ਪੰਜਾਬ ਆਪਣੀ ਹੋਂਦ ਤੋਂ ਹੀ ਸੰਘਰਸ਼ ਦਾ ਅਖਾੜਾ ਹੈ ਕਿਉਂਕਿ ਧਰਤ ਪੰਜਾਬ ਜੁਲਮ ਖਿਲਾਫ਼ ਜੰਗਾਂ ਦੀ ਧਰਤੀ ਹੈ। ਪੰਜਾਬ ਦੇ ਪੁੱਤਾਂ ਨੇ ਜ਼ੁਲਮ ਅਤੇ ਜਬਰ ਅੱਗੇ ਹਮੇਸ਼ਾਂ ਹੀ ਹਿੱਕਾਂ ਡਾਹੀਆਂ ਹਨ ਅਤੇ ਜ਼ਾਲਮਾਂ ਨੂੰ ਹਰਾਇਆ ਹੈ।
ਗੱਲ ਮੌਜੂਦਾ ਸਿੱਖ ਸੰਘਰਸ਼ ਦੀ ਕੀਤੀ ਜਾਏ ਤਾਂ ਇਹ ਲਾਸਾਨੀ, ਸ਼ਾਨਮੱਤਾ ਅਤੇ ਮਿਸਾਲੀ ਸੰਘਰਸ਼ ਹੈ। ਪਦਾਰਥਵਾਦ ਦੇ ਅੰਨ੍ਹੇਵਾਹ ਵਹਿਣ ਵਿਚ ਵੀ ਗੁਰੂ ਅਤੇ ਪੰਥ ਲਈ ਸਭ ਕੁਝ ਵਾਰ ਕੇ ਕੁਰਬਾਨ ਹੋਣ ਦਾ ਜਜ਼ਬਾ ਰੱਖਣਾ ਸਿਰਫ਼ ਗੁਰੂ ਦੇ ਪਿਆਰੇ ਸਿੱਖਾਂ ਅਤੇ ਸ਼ਰਧਾਲੂਆਂ ਦੇ ਹਿੱਸੇ ਹੀ ਆ ਸਕਦਾ ਸੀ। ਇਸ ਸੰਘਰਸ਼ ਦੀ ਪਵਿੱਤਰ ਅਤੇ ਨਿੱਘੀ ਯਾਦ ਨੂੰ ਨਵੀਂ ਪੀੜ੍ਹੀ ਦੇ ਮਨਾਂ ਵਿਚੋਂ ਮੇਟਣ ਲਈ ਭਾਰਤੀ ਰਾਜ ਵੱਲੋਂ ਸ਼ੁਰੂ ਤੋਂ ਹੀ ਪੂਰੀ ਵਾਹ ਲਾਈ ਗਈ ਹੈ। ਪੰਥ ਦੀਆਂ ਮੌਜੂਦਾ ਰਾਜਨੀਤਕ ਧਿਰਾਂ ਨੇ ਵੀ ਵੀਹਵੀਂ ਸਦੀ ਦੇ ਸਮੁੱਚੇ ਸਿੱਖ ਸੰਘਰਸ਼ ਨੂੰ ਕੇਵਲ ਤੀਜੇ ਘੱਲੂਘਾਰੇ ਤੱਕ ਯਾਦ ਕਰਨਾ ਹੀ ਬਿਹਤਰ ਸਮਝਿਆ ਹੈ। ਸ਼ਾਇਦ ਉਹਨਾਂ ਧਿਰਾਂ ਵੱਲੋਂ ਸਿੱਖ ਸੰਘਰਸ਼ ਵਿੱਚ ਪਾਏ ਨਿਗੂਣੇ ਹਿੱਸੇ ਨੂੰ ਢਕਣ ਲਈ ਕੀਤਾ ਜਾਂਦਾ ਹੋਵੇ।
ਸੋਸ਼ਲ ਮੀਡੀਆ ਦੇ ਬੇਲੋੜੇ ਤੇ ਅੰਨ੍ਹੇਵਾਹ ਪ੍ਰਵਾਹ ਕਾਰਨ ਸਰਕਾਰ ਦੇ ਅਜਿਹੇ ਅਮਲਾਂ ਵਿੱਚ ਤੇਜ਼ੀ ਆਈ ਹੈ ਜਿਸ ਰਾਹੀਂ ਸਿੱਖ ਸੰਘਰਸ਼ ਦੇ ਆਗੂਆਂ ਦੀ ਕਿਰਦਾਰਕੁਸ਼ੀ ਹੋ ਰਹੀ ਹੈ। ਸੰਘਰਸ਼ ਪ੍ਰਤੀ ਉਹਨਾਂ ਦੀ ਵਚਨਬੱਧਤਾ ਬਾਰੇ ਬੇਲੋੜੇ ਸੁਆਲ ਅਤੇ ਅਜੀਬ ਕਿਸਮ ਦੇ ਸ਼ੰਕਿਆਂ ਦਾ ਗਰਦ ਗੁਬਾਰ ਪੈਦਾ ਕੀਤਾ ਜਾ ਰਿਹਾ ਹੈ। ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦੇਣ ਤੋਂ ਪਹਿਲਾਂ ਲਹਿਰ ਦੇ ਰੂਹਾਨੀ ਦਰਸ਼ਨਾਂ ਦੀ ਬਹੁਤ ਵੱਡੀ ਲੋੜ ਸੀ ਤਾਂ ਜੋ ਲਹਿਰ ਦੀ ਸਿੱਖ ਮਨਾਂ ਅੰਦਰ ਪਈ ਅਮਿੱਟ ਛਾਪ ਨੂੰ ਧੁੰਦਲਾ ਕਰਨ ਦੇ ਯਤਨਾਂ ਨੂੰ ਠੱਲ੍ਹ ਪਾਈ ਜਾ ਸਕੇ। ਅਸਲ ਵਿਚ ਉਸ ਅਦਿੱਖ ਸਿੱਖ ਚੇਤਨਾ ਨਾਲ ਜੁੜਿਆ ਜਾ ਸਕੇ ਜਿਸ ਤੋਂ ਇਹ ਲਹਿਰ ਪੈਦਾ ਹੋਈ ਸੀ। ਇਹ ਪਰਸੰਗ ਵਿਚ ਸਿੱਖ ਸੰਘਰਸ਼ ਦੇ ਸੂਝਵਾਨ ਅਤੇ ਲਹਿਰ ਦੀਆਂ ਉੱਪਰਲੀਆਂ ਸਫ਼ਾ ਵਿੱਚ ਵਿਚਰਦਿਆਂ ਸਮੁੱਚੇ ਵਰਤਾਰਿਆਂ ਨੂੰ ਹੱਡੀ ਹੰਢਾਉਣ ਵਾਲੇ ਆਗੂ ਭਾਈ ਦਲਜੀਤ ਸਿੰਘ ‘ਬਿੱਟੂ’ (ਭਾਈ ਸਾਹਿਬ) ਵੱਲੋਂ ਲਿਖੀ ਕਿਤਾਬ ‘ਖਾੜਕੂ ਸੰਘਰਸ਼ ਦੀ ਸਾਖੀ’ ਇੱਕ ਬੇਹੱਦ ਅਹਿਮ ਦਸਤਾਵੇਜ਼ ਹੈ। ਇਸ ਕਿਤਾਬ ਦੇ ਹਰ ਪੰਨੇ ਤੇ ਲਿਖੀ ਸ਼ਹਾਦਤਾਂ ਅਤੇ ਕੁਰਬਾਨੀਆਂ ਦੀ ਇਬਾਰਤ ਸਾਨੂੰ ਲਹਿਰ ਸਮੇਂ ਦੇ ‘ਸੁਨਿਹਰੀ ਦੌਰ’ (ਜਿਨ੍ਹਾਂ ਨੂੰ ਭਾਰਤੀ ਸਟੇਟ ਵੱਲੋਂ ‘ਕਾਲੇ ਦਿਨ’ ਕਹਿ ਕੇ ਪ੍ਰਚਾਰਿਆ ਜਾਂਦਾ ਰਿਹਾ ਹੈ) ਵਿੱਚ ਲੈ ਜਾਂਦੀ ਹੈ ਜਿੱਥੇ ਸਾਨੂੰ ਸਿੱਖ ਕਿਰਦਾਰ ਦੇ ਜਲਾਲੀ ਦਰਸ਼ਨ ਹੁੰਦੇ ਹਨ।
ਸੰਘਰਸ਼ ਦਾ ਰਾਹ ਕਿਉਂ ਤੇ ਕਿਵੇਂ?
ਜਦੋਂ ਸਿੱਖ ਸੰਘਰਸ਼ ਪੂਰੇ ਜੋਬਨ ਤੇ ਸੀ ਤਾਂ ਮੈਂ ਤੇ ਮੇਰੇ ਵਰਗੇ ਕਈ ਉਸ ਸਮੇਂ ਬਚਪਨ ਅਵਸਥਾ ਵਿੱਚ ਸਨ। ਸਾਡੀ ਪੀੜ੍ਹੀ ਵੱਡੀ ਹੋਈ ਤਾਂ ਕੁਝ ਸਮੇਂ ਤੱਕ ਲਹਿਰ ਦੇ ਅੰਸ਼ਾਂ ਦੇ ਦਰਸ਼ਨ ਹੋਏ। ਸਾਡੇ ਤੋਂ ਅਗਲੀ ਪੀੜ੍ਹੀ ਨੇ ਕੁਝ ਕਥਾਵਾਂ ਤੇ ਵਰਤਾਰੇ ਸਾਡੇ ਤੋਂ ਸੁਣੇ। ਜੇਕਰ ਲਹਿਰ ਬਾਰੇ ਥੋੜਾ ਬਹੁਤ ਲਿਖਿਆ ਵੀ ਗਿਆ ਉਹ ਲਹਿਰ ਦੇ ਦਰਸ਼ਕਾਂ ਵੱਲੋਂ ਸੀ ਜਿਸ ਕਾਰਨ ਲਹਿਰ ਵਿਚਲੀ ਪਾਕੀਜ਼ਗੀ ਅਤੇ ਦ੍ਰਿੜਤਾ ਦਾ ਪ੍ਰਵਾਹ ਅਗਲੀ ਪੀੜ੍ਹੀ ਤੱਕ ਨਹੀਂ ਹੋ ਸਕਿਆ। ਇਸ ਤੋਂ ਇਲਾਵਾ ਸਾਡੀ ਅਤੇ ਸਾਡੇ ਤੋਂ ਅਗਲੀ ਪੀੜ੍ਹੀ ਦੇ ਮਨ ਵਿੱਚ ਇੱਕ ਸਾਂਝਾ ਸਵਾਲ ਵੀ ਸੀ ਕਿ ਉਹ ਕਿਹੜੀ ਤਾਕਤ ਸੀ ਜੋ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਸ਼ਹਾਦਤ ਅਤੇ ਤੀਜੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਨੂੰ ਐਡੀ ਹਕੂਮਤ ਖਿਲਾਫ ਸ਼ਾਨਮੱਤੇ ਸੰਘਰਸ਼ ਵੱਲ ਲੈ ਗਈ। ਭਾਈ ਸਾਹਿਬ ਵੱਲੋਂ ਲਿਖੀ ਕਿਤਾਬ ਸਾਨੂੰ ਇਹਨਾਂ ਸਾਰੇ ਵਲਵਲਿਆਂ ਅਤੇ ਸਵਾਲਾਂ ਵਿਚੋਂ ਕੱਢ ਤੀਜੇ ਘੱਲੂਘਾਰੇ ਤੋਂ ਬਾਅਦ ਹਵਾਵਾਂ ਵਿੱਚ ਫੈਲੀ ਉਸ ਰੂਹਾਨੀਅਤ ਦੇ ਦਰਸ਼ਨ ਕਰਵਾਉਂਦੀ ਹੈ ਜਿਹਨਾਂ ਦੀ ਅਲੌਕਿਕ ਰੁਮਕਣ ਨੇ ਉਸ ਸਮੇਂ ਦੇ ਹਰ ਸਿੱਖ ਨੂੰ ਉਸਦਾ ਕੌਮੀ ਫ਼ਰਜ਼ ਯਾਦ ਕਰਵਾਇਆ। ਉਸ ਰੂਹਾਨੀ ਵਰਤਾਰੇ ਦੇ ਸਿੱਟੇ ਵਜੋਂ ਅਸਲ ਪੰਜਾਬ ਦੇ ਲੋਕ ਧਰਮਾਂ, ਜਾਤਾਂ, ਆਰਥਿਕ ਅਤੇ ਵਰਗ ਵੰਡ ਤੋਂ ਉੱਪਰ ਉੱਠ ਕੇ ਸਿੱਖੀ ਨੂੰ ਸਮਰਪਿਤ ਹੋ ਕੇ ਸ਼ਹੀਦ ਦੀ ਸਰਵ ਉੱਚ ਪਦਵੀ ਪ੍ਰਾਪਤ ਕਰਨ ਲਈ ਉਤਾਵਲੇ ਹੋ ਉੱਠੇ।
ਭਾਈ ਸਾਹਿਬ ਵੱਲੋਂ ਲਿਖੀ ਕਿਤਾਬ ਵਿੱਚ ਦਰਜ ਵੱਖੋ ਵੱਖਰੇ ਬਿਰਤਾਂਤਾਂ ਤੋਂ ਇਹ ਗੱਲ ਸੁਖਾਲੇ ਹੀ ਸਮਝ ਪੈ ਜਾਂਦੀ ਹੈ ਕਿ ਸਾਡੇ ਲੋਕ ਗੁਰੂ ਨਾਲ ਕਿੰਨਾ ਮੋਹ ਰੱਖਦੇ ਹਨ।
ਕਿਤਾਬ ਪੜ੍ਹਨ ਤੋਂ ਬਾਅਦ ਇਸ ਗੱਲ ਦਾ ਅਹਿਸਾਸ ਹੋਇਆ ਕਿ
ਸੰਘਰਸ਼ ਦੇ ਦਿਨਾਂ ਵਿੱਚ ਕਿਵੇਂ ਲੋਕ ਗੁਰੂ ਦੇ ਹੁਕਮ ਅਨੁਸਾਰ ਆਪਣੇ ਪੁੱਤਰਾਂ/ਧੀਆਂ ਨੂੰ ਆਪਣੇ ਹੱਥੀਂ ਸ਼ਾਨਮੱਤਾ ਇਤਿਹਾਸ ਸਿਰਜਣ ਲਈ ਇਸ ਲਹੂ-ਵੀਟਵੀਂ ਲੜਾਈ ਲਈ ਤੋਰ ਰਹੇ ਸਨ। ਇਸ ਮੁੜ ਇਤਿਹਾਸ ਸਿਰਜਣ ਦੇ ਕਾਰਜ ਵਿੱਚ ਕਿਵੇਂ ਕਿੰਨੇ ਗੁੰਮਨਾਮ ਸ਼ਹੀਦਾਂ/ਯੋਧਿਆਂ ਨੇ ਆਪਣਾ ਵੱਡਮੁੱਲਾ ਯੋਗਦਾਨ ਪਾਇਆ।
ਮੌਜੂਦਾ ਦੌਰ ਵਿੱਚ ਜਦੋਂ ਪੰਜਾਬ ਦੇ ਲੋਕ ਪੈਸੇ ਜਾਂ ਜਾਨ ਸੁਖਾਲੀ ਕਰਨ ਲਈ ਇਸ ਜਾਨ ਤੋਂ ਪਿਆਰੀ ਧਰਤ ਦਾ ਮੋਹ ਮਾਰ ਕੇ ਵਿਦੇਸ਼ ਜਾ ਰਹੇ ਹਨ ਉਹਨਾਂ ਲਈ ਇਹ ਨੁਕਤਾ ਬਹੁਤ ਅਹਿਮ ਹੈ ਕਿ ਉਹਨਾਂ ਸਮਿਆਂ ਵਿੱਚ ਕਿਵੇਂ ਪੜੇ ਲਿਖੇ, ਕੜੀਆਂ ਵਰਗੇ ਕਾਬਲ ਪੁੱਤਰ ਧਰਤ ਪੰਜਾਬ ਲਈ ਜੂਝੇ ਅਤੇ ਸ਼ਾਨ ਨਾਲ ਸ਼ਹਾਦਤਾਂ ਪ੍ਰਾਪਤ ਕੀਤੀਆਂ।
ਨਾਇਕਾਂ ਦੇ ਕਿਰਦਾਰ
ਸਿੱਖਾਂ ਦੇ ਮਨਾਂ ਵਿੱਚ ਇੱਕ ਸਾਂਝੀ ਚੇਤਨਾ ਦਾ ਪ੍ਰਵਾਹ ਹੈ ਕਿ ਉਹ ਆਪਣੇ ਨਾਇਕਾਂ ਨੂੰ ਬਹੁਤ ਪਿਆਰ ਕਰਦੇ ਹਨ। ਅੱਜ ਜਦੋਂ ਸਿੱਖ ਨਿਰਾਸ਼ਤਾ ਦਾ ਸਿਖਰਲਾ ਦੌਰ ਹੰਢਾ ਰਹੇ ਹਨ ਠੀਕ ਉਸੇ ਸਮੇਂ ਵੀ ਉਹ ਸਿੱਖ ਨਾਇਕ ਦੀ ਭਾਲ ਵਿੱਚ ਟੱਕਰਾਂ ਮਾਰਦੇ ਫਿਰ ਰਹੇ ਹਨ। ਭਾਰਤੀ ਰਾਜ ਨੇ ਸਿੱਖਾਂ ਦੀ ਇਸ ਗੱਲ ਦੀ ਥਾਹ ਪਾ ਲਈ ਹੈ। ਇਸੇ ਲਈ ਉਹ ਸਿੱਖਾਂ ਦੀ ਨਾਇਕਾਂ ਦੀ ਭਾਲ ਨੂੰ ਦਿਸ਼ਾਹੀਣ ਕਰਨ ਤੇ ਪੂਰਾ ਜ਼ੋਰ ਲਾ ਰਹੀ ਹੈ। ਪਿਛਲੇ ਕੁਝ ਸਮਿਆਂ ਵਿੱਚ ਵਾਪਰੇ ਕੁਝ ਵਰਤਾਰੇ ਇਨਾਂ ਦੋਵਾਂ ਗੱਲਾਂ ਦੀ ਗਵਾਹੀ ਭਰਦੇ ਹਨ ਕਿ ਸਿੱਖ ਲਗਾਤਾਰ ਆਪਣੇ ਨਾਇਕਾਂ ਦੀ ਭਾਲ ਵਿੱਚ ਹਨ ਅਤੇ ਹਕੂਮਤ ਉਨ੍ਹਾਂ ਦੇ ਮਨਾਂ ਵਿੱਚ ਕਿਸ ਤਰ੍ਹਾਂ ਦੇ ਹਲਕੇ, ਬੌਣੇ ਅਤੇ ਹੋਛੇ ਕਿਰਦਾਰਾਂ ਨੂੰ ਨਾਇਕਾਂ ਵੱਜੋਂ ਉਭਾਰਨਾ ਚਾਹੁੰਦੀ ਹੈ।
ਭਾਈ ਸਾਹਿਬ ਵੱਲੋਂ ਲਿਖੀ ਇਹ ਕਿਤਾਬ ਸਾਨੂੰ ਸਾਡੇ ਅਸਲੀ ਨਾਇਕਾਂ ਦੇ ਦਰਸ਼ਨ ਕਰਵਾਉਂਦੀ ਹੈ ਜਿਹਨਾਂ ਨੇ ਮਾਰਕੇਬਾਜੀ ਛੱਡ ਕੇ ਸਧਾਰਨ ਜੀਵਨ ਜਿਉਂਦਿਆਂ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਕਾਰਜ ਕੀਤੇ ਅਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਮਜਬੂਤ ਭਾਰਤੀ ਤੰਤਰ ਨਾਲ ਆਪਣੇ ਸੀਮਤ ਸਾਧਨਾਂ ਰਾਹੀਂ ਟੱਕਰ ਲੈ ਕੇ ਜਿਵੇਂ ਸਾਡੇ ਅਸਲੀ ਨਾਇਕਾਂ ਨੇ ਇਤਿਹਾਸ ਸਿਰਜਿਆ ਹੈ ਕਿਤਾਬ ਸਾਨੂੰ ਉਸ ਬਾਰੇ ‘ਹਮੇਸ਼ਾ ਮਾਣ ਰਹੇਗਾ’ ਦਾ ਅਹਿਸਾਸ ਕਰਾਉਂਦੀ ਹੈ।
ਕਿਤਾਬ ਵਿਚੋਂ ਇੱਕ ਅਹਿਮ ਨੁਕਤਾ ਰੂਪਮਾਨ ਹੁੰਦਾ ਹੈ ਜਿਸਨੂੰ ਪੜਦਿਆਂ ਹੈਰਾਨੀ ਦੀ ਹੱਦ ਨਹੀਂ ਰਹਿੰਦੀ ਕਿ ਕਿਵੇਂ ਸਾਡੇ ਮਹਾਨ ਨਾਇਕਾਂ ਨੇ ਐਨੀਆਂ ਵੱਡੀਆਂ ਕੁਰਬਾਨੀਆਂ ਕਰਕੇ ਵੀ ਹਮੇਸ਼ਾ ਗੁੰਮਨਾਮੀ ਦਾ ਰਾਹ ਚੁਣਿਆ ਜਦਕਿ ਕੁਝ ਅਖੌਤੀ ਆਗੂਆਂ ਵੱਲੋਂ ਪੰਥ ਲਈ ਕੀਤੀਆਂ ਸਧਾਰਨ ਸੇਵਾਵਾਂ ਨੂੰ ਵੀ ਬਹੁਤ ਵਡਿਆਕੇ ਪੇਸ਼ ਕਰਦਿਆਂ ਓਹਨਾਂ ਕੁਰਬਾਨੀਆਂ ਦਾ ਪੂਰਾ ਰਾਜਨੀਤਕ ਮੁੱਲ ਵੱਟਿਆ ਗਿਆ ਹੈ। ਇਹ ਵੀ ਅਕਾਲ ਪੁਰਖ ਦੀ ਕੋਈ ਕਲਾ ਹੈ ਕਿ ਇਹ ਲੋਕ ਉਮਰਾਂ ਭੋਗ ਵੀ ਉੱਥੇ ਹੀ ਖੜ੍ਹੇ ਹਨ ਤੇ ‘ਬਾਲਟੀ ਵਾਲਾ ਭੁਜੰਗੀ’ ਨਿੱਕੀ ਜਿਹੀ ਦੁਨਿਆਵੀ ਉਮਰ ਭੋਗ ਕੇ ਵੀ ਗੁਰੂ ਨੂੰ ਪ੍ਰਵਾਨ ਹੋਇਆ ਮਿਲਦਾ ਹੈ।
ਕਿਤਾਬ ਪੜ੍ਹ ਕੇ ਪਤਾ ਲੱਗਦਾ ਹੈ ਕਿ
ਅਸਲ ਨਾਇਕਾਂ ਦੇ ਕਾਰਜ ਜਾਂਬਾਜ਼ ਯੋਧਿਆਂ ਵਾਲੇ ਰਹੇ ਹਨ ਅਤੇ ਉਹਨਾਂ ਦੀ ਜ਼ਿੰਦਗੀ ਦੀ ਰਵਾਨਗੀ ਦਰਿਆਵਾਂ ਦੇ ਪਾਣੀਆਂ ਵਾਂਗ ਸ਼ਾਂਤ ਰਹੀ ਹੈ। ਉਹਨਾਂ ਦੇ ਅਜਿਹੇ ਕਿਰਦਾਰਾਂ ਤੋਂ ਸਾਡੀ ਪੀੜ੍ਹੀ ਨੂੰ ਹੋਛੇਪਣ ਤੋਂ ਰਹਿਤ ਸਹਿਜ ਵਾਲੀ ਜ਼ਿੰਦਗੀ ਜਿਊਣ ਦੀ ਸੇਧ ਵੀ ਮਿਲਦੀ ਹੈ।
ਭਾਵਨਾ ਦੀ ਕਦਰ
ਭਾਈ ਸਾਹਿਬ ਵੱਲੋਂ ਇਸ ਗੱਲ ਦਾ ਜ਼ਿਕਰ ਬਾਖੂਬੀ ਕੀਤਾ ਗਿਆ ਹੈ ਕਿ ਕਿਸੇ ਦੇ ਪੰਥਕ ਕਾਰਜਾਂ ਦਾ ਮੁਲਾਂਕਣ ਤੈਅ ਸ਼ੁਦਾ ਪੈਮਾਨਿਆਂ ਨਾਲ ਨਹੀਂ ਕੀਤਾ ਜਾ ਸਕਦਾ। ਉਹ ਉਨ੍ਹਾਂ ਲੋਕਾਂ ਦੇ ਜਜ਼ਬਿਆਂ ਦੀ ਵੀ ਕਦਰ ਕਰਦੇ ਹਨ ਜੋ ਮੌਕੇ ਦੇ ਵਹਿਣ ਨਾਲ ਲਹਿਰ ਵਿੱਚ ਸ਼ਾਮਲ ਤਾਂ ਹੋਏ ਪ੍ਰੰਤੂ ਕਿਸੇ ਮਜਬੂਰੀ ਜਾਂ ਲਾਲਚ ਵੱਸ ਕਿਰਦਾਰ ਦੀ ਬੁਲੰਦੀ ਨੂੰ ਬਰਕਰਾਰ ਨਾ ਰੱਖ ਸਕੇ। ਭਾਈ ਸਾਹਿਬ ਲਿਖਦੇ ਹਨ ਕਿ ਕਿਸੇ ਵੇਲੇ ਉਹ ਗੁਰੂ ਪੰਥ ਲਈ ਕੁਰਬਾਨ ਹੋਣ ਦੇ ਰਾਹ ਤੇ ਤੁਰੇ ਸਨ ਅਤੇ ਉਨ੍ਹਾਂ ਦੇ ਉਹ ਕਦਮ ਵੀ ਮੁਬਾਰਕ। ਉਨ੍ਹਾਂ ਮੁਤਾਬਕ ਇਹ ਗੁਰੂ ਦੇ ਹੁਕਮ ਦੀ ਰਮਜ਼ ਹੁੰਦੀ ਹੈ ਕਿ ਕਿਸ ਤੋਂ ਕਿੰਨੀ ਸੇਵਾ ਲੈਣੀ ਹੈ ਕਦੋਂ ਲੈਣੀ ਹੈ ਅਤੇ ਕਿਸ ਰੂਪ ਵਿੱਚ ਲੈਣੀ ਹੈ। ਦੁਨਿਆਵੀ ਗਿਣਤੀਆਂ ਮਿਣਤੀਆਂ ਨਾਲ ਇਸਦੀ ਥਾਹ ਨਹੀਂ ਪਾਈ ਜਾ ਸਕਦੀ। ਪੰਥਕ ਸੰਘਰਸ਼ਾਂ ਵਿੱਚ ਅਜਿਹਾ ਵਡੇਰਾ ਵਿਹਾਰ ਹੀ ਕੌਮਾਂ ਨੂੰ ਚੜਦੀ ਕਲਾ ਵਿੱਚ ਲੈ ਜਾਂਦਾ ਹੈ। ਮੈਨੂੰ ਆਪੇ ਤੇ ਆਪਣੇ ਵਰਗਿਆਂ ਉਤੇ ਅਫਸੋਸ ਹੁੰਦਾ ਹੈ ਕਿ ਜਿਹੜੀਆਂ ਕਮੀਆਂ ਦੁਸ਼ਮਣ ਨੇ ਲੱਭਣੀਆਂ ਸਨ ਅਸੀਂ ਉਹ ਆਪ ਵਧਾ ਚੜ੍ਹਾ ਕੇ ਗਿਣਾਉਂਦੇ ਰਹੇ ਹਾਂ।
ਅੱਜ ਦੇ ਮੌਜੂਦਾ ਦੌਰ ਵਿੱਚ ਜਦੋਂ ਵੱਡੀ ਗਿਣਤੀ ਵਿੱਚ ਨੌਜਵਾਨ ਸਿੱਖੀ ਜੀਵਨ ਤੋਂ ਬੇਮੁੱਖ ਹੋ ਰਹੇ ਹਨ ਤਾਂ ਇਹ ਕਿਤਾਬ ਵਾਲੀ ਪਹੁੰਚ ਬਹੁਤ ਹੀ ਕਾਰਗਰ ਹੈ। ਕਿਤਾਬ ਰਾਹੀ ਦਰਸਾਏ ਅਸਲੀ ਨਾਇਕ ਜੋ ਸਾਥੋਂ ਅਣਗੌਲੇ ਰਹੇ ਜੇ ਅਸੀਂ ਓਹਨਾਂ ਵਾਲੇ ਗੁਰੂ ਪੰਥ ਦੇ ਅਹਿਸਾਸ ਨੂੰ ਸਮਝ ਕੇ ਆਪਣੇ ਕਲਾਵੇ ਨੂੰ ਮੋਕਲਾ ਰੱਖਿਆ ਤਾਂ ਸਭ ਨੇ ਮੁੜਕੇ ਘਰੀਂ ਪਰਤ ਆਉਣਾ ਹੈ। ਆਖਿਰ “ਖੁਆਰ ਹੋਇ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਇ”।
ਲਹਿਰਾਂ ਦਾ ਵੇਗ
ਹੁਣ ਤੱਕ ਲਹਿਰ ਦੇ ਵਿਸ਼ਲੇਸ਼ਣ ਨੂੰ ਸਿਰਫ਼ ਇਸ ਗੱਲ ਤੱਕ ਮਹਿਦੂਦ ਕੀਤਾ ਜਾਂਦਾ ਰਿਹਾ ਹੈ ਕਿ ਲਹਿਰ ਵਿੱਚ ਜਾਬਤਾ ਨਾ ਹੋਣ ਕਾਰਨ ਆਪਾਧਾਪੀ ਪੈ ਗਈ ਤੇ ਲਹਿਰ ਖਿੰਡ ਗਈ। ਕਿਤਾਬ ਪੜ੍ਹਨ ਤੋਂ ਬਾਅਦ ਇਹ ਤਰਕ ਬੇਹੱਦ ਹਾਸੋਹੀਣਾ ਜਾਪਦਾ ਹੈ ਕਿਉਂਕਿ ਲਹਿਰਾਂ ਵਿੱਚ ਤਾਂ ਸ਼ੂਕਦੇ ਦਰਿਆਵਾਂ ਵਰਗੀ ਰਵਾਨਗੀ ਹੁੰਦੀ ਹੈ। ਇਹ ਆਪਣਾ ਵਹਿਣ ਆਪ ਬਣਾਉਂਦੀਆਂ ਹਨ। ਇਹਨਾਂ ਵਹਿਣਾ ਨੂੰ ਸਰਕਾਰੀ ਪ੍ਰਬੰਧ ਅਧੀਨ ਬਣੀਆਂ ਨਹਿਰਾਂ ਵਾਲੇ ਪੈਮਾਨਿਆਂ ਨਾਲ ਨਹੀਂ ਮਾਪਿਆ ਜਾ ਸਕਦਾ।
ਸਭ ਤੋਂ ਅਹਿਮ ਗੱਲ ਇਹ ਹੈ ਕਿ
ਜਿਸ ਬੇਯਕੀਨੀ ਅਤੇ ਬੇਭਰੋਸਗੀ ਦੇ ਆਲਮ ਵਿੱਚ ਸਾਡੇ ਯੋਧਿਆਂ ਨੇ ਇੱਕ ਮਜਬੂਤ ਅਤੇ ਗੈਰ ਇਖਲਾਕੀ ਪ੍ਰਬੰਧ ਨਾਲ ਗੁਰੂ ਤੇ ਟੇਕ ਰੱਖ ਕੇ ਟੱਕਰ ਲਈ ਅਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਸ ਤੋਂ ਇਹ ਸਾਬਤ ਹੁੰਦਾ ਹੈ ਕਿ ਉਹ ਕੋਈ ਸਧਾਰਨ ਮਨੁੱਖ ਨਹੀਂ ਸਨ। ਉਹ ਗੁਰੂ ਸੰਗ ਜੰਗਾਂ ਵਿੱਚ ਜੂਝਣ ਵਾਲੇ ਮਹਾਨ ਸ਼ਹੀਦਾਂ ਦੀਆਂ ਰੂਹਾਂ ਹੀ ਸਨ ਜੋ ਸਾਨੂੰ ਕਲਾ ਦਾ ਵਰਤਾਰਾ ਦਿਖਾਉਣ ਲਈ ਹੀ ਆਏ ਸਨ।
ਜ਼ਿੰਮੇਵਾਰੀ ਓਟਣਾ
ਭਾਈ ਸਾਹਿਬ ਵੱਲੋਂ ਰਚਿਤ ਕਿਤਾਬ ਵਿੱਚ ਬਾਕੀ ਨੁਕਤਿਆਂ ਤੋਂ ਬਿਨਾਂ ਉਹਨਾਂ ਵੱਲੋਂ ਸੰਘਰਸ਼ ਦੇ ਆਗੂ ਹੋਣ ਦੇ ਨਾਤੇ ਉਹਨਾਂ ਸਾਰੀਆਂ ਘਾਟਾਂ, ਕਮੀਆਂ, ਥੁੜ੍ਹਾਂ ਅਤੇ ਗ਼ਲਤ ਫੈਸਲਿਆਂ ਨੂੰ ਖਿੜੇ ਮੱਥੇ ਆਪਣੀ ਝੋਲੀ ਪਵਾਇਆ ਹੈ ਜਿਨ੍ਹਾਂ ਨੇ ਕਿਸੇ ਨਾ ਕਿਸੇ ਰੂਪ ਵਿਚ ਸੰਘਰਸ਼ ਦਾ ਕੋਈ ਵੀ ਨੁਕਸਾਨ ਕੀਤਾ ਹੋਵੇ ਭਾਵੇਂ ਉਹ ਸਿੱਧੇ ਤੌਰ ਤੇ ਇਨ੍ਹਾਂ ਸਭ ਲਈ ਜ਼ਿੰਮੇਵਾਰ ਵੀ ਨਹੀਂ ਹਨ। ਅਸਲੀ ਜਰਨੈਲਾਂ ਦੀ ਇਹ ਪਹਿਚਾਣ ਹੁੰਦੀ ਹੈ। ਜਿੱਤ ਕੇ ਤਾਂ ਸਾਰੇ ਸਿਹਰਾ ਸਜਾਉਣ ਨੂੰ ਤਿਆਰ ਹੋ ਜਾਂਦੇ ਹਨ ਪ੍ਰੰਤੂ ਲਹਿਰਾਂ ਦੇ ਖਤਮ ਹੋ ਜਾਣ ਤੇ ਕਮੀਆਂ ਨੂੰ ਓਟਣਾ ਵੱਡੇ ਦਿਲ ਵਾਲਿਆਂ ਦਾ ਕੰਮ ਹੁੰਦਾ ਹੈ। ਖਾਮੀਆਂ ਤੇ ਕਮੀਆਂ ਤੋਂ ਭਵਿੱਖੀ ਸੇਧ ਲੈਣਾ ਸੰਘਰਸ਼ ਦੀ ਪਵਿੱਤਰਤਾ ਅਤੇ ਰਵਾਨਗੀ ਬਰਕਰਾਰ ਰੱਖਣ ਲਈ ਬਹੁਤ ਜ਼ਰੂਰੀ ਹੁੰਦਾ ਹੈ। ਇਸ ਅਮਲ ਨਾਲ ਨਾ ਕੇਵਲ ਭਾਈ ਸਾਹਿਬ ਜੀ ਦੀ ਸ਼ਖ਼ਸੀਅਤ ਦਾ ਖੇੜਾ ਨਜ਼ਰੀਂ ਪੈਂਦਾ ਹੈ ਸਗੋਂ ਉਹਨਾਂ ਕਿਰਦਾਰਾਂ ਦੀ ਬੁਲੰਦੀ ਦਾ ਝਲਕਾਰਾ ਵੀ ਰੂਪਮਾਨ ਹੁੰਦਾ ਹੈ ਜਿਨ੍ਹਾਂ ਯੋਧਿਆਂ ਸੰਗ ਭਾਈ ਸਾਹਿਬ ਲਹਿਰ ਦੌਰਾਨ ਵਿਚਰੇ ਹਨ।
ਸਮੁੱਚੇ ਰੂਪ ਵਿੱਚ ਇਹ ਕਿਤਾਬ ਪੰਥ ਲਈ ਬੇਹੱਦ ਅਹਿਮ ਅਤੇ ਸਾਂਭਣਯੋਗ ਦਸਤਾਵੇਜ਼ ਹੈ। ਭਾਈ ਸਾਹਿਬ ਜੀ ਨੂੰ ਵੀ ਬੇਨਤੀ ਹੈ ਕਿ ਉਹ ਇਸ ਪ੍ਰਸੰਗ ਦੀ ਲਗਾਤਾਰਤਾ ਬਣਾਈ ਰੱਖਣ।