ਸ਼ਹੀਦ ਮੇਜਰ ਬਲਦੇਵ ਸਿੰਘ ਘੁੰਮਣ ਨੂੰ ਯਾਦ ਕਰਦਿਆਂ

ਸ਼ਹੀਦ ਮੇਜਰ ਬਲਦੇਵ ਸਿੰਘ ਘੁੰਮਣ ਨੂੰ ਯਾਦ ਕਰਦਿਆਂ

ਕਹਿੰਦੇ ਨੇ ਕਿ ਹਰ ਬੰਦਾ ਕਿਸੇ ਨਾ ਕਿਸੇ ਸਖਸ਼ੀਅਤ ਤੋਂ ਪ੍ਰਭਾਵਿਤ ਹੁੰਦਾ ਹੈ ਅਤੇ ਉਸ ਸਖਸ਼ੀਅਤ ਦੀਆਂ ਚੰਗੀਆਂ ਚੀਜਾਂ ਨੂੰ ਅਪਨਾਉਣ ਦੀ ਕੋਸ਼ਿਸ਼ ਵੀ ਕਰਦਾ ਹੈ। ਮੇਰੇ ਜੀਵਨ ਵਿਚ ਵੀ ਇਹੋ ਜਿਹੀਆਂ ਕੁਝ ਸਖਸ਼ੀਅਤਾਂ ਆਈਆਂ ਜਿਹਨਾਂ ਤੋਂ ਮੈਂ ਪ੍ਰਰਿਤ ਹੋਇਆ। ਇਹਨਾ ਵਿਚੋਂ ਇਕ ਸਖਸ਼ੀਅਤ ਨੂੰ ਬਹੁੱਤ ਹੀ ਨੇੜਿਓਂ ਹੋ ਕੇ ਵੇਖਣ ਤੇ ਸਮਝਣ ਦੀ ਕੋਸ਼ਿਸ਼ ਕੀਤੀ ਤੇ ਅੱਜ ਵੀ ਉਹਨਾਂ ਦੀਆਂ ਚੰਗੀਆਂ ਗੱਲਾਂ ਨੂੰ ਅਪਨਾਉਣ ਦੀ ਕੋਸ਼ਿਸ਼ ਜਾਰੀ ਹੈ। ਇਹ ਸਖਸ਼ੀਅਤ ਹੋਰ ਕੋਈ ਨਹੀ ਬਲਕੇ ਮੇਰੇ ਆਪਣੇ ਸਵਰਗਵਾਸੀ ਪਿਤਾ ਜੀ ਹਨ।

ਪਿਤਾ ਜੀ ਦਾ ਜਨਮ 10 ਜੁਲਾਈ 1937 ਨੂੰ ਪਿੰਡ ਮੁਹਾਦੀਂਪੁਰ, ਸਿਆਲਕੋਟ ਵਿਚ ਹੋਇਆ ਤੇ ਦੱਸ ਸਾਲ ਦੀ ਉਮਰ ਵਿਚ ਵੰਡ ਦਾ ਸੰਤਾਪ ਝੱਲਦਿਆਂ ਚੜ੍ਹਦੇ ਪੰਜਾਬ ਵਿਚ ਗੁਰਦਾਸਪੁਰ ਜਿਲ੍ਹੇ ਵਿਚ ਪੈਂਦੇ ਪਿੰਡ ਭੈਣੀ ਬੰਗਰ ਆਣ ਬਸੇਰੇ ਕੀਤੇ। 1962 ਵਿਚ ਆਪ ਕਮਿਸ਼ਨ ਲੈ ਫੌਜ ਵਿਚ ਬਤੋਰ ਅਫਸਰ ਭਾਰਤੀ ਹੋਏ ਸਨ। ਇੰਡੀਆ ਦੀਆਂ ਵੱਖ ਵੱਖ ਮੁਲਕਾਂ ਨਾਲ ਤਿਨ ਲੜਾਈਆਂ ਵਿਚ ਹਿੱਸਾ ਲਿਆ ਤੇ ਮੇਜਰ ਦੇ ਰੈਂਕ ਤੱਕ ਪਹੁੰਚੇ। ਮੈਂ ਆਪਣੇ ਪਿਤਾ ਨੂੰ ਇਕ ਦਲੇਰ ਫੌਜੀ ਦੇ ਰੂਪ ਵਿਚ ਤੇ ਹਮੇਸ਼ਾਂ ਚੜ੍ਹਦੀਕਲਾ ਵਿਚ ਹੀ ਵੇਖਿਆ। ਪਿਤਾ ਜੀ ਦੇ ਜੀਵਨ ਦਾ ਇਕ ਅਹਿਮ ਮੋੜ ਫੌਜ ਦੀ ਨੌਕਰੀ ਦੌਰਾਨ ਹੀ ਆਇਆ। ਇਹ ਘਟਨਾ ਆਸਾਮ ਸੂਬੇ ਦੇ ਸ਼ਹਿਰ ਤੇਜਪੂਰ ਵਿਚ ਫੌਜੀਆਂ ਦੀ ਇਕ ਪਾਰਟੀ ਦੌਰਾਨ ਵਾਪਰੀ। ਪਿਤਾ ਜੀ 1983 ਵਿਚ ਤੇਜਪੂਰ ਵਿਖੇ ਇੰਡੀਅਨ ਆਰਮੀ ਦੇ 4 ਕੋਰ ਵਿਚ ਓ. ਸੀ. ਡਿਫੈਨਸ ਦੇ ਅਹੁਦੇ ਉੱਤੇ ਤੈਨਾਤ ਸਨ ਜਿਸ ਵੇਲੇ ਇਕ ਪਾਰਟੀ ਦੇ ਵਿਚ ਜਰਨਲ ਅਰ. ਐਸ. ਦਿਆਲ ਦੇ ਸਿੱਖ ਵਿਰੋਧੀ ਪਰਚਾਰ ਤੇ ਟਿਚਰਾਂ ਕਾਰਨ ਪਿਤਾ ਜੀ ਦਾ ਜਨਰਲ ਦਿਆਲ ਨਾਲ ਝਗੜਾ ਹੋ ਗਿਆ ਅਤੇ ਪਿਤਾ ਜੀ ਨੇ ਜਨਰਲ ਦਿਆਲ ਨੂੰ ਆਖ ਦਿਤਾ “ਮੈਂ ਤੇਰੀ ਨੌਕਰੀ ਨਹੀਂ ਕਰਨੀ”। ਬਸ ਇਸ ਦਿਨ ਤੋਂ ਹੀ ਪਿਤਾ ਜੀ ਨੇ ਫੌਜ ਦੀ ਨੋਕਰੀ ਛੱਡ ਸਿੱਖ ਕੌਮ ਦੀ ਨੌਕਰੀ ਕਰਨ ਦੀ ਮਰਜੀ ਬਣਾ ਲਈ ਸੀ। ਇਹ ਉਹੀ ਜਨਰਲ ਦਿਆਲ ਸੀ ਜਿਸ ਨੇ 1984 ਵਿਚ ਸ਼੍ਰੀ ਹਰਮਿੰਦਰ ਸਾਹਿਬ ਤੇ ਫੌਜੀ ਹਮਲੇ ਦੌਰਾਨ ਇੰਡੀਆ ਦੀ ਫੌਜ ਦੀ ਅਗਵਾਈ ਕੀਤੀ ਸੀ। 1983 ਵਿਚ ਪਿਤਾ ਜੀ ਇੰਡੀਅਨ ਆਰਮੀ ਦੀ ਨੌਕਰੀ ਛੱਡ ਜਲੰਧਰ ਵਿਖੇ ਆਪਣੇ ਘਰ ਪਹੁਚ ਗਏ।

ਸਿੱਖ ਅਵਾਮ ਦੇ ਵਲਵੱਲੇ ਜ਼ਖਮੀ ਸਨ ਤੇ ਪੰਜਾਬ ਦੀ ਹਵਾ ਵਿਚ ਇਹ ਖੋਫ ਨੇ ਘਰ ਬਣਾ ਰੱਖਿਆ ਸੀ। ਇਹ ਜੂਨ 1984 ਤੇ ਨਵੰਬਰ 1984 ਤੋਂ ਬਾਅਦ ਦਾ ਉਹ ਸਮਾਂ ਸੀ ਜਿਸ ਵੇਲੇ ਸਿੱਖਾਂ ਦੇ ਹੋਰਦੇ ਵਲੂਧਰੇ ਹੋਏ ਸਨ ਅਤੇ ਉਹ ਆਪਣੀ ਰੂਹ ਉੱਤੇ ਲੱਗੇ ਜ਼ਖਮਾਂ ਦੇ ਤਾਪ ਤੋਂ ਤੜਫ ਰਹੇ ਸਨ। ਸ਼੍ਰੀ ਹਰਮਿੰਦਰ ਸਾਹਿਬ ਵਿਚ ਚਲਦੀਆਂ ਗੋਲੀਆਂ, ਦਿੱਲੀ ਵਿਚ ਸੜਦੇ ਸਿੱਖ ਤੇ ਫਿਰ ਪੰਜਾਬ ਵਿਚ “ਬੁਲਿਟ ਫਾਰ ਬੁਲਿਟ” ਸੋਚ ਅਤੇ ਲੰਮੇ ਸਮੇ ਤੱਕ ਚਲਣ ਵਾਲਾ ਝੂਠੇ ਪੁਲਿਸ ਮੁਕਾਬਲਿਆਂ ਦਾ ਦੌਰ। ਇਹ ਸੱਭ ਇਕ ਸਾਜ਼ਿਸ਼ ਅਧੀਨ ਇੰਡੀਆ ਨੂੰ ਅਜਾਦ ਕਰਵਾਉਣ ਵਾਲੇ ਸਿੱਖਾਂ ਦੇ ਨਾਲ ਕੀਤਾ ਜਾ ਰਿਹਾ ਸੀ। 1984 ਵਿਚ ਪਹਿਲੀ ਵਾਰ ਮੇਰੀ ਸੋਚ ਉਮਰ ਦੀ ਇਕ ਦਹਿਲੀਜ ਨੂੰ ਟੱਪ ਕੇ ਵਿਹੜੇ ਤੋਂ ਬਾਹਰ ਆਈ ਸੀ। 1984 ਦਾ ਉਹ ਦਿਨ ਮੈਨੂੰ ਕਦੇ ਨਹੀਂ ਭੁਲੇਗਾ ਜਿਸ ਦਿਨ ਸ਼੍ਰੀ ਹਰਿਮੰਦਰ ਸਾਹਿਬ ਉੱਤੇ ਹਮਲਾ ਕੀਤਾ ਗਿਆ ਅਤੇ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਪਾ ਦਿਤਾ। ਉਸ ਦਿਨ ਪਹਿਲੀ ਵਾਰ ਮੈਂ ਪਿਤਾ ਜੀ ਨੂੰ ਬਹੁਤ ਬੇਚੇਨ ਵੇਖੀਆ ਸੀ। ਪਿਤਾ ਜੀ ਰੇਡੀਉ ਨੂੰ ਕੰਨ ਨਾਲ ਲਾਈ ਲਗਤਾਰ ਵਿਹੜੇ ਦੇ ਚਕਰ ਕੱਟ ਰਹੇ ਸਨ ਤੇ ਖਬਰਾਂ ਦੇ ਹਰ ਸ਼ਬਦ ਨੂੰ ਧਿਆਨ ਨਾਲ ਸੁਣ ਰਹੇ ਸਨ। ਉਸ ਰਾਤ ਪਿਤਾ ਜੀ ਨੇ ਰੋਟੀ ਨਹੀਂ ਸੀ ਖਾਦੀ ਤੇ ਮੈ ਬੈਂਤ ਦੀ ਚਿਟੀ ਕੁਰਸੀ ਤੇ ਬੈਠਾ ਆਪਣੇ ਘਰ ਦੇ ਵਿਹੜੇ ਵਿਚ ਲਗੇ ਬੱਲਬ ਤੇ ਵੱਜਦੇ ਭਮਕੜਾਂ ਵੱਲ ਵੇਖ ਰਿਹਾਂ ਸੀ ਕਿ ਕਿਸ ਤਰਾਂ ਰੋਸ਼ਨੀ ਦੇ ਪ੍ਰਵਾਨੇ ਰੌਸ਼ਨੀ ਖਾਤਰ ਆਪਣੀ ਜਾਣ ਗਵਾ ਰਹੇ ਸਨ।

8 ਅਗਸਤ 1986 ਦਾ ਦਿਨ ਵੀ ਆਇਆ ਤੇ ਸਾਡੇ ਘਰ ਦੇ ਬਾਹਰ 150-200 ਪੁਲਿਸ ਤੇ ਸੀ.ਆਰ. ਪੀ ਵਾਲੇ ਬੰਦੂਕਾਂ ਲਈ ਖਲੋਤੇ ਭਾਈ ਮਨਬੀਰ ਸਿੰਘ ਚਹੇੜੂ ਨੂੰ ਲੱਭ ਰਹੇ ਸਨ। ਇਸ ਦਿਨ ਤੋਂ ਪਿਤਾ ਜੀ ਦੀ ਜੇਲ ਯਾਤਰਾ ਸ਼ੁਰੂ ਹੋਈ। ਪਿਤਾ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਪੰਜਾਬ ਪੁਲੀਸ ਦੇ ਡੀ.ਜੀ.ਪੀ. ਰਿਬੇਰੋ ਦਾ ਬਿਆਨ ਲਗਿਆ ਕੇ “ਮੈਂ ਸੋਨੇ ਦੀ ਖਾਨ ਫੜ ਲਈ ਹੈ” ਅਤੇ ਹੁਣ ਸਿੱਖ ਸੰਘਰਸ਼ ਖਤਮ ਹੋ ਗਿਆ ਹੈ। ਦੂਸਰੇ ਦਿਨ ਰਿਬੇਰੋ ਸਾਡੇ ਘਰ ਉਤੇ ਹੈਲੀਕੋਪਟਰ ਵਿਚ ਗੇੜੇ ਮਾਰਦਾ ਰਿਹਾ।

ਜਲੰਧਰ ਦਾ ਸਦਰ ਪੁਲਿਸ ਸਟੇਂਸ਼ਨ, ਅੰਮ੍ਰਿਤਸਰ ਸੀ.ਆਈ.ਏ. ਸਟਾਫ, ਜਲੰਧਰ ਸੇਂਟਰਲ ਜੇਲ, ਸੰਗਰੂਰ, ਨ੍ਹਾਭਾ ਤੇ ਫਿਰ ਪਟਿਆਲੇ ਦੀ ਜੇਲ੍ਹ ਤੱਕ ਦਾ ਦੌਰ ਸ਼ੂਰੁ ਹੋਇਆ। ਇਸ 1986-1988 ਦੇ ਦੌਰ ਵਿਚ ਪਿਤਾ ਜੀ ਹਮੇਸ਼ਾਂ ਹਸਮੁਖ ਅਤੇ ਚ੍ਹੜਦੀਕਲਾ ਵਿਚ ਰਹੇ। ਮੁਲਾਕਾਤ ਦੌਰਾਨ ਮੁਲਾਕਾਤ ਕੋਠੜੀ ਦੀ ਜਾਲੀ ਦੇ ਇਸ ਪਾਰ ਬੈਠਾ ਮੈਂ ਜਦ ਪਿਤਾ ਜੀ ਦਾ ਹੰਸੁ-ਹੰਸੁ ਕਰਦਾ ਚਿਹਰਾ ਵੈਖਦਾ ਤਾਂ ਮੈਨੂੰ ਹਮੇਸ਼ਾ ਤਾਂਘ ਉਠੱਦੀ ਕਿ ਮੈਂ ਵੀ ਏਸ ਅਦਮੀ ਵਾਂਗ ਬਣ ਸਕਾਂ। ਜੇਲ ਤੋਂ ਪਿਤਾ ਜੀ ਹਰ ਹਫਤੇ ਇਕ ਚਿਠੀ ਲਿਖਦੇ ਜਿਸ ਵਿਚ ਮੈਨੂੰ ਆਪਣੀ ਭੈਣ ਤੇ ਮਾਂ ਦਾ ਖਿਆਲ ਰੱਖਣ ਦੀ ਹਦਾਇਤ ਹੁੰਦੀ। ਮੈਂ 12 ਸਾਲਾਂ ਦੀ ਉਮਰ ਵਿਚ ਬੁਢਾ ਹੋਣ ਲੱਗ ਪਿਆ ਸਾਂ ਤੇ ਹੁਣ ਮੈਨੂੰ ਵਾਕੀਲਾਂ ਕੋਲੋਂ ਕਾਨੂੰਨੀ ਕਰਵਾਈ ਦੇ ਦਾਅ ਪੈਚ ਵੀ ਆਉਣ ਲੱਗ ਪਏ ਸਨ। ਸੀਨੀਆਰ ਅਕਾਲੀ ਨੇਤਾ ਸਰਦਾਰ ਕੁਲਦੀਪ ਸਿੰਘ ਵਾਡਾਲਾ ਮੇਰੀ ਛੋਟੀ ਉਮਰ ਵਿਚ ਜੇਲ-ਕਚਿਹਰੀ ਦੇ ਗੇੜਿਆਂ ’ਤੇ ਹਾਸਾ ਮਜਾਕ ਵੀ ਕਰਦੇ ਤੇ ਕਦੇ ਕਦੇ ਮੇਰੇ ਨਾਲ ਪਿਤਾ ਜੀ ਨੂੰ ਮਿਲਨ ਲਈ ਤਰੀਕ ’ਤੇ ਵੀ ਪਹੁੰਚ ਜਾਂਦੇ।

ਠੰਡ ਦੇ ਮੌਸਮ ਵਿਚ ਪਿਤਾ ਜੀ ਜੇਲ੍ਹ ਵਿਚ ਕਾਲੇ ਰੰਗ ਦੀ ਲ੍ਹੋਈ ਲੈ ਕੇ ਰੱਖਦੇ ਤੇ ਜੱਦ ਵੀ ਅਸੀਂ ਸੰਗਰੂਰ ਜੇਲ ਵਿਚ ਪਿਤਾ ਜੀ ਦੀ ਮੁਲਾਕਾਤ ਲਈ ਜਾਂਦੇ ਤਾਂ ਸੀ.ਆਰ.ਪੀ. ਵਾਲੇ ਕਾਹਿੰਦੇ “ਜੇਹ ਕਾਲੀ ਕੰਬਲੀ ਵਾਲੇ ਸੇ ਮਿਲਨੇ ਆਏ ਹੈ”। ਪਿਤਾ ਜੀ ਦੀ ਕਾਲੀ ਲ੍ਹੋਈ ਕਾਫੀ ਮਸ਼ਹੂਰ ਹੋ ਚੁਕੀ ਸੀ ਤੇ ਮੇਰੀ ਉਹਨਾ ਦੇ ਕਦਮਾਂ ’ਤੇ ਚਲਣ ਦੀ ਤਾਂਗ ਹੋਰ ਮਜਬੂਤ ਹੁੰਦੀ ਜਾ ਰਹੀ ਸੀ। ਏਸੇ ਦੌਰਾਨ ਸੰਗਰੂਰ ਜ੍ਹੇਲ ਵਿਚ ਗੋਲੀ ਚੱਲੀ ਸੀ ਤੇ ਦੋ ਸਿੰਘਾਂ ਦੇ ਮਾਰੇ ਜਾਣ ਦੀ ਖਬਰ ਆਈ ਸੀ ਪਰ ਇਹ ਨਹੀਂ ਸੀ ਪਤਾ ਲੱਗ ਰਿਹਾ ਕਿ ਕਿਹੜੇ ਸਿੰਘ ਗੋਲੀ ਦਾ ਸ਼ਿਕਾਰ ਹੋਏ ਹਨ। ਮੇਰੀ ਮਾਂ ਨੇ ਪਿਤਾ ਜੀ ਦੀ ਚ੍ਹੜਦੀ ਕਲਾ ਲਈ ਪਾਠ ਸੁੱਖਿਆ ਤੇ ਕਾਫੀ ਦਿਨਾਂ ਬਾਅਦ ਪਿਤਾ ਜੀ ਦੀ ਸਲਾਮਤੀ ਦੀ ਖਬਰ ਅਈ ਤਾਂ ਮਾਤਾ ਜੀ ਨੇ ਜਲੰਧਰ ਦੇ ਮਾਡਲ ਟਾਉਨ ਗੁਰਦੁਵਾਰੇ ਵਿਚ ਪਾਠ ਰਖਵਾਉਣਾ ਚਹਿਆ ਅਤੇ ਲੰਗਰ ਦੀ ਰਸਦ ਤੇ ਮਇਆ ਗੁਰੁ ਘਰ ਵਿਚ ਪਹੁੰਚਾ ਦਿਤੀ ਪਰ ਜਿਸ ਵੇਲੇ ਗੁਰੂਘਰ ਦੇ ਪ੍ਰਬੰਧਕਾਂ ਨੇ ਪਾਠ ਰਖਣ ਤੋ ਇਨਕਾਰ ਕਰ ਦਿੱਤਾ ਤੇ ਮਾਤਾ ਜੀ ਨੂੰ ਰਸਦ ਵਾਪਿਸ ਲਿਜਾਣ ਨੂੰ ਕਿਹਾ ਤਾਂ ਮਾਤਾ ਜੀ ਰਸਦ ਗੁਰੂਘਰ ਵਿਚ ਛੱਢ ਕੇ ਚਲੇ ਗਏ। ਫਿਰ ਉਹਨਾ ਘਰ ਵਿਚ ਹੀ ਪਾਠ ਕੀਤਾ। ਉਸ ਦਿਨ ਸਾਡੀ ਮਨਸਿਕਤਾ ਨੂੰ ਭਾਰੀ ਸਟ ਵੱਜੀ ਸੀ। ਬਸ ਗੁਰੂਘਰ ਦਾ ਇਕ ਪ੍ਰਮੁੱਖ ਗ੍ਰੰਥੀ ਸਾਡੇ ਹੱਕ ਵਿਚ ਖਲੋਤਾ ਸੀ। ਸਮਾਂ ਬੀਤਦਾ ਗਿਆ, ਪਿਤਾ ਜੀ ਦੀਆਂ ਜੇਲ੍ਹਾਂ ਬਦਲਦੀਆਂ ਰਹੀਆਂ। 1988 ਵਿਚ ਪਿਤਾ ਜੀ ਆਪਣੇ ਉਤੇ ਪਾਏ ਕੇਸਾਂ ਵਿਚੋਂ ਬਾਰੀ ਹੋ ਗਏ ਪਰ ਪੁਲਿਸ ਨੇ ਫਿਰ ਝੂਠਾ ਕੇਸ ਪਾ ਵਾਪਿਸ ਜੰਲਧਰ ਸਦਰ ਪੁਲਿਸ ਸਟੇਸ਼ਨ ਭੇਜ ਦਿਤਾ। ਉਹਨਾ ਦਿਨਾਂ ਵਿਚ ਹੀ ਪਿਤਾ ਜੀ ਦੀ ਜਮਾਨਤ ਦੀ ਗੱਲਬਾਤ ਸ਼ੁਰੂ ਹੋਈ ਤੇ ਫਿਰ ਇਕ ਦਿਨ ਜਦ ਮੈਂ ਸਵੇਰ ਦੀ ਰੋਟੀ ਲੈ ਕੇ ਜਲੰਧਰ ਸਦਰ ਥਾਣੇ ਪਾਹੁੰਚਿਆ ਤਾਂ ਸੰਤਰੀ ਨੇ ਦਸਿਆ ਕੇ ਮੇਰੇ ਪਿਤਾ ਜੀ ਨੂੰ ਰਾਤ ਨੂੰ ਹੀ ਛੱਡ ਦਿਤਾ ਗਿਆ ਹੈ। ਪਰ ਪਿਤਾ ਜੀ ਤਾਂ ਰਾਤੀਂ ਘਰ ਨਹੀਂ ਸੀ ਪਹੁੰਚੇ ਤੇ ਸਾਨੂੰ ਯਾਕੀਨ ਹੋ ਗਿਆ ਸੀ ਕੇ ਪਿਤਾ ਜੀ ਦਾ ਮੁਕਾਬਲਾ ਬਣਾ ਦਿਤਾ ਗਿਆ ਹੈ। ਤਕਰੀਬਨ 8-10 ਦਿਨਾਂ ਬਾਅਦ ਕਾਫੀ ਨੱਠ ਭੱਜ ਕਰ ਕੇ ਸਰਦਾਰ ਮਹਿੰਦਰ ਸਿੰਘ ਚਹੇੜੂ ਨੇ ਪਿਤਾ ਜੀ ਨੂੰ ਜਲੰਧਰ ਛਾਉਣੀ ਪੁਲਿਸ ਸਟੇਸ਼ਨ ਵਿਚ ਲੱਭ ਲਿਆ। ਪਿਤਾ ਜੀ ਦੋ ਸਾਲ ਐਨ. ਐਸ. ਏ (ਨੈਂਸ਼ਨਲ ਸਿਕਿਉਰੀਟੀ ਐਕਟ) ਅਧੀਨ ਜੇਲ ਕੱਟ 1988 ਵਿਚ ਘਰ ਪਰਤ ਆਏ ਸਨ। ਪਟਿਆਲੇ ਜੇਲ ਵਿਚ ਪਿਤਾ ਜੀ ਨੂੰ ਰਿਹਾ ਕਰਨ ਵੇਲੇ ਪੁਰੀ ਜੇਲ੍ਹ “ਬੋਲੇ ਸੋ ਨਿਹਾਲ” ਦੇ ਜੈਕਾਰਿਆ ਨਾਲ ਗੂੰਜ ਰਹੀ ਸੀ ਤੇ ਫਿਰ ਗੁਰਦੁਆਰਾ ਸ਼੍ਰੀ ਦੁਖ ਨਿਵਾਰਨ ਵਿਚ ਸਰਦਾਰ ਕਰਨੈਲ ਸਿੰਘ ਪੰਜੋਲੀ ਅਤੇ ਹੋਰ ਸਿੰਘਾਂ ਵਾਲੋਂ ਪਿਤਾ ਜੀ ਦਾ ਸਨਮਾਨ ਕੀਤਾ ਗਿਆ।

“ਸੀਨੇ ਖਿੱਚ ਜਿਹਨਾ ਨੇ ਖਾਧੀ, ਉਹ ਕਰ ਅਰਾਮ ਨਹੀਂ ਬਹਿੰਦੇ” ਦੀ ਕਹਾਵਤ ਮੁਤਾਬਿਕ ਪਿਤਾ ਜੀ ਜੇਲ੍ਹ ਤੋਂ ਰਿਹਾਅ ਹੋ ਸਿੱਖ ਸਿਆਸੀ ਅਤੇ ਮਨੁੱਖੀ ਹੱਕਾਂ ਦੀਆਂ ਸਰਗਰਮੀਆਂ ਵਿਚ ਹਿਸਾ ਲੈਣ ਲੱਗ ਪਏ ਤੇ ਫਿਰ ਇਕ ਦਿਨ ਸਰਦਾਰ ਜਸਬੀਰ ਸਿੰਘ ਰੋਡੇ ਵਲੋੰ ਸ਼੍ਰੀ ਹਰਮਿੰਦਰ ਸਾਹਿਬ ਭਵਨ ਸਮੂਹ ਵਿਖੇ ਸੱਦੀ ਇਕ ਇਕੱਤਰਤਾ ਵਿਚ ਪਹੁੰਚ ਗਏ। ਉਹਨਾ ਦੇ ਨਾਲ ਮੇਰੇ ਮਾਸੜ ਅਤੇ ਸੰਤ ਸਿਪਾਹੀ ਫਰੰਟ ਦੇ ਕਨਵੀਨਰ ਕਰਨਲ ਹਰਬੰਤ ਸਿੰਘ ਕਾਹਲੋਂ ਵੀ ਸਨ। ਸ਼੍ਰੀ ਦਰਬਾਰ ਸਾਹਿਬ ਪਹੁੰਚ ਕੇ ਸਰਦਾਰ ਜਸਬੀਰ ਸਿੰਘ ਰੋਡੇ ਤਾਂ ਨਹੀਂ ਮਿਲੇ ਪਰ ਪੁਲਿਸ ਨੇ ਸ਼੍ਰੀ ਹਰਮਿੰਦਰ ਸਾਹਿਬ ਨੂੰ ਘੇਰਾ ਪਾ ਲਿਆ ਤੇ ਬਲੈਕ ਥੰਡਰ–2 ਸ਼ੂਰੁ ਹੋ ਗਿਆ। ਪਿਤਾ ਜੀ ਨੇ ਸਾਨੂੰ ਆ ਕੇ ਦਸਿਆ ਸੀ ਕਿ ਅਸੀਂ ਅਜੇ ਦਰਬਾਰ ਸਾਹਿਬ ਮੱਥਾ ਹੀ ਟੇਕ ਰਹੇ ਸੀ ਕਿ ਗੋਲੀ ਚਲਣਾ ਸ਼ੁਰੂ ਹੋ ਗਈ। ਪਿਤਾ ਜੀ ਸ਼ਰਧਾਲੁਆਂ ਦੇ ਨਾਲ ਲੱਗ ਕੇ ਬਾਹਰ ਆ ਗਏ ਅਤੇ ਦੂਸਰੇ ਦਿਨ ਮੇਰੇ ਨਾਨਕੇ ਪਿੰਡ ਸ਼ੇਰ ਸਿੰਘ ਵਾਲੇ ਪਹੁੰਚੇ।

ਸਮਾਂ ਆਪਣੀ ਚਾਲੇ ਚਲਦਾ ਰਿਹਾ। ਸਿੱਖ ਜਵਾਨੀ ਮੁਕਾਬਲਿਆ ਵਿਚ ਖਤਮ ਕੀਤੀ ਜਾ ਰਹੀ ਸੀ ਤੇ ਬੁਢਾਪਾ ਉਜੜੇ ਵਿਹੜਿਆਂ ਵਿਚ ਵਿਲਕ ਪਿੱਛੇ ਰਹਿ ਰਿਹਾ ਸੀ। ਇਸ ਦੌਰ ਵਿਚ ਪਿਤਾ ਜੀ ਦਮਦਮੀ ਟਕਸਾਲ ਦੇ ਬਾਬਾ ਠਾਕੁਰ ਸਿੰਘ ਜੀ ਦੇ ਬਹੁਤ ਕਰੀਬ ਆ ਗਏ ਸਨ ਤੇ ਬਾਬਾ ਜੀ ਵੀ ਪਿਤਾ ਜੀ ਦੀ ਬਹੁਤ ਕਦਰ ਕਰਦੇ ਸਨ। ਪਿਤਾ ਜੀ ਇਕ ਸੇਵਾਦਾਰ ਬਣ ਕੇ ਬਾਬਾ ਜੀ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਮਿਲ ਸਿੱਖਾਂ ਦੀ ਸੇਵਾ ਵਿਚ ਲੱਗ ਗਏ।

ਫਿਰ ਇਕ ਦਿਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪਿਤਾ ਜੀ ਨੂੰ ਥਾਣਿਆ ਦਾ ਘਿਰਾਉ ਕਰਕੇ ਝੂਠੇ ਪੁਲਿਸ ਮੁਕਾਬਲਿਾ ਵਿਚ ਮਰੇ ਸਿੰਘਾਂ ਦੀਆਂ ਲਾਸ਼ਾਂ ਲੈਣਾ ਅਤੇ ਸਿੰਘਾਂ ਦੇ ਭੋਗਾਂ ਤੇ ਜਾ ਕੇ ਸਿਰੋਪਉ ਭੇਂਟ ਕਰਨ ਦਾ ਕੰਮ ਸੌਂਪ ਦਿੱਤਾ। ਇਹ ਕੰਮ ਕਰਨ ਨੂੰ ਅਕਾਲੀ ਦਲ ਮਾਨ ਵਿਚੋਂ ਕੋਈ ਵੀ ਆਦਮੀ ਅੱਗੇ ਨਹੀ ਸੀ ਆਇਆ ਕਿਉਂਕਿ ਇਹ ਪੁਲਿਸ ਨਾਲ ਸਿਧੀ ਟੱਕਰ ਸੀ।

ਪਿਤਾ ਜੀ ਆਪਣੇ ਕੰਮ ਵਿਚ ਜੁੱਟ ਗਏ ਤੇ ਦਿਨ-ਰਾਤ ਬਾਹਰ ਰਹਿਣ ਲੱਗ ਪਏ ਸਨ। ਜਲੰਧਰ, ਹੁਸ਼ਿਆਰਪੁਰ ਤੇ ਕਪੂਰਥਲੇ ਜਿਲ੍ਹਿਆਂ ਵਿਚ ਦੋ ਸੌ ਤੋਂ ਵੱਧ ਨੌਜਵਾਨਾਂ ਨੂੰ ਜੇਲਾਂ ਚੋਂ ਛੁਡਾ ਕੇ ਘਰ-ਘਰ ਪਹੁੰਚਾਇਆ ਤਾਂ ਜੋ ਪੁਲਿਸ ਉਹਨਾ ਨੂੰ ਰਾਹ ਵਿਚੋਂ ਹੀ ਫਿਰ ਨਾ ਫੜ ਲਵੇ। ਇਸ ਗੱਲ ਦਾ ਸਾਨੂੰ ਪਿਤਾ ਜੀ ਦੇ ਭੋਗ ਤੇ ਪਤਾ ਲਗਾ ਜਦ ਅਣਜਾਣ ਲੋਕਾਂ ਦੀਆਂ ਵੱਖ-ਵੱਖ ਪਿੰਡਾ ਵਿਚੋਂ ਟਰਾਲੀਆਂ ਭਰ ਕੇ ਆ ਰਹੀਆ ਸਨ। ਇਹ ਉਹ ਲੋਕ ਸਨ ਜਿਹਨਾਂ ਦੇ ਬੱਚਿਆ ਨੂੰ ਪਿਤਾ ਜੀ ਝੂਠੇ ਮੁਕਾਬਲੇ ਦਾ ਸ਼ਿਕਾਰ ਹੋਣ ਤੋਂ ਪਹਿਲਾਂ ਪੁਲਿਸ ਤੋਂ ਬਚਾਕੇ ਘਰੀਂ ਛੱਡ ਕੇ ਆਏ ਸਨ। ਪਿਤਾ ਜੀ ਨੇ 1990 ਦੀਆਂ ਟਾਟਟ ਇਲੇਕਸ਼ਨਸ ਵਿਚ ਬੀਬੀ ਬਿਮਲ ਕੌਰ ਖਾਲਸਾ, ਭਾਈ ਧਿਆਨ ਸਿੰਘ ਮੰਡ, ਹਰਬਜਨ ਸਿੰਘ ਲਾਖਾ ਤੇ ਸਰਦਾਰ ਮਾਨ ਨਾਲ ਡੱਟ ਕੇ ਕੰਮ ਕੀਤਾ। ਪਿਤਾ ਜੀ ਨੂੰ ਐਮ. ਪੀ ਦੀ ਚੋਣ ਲੜਨ ਨੂੰ ਅਖਿਆ ਗਿਆ ਤਾ ਉਹਨਾ ਦਾ ਜਵਾਬ ਸੀ ਕਿ ਮੈਨੂੰ ਲੀਡਰੀ ਨਹੀਂ ਚਾਹਿਦੀ, ਮੈਂ ਪੰਥ ਦਾ ਸੇਵਾਦਾਰ ਹਾ ਜਿਥੇ ਵੀ ਹੁਕਮ ਹੋਏਗਾ ਮੈਂ ਉਥੇ ਸੇਵਾ ਕਰਨ ਜਾ ਪਹੁੰਚਾਗਾ। ਪਿਤਾ ਜੀ ਹਨੇ੍ਰੇ ਸਵੇਰੇ ਹਰ ਕਿਸੇ ਕਾ ਕੰਮ ਕਰਨ ਲਈ ਤੁਰ ਪੈਂਦੇ।

 ਅਖੀਰ ਪੁਲਿਸ ਇਕ ਫੌਜੀ ਅਫਸਰ ਰਹਿ ਚੁਕੇ ਇਨਸਾਨ ਦੇ ਰੋਹਬ ਅਤੇ ਦ੍ਰਿੜਤਾ ਅਗੇ ਝੁੱਕ ਝੁੱਕ ਕੇ ਥੱਕ ਗਈ ਸੀ ਤੇ ਪਿਤਾ ਜੀ ਦਾ ਸਿੱਖ ਬੱਚਿਆਂ ਨੂੰ ਬਚਾਉਣ ਤੋ ਪੁਲਿਸ ਤੰਗ ਆ ਚੁਕੀ ਸੀ। ਆਖੀਰ 23 ਜੂਨ 1990 ਨੂੰ ਪੁਲਿਸ “ਕੇਟਸ” ਨੇ ਜਲੰਧਰ ਵਿਚ ਘਰੇ ਆ ਕੇ ਪਿਤਾ ਜੀ ਨੂੰ ਸ਼ਹੀਦ ਕਰ ਦਿਤਾ। ਪਿਤਾ ਜੀ ਦੇ ਦੋ ਗੋਲੀਆ ਲੱਗੀਆ ਸਨ ਪਰ ਫਿਰ ਵੀ ਆਪ ਹੀ ਚੱਲ ਕੇ ਕਾਰ ਵਿਚ ਬੈਠੇ ਤੇ ਆਪ ਹੀ ਡਕਟਰ ਦੀ ਦੁਕਾਨ ਅਗੇ ਤੁਰਦੇ ਰਹੇ। ਜਲੰਧਰ ਪੁਲਿਸ ਨੂੰ ਗੋਲੀ ਚਲਨ ਦੀ ਖਬਰ ਹੋ ਚੁੱਕੀ ਸੀ ਤੇ ਪੁਲਿਸ ਦੀ ਇਕ ਪਾਇਲਟ ਜੀਪ ਸਾਡੀ ਕਾਰ ਦੇ ਅੱਗੇ ਰਸਤਾ ਸਾਫ ਕਰਦੀ ਹੋਈ ਹਸਪਤਾਲ ਜਲਦੀ ਪਹੁੰਚਣ ਦੀ ਕੋਸ਼ਿਸ਼ ਵਿਚ ਸੀ। ਪਿਤਾ ਜੀ ਰਸਤੇ ਵਿਚ ਦਮ ਤੋੜ ਗਏ। ਪੰਜਾਬ ਪੁਲਿਸ ਦੀ ਪਾਇਲਟ ਜੀਪ ਵਿਚੋਂ ਨਿਕਲੇ ਕੁਝ ਸਿੱਖ ਸਿਪਾਹੀਆਂ ਦੀਆਂ ਅੱਖਾਂ ਵਿਚ ਅੱਥਰੂ ਸਨ ਜੋ ਸਾਫ ਜ਼ਾਹਿਰ ਕਰ ਰਹੇ ਸਨ ਕੀ ਕੁਝ ਸਿੱਖ ਪੰਜਾਬ ਪੁਲਿਸ ਵਾਲੇ ਵੀ ਸਿੱਖਾਂ ਤੇ ਹੁੰਦੇ ਅਤਿਆਚਾਰ ਤੋਂ ਤੰਗ ਸਨ। ਪਿਤਾ ਜੀ ਦੀ ਸ਼ਹਾਦਤ ਨੇ ਮੈਨੂੰ ਇਕ ਅਜੀਬ ਦਲੇਰੀ ਦਿਤੀ ਤੇ ਮੈਨੂੰ ਸ਼ਹੀਦ ਦਾ ਪੁੱਤ ਹੋਣ ਦਾ ਮਾਣ ਬਖਸ਼ਿਆ। 24 ਜੂਨ 1990 ਦੀ ਜਲੰਧਰ ਤੋ ਛਪਦੀ ਅਜੀਤ ਅਖਬਾਰ ਦੇ ਮੁੱਖ ਸਾਫੇ ਤੇ ਪਿਤਾ ਜੀ ਦੀ ਤਸਵੀਰ ਦੇ ਨਾਲ ਸੁਰਖੀ ਸੀ “ਪੰਜਾਬ ਵਿਚ ਅਕਾਲੀ ਆਗੂ ਸਮੇਤ 13 ਵਿਅਕਤੀ ਹਲਾਕ” ਤੇ ਖਬਰ ਸੀ ਕੇ ਅਕਾਲੀ ਦਲ ਮਾਨ ਦੇ ਸੀਨੀਅਰ ਐਗਜੈਕਟੀਵ ਮੈਂਬਰ ਮੇਜਰ ਬਲਦੇਵ ਸਿੰਘ ਘੁੰਮਣ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਹਲਾਕ।

0 0 votes
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x