ਜੂਨ 1984 ਦੀ ਕਵਿਤਾ ਦੀਆਂ ਪੈੜਾਂ…

Akal Takht Sahib after June 1984 attack by Indian Army

ਭਾਰਤ ਦੀਆਂ ਬਿਪਰ ਸਰਕਾਰਾਂ ਨੇ ਜੂਨ 1984 ਵਿਚ ਸਾਰੀ ਦੁਨੀਆ ਦੇ ਸਾਂਝੇ ਮੁਕੱਦਸ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਆਪਣੀਆਂ ਫੌਜਾਂ ਤੇ ਟੈਂਕਾਂ ਨਾਲ ਹੱਲਾ ਬੋਲ ਓਸ ਜੰਗ ਦਾ ਨਵਾਂ ਮੁਹਾਜ ਖੋਲ੍ਹ ਦਿੱਤਾ ਜਿਹੜੀ ਪੰਜ ਸਦੀਆਂ ਪਹਿਲਾਂ ਬਿਪਰ ਵੱਲੋਂ ਹੀ ਛੇੜੀ ਚੱਲੀ ਆ ਰਹੀ ਸੀ। ਏਸ ਹੱਲੇ ਨਾਲ ਨਾਨਕ ਨਾਮ ਲੇਵਾ ਹਰ ਇਕ ਮਾਈ ਭਾਈ ਦੇ ਦਿਲੋਂ ਆਹਾਂ ਨਿਕਲੀਆਂ।

ਸਾਂਝੇ ਪੰਜਾਬ ਜਾਂ ਕਹੋ ਵੱਡੇ ਪੰਜਾਬ ਦੇ ਲਹਿੰਦੇ ਪਾਸੇ ਵਸਦੇ

ਅਫਜਲ ਅਹਿਸਨ ਰੰਧਾਵਾ ਨਾਂ ਦੇ ਦਰਵੇਸ ਨੇ ਵੀ ਏਸ ਹੱਲੇ ਕਰਕੇ ਪੈਦਾ ਹੋਈ ਦਿਲ ਦੀ ਚੀਸ ਮਹਿਸੂਸ ਕੀਤੀ ਤੇ ਕਵਿਤਾ ਦੇ ਰੂਪ ਵਿਚ ਕਾਗਜ ਤੇ ਉਤਾਰ ਦਿੱਤੀ। 

ਭਾਈ ਜਸਪਾਲ ਸਿੰਘ ਮੰਝਪੁਰ ਨੇ ਇਕ ਲਿਖਤ ਵਿਚ ਜਿਕਰ ਕੀਤਾ ਸੀ ਕਿ ਇਹ ਕਵਿਤਾ ਅਫਜਲ ਅਹਿਸਨ ਰੰਧਾਵਾ ਨੇ ਨਹੀਂ ਲਿਖੀ ਸਗੋਂ ਉਹਨਾਂ ਤੇ ਨਾਜ਼ਲ ਹੋਈ ਹੈ।

ਪਹਿਲੀ ਸਤੰਬਰ, 1937 ਨੂੰ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਹੁਸੈਨਪੁਰਾ ਮੁਹੱਲੇ ਵਿੱਚ ਪੈਦਾ ਹੋਏ ਦੱਸੇ ਜਾਂਦੇ ਜਨਾਬ ਅਫਜਲ ਅਹਿਸਨ ਰੰਧਾਵਾ 1947 ਦੀ ਪੰਜਾਬ ਦੀ ਵੰਡ ਤੋਂ ਬਾਦ ਆਪਣੇ ਪੁਰਖਿਆਂ ਨਾਲ ਪਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਜਾ ਵਸੇ ਸਨ। ਕਵਿਤਾ ਕਹਾਣੀਆਂ ਨਾਵਲ ਤੇ ਅਨੁਵਾਦ ਦੇ ਬਹੁਤ ਸਾਰੇ ਕਾਰਜ ਉਹਨਾਂ ਦੇ ਨਾਂ ਲਗਦੇ ਹਨ। 

ਕਵੀ ਅਫਜਲ ਅਹਿਸਨ ਰੰਧਾਵਾ

ਸਿੱਖ ਇਤਿਹਾਸ ਤੇ ਗੁਰ ਇਤਿਹਾਸ ਤੇ ਘੱਲੂਘਾਰਿਆਂ ਦੇ ਇਤਿਹਾਸ ਦਾ ਜਾਣੂ ਸੀ ਸੋ ਏਸ ਜੰਗ ਨੂੰ ਬਿਆਨ ਕਰਦੀ ਕਵਿਤਾ ਦਾ ਨਾਂ ਉਹਨਾਂ ਰੱਖਿਆ “ਨਵਾਂ ਘੱਲੂਘਾਰਾ”।

ਅਦਬ ਦਾ ਖਿਆਲ ਰੱਖਿਆ ਤੇ ਮਹਿਸੂਸ ਕੀਤਾ ਕਿ ਪਹਿਲੇ ਤੇ ਦੂਜੇ ਘੱਲੂਘਾਰੇ ਤੋਂ ਬਾਦ ਇਹਨੂੰ ਤੀਜਾ ਘੱਲੂਘਾਰਾ ਐਲਾਨ ਕਰਨ ਦਾ ਅਖਤਿਆਰ ਹੋਰ ਕਿਸੇ ਨੂੰ ਨਹੀਂ ਸਗੋਂ ਸਿੱਖ ਕੌਮ ਨੂੰ ਹੈ। ਇਹ ਹੁਣ ਬਾਦ ਵਿਚ “ਤੀਜਾ ਘੱਲੂਘਾਰਾ” ਪ੍ਰਵਾਨ ਹੋਇਆ ਹੈ। ਪਰ ਏਸ ਹੱਲੇ ਦੇ ਵੇਗ, ਕਾਰਨਾਂ ਤੇ ਮਨਸ਼ਿਆਂ ਕਰਕੇ ਉਹਨਾਂ ਨੇ ਏਸ ਕਵਿਤਾ ਨੂੰ “ਨਵਾਂ ਘੱਲੂਘਾਰਾ” ਆਖਿਆ। ਇਹ “ਨਵਾਂ ਘੱਲੂਘਾਰਾ” ਹੀ ਸੀ। ਤੀਜਾ ਘੱਲੂਘਾਰਾ। ਇਹ ਕਵਿਤਾ ਉਹਨਾਂ ਤੇ 9 ਜੂਨ 1984 ਨੂੰ ਉਤਰੀ। 6 ਜੂਨ 1984 ਦੇ ਘੱਲੂਘਾਰੇ ਦੀ ਖਬਰ ਇਥੇ ਦੇ ਅਵਾਮ ਨੂੰ ਮਿਲਦਿਆਂ ਵੀ ਇੰਨਾ ਕੁ ਸਮਾਂ ਲਗ ਹੀ ਗਿਆ ਸੀ। ਸੋ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਖਬਰ ਮਿਲਦਿਆਂ ਹੀ ਮਨ ਦੀ ਸਾਂਝੀ ਪੀੜ ਮਹਿਸੂਸ ਕਰਦਿਆਂ ਉਹਨਾਂ ਦੇ ਕਵੀ ਮਨ ਨੇ ਇਹ ਸ਼ਾਹਕਾਰ ਰਚਨਾ ਕਾਗਜ ਤੇ ਉਕਰੀ। 

ਕਵਿਤਾ ਦਾ ਘੇਰਾ ਨਾ ਸਿਰਫ ਵਰਤਮਾਨ ਵਰਤਾਰੇ ਜਾਂ ਹੱਲੇ ਤੇ ਕੇਂਦਰਤ ਸੀ ਸਗੋਂ ਕਵਿਤਾ ਏਹਦੇ ਮਗਰਲੇ ਇਤਿਹਾਸਕ ਕਾਰਨਾਂ ਤੇ ਕਾਰਕਾਂ ਤੇ ਇਸ਼ਾਰੇ ਕਰਨ ਦੇ ਨਾਲ ਨਾਲ ਅਗਾਂਹ ਭਵਿੱਖ ਦੇ ਦਿਸਹੱਦੇ ਵੀ ਉਲੀਕਦੀ ਹੈ। ਕਾਲ ਪੱਖੋਂ ਇਹ ਤ੍ਰੈਕਾਲੀ ਤੇ ਮੁਕੰਮਲ ਕਵਿਤਾ ਸੀ। ਤੁਸੀਂ ਕਿਸ ਵਰਤਾਰੇ ਨੂੰ ਕਿੰਨੀ ਸ਼ਿੱਦਤ ਨਾਲ ਮਹਿਸੂਸ ਕਰਦੇ ਹੋ ਏਸ ਦਾ ਅੰਦਾਜਾ ਓਹਨੂੰ ਬਿਆਨ ਕਰਨ ਲਈ ਤੁਹਾਡੇ ਵੱਲੋਂ ਵਰਤੇ ਜਾਂਦੇ ਸ਼ਬਦਾਂ ਤੋਂ ਲਾਇਆ ਜਾ ਸਕਦਾ ਹੈ ਤੇ ਉਹਨਾਂ ਏਸ ਨੂੰ ਕਿਵੇਂ ਮਹਿਸੂਸ ਕੀਤਾ ਇਹਦਾ ਅੰਦਾਜਾ ਉਹਨਾਂ ਵੱਲੋਂ ਏਸ ਨੂੰ “ਘੱਲੂਘਾਰਾ” ਬਿਆਨ ਕੀਤੇ ਜਾਣ ਤੋਂ ਲਾਇਆ ਜਾ ਸਕਦਾ ਹੈ। “ਸੁਣ ਰਾਹੀਆ ਕਰਮਾਂ ਵਾਲਿਆ!” ਦੇ ਸ਼ਬਦਾਂ ਨਾਲ ਕਵਿਤਾ ਦੂਜੇ ਬੰਦੇ ਨਾਲ ਗੱਲ ਕਰਨ ਵਾਲੇ ਤਰੀਕਾਕਾਰ (second person format) ਵਿਚ ਲਿਖੀ ਗਈ ਹੈ। ਜਿਵੇਂ ਕੋਈ ਵੱਡਾ ਆਪਣੀ ਅਗਲੀ ਪੀੜ੍ਹੀ ਨੂੰ ਆਪਣੇ ਸ਼ਾਨਾਮੱਤੇ ਇਤਿਹਾਸ ਦੀ ਕੋਈ ਸਾਖੀ ਸੁਣਾਉਂਦਾ ਹੈ। 

ਕਵੀ ਆਪਣੀ ਹੋਣੀ ਤੇ ਝੁਰਦਿਆਂ ਕਵਿਤਾ ਵਿਚ ਆਪਣੇ ਆਪ ਨੂੰ “ਬੇਕਰਮੀ” ਤੇ “ਮੈਂ ਮਰ ਜਾਣੀ” ਆਖ ਕੇ ਗੱਲ ਕਰਦਾ ਹੈ। ਇਹਨਾਂ ਸ਼ਬਦਾਂ ਤੋਂ ਏਹ ਵੀ ਆਖ ਸਕਦੇ ਹਨ ਕਿ ਕਵਿਤਾ ਔਰਤ ਰੂਪ (feminine voice) ਵਿਚ ਲਿਖੀ ਗਈ ਹੈ ਜਿਵੇਂ ਦਾ ਤਰੀਕਾਕਾਰ ਅਕਾਲ ਪੁਰਖ ਦੇ ਤਸੱਵੁਰ ਵੇਲੇ ਗੁਰਬਾਣੀ ਵਿਚ ਬਹੁਤ ਥਾਂ ਪੁਰ ਹੈ। ਕਵਿਤਾ ਮੁਹਾਵਰਿਆਂ ਨਾਲ ਭਰਪੂਰ ਹੈ ਜਦੋਂ ਉਹ “ਦਿਨ ਨੂੰ ਰਾਤ ਵਲੋਂ ਖਾ ਜਾਣ ਵਾਲਾ” ਤੇ “ਚੜ੍ਹਦਾ ਸੂਰਜ ਡੁੱਬਿਆ” ਤੇ “ਕੁੱਖ ਦੇ ਤਪਦੀ ਭੱਠੀ” ਬਣ ਜਾਣ ਵਾਲੀਆਂ ਰਮਜਾਂ ਨਾਲ ਗੱਲ ਕਰਦਾ ਹੈ। ਏਸੇ ਤਰ੍ਹਾਂ ਏਸ ਕਵਿਤਾ ਦੇ ਹਰ ਇਕ ਸ਼ਬਦ ਤੇ ਸਤਰ ਵਿਚ ਰਮਜਾਂ ਨੇ, ਮੁਹਾਵਰਾ ਹੈ। ਪੰਜਾਬੀ ਦੇ ਠੇਠ ਤੇ ਗੂੜ੍ਹ ਸ਼ਬਦਾਂ ਜਿਵੇਂ ‘ਤਪਦੀ’, ‘ਮੇਰੇ ਥਣਾਂ ‘ਚੋਂ ਚੁੰਘਦੇ’, ‘ਤਾਂਹ (ਉਤਾਂਹ), ‘ਸਗਲੇ’, ‘ਡਲ੍ਹਕਾਂ’, ‘ਰੱਤ’, ‘ਝਾਤ’ ਆਦਿ ਨਾਲ ਲਬਰੇਜ ਹੋਣ ਦੇ ਨਾਲ ਨਾਲ ਕਵਿਤਾ ਪੰਜਾਬ ਦੇ ਸੱਭਿਆਚਾਰ ਨੂੰ ਨਾਲ ਲੈ ਕੇ ਚਲਦੀ ਹੈ ਜਦੋਂ ਹੀਰ ਰਾਂਝੇ ਦੀ ਗੱਲ ਕਰਦੀ ਹੈ ਤੇ ਆਪਣੀ ਜਵਾਨੀ ਨੂੰ ਸ਼ੇਰ ਪੁੱਤ ਆਖ ਸੰਬੋਧਨ ਹੁੰਦੀ ਹੈ। 

ਕਵੀ ਸਿੱਖਾਂ ਨਾਲ ਵਾਪਰੇ ਏਸ ਘੱਲੂਘਾਰੇ ਨੂੰ ਆਪਣੇ ਨਾਲ ਹੋਇਆ ਮਹਿਸੂਸ ਕਰਦਾ ਹੈ। ਹਰ ਗੱਲ ਨੂੰ ਆਪਣਾ ਆਖ ਕੇ ਕਰਦਾ ਹੈ “ਮੇਰਾ ਸ਼ੇਰ ਬਹਾਦਰ ਸੂਰਮਾ”, “ਮੇਰਾ ਅਕਾਲ ਤਖਤ”, “ਮੇਰੇ ਲੱਖਾਂ ਪੁੱਤਰ ਸ਼ੇਰ” ਆਦਿ। ਸਿੱਖਾਂ ਦੇ ਡੁਲ੍ਹੇ ਲਹੂ ਨੂੰ ਵੀ “ਮੇਰੇ ਲਹੂ ਨਾਲ ਲਾਲੋ ਲਾਲ” ਨਾਲ ਆਪਣਾ ਆਖਦਾ ਹੈ। ਸੰਤ ਜਰਨੈਲ ਸਿੰਘ ਨੂੰ ਆਪਣਾ ਆਖਦਾ ਹੈ। ਸਿੱਖਾਂ ਦੇ ਡੁਬਦੇ ਸੂਰਜ ਨੂੰ ਆਪਣਾ ਆਖਦਾ ਹੈ ਤੇ ਆਪਣੇ ਏਸ ਸੂਰਜ ਦੇ ਮੁੜ ਚੜ੍ਹਨ ਦੀ ਗੱਲ ਕਰਦਿਆਂ “ਮੇਰਾ ਡੁੱਬਿਆ ਸੂਰਜ ਚੜ੍ਹੇਗਾ” ਆਖਦਾ ਹੈ। 

ਏਸ ਘੱਲੂਘਾਰੇ ਵਿਚ ਅਕਾਲ ਤਖਤ ਤੋਂ ਜੂਝ ਰਹੇ ਤੇ ਬਾਹਰ ਬੇਬਸੀ ਵਿਚ ਫਸੇ ਆਪਣੇ ਪੁੱਤਰਾਂ ਨੂੰ ਉਹ ਕ੍ਰਮਵਾਰ ਤਪਦੀ ਭੱਠੀ ਵਿਚ “ਫੁਲਿਆਂ ਵਾਂਗੂੰ ਖਿੜ ਪਏ ਮੇਰੇ ਸ਼ੇਰ ਜਵਾਨ ਤੇ ਪੀਰ।” ਤੇ “ਉਂਝ ਡੱਕੇ ਰਹਿ ਗਏ ਘਰਾਂ ‘ਚ ਮੇਰੇ ਲੱਖਾਂ ਪੁੱਤਰ ਸ਼ੇਰ।” ਆਖਦਾ ਹੈ।

ਆਉਂਦੇ ਭਵਿੱਖ ਨੂੰ ਬੀਤੇ ਸਿੱਖ ਇਤਿਹਾਸ ਰਾਹੀਂ ਦੇਖਦਿਆਂ ਐਥੋਂ ਦੀ ਨੌਜਵਾਨੀ ਦੇ ਅਗਲੇ ਰਾਹ ਦੇ ਅੰਦਾਜੇ ਲਾਉਂਦਿਆਂ ਕਵੀ ਲਿਖਦਾ ਹੈ:

“ਮਿਰੀ ਉਮਰ ਕਿਤਾਬ ਦਾ ਵੇਖ ਲੈ
ਤੂੰ ਹਰ ਇਕ ਵਰਕਾ ਪੜ੍ਹ।
ਜਦੋਂ ਭਾਰੀ ਬਣੀ ਹੈ ਮਾਂ ‘ਤੇ
ਮੇਰੇ ਪੁੱਤਰ ਆਏ ਚੜ੍ਹ।

ਪੜ੍ਹ !  ਕਿੰਨੀ ਵਾਰੀ ਮਾਂ ਤੋਂ
ਉਹਨਾਂ  ਵਾਰੀ ਆਪਣੀ ਜਾਨ।
ਪੜ੍ਹ ! ਕਿਸ ਦਿਨ ਆਪਣੀ ਮਾਂ ਦਾ
ਉਹਨਾਂ ਨਹੀਂ ਸੀ ਰੱਖਿਆ ਮਾਨ।”

ਤੇ ਅੱਗੇ ਦੇ ਭਵਿੱਖ ਨੇ ਜਨਾਬ ਰੰਧਾਵਾ ਦੇ ਇਹਨਾਂ ਸ਼ਬਦਾਂ ਨੂੰ ਸੱਚਾ ਸਾਬਤ ਕੀਤਾ ਤੇ ਇਥੋਂ ਦੇ ਪੁੱਤਰ ਆਪਣੇ ਦੇਸ ਧਰਮ ਤੇ ਬਣੀ ਭੀੜ ਨਾਲ ਜੂਝਣ ਲਈ ਦੁਸ਼ਮਣ ‘ਤੇ ਚੜ੍ਹ ਆਏ, ਜਾਨਾਂ ਜਵਾਨੀਆਂ ਵਾਰੀਆਂ ਤੇ ਆਪਣੀ ਕੌਮ ਦਾ ਮਾਣ ਬਹਾਲ ਰੱਖਿਆ ਤੇ ਸ਼ਹੀਦੀ ਨਿਸ਼ਾਨ ‘ਤਾਂਹ ਰੱਖਿਆ।  

ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਜਿਨ੍ਹਾਂ ਦੇ ਦਰਸ਼ਨ ਸ਼ਾਇਦ ਕਵੀ ਨੇ ਕਦੇ ਕੀਤੇ ਵੀ ਨਹੀਂ ਸੀ ਨੂੰ ਸ਼ਬਦ ਰਾਹੀਂ ਉਹ “ਮੇਰਾ ਸ਼ੇਰ ਬਹਾਦਰ ਸੂਰਮਾ ਜਰਨੈਲਾਂ ਦਾ ਜਰਨੈਲ।” ਆਖ ਕੇ ਤੇ ਉਹਨਾਂ ਵੱਲੋਂ ਮੌਤ ਨੂੰ ਹੱਸ ਕੇ ਵਿਆਹੁਣ ਤੇ ਉਹਨਾਂ ਦੇ ਦਿਲ ਵਿਚ ਰਤਾ ਵੀ ਮੈਲ ਨਾਂ ਹੋਣ ਦਾ ਜਿਕਰ ਕਰਦਾ ਹੈ। ਘੱਲੂਘਾਰੇ ਦੇ ਕਾਰਨਾਂ, ਕਾਰਕਾਂ ਤੇ ਜੜ੍ਹ ਦਾ ਖੁਰਾ ਖੋਜ ਉਹ “ਪੰਜ ਸਦੀਆਂ ਦੇ ਵੈਰ” ਵਿਚ ਤੇ “ਅੱਜ ਝੱਲੀ ਜਾਏ ਨਾ ਜੱਗ ਤੋਂ ਮੇਰੀ ਸ਼ਹੀਦਾਂ ਵਾਲੀ ਦੱਖ।” ਵਿਚ ਦੇਖਦਾ ਹੈ। ਇਹਨਾਂ ਰਮਜਾਂ ਵਿਚ ਹੀ ਪੁਰਾਣੇ ਘੱਲੂਘਾਰਿਆਂ ਤੇ ਆਉਂਦੀਆਂ ਔਕੜਾਂ ਦੇ ਨਿਸ਼ਾਨ ਪਏ ਹਨ ਤੇ ਏਸ ਡੂੰਘਾਈ ਤੱਕ ਦੀ ਸਮਝ ਸ਼ਾਇਦ ਹੋਰ ਕਿਸੇ ਲਿਖਤ ਦੇ ਹਿੱਸੇ ਨਹੀਂ ਆਈ। 

ਸੰਤ ਜਰਨੈਲ ਸਿੰਘ ਦੇ ਬਾਰੇ, ਸ਼ਹੀਦ ਹੋਏ ਸਿੰਘਾਂ ਬਾਰੇ, ਏਸ ਸਾਰੇ ਵਰਤਾਰੇ ਬਾਰੇ ਇੰਨੀ ਨੇੜਲੀ ਤਰਜਮਾਨੀ ਤੇ ਵਖਿਆਨ ਕਿਸੇ ਹੋਰ ਲਿਖਤ ਜਾਂ ਕਵਿਤਾ ਦੇ ਹਿੱਸੇ ਨਹੀਂ ਆਇਆ ਤੇ ਨਾ ਹੀ ਆਉਣ ਵਾਲੇ ਸਮੇਂ ਬਾਰੇ ਇੰਨੇ ਸਟੀਕ ਅੰਦਾਜੇ ਓਸ ਸਮੇਂ ਦੀ ਹੋਰ ਕਿਸੇ ਲਿਖਤ ਵਿਚ ਮਿਲੇ। 

ਅੱਜ ਵਿੱਚ ਸ਼ਹੀਦੀ ਝੰਡਿਆਂ ਹੈ ਮੇਰਾ ਝੰਡਾ ‘ਤਾਂਹ।” ਰਾਹੀਂ ਏਸ ਘੱਲੂਘਾਰੇ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਤੀਜੇ ਘੱਲੂਘਾਰੇ ਦੇ ਬਾਕੀ ਸਾਰੇ ਸਮੂਹ ਸ਼ਹੀਦਾਂ ਦੀ ਅੰਤ “ਫਤਿਹ” ਹੋਣ ਦੀ ਗੱਲ ਰੱਖਦਾ ਹੈ। ਕਵਿਤਾ ਦਾ ਚੜ੍ਹਦੀ ਕਲਾ ਦਾ ਸਿਖਰ ਆਪਣੇ ਇਹਨਾਂ ਸ਼ਬਦਾਂ ਨਾਲ ਕਰਦਾ ਹੈ ਕਿ “ਮੇਰਾ ਡੁੱਬਿਆ ਸੂਰਜ ਚੜ੍ਹੇਗਾ ਓੜਕ ਮੁੱਕੇਗੀ ਇਹ ਰਾਤ।” ਤੇ ਏਸ ਗੱਲ ਤੇ ਯਕੀਨ ਦੀ ਸ਼ਹਾਦਤ ਵਜੋਂ ਏਸ ਗੱਲ ਨੂੰ “ਲਿਖ ਰੱਖਣ” ਲਈ ਆਖਦਾ ਹੈ। ਕਵਿਤਾ ਨੂੰ ਗਾਉਂਦਿਆਂ ਆਖਰੀ ਬੰਦ ਤਕ ਬੀਰ ਰਸ ਦੀ ਸਿਖਰ ਹੋ ਜਾਂਦੀ ਹੈ ਜਦ ਕਵੀ ਡੁੱਬੇ ਸੂਰਜ ਦੇ ਮੁੜ ਚੜ੍ਹਨ ਦੀ ਗੱਲ ਰੱਬ ਵਰਗੇ ਯਕੀਨ ਨਾਲ ਕਰਦਾ ਹੈ।

ਜਦੋਂ ਤਕ ਸਿੱਖ ਏਸ ਘੱਲੂਘਾਰੇ ਨੂੰ ਯਾਦ ਰੱਖਣਗੇ

ਇਹ ਕਵਿਤਾ ਹਵਾ ਵਿਚ ਰੁਮਕਦੀ ਰਹੇਗੀ ਅਤੇ ਜਨਾਬ ਅਫਜਲ ਅਹਿਸਨ ਰੰਧਾਵਾ ਦਾ ਨਾਂ ਸਿੱਖ ਇਤਿਹਾਸ ਵਿਚ ਏਸ ਸਾਂਝੀ ਪੀੜ ਨੂੰ ਮਹਿਸੂਸ ਕਰ ਕੇ ਇਹ ਬੀਰ ਰਸੀ ਕਵਿਤਾ ਪੰਥ ਦੀ ਝੋਲੀ ਪਾਉਣ ਲਈ ਸਦੀਵ ਯਾਦ ਕੀਤਾ ਜਾਂਦਾ ਰਹੇਗਾ। 

***

ਨਵਾਂ ਘੱਲੂਘਾਰਾ

ਸੁਣ ਰਾਹੀਆ ਕਰਮਾਂ ਵਾਲਿਆ !
ਮੈਂ ਬੇਕਰਮੀ ਦੀ ਬਾਤ ।
ਮੇਰਾ ਚੜ੍ਹਦਾ ਸੂਰਜ ਡੁਬਿਆ
ਮੇਰੇ ਦਿਨ ਨੂੰ ਖਾ ਗਈ ਰਾਤ।

ਮੇਰੀ ਸਾਵੀ ਕੁੱਖ ਜਨਮਾ ਚੁੱਕੀ
ਜਿਹੜੀ ਗੁਰੂ ਸਿਆਣੇ ਵੀਰ।
ਅੱਜ ਤਪਦੀ ਭੱਠੀ ਬਣ ਗਈ
ਤੇ ਉਹਦੀ ਵੇਖ ਅਸੀਰ।

ਅੱਜ ਤਪਦੀ ਭੱਠੀ ਬਣ ਗਈ
ਮੇਰੀ ਸਾਵੀ ਕੁੱਖ ਅਖ਼ੀਰ।
ਵਿਚ ਫੁਲਿਆਂ ਵਾਂਗੂੰ ਖਿੜ ਪਏ
ਮੇਰੇ ਸ਼ੇਰ ਜਵਾਨ ਤੇ ਪੀਰ।

ਅੱਜ ਤਪਦੀ ਭੱਠੀ ਬਣ ਗਈ
ਮੇਰੀ ਮਹਿਕਾਂ ਵੰਡਦੀ ਕੁੱਖ।
ਅੱਜ ਮੇਰੇ ਥਣਾਂ ‘ਚੋਂ ਚੁੰਘਦੇ
ਮੇਰੇ ਬਚੇ ਲਹੂ ਤੇ ਦੁੱਖ।

ਅੱਜ ਤਪਦੀ ਭੱਠੀ ਬਣ ਗਈ
ਮੇਰੀ ਸੱਤ ਸਮੁੰਦਰ ਅੱਖ।
ਅੱਜ ਝੱਲੀ ਜਾਏ ਨਾ ਜੱਗ ਤੋਂ
ਮੇਰੀ ਸ਼ਹੀਦਾਂ ਵਾਲੀ ਦੱਖ।

ਅੱਜ ਤਪਦੀ ਭੱਠੀ ਬਣ ਗਈ
ਮੇਰੀ ਚੂੜੇ ਵਾਲੀ ਬਾਂਹ।
ਅੱਜ ਵਿੱਚ ਸ਼ਹੀਦੀ ਝੰਡਿਆਂ
ਹੈ ਮੇਰਾ ਝੰਡਾ ‘ਤਾਂਹ।

ਅੱਜ ਤਪਦੀ ਭੱਠੀ ਬਣ ਗਿਆ
ਮੇਰਾ ਸਗਲੇ ਵਾਲਾ ਪੈਰ।
ਅੱਜ ਵੈਰੀਆਂ ਕੱਢ ਵਿਖਾਲਿਆ
ਹਾਇ ! ਪੰਜ ਸਦੀਆਂ ਦਾ ਵੈਰ।

ਅੱਜ ਤਪਦੀ ਭੱਠੀ ਬਣ ਗਈ
ਮੇਰੀ ਦੁੱਧਾਂ ਵੰਡਦੀ ਛਾਤ।
ਮੈਂ ਆਪਣੀ ਰੱਤ ਵਿੱਚ ਡੁੱਬ ਗਈ
ਪਰ ਬਾਹਰ ਨਾ ਮਾਰੀ ਝਾਤ।

ਅੱਜ ਤਪਦੀ ਭੱਠੀ ਬਣ ਗਿਆ
ਮੇਰਾ ਮੱਖਣ ਜਿਹਾ ਸਰੀਰ।
ਮੈਂ ਕੁੱਖ ਸੜੀ ਵਿੱਚ ਸੜ ਮਰੇ
ਮੇਰਾ ਰਾਂਝਾ ਮੇਰੀ ਹੀਰ।
ਅੱਜ ਤਪਦੀ ਭੱਠੀ ਬਣ ਗਿਆ

ਮੇਰਾ ਡਲ੍ਹਕਾਂ ਮਾਰਦਾ ਰੰਗ।
ਮੈਂ ਮਰ ਜਾਣੀ ਵਿੱਚ ਸੜ ਗਿਆ
ਅੱਜ ਮੇਰਾ ਇੱਕ ਇੱਕ ਅੰਗ।

ਅੱਜ ਤਪਦੀ ਭੱਠੀ ਬਣ ਗਈ
ਮੇਰੇ ਵਿਹੜੇ ਦੀ ਹਰ ਇੱਟ।
ਜਿਥੇ ਦੁਨੀਆਂ ਮੱਥਾ ਟੇਕਦੀ
ਓਹ ਬੂਟਾਂ ਛੱਡੀ ਭਿੱਟ।

ਮੇਰੇ ਬੁਰਜ ਮੁਨਾਰੇ ਢਾਹ ਦਿੱਤੇ
ਢਾਹ ਦਿੱਤਾ ਤਖਤ ਅਕਾਲ।
ਮੇਰੇ ਸੋਨੇ ਰੰਗਾ ਰੰਗ ਅੱਜ
ਮੇਰੇ ਲਹੂ ਨਾਲ ਲਾਲੋ ਲਾਲ।

ਮਿਰੇ ਖੁੱਥੀਆਂ ਟੈਂਕਾਂ ਮੀਡੀਆਂ
ਮੇਰੀ ਲੂਹੀ ਬੰਬਾਂ ਗੁੱਤ।
ਮੇਰੇ ਕੁੱਛੜ ਅੰਨ੍ਹੀਆਂ ਗੋਲੀਆਂ
ਭੁੰਨ ਸੁੱਟੇ ਮੇਰੇ ਪੁੱਤ।

ਮੇਰਾ ਸਾਲੂ ਰਾਤ ਸੁਹਾਗ ਦਾ
ਹੋਇਆ ਇੱਦਾਂ ਲੀਰੋ ਲੀਰ
ਜਿਵੇਂ  ਕਿਰਚੀ ਕਿਰਚੀ ਹੋ ਗਈ
ਮੇਰੀ ਸ਼ੀਸ਼ੇ ਦੀ ਤਸਵੀਰ।

ਮੇਰਾ ਸ਼ੇਰ ਬਹਾਦਰ ਸੂਰਮਾ
ਜਰਨੈਲਾਂ ਦਾ ਜਰਨੈਲ।
ਉਸ ਮੌਤ ਵਿਆਹੀ ਹੱਸ ਕੇ
ਓਸਦੇ ਦਿਲ ‘ਤੇ ਰਤਾ ਨਾ ਮੈਲ।

ਪਰ ਕੋਈ ਨਾ ਉਹਨੂੰ ਬਹੁੜਿਆ
ਉਹਨੂੰ ਵੈਰੀਆਂ ਮਾਰਿਆ ਘੇਰ।
ਉਂਝ ਡੱਕੇ ਰਹਿ ਗਏ ਘਰਾਂ ‘ਚ
ਮੇਰੇ ਲੱਖਾਂ ਪੁੱਤਰ ਸ਼ੇਰ।

ਸੁਣ ਰਾਹੀਆ ਕਰਮਾਂ ਵਾਲਿਆ!
ਇਸ ਬੇਕਰਮੀ ਦੀ ਬਾਤ।
ਮੇਰਾ ਚੜ੍ਹਦਾ ਸੂਰਜ ਡੁਬਿਆ
ਮੇਰੇ ਦਿਨ ਨੂੰ ਖਾ ਗਈ ਰਾਤ।

ਮੇਰੇ ਲੂੰ ਲੂੰ ‘ਚੋਂ ਪਈ ਵਗਦੀ
ਭਾਵੇਂ ਲਹੂ ਦੀ ਇਕ ਇਕ ਨਹਿਰ।
ਮੈਂ ਅਜੇ ਜਿਉਂਦੀ ਜਾਗਦੀ
ਮੈਂ ਝੱਲ ਗਈ ਸਾਰਾ ਕਹਿਰ।

ਮੈਂ ਮਰ ਨਹੀਂ ਸਕਦੀ ਕਦੀ ਵੀ
ਭਾਵੇਂ ਵੱਢਣ ਅੱਠੇ ਪਹਿਰ।
ਭਾਵੇਂ ਦੇਣ ਤਸੀਹੇ ਰੱਜ ਕੇ
ਭਾਵੇਂ ਰੱਜ ਪਿਆਵਣ ਜ਼ਹਿਰ।

ਮੇਰੇ ਪੁੱਤਰ ਸਾਗਰ ਜ਼ੋਰ ਦਾ
ਹਰ ਬਾਂਹ ਇਕ ਇਕ ਲਹਿਰ।
ਮੇਰੇ ਪੁੱਤਰ ਪਿੰਡੋ ਪਿੰਡ ਨੇ
ਮੇਰੇ ਪੁੱਤਰ ਸ਼ਹਿਰੋ ਸ਼ਹਿਰ।

ਮਿਰੀ ਉਮਰ ਕਿਤਾਬ ਦਾ ਵੇਖ ਲੈ
ਤੂੰ ਹਰ ਇਕ ਵਰਕਾ ਪੜ੍ਹ।
ਜਦੋਂ ਭਾਰੀ ਬਣੀ ਹੈ ਮਾਂ ‘ਤੇ
ਮੇਰੇ ਪੁੱਤਰ ਆਏ ਚੜ੍ਹ।

ਪੜ੍ਹ !  ਕਿੰਨੀ ਵਾਰੀ ਮਾਂ ਤੋਂ
ਉਹਨਾਂ  ਵਾਰੀ ਆਪਣੀ ਜਾਨ।
ਪੜ੍ਹ ! ਕਿਸ ਦਿਨ ਆਪਣੀ ਮਾਂ ਦਾ
ਉਹਨਾਂ ਨਹੀਂ ਸੀ ਰੱਖਿਆ ਮਾਨ ।

ਸੁਣ ਰਾਹੀਆ ਰਾਹੇ ਜਾਂਦਿਆ
ਤੂੰ ਲਿਖ ਰੱਖੀਂ ਇਹ ਬਾਤ।
ਮੇਰਾ ਡੁੱਬਿਆ ਸੂਰਜ ਚੜ੍ਹੇਗਾ
ਓੜਕ ਮੁੱਕੇਗੀ ਇਹ ਰਾਤ।

ਅਫਜ਼ਲ ਅਹਿਸਨ ਰੰਧਾਵਾ

4 3 votes
Article Rating
Subscribe
Notify of
2 ਟਿੱਪਣੀਆਂ
Oldest
Newest Most Voted
Inline Feedbacks
View all comments
2
0
Would love your thoughts, please comment.x
()
x