ਖਾੜਕੂ ਲਹਿਰ ਦੇ ਵੱਡੇ ਚਿਹਰੇ ਭਾਈ ਦਲਜੀਤ ਸਿੰਘ ਦੀ ਲਿਖੀ ਕਿਤਾਬ “ਖਾੜਕੂ ਸੰਘਰਸ਼ ਦੀ ਸਾਖੀ” ਉਹਨਾਂ ਸਚਮੁੱਚ ਵਿੱਚ ਹੀ ਇਸ ਅਨਮੋਲ ਸੰਘਰਸ਼ ਦੇ ਸਾਖੀ(ਗਵਾਹ) ਬਣਕੇ ਲਿਖੀ ਹੈ। ਭਾਈ ਦਲਜੀਤ ਸਿੰਘ ਦੇ ਬਿਰਤਾਂਤ ‘ਚ ਅਜਿਹੀ ਤਾਕਤ ਹੈ ਕਿ ਇਹ ਸਹਿਜੇ ਹੀ ਘਟਨਾਵਾਂ, ਬੰਦਿਆਂ ਅਤੇ ਥਾਵਾਂ ਦੀ ਵਿਥਿਆ ਤੋਂ ਪਾਰ ਜਾ ਕੇ ਇਸ ਪਿੱਛੇ ਕਾਰਜਸ਼ੀਲ ਅਹਿਸਾਸ ਦੇ ਰੂਬਰੂ ਕਰਵਾੳਂਦਾ ਹੈ।
ਸਾਕਿਆਂ, ਵੇਦਨਾਵਾਂ, ਬਿਰਤਾਤਾਂ, ਕਿੱਸਿਆਂ, ਕਹਾਣੀਆਂ ਅਤੇ ਮੂੰਹ ਜੁਬਾਨੀ ਇਤਿਹਾਸ ਨਾਲ ਸਜੀ ਇਸ ਰਚਨਾ ਨੂੰ ਇੱਕੋ ਵਾਰ ‘ਚ ਪੜ੍ਹਨਾ ਵੱਡੇ ਦਿਲ ਵਾਲੇ ਦਲੇਰਾਂ ਦੇ ਹੀ ਵੱਸ ਦੀ ਗੱਲ ਹੈ। ਪੰਥਕ ਸੋਚ ਵਾਲੇ ਹਰੇਕ ਨੌਜਵਾਨ ਨੂੰ ਇਹ ਕਿਤਾਬ ਹਲੂਣਾ ਦਿੰਦੀ ਹੈ, ਇਸ ਦੀ ਤਾਬ ਅਜਿਹੀ ਹੈ ਕਿ ਪੜ੍ਹਦਿਆਂ-ਪੜ੍ਹਦਿਆਂ ਕਿਤਾਬ ਨੂੰ ਘੁੱਟ ਕੇ ਛਾਤੀ ਨਾਲ ਲਾਏ ਬਿਨਾ ਅੱਗੇ ਵਧਣਾ ਸੰਭਵ ਨਹੀਂ,ਹਰੇਕ ਸਾਖੀ ਆਪਣੇ ਆਪ ਵਿੱਚ ਕਿਸੇ ਵੱਡੀ ਸਾਖੀ ਨਾਲ ਜੁੜੀ ਲੱਗਦੀ ਹੈ, ਤੇ ਪੂਰੀ ਹੋਣ ‘ਤੇ ਵੀ ਇਹੋ ਲੱਗਦਾ ਹੈ ਕਿ ਹਾਲੇ ਇਹ ਪੂਰੀ ਨਹੀਂ ਹੋਈ।
ਬਹੁਤ ਲੋਕਾਂ ਵਲੋਂ ਕਿਤਾਬ ਦੇ ਲੇਖਕ ‘ਤੇ ਲਹਿਰ ਦੇ ਮੱਧਮ ਪੈਣ ਤੋਂ ਬਾਅਦ ਚੁੱਪ ਰਹਿਣ ਦਾ ਗਿਲਾ ਕੀਤਾ ਜਾਂਦਾ ਹੈ, ਪਰ ਇਸ ਕਿਤਾਬ ਨੇ ਭਾਈ ਸਾਹਿਬ ਦੀ ਵਰ੍ਹਿਆਂ ਦੀ ਚੁੱਪ ਨੂੰ ਅਰਥ ਭਰਪੂਰ ਬਣਾ ਦਿੱਤਾ ਹੈ।ਸ਼ਾਇਦ ਸਿੱਖ ਸੰਘਰਸ਼ ਦੀ ਖਾਲਸ ਵਿਆਖਿਆ ਲਈ ਭਾਈ ਸਾਹਿਬ ਨੂੰ ਗੁਰੂ ਦੇ ਹੁਕਮ ਹੇਠ ਹੀ ਸਮੇਂ ਦੀ ਭੱਠੀ ਵਿੱਚ ਬਲਣਾ ਪਿਆ, ਸਿੱਖ ਸ਼ਹਾਦਤ ਮੈਗਜ਼ੀਨ ਨਾਲ ਕਿਤਾਬ ਦੇ ਸਮੇਂ ਬਾਰੇ ਗੱਲ ਕਰਦਿਆਂ ਉਹਨਾਂ ਦੱਸਿਆ ਕਿ “ਸ਼ਾਇਦ ਕੁਝ ਗੱਲਾਂ ਕਿਸੇ ਖਾਸ ਸਮੇਂ ‘ਤੇ ਹੀ ਹੋਣੀਆਂ ਹੁੰਦੀਆਂ ਹਨ।”
ਕਿਤਾਬ ਬਾਰੇ
ਭਾਵਨਾਤਮਕ ਪੱਧਰ ‘ਤੇ ਬਹੁਤ ਕੁਝ ਕਿਹਾ ਅਤੇ ਲਿਖਿਆ ਜਾ ਸਕਦਾ ਹੈ, ਜਿਨ੍ਹਾਂ ਨਾਇਕਾਂ ਅਤੇ ਜਿਸ ਦੌਰ ਬਾਰੇ ਭਾਈ ਸਾਹਿਬ ਸਾਂਝ ਪਾਉਂਦੇ ਹਨ ਉਹਨਾਂ ਨੂੰ ਪੜ੍ਹਦਿਆਂ ਜਾਣਦਿਆਂ ਆਪਣਾ ਆਪਾ ਮੈਲਾ ਅਤੇ ਮਨਮੁਖ ਨਿਆਂਈ ਪ੍ਰਤੀਤ ਹੁੰਦਾ ਹੈ।
ਸੰਸਾਰ ਦੀਆਂ ਲਹਿਰਾਂ ਦੇ ਇਤਿਹਾਸ ਦੇ ਸੰਦਰਭ ਵਿੱਚ ਇੱਹ ਕਿਤਾਬ ਇੱਕ ਨਵੀਂ ਵਿਧਾ ਦਾ ਮੁੱਢ ਬੰਨ੍ਹਦੀ ਹੈ, ਜਿਸਦੀ ਸਹੀ ਸਾਰ ਆਉਣ ਵਾਲਾ ਭਵਿੱਖ ਹੀ ਲੈ ਸਕਦਾ ਹੈ। ਉਹਨਾਂ ਸਿੱਖੀ ਦੀ ਮੌਲਿਕ ਵਿਧਾ ਸਾਖੀ ਪਰੰਪਰਾ ਨੂੰ ਇਸ ਕਿਤਾਬ ਰਾਹੀਂ ਅੱਗੇ ਤੋਰਿਆ ਹੈ। ਉਹਨਾਂ ਲਹਿਰ ਵਿੱਚ ਵਿਚਰਦਿਆਂ ਵੱਖ-ਵੱਖ ਮਾਧਿਅਮਾਂ ਰਾਹੀ ਸਰਵਣ ਕੀਤੀਆਂ, ਹੱਡ-ਬੀਤੀਆਂ ਘਟਨਾਵਾਂ ਨੂੰ ਕਲਮਬੱਧ ਕਰਕੇ ਸਿੱਖ ਸਮੂਹਿਕ ਯਾਦ ਨੂੰ ਪਵਿੱਤਰ ਸਾਖੀਆਂ ਦਿੱਤੀਆਂ ਹਨ। ਜਿਵੇਂ ਕਿ ਭਾਈ ਸਾਹਿਬ ਆਪ ਵੀ ਦੱਸ ਚੁੱਕੇ ਹਨ ਕਿ ਇਸ ਕਿਤਾਬ ਦਾ ਕੇਂਦਰ ਜਾਣੇ-ਪਛਾਣੇ ਨਾਇਕ ਨਾਂ ਹੋ ਕੇ ਉਹ ਗੁੰਮਨਾਮ, ਜੀਵਨ ਵਾਲੇ ਜੀਅ ਹਨ, ਜਿਹਨਾਂ ਕਾਰਣ ਹੀ ਲਹਿਰ ਸੰਭਵ ਹੋ ਸਕੀ।
ਕਿਤਾਬ ਵਿਚਲੀਆਂ ਸਾਖੀਆਂ ਤੋਂ ਇੳਂ ਮਹਿਸੂਸ ਹੁੰਦਾ ਹੈ ਕਿ ਇਹਨਾਂ ਸਾਰੇ ਜੀਆਂ ਨੂੰ ਆਪਸ ਵਿੱਚ ਬੰਨ੍ਹਣ ਵਾਲਾ ਅਹਿਸਾਸ ਗੁਰੂ-ਕਾਲ ਤੋਂ ਹੀ ਵਰਤ ਰਿਹਾ ਹੋਵੇ। ਮਾਰਕਸੀ ਵਿਚਾਰਧਾਰਾ ਵਲੋਂ ਕੀਤੀ ਜਾਂਦੀ ਆਰਥਿਕਤਾ ਕੇਂਦਰਿਤ ਵਿਆਖਿਆ, ਰਾਸ਼ਟਰਵਾਦੀ ਫਰੇਬ ਅਤੇ ਸਿੱਖ ਅਹਿਸਾਸ ਪ੍ਰਤੀ ਨਫਰਤੀ ਭਾਵ ਰੱਖਣ ਵਾਲੇ ਵਿਚਾਰਵਾਨਾਂ ਦੀਆਂ ਜੋਰਦਾਰ ਵਿਆਖਿਆਵਾਂ ਭਾਈ ਸਾਹਿਬ ਦੀ ਸਹਿਜ ਕਥਾ ਨੇ ਬੌਣੀਆਂ ਕਰ ਦਿੱਤੇ ਹਨ।
ਰਵਾਇਤੀ ਵਿਦਵਤਾ ਦਾ ਯਤਨ ਇਹੋ ਹੁੰਦਾ ਹੈ ਕਿ ਚੋਣਵੀਆਂ ਘਟਨਾਵਾਂ, ਤੱਥਾਂ ਨੂੰ ਇੱਕ ਲੜੀ ਵਿੱਚ ਪਰੋ ਕੇ ਕੋਈ ਮੰਨਣਯੋਗ ਸੀਮਤ ਵਿਆਖਿਆ ਦਿੱਤੀ ਜਾਵੇ ਇਹੋ ਕਾਰਣ ਹੈ ਕਿ ਵਿਦੇਸ਼ੀ ਅਤੇ ਏਥੋਂ ਦੇ ਲੇਖਕ ਲਹਿਰ ਦੀਆਂ ਅਨੋਖੀਆ ਪਰਤਾਂ ਅਤੇ ਖੰਡਾਂ ਦੀ ਥਾਹ ਪਾਉਣ ਤੋਂ ਵਾਂਝੇ ਰਹੇ।
ਕਿਤਾਬ ਵਿਚਲੇ ਗੁੰਮਨਾਮ ਨਾਇਕ ਲਹਿਰ ਬਾਰੇ ਬਣਾਈਆਂ ਗਈਆਂ ਝੂਠੀਆਂ ਧਾਰਨਾਵਾਂ ਨੂੰ ਭੰਨ੍ਹਦੇ ਹਨ, ਉਹ ਸਮਾਜ ਦੇ ਹਰ ਹਿੱਸੇ, ਉਮਰ, ਜਾਤ, ਜਮਾਤ ਤੋਂ ਆਉਂਦੇ ਹਨ, ਕੁਝ ਅਜਿਹੇ ਵੀ ਹਨ ਜਿਹਨਾਂ ਨੂੰ ਸਿੱਖ ਆਦਰਸ਼ਾਂ ਬਾਰੇ ਸਮਝ ਨਹੀਂ ਸੀ, ਪਰ ਉਹ ਸਿੱਖ ਕਿਰਦਾਰ ਤੋਂ ਏਨੇ ਪ੍ਰਭਾਵਤ ਹੋਏ ਕਿ ਸਮੇਂ ਸਮੇਂ ‘ਤੇ ਆਪਣੀ ਜਾਨ ਜੋਖਮ ‘ਚ ਪਾਉਣ ਤੋਂ ਵੀ ਪਿੱਛੇ ਨਾ ਹਟੇ।
ਕਿਤਾਬ ਦੀ ਆਮਦ ਨੇ ਸਿੱਖ ਹਲਕਿਆਂ ਅੰਦਰ ਨਵੇਂ ਉਤਸ਼ਾਹ ਅਤੇ ਵੇਗ ਨੂੰ ਜਨਮ ਦਿੱਤਾ ਹੈ। ਆਪਣੇ ਇਤਿਹਾਸ ਨੂੰ ਸਮਝਣ ਲਈ ਬੇਚੈਨ ਸਿੱਖ ਨੌਜਵਾਨਾਂ ਲਈ ਇਹ ਇੱਕ ਕਿਤਾਬ ਨਿਆਰੀ ਸੌਗਾਤ ਹੈ, ਆਸ ਹੈ ਕਿ ਭਾਈ ਦਲਜੀਤ ਸਿੰਘ ਦੀਆਂ ਅਗਲੀਆਂ ਕਿਤਾਬਾਂ ਵੀ ਖਾੜਕੂ ਲਹਿਰ ਦੀ ਵਿਆਖਿਆ ‘ਚ ਆਈ ਖੜ੍ਹੋਤ ਘਾਟ ਨੂੰ ਪੂਰਾ ਕਰਨ ਵਿੱਚ ਯੋਗਦਾਨ ਪਾਉਣਗੀਆਂ।