ਸਿੱਖ ਇਤਿਹਾਸ ਰੀਸਰਚ ਬੋਰਡ ਦਾ ਮਹਾਨ ਖੋਜੀ ਭਾਈ ਰਣਧੀਰ ਸਿੰਘ ਡੂਮਛੇੜੀ

ਸਿੱਖ ਇਤਿਹਾਸ ਰੀਸਰਚ ਬੋਰਡ ਦਾ ਮਹਾਨ ਖੋਜੀ ਭਾਈ ਰਣਧੀਰ ਸਿੰਘ ਡੂਮਛੇੜੀ

ਦੁਨੀਆ ਦੇ ਇਤਿਹਾਸ ਦਾ ਅਧਿਐਨ ਕਰਨ ਉਪਰੰਤ ਪਤਾ ਲੱਗਦਾ ਹੈ ਕਿ ਹਰੇਕ ਕੌਮ ਵਿਚ ਕੁਝ ਅਜਿਹੇ ਵਿਅਕਤੀ ਪੈਦਾ ਹੁੰਦੇ ਹਨ ਜੋ ਕੁਝ ਵਿਲੱਖਣ ਕਾਰਨਾਮੇ ਕਰਕੇ ਇਤਿਹਾਸ ਦੇ ਪੰਨਿਆਂ ਉੱਤੇ ਆਪਣਾ ਨਾਂ ਛੱਡ ਜਾਂਦੇ ਹਨ। ਕੋਈ ਯੋਧੇ ਦੇ ਰੂਪ ਵਿਚ, ਕੋਈ ਦਰਦਵੰਦਾਂ ਦੀ ਸੇਵਾ ਕਰਨ ਵਿਚ ਤੇ ਕੋਈ ਕਲਮ ਦੇ ਖੇਤਰ ਵਿਚ ਇਕ ਆਦਰਸ਼ਮਈ ਸ਼ਖ਼ਸੀਅਤ ਬਣ ਜਾਂਦੇ ਹਨ। ਸਿੱਖ ਧਰਮ ਵਿਚ ਸਿੱਖ ਇਤਿਹਾਸ ਦੀ ਖੋਜ ਦੇ ਖੇਤਰ ਵਿਚ ਯੋਗਦਾਨ ਪਾਉਣ ਵਾਲੀ ਅਜਿਹੀ ਹੀ ਮਹਾਨ ਸ਼ਖ਼ਸੀਅਤ ਦਾ ਜ਼ਿਕਰ ਮਿਲਦਾ ਹੈ ਜਿਨ੍ਹਾਂ ਨੂੰ ਭਾਈ ਰਣਧੀਰ ਸਿੰਘ ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਭਾਈ ਰਣਧੀਰ ਸਿੰਘ ਨੇ ਆਪਣਾ ਜੀਵਨ ਨਿੱਜ ਤੋਂ ਉਪਰ ਉਠ ਕੇ ਸਿੱਖ ਸਾਹਿਤ ਦੀ ਖੋਜ ਕਰਦਿਆਂ ਬਤੀਤ ਕੀਤਾ।

ਭਾਈ ਰਣਧੀਰ ਸਿੰਘ ਦਾ ਜਨਮ ਪਿੰਡ ਡੂਮਛੇੜੀ ਵਿਚ ਹੋਇਆ। ਇਹ ਪਿੰਡ ਮੋਰਿੰਡਾ ਤੋਂ ਲਗਪਗ ਪੰਜ ਕੁ ਕਿਲੋਮੀਟਰ ਦੀ ਦੂਰੀ ਉੱਪਰ ਸਥਿਤ ਹੈ ਜੋ ਹੁਣ ਜ਼ਿਲ੍ਹਾ ਰੂਪਨਗਰ ਵਿਚ ਪੈਂਦਾ ਹੈ। ਇਸੇ ਹੀ ਪਿੰਡ ਵਿਚ ਮਹਾਨ ਸ਼ਖ਼ਸੀਅਤ ਭਾਈ ਰਣਧੀਰ ਸਿੰਘ ਨੇ ੨੧ ਜੁਲਾਈ ੧੮੯੮ ਈ. ਨੂੰ ਸਿੱਖ ਪਰਿਵਾਰ ਵਿਚ ਪਿਤਾ ਸ੍ਰ: ਬਿਸ਼ਨ ਸਿੰਘ ਦੇ ਘਰ ਮਾਤਾ ਜਾਤਣ ਦੀ ਕੁੱਖ ਤੋਂ ਜਨਮ ਲਿਆ। ਉਹਨਾਂ ਨੇ ਸਕੂਲੀ ਵਿਦਿਆ ਆਪਣੇ ਪਿੰਡ ਤੋਂ ਕੁਝ ਕਿਲੋਮੀਟਰ ਦੂਰ ਪਿੰਡ ਮਾਨਪੁਰ ਦੇ ਗੁਰਦੁਆਰੇ ਵਿਚ ਚੱਲ ਰਹੇ ਸਕੂਲ ਤੋਂ ਪ੍ਰਾਪਤ ਕੀਤੀ। ਮੁੱਢਲੀ ਵਿਦਿਆ ਉਹਨਾਂ ਨੇ ਬਹੁਤ ਔਖ ਵਿਚ ਪ੍ਰਾਪਤ ਕੀਤੀ। ਉਹ ਕੁਝ ਸਮਾਂ ਮਿਡਲ ਸਕੂਲ ਮੋਰਿੰਡਾ ਵਿਚ ਅਧਿਆਪਕ ਵੀ ਰਹੇ ਅਤੇ ਬਾਅਦ ਵਿਚ ੧੯੧੫ ਈ. ਨੂੰ ਫੌਜ ਦੀ ਨੌਕਰੀ ਵੀ ਕੀਤੀ। ਭਾਈ ਰਣਧੀਰ ਸਿੰਘ ਦਾ ਵਿਆਹ ਪਿੰਡ ਰਾਣਵਾਂ ਤੋਂ ਬੀਬੀ ਮਹਿੰਦਰ ਕੌਰ ਨਾਲ ਹੋਇਆ, ਜਿਹਨਾਂ ਦੀ ਕੁੱਖ ਤੋਂ ਪੰਜ ਪੁੱਤਰ ਅਤੇ ਇੱਕ ਧੀ ਨੇ ਜਨਮ ਲਿਆ।

ਭਾਈ ਰਣਧੀਰ ਸਿੰਘ ਡੂਮਛੇੜੀ ਨੇ ਪੱਤਰਕਾਰੀ ਵਿਚ ਵੀ ਆਪਣਾ ਵਿਸ਼ੇਸ਼ ਯੋਗਦਾਨ ਪਾਇਆ।

ਭਾਈ ਸਾਹਿਬ ਓਅੰਕਾਰ ਪ੍ਰਿੰਟਿੰਗ ਪ੍ਰੈਸ ਦੇ ਪ੍ਰਿੰਟਰ ਵਜੋਂ ਅਕਾਲੀ, ਅਕਾਲੀ ਉਰਦੂ, ਪਰਦੇਸੀ (ਪੰਜਾਬੀ), ਕਿਰਤੀ ਅਤੇ ਦੇਸ਼ ਦਰਪਣ ਅਖਬਾਰ ਦੇ ਸੰਪਾਦਕ ਵੀ ਰਹੇ।

ਭਾਈ ਰਣਧੀਰ ਸਿੰਘ ਨੂੰ “ਸਾਂਝੀ ਵਿਸਾਖੀ” ਦੇ ਲੇਖ ਲਿਖਣ ਕਾਰਨ ਕੁਝ ਸਮਾਂ ਜੇਲ੍ਹ ਵਿਚ ਵੀ ਕੱਟਣੀ ਪਈ (ਇਸ ਬਾਬਤ ਕੋਈ ੬ ਮਹੀਨੇ, ਕੋਈ ੨ ਸਾਲ ਅਤੇ ਕੋਈ ੭ ਸਾਲ ਜੇਲ੍ਹ ਕੱਟਣ ਬਾਰੇ ਲਿਖਦਾ ਹੈ) ਜੇਲ੍ਹ ਦੌਰਾਨ ਹੀ ਭਾਈ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਕੇ ਸ਼ਬਦਾਰਥ ਸ੍ਰੀ ਦਸਮ ਗ੍ਰੰਥ ਤਿਆਰ ਕੀਤਾ ਗਿਆ, ਜੋ ਬਾਅਦ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਛਾਪਿਆ।

ਭਾਈ ਰਣਧੀਰ ਸਿੰਘ ਜੀ ਦੀ ਜ਼ਿੰਦਗੀ ਵਿਚ ਅਹਿਮ ਅਤੇ ਮਹੱਤਵਪੂਰਨ ਮੋੜ ਉਦੋਂ ਆਇਆ ਜਦੋਂ ਉਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਬਤੌਰ ਇੰਸਪੈਕਟਰ ਵਜੋਂ ਸੇਵਾ ਸੰਭਾਲੀ। ਇਸ ਦੌਰਾਨ ਉਹਨਾਂ ਦੀ ਇਤਿਹਾਸ ਪ੍ਰਤੀ ਲਗਨ ਨੂੰ ਦੇਖਦਿਆਂ ਸਿੱਖ ਹਿਸਟਰੀ ਸੋਸਾਇਟੀ ਦੀਆਂ ਸੇਵਾਵਾਂ ਵੀ ਦਿੱਤੀਆਂ ਗਈਆਂ। ਆਪ ੧੯੬੪ ਈ. ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਖੋਜ ਕਾਰਜ ਕਰਦੇ ਰਹੇ। ਇਸ ਤੋਂ ਬਾਅਦ ਉਹਨਾਂ ਡਾ. ਗੰਡਾ ਸਿੰਘ ਦੀ ਬੇਨਤੀ ‘ਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਮਹੱਤਵਪੂਰਨ ਖੋਜ ਕਾਰਜਾਂ ਲਈ ਅਹੁੱਦਾ ਸੰਭਾਲਿਆ।

ਭਾਈ ਰਣਧੀਰ ਸਿੰਘ ਡੂਮਛੇੜੀ ਦਾ ਸੁਭਾਅ...

ਭਾਈ ਸਾਹਿਬ ਦਾ ਸੁਭਾਅ ਦਇਆਵਾਨ ਅਤੇ ਲੋੜਵੰਦਾਂ ਦੀ ਮਦਦ ਕਰਨ ਵਾਲਾ ਸੀ। ਉਹ ਜਿਥੇ ਕਿਤਾਬਾਂ ਨਾਲ ਜੁੜੇ ਹੋਏ ਸਨ ਉਥੇ ਹੀ ਉਹਨਾਂ ਦਾ ਜੀਵਨ ਸਮਾਜ ਲਈ ਪ੍ਰਭਾਵਸ਼ਾਲੀ ਸਖ਼ਸ਼ੀਅਤ ਵਾਲਾ ਸੀ।

ਇਸ ਬਾਬਤ ਉਹਨਾਂ ਦੀ ਬੇਟੀ ਦੇ ਬੋਲ ਉਹਨਾਂ ਦੇ ਸ਼ਖ਼ਸੀਅਤ ਦੀ ਚਮਕਦੀ ਤਸਵੀਰ ਦਿਖਾਉਂਦੇ ਹਨ:

“ਘਰ ਵਿਚ ਹਰ ਡੰਗ ਦੀ ਰੋਟੀ ਪੱਕਣ ਵੇਲੇ ਇਕ ਬੰਦੇ ਦੀ ਰੋਟੀ ਵਾਧੂ ਪਕਾਉਣ ਦੀ ਹਦਾਇਤ ਹੁੰਦੀ ਸੀ ਜੁ ਵੇਲੇ-ਕੁਵੇਲੇ ਕੋਈ ਘਰ ਆ ਜਾਵੇ, ਤਾਂ ਉਸ ਨੂੰ ਰੋਟੀ ਜ਼ਰੂਰ ਮਿਲੇ। ਭਾਈ ਸਾਹਿਬ ਦਰਦਵੰਦ ਇਨਸਾਨ ਸਨ । ਉਹ ਆਪਣੀ ਕਮਾਈ ਦਾ ਦਸਵੰਧ ਲੋੜਵੰਦਾਂ ਤੇ ਬੇਸਹਾਰਾ ਲੋਕਾਂ ਦੀ ਮਦਦ ਲਈ ਖਰਚ ਕਰਦੇ ਸਨ। ਕਈ ਵਾਰੀ ਤਨਖਾਹ ਵਿਚ ਪੂਰਾ ਨਾ ਪੈਂਦਾ ਤਾਂ ਉਹ ਪਿੰਡ ਤੋਂ ਪੈਸਾ ਮੰਗਵਾ ਲੈਂਦੇ ਸਨ। ਉਨ੍ਹਾਂ ਨੂੰ ਜੇਕਰ ਕੋਈ ਨਿਆਸਰਾ ਜਾਂ ਲਾਚਾਰ ਬੰਦਾ ਮਿਲਦਾ ਤਾਂ ਉਹ ਅਗਲੇ ਨੂੰ ਆਖਦੇ ਕਿ ਬਿਮਾਰੀ ਹੋ ਜਾਣ ‘ਤੇ ਜਾਂ ਬੁਢੇਪੇ ਵੇਲੇ ਜੇ ਕੋਈ ਹੋਰ ਠਾਹਰ ਨਾ ਮਿਲੇ ਤਾਂ ਉਹ ਉਸ ਦੇ ਘਰ ਆ ਜਾਵੇ। ਇਸ ਤਰ੍ਹਾਂ ਡੂਮਛੇੜੀ ਪਿੰਡ ਵਾਲੇ ਘਰ ਵਿਚ ਦੂਰ ਦੀ ਰਿਸ਼ਤੇਦਾਰੀ ਵਿਚੋਂ ਇਕ ਜੋਤਹੀਣ ਵਿਅਕਤੀ ਆਪਣੇ ਆਖਰੀ ਦਮ ਤੀਕ ਰਿਹਾ ”

ਭਾਈ ਸਾਹਿਬ ਦੀ ਸਾਹਿਤਕ ਦੇਣ:

੧) ਪ੍ਰੇਮ ਸੁਮਾਰਗ ਗ੍ਰੰਥ
੨) ਸਿੱਖ ਇਤਿਹਾਸ ਦੇ ਪ੍ਰਤੱਖ ਦਰਸ਼ਨ
੩)ਉਦਾਸੀ ਸਿੱਖਾਂ ਦੀ ਵਿਥਿਆ
੪)ਗੁਰ ਪ੍ਰਣਾਲੀਆਂ
੫)ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਬਦ-ਮੂਰਤਿ(ਦਸਵੇਂ ਪਾਤਸ਼ਾਹ ਕੇ ਗ੍ਰੰਥ) ਦਾ ਇਤਿਹਾਸ
੬) ਸ਼ਬਦਾਰਥ ਸ੍ਰੀ ਦਸਮ ਗ੍ਰੰਥ (ਤਿੰਨ ਭਾਗ)

ਇਹਨਾਂ ਕਾਰਜਾਂ ਤੋਂ ਇਲਾਵਾ ਭਾਈ ਰਣਧੀਰ ਸਿੰਘ ਦੀਆਂ ਹੋਰ ਮਹੱਤਵਪੂਰਨ ਕਿਤਾਬਾਂ ਅਤੇ ਖੋਜ-ਪੱਤਰ ਅਲੱਗ-ਅਲੱਗ ਰਸਾਲਿਆਂ ਵਿਚ ਛਪਦੇ ਰਹੇ ਹਨ। ਜੋ ਸਿੱਖ ਅਧਿਐਨ ਕਰਨ ਵਾਲੇ ਖੋਜਾਰਥੀਆਂ ਲਈ ਅਹਿਮ ਹਨ।
ਅਜਿਹੀ ਮਹਾਨ ਸ਼ਖ਼ਸੀਅਤ ਜਿਸ ਬਾਰੇ ਅਸੀਂ ਬਹੁਤ ਘੱਟ ਜਾਣਦੇ ਹਾਂ ਅਖੀਰ ੭ ਦਸੰਬਰ ੧੯੭੨ ਈ. ਨੂੰ ਵਾਹਿਗੁਰੂ ਦੇ ਦਿੱਤੇ ਸੁਆਸਾਂ ਨੂੰ ਭੋਗਦੇ ਹੋਏ ਸਦੀਵੀ ਵਿਛੋੜਾ ਦੇ ਗਏ। ਬੇਸ਼ੱਕ ਭਾਈ ਸਾਹਿਬ ਸਰੀਰਕ ਤੌਰ ‘ਤੇ ਸਾਡੇ ਵਿਚ ਨਹੀਂ ਹਨ ਪਰ ਉਹਨਾਂ ਦੀਆਂ ਰਚਨਾਵਾਂ ਅੱਜ ਵੀ ਸਾਡੇ ਲਈ ਚਾਨਣ ਮੁਨਾਰੇ ਦਾ ਕੰਮ ਕਰਦੀਆਂ ਹਨ।



 

0 0 votes
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x