ਮੱਤੇਵਾੜਾ: ਰਾਜਸਥਾਨ ਦੀ ਹੋਣੀ ਨੂੰ ਭੁੱਲੇ ਅਸੀਂ

ਮੱਤੇਵਾੜਾ: ਰਾਜਸਥਾਨ ਦੀ ਹੋਣੀ ਨੂੰ ਭੁੱਲੇ ਅਸੀਂ

ਅਸੀਂ ਭਾਰਤੀ ਲੋਕ ਇਤਿਹਾਸ ਤੋਂ ਸਬਕ ਨਹੀਂ ਸਿਖਦੇ। ਦਰਅਸਲ ਅਸੀਂ ਇਤਿਹਾਸ ਨੂੰ ਸੁਣਦੇ ਹਾਂ, ਪਰ ਇਸ ਤੋਂ ਮਿਲੀਆਂ ਸਿੱਖਿਆਵਾਂ ’ਤੇ ਅਮਲ ਨਹੀਂ ਕਰਦੇ। ਇਤਿਹਾਸ ਯਾਦ ਕਰਦੇ ਹਾਂ, ਮਹਿਜ਼ ਡਿਗਰੀਆਂ-ਰੁਤਬੇ ਅਤੇ ਰੋਜ਼ੀ-ਰੋਟੀ ਲਈ। ਕੁਦਰਤ ਨਾਲ ਸਬੰਧਿਤ ਤਾਂ ਕੀ, ਅਸੀਂ ਤਾਂ ਸਮਾਜਿਕ ਤੇ ਸਿਆਸੀ ਇਤਿਹਾਸ ਦੀ ਵੀ ਪੁਣਛਾਣ ਨਹੀਂ ਕਰਦੇ। ਹੇ ਜੰਗਲ! ਤੂੰ ਐਵੇਂ ਨਾ ਝੂਰ, ਬੜੇ ਅਕ੍ਰਿਤਘਣ ਹਾਂ ਅਸੀਂ!

ਜਾਪਦਾ ਹੈ ਕਿ ਅਸੀਂ ਹੱਥੀਂ ਉਜਾੜੇ ਰਾਜਸਥਾਨ ਦੀ ਹੋਣੀ ਨੂੰ ਭੁੱਲ ਗਏ ਹਾਂ। ਕਿਸੇ ਸਮੇਂ ਸਾਰੇ ਸਥਾਨਾਂ ’ਚੋਂ ਰਾਜ (ਸਿਰਮੌਰ) ਸਥਾਨ ਰੱਖਦਾ ਸਰਸਬਜ਼ ਇਹ ਖਿੱਤਾ ਕੁਝ ਹੀ ਦਹਿ-ਸਦੀਆਂ ਵਿਚ ਉਦੋਂ ਧੂੜ ’ਚ ਬਦਲ ਗਿਆ ਜਦ ਜੰਗਲ ਰੁੱਸ ਗਏ। ਤਵਾਰੀਖ਼ ਗਵਾਹ ਹੈ ਕਿ ਜ਼ਰੂਰੀ ਵਰਤੋਂ ਉਪਰੰਤ ਕੁਦਰਤੀ ਸੋਮਿਆਂ ਦੀ ਮੁੜ-ਭਰਪਾਈ ਨਾ ਕਰਨ ਵਾਲੀ ਤਕਰੀਬਨ ਹਰ ਸਲਤਨਤ ਅੰਤ ਮਾਰੂਥਲ ਵਿਚ ਬਦਲ ਗਈ। ਮੌਜੂਦਾ ਮਾਰੂਥਲੀ ਖਿੱਤੇ ਮੋਰੋਕੋ, ਅਲਜ਼ੀਰੀਆ ਅਤੇ ਟਿਊਨੀਸ਼ੀਆ ਕਿਸੇ ਵਕਤ ਰੋਮਨ ਸਾਮਰਾਜ ਦੇ ਪ੍ਰਸਿੱਧ ਅਨਾਜ ਖੇਤਰ ਸਨ। ਇਸੇ ਦੀ ਉਪਜ ਇਟਲੀ ਅਤੇ ਸਿਸਲੀ ਦਾ ਭੌਂ-ਖੋਰ ਹੈ। ਮੈਸੋਪੋਟੇਮੀਆ, ਫ਼ਲਸਤੀਨ, ਸੀਰੀਆ ਅਤੇ ਅਰਬ ਦੇ ਕੁਝ ਭਾਗ, ਸੁਮੇਰੀ ਸਭਿਅਤਾ ਦਾ ਸ਼ਹਿਰ ਉਰ, ਬੇਬੀਲੋਨੀਆ ਅਤੇ ਅਸੀਰੀਆ ਕਈ ਮਹਾਨ ਬਾਦਸ਼ਾਹਤਾਂ ਦੇ ਮਾਣਮੱਤੇ ਕੇਂਦਰ ਸਨ। ਕਿਸੇ ਸਮੇਂ ਉਪਜਾਊ ਰਿਹਾ ਫ਼ਾਰਸ ਅੱਜ ਮਾਰੂਥਲ ਹੈ। ਸਿਕੰਦਰ ਦਾ ਹਰਿਆ ਭਰਿਆ ਯੂਨਾਨ ਅੱਜ ਆਪਣੀ ਬੰਜਰ ਭੂਮੀ ਕਰਨ ਝੂਰ ਰਿਹਾ ਹੈ। ਕਿਉਂ? ਇਨ੍ਹਾਂ ਜੰਗਲਾਂ ਦਾ ਉਜਾੜਾ ਜੋ ਕਰ ਦਿੱਤਾ ਸੀ। ਸਾਡੇ ਆਪਣੇ ਮੋਹੰਜੋਦੜੋ ਤੇ ਹੜੱਪਾ ਵਰਗੇ ਸੱਭਿਅਕ ਖਿੱਤਿਆਂ ਦਾ ਕੀ ਬਣਿਆ? ਐਵੇਂ ਹਾਕਮ ਜਮਾਤਾਂ ਤੋਂ ਸਵਾਲ ਨਾ ਪੁੱਛ ਬੈਠਣਾ।

ਬਰਤਾਨਵੀ, ਫਰਾਂਸੀਸੀ ਅਤੇ ਡੱਚ ਰਾਜਸ਼ਾਹੀਆਂ ਨੇ ਆਪਣੇ ਖਿੱਤਿਆਂ ਵਿਚ ਤਾਂ ਰੇਗਿਸਤਾਨ ਨਹੀਂ ਸਨ ਬਣਨ ਦਿੱਤੇ ਪਰ ਇਨ੍ਹਾਂ ਨੇ ਏਸ਼ੀਆ, ਅਫ਼ਰੀਕਾ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਉੱਤਰੀ ਅਮਰੀਕਾ ਦੀਆਂ ਨੌ-ਆਬਾਦੀਆਂ ਵਿਚ ਕੁਦਰਤੀ ਸੋਮਿਆਂ ਦੀ ਅੰਨ੍ਹੀ ਲੁੱਟ ਕੀਤੀ। ਕੀਨੀਆ, ਯੂਗਾਂਡਾ ਅਤੇ ਇਥੋਪੀਆ ਵਿਚ ਰੁੱਖਾਂ ਅਤੇ ਕੁਦਰਤੀ ਘਾਹ ਦੀ ਏਨੀ ਬੇਰਹਿਮੀ ਨਾਲ ਵੱਢ-ਟੁੱਕ ਕੀਤੀ ਗਈ ਕਿ ਨੀਲ ਨਦੀ ਦੇ ਸਹਿਜ ਵਹਿਣ ਨੂੰ ਵੀ ਖ਼ਤਰਾ ਪੈਦਾ ਹੋ ਗਿਆ। ਕਦੇ ਦਜਲਾ ਅਤੇ ਫਰਾਤ ਜਿਹੀਆਂ ਨਦੀਆਂ ਨਾਲ ਸਿੰਜੇ ਜਾਣ ਵਾਲੇ ਇਰਾਕ ਅਤੇ ਅਸੀਰੀਆ ਮੈਸੋਪੋਟੇਮੀਆ ਦੇ ਸਭ ਤੋਂ ਹਰੇ-ਭਰੇ ਰਾਜ ਸਨ ਜੋ ਜੰਗਲਾਂ ਤੇ ਪਾਣੀ ਦੇ ਉਜਾੜੇ ਕਾਰਨ ਮਾਰੂਥਲ ਬਣੇ ਹੋਏ ਹਨ।

ਇਉਂ ਹੀ ਬੇਸਮਝੀ ਕਾਰਨ ਰਾਜਪੂਤੀ ਰਾਜਸ਼ਾਹੀਆਂ ਥਾਰ ਮਾਰੂਥਲ ਵਿਚ ਬਦਲ ਗਈਆਂ। ਅੱਜ ਰਾਜਸਥਾਨ ਨੂੰ ਦੁਨੀਆਂ ਦਾ ਅਤਿ ਧੁੂੜ ਵਾਲਾ ਇਲਾਕਾ ਮੰਨਿਆ ਜਾਂਦਾ ਹੈ। ਪਿਛਲੇ ਦੋ ਦਹਾਕਿਆਂ ਵਿਚ ਹੀ ਇਹ ਮਾਰੂਥਲ ਅੱਠ ਫ਼ੀਸਦੀ ਵੱਧ ਗਿਆ ਹੈ। ਰਾਜਸ਼ਾਹੀਆਂ ਨੇ ਅੱਜ ਕਾਰਪੋਰੇਟਸ (ਨਵ-ਸਾਮਰਾਜਵਾਦ) ਦਾ ਰੂਪ ਧਾਰਨ ਕਰ ਲਿਆ ਹੈ। ਇਹ ਹਾਕਮ ਜਮਾਤਾਂ ਦੇ ਕੰਧਾੜੇ ਚੜ੍ਹ ਸਾਡੇ ਬਰੂਹੀਂ ਆ ਬੈਠਾ ਹੈ। ਸਿੱਟੇ ਵਜੋਂ ਕਈ ਸੂਬਿਆਂ ਅਤੇ ਕਬਾਇਲੀ ਖਿੱਤਿਆਂ ਸਮੇਤ ਇਹੀ ਸਥਿਤੀ ਹੁਣ ਪੰਜਾਬ ’ਚ ਵੀ ਪੈਦਾ ਹੋ ਰਹੀ ਹੈ। ਅਜਿਹਾ ਕਿਉਂ ਵਾਪਰ ਰਿਹਾ ਹੈ? ਕਿਉਂਕਿ ਅਗਿਆਨਤਾ ਅਤੇ ਮੁਨਾਫ਼ੇ ਦੀ ਲਾਲਸਾ ਹੇਠ ਸਾਵੇਂ ਕੁਦਰਤੀ ਪ੍ਰਬੰਧ ’ਚ ਬੇਕਿਰਕ ਦਖ਼ਲਅੰਦਾਜ਼ੀ ਹੋ ਰਹੀ ਹੈ। ਜੰਗਲਾਂ ਦੀ ਸੁਰੱਖਿਆ ਛਤਰੀ ਨੂੰ ਤੋੜ ਕੇ ਰੱਖ ਦਿੱਤਾ ਗਿਆ ਹੈ। ਇਸ ਕਾਰਨ ਰੁੱਤਾਂ ਅਤੇ ਵਰਖਾ ’ਚ ਵਿਗਾੜ ਆ ਗਏ, ਪਾਣੀ ਪਤਾਲੀ ਜਾ ਵੜਿਆ ਹੈ। ਮਿੱਤਰ ਪੰਛੀ ਸਦੀਵੀ ਉਡਾਰੀ ਮਾਰ ਗਏ ਹਨ ਤੇ ਮਿੱਤਰ ਜੀਵ ਡੂੰਘੀ ਚੁੱਭੀ। ਤਾਪਮਾਨ ਲਗਾਤਾਰ ਵਧ ਰਿਹਾ ਹੈ। ਹਵਾ ਪਲੀਤ ਹੋ ਗਈ ਹੈ। ਨਤੀਜਾ,ਮਨੁੱਖ ਹੁਣ ਖ਼ੁਦ ਮਧੋਲਿਆ ਜਾ ਰਿਹਾ ਹੈ।

ਸਾਨੂੰ ਸ਼ਾਇਦ ਪਤਾ ਨਹੀਂ ਕਿ ਮਾਰੂਥਲਾਂ ਦੀ ਨਿੱਕੀ ਨਿੱਕੀ ਘਾਹ ਜਾਂ ਕੰਡਿਆਲੀ ਬਨਸਪਤੀ ਵੀ 179 ਤੋਂ 543 ਮਿਲੀਗ੍ਰਾਮ ਨਮੀ ਇਕ ਦਿਨ ਵਿਚ ਛੱਡਦੀ ਹੈ ਜੋ ਥਾਰ ਦੀ ਖੁਸ਼ਕ ਫਿਜ਼ਾ ਨੂੰ ਸਿੱਲ੍ਹਾ ਕਰਨ ’ਚ ਸਿਫ਼ਤੀ ਹਿੱਸਾ ਪਾਉਂਦੀ ਹੈ। ਇਕ ਵਰਗ ਕਿਲੋਮੀਟਰ ਸੰਘਣਾ ਜੰਗਲ ਸਾਲਾਨਾ ਪੰਜਾਹ ਹਜ਼ਾਰ ਘਣਮੀਟਰ ਪਾਣੀ ਧਰਤੀ ’ਚ ਭੇਜਦਾ ਹੈ। ਇਹ ਊਰਜਾ ਦੇ ਸ੍ਰੋਤ ਹਨ। ਇਨ੍ਹਾਂ ਕੋਲੋਂ ਅਥਾਹ ਭੋਜਨ ਮਿਲਦਾ ਹੈ। ਇਹ ਚਕਿਤਸਕ ਬੂਟੀਆਂ ਦੇ ਘਰ ਹਨ ਤੇ ਕੰਦ-ਮੂਲਾਂ ਦੇ ਵੀ। ਸਾਡੀ ਪ੍ਰਿਥਵੀ ਉਤਲੇ ਸਾਰੇ ਪੌਦੇ ਹਰ ਵਰ੍ਹੇ 144 ਅਰਬ ਮੀਟਰਿਕ ਟਨ ਜੀਵੀ-ਪਦਾਰਥ ਪੈਦਾ ਕਰਦੇ ਹਨ। ਇਹ ਨਮੀ ਅਤੇ ਮਲੜ੍ਹ (ਪੱਤਿਆਂ ਦੀ ਖਾਦ) ਬਖ਼ਸ਼ ਕੇ ਧਰਤੀ ਨੂੰ ਠੰਢੀ-ਪੋਲੀ-ਨਮ ਅਤੇ ਮਿੱਤਰ ਕੀਟਾਂ ਯੁਕਤ ਅਰਥਾਤ ਜ਼ਰਖ਼ੇਜ਼ ਬਣਾਉਂਦੇ ਹਨ, ਜ਼ਹਿਰਾਂ ਚੂਸਦੇ ਹਨ। ਧਰਾਤਲ ਤੇ ਖਲਾਅ ਨੂੰ ਨਮੀ ਤੇ ਠੰਢਕ ਬਖ਼ਸ਼ਦੇ ਹਨ।

ਸ਼ਾਇਦ ਆਪਾਂ ਇਹ ਵੀ ਨਹੀਂ ਜਾਣਦੇ ਕਿ ਇਕ ਆਮ ਦਰੱਖਤ ਵੀ ਆਪਣੀ ਨਿੱਕੜੀ ਜਿਹੀ ਜ਼ਿੰਦਗੀ ’ਚ ਲੱਖਾਂ ਰੁਪਏ ਦੀ ਆਕਸੀਜਨ ਛੱਡਦਾ ਹੈ। ਇਕ ਵਰਗ ਕਿਲੋਮੀਟਰ ਵਿਚ ਫੈਲਿਆ ਹਰ ਜੰਗਲ ਹਰ ਰੋਜ਼ 3.7 ਮੀਟਰਿਕ ਟਨ ਕਾਰਬਨ ਡਾਇਆਕਸਾਈਡ ਵਾਤਾਵਰਣ ਵਿਚੋਂ ਲੈ ਕੇ ਆਕਸੀਜਨ ਛੱਡਦਾ ਹੈ। ਇਕ ਮਨੁੱਖ ਨੂੰ 16 ਰੁੱਖਾਂ ਜਿੰਨੀ ਆਕਸੀਜਨ ਲੋੜੀਂਦੀ ਹੈ। ਆਕਸੀਜਨ ਸਾਡੀ ਮੁੱਢਲੀ ਲੋੜ ਹੈ। ਰੁੱਖ ਸਿਰ ’ਤੇ ਧੁੱਪ ਸਹਿ ਕੇ ਸਾਨੂੂੰ ਛਾਂ ਦਿੰਦੇ ਹਨ ਅਤੇ ਪੱਥਰ ਮਾਰਿਆਂ ਫਲ। ਅਸੀਂ ਤਾਂ ਇਹ ਵੀ ਨਹੀਂ ਜਾਣਦੇ ਕਿ ਇਕ ਦਰੱਖਤ ਸਾਲਾਨਾ 20 ਕਿਲੋਗਰਾਮ ਜ਼ਹਿਰੀਲੀ ਧੂੜ ਅਤੇ 80 ਕਿਲੋ ਪਾਰਾ-ਸਿੱਕਾ-ਲਿਥੀਅਮ ਨੂੰ ਹਜ਼ਮ ਕਰ ਸਕਦਾ ਹੈ ਤੇ ਮੋੜਵੇਂ ਰੂਪ ਵਿਚ 700 ਕਿਲੋਗਰਾਮ ਆਕਸੀਜਨ ਦਿੰਦਾ ਹੈ।

ਕਰੋਨਾ ਕਾਲ ਨੇ ਬੜੇ ਦੁੱਖ ਦਿੱਤੇ, ਪਰ ਆਕਸੀਜਨ ਦੀ ਮਹੱਤਤਾ ਦਾ ਸਬਕ ਵੀ ਸਿਖਾਇਆ। ਲੱਗਦਾ ਨਹੀਂ ਕਿ ਆਪਾਂ ਗ੍ਰਹਿਣ ਕੀਤਾ ਹੋਵੇਗਾ, ਹਾਕਮਾਂ ਤਾਂ ਬਿਲਕੁਲ ਹੀ ਨਹੀਂ। ਇਕ ਸਿਲੰਡਰ ਵਿਚ ਨੌਂ ਕਿਲੋਗਰਾਮ ਆਕਸੀਜਨ ਹੁੰਦੀ ਹੈ। ਮਨੁੱਖੀ ਸਰੀਰ ਨੂੰ ਰੋਜ਼ਾਨਾ ਤਿੰਨ ਸਿਲੰਡਰਾਂ ਜਿੰਨੀ ਆਕਸੀਜਨ ਦੀ ਲੋੜ ਪੈਂਦੀ ਹੈ। ਇਕ ਸਿਲੰਡਰ ਆਕਸੀਜਨ ਦੀ ਕੀਮਤ 700 ਰੁਪਏ ਹੈ, ਜੋੜ ਬਣਿਆ 2100 ਰੁਪਏ ਰੋਜ਼ ਦਾ। ਭਲਾ, 65 ਸਾਲ ਦੀ ਮਨੁੱਖੀ ਔਸਤਨ ਉਮਰ ਤੱਕ ਲੋੜੀਂਦੀ ਆਕਸੀਜਨ ਦਾ ਕਿੰਨਾ ਮੁੱਲ ਬਣਿਆ? ਗੁਣਾ-ਜੋੜ ਕਰ ਕੇ ਦੇਖ ਲਓ। ਲੁਟੇਰੇ ਪ੍ਰਬੰਧ ਨੇ ਇਹ ਗੱਲ ਸੁਣਨੀ ਹੈ ਭਲਾ!

ਮੱਤੇਵਾੜਾ! ਤੇਰੀ ਇਸ ਗੱਲ ਵੱਲ ਕੰਨ ਕੌਣ ਧਰੇਗਾ ਕਿ ਮਿੱਟੀ ਦੀਆਂ ਉਪਜਾਊ ਪਰਤਾਂ ਨੂੰ ਸਿਰਜਣ ਤੇ ਫਿਰ ਸੰਭਾਲਣ ਵਿਚ ਪੌਦਿਆਂ ਦਾ ਬੜਾ ਵੱਡਾ ਯੋਗਦਾਨ ਹੈ। ਇਹੋ ਮਿੱਟੀ ਸਾਡੀ ਖੇਤੀ ਦਾ ਆਧਾਰ ਹੈ। ਵੀਰਾਨ ਤੇ ਰੁੱਖ ਵਿਹੂਣੀ ਇਕ ਏਕੜ ਭੂਮੀ ਹਰ ਵਰ੍ਹੇ 30 ਟਨ ਮਿੱਟੀ ਗੁਆ ਬਹਿੰਦੀ ਹੈ। ਮੌਨਸੂਨੀ ਹੜ੍ਹਾਂ ਕਾਰਨ ਭੌਂ-ਖੋਰ ਹੋਰ ਵੀ ਵਧ ਜਾਂਦੀ ਹੈ ਅਤੇ ਮਿੱਟੀ ਦੇ ਉਪਜਾਊ ਤੱਤ ਘੁਲ ਕੇ ਰੋੜ੍ਹ ਦਾ ਹਿੱਸਾ ਬਣ ਜਾਂਦੇ ਹਨ। ਸਿਰਫ਼ ਬਨਸਪਤੀ ਦੀਆਂ ਜੜ੍ਹਾਂ ਹੀ ਜਾਲ ਬਣ ਕੇ ਸਾਡੀ ਮਿੱਟੀ ਨੂੰ ਖੁਰਨੋਂ ਅਤੇ ਪਹਾੜਾਂ ਨੂੰ ਢਹਿ-ਢੇਰੀ ਹੋਣ ਤੋਂ ਬਚਾ ਸਕਦੀਆਂ ਹਨ। ਭਾਰਤ ਅਤੇ ਪਾਕਿਸਤਾਨ ਵਿਚਲੇ ਥਾਰ ਮਾਰੂਥਲ ਦੀ ਦੋ ਹਜ਼ਾਰ ਵਰ੍ਹੇ ਪੁਰਾਣੀ ਦਾਸਤਾਨ ਮਨੁੱਖ ਦੇ ਕੁਦਰਤ ਪ੍ਰਤੀ ਗ਼ਲਤ ਵਰਤੋਂ ਵਿਹਾਰ ਦੀ ਵਿਥਿਆ ਹੈ।

ਮਾਹਿਰਾਂ ਅਨੁਸਾਰ ਦਰੱਖਤਾਂ ਹੇਠ ਰਕਬਾ ਘਟਣਾ ਵਾਤਾਵਰਣ ਲਈ ਬੜਾ ਘਾਤਕ ਹੈ। ਇਸ ਨਾਲ ਆਲਮੀ ਤਪਸ਼ ਹੋਰ ਵਧੇਗੀ, ਗਲੇਸ਼ੀਅਰ ਤੇਜ਼ੀ ਨਾਲ ਪਿਘਲਣ ਉਪਰੰਤ ਨਦੀਆਂ ਵਿਚ ਪਹਿਲਾਂ ਭਾਰੀ ਹੜ੍ਹ ਆਉਣਗੇ, ਬਾਅਦ ਵਿਚ ਇਹ ਸੁੱਕਣ ਲੱਗਣਗੀਆਂ। ਜੰਗਲਾਂ ’ਚੋਂ ਨਿਕਲਦੀਆਂ ਨਦੀਆਂ ਵੀ ਸਦਾਬਹਾਰ ਨਹੀਂ ਰਹਿਣਗੀਆਂ। ਦਰੱਖਤਾਂ ਦੀ ਬੇਹੱਦ ਘਾਟ ਨਾਲ ਮਨੁੱਖੀ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵੀ ਪ੍ਰਭਾਵਿਤ ਹੋਵੇਗੀ ਅਤੇ ਮਨੁੱਖ ਦਾ ਸਰੀਰਕ ਆਕਾਰ ਵੀ ਛੋਟਾ ਹੋਣ ਲੱਗੇਗਾ। ਜੇਕਰ ਘਰ ਦੇ ਆਲੇ-ਦੁਆਲੇ ਦਸ ਦਰੱਖਤ ਲੱਗੇ ਹੋਣ ਤਾਂ ਮਨੁੱਖ ਦੀ ਉਮਰ ਸੱਤ ਸਾਲ ਵਧ ਜਾਂਦੀ ਹੈ, ਸੁਹੱਪਣ ਅੱਡ।

ਚੋਣ ਸਾਡੇ ਸਾਹਮਣੇ ਹੈ: ਵਣਾਂ ਵਿਹੂਣੀ ਭੂਮੀ ਜਾਂ ਹਰਿਆਵਲੀ ਧਰਤੀ। ਬਿਰਖਾਂ ਸੰਗ ਸੰਵਾਦ ਜਾਂ ਉਨ੍ਹਾਂ ਵੱਲ ਬੇਰੁਖ਼ੀ। ਗੁਟਕਦੇ ਪੰਛੀ ਜਾਂ ਵੀਰਾਨਗੀ। ਉਪਜਾਊ ਮਿੱਟੀ ਦੀਆਂ ਬਰਕਤਾਂ ਜਾਂ ਮਾਰੂਥਲ। ਕੁਦਰਤ ਦੀਆਂ ਬਖਸ਼ਿਸ਼ਾਂ ਨਾਲ ਭਰੇ ਦਾਮਨ ਜਾਂ ਖਾਲੀ ਝੋਲੀਆਂ। ਜਲ-ਕੁੰਡ ਜਾਂ ਕੰਕਰੀਟ ਦੇ ਜੰਗਲ। ਨਮੀ ਯੁਕਤ ਰੁਮਕਦੀਆਂ ਪੌਣਾਂ ਜਾਂ ਪਿੰਡਾ ਲੂੰਹਦਾ ਤਾਪਮਾਨ। ਸਾਫ਼ ਸੁਥਰੇ ਸਾਹ ਜਾਂ ਪਲੀਤ ਹਵਾਵਾਂ। ਗਰਭ ਤੋਂ ਲੈ ਕੇ ਸਿਵਿਆਂ ਤੱਕ ਦਾ ਸਾਥ ਜਾਂ… ਜਾਂ? ਇਸ ਸਭ ਦਾ ਨਿਤਾਰਾ ਸਾਨੂੰ ਅੱਜ ਹੀ ਕਰਨਾ ਪਵੇ। ਪਹਿਲਾਂ ਹੀ ਬੜੀ ਦੇਰ ਹੋ ਚੁੱਕੀ ਹੈ। ਕੁਦਰਤ ਦਾ ਇਹ ਅੰਗ ਨਾ ਰਿਹਾ ਤਾਂ ਮਨੁੱਖ ਵੀ ਨਹੀਂ ਰਹਿਣਗੇ। ਪਹਿਲਾਂ ਹੀ ਘਟਦੇ ਰੁੱਖਾਂ ਕਾਰਨ ਜੀਵ ਜੰਤੂਆਂ ਦੀਆਂ 66,000 ਜਾਤੀਆਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ।

ਅੱਜ ਅਸੀਂ ਅਫ਼ਰੀਕੀ ਸਹਿਰਾ ਬਾਰੇ ਪੜ੍ਹਦੇ ਹਾਂ: …ਇਕ ਬਹੁਤ ਵੱਡਾ ਵੀਰਾਨ ਮਾਰੂਥਲ ਹੈ… ਬਨਸਪਤੀ ਵਿਹੂਣੀ ਤਪਦੀ ਭੂਮੀ …ਮ੍ਰਿਗ ਤ੍ਰਿਸ਼ਨਾ…। ਜੇਕਰ ਹਾਲਾਤ ਹੁਣ ਵਰਗੇ ਹੀ ਰਹੇ, ਜੇ ਅਸੀਂ ਨਾ ਸੰਭਲੇ ਤਾਂ ਅੱਜ ਤੋਂ ਇਕ ਅੱਧ ਸਦੀ ਬਾਅਦ ਵਿਦਿਆਰਥੀ ਭਾਰਤ ਦੇ ਸੰਦਰਭ ’ਚ ਕੁਝ ਅਜਿਹਾ ਪੜ੍ਹਿਆ ਕਰਨਗੇ: ਇੱਕੀਵੀਂਂ ਸਦੀ ਦੇ ਅੱਧ ਤਕ ਭਾਰਤ ਹਰਿਆ ਭਰਿਆ ਤੇ ਸੰਘਣੀ ਆਬਾਦੀ ਵਾਲ ਖਿੱਤਾ ਹੁੰਦਾ ਸੀ। ਇਹ ਦੁਨੀਆਂ ਦੇ ਵਿਕਾਸਸ਼ੀਲ ਅਤੇ ਸੰਘਣੀ ਤੇ ਉੱਨਤ ਖੇਤੀ ਵਾਲੇ ਮੁਲਕਾਂ ਵਿਚ ਸ਼ੁਮਾਰ ਸੀ ਪਰ ਵਸੋਂ ਦੇ ਬੇਮੁਹਾਰ ਵਾਧੇ ਅਤੇ ਧਨ ਕੁਬੇਰਾਂ ਨੇ ਜੰਗਲਾਂ ਨੂੰ ਨਿਗਲ ਲਿਆ। ਰੁੱਖਾਂ ਦੀ ਤਬਾਹੀ ਏਨੀ ਬੇਕਿਰਕੀ ਨਾਲ ਕੀਤੀ ਗਈ ਕਿ ਮੀਂਹ ਗਾਇਬ ਹੋ ਗਏ। ਭੌਂ-ਖੋਰ ਤੇ ਜਲ ਸੰਕਟ ਵਧਿਆ। ਅੰਤ ਭੂਮੀ ਬੰਜਰ ਬਣ ਕੇ ਥਾਰ ਬਣ ਗਈ। ਕਰੋੜਾਂ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਗਏ। ਅੱਜ ਇਹ ਉਪ-ਮਹਾਂਦੀਪ ਮੱਧ ਏਸ਼ੀਆਈ ਮਾਰੂਥਲ ਨਾਲ ਮੇਲ ਖਾਂਦਾ ਹੈ। ਕਿਧਰੇ-ਕਿਧਰੇ ਘੁੱਮਕੜ ਲੋਕ ਪਾਣੀ ਅਤੇ ਖੁਰਾਕ ਦੀ ਭਾਲ ਵਿਚ ਭਟਕਦੇ ਦਿਖਾਈ ਦਿੰਦੇ ਹਨ। ਟਾਵੇਂ-ਟਾਵੇਂ ਨਖਲਿਸਤਾਨਾਂ ਵਿਚ ਸੀਮਤ ਜਿਹੀ ਖੇਤੀ ਵੀ ਕੀਤੀ ਜਾਂਦੀ ਹੈ ਤੇ ਭੇਡਾਂ-ਬੱਕਰੀਆਂ ਪਾਲਣ ਦਾ ਕਿੱਤਾ ਚਲਾਇਆ ਜਾਂਦਾ ਹੈ। ਇੱਥੋਂ ਦਾ ਮੁੱਖ ਵਾਹਕ ਊਠ ਹੈ ਅਤੇ ਮਨੁੱਖ ਦੀ ਜੂਨ …।

ਤਵਾਰੀਖ਼ੀ ਸਬਕ ਇਹ ਹੈ ਕਿ ਸਾਡੇ ਬਹੁਤੇ ਪੁਰਖੇ ਵੀ ਮੱਧ ਏਸ਼ੀਆ ’ਚੋਂ ਆਏ ਸਨ। ਜਦੋਂ ਉਨ੍ਹਾਂ ਦੇ ਵੱਗਾਂ ਨੇ ਉੱਥੋਂ ਦੀ ਬਨਸਪਤੀ, ਰੁੱਖ ਰੁੰਡ-ਮਰੁੰਡ ਕਰ ਦਿੱਤੇ ਤਾਂ ਚਰਾਂਦਾਂ ਵੀ ਖ਼ਤਮ ਹੋ ਗਈਆਂ ਅਤੇ ਜਲ-ਕੁੰਡ ਵੀ। ਫਿਰ ਉਹ ਆਪਣੇ ਪਾਲੀਆਂ ਸਮੇਤ ਪਹਿਲਾਂ-ਪਹਿਲ ਬਰਾਸਤਾ ਸਿੰਧ, ਰਾਜਸਥਾਨ ਵਿਚ ਆ ਟਿਕੇ ਅਤੇ ਮਗਰੋਂ ਪੰਜਾਬ ਨੂੰ ਧਾਹ ਗਏ। ਉਦੋਂ ਇਹ ਖਿੱਤਾ ਸਪਤਸਿੰਧੂ ਅਖਵਾਉਂਦਾ ਸੀ। ਕੀ ਇਤਿਹਾਸ ਫਿਰ ਦੁਹਰਾਇਆ ਜਾਵੇਗਾ। ਫਿਰ ਅਸੀਂ ਕਿਧਰ ਜਾਵਾਂਗੇ? ਖ਼ੈਰ! ਪੁਰਖੇ ਤਾਂ ਸ਼ਾਇਦ ‘ਬੇਸਮਝ’ ਸਨ, ਪਰ ਸਬਕ ਤਾਂ ਅਸੀਂ ਵੀ ਨਹੀਂ ਸਿੱਖਿਆ। ਮੁੱਕਦੀ ਗੱਲ ਇਹ ਹੈ ਕਿ ਸਾਡੀ ਸੱਭਿਆਚਾਰਕ ਵਿਰਾਸਤ ਵਿਚ ਰੁੱਖਾਂ ਨੂੰ ਦੇਵਤਿਆਂ ਦਾ ਦਰਜਾ ਪ੍ਰਾਪਤ ਹੈ ਅਤੇ ਜੰਗਲਾਂ ਨੂੰ ਤੀਰਥਾਂ ਦਾ। ਰੁੱਖ ਬੂਟੇ ਉਗਾਉਣਾ ਸਾਡੀ ਰਹਿਤਲ ਵਿਚ ਹੀ ਪਿਆ ਹੋੋਇਆ ਹੈ। ਅਸੀਂ ਹੀ ਇਸ ਨੂੰ ਭੁੱਲ ਚੁੱਕੇ ਹਾਂ।

ਉਪਰਕੋਤ ਲਿਖਤ ਪੰਜਾਬੀ ਟ੍ਰਿਬਿਊਨ ਅਖਬਾਰ ਵਿਚ 10 ਜੁਲਾਈ ਨੂੰ ਛਪੀ ਸੀ ਇੱਥੇ ਅਸੀ ਮੁੜ ਸਾਂਝੀ ਕਰ ਰਹੇ ਹਾਂ – ਸੰਪਾਦਕ  

0 0 votes
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x