲੋਂ ਵਿਚਾਰਾਂ ਦੇ ਪ੍ਰਗਟਾਵੇ ਦੀ ਅਜ਼ਾਦੀ ਨੂੰ ਦਬਾਉਣ ਲਈ ਵੱਡੇ ਪੱਧਰ ਉੱਤੇ ਵਰਤਿਆ ਗਿਆ11, ਤੋਂ ਕਰੀਬ ਪੰਜ ਸਾਲ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਸੀ। ਇਸ ਲਿਖਤ ਦਾ ਲੇਖਕ ਸਾਲ 2015 ਵਿਚ ਅਦਾਰਾ ਸਿੱਖ ਸਿਆਸਤ ਦੇ ਖਬਰ-ਮੰਚਾਂ (ਨਿਊਜ਼-ਵੈਬਸਾਈਟਾਂ) ਨੂੰ ਰੋਕਣ ਲਈ ਪੰਜਾਬ ਸਰਕਾਰ ਤੇ ਦਿੱਲੀ ਦਰਬਾਰ ਵੱਲੋਂ ਕੀਤੇ ਗਏ ਯਤਨਾਂ ਦੇ ਨਿੱਜੀ ਤਜ਼ਰਬੇ ਦੇ ਅਧਾਰ ਉੱਤੇ ਇਹ ਗੱਲ ਬਿਆਨ ਕਰ ਸਕਦਾ ਹੈ ਕਿ ਤੀਜੇ ਘੱਲੂਘਾਰੇ, ਸਿੱਖ ਨਸਲਕੁਸ਼ੀ 1984 ਤੇ 1980-90ਵਿਆਂ ਦੇ ਸਿੱਖ ਸੰਘਰਸ਼ ਦੇ ਬਾਰੇ ਤੱਥ ਤੇ ਨਜ਼ਰੀਏ ਦੇ ਮਾਮਲੇ ਵਿਚ ਦਿੱਲੀ ਦਰਬਾਰ ਦੀ ਖਾਸ ਰੁਚੀ ਬਿਜਾਲ ਤੇ ਬਿਜਲ-ਸੱਥ ਉੱਤੇ ਪੈਂਦੀ ਜਾਣਕਾਰੀ ਰੋਕਣ ਵਿਚ ਸੀ ਕਿਉਂਕਿ ਇਹਨਾਂ ਤਕਨੀਕਾਂ/ਜੁਗਤਾਂ ਦੀ ਪਹੁੰਚ ਸੁਖਾਲੀ ਅਤੇ ਘੇਰਾ ਬਹੁਤ ਵਿਆਪਕ ਹੈ।

ਬਿਜਾਲੀ ਖੋਜ ਮੰਚਾਂ ਤੋਂ ਜਾਣਕਾਰੀ ਹਟਵਾਉਣੀ:

ਇਸੇ ਅਰਸੇ ਦੌਰਾਨ ਦਿੱਲੀ ਦਰਬਾਰ ਦੀਆਂ ਰੋਕਾਂ ਤੇ ਬਿਜਾਲੀ ਜ਼ਬਰ ਦਾ ਇੱਕ ਹੋਰ ਘੇਰਾ ਇਹ ਸਾਹਮਣੇ ਆਇਆ ਕਿ ਤੀਜੇ ਘੱਲੂਘਾਰੇ ਅਤੇ ਸਿੱਖ ਨਸਲਕੁਸ਼ੀ 1984 ਬਾਰੇ ਜਾਣਕਾਰੀ (ਜਿਸ ਵਿਚ ਲਿਖਤਾਂ, ਤਸਵੀਰਾਂ ਤੇ ਬੋਲ-ਮੂਰਤਾਂ12 ਸ਼ਾਮਿਲ ਹਨ) ਬਿਜਾਲੀ ਖੋਜ-ਮੰਚਾਂ (ਇੰਟਰਨੈਟ ਸਰਚ-ਇੰਜਨਾਂ) ਜਿਵੇਂ ਕਿ ਗੂਗਲ, ਯਾਹੂ, ਬਿੰਗ ਆਦਿ ਤੋਂ ਵੀ ਹਟਵਾਈਆਂ ਗਈਆਂ ਹਨ।

ਇਕ ਹਾਲੀਆ ਵਾਰਤਾ ਤੋਂ ਇਹ ਨੁਕਤਾ ਸੁਖਾਲੇ ਸਮਝਿਆ ਜਾ ਸਕਦਾ ਹੈ। ਲੁਧਿਆਣੇ ਨੇੜਲੇ ਪਿੰਡ ਇਆਲੀ ਕਲਾਂ ਵਿਖੇ ਤੀਜੇ ਘੱਲੂਘਾਰੇ ਦੀ 40ਵੀਂ ਵਰ੍ਹੇਗੰਢ ਮੌਕੇ ਹੋਣ ਵਾਲੇ ਸ਼ਹੀਦੀ ਸਮਾਗਮ ਦੌਰਾਨ ਜੂਨ 1984 ਨਾਲ ਸੰਬੰਧਤ ਤਸਵੀਰਾਂ ਤੇ ਜਾਣਕਾਰੀ ਦੀ ਪ੍ਰਦਰਸ਼ਨੀ ਲਾਉਣ ਦੇ ਚਾਹਵਾਨ ਇਕ ਸਿੱਖ ਨੌਜਵਾਨ ਨੇ 21 ਮਈ 2024 ਨੂੰ ਇਸ ਲਿਖਤ ਦੇ ਲੇਖਕ ਨਾਲ ਸੰਪਰਕ ਕਰਕੇ ਕਿਹਾ ਕਿ ਉਹਨਾ ਨੇ ਬਿਜਾਲ ਖੰਘਾਲ ਲਿਆ ਹੈ ਪਰ ਉਹਨਾ ਨੂੰ ਪ੍ਰਦਰਸ਼ਨੀ ਲਈ ਤੀਜੇ ਘੱਲੂਘਾਰੇ ਨਾਲ ਜੁੜੀਆਂ ਉਹ ਤਸਵੀਰਾਂ ਨਹੀਂ ਮਿਲ ਰਹੀਆਂ ਜਿਹੜੀਆਂ ਕਿ ਪਹਿਲਾਂ ਅਸਾਨੀ ਨਾਲ ਲੱਭ ਜਾਂਦੀਆਂ ਸਨ।

ਕਰੋਨਾ ਕਾਲ ਤੇ ਦਿੱਲੀ ਦਰਬਾਰ ਵੱਲੋਂ ਸਿੱਖ ਖਬਰਖਾਨੇ ਉੱਤੇ ਰੋਕਾਂ ਦਾ ਦੌਰ:

ਕਰੋਨਾ ਕਾਲ ਦੌਰਾਨ ਦੁਨੀਆ ਭਰ ਵਿਚ 83 ਸਰਕਾਰਾਂ, ਜਿਹਨਾਂ ਵਿਚ ਇੰਡੀਆ ਦੀ ਸਰਕਾਰ ਵੀ ਸ਼ਾਮਿਲ ਹੈ, ਵੱਲੋਂ ਕਰੋਨੇ ਦੇ ਹਵਾਲੇ ਨਾਲ ਵਿਚਾਰਾਂ ਦੀ ਅਜ਼ਾਦੀ ਸਮੇਤ ਮਨੁੱਖੀ ਹੱਕਾਂ ਦੇ ਘਾਣ, ਜਿਵੇਂ ਕਿ ਡਰਾਉਣਾ-ਦਬਾਉਣਾ, ਗ੍ਰਿਫਤਾਰੀਆਂ ਤੇ ਹਿਰਾਸਤਾਂ ਅਤੇ ਵਿਚਾਰਾਂ ਦੇ ਪ੍ਰਗਟਾਵੇ ਲਈ ਫੌਜਦਾਰੀ ਮੁਕਦਮੇਂ ਦਰਜ਼ ਕਰਨ ਨੂੰ ਜਾਇਜ਼ ਠਹਿਰਾਇਆ ਗਿਆ13

ਭਾਵੇਂ ਕਿ ਸਾਲ 2015 ਤੋਂ ਹੀ ਸਿੱਖ ਬਿਜਲ-ਸੱਥ ਸਫਿਆਂ ਉੱਪਰ ਦਿੱਲੀ ਦਰਬਾਰ ਨੇ ਰੋਕਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ ਪਰ ਕਰੋਨਾ ਕਾਲ ਦੌਰਾਨ ਜੂਨ 2020 ਵਿਚ ਅਮਲ ਅਗਲੇ ਪੜਾਵਾਂ ਵਿਚ ਦਾਖਲ ਹੋ ਗਿਆ।

ਕਰੋਨਾ ਕਾਲ ਮੌਕੇ ਦਿੱਲੀ ਦਰਬਾਰ ਨੇ ਸਭ ਨੇਮ-ਵਿਚਾਰ ਛਿੱਕੇ ਟੰਗ ਕੇ ਵੱਖਰੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਵਾਲਿਆਂ ਉੱਤੇ ਰੋਕਾਂ ਲਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਜਿਸ ਦੀ ਸਿੱਖ ਬਿਜਾਲੀ ਖਬਰਖਾਨੇ (ਇੰਟਰਨੈਟ ਮੀਡੀਆ) ਉੱਤੇ ਪਹਿਲੀ ਵਿਆਪਕ ਮਾਰ ‘ਘੱਲੂਘਾਰਾ ਦਿਵਸ’ ਵਾਲੇ ਦਿਨ 6 ਜੂਨ 2020 ਨੂੰ ਪਈ।

 • 6 ਜੂਨ 2020 ਨੂੰ ਦਿੱਲੀ ਦਰਬਾਰ ਵੱਲੋਂ ਸਿੱਖ ਸਿਆਸਤ ਦੀ ਅੰਗਰੇਜ਼ੀ ਖਬਰਾਂ ਦੀ ਵੈਬਸਾਈਟ ਸਮੇਤ, ਟੀ.ਵੀ.84, ਕੇ.ਟੀ.ਵੀ. ਯੂ.ਕੇ, ਆਪਣਾ ਸਾਂਝਾ ਪੰਜਾਬ ਟੀ.ਵੀ ਤੇ ਅਕਾਲ ਚੈਨਲ ਦੇ ਫੇਸਬੁੱਕ ਸਫੇ/ਯੂ-ਟਿਊਬ ਮੰਚ (ਚੈਨਲ) ਇੰਡੀਆ ਵਿਚ ਰੋਕ ਦਿੱਤੇ ਗਏ14
 • ਆਪਣੇ ਤਜ਼ਰਬੇ ਦੇ ਅਧਾਰ ਉੱਤੇ ਇਹ ਲਿਖਤ ਦਾ ਲੇਖਕ ਇਹ ਗੱਲ ਕਹਿ ਸਕਦਾ ਹੈ ਕਿ ਸਾਲ 2015 ਸਰਕਾਰ ਜਿਹਨਾਂ “ਕਾਰਵਾਈ ਨੇਮਾਂ” (ਪ੍ਰੋਸੀਜਰਲ ਰੂਲਜ਼) ਦੀ ਅੰਸ਼ਕ ਤੌਰ ਉੱਤੇ ਪਾਲਣਾ ਕਰ ਰਹੀ ਸੀ, ਕਰੋਨਾ ਕਾਲ ਦੌਰਾਨ ਉਹਨਾ ਨੂੰ ਦਰਕਿਨਾਰ ਕਰਦਿਆਂ ਰੋਕਾਂ ਦਾ ਤੰਤਰ ਹੋਰ ਪ੍ਰਚੰਡ ਕਰ ਦਿੱਤਾ ਗਿਆ।
 • ਜੂਨ 2020 ਤੋਂ ਇਹ ਰੋਕਾਂ ਬਿਲਕੁਲ ਹੀ ਬਿਨਾ ਜਾਣਕਾਰੀ ਦਿੱਤਿਆਂ ਲਗਾਈਆਂ ਜਾ ਰਹੀਆਂ ਹਨ ਜਦਕਿ ਕਾਰਵਾਈ ਨਿਯਮਾਂ15 ਅਨੁਸਾਰ ਸੰਬੰਧਤ ਵਿਅਕਤੀ/ਅਦਾਰੇ ਨੂੰ ਅਗਾਊਂ ਜਾਣਕਾਰੀ ਅਤੇ ਆਪਣਾ ਪੱਖ ਰੱਖਣ ਦਾ ਮੌਕਾ ਦੇਣਾ ਜਰੂਰੀ ਹੈ।

“ਘੱਲੂਘਾਰਾ ਹਫਤਾ” ਤੇ “ਸਿੱਖ ਨਸਲਕੁਸ਼ੀ 1984 ਹਫਤਾ” ਅਤੇ ਦਿੱਲੀ ਦਰਬਾਰ ਦਾ ਬਿਜਾਲੀ ਜ਼ਬਰ:

ਸਿੱਖ ਸਮੂਹਿਕ ਚੇਤਨਾ ਵਿਚ ‘ਜੂਨ’ ਮਹੀਨੇ ਦਾ ਪਹਿਲਾ ਹਫਤਾ “ਘੱਲੂਘਾਰਾ ਹਫਤੇ” ਵੱਜੋਂ ਅੰਕਤ ਹੋ ਚੁੱਕਾ ਹੈ। ਇਸੇ ਤਰ੍ਹਾਂ ‘ਨਵੰਬਰ’ ਮਹੀਨੇ ਦਾ ਪਹਿਲਾ ਹਫਤਾ “ਸਿੱਖ ਨਸਲਕੁਸ਼ੀ 1984 ਹਫਤੇ” ਵਜੋਂ ਮਨਾਇਆ ਜਾਂਦਾ ਹੈ। ਇਹਨਾ ਦਿਨਾਂ ਦੌਰਾਨ ਸੰਸਾਰ ਭਰ ਵਿਚ ਵੱਸਦੇ ਸਿੱਖ ਘੱਲੂਘਾਰੇ ਦੇ ਇਤਿਹਾਸ ਤੇ ਸ਼ਹੀਦਾਂ ਨੂੰ ਯਾਦ ਕਰਦੇ ਹਨ ਅਤੇ ਸਿੱਖ ਨਸਲਕੁਸ਼ੀ 1984 ਦੀ ਵਿਆਪਕਤਾ ਦਰਸਾਉਂਦੇ ਤੱਥ ਉਜਾਗਰ ਕੀਤੇ ਜਾਂਦੇ ਹਨ।

ਸਾਲ 2020 ਤੋਂ ਸਿੱਖਾਂ ਵਿਰੁਧ ਦਿੱਲੀ ਦਰਬਾਰ ਦੇ ਬਿਜਾਲੀ ਜ਼ਬਰ ਦਾ ਘੇਰਾ “ਘੱਲੂਘਾਰਾ ਹਫਤੇ” ਅਤੇ “ਸਿੱਖ ਨਸਲਕੁਸ਼ੀ 1984 ਹਫਤੇ” ਦੌਰਾਨ ਬਹੁਤ ਵਿਆਪਕ ਹੋ ਜਾਂਦਾ ਹੈ। ਇਹਨਾ ਦਿਨਾਂ ਦੌਰਾਨ ਦਿੱਲੀ ਦਰਬਾਰ ਦੇ ਬਿਜਾਲੀ ਜ਼ਬਰ ਦੇ ਸੰਦ ‘ਸੋਮੀਕਹ’16 ਅਤੇ ‘ਇਸਾਕਕੋਸ’17 ਜਿਹੇ ਤੰਤਰ ਬਿਜਾਲ ਅਤੇ ਬਿਜਲ-ਸੱਥ ਉੱਤੇ ਖਾਸ ਨਿਗ੍ਹਾਹ ਰੱਖਦੇ ਹਨ। ਇਹਨਾ ਹਫਤਿਆਂ ਦੌਰਾਨ ਸਿੱਖਾਂ ਵੱਲੋਂ ਤੀਜੇ ਘੱਲੂਘਾਰੇ ਅਤੇ ਸਿੱਖ ਨਸਲਕੁਸ਼ੀ 1984 ਬਾਰੇ ਸਾਂਝੀ ਕੀਤੀ ਜਾਂਦੀ ਸਮਗਰੀ ਬਿਜਾਲ ਅਤੇ ਬਿਜਲ-ਸੱਥ ਤੋਂ ਹਟਵਾ ਦਿੱਤੀ ਜਾਂਦੀ ਹੈ। ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਸਿਰਫ ਨਵੀਂ ਪੈਣ ਵਾਲੀ ਜਾਣਕਾਰੀ ਹੀ ਨਹੀਂ ਹਟਵਾਈ ਜਾਂਦੀ ਬਲਕਿ ਬੀਤੇ ਸਮੇਂ ਦੌਰਾਨ ਇਹ ਵੇਖਣ ਵਿਚ ਆਇਆ ਹੈ ਕਿ ਰੋਕਾਂ ਦੇ ਤੰਤਰ ਪ੍ਰਚੱਲਣ ਹੋਣ ਤੋਂ ਪਹਿਲਾਂ ਜੋ ਜਾਣਕਾਰੀ ਸਿੱਖਾਂ ਨੇ ਆਪਣੇ ਬਿਜਲ-ਸੱਥ ਸਫਿਆ ਉੱਤੇ ਪਾਈ ਹੋਈ ਸੀ ਉਹ ਵੀ ਇਹਨਾ ਦਿਨਾਂ ਦੌਰਾਨ ਹਟਵਾਈ ਜਾਂਦੀ ਹੈ। ਇਸ ਤੋਂ ਇਲਾਵਾ ਇਹ ਜਾਣਕਾਰੀ ਸਾਂਝੀ ਕਰਨ ਵਾਲੇ ਸਫੇ ਵੀ ਬੰਦ ਕਰਵਾਏ ਜਾਂਦੇ ਹਨ।

ਬਿਰਤਾਂਤਾਂ ਦਾ ਭੇੜ ਅਤੇ ਬਿਜਾਲੀ ਜ਼ਬਰ:

ਮਨੁੱਖੀ ਚੇਤਨਾ ਜਗਿਆਸਾ, ਖੋਜ, ਜਾਨਣ ਦੇ ਅਮਲ ਤੇ ਅਹਿਸਾਸ ਦੇ ਰਾਹੀਂ ਦ੍ਰਿੜ ਹੁੰਦੀ ਹੈ। ਕਿਸੇ ਵੀ ਮਹਾਂ-ਘਟਨਾਕ੍ਰਮ (ਘੱਲੂਘਾਰੇ ਜਾਂ ਨਸਲਕੁਸ਼ੀ) ਦਾ ਅਸਰ ਸੰਬੰਧਤ ਸਮਾਜ ਉੱਤੇ ਬਹੁਤ ਦੂਰਗਾਮੀ ਹੁੰਦਾ ਹੈ। ਜਿਸ ਸਮਾਜ ਨਾਲ ਘੱਲੂਘਾਰੇ ਜਿਹੇ ਵਰਤਾਰੇ ਵਾਪਰੇ ਹੁੰਦੇ ਹਨ ਉਸ ਦੀਆਂ ਅਗਲੀਆਂ ਪੀੜ੍ਹੀਆ ਆਪਣੇ ਆਪ ਨੂੰ ਉਸ ਵਰਤਾਰੇ ਨਾਲ ਜੁੜਿਆ ਮਹਿਸੂਸ ਕਰਦੀਆਂ ਹਨ। ਇਹ ਜੁੜੇ ਹੋਣ ਦੀ ਭਾਵਨਾ ਇਕ ਜਿਗਿਆਸਾ ਪੈਦਾ ਕਰਦੀ ਹੈ ਜਿਸ ਵਿਚੋਂ ਫਿਰ ਖੋਜਣ, ਜਾਨਣ ਤੇ ਮਹਿਸੂਸ ਕਰਨ ਦਾ ਸਫਰ ਸ਼ੁਰੂ ਹੁੰਦਾ ਹੈ। ਅੱਜ ਦੇ ਸਮੇਂ ਬਿਜਾਲ ਤੇ ਬਿਜਲ ਸੱਥ ਜਾਣਕਾਰੀ ਦਾ ਇਕ ਅਹਿਮ ਸਰੋਤ ਹਨ। ਇਹ ਤਕਨੀਕੀ ਜੁਗਤਾਂ ਨਾ ਸਿਰਫ ਜਾਣਕਾਰੀ ਹਾਸਿਲ ਕਰਨ ਦਾ ਸਰੋਤ ਹਨ ਬਲਕਿ ਜਾਣਕਾਰੀ ਪੈਦਾ ਕਰਨ ਤੇ ਸਾਂਝੀ ਕਰਨ ਦਾ ਵੀ ਸਰੋਤ ਹਨ। ਇੰਝ ਅੱਜ ਦੇ ਸਮੇਂ ਇਹ ਜੁਗਤਾਂ ਬ੍ਰਿਤਾਂਤਸਾਜੀ ਦਾ ਇਕ ਪ੍ਰਮੁੱਖ ਅਖਾੜਾ ਬਣ ਚੁੱਕੀਆਂ ਹਨ। ਅਜੋਕੀ ਤੇਜ਼ਰਫਤਾਰ ਹੋ ਚੁੱਕੀ ਮਨੁੱਖੀ ਜਿੰਦਗੀ ਵਿਚ ਇਹਨਾ ਜੁਗਤਾਂ ਦਾ ਬਹੁਤ ਫੌਰੀ, ਵਿਆਪਕ ਤੇ ਦੂਰਗਾਮੀ ਅਸਰ ਪੈ ਰਿਹਾ ਹੈ। ਅਜਿਹੇ ਵਿਚ ਹਕੂਮਤਾਂ ਬ੍ਰਿਤਾਂਤਾਂ ਦੇ ਭੇੜ ਦੇ ਇਸ ਅਖਾੜੇ ਨੂੰ ਆਪਣੇ ਹੱਕ ਵਿਚ ਇੰਝ ਭੁਗਤਾਉਣ ਚਾਹੁੰਦੀਆਂ ਹਨ ਕਿ ਉਹਨਾ ਤੋਂ ਵੱਖਰੇ ਵਿਚਾਰ ਰੱਖਣ ਵਾਲਿਆਂ ਲਈ ਇਹ ਮੁਕਾਬਲਾ ਬਿਲਕੁਲ ਅਸਾਵਾਂ ਬਣ ਜਾਵੇ।

ਤੀਜੇ ਘੱਲੂਘਾਰੇ ਦੇ 40ਵੇਂ ਵਰ੍ਹੇ ਸਿੱਖਾਂ ਦੀ ਨਵੀਂ ਪੀੜ੍ਹੀ ਬਿਜਾਲੀ ਜਗਤ ਵਿਚ ਇਸੇ ਅਸਾਵੀਂ ਬਣਦੀ ਜਾ ਰਹੀ ਬ੍ਰਿਤਾਂਤਕ ਮੁਕਾਬਲੇਬਾਜ਼ੀ ਦੇ ਸਨਮੁਖ ਖੜ੍ਹੀ ਹੈ। ਹਕੂਮਤ ਆਪਣੇ ਤੰਤਰਾਂ ਰਾਹੀਂ ਸਿੱਖ ਬ੍ਰਿਤਾਂਤ ਨੂੰ ਰੋਕਣ ਲਈ ਰੋਕਾਂ ਤੇ ਖਾਤੇ/ਸਫੇ ਪੱਕੇ ਬੰਦ ਕਰਵਾਉਣ ਜਿਹੀਆਂ ਕਾਰਵਾਈਆਂ ਕਰ ਰਹੀ ਹੈ ਓਥੇ ਦੂਜੇ ਪਾਸੇ ਜਾਅਲੀ ਖਾਤਿਆਂ ਦੇ ਤੰਤਰ ਸਿੱਖਾਂ ਵਿਰੁਧ ਮਿੱਥ ਕੇ ਨਫਰਤ ਫੈਲਾਉਂਦੇ ਹਨ18। ਹਾਲਾਤ ਉਸ ਵੇਲੇ ਹੋਰ ਵੀ ਪੇਚੀਦਾ ਹੋ ਜਾਂਦੇ ਹਨ ਜਦੋਂ ਸਿੱਖਾਂ ਵਿਚੋਂ ਹੀ ਸਿੱਖਾਂ ਵਿਰੁਧ ਨਫਤਰ ਫੈਲਾਉਣ ਵਾਲੇ ‘ਬਿਜਾਲੀ ਥੋਹਰ ਤੰਤਰ’ ਸਿੱਖਾਂ ਦੀ ਸਾਖ ਤੇ ਸਮਰੱਥਾ ਬੁਲੰਦ ਕਰਨ ਵਾਲੀ ਸਰਗਰਮੀ ਤੇ ਸੰਕਪਲਾਂ ਵਿਰੁਧ ਕੂੜ ਪਰਚਾਰ, ਸਾਖ ਤੇ ਸਮਰੱਥਾਂ ਇਕੱਤਰ ਕਰਨ ਵਾਲਿਆਂ ਦੀ ਕਿਰਦਾਰਕੁਸ਼ੀ, ਸਿੱਖਾਂ ਦੇ ਸੰਭਾਵੀ ਸਹਿਯੋਗੀਆਂ ਨਾਲ ਟਕਰਾਅ ਸਿਰਜੀ ਰੱਖਣ ਵਾਲਾ ਭੰਡੀਪਰਚਾਰ (ਪ੍ਰਾਪੇਗੰਡਾ) ਅਤੇ ਸਿੱਖਾਂ ਦੇ ਨਾਇਕਤਵ ਦੇ ਮਿਆਰ ਹੇਠਲੇ ਪੱਧਰ ਤੱਕ ਲਿਆਉਣ ਲਈ ਪੂਰਾ ਤਾਣ ਲਗਾ ਰਹੇ ਹਨ19

ਦਿੱਲੀ ਦਰਬਾਰ ਇਹ ਸਭ ਕੁਝ ਕਰਨ ਲਈ ਇੰਨੀ ਊਰਜਾ ਇਸ ਕਰਕੇ ਝੋਕ ਰਿਹਾ ਹੈ ਕਿਉਂਕਿ-

ਸਿੱਖਾਂ ਨੇ ਬੀਤੇ ਚਾਰ ਦਹਾਕਿਆਂ ਦੌਰਾਨ ਜੂਨ 1984 ਦੇ ਘਟਨਾਕ੍ਰਮਾਂ ਨੂੰ ਮੋਟੇ ਰੂਪ ਵਿਚ ਸਿੱਖ ਰਿਵਾਇਤ ਅਨੁਸਾਰੀ ਬ੍ਰਿਤਾਂਤ ਤਹਿਤ “ਤੀਜਾ ਘੱਲੂਘਾਰਾ” ਤਸਲੀਮ ਕਰ ਲਿਆ ਹੈ।

ਹਕੂਮਤ ਦੇ ਸਾਰੇ ਭੰਡੀਪ੍ਰਚਾਰ ਦੇ ਬਾਵਜੂਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਅਗਵਾਈ ਵਿਚ ਜੂਨ 1984 ਦੀ ਸ੍ਰੀ ਅੰਮ੍ਰਿਤਸਰ ਦੀ ਜੰਗ ਲੜਨ ਵਾਲੇ ਯੋਧੇ ਸਿੱਖ ਸਮੂਹਿਕ ਚੇਤਨਾ ਵਿਚ ਸਤਿਕਾਰਤ ਸ਼ਹੀਦਾਂ ਦਾ ਰੁਤਬਾ ਰੱਖਦੇ ਹਨ।

ਨਵੰਬਰ 1984 ਦੇ ਘਟਨਾਕ੍ਰਮਾਂ ਨੂੰ ਸੰਸਾਰ ਦੀਆਂ ਕਈ ਸੂਬਾ ਸਰਕਾਰਾਂ ਤੇ ਸਥਾਨਕ ਸਰਕਾਰੀ ਅਦਾਰੇ ਕੌਮਾਂਤਰੀ ਕਾਨੂੰਨ ਤਹਿਤ ‘ਨਸਲਕੁਸ਼ੀ’ ਤਸਲੀਮ ਕਰ ਰਹੇ ਹਨ।

ਦਿੱਲੀ ਦਰਬਾਰ ਵੱਲੋਂ ਤੀਜੇ ਘੱਲੂਘਾਰੇ ਤੇ ਸਿੱਖ ਨਸਲਕੁਸ਼ੀ 1984 ਦੇ ਤੱਥਾਂ ਨੂੰ ਦਬਾਈ ਰੱਖਣ ਦੇ ਸਾਰੇ ਯਤਨਾਂ ਦੇ ਬਾਵਜੂਦ ਇਸ ਦੀ ਵਿਆਪਕਤਾ ਦਸਤਾਵੇਜ਼ੀ ਰੂਪਾਂ ਵਿਚ ਸੰਸਾਰ ਸਾਹਮਣੇ ਆ ਰਹੀ ਹੈ।

1980-90ਵਿਆਂ ਦੇ ਸੰਘਰਸ਼ ਬਾਰੇ ਨਵੀਂ ਪੀੜ੍ਹੀ ਵਿਚ ਜਾਨਣ ਦੀ ਉਤਸੁਕਤਾ ਹੈ। ਪਹਿਲੇ ਕਿਰਸਾਨੀ ਸੰਘਰਸ਼ ਵਿਚ ਸਿੱਖਾਂ ਵੱਲੋਂ ਨਿਭਾਈ ਭੂਮਿਕਾ ਨੇ ਸੰਘਰਸ਼ ਪ੍ਰਤੀ ਨੌਜਵਾਨਾਂ ਵਿਚ ਸਤਿਕਾਰ ਤੇ ਉਤਸੁਕਤਾ ਵਿਚ ਵਾਧਾ ਕੀਤਾ ਹੈ।

ਬਦਲ ਰਹੇ ਕੌਮਾਂਤਰੀ ਤੇ ਖੇਤਰੀ ਹਾਲਾਤਾਂ ਅਤੇ ਭੂ-ਰਾਜਨੀਤਕ ਸਮੀਕਰਨਾਂ ਦੇ ਸਨਮੁਖ ਪੰਜਾਬ ਆਪਣੀ ਭੂਗੋਲਿਕ ਸਥਿਤੀ ਕਰਕੇ ਅਤੇ ਸਿੱਖ ਆਪਣੇ ਰਾਜਨੀਤਕ ਇਤਿਹਾਸ ਅਤੇ ਸਰਬੱਤ ਦੇ ਭਲੇ ਤੇ ਸਾਂਝੀਵਾਲਤਾ ਦੇ ਸਿਧਾਂਤ ਅਨੁਸਾਰ ਇਸ ਖਿੱਤੇ ਦੀਆਂ ਮਹਿਕੂਮ ਧਿਰਾਂ ਦੇ ਸਾਂਝੇ ਸਰੋਕਾਰਾਂ ਦੀ ਰਾਖੀ ਲਈ ਮੂਹਰੀ ਭੂਮਿਕਾ ਨਿਭਾਉਣ ਦੀ ਸਮਰੱਥਾ ਕਰਕੇ ਦੱਖਣੀ ਏਸ਼ੀਆ ਵਿਚ ਮਹੱਤਵਪੂਰਨ ਕਾਰਕ ਵੱਜੋਂ ਥਾਂ ਰੱਖਦੇ ਹਨ।

ਅਜਿਹੇ ਵਿਚ ਦਿੱਲੀ ਦਰਬਾਰ ਦੇ ਸਿੱਖਾਂ ਵਿਰੁਧ ਬਿਜਾਲੀ ਜ਼ਬਰ ਦਾ ਘੇਰਾ ਬ੍ਰਿਤਾਂਤਕ ਭੇੜ ਤੱਕ ਸੀਮਤ ਨਹੀਂ ਰਹੇਗਾ। ਭਾਈ ਅਵਤਾਰ ਸਿੰਘ ਖੰਡਾ ਅਤੇ ਭਾਈ ਹਰਦੀਪ ਸਿੰਘ ਨਿੱਝਰ ਖਿਲਾਫ ਭਾਰਤੀ ਬਿਜਾਲੀ ਤੰਤਰਾਂ ਵੱਲੋਂ ਕੀਤਾ ਗਿਆ ਭੰਡੀਪਰਚਾਰ ਦਰਸਾਉਂਦਾ ਹੈ ਕਿ ਦਿੱਲੀ ਦਰਬਾਰ ‘ਕੌਮਾਂਤਰੀ ਜ਼ਬਰ’ ਤੇ ‘ਵਿਦੇਸ਼ੀ ਦਖਲਅੰਦਾਜ਼ੀ’ ਰਾਹੀਂ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਤੇ ਨਿਸ਼ਾਨੇ ਉੱਤੇ ਲਈਆਂ ਸਿੱਖ ਹਸਤੀਆਂ ਨੂੰ ਖਤਮ ਕਰਨ ਵਾਸਤੇ ਬਿਜਾਲੀ ਜ਼ਬਰ ਦੇ ਸੰਦਾਂ ਦੀ ਵਿਆਪਕ ਤੇ ਸੰਗਠਤ ਵਰਤੋਂ ਕਰ ਰਿਹਾ ਹੈ।

ਬੀਤੇ ਵਰ੍ਹੇ ‘ਵਾਰਿਸ ਪੰਜਾਬ ਦੇ’ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੇ ਹਵਾਲੇ ਨਾਲ ਪੰਜਾਬ ਭਰ ਵਿਚ ਬਿਜਲ-ਸੱਥ ਰੋਕਾਂ ਤੇ ਬਿਜਾਲੀ ਤੰਤਰਾਂ ਦੀ ਮਦਦ ਨਾਲ ਸਿੱਖ ਨੌਜਵਾਨਾਂ ਖਿਲਾਫ ਪੁਲਿਸ ਕਾਰਵਾਈਆਂ ਕਰਕੇ ਕੀਤਾ ਗਿਆ ‘ਮਨੋਵਿਗਿਆਨਕ ਹਮਲਾ’ ਕਿਸੇ ਵੀ ਹੰਗਾਮੀ ਹਾਲਾਤ ਵਿਚ ਦਿੱਲੀ ਦਰਬਾਰ ਦੇ ਬਿਜਾਲੀ ਜ਼ਬਰ ਦੀ ਮਾਰ ਤੇ ਅਸਰਅੰਦਾਜ਼ੀ ਦੀ ਇਕ ਅਜਿਹੀ ਝਲਕ ਪੇਸ਼ ਕਰਦਾ ਹੈ ਜਿਸ ਤੋਂ ਭਵਿੱਖ ਦੀਆਂ ਚੁਣੌਤੀਆਂ ਦੀ ਵਿਰਾਟਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਕਿਰਸਾਨੀ ਅੰਦੋਲਨ ਵਿਚ ਨਿਭਾਈ ਭੂਮਿਕਾ ਨੇ ਹਾਲੀਆ ਸਿੱਖ ਸਮਰੱਥਾ ਦੀ ਇਕ ਬੇਜੋੜ ਮਿਸਾਲ ਪੇਸ਼ ਕੀਤੀ ਹੈ। ਇਸ ਸੰਘਰਸ਼ ਦੌਰਾਨ ਇਕ ਵਾਰ, ਤੇ ਇੰਨੇ ਵਿਆਪਕ ਪੱਧਰ ਉੱਤੇ ਪਹਿਲੀ ਵਾਰ, ਮੋਦੀ-ਸ਼ਾਹ ਦੀ ਸੱਤਾ ਵਾਲੇ ਦਿੱਲੀ ਦਰਬਾਰ ਦੇ ਭੰਡੀਪਰਚਾਰ ਤੇ ਬਿਜਾਲੀ ਜ਼ਬਰ ਦੇ ਤੰਤਰ ਨਾਕਾਮ ਹੋਏ। ਪਰ 18 ਮਾਰਚ 2023 ਤੋਂ ਪੰਜਾਬ ਵਿਚ ਚੱਲੇ ਦਮਨ ਚੱਕਰ ਦੇ ਮੌਕੇ ਦਿੱਲੀ ਦਰਬਾਰ ਬਿਜਾਲੀ ਜ਼ਬਰ ਦੇ ਤੰਤਰਾਂ ਦੀ ਸਿੱਖਾਂ ਵਿਰੁਧ ਵਿਆਪਕ ਵਰਤੋਂ ਕਰਨ ਵਿਚ ਕਾਮਯਾਬ ਰਿਹਾ ਹੈ। ਇੰਝ ਘੱਲੂਘਾਰੇ ਦੇ 40ਵੇਂ ਵਰ੍ਹੇ ਸਿੱਖ ਬੀਤੇ ਬਾਰੇ ਬ੍ਰਿਤਾਂਤਕ ਭੇੜ ਤੋਂ ਲੈ ਕੇ ਮੌਜੂਦਾ ਸਮੇਂ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਅਤੇ ਭਵਿੱਖ ਲਈ ਵਿਆਪਕ ਚੁਣੌਤੀ ਪੇਸ਼ ਕਰਨ ਵਾਲੇ ਦਿੱਲੀ ਦਰਬਾਰ ਦੇ ਬਿਜਾਲੀ ਜ਼ਬਰ ਦੇ ਸਨਮੁਖ ਖੜ੍ਹੇ ਹਨ। ਇਸ ਵੇਲੇ ਲੋੜ ਇਹ ਹੈ ਕਿ ਸਿੱਖ ਆਪਣੀਆਂ ਸਮਰੱਥਾਵਾਂ, ਸਮੇਤ ਬਿਜਾਲੀ ਜਗਤ ਵਿਚ ਸੰਗਠਤ ਆਵਾਜ਼ ਬਣਨ ਦੀ ਸਮਰੱਥਾ ਦੇ, ਨੂੰ ਸਾਂਭਣ ਤੇ ਬੁਲੰਦ/ਮਜ਼ਬੂਤ ਕਰਨ ਵੱਲ ਧਿਆਨ ਦੇਣ

***

ਹਵਾਲੇ ਅਤੇ ਟਿੱਪਣੀਆਂ:

 1. ‘ਵੱਖ-ਵੱਖ ਗੁਰਦੁਆਰਿਆਂ ’ਤੇ ਹੋਏ ਫੌਜੀ ਹਮਲਿਆਂ ਦੀ ਵਿਥਿਆ’; ਮਲਕੀਤ ਸਿੰਘ ਭਵਾਨੀਗੜ੍ਹ, ਬਿਬੇਕਗੜ੍ਹ ਪ੍ਰਕਾਸ਼ਨ।
 2. ਤੀਜਾ ਘੱਲੂਘਾਰਾ ਜੂਨ 1984’, ਸਿੱਖ ਸ਼ਹਾਦਤ (ਕਿਤਾਬ 3), ਬਿਬੇਕਗੜ੍ਹ ਪ੍ਰਕਾਸ਼ਨ, ਸਫਾ 7।
 3. ਸਿੱਖ ਨਸਲਕੁਸ਼ੀ 1984: ਅੱਖੀਂ ਡਿੱਠੇ ਹਾਲ, ਸਿਧਾਂਤਕ ਪੜਚੋਲ ਅਤੇ ਦਸਤਾਵੇਜ਼’; ਪਰਮਜੀਤ ਸਿੰਘ ਗਾਜ਼ੀ ਅਤੇ ਰਣਜੀਤ ਸਿੰਘ (ਸੰਪਾ.), ਬਿਬੇਕਗੜ੍ਹ ਪ੍ਰਕਾਸ਼ਨ ਅਤੇਸਿੱਖ ਨਸਲਕੁਸ਼ੀ ਦਾ ਖੁਰਾ-ਖੋਜ: ਚਸ਼ਮਦੀਦਾਂ ਅਤੇ ਸਬੂਤਾਂ ਦੀ ਜ਼ੁਬਾਨੀ’, ਗੁਰਜੰਟ ਸਿੰਘ ਬੱਲ ਅਤੇ ਸੁਖਜੀਤ ਸਿੰਘ ਸਦਰਕੋਟ, ਬਿਬੇਕਗੜ੍ਹ ਪ੍ਰਕਾਸ਼ਨ।
 4. ਖਾੜਕੂ ਸੰਘਰਸ਼ ਦੀ ਸਾਖੀ’: ਅਣਜਾਣੇ, ਅਣਗੌਲੇ, ਸਿਦਕੀ ਅਤੇ ਯੋਧੇ; ਦਲਜੀਤ ਸਿੰਘ, ਬਿਬੇਕਗੜ੍ਹ ਪ੍ਰਕਾਸ਼ਨ ਅਤੇ ‘ਖਾੜਕੂ ਸੰਘਰਸ਼ ਦੀ ਸਾਖੀ-2: ਸਾਧਨ, ਸਬਬ, ਸਿਦਕ ਅਤੇ ਸ਼ਹਾਦਤ ’; ਦਲਜੀਤ ਸਿੰਘ, ਬਿਬੇਕਗੜ੍ਹ ਪ੍ਰਕਾਸ਼ਨ।
 5. ਬਿਜਾਲ: ਬਿਜਲੀ ਉੱਤੇ ਚੱਲਣ ਵਾਲੇ ਤਾਣੇਬਾਣੇ ‘ਇੰਟਰਨੈਟ’ ਲਈ ਇਸ ਲਿਖਤ ਵਿਚ ‘ਬਿਜਾਲ’ (ਬਿਜਲ/ਬਿਜਲਈ+ਜਾਲ = ਬਿਜਾਲ) ਅੱਖਰ ਵਰਤਿਆ ਜਾ ਰਿਹਾ ਹੈ।
 6. ਬਿਜਲ-ਸੱਥ: ਫਿਰੰਗੀ ਬੋਲੀ (ਅੰਗਰੇਜ਼ੀ) ਵਿਚ ‘ਸੋਸ਼ਲ ਮੀਡੀਆ’ ਦੇ ਨਾਮ ਨਾਲ ਪ੍ਰਚੱਲਤ ਹੋਏ ਵਰਤਾਰੇ ਤੇ ਜੁਗਤਾਂ ਲਈ ਇਸ ਲਿਖਤ ਵਿਚ ‘ਬਿਜਲ-ਸੱਥ’ ਲਫਜ਼ ਦੀ ਵਰਤੋਂ ਕੀਤੀ ਗਈ ਹੈ।
 7. India bans Facebook page of Sikh website NeverForget84.Com  (sikhsiyasat.net | 21 May 2015)
 8. June 84 Movement: Another US operated Sikh Facebook page blocked in India  (sikhsiyasat.net | 12 May 2015)
 9. Facebook Page of US based human rights group “Sikhs for Justice” banned in India  (sikhsiyasat.net | 7 May 2015)
 10. Now Facebook page of Sikh24 News blocked in India  (sikhsiyasat.net |   15 June 2015)
 11. Covid-19 Triggers Wave of Free Speech Abuse | Human Rights Watch (hrw.org | 11 February 2021)
 12. ਬੋਲਦੀ ਮੂਰਤ = ਬੋਲ+ਮੂਰਤ = ਬੋਲ-ਮੂਰਤ। ਇਸ ਲਿਖਤ ਵਿਚ ਫਿਰੰਗੀ ਬੋਲੀ (ਅੰਗਰੇਜੀ) ਦੇ ਅੱਖਰ ‘ਵੀਡੀਓ’ ਲਈ ‘ਬੋਲ-ਮੂਰਤ’ ਅੱਖਰ ਦੀ ਵਰਤੋਂ ਕੀਤੀ ਗਈ ਹੈ।
 13. ਬਿਜਾਲੀ ਜ਼ਬਰ (ਡਿਜਿਟਲ ਰਿਪਰੈਸ਼ਨ), ਦਿੱਲੀ ਦਰਬਾਰ ਅਤੇ ਸਿੱਖ”; ਸਿੱਖ ਸ਼ਹਾਦਤ ਅੰਕ 12, ਸਫਾ 36-37; ਅਤੇ Covid-19 Triggers Wave of Free Speech Abuse | Human Rights Watch (hrw.org | 11 February 2021)
 14. Are Sikhs Voices Being Silenced Online? Sites Like Sikh Siyasat Are Blocked, Hashtag #Sikh Banned on Facebook & Instagram (thequint.com | 12 June 2020)
 15. ਬਿਜਾਲੀ ਜ਼ਬਰ (ਡਿਜਿਟਲ ਰਿਪਰੈਸ਼ਨ), ਦਿੱਲੀ ਦਰਬਾਰ ਅਤੇ ਸਿੱਖ”; ਸਿੱਖ ਸ਼ਹਾਦਤ ਅੰਕ 12, ਸਫਾ 39-40।
 16. ਭਾਰਤ ਸਰਾਕਾਰ ਦਾ ਤਜਵੀਜਸ਼ੁਦਾ ‘ਸੋਸ਼ਲ ਮੀਡੀਆ ਕਮਿਊਨੀਕੇਸ਼ਨ ਹੱਬ’: ਦਾਅਵੇ, ਖਦਸ਼ੇ ਤੇ ਹਕੀਕਤ  (sikhsiyasat.info | 29 ਜੁਲਾਈ 2018) ਅਤੇ ਸਿੱਖਾਂ ਵਿਰੁਧ ਜਾਅਲੀ ਖਾਤਿਆਂ ਰਾਹੀਂ ਨਫਰਤ ਦਾ ਜਾਲ: ਕੀ ਇੰਡੀਆ ਨੇ ਖਤਰਨਾਕ ‘ਸੋਮੀਕਹ’ ਤੰਤਰ ਬਣਾ ਲਿਆ ਹੈ? (sikhpakh.com | 25 ਨਵੰਬਰ 2021)
 17. ਬਿਜਲ ਸੱਥ ਰੋਕਾਂ ਨੂੰ ਮਨੋਵਿਗਿਆਨਕ ਜੰਗ ਦੇ ਸੰਦ ਵਜੋਂ ਵਰਤਣ ਦਾ ਵਰਤਾਰਾ: ਦਿੱਲੀ ਦਰਬਾਰ ਦਾ ਪੰਜਾਬ ਤਜ਼ਰਬਾ”, ਸਿੱਖ ਸ਼ਹਾਦਤ (ਅਪ੍ਰੈਲ-ਜੂਨ 2023), ਸਫਾ 23-24।
 18. Revealed: “Real Sikh” influence network pushing Indian nationalism (info-res.org | 24 November 2021) ਅਤੇ Return of the RealSikhs: the fake network targeting Sikhs across the world despite platform takedowns (info-res.org | 13 June 2024)
 19. ਬਿਜਾਲੀ ਜ਼ਬਰ (ਡਿਜਿਟਲ ਰਿਪਰੈਸ਼ਨ), ਦਿੱਲੀ ਦਰਬਾਰ ਅਤੇ ਸਿੱਖ”; ਸਿੱਖ ਸ਼ਹਾਦਤ ਅੰਕ 12, ਸਫਾ 42-43।
5 2 votes
Article Rating
Subscribe
Notify of
2 ਟਿੱਪਣੀਆਂ
Oldest
Newest Most Voted
Inline Feedbacks
View all comments
2
0
Would love your thoughts, please comment.x
()
x