ਕਿਤਾਬ ਪੜਚੋਲ “ਸ਼ਬਦ ਜੰਗ”

ਕਿਤਾਬ ਪੜਚੋਲ “ਸ਼ਬਦ ਜੰਗ”

– ਰਾਜਦੀਪ ਕੌਰ

(ਕਿਤਾਬਃ ਸ਼ਬਦ ਜੰਗ, ਲੇਖਕ: ਸੇਵਕ ਸਿੰਘ, ਪ੍ਰਕਾਸ਼ਕ: ਬਿਬੇਕਗੜ੍ਹ ਪ੍ਰਕਾਸ਼ਨ)

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥

ਜੇਕਰ ਇੱਕ ਸ਼ਬਦ ਵਿੱਚ ਸ਼ਬਦ ਜੰਗ ਬਾਰੇ ਲਿਖਣਾ ਹੋਵੇ ਤਾਂ ‘ਕਮਾਲ’ ਸਿਰਫ ਇਹੀ ਸ਼ਬਦ ਵਰਤਿਆ ਜਾ ਸਕਦਾ ਹੈ ਸ਼ਬਦ ਜੰਗ ਉਸ ਨਜ਼ਰੀਏ ਨੂੰ ਪੇਸ਼ ਕਰਨ ਦੀ ਸਫਲ ਕੋਸ਼ਿਸ਼ ਹੈ ਜੋ ਨਜ਼ਰੀਆ ਸਦਾ ਸਾਡੇ ਇਰਦ- ਗਿਰਦ ਰਹਿੰਦਾ ਹੈ ਪਰ ਇਸ ਨੂੰ ਆਪਣੀਆਂ ਅੱਖਾਂ ਦਾ ਦਰਪਣ ਬਣਾਉਣ ਦੀ ਤਾਕਤ ਆਪਣੇ ਆਪ ਵਿੱਚ ਇੱਕ ਜੰਗ ਹੈ। ਜਿੰਨੀ ਸਪੱਸ਼ਟਤਾ, ਸਰਲਤਾ ਅਤੇ ਸੂਖ਼ਮਤਾ ਦੇ ਨਾਲ ਇਸ ਕਿਤਾਬ ਦੇ ਵਿਸ਼ੇ ਨੂੰ ਸਮਝਣ ਦੀ ਜ਼ਰੂਰਤ ਸਮੇਤ ਸਮਝ ਵਰਤਣ ਦੀ ਜ਼ਰੂਰਤ ਸਮਝਾਈ ਗਈ ਹੈ ਉਹ ਕਾਬਿਲ-ਏ-ਤਾਰੀਫ਼ ਹੈ।

ਇਹ ਬਹੁਤ ਹੀ ਜ਼ਰੂਰੀ ਤੇ ਲਾਜ਼ਮੀ ਕਾਰਜ ਡਾ.ਸੇਵਕ ਸਿੰਘ ਜੀ ਦੀ ਦੁਨੀਆਂ ਵਿੱਚ ਵਰਤ ਰਹੇ ਵਰਤਾਰਿਆਂ ਪ੍ਰਤੀ ਦੂਰਅੰਦੇਸ਼ੀ, ਸ਼ਬਦਾਂ ਵਿੱਚ ਉੱਚ ਵਿਦਵਤਾ ਅਤੇ ਬਹੁਤ ਹੀ ਉੱਤਮ ਲਿਖਣ ਸ਼ੈਲੀ ਕਾਰਨ ਸੰਭਵ ਹੋ ਪਾਇਆ ਹੈ। ਕਿਤਾਬ ਪੜਨ ਤੋਂ ਬਾਅਦ ਆਲੇ ਦੁਆਲੇ ਵਰਤ ਰਹੀ ਸ਼ਬਦ ਜੰਗ ਤੁਹਾਡੇ ਸਾਹਮਣੇ ਬੜੇ ਸਪੱਸ਼ਟ ਰੂਪ ਵਿੱਚ ਪ੍ਰਗਟ ਹੋ ਜਾਵੇਗੀ ਪਰ ਇਸ ਤੋਂ ਅਗਾਂਹ ਸ਼ਬਦ ਜੰਗ ਦੀ ਇਸ ਹਨੇਰੀ ਵਿੱਚ ਆਪਣੇ ਸਾਹਾਂ ਜੋਗੀ ਹਵਾ ਸਾਫ਼ ਰੱਖਣਾ ਹਰ ਇੱਕ ਦਾ ਆਪਣਾ ਅਮਲ ਹੋਵੇਗਾ।

ਸਭ ਤੋਂ ਪਹਿਲਾਂ ਇਹ ਭੁਲੇਖਾ ਦੂਰ ਕੀਤਾ ਗਿਆ ਹੈ ਕਿ ਹਥਿਆਰਾਂ ਦੀ ਜੰਗ ਹੀ ਸਭ ਤੋਂ ਅਹਿਮ ਜੰਗ ਹੁੰਦੀ ਹੈ. ਹਥਿਆਰਾਂ ਅਤੇ ਸ਼ਬਦਾਂ ਦਾ ਆਪਸੀ ਸਬੰਧ ਕਿਸ ਤਰ੍ਹਾਂ ਦਾ ਹੈ ਇਸ ਨੂੰ ਬੜੀਆਂ ਸਟੀਕ ਉਦਾਹਰਨਾਂ ਅਤੇ ਪ੍ਰਸੰਗਾਂ ਰਾਹੀਂ ਪੇਸ਼ ਕੀਤਾ ਗਿਆ ਹੈ। ਪੜ੍ਹੋ – 

”ਹਥਿਆਰ ਅਤੇ ਸ਼ਬਦ ਦੀ ਜ਼ਿੰਦਗੀ ਵਿੱਚ ਮਾਨਤਾ ਅਤੇ ਇਹਨਾਂ ਦਾ ਆਪਸੀ ਰਿਸ਼ਤਾ ਹਰ ਮਨੁੱਖੀ ਕਿਰਦਾਰ ਸਮਾਜ ਰਾਜ ਅਤੇ ਗਿਆਨ ਪ੍ਰਬੰਧ ਵਿੱਚ ਸਮਾਇਆ ਹੋਇਆ ਹੈ। ਇਹਨਾਂ ਦੀ ਮਾਣਤਾ ਨੂੰ ਪੱਕਿਆਂ ਕਰਨ ਅਤੇ ਬਦਲਣ ਦਾ ਅਮਲ ਮਨੁੱਖੀ ਇਤਿਹਾਸ ਵਿੱਚ ਸਾਵੀਆਂ ਅਸਾਵੀਆਂ ਜੰਗਾਂ ਵਜੋਂ ਮੁੜ ਮੁੜ ਵਾਪਰਦਾ ਰਹਿੰਦਾ ਹੈ।” 

ਕਿਤਾਬ ਵਿੱਚ ਛੋਹਿਆ ਗਿਆ ਵਿਸ਼ਾ ਬਿਲਕੁਲ ਤਾਜ਼ਾ ਜਾਪਦਾ ਹੈ। ਸ਼ਬਦ ਜੰਗ ਮਨੁੱਖ ਦੇ ਜਨਮ ਤੋਂ ਹੀ ਮਨੁੱਖ ਦੇ ਨਾਲ ਸਫ਼ਰ ਕਰਦੀ ਰਹਿੰਦੀ ਹੈ ਪਰ ਇਤਿਹਾਸ ਤੋਂ ਵਰਤਮਾਨ ਅਤੇ ਵਰਤਮਾਨ ਤੋਂ ਭਵਿੱਖ ਦੀ ਸੱਚਾਈ ਬਦਲਣ ਲਈ ਕਿਸ ਤਰ੍ਹਾਂ ਇਹ ਕਾਰਜਸ਼ੀਲ ਹੈ ਇਸ ਨੂੰ ਸਮਝਾਉਣ ਲਈ ਦੁਨੀਆਂ ਭਰ ਦੇ ਲੇਖਕਾਂ ਬੁੱਧੀਜੀਵੀਆਂ ਦੀਆਂ ਲਿਖਤਾਂ ਅਤੇ ਇਤਿਹਾਸਿਕ ਘਟਨਾਵਾਂ ਦਾ ਉਲੇਖ ਵਾਰ-ਵਾਰ ਕੀਤਾ ਮਿਲਦਾ ਹੈ। ਮਾਰਕਸਵਾਦੀ ਧਿਰਾਂ, ਇਸਲਾਮੀ ਲੜਾਕੂਆਂ, ਪੰਜਾਬ, ਕਸ਼ਮੀਰ, ਆਸਾਮ, ਨਾਗਾਲੈਂਡ ਦੇ ਜੰਗਜੂਆਂ ਦੇ ਖਿਲਾਫ਼ ਵਰਤੀਆਂ ਰਣਨੀਤੀਆਂ ਨੂੰ ਉਦਾਹਰਨਾਂ ਵਜੋਂ ਪੇਸ਼ ਕੀਤਾ ਗਿਆ ਹੈ।

ਹਥਿਆਰ ਅਤੇ ਸ਼ਬਦ, ਅਸਾਵੀਂ ਜੰਗ ਅਤੇ ਇਸ ਦੇ ਪੜਾਅ ਹਕੂਮਤੀ ਅਤੇ ਬਗਾਵਤੀ ਸਮੇਤ ਹੋਰਨਾਂ ਧਿਰਾਂ, ਸ਼ਬਦ ਜੰਗ ਦੇ ਸੰਦਾਂ ਦੀ ਵਰਤੋਂ, ਵਰਤਣ ਦੇ ਆਧਾਰ ਅਤੇ ਅਸਰ, ਸ਼ਬਦ ਜੰਗ ਨੂੰ ਪ੍ਰਭਾਵਿਤ ਕਰਨ ਵਾਲੇ ਅਤੇ ਪ੍ਰਭਾਵ ਹੇਠ ਆਉਣ ਵਾਲੇ ਸੰਦਰਭ ਇਹ ਸਾਰੇ ਵਿਸ਼ੇ ਇੱਕ ਦੂਜੇ ਦੇ ਪੂਰਕ ਬਣਦੇ ਹੋਏ ਦਿਖਾਈ ਦਿੰਦੇ ਨੇ। ਕਿਤਾਬ ਇੱਕ ਲੈਅ ਅਤੇ ਸੁਰ ਦੇ ਵਿੱਚ ਚੱਲਦੀ ਹੈ, ਹਰ ਵਿਸ਼ਾ ਇਸ ਖ਼ੂਬਸੂਰਤ ਗੀਤ ਦਾ ਅਟੁੱਟ ਅੰਤਰਾ ਜਾਪਦਾ ਹੈ।

ਕਿਵੇਂ ਦੁਨੀਆਂ ਭਰ ਦੀਆਂ ਅਸਾਵੀਆਂ ਜੰਗਾਂ ਵਿੱਚ ਹਕੂਮਤ ਬਗਾਵਤ ਨੂੰ ਪਛਾੜਣ ਲਈ ਸ਼ਬਦ ਜੰਗ ਦੇ ਪੈਂਤੜੇ ਵਰਤਦੀ ਹੈ ਇਸ ਪ੍ਰਸੰਗ ਤੋਂ ਵੀ ਮਹੱਤਵਪੂਰਨ ਕਿ ਸ਼ਬਦ ਜੰਗ, ਵਿਰੋਧੀ ਧਿਰ ਨੂੰ ਹਰਾਉਣ ਲਈ ਕਿੰਨਾ ਮਹੱਤਵ ਰੱਖਦੀ ਹੈ ਇਹ ਜਾਣਕਾਰੀ ਦਿਮਾਗ ਖੋਲ੍ਹ ਦੇਣ ਵਾਲੀ ਹੈ। ਸ਼ਬਦ ਜੰਗ ਦੇ ਦੌਰਾਨ ਲੋਕਾਂ ਦਾ ਸਾਂਝਾ ਮਨ ਵੀ ਇੱਕ ਚੰਗੇ ਸੰਦ ਦੀ ਤਰ੍ਹਾਂ ਵਰਤਿਆ ਜਾਣ ਲੱਗਦਾ ਹੈ। ਸ਼ਬਦ ਜੰਗ ਦੇ ਮਹੱਤਵ ਅਤੇ ਇਸ ਦੇ ਚਾਰ ਰੂਪਾਂ ਨੂੰ ਬਹੁਤ ਹੀ ਥੋੜੇ ਸ਼ਬਦਾਂ ਵਿੱਚ ਇੰਝ ਸਮਝਿਆ ਜਾ ਸਕਦਾ ਹੈ। 

 ਸ਼ਬਦ ਜੰਗ –  

”ਵੇਖਣ ਨੂੰ ਹਰ ਜੰਗ ਧਰਤ ਅਸਮਾਨ ਦੇ ਕਿਸੇ ਖਿੱਤੇ ਵਿੱਚ ਲੜੀ ਜਾਂਦੀ ਹੈ ਪਰ ਅਸਲ ਵਿੱਚ ਸ਼ਬਦਾਂ ਦੀ ਬੁੱਕਲ ਵਿੱਚ ਵਾਪਰਦੀ ਹੈ।” 

 ਵਿਆਖਿਆ ਜੰਗ-

”ਦੂਜੇ ਦੀ ਜੀਵਨ ਵਿਆਖਿਆ ਨੂੰ ਬਦਲ ਕੇ ਉਸਨੂੰ ਗੁਲਾਮ ਕਰਨ ਦਾ ਹਥਿਆਰਾਂ ਤੋਂ ਵੀ ਮਾਰੂ ਅਤੇ ਹਮਲਾਵਰ ਤਰੀਕਾ ਵਿਆਖਿਆ ਦੀ ਰਾਜਨੀਤੀ ਹੈ।” 

 ਪਰਚਾਰਬਾਜ਼ੀ – 

 ”ਆਦਰਸ਼ ਸਮਾਜ ਦੀ ਘਾੜਤ ਲਈ ਹਰ ਵਿਚਾਰ ਨੂੰ ਪਰਚਾਰੇ ਜਾਣ ਦੀ ਲੋੜ ਅਟੱਲ ਹੈ।” 

ਸਵਾਲਬਾਜ਼ੀ – 

”ਸਦੀਆਂ ਤੋਂ ਸਵਾਲ ਲੋਕਾਂ ਦੀ ਸਮਝ ਅਤੇ ਰਾਏ ਨੂੰ ਰੱਦਣ ਜਾਂ ਉਲਝਾਉਣ ਦੇ ਹਥਿਆਰ ਬਣਦੇ ਆਏ ਹਨ।” 

ਨਿਖੇਧਕਾਰੀ

”ਨਿਖੇਧ ਵਕਤੀ ਰੂਪ ਵਿੱਚ ਭਾਵੇਂ ਕਿਸੇ ਖਾਸ ਬੰਦੇ ਜਾਂ ਧਿਰ ਉੱਤੇ ਕੇਂਦਰਿਤ ਹੁੰਦਾ ਹੈ ਪਰ ਸਮੁੱਚੇ ਰੂਪ ਵਿੱਚ ਸਾਰੇ ਸਮਾਜ ਦਾ ਅਣਗੌਲਿਆਂ ਨੁਕਸਾਨ ਕਰਦਾ ਹੈ।”

”ਕਿਸੇ ਸਮਾਜ ਵਿੱਚ ਮੁੱਖ ਬਿਰਤਾਂਤ ਵਜੋਂ ਨਿਖੇਧ ਦੇ ਚਲਣ ਦਾ ਮਤਲਬ ਹੁੰਦਾ ਹੈ ਕਿ ਲੋਕਾਂ ਨੇ ਜੰਗ ਲੜਨ ਤੋਂ ਪਹਿਲਾਂ ਹੀ ਹਾਰ ਕਬੂਲ ਲਈ ਹੈ।” 

 ਪੰਜਾਬ ਦੀ ਉਦਾਹਰਨ ਦੇ ਨਾਲ ਸਮਝਾਇਆ ਗਿਆ ਹੈ ਕਿ ਕਿਸ ਤਰ੍ਹਾਂ ਸ਼ਬਦ ਜੰਗ ਦੇ ਪੈਂਤੜਿਆਂ ਨਾਲ ਕਿਸੇ ਵਿਸ਼ੇਸ਼ ਖਿੱਤੇ ਦੀ ਭਾਸ਼ਾ, ਸਿੱਖਿਆ ਸਾਹਿਤ, ਮਨੋਰੰਜਨ, ਖਾਣ ਪੀਣ ਅਤੇ ਰਹਿਣ ਸਹਿਣ ਦੇ ਤਰੀਕਿਆਂ ਸਮੇਤ ਜੀਵਨ ਜਾਂਚ ਦੇ ਹਰ ਪਹਿਲੂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਇਹ ਹਮਲੇ ਬੜੇ ਹੀ ਚੁੱਪ ਚੁਪੀਤੇ ਹੁੰਦੇ ਨੇ ਪਰ ਇਹਨਾਂ ਹਮਲਿਆਂ ਨਾਲ ਕਿਸੇ ਸਮਾਜ ਕੌਮ ਜਾਂ ਖਿੱਤੇ ਅੰਦਰ ਤਰਥੱਲੀ ਮੱਚ ਜਾਂਦੀ ਹੈ। ਅਜਿਹੀ ਤਰਥਲੀ ਜੋ ਵਿਕਾਸ, ਬਦਲਾਵ ਜਾਂ ਅਗਾਂਹ ਵਧੂ ਸੋਚ ਦੇ ਨਾਮ ਹੇਠਾਂ ਪਨਪਦੀ ਰਹਿੰਦੀ ਹੈ ਅਤੇ ਇਸ ਵੱਲੋਂ ਪਾਏ ਗਏ ਵਿਗਾੜ ਨਵੀਂ ਜਾਂ ਖੁੱਲੀ ਸੋਚ ਦੀ ਧਾਰਨਾ ਦਾ ਸਿਰਲੇਖ ਹਾਸਿਲ ਕਰ ਲੈਂਦੇ ਨੇ।

ਲੇਖਕ ਲਿਖਦਾ ਹੈ – 

 ”ਜੇ ਵਧੀਆ ਪੜ੍ਹਾਈ, ਅੰਗਰੇਜ਼ੀ ਵਿੱਚ ਪੜ੍ਹਨ, ਚੱਜ ਦਾ ਜਿਉਣ ਲਈ ਬਾਹਰ ਜਾਣਾ, ਖੇਤੀ ਨਾਲੋਂ ਨੌਕਰੀ ਦੀ ਪਹਿਲ ਦੇਣ ਅਤੇ ਇੱਕ ਬੱਚਾ ਜੰਮਣ ਦੀ ਸਿਆਣਪ ਆਦਿ ਸਾਰੇ ਨੁਕਤਿਆਂ ਨੂੰ ਸੱਭਿਅਕ ਕਰਨ ਦੀ ਜੰਗ ਦੇ ਪੈਂਤੜਿਆਂ ਨਾਲ ਵਾਚਿਆ ਜਾਵੇ ਤਾਂ ਗੱਲ ਵਧੇਰੇ ਸਾਫ ਹੁੰਦੀ ਹੈ ਕਿ ਇਹ ਸਭ ਕੁਝ ਇਕੱਠਿਆਂ ਪੰਜਾਬ ਵਿੱਚ ਕਿਵੇਂ ਵਾਪਰਿਆ”?

“ਬੋਲੀ ਬਦਲਣ ਨਾਲ ਆਮ ਲੋਕਾਂ ਨਾਲ ਇਹੋ ਵਾਪਰਦਾ ਹੈ ਕਿ ਉਹ ਇੱਕ ਪੀੜੀ ਦੇ ਸਮੇਂ ਵਿੱਚ ਹੀ ਭੁੱਲ ਜਾਂਦੇ ਹਨ ਕਿ ਉਹਨਾਂ ਦੀ ਪਰੰਪਰਾ ਕੀ ਹੈ।”

“ਪਿਛਲੇ ੩-੪ ਦਹਾਕਿਆਂ ਤੋਂ ਬਾਹਰ ਜਾਣ ਦੇ ਸਿਲਸਲੇ ਨੇ ਖੇਤੀ ਅਧਾਰਿਤ ਸਮਾਜ ਦੀਆਂ ਕਈ ਮਾਨਤਾਵਾਂ ਨੂੰ ਝੂਠਾ ਪਾ ਦਿੱਤਾ ਹੈ।”

 ਕਿਤਾਬ ਵਿੱਚ ਸ਼ੁੱਧ ਪੰਜਾਬੀ ਭਾਸ਼ਾ ਦਾ ਪ੍ਰਯੋਗ ਦਿਲ-ਟੁੰਬਵਾਂ ਹੈ. ਆਧੁਨਿਕ ਸੰਦਾਂ ਲਈ ਪੰਜਾਬੀ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਜੋ ਬਹੁਤਿਆਂ ਲਈ ਨਵੀਂ ਜਾਣਕਾਰੀ ਦੇ ਤੌਰ ਤੇ ਲਾਹੇਵੰਦ ਹੋਵੇਗੀ। ਮੱਕੜਜਾਲ (ਇੰਟਰਨੈਟ) ਦੀ ਦੁਨੀਆਂ ਕਿਵੇਂ ਅਸਲ ਦੁਨੀਆਂ ਨੂੰ ਆਪਣੇ ਚੁੰਗਲ ਦੇ ਵਿੱਚ ਲੈ ਰਹੀ ਹੈ ਇਸ ਨੂੰ ਸਮਝਾਉਣ ਲਈ ਹਰ ਸੰਭਵ ਪੱਖ ਤੋਂ ਮੱਕੜ ਜਾਲ ਨੂੰ ਸ਼ਬਦ ਜੰਗ ਦੇ ਵੱਖ-ਵੱਖ ਰੂਪਾਂ ਦੇ ਸੰਦਾਂ ਵਜੋਂ ਪੇਸ਼ ਕਰਕੇ ਸਪੱਸ਼ਟ ਕੀਤਾ ਗਿਆ ਹੈ। ਆਧੁਨਿਕ ਯੁੱਗ ਵਿੱਚ ਬਿਜਲੀ ਸੰਦਾਂ ਦੇ ਨਾਲ ਜੋ ਘੜਮੱਸ ਪੂਰੀ ਦੁਨੀਆਂ ਦੇ ਵਿੱਚ ਪਾਇਆ ਜਾ ਰਿਹਾ ਹੈ ਉਸ ਲਈ ਇੱਕ ਬਹੁਤ ਹੀ ਢੁਕਵੇਂ ਅਤੇ ਖੂਬਸੂਰਤ ਸ਼ਬਦ “ਬਿਜਲਈ ਤਾਨਾਸ਼ਾਹੀ” ਦਾ ਪ੍ਰਯੋਗ ਕੀਤਾ ਗਿਆ ਹੈ.

 ਲੇਖਕ ਲਿਖਦਾ ਹੈ – 

“ਬੇਲੋੜੀ ਸੂਚਨਾ ਮਨੁੱਖੀ ਸੁਰਤ ਦੀ ਸੱਤਿਆ ਨੂੰ ਚੂਸਦੀ ਹੈ।” 

 ਕਲਾ, ਸਾਹਿਤ ਮਨੋਰੰਜਨ ਅਤੇ ਗਿਆਨ ਪ੍ਰਬੰਧ ਦੇ ਰਾਹੀਂ ਜੀਵਨ ਵਿਆਖਿਆ ਨੂੰ ਬਦਲਣ ਦਾ ਨੁਕਤਾ ਬਹੁਤ ਪ੍ਰਚਲਿਤ ਹੈ। ਮਨੋਰੰਜਨ ਇੱਕ ਅਜਿਹਾ ਸੰਦ ਹੈ ਜਿਸ ਨਾਲ ਬੜੀ ਤੇਜ਼ੀ ਨਾਲ ਤੇ ਪ੍ਰਭਾਵਸ਼ਾਲੀ ਅਸਰ ਪਾਇਆ ਜਾ ਸਕਦਾ ਹੈ। ਜ਼ਿੰਦਗੀ ਨੂੰ ਉੱਪਰਲੀ ਸਤ੍ਹਾ ‘ਤੇ ਜੀਅ ਰਹੇ ਇੱਕ ਆਮ ਇਨਸਾਨ ਲਈ, ਦਿਲ ਪਰਚਾਵੇ ਦੇ ਸਾਧਨ ਵੀ ਹਥਿਆਰਾਂ ਵਾਂਗ ਜੀਵਨ ਵਿਆਖਿਆ ਦੀ ਜਾਨ ਲੈ ਸਕਦੇ ਨੇ ਇਹ ਸੱਚਾਈ ਸੌਖਿਆਂ ਕਬੂਲਣ ਯੋਗ ਨਹੀਂ ਹੈ। ਅਤੇ ਹਕੂਮਤਾਂ ਵੱਲੋਂ ਆਮ ਮਨੁੱਖ ਦੀ ਇਸੇ ਕਮੀ ਦਾ ਫਾਇਦਾ ਭਰਪੂਰ ਚੁੱਕਿਆ ਜਾਂਦਾ ਹੈ। ਕਲਾ ਸਾਹਿਤ ਅਤੇ ਮਨੋਰੰਜਨ ਦਾ ਵਾਰ ਹਥਿਆਰਾਂ ਨਾਲੋਂ ਵੀ ਡੂੰਘਾ ਫੱਟ ਦਿੰਦਾ ਹੈ ਜਿਸ ਦੇ ਜਖ਼ਮ ਭਰਨ ਵਿੱਚ ਸਦੀਆਂ ਤੱਕ ਲੱਗ ਸਕਦੀਆਂ ਨੇ। 

“ਹਥਿਆਰਾਂ ਦੀ ਧੌਂਸ ਜਾਂ ਨਵੀਂ ਖੋਜ ਬੰਦੇ ਦੇ ਮਨ ਨੂੰ ਉਹਨਾਂ ਨਹੀਂ ਬਦਲ ਸਕਦੀ ਜਿੰਨਾ ਕਲਾ ਦੀ ਛੋਅ ਬਦਲਦੀ ਹੈ।” 

ਕਿਤਾਬ ਅੰਦਰ ਕਈ ਥਾਵਾਂ ‘ਤੇ ਵਾਕ ਬਣਤਰ ਅਨੁਸਾਰ ਕੁਝ ਕੁ ਸ਼ਬਦਾਂ ‘ਚ ਲਗਾਂ ਮਾਤਰਵਾਂ ਦੇ ਪ੍ਰਯੋਗ ਦੀ ਗਲਤੀ ਸਾਹਮਣੇ ਆਉਂਦੀ ਹੈ।

ਜਿਵੇਂ ਦੇਖੋ ਪੰਨਾ ਨੰਬਰ ੧੦੪   “ਮੌਜੂਦਾ ਅਧਿਐਨ ਸਾਵੀਆਂ ਜੰਗਾਂ ਨੂੰ ਮਹਿਜ ਹਕੂਮਤਾਂ ਹੱਦਾਂ ਦੇ….”/ (ਹਕੂਮਤੀ ਹੱਦਾਂ ਦੇ..) 

ਪੰਨਾ ਨੰਬਰ ੧੦੯ ” ਲੋਕ ਸਰਕਾਰਾਂ ਨੂੰ ਕਹਿੰਦੇ ਹਨ ਕਿ ਉਨਾਂ ਦੀ ਬੱਚਿਆਂ ਨੂੰ..” /( ਉਨਾਂ ਦੇ ਬੱਚਿਆਂ ਨੂੰ..) 

ਪੰਨਾ ਨੰਬਰ ੧੧੬ “ਹਕੂਮਤਾਂ ਉੱਤੇ ਕਾਬਜ਼ ਲੋਕਾਂ ਆਪ ਵੀ ਸਫਲ ਨਹੀਂ ਹੋਏ..” / (ਹਕੂਮਤਾਂ ਉੱਤੇ ਕਾਬਜ਼ ਲੋਕ..) 

ਸ਼ਬਦ ਜੰਗ ਦੀ ਇਹ ਸਿਰਫ ਇੱਕੋ ਇੱਕ ਕਮੀ ਆਖੀ ਜਾ ਸਕਦੀ ਹੈ ਕਿਉਂਕਿ ਸਮੁੱਚੇ ਰੂਪ ਵਿੱਚ ਇਹ ਕਿਤਾਬ ਅੱਜ ਦੇ ਯੁਗ ਵਿੱਚ ਸਹਿਜ ਲੱਗਣ ਵਾਲੇ ਆਮ ਵਰਤਾਰਿਆਂ ਪਿੱਛੇ ਚੱਲ ਰਹੇ ਘਮਸਾਨ ਦੇ ਯੁੱਧ ਨੂੰ ਨੰਗਾ ਕਰ ਰਹੀ ਹੈ ਅਤੇ ਇਹ ਕੋਈ ਆਮ ਗੱਲ ਨਹੀਂ. ਭੀੜਤੰਤਰ ਤੇ ਬਿਜਲਈ ਯੁੱਗ ਦੇ ਦੌਰ ਵਿੱਚ, ਜਿੱਥੇ ਸੂਚਨਾਵਾਂ ਦਾ ਹੜ੍ਹ ਵਗ ਰਿਹਾ ਹੈ, ਜਿੱਥੇ ਸੱਚ ਝੂਠ ਦੀ ਪਛਾਣ ਦਾ ਰੌਲਾ, ਸੱਚ ਪਛਾਨਣ ਦਾ ਸਮਾਂ ਹੀ ਖਾ ਰਿਹਾ ਹੈ, ਜਿੱਥੇ ਮਨੁੱਖ ਦੀ ਆਪਣੀ ਸੋਝੀ ਤੇ ਵੀ ਉਸ ਦੀ ਆਪਣੀ ਮਲਕੀਅਤ ਔਖੀ ਜਾਪਦੀ ਹੈ, ਅਜਿਹੇ ਸੂਚਨਾ ਦੀ ਜੇਲ੍ਹ ਦੇ ਦੌਰ ‘ਚ, ਆਜ਼ਾਦ ਫਿਜ਼ਾ ‘ਚ ਲਿਆ ਗਿਆ ਸਾਹ ਹੈ ‘ਸ਼ਬਦ ਜੰਗ’, ਇਹ ਸਾਹ ਜਿੰਨ੍ਹਾਂ ਲੰਬਾ ਤੇ ਗਹਿਰਾ ਹੋਵੇਗਾ ਮਨੁੱਖੀ ਸਿਹਤ ਲਈ ਉਹਨਾਂ ਹੀ ਲਾਹੇਵੰਦ ਹੋਵੇਗਾ।

0 0 votes
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x