ਜੰਗ ਦੀ ਦਹਿਲੀਜ਼ ‘ਤੇ: ਚੁਣਵੇਂ ਕਤਲਾਂ (ਅਸੈਸੀਨੇਸ਼ਨਜ਼) ਦੀ ਰਾਜਨੀਤੀ ਅਤੇ ਪੰਥ ਦੀ ਭਵਿੱਖਤ ਨੀਤੀ

ਜੰਗ ਦੀ ਦਹਿਲੀਜ਼ ‘ਤੇ: ਚੁਣਵੇਂ ਕਤਲਾਂ (ਅਸੈਸੀਨੇਸ਼ਨਜ਼) ਦੀ ਰਾਜਨੀਤੀ ਅਤੇ ਪੰਥ ਦੀ ਭਵਿੱਖਤ ਨੀਤੀ

ਪਿਛਲੇ ਕੁਝ ਮਹੀਨਿਆਂ ਤੋਂ ਗੁਰੂ ਖ਼ਾਲਸਾ ਪੰਥ ਭਾਈ ਹਰਦੀਪ ਸਿੰਘ ਨਿੱਝਰ ਦੇ ਸੰਘਰਸ਼ ਅਤੇ ਗੌਰਵਮਈ ਸ਼ਹਾਦਤ ਨੂੰ ਯਾਦ ਕਰ ਰਿਹਾ ਹੈ ਜੋ ਕਿ ਆਪਣੀਆਂ ਅਣਥੱਕ ਸੇਵਾਵਾਂ ਕਾਰਨ ਇਤਿਹਿਾਸ ਵਿੱਚ ਮੌਜੂਦਾ ਸਿੱਖ ਸੰਘਰਸ਼ ਦੇ ਥੰਮ ਵਜੋਂ ਜਾਣੇ ਜਾਣਗੇ। ਭਾਈ ਸਾਹਿਬ ਨੇ ਆਪਣੀ ਜਿੰਦਗੀ ਦਾ ਇੱਕ ਇੱਕ ਸਾਹ ਹਲੇਮੀ ਰਾਜ, ਖਾਲਿਸਤਾਨ, ਦੇ ਚੱਲ ਰਹੇ ਸੰਘਰਸ਼ ਨੂੰ ਮੁੜ ਬੁਲੰਦੀਆਂ ‘ਤੇ ਪਹੁੰਚਾਉਣ ਲਈ ਆਪਣਾ ਆਪ ਨਿਛਾਵਰ ਕਰ ਦਿੱਤਾ ਅਤੇ ਪੰਥਕ ਸੇਵਾ ਦੇ ਵੱਖ ਵੱਖ ਖੇਤਰਾਂ ‘ਚ ਨਵੇਂ ਮੀਲ ਪੱਥਰ ਗੱਡ ਦਿੱਤੇ ਹਨ। ਉਨ੍ਹਾਂ ਨੇ ਇਹ ਦਰਸਾਇਆ ਕਿ ਇੱਕੀਵੀਂ ਸਦੀ ਵਿੱਚ ਖਾਲਸੇ ਦਾ ਅਮਲ ਅਤੇ ਕਰਤਵ ਕਿਸ ਤਰ੍ਹਾਂ ਦਾ ਹੈ ਅਤੇ ਅਨਮਤੀ ਸਰਕਾਰਾਂ ਦੀ ਬਜਾਏ ਆਪਣੇ ਸੰਘਰਸ਼ ਦੀ ਦਿਸ਼ਾ ਅਤੇ ਸੀਮਾ ਤਹਿ ਕਰਨ ਲਈ ਖਾਲਸਾਈ ਪ੍ਰੰਪਰਾ ਤੋਂ ਹੀ ਸੇਧ ਲੈਂਦੇ ਸਨ।

ਇਤਿਹਾਸ ਦੇ ਇਸ ਨਾਜ਼ੁਕ ਮੋੜ ‘ਤੇ ਖੜ੍ਹਕੇ ਸਾਨੂੰ ਇਹ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਅੱਜ ਦੀ ਦੁਨੀਆ ਦੀ ਭੂ-ਰਾਜਨੀਤੀ ਵਿੱਚ ਗੁਰੂ ਖਾਲਸਾ ਪੰਥ ਵੀ ਇੱਕ ਪ੍ਰਮੁੱਖ ਧਿਰ ਹੈ। ਇਨ੍ਹਾਂ ਸਮਿਆਂ ਵਿੱਚ ਖਾਲਸਾ ਜੀ ਦੇ ਬੋਲ ਬਾਲੇ ਨੂੰ ਯਕੀਨੀ ਬਨਾਉਣ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਹੋਣ ਦੇ ਬਾਵਜੂਦ ਇੱਕ ਗੱਲ ਸਪੱਸ਼ਟ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਾਨੂੰ ਗੰਭੀਰ ਅਸਥਿਰਤਾ ਅਤੇ ਜ਼ੋਰਦਾਰ ਟਕਰਾਅ ਦਾ ਵੀ ਸਾਹਮਣਾ ਕਰਨਾ ਪਵੇਗਾ।

ਕਿਸਾਨ ਮੋਰਚੇ ਦੌਰਾਨ ਪੰਥ-ਪੰਜਾਬ ਦੀ ਲਾਮਿਸਾਲ ਲਾਮਬੰਦੀ ਅਤੇ ਉਭਾਰ ਤੋਂ ਭੈ-ਭੀਤ ਹੋ ਕੇ ਇੰਡੀਅਨ ਸਟੇਟ ਦਾ ਸਮੁੱਚਾ ਤੰਤਰ ਅੱਜ ਗੁਰੂ ਖਾਲਸਾ ਪੰਥ ਦੀ ਵਿਸ਼ਾਲ ਤਾਕਤ ਅਤੇ ਇਸ ਖਿੱਤੇ ਦੇ ਸਾਮਰਾਜ ਨੂੰ ਜਰਜਰਾ ਕਰਨ ਦੀ ਸਮਰੱਥਾ ਨੂੰ ਪੂਰੀ ਤਰ੍ਹਾਂ ਬੇਅਸਰ ਅਤੇ ਖ਼ਤਮ ਕਰਨ ਲਈ ਪੱਬਾਂ ਭਾਰ ਹੋਈ ਹੈ ਤਾਂ ਕਿ ਇਸ ਚੁਣੌਤੀ ਨੂੰ ਸਦਾ ਲਈ ਖਤਮ ਕੀਤਾ ਜਾਵੇ। ਦੱਖਣੀ ਏਸ਼ੀਆ ਦੇ ਖਿੱਤੇ ਦੀ ਤਣਾਅਪੂਰਨ ਭੂ-ਰਾਜਨੀਤੀ ਵਿੱਚ ਹੋ ਰਹੀ ਹਿਲਜੁਲ ਅਤੇ ਇੰਡੀਆ ਦੇ ਅੰਦਰੂਨੀ ਖਿੱਚੋਤਾਣ ਦੇ ਮੱਦੇਨਜ਼ਰ ਇੰਡੀਆ ਦੇ ਸਮੂਹ ਰਾਜਨੀਤਕ, ਖੁਫ਼ੀਆ ਅਤੇ ਫ਼ੌਜੀ ਤੰਤਰ ਨੇ ਪੰਥ-ਪੰਜਾਬ ਵੱਲੋਂ ਇੰਡੀਅਨ ਸਾਮਰਾਜ ਦੀ ਸਥਿਰਤਾ ਲਈ ਬਣ ਰਹੀ ਨਵੀਂ ਸਮੱਸਿਆ (ਭਾਵ ਸਕਿਉਰਟੀ ਥ੍ਰੈਟ) ਨੂੰ ਭਾਂਪਦਿਆਂ ਹੀ ਮੋਦੀ ਨੂੰ ਅਖੌਤੀ ਖੇਤੀ ਸੁਧਾਰ ਕਾਨੂੰਨਾਂ ਨੂੰ ਰੱਦ ਕਰਨ ਲਈ ਵਾਰ ਵਾਰ ਪ੍ਰੇਰਿਆ ਸੀ। ਅਜੋਕੇ ਹਲਾਤਾਂ ਦੀ ਸਮੀਖਿਆ ਕਰਦਿਆਂ ਦੋ ਘੁਲੇ ਮਿਲੇ ਮੁੱਖ ਕਾਰਨ ਹਨ ਜਿਨ੍ਹਾਂ ਕਰਕੇ ਇੰਡੀਅਨ ਸਥਾਪਤੀ ਸਿੱਖਾਂ ਨਾਲ ਸਿੱਧੇ ਟਕਰਾਅ ਤੋਂ ਹਰ ਹੀਲੇ ਬਚਣਾ ਚਾਹੁੰਦਾ ਹੈ:

ਪੰਜਾਬ ਦੇ ਭੂਗੋਲਿਕ ਅਤੇ ਰਣਨੀਤਕ ਮਹੱਤਤਾ। ਪੰਜਾਬ ਮੱਧ ਏਸ਼ੀਆ ਵੱਲ ਜਾਂਦੇ ਜ਼ਮੀਨੀ ਵਪਾਰਕ ਮਾਰਗ ‘ਤੇ ਸ਼ੁਸ਼ੋਭਿਤ ਹੈ ਜਿਸ ਕਰਕੇ ਅਮਰੀਕਾ ਦੀ ਅਗਵਾਈ ਵਿੱਚ ਪੱਛਮੀ ਮੁਲਕਾਂ ਦੀ “ਇੰਡੋ-ਪੈਸਿਫਿੱਕ ਸਟ੍ਰੇਟਜੀ” ਅਤੇ ਚੀਨ ਦੀ ਸਰਦਾਰੀ ਵਾਲਾ “ਬੈਲਟ ਐਂਡ ਰੋਡ ਇਨੀਸ਼ੀਟਿੱਵ” ਦੋਵਾਂ ਵਿੱਚ ਪੰਜਾਬ ਇੱਕ ਕੇਂਦਰ ਬਿੰਦੂ ਬਣਦਾ ਹੈ। ਨਾਲ ਹੀ ਫੌਜੀ ਅਤੇ “ਰਾਸ਼ਟਰੀ ਸੁਰੱਖਿਆ” ਦੇ ਨਜ਼ਰੀਏ ਤੋਂ ਪੰਜਾਬ ਦੀ ਖਾਸ ਅਹਿਮੀਅਤ ਹੈ। ਇੱਥੇ ਹੀ ਇੰਡੀਅਨ ਸਟੇਟ ਨੇ ਆਪਣੀ (ਰੂਸ ਤੋਂ ਮਿਲੀ) ਹਵਾਈ ਰੱਖਿਆ ਪ੍ਰਣਾਲੀ (ਏਅਰ ਮਿਜ਼ਾਈਲ ਡਿਫੈਂਸ ਸਿੱਸਟਮ) ਦੀਆਂ ਮਿਜ਼ਾਈਲਾਂ ਗੱਡੀਆਂ ਹੋਈਆਂ ਹਨ। ਇਸ ਤੋਂ ਇਲਾਵਾ ਕਸ਼ਮੀਰ ਅਤੇ ਅਕਸਾਈ-ਚਿਨ ਵਰਗੇ ਵਿਵਾਦਿਤ ਖੇਤਰਾਂ ਦੇ ਕੁਮਕ ਮਾਰਗ (ਰੀਐਨਫੋਰਸਮੈਂਟ ਅਤੇ ਸਪਲਾਈ ਲਾਈਨ) ਵਿੱਚ ਅਹਿਮ ਕੜੀ ਹੋਣ ਕਰਕੇ ਪੰਜਾਬ ਇੰਡੀਅਨ ਫੌਜੀ ਕਿਲੇਬੰਦੀ ਦੇ ਧੁਰੇ ਵਜੋਂ ਦੇਖਿਆ ਜਾਂਦਾ ਹੈ। ਇਸ ਇਲਾਕੇ ਵਿੱਚ ਕੋਈ ਵੀ ਅਸਥਿਰਤਾ ਜਾਂ ਬਗਾਵਤ ਇੰਡੀਅਨ ਸਰਹੱਦਾਂ ‘ਤੇ ਲੜਾਈ ਲੜ੍ਹਨ ਵਾਲੀ ਫੌਜ ਜਾਂ ਵਪਾਰ ਉੱਤੇ ਵੱਡੇ ਨਕਾਰਾਤਮਕ ਅਸਰ ਪਾ ਸਕਦੀ ਹੈ।

੭੦ਵਿਆਂ ਵਿੱਚ ਐਮਰਜੈਂਸੀ ਖਿਲਾਫ, ੮੦ਵਿਆਂ ਵਿੱਚ ਧਰਮ-ਯੁੱਧ ਮੋਰਚਾ ਅਤੇ ਹਥਿਆਰਬੰਦ ਜੁਝਾਰੂ ਲਹਿਰ ਅਤੇ ਹੁਣ ਦੇ ਸਮਿਆਂ ‘ਚ ਦੇਖਿਆ ਗਿਆ ਕਿਸਾਨ ਮੋਰਚੇ ਦੇ ਸਬਕ ਤੋਂ ਇੰਡੀਅਨ ਸਥਾਪਤੀ ਨੂੰ ਵੀ ਸਪੱਸ਼ਟ ਹੋਇਆ ਕਿ ਸਿੱਖਾਂ ਦੀ ਸੰਘਰਸ਼ ਕਰਨ ਦੀ ਸਮਰੱਥਾ ਇਸ ਖਿੱਤੇ ਵਿੱਚ ਵਿਸਫੋਟਕ ਸਮੱਗਰੀ ਵਰਗੀ ਹੈ। ਉਪ-ਮਹਾਂਦੀਪ ਦੇ ਹੋਰ ਦੱਬੇ ਕੁਚਲੇ ਲੋਕਾਂ ਲਈ ਵੀ ਪ੍ਰੇਰਣਾ ਸਰੋਤ ਬਣਦੀ ਹੈ ਜਿਸ ਕਰਕੇ ਕਿਸਾਨ ਮੋਰਚੇ ਦੀਆਂ ਲੀਹਾਂ ਤੇ ਸਾਂਝੀ ਜਨਤਕ ਲਾਮਬੰਦੀ ਤੋਂ ਦਿੱਲੀ ਸਾਮਰਾਜ ਨੂੰ ਜ਼ਬਰਦਸਤ ਖਤਰਾ ਖੜ੍ਹਾ ਹੋ ਸਕਦਾ ਹੈ।

ਜਿਵੇਂ ਜਿਵੇਂ ਭਾਜਪਾ ਦੀ ਅਗਵਾਈ ਵਿੱਚ ਇੰਡੀਆ ਇੱਕ ਹਿੰਦੂ ਰਾਸ਼ਟ੍ਰ ਵਜੋਂ ਸਥਾਪਤ ਹੋਣ ਵੱਲ ਅਤੇ ਇੰਡੀਆ ਨੂੰ ਵਿਸ਼ਵ ਸ਼ਕਤੀ ਬਣਾਉਣ ਦੇ ਸੁਪਨੇ ਅਗਲੇ ਪੜਾਅ ਵੱਲ ਵਧ ਰਹੇ ਹਨ ਤਾਂ ਉੱਪਰ ਦੱਸੇ ਕਾਰਨ ਇਨ੍ਹਾਂ ਹਿੰਦੁਤਵੀ ਮਨਸੂਬਿਆਂ ਨੂੰ ਮੂਧਾ ਮਾਰਕੇ ਦਿੱਲੀ ਸਾਮਰਾਜ ਲਈ ਮਾਰੂ ਸਾਬਤ ਹੋ ਸਕਦੇ ਹਨ। ਭਾਜਪਾ ਦੇ ਸਾਬਕਾ ਸੰਘੀ ਬੁਲਾਰੇ ਰਾਮ ਮਾਧਵ ਨੇ ਇੰਡੀਅਨ ਐਕਸਪ੍ਰੈਸ ਦੇ ਵਿੱਚ ਇੱਕ ਚਰਚਿੱਤ ਸੰਪਾਦਕੀ ਲਿੱਖੀ ਜਿਸ ਵਿੱਚ ਉਸਨੇ ਇੰਡੀਅਨ ਰਾਜ ਨੂੰ ਹੋਰ ਪ੍ਰਫੁਲਿਤ ਅਤੇ ਤਾਕਤਵਰ ਬਣਨ ਦੀਆਂ ਸੰਭਾਵਨਾਵਾਂ ਅਤੇ ਚੁਣੌਤੀਆਂ ਦੀ ਵਿਸਥਾਰਿਤ ਗੱਲ ਕੀਤੀ। ਉਸ ਨੇ ਖਾਸ ਕਰਕੇ ਦੋ ਮੁੱਖ ਚੁਣੌਤੀਆਂ ਦਾ ਵਰਨਣ ਕੀਤਾ ਜੋ ਕਿ ਇੰਡੀਅਨ ਤਾਕਤ ਨੂੰ ਆਲਮੀ ਮੰਚ ‘ਤੇ ਹੋਰ ਉਭਰਨ ਲਈ ਖਾਸ ਰੁਕਾਵਟ ਬਣ ਸਕਦੇ ਹਨ: ਚੀਨ ਨਾਲ ਸਰਹੱਦੀ ਟਕਰਾਅ ਅਤੇ ਜੰਗ ਜਾਂ ਫਿਰ ਇੰਡੀਆ ਦੇ ਅੰਦਰ ਹੀ ਵੱਧ ਰਿਹਾ (ਵੱਖ ਵੱਖ ਧਾਰਮਿਕ, ਸਭਿਆਚਾਰਕ, ਅਤੇ ਰਾਜਸੀ ਪਛਾਣਾਂ ‘ਤੇ ਅਧਾਰਿਤ) ਤਣਾਅ ਅਤੇ ਧੁਰਵੀਕਰਨ (ਜਿਸ ਕਰਕੇ ਅੰਦਰੂਨੀ ਖਾਨਾ ਜੰਗੀ ਵਰਗੇ ਹਲਾਤ ਬਣਨ ਦੇ ਆਸਾਰ ਹਨ)। ਨਤੀਜੇ ਵਜੋਂ ਇੰਡੀਅਨ ਸਟੇਟ ਦੇ ਨੀਤੀ ਘਾੜੇ ਅਤੇ ਸੁਰੱਖਿਆ ਅਧਿਕਾਰੀ ਸਿੱਖਾਂ ਨਾਲ ਇੰਡੀਆ ਅਤੇ ਵਿਦੇਸ਼ ਵਿੱਚ ਸਖਤੀ ਨਾਲ ਨਜਿੱਠਣ ਲਈ ਇੱਕ ਮਤ ਹਨ। ਸ਼ਹੀਦ ਭਾਈ ਹਰਦੀਪ ਸਿੰਘ ਦੇ ਕਤਲ ਤੋਂ ਥੋੜ੍ਹੇ ਹੀ ਦਿਨਾਂ ਬਾਅਦ ਇੰਡੀਆ ਦਾ ਵਿਦੇਸ਼ ਮੰਤਰੀ ਸਿੱਖਾਂ ਨੂੰ ਸਾਫ ਧਮਕੀਭਰੀ ਲਹਿਜੇ ਨਾਲ ਆਖ ਗਿਆ ਕਿ ਜੇਕਰ ਕਨੇਡਾ ਵੱਲੋਂ ਖਾਲਿਸਤਾਨੀ ਗਤੀਵਿਧੀਆਂ ਨੂੰ ਇਜ਼ਾਜ਼ਤ ਮਿਲਦੀ ਰਹੇਗੀ ਜੋ ਸਾਡੀ ਪ੍ਰਭੁਸੱਤਾ, ਖੇਤਰੀ ਅਖੰਡਤਾ ਅਤੇ ਸੁਰੱਖਿਆ ਨੂੰ ਪ੍ਰਭਾਵਤ ਕਰਦੀਆਂ ਹਨ ਤਾਂ ਸਾਨੂੰ “ਜਵਾਬ ਦੇਣਾ ਹੀ ਪਵੇਗਾ”।

ਜ਼ਿਕਰਯੋਗ ਹੈ ਕਿ ਇੰਡੀਅਨ ਤੰਤਰ ਅਸਿਹਮਤੀ ਅਤੇ ਰਾਜਸੀ ਵਿਰੋਧ ਨੂੰ ਨੱਪਣ ਲਈ, ਸਿੱਖਾਂ ਦੇ ਸੰਦਰਭ ਵਿੱਚ ਅੱਜ ਦੇ ਸਮੇਂ ਸਿੱਧੀ ਵਿਆਪਕ ਹਿੰਸਾ ਨਹੀਂ ਕਰ ਰਿਹਾ। ਸਗੋਂ “ਸਰਜੀਕਲ ਸਟ੍ਰਾਈਕ” ਵਰਗੀਆਂ ਲੀਹਾਂ ‘ਤੇ ਚਲਦਿਆਂ ਗਿਣਵੇਂ ਚੁਣਵੇਂ ਕਤਲਾਂ ਦੇ ਨਾਲ ਨਾਲ ਬੜੇ ਸੂਖਮ ਮਨੋਵਿਗਿਆਨਕ ਹਮਲਿਆਂ ਰਾਂਹੀ ਸਿੱਖ ਹਲਕਿਆਂ ਵਿੱਚ ਭੰਭਲਭੂਸੇ, ਭੜਕਾਹਟ, ਅਤੇ ਅੰਦਰੂਨੀ ਕਲੇਸ਼ ਵਧਾ ਰਿਹਾ ਹੈ। ਨਾਲ ਹੀ ਹੋਰਨਾਂ ਭਾਈਚਾਰਿਆਂ ਵਿੱਚ ਖੂੰਖਾਰ ਅਤਿਵਾਦੀਆਂ ਵਜੋਂ ਸਿੱਖਾਂ ਦੀ ਪੇਸ਼ਕਾਰੀ ਕਰ ਰਿਹਾ ਹੈ ਤਾਂ ਕਿ ਹੋਰ ਧਿਰਾਂ ਨਾਲ ਸਾਂਝ ਜਾਂ ਹਮਦਰਦੀ ਨਾਂ ਬਣੇ। ਇਸੇ ਹੀ ਪ੍ਰਸੰਗ ਵਿੱਚ ਇੰਡੀਆ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਲ ਨੇ ਸਾਫ ਕਿਹਾ ਕਿ ਨਵੇਂ ਹਥਿਆਰ ਵਜੋਂ ਸਮਾਜਿਕ ਤਾਣੇ ਬਾਣੇ ਦੇ ਹਰ ਖੇਤਰ ਦਾ ਫ਼ੋਜੀਕਰਨ ਹੁਣ ਜ਼ਰੂਰੀ ਹੋ ਗਿਆ ਹੈ ਕਿਉਂਕਿ ਸਮਾਜ ਨੂੰ ਹੀ ਹੁਣ ਜੰਗ ਦੇ ਨਵੇਂ ਮੈਦਾਨ ਵਜੋਂ ਪ੍ਰਭਾਸ਼ਿਤ ਕੀਤਾ ਜਾ ਰਿਹਾ ਹੈ।

ਇਸ ਜੰਗ ਦੇ ਨਵੇਂ ਪੈਂਤੜਿਆਂ ਮੁਤਾਬਿਕ ਬਹੁਤ ਸਾਰੇ ਹੱਥਕੰਡੇ ਸਾਡੇ ਉੱਤੇ ਵਰਤੇ ਜਾ ਰਹੇ ਹਨ ਜਿਵੇਂ ਕਿ: ਗਲਤ ਜਾਣਕਾਰੀ ਅਤੇ ਸੂਚਨਾਵਾਂ ਰਾਹੀਂ ਲੋਕਾਂ ਵਿੱਚ ਭੰਬਲਭੂਸਾ ਅਤੇ ਪਰੇਸ਼ਾਨੀ ਪੈਦਾ ਕਰਨੇ; ਵਿਰੋਧੀ ਧਿਰਾਂ ਦੇ ਅਲੱਗ ਅਲੱਗ ਧੜਿਆਂ ਵਿੱਚ ਆਪਸੀ ਫੁੱਟ ਅਤੇ ਧੜਾਬੰਦੀ ਨੂੰ ਹਵਾ ਦੇਣੀ ਤਾਂ ਕਿ ਆਪਾਧਾਪੀ ਵਾਲੇ ਮਹੌਲ ਵਿੱਚਕਾਰ ਆਪਣਾ ਅਸਿੱਧਾ ਕਬਜ਼ਾ ਮਹਿਫੂਜ਼ ਰਹੇ; ਕੁੱਝ ਧਿਰਾਂ ਨੂੰ ਵਰਗਲਾ ਕੇ ਗੱਲਬਾਤ ਰਾਹੀਂ ਸਹਿਯੋਗੀ ਬਣਾ ਲੈਣਾ; ਅਤੇ ਵਿਰੋਧੀ ਖੇਮੇ ਦੇ ਆਗੂਆਂ ਨੂੰ ਜਨਤਕ ਤੌਰ ‘ਤੇ ਬਦਨਾਮ ਕਰਨਾ (ਰਾਸ਼ਟਰਵਾਦੀ “ਨਰਮ ਦਲੀ” ਧਿਰਾਂ ਤੋਂ ਲੈਕੇ ਜੁਝਾਰੂ ਸਫਾਂ ਤੱਕ)। ਇਸੀ ਰਣਨੀਤੀ ਨੂੰ ਇੰਡੀਆ ਦੇ ਮੌਜੂਦਾ ਹਿੰਦੁਤਵੀ ਸ਼ਾਸਕਾਂ ਨੇ – ਦਿੱਲੀ ਸਾਮਰਾਜ ਦੇ ਵਿਰੋਧ ਵਿੱਚ ਚਿਰਾਂ ਤੋੰ ਲੜ ਰਹੇ – ਕਸ਼ਮੀਰ ਵਿੱਚ ਵਰਤਿਆ। ਅੰਦਰੂਨੀ ਟਕਰਾਅ ਨੂੰ ਭੜਕਾ ਕੇ ਅਤੇ ਕਸ਼ਮੀਰੀ ਆਗੂਆਂ ਦੇ ਹਰ ਵੰਨਗੀ ਨੂੰ ਬਦਨਾਮ ਕਰਕੇ ਭਰੋਸੇਯੋਗਤਾ ਨੂੰ ਖਤਮ ਕਰਨ ਨਾਲ, ਇੰਡੀਅਨ ਸਟੇਟ ਕਸ਼ਮੀਰੀ ਧਿਰਾਂ ਨੂੰ ਬੇਹੂਦਾ ਤਰੀਕੇ ਨਾਲ ਕਾਬੂ ਕਰਨ ਵਿੱਚ ਕਾਮਯਾਬ ਰਿਹਾ। ਇਸ ਗੱਲ ਦੀ ਪੁਸ਼ਟੀ ਉਦੋਂ ਦੇਖਣ ਨੂੰ ਮਿਲੀ ਜਦੋਂ ੨੦੧੯ ਵਿੱਚ ਖਿੱਤੇ ਦੀ ਰਾਜਨੀਤਿਕ ਸਥਿਤੀ ਅਤੇ ਖੁਦਮੁਖਤਿਆਰੀ ਨੂੰ ਧਾਰਾ ੩੭੦ ਨੂੰ ਰੱਦ ਕਰਕੇ ਯੂਨੀਅਨ ਟੇਰਾਟਰੀ ਵਿੱਚ ਤਬਦੀਲ ਕਰਨ ਵੇਲੇ ਇੰਡੀਅਨ ਸਟੇਟ ਨੂੰ ਕਸ਼ਮੀਰੀਆਂ ਦੀ ਅਸਰਦਾਇਕ ਜਵਾਬੀ ਕਾਰਵਾਈ ਨੂੰ ਕਾਬੂ ਕੀਤਾ ਅਤੇ ਉਨ੍ਹਾਂ ਦੀ ਯੋਗਤਾ ਨੂੰ ਹੁਣ ਤੱਕ ਬੇਅਸਰ ਕਰ ਦਿੱਤਾ ਗਿਆ। ਇਹ ਕਸ਼ਮੀਰੀ ਸੰਘਰਸ਼ ਵਿੱਚ ਹੈਰਾਨ ਕਰਨ ਵਾਲਾ ਉਲਟ-ਫੇਰ ਸੀ ਕਿਉਂਕਿ ਇਸ ਤੋਂ ਪਹਿਲਾਂ ਕਸ਼ਮੀਰੀਆਂ ਨੇ ਦਹਾਕਿਆਂ ਤੱਕ ਵਿਆਪਕ ਜਨਤਕ ਲਾਮਬੰਦੀ ਦੇ ਨਾਲ ਨਾਲ ਪ੍ਰਭਾਵਸ਼ਾਲੀ ਹਥਿਆਰਬੰਦ ਸੰਘਰਸ਼ ਨੂੰ ਭਖਾਈ ਰੱਖਿਆ ਸੀ।

ਸਿੱਖ ਸੰਦਰਭ ਵਿੱਚ ਇਸੇ ਹੀ ਤਰਜ਼ ‘ਤੇ ਇਸ ਸਾਲ ਮਾਰਚ ਵਿੱਚ ਪੰਜਾਬ ਨੂੰ ਵੀ ਅਜਿਹੇ ਤਰੀਕਿਆਂ ਨਾਲ ਕਾਬੂ ਕੀਤਾ ਗਿਆ। ਖਬਰਖਾਨਾ ਅਤੇ ਸੋਸ਼ਲ ਮੀਡੀਆ ਉੱਤੇ ਸਨਸਨੀਖੇਜ਼ ਖਬਰਾਂ ਦੀ ਵਰਤੋਂ ਰਾਹੀਂ ਲੋਕਾਂ ਵਿੱਚ ਦਹਿਸ਼ਤ, ਭੰਬਲਭੂਸਾ ਅਤੇ ਭੜਕਾਹਟ ਫੈਲਾਈ ਗਈ। ਪੰਥਕ ਅਤੇ ਪੰਜਾਬੀ ਆਗੂਆਂ ਦੀ ਹਰ ਵੰਨਗੀ ‘ਤੇ ਇੱਕੋ ਸਮੇਂ ਬਿਰਤਾਂਤਿਕ ਹਮਲਾ ਵਿੱਢਿਆ ਗਿਆ ਤਾਂ ਕਿ ਉਨ੍ਹਾਂ ਨੂੰ ਬਦਨਾਮ ਕਰਕੇ ਲੋਕਾਂ ਵਿੱਚ ਭਰੇਸੇਯੋਗਤਾ ਖਤਮ ਕੀਤੀ ਜਾਵੇ। ਨਤੀਜੇ ਵਜੋਂ ਇੱਕ ਵਿਆਪਕ ਸਮੂਹਿਕ ਖਲਾਅ ਪੈਦਾ ਹੋਇਆ ਜਿਸ ਨੇ ਇਸ ਹਮਲੇ ਦਾ ਢੁਕਵੇਂ ਢੰਗ ਨਾਲ ਜਵਾਬ ਦੇਣ ਦੀ ਸਾਡੀ ਸਮਰੱਥਾ ਨੂੰ ਸਿਫਰ ਦੇ ਬਰਾਬਰ ਕਰ ਲਿਆ। ਇਸ ਨਵੇਂ ਤਜਰਬੇ ਰਾਹੀਂ ਇੰਡੀਅਨ ਸਥਾਪਤੀ ਨੇ ਆਪਣੇ ਰਣਨੀਤਕ ਟੀਚਿਆਂ ਨੂੰ ਪੰਜਾਬ ਵਿੱਚ ਹਾਸਲ ਕਰਨ ਵਿੱਚ ਨਾਂ ਮਾਤਰ ਕੋਸ਼ਿਸ਼ ਅਤੇ ਫੋਰਸ ਨਾਲ ਕਾਮਯਾਬ ਹੋਈ ਅਤੇ ਕਿਸੇ ਵੀ ਕਿਸਮ ਦੇ ਬੱਝਵੇਂ ਵਿਰੋਧ ਦਾ ਸਾਹਮਣਾ ਵੀ ਨਹੀਂ ਕਰਨਾ ਪਿਆ।

ਪੰਥਕ ਆਗੂਆਂ ਦੀ ਤਾਜ਼ੀ ਕਤਲਾਂ ਦੀ ਲੜੀ ਵੀ ਪੰਜਾਬ ਅਤੇ ਪੰਜਾਬੋਂ ਬਾਹਰ ਦੀ ਸਿੱਖ ਲੀਡਰਸ਼ਿਪ ਨੂੰ ਦਬਾਉਣ, ਕਾਬੂ ਕਰਨ ਅਤੇ ਆਪਣੇ ਅਨੁਸਾਰ ਚਲਾਉਣ ਲਈ ਕੀਤੀ ਜਾ ਰਹੀ ਕਵਾਇਦ ਦਾ ਹੀ ਹਿੱਸਾ ਹੈ। ਕਤਲ ਕੀਤੇ ਗਏ ਵੀਰਾਂ ‘ਤੇ ਹਮਲਿਆਂ ਰਾਹੀਂ ਅਜ਼ਾਦੀ ਪਸੰਦ ਖਾਲਿਸਤਾਨੀ ਜੁਝਾਰੂ ਧਿਰ ਨੂੰ ਖਾਸ ਨਿਸ਼ਾਨਾ ਬਣਾਇਆ ਗਿਆ ਜੋ ਇੰਡੀਅਨ ਸਟੇਟ ਦੇ ਨਾਪਾਕ ਮਨਸੂਬਿਆਂ ਨੂੰ ਪੂਰਾ ਕਰਨ ਦੇ ਰਾਹ ਵਿੱਚ ਕੰਧ ਬਣਕੇ ਰੁਕਾਵਟ ਬਣੇ ਹਨ, ਜੋ ਲਾਲਚ ਜਾਂ ਰਿਆਇਤਾਂ ਦੀ ਲਾਲਸਾ ਨੂੰ ਦੁਰਕਿਨਾਰ ਕਰਕੇ ਆਪਣੇ ਜਥਿਆਂ ਦੀ ਸਰਗਰਮੀ ਨਾਲ ਪੰਥ ਦੀ ਸੁਤੰਤਰਤਾ ਅਤੇ ਖਾਲਿਸਤਾਨ ਦੇ ਸੰਘਰਸ਼ ਦੀ ਪੈਰਵਾਈ ਕਰ ਰਹੇ ਹਨ ਅਤੇ ਇੰਡੀਅਨ ਦਾਬੇ ਨੂੰ ਪਾਏਦਾਰ ਚਣੌਤੀ ਪੈਦਾ ਕਰਦੇ ਆਏ ਹਨ।

ਖਾੜਕੂ ਧਿਰਾਂ ਦੀ ਨਿਸ਼ਾਨੇਬਾਜ਼ੀ

ਕਨੇਡੀਅਨ ਖੁਫ਼ੀਆ ਅਤੇ ਸੁਰੱਖਿਆ ਅਜੰਸੀਆਂ ਦੁਆਰਾ ਭਾਈ ਹਰਦੀਪ ਸਿੰਘ ਨਿੱਝਰ ਨੂੰ ਬਹੁਤ ਚਿਰਾਂ ਤੋ ਪੇਸ਼ੇਵਰ ਕਾਤਲਾਂ ਵੱਲੋਂ ਮਾਰੇ ਜਾਣ ਦੇ ਖਤਰੇ ਬਾਰੇ ਸਾਵਧਾਨ ਕੀਤਾ ਜਾ ਰਿਹਾ ਸੀ। ੨੦੨੨ ਦੀਆਂ ਗਰਮੀਆਂ ਦੌਰਾਨ “ਇਨਟੀਗ੍ਰੇਟਡ ਨੈਸ਼ਨਲ ਸਕਿਓਰਿਟੀ ਇਨਫੋਰਸਮੈਂਟ ਟੀਮ” (ਇਨਸੈੱਟ) – ਆਰ.ਸੀ.ਐਮ.ਪੀ. ਦੀ ਅਗਵਾਈ ਵਾਲੀ ਬਹੁ-ਅਜੰਸੀ ਟੀਮ – ਨੇ ਭਾਈ ਹਰਦੀਪ ਸਿੰਘ ਅਤੇ ਹੋਰ ਕਈ ਪੰਥਕ ਆਗੂਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਹਨਾਂ ਨੂੰ ਕਤਲ ਕੀਤੇ ਜਾਣ ਦਾ ਖਤਰਾ ਹੈ। ਜਿਸ ਤਰ੍ਹਾਂ ਇਨਸੈੱਟ ਵੱਲੋਂ “ਰਾਸ਼ਟਰੀ ਸੁਰੱਖਿਆ” ਨੂੰ ਸਿੱਝਣ ਦੇ ਉਦੇਸ਼ ਨਾਲ ਦੇਸ਼ ਭਰ ਦੀਆਂ ਖੁਫੀਆ ਅਤੇ ਸੁਰੱਖਿਆ ਅਜੰਸੀਆਂ ਨੂੰ ਇਸ ਮਸਲੇ ਵਿੱਚ ਆਪਸ ਵਿੱਚ ਬੈਠਾਇਆ ਗਿਆ ਸੀ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਭਾਈ ਹਰਦੀਪ ਸਿੰਘ ਦਾ “ਪ੍ਰੋਫੈਸ਼ਨਲ ਅਸੈਸੀਨੇਸ਼ਨ” ਇੱਕ ਸਧਾਰਨ “ਸਥਾਨਕ ਝਗੜੇ” ਦਾ ਨਤੀਜਾ ਨਹੀਂ ਸੀ ਜਿਵੇਂ ਕਿ ਕੁਝ ਪੱਖਪਾਤੀ ਪੱਤਰਕਾਰ ਭਰਮ ਫ਼ੈਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਭਾਈ ਹਰਦੀਪ ਸਿੰਘ ਨੂੰ ਹਾਲ ਹੀ ਵਿੱਚ ਕੈਨੇਡੀਅਨ ਸਕਿਉਰਿਟੀ ਇੰਟੈਲੀਜੈਂਸ ਸਰਵਿਸ (ਸੀਸਿੱਸ) ਦੇ ਅਜੰਟਾਂ ਦੁਆਰਾ ਇਸ ਧਮਕੀ ਬਾਰੇ ਹੋਰ ਜਾਣਕਾਰੀ ਦੇਣ ਲਈ ਸਿੱਧਾ ਸੰਪਰਕ ਵੀ ਕੀਤਾ ਗਿਆ ਸੀ ਅਤੇ ਉਨ੍ਹਾਂ ਦੇ ਕਤਲ ਤੋਂ ਦੋ ਦਿਨ ਬਾਅਦ ੨੦ ਜੂਨ ਨੂੰ ਉਨ੍ਹਾਂ ਇਸ ਸਬੰਧੀ ਮਿਲਣਾ ਸੀ।

ਇੰਡੀਆ ਦੀ ਨੈਸ਼ਨਲ ਇਨਵੈਸਟੀਗੇਸ਼ਨ ਅਜੰਸੀ (ਐਨ.ਆਈ.ਏ.) ਪਿਛਲੇ ਕਈ ਸਾਲਾਂ ਤੋਂ ਭਾਈ ਹਰਦੀਪ ਸਿੰਘ ‘ਤੇ ਬੇਬੁਨਿਆਦ ਦੋਸ਼ ਲਗਾ ਰਹੀ ਸੀ ਅਤੇ ਪਿਛਲੇ ਸਾਲ ਉਹਨਾਂ ਦੀ ਪੰਜਾਬ ਵਿਚਲੀ ਜਾਇਦਾਦ ਜ਼ਬਤ ਕਰਨ ਤੋਂ ਬਾਅਦ ਉਨ੍ਹਾਂ ਉੱਪਰ ੧੦ ਲੱਖ ਰੁਪਏ ਦੇ ਇਨਾਮ ਵੀ ਐਲਾਨਿਆ ਗਿਆ। ਇੰਡੀਆ ਦੇ ਅਖੌਤੀ “ਅੱਤਵਾਦ ਵਿਰੋਧੀ” ਕਾਲੇ ਕਾਨੂੰਨ ਦੀ ਵਰਤੋਂ ਕਰ ਕੇ ਕਨੇਡਾ ਤੋਂ ਉਹਨਾਂ ਦੀ ਸਪੁਰਦਗੀ ਦੀ ਅਸਫਲ ਕੋਸ਼ਿਸ਼ ਵੀ ਕੀਤੀ ਗਈ। ਇਸ ਲੜੀ ਵਿੱਚ ਆਪਣਾ ਯੋਗਦਾਨ ਪਾਉਂਦਿਆਂ ਇੰਡੀਅਨ ਮੀਡੀਆ ਅਤੇ ਦੂਤਘਰਾਂ ਨੇ ਵੀ ਉਸਨੂੰ ਬਦਨਾਮ ਕਰਕੇ ਨਿਸ਼ਾਨੇ ‘ਤੇ ਲਿਆਉਣ ਲਈ ਇੱਕ ਵੱਡੀ ਮੁਹਿੰਮ ਚਲਾਈ ਰੱਖੀ।

ਭਾਈ ਹਰਦੀਪ ਸਿੰਘ ਤੋਂ ਪਹਿਲਾਂ ਵੀ ਪਿਛਲੇ ਕਈ ਸਾਲਾਂ ਤੋਂ ਇੰਡੀਅਨ ਖੁਫੀਆ ਅਜੰਸੀਆਂ ਵੱਲੋਂ ਵਿਉਂਤਬੱਧ ਤਰੀਕੇ ਨਾਲ ਹਥਿਆਰਬੰਦ ਲਹਿਰਾਂ ਨਾਲ ਸਬੰਧਿਤ ਲੜਾਕੂਆਂ ‘ਤੇ ਭਾੜੇ ਦੇ ਕਾਤਲਾਂ ਰਾਹੀਂ ਗੁਪਤ ਤਰੀਕੇ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਸੀ।

ਪਹਿਲਾਂ ਇਨ੍ਹਾਂ ‘ਤੇ ਯੂਆਪਾ ਵਰਗੇ ਕਾਲੇ ਕਾਨੂੰਨ ਲਗਾ ਕੇ ਨਿਸ਼ਾਨਾ ਬਣਾਇਆ ਗਿਆ ਅਤੇ ਫਿਰ ਅਣਪਛਾਤੇ ਹਮਲਾਵਰਾਂ ਦੁਆਰਾ ਕਤਲ ਕੀਤੇ ਜਾਣ ਤੋਂ ਪਹਿਲਾਂ ਇੰਡੀਅਨ ਮੀਡੀਆ ਵਿੱਚ ਲਗਾਤਾਰ ਉਭਾਰਿਆ ਅਤੇ ਬਦਨਾਮ ਕੀਤਾ ਗਿਆ। ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਜੱਥੇਦਾਰ, ਸ਼ਹੀਦ ਭਾਈ ਹਰਮੀਤ ਸਿੰਘ ‘ਤੇ ਜਨਵਰੀ ੨੦੨੦ ਵਿੱਚ ਲਾਹੌਰ ਦੇ ਨੇੜੇ ਇਸੇ ਤਰ੍ਹਾਂ ਦੀ ਗੁਪਤ ਕਾਰਵਾਈ ਵਿੱਚ ਹਮਲਾ ਕਰਕੇ ਸ਼ਹੀਦ ਕਰ ਦਿੱਤਾ ਗਿਆ ਸੀ। ਜੂਨ ੨੦੨੧ ਵਿੱਚ ਲਾਹੌਰ ਦੇ ਜੌਹਰ ਟਾਊਨ ਵਿੱਚ ਹੋਏ ਬੰਬ ਧਮਾਕੇ ਵਿੱਚ ਤਿੰਨ ਵਿਅਕਤੀ ਮਾਰੇ ਗਏ ਸਨ ਅਤੇ ਕਈ ਹੋਰ ਜ਼ਖ਼ਮੀ ਹੋ ਗਏ ਸਨ। ਇਹ ਹਮਲਾ ਇੰਡੀਆ ਵਿਰੁੱਧ ਹਥਿਆਰਬੰਦ ਕਾਰਵਾਈਆਂ ਦਾ ਇੱਕ ਮੋਢੀ ਆਗੂ ਹਾਫਿਜ਼ ਮੁਹੰਮਦ ਸਈਦ ਨੂੰ ਮਾਰਨ ਲਈ ਕੀਤਾ ਗਿਆ ਸੀ। ਮਾਰਚ ੨੦੨੨ ਵਿੱਚ ਜ਼ਹੂਰ ਮਿਸਤਰੀ ਉੱਪਰ ਦੋ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਹਮਲਾ ਕੀਤਾ ਅਤੇ ਗੋਲੀਬਾਰੀ ਵਿੱਚ ਮਾਰ ਦਿੱਤਾ। ਮਿਸਤਰੀ ਨੇ ਕੁੱਝ ਸਾਲ ਪਹਿਲਾਂ ਇੰਡੀਅਨ ਏਅਰਲਾਈਨਜ਼ ਤੇ ਹਥਿਆਰਬੰਦ ਹਮਲਾ ਕੀਤਾ ਸੀ।

ਇਸੇ ਸਾਲ ਫਰਵਰੀ ਵਿੱਚ ਕਸ਼ਮੀਰੀ ਖਾੜਕੂ ਬਸ਼ੀਰ ਅਹਿਮਦ ਪੀਰ ਨੂੰ ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਅਣਪਛਾਤੇ ਹਮਲਾਵਰਾਂ ਨੇ ਮਾਰ ਦਿੱਤਾ ਸੀ । ਇਸ ਤੋਂ ਕੁੱਝ ਦਿਨ ਬਾਅਦ ਹੀ ਪਾਕਿਸਤਾਨ ਦੇ ਕਰਾਚੀ ਵਿੱਚ ਸਈਦ ਖਾਲਿਦ ਰਜ਼ਾ ਨੂੰ ਵੀ ਇਸੇ ਤਰ੍ਹਾਂ ਮਾਰਿਆ ਗਿਆ। ੬ ਮਈ ੨੦੨੩ ਨੂੰ ਲਾਹੌਰ ਦੇ ਜੌਹਰ ਟਾਊਨ ਵਿੱਚ ਖਾਲਿਸਤਾਨ ਕਮਾਂਡੋ ਫੋਰਸ ਦੇ ਮੁੱਖ ਸੇਵਾਦਾਰ ਜਥੇਦਾਰ ਪਰਮਜੀਤ ਸਿੰਘ ਪੰਜਵੜ ਨੂੰ ਵੀ ਅਣਪਛਾਤੇ ਕਾਤਲਾਂ ਨੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ। ਭਾਈ ਹਰਦੀਪ ਸਿੰਘ ਦੇ ਕਤਲ ਤੋਂ ਕੁਝ ਦਿਨ ਪਹਿਲਾਂ ਯੂ.ਕੇ. ਤੋਂ ਸਿੱਖ ਨੌਜਵਾਨ ਭਾਈ ਅਵਤਾਰ ਸਿੰਘ ਖੰਡਾ ਦਾ ਅਚਾਨਕ ਅਤੇ ਬਹੁਤ ਹੀ ਸ਼ੱਕੀ ਹਾਲਾਤਾਂ ਵਿੱਚ ਕਤਲ ਹੋ ਗਿਆ ਸੀ। ਸਥਾਨਕ ਸੰਗਤ ਦੇ ਉੱਦਮਾਂ ਰਾਹੀਂ ਕੀਤੀ ਗਈ ਪੜਤਾਲ ਤੋਂ ਬਾਅਦ ਸਿੱਖ ਸੰਗਤ ਨੇ ਭਾਈ ਖੰਡੇ ਦੀ ਇੰਡੀਅਨ ਖੁਫੀਆ ਅਜੰਸੀ ਦੇ ਲੁਕਵੇਂ ਵਾਰ ਤਹਿਤ ਹੋਈ ਸ਼ਹਾਦਤ ਪ੍ਰਵਾਨ ਕੀਤੀ ਗਈ।

ਕਾਤਲਾਨਾਂ ਹਮਲਿਆਂ ਦੀ ਇਹ ਲੜੀ ਸਿੱਧੇ ਤੌਰ ‘ਤੇ ਖਾਲਸਾ ਰਾਜ ਨੂੰ ਪ੍ਰਣਾਈ ਸਿੱਖ ਲੀਡਰਸ਼ਿਪ ਨੂੰ ਬੇਅਸਰ ਅਤੇ ਖਤਮ ਕਰਨ ਦੀਆਂ ਇੰਡੀਅਨ ਖੁਫੀਆ ਅਜੰਸੀਆਂ ਵੱਲੋਂ ਕੀਤੀ ਜਾ ਰਹੀ ਹਿਮਾਕਤ ਹੈ।

ਇਨ੍ਹਾਂ ਘਟਨਾਵਾਂ ਨਾਲ ਇੰਡੀਅਨ ਕਬਜ਼ੇ ਵਿਰੁੱਧ ਚੱਲ ਰਹੇ ਸਾਡੇ ਸੰਘਰਸ਼ ਵਿੱਚ ਇੱਕ ਸਿਫਤੀ ਤਬਦੀਲੀ ਆਈ ਹੈ ਅਤੇ ਸਾਡੀ ਸਮੂਹਿਕ ਪ੍ਰਤੀਕਿਰਿਆ ਵਿੱਚ ਇਸ ਤਬਦੀਲੀ ਦੀ ਗੰਭੀਰਤਾ ਦੀ ਹੁਣ ਝਲਕ ਵੀ ਦਿਸਣੀ ਚਾਹੀਦੀ ਹੈ। ਸਾਡੇ ਪੈਤੜੇਂ ਅਤੇ ਬਿਆਨ ਹੁਣ ਪਹਿਲਾਂ ਵਾਲੇ ਡੰਗ ਟਪਾਊ ਦਿਖਾਵੇਬਾਜ਼ੀ ਵੱਲ ਨਹੀਂ ਮੁੜ ਸਕਦੇ ਜਿਵੇਂ ਕਿ ਭਾਈ ਹਰਦੀਪ ਸਿੰਘ ਅਤੇ ਹੋਰ ਸਿੱਖ ਜੁਝਾਰੂਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਹੋਏ ਕਤਲਾਂ ਦੀ ਸਾਡੇ ਲਈ ਕੋਈ ਮਹੱਤਤਾ ਹੀ ਨਾ ਹੋਵੇ। ਸਾਡੀ ਸਮੂਹਿਕ ਚੇਤਨਾ ‘ਤੇ ਇਨ੍ਹਾਂ ਕਤਲਾਂ ਦੀ ਪੱਕੀ ਛਾਪ ਪੈਣੀ ਚਾਹੀਦੀ ਹੈ ਅਤੇ ਪਹਿਲਾਂ ਵਾਲੇ “ਰੋਸ ਪ੍ਰਦਰਸ਼ਨ” ਜਾਂ ਬਿਨਾਂ ਅਮਲ ਤੋਂ “ਨਿਖੇਧੀ” ਕਰਨ ਵਾਲੇ ਫੋਕੇ ਬਿਆਨਾਂ ਤੋਂ ਪਾਰ ਜਾਂਦਿਆਂ ਜੀਅ-ਜਾਨ ਨਾਲ ਹੁਣ ਹਕੀਕਤ ਵਿੱਚ ਸਾਬਤ ਕਦਮੀਂ ਸੰਘਰਸ਼ ਲੜਨ ਲਈ ਮਨ ਬਣਾ ਲੈਣੇ ਚਾਹੀਦੇ ਹਨ। ਪਿਛਲੇ ਦਿਨਾਂ ‘ਚ ਸਰੀ, ਬੀ.ਸੀ. ਵਿੱਚ ਭਾਈ ਹਰਦੀਪ ਸਿੰਘ ਅਤੇ ਬਰਮਿੰਘਮ ‘ਚ ਭਾਈ ਅਵਤਾਰ ਸਿੰਘ ਖੰਡਾ ਦੇ ਸ਼ਹੀਦੀ ਸਰੂਪਾਂ ਦੇ ਦਰਸ਼ਨਾਂ ਨੇ ਸਾਡੀ ਪੀੜ੍ਹੀ ਨੂੰ ਸੰਘਰਸ਼ ਦੇ ਰੂਬਰੂ ਕਰਵਾਉਂਦੇ ਹੋਏ ਇੱਕ ਬੁਨਿਆਦੀ ਮੋੜ ‘ਤੇ ਲਿਆ ਖੜ੍ਹਾ ਕੀਤਾ।

ਜਬੈ ਬਾਣ ਲਾਗਯੋ…

ਮੌਜੂਦਾ ਹਮਲਿਆਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਪੰਥਕ ਨੌਜਵਾਨਾਂ ਨੂੰ ਸੰਘਰਸ਼ ਦੇ ਅਗਲੇ ਪੜਾਅ ਲਈ ਆਪਣੇ ਆਪ ਨੂੰ ਤਿਆਰ ਕਰਨ ਦੀ ਲੋੜ ਹੈ। ਜਦੋਂ ਇੰਡੀਅਨ ਸਟੇਟ ਸਾਡੇ ਹੀਰਿਆਂ ਨੂੰ ਚੁਣ-ਚੁਣ ਮਾਰ ਰਿਹਾ ਹੋਵੇ ਤਾਂ ਸਾਨੂੰ ਖਾਲਸਾਈ ਪ੍ਰਤੀਕਰਮ ਦੀ ਨੀਂਹ ਰੱਖਣ ਲਈ ਆਪਣੀ ਨਿੱਜੀ, ਜਥੇਬੰਦਕ ਅਤੇ ਸਮੂਹਿਕ ਕਾਬਲੀਅਤ ਨੂੰ ਵਧਾਉਣ ਵਾਲੇ ਠੋਸ ਕਦਮ ਚੁੱਕਣ ਲਈ ਤੱਤਪਰ ਹੋਣਾ ਪਵੇਗਾ। ਅਸੀਂ ਹੁਣ ਸਿਰਫ਼ “ਜਾਗਰੂਕਤਾ” ਪੈਦਾ ਕਰਨ ਵਰਗੇ ਕੰਮਾਂ ਨਾਲ ਆਪਣੀ ਜ਼ਮੀਰ ਨੂੰ ਝੂਠੇ ਦਿਲਾਸੇ ਦੇਣ ਤੱਕ ਮਹਿਦੂਦ ਨਹੀਂ ਰਹਿ ਸਕਦੇ। ਆਪਣੇ ਗਿਆਨ ਵਿੱਚ ਵਾਦਾ ਕਰਨ, ਨਵੀਂ ਤਕਨੀਕ ਦੀ ਮੁਹਾਰਤ ਹਾਸਲ ਕਰਨ, ਅਤੇ ਪਾਏਦਾਰ ਸੰਸਥਾਵਾਂ ਨੂੰ ਖੜ੍ਹੀਆਂ ਕਰਨ ਵਰਗੇ ਕਾਰਜਾਂ ਨੂੰ ਤਰਜੀਹ ਦਿੰਦਿਆਂ ਸਾਨੂੰ ਪੰਥ ਦੀ ਅੰਦਰੂਨੀ ਕਤਾਰਬੰਦੀ ਨੂੰ ਹੋਰ ਮਜ਼ਬੂਤ ਕਰਨ ਲਈ ਪੁਰਾਤਨ ਰਵਾਇਤ ਅਨੁਸਾਰ ਸਾਂਝੀ ਰਾਏ ਸਿਰਜਣ ਦੀ ਕਵਾਇਦ ਵੀ ਜਾਰੀ ਰੱਖਣੀ ਪਵੇਗੀ ਤਾਂ ਕਿ ਸੰਘਰਸ਼ ਦੇ ਅਗਲੇ ਪੜਾਅ ਲਈ ਸਾਰਥਕ ਨੀਤੀ ਅਪਨਾਉਂਦੇ ਹੋਏ ਕੁੱਝ ਠੋਸ ਤੁਰੰਤ ਅਤੇ ਦੀਰਘ ਕਾਲ ਦੇ ਨਿਸ਼ਾਨੇ ਤਹਿ ਕੀਤੇ ਜਾ ਸਕਣ। ਸਾਡੇ ਸੰਘਰਸ਼ ਨੂੰ ਅਤੀਤ ਦੀਆਂ ਜੰਜੀਰਾਂ ਤੋਂ ਮੁਕਤ ਕਰਦੇ ਹੋਏ ਦ੍ਰਿੜ ਇਰਾਦਿਆਂ ਨਾਲ ਅੱਗੇ ਭਵਿੱਖ ਵੱਲ ਵਧਣ ਦੀ ਲੋੜ ਹੈ। ਅਸੀਂ ਭਾਵੇਂ ਚਹੁੰਦੇ ਹੋਈਏ ਜਾਂ ਨਾ ਪਰ ਸਾਡੀ ਪੀੜ੍ਹੀ ਅੱਜ ਇੱਕ ਅਹਿਮ ਟਕਰਾਅ ਦੀ ਦਹਿਲੀਜ਼ ‘ਤੇ ਆਣ ਖੜ੍ਹੀ ਹੈ। ਖਾਲਸਈ ਕਦਰਾਂ ਕੀਮਤਾਂ ਅਤੇ ਅਦਰਸ਼ਾਂ ਨੂੰ ਠੋਸ ਅਮਲ ਅਤੇ ਕਰਮ ਨਾਲ ਜੀਵੰਤ ਕਰਨ ਦਾ ਸਮਾਂ ਆ ਗਿਆ ਹੈ। ਖਾਲੀ ਬਿਆਨਬਾਜ਼ੀ, ਬੇਲੋੜੇ ਵਿਵਾਦ ਅਤੇ ਬਹਿਸ, ਜਾਂ ਹੋਰ ਡੰਗ ਟਪਾਊ ਬਹਾਨੇ ਲਾਉਣ ਦਾ ਸਮਾਂ ਬੀਤ ਗਿਆ ਹੈ।

ਇਨ੍ਹਾਂ ਪਾਕ ਪਵਿੱਤਰ ਸ਼ਹਾਦਤਾਂ ਨੇ ਸਾਨੂੰ ਸਵੈ-ਪੜਚੋਲ ਕਰਨ ਦਾ ਸੁਨਹਿਰੀ ਮੌਕਾ ਦਿੱਤਾ ਹੈ ਤਾਂ ਕਿ ਆਪਣੇ ਵੀਰਾਂ ਨੂੰ ਸਿਜਦਾ ਕਰਦੇ ਹੋਏ ਆਪਾਂ ਦ੍ਰਿੜਤਾ ਨਾਲ ਉਨ੍ਹਾਂ ਵੱਲੋਂ ਰੁਸ਼ਨਾਏ ਹੋਏ ਮਾਰਗ ‘ਤੇ ਤੁਰਨ ਦਾ ਤਹਈਆ ਕਰ ਸਕੀਏ। ਇਸ ਦੀ ਸ਼ੁਰੂਆਤ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਕੀਤੀ ਗਈ ਅਰਦਾਸ ਨਾਲ ਹੀ ਹੋਵੇਗੀ ਤਾਂ ਕਿ ਮਹਾਰਾਜ ਸਾਨੂੰ ਇਸ ਬਿਖੜੇ ਪੈਂਡੇ ਦੇ ਤੁਰਨ ਲਈ ਓਹੀ ਸੁਹਜ, ਸੰਜੀਦਗੀ, ਅਤੇ ਤਿਆਗ ਬਖਸ਼ਿਸ਼ ਕਰਨ ਜੋ ਸਾਡੇ ਸ਼ਹੀਦ ਹੋਏ ਵੀਰਾਂ ਦੇ ਜੀਵਨ ਅਤੇ ਕੁਰਬਾਨੀ ਵਿੱਚੋਂ ਪਰਤੱਖ ਦੇਖਣ ਨੂੰ ਮਿਲੀ ਹੈ। ਇਸ ਕ੍ਰਿਸ਼ਮਈ ਮਹੌਲ ਵਿੱਚ ਗੁਰੂ ਦੇ ਲੜ੍ਹ ਲੱਗ ਕੇ ਉਨ੍ਹਾਂ ਸ਼ਹੀਦ ਵੀਰਾਂ ਦੀਆਂ ਸਾਖੀਆਂ ਅਤੇ ਉਨ੍ਹਾਂ ਦੇ ਅਮੁੱਲ ਦਰਸ਼ਨਾਂ ਤੋਂ ਪ੍ਰੇਰਨਾ ਲਈਏ ਜਿਨ੍ਹਾਂ ਨੇ ਸਾਡੇ ਵਿੱਚ ਹੀ ਵਿਚਰਦਿਆਂ ਗੁਰਸਿੱਖੀ ਮਾਰਗ ਨੂੰ ਜਿਉਂ ਕੇ ਸਾਨੂੰ ਵਿਖਾਇਆ। ਇਸ ਅਹਿਸਾਸ ਵਿੱਚੋਂ ਲੰਘਦੇ ਹੋਏ ਇਹ ਪ੍ਰਣ ਕਰੀਏ ਕਿ ਅੱਜ ਤੋਂ ਸ਼ਹੀਦ ਹੋਏ ਵੀਰਾਂ ਦੇ ਰਾਹ ਦੇ ਪਾਂਧੀ ਬਣਦੇ ਹੋਏ ਆਪਣੀ ਜਿੰਦਗੀ ਵਿੱਚ ਵੀ ਇਹ ਸਿਫਤੀ ਤਬਦੀਲੀ ਆਵੇਗੀ।

ਖਾਲਸਾ ਜੀ ਲਈ ਸ਼ਹਾਦਤ ਹਮੇਸ਼ਾਂ ਪੰਥ ਦੇ ਵਿਹੜੇ ਵਿੱਚ ਬਹਾਰ ਲੈ ਕੇ ਆਈ ਹੈ। ਸ਼ਹਾਦਤਾਂ ਸਾਡੇ ਲਈ ਨੁਕਸਾਨ ਨਹੀਂ ਸਗੋਂ ਅੰਤਿਮ ਫਤਹਿ ਵੱਲ ਵਧਣ ਵਾਲੇ ਜੇਤੂ ਕਦਮ ਹੀ ਹੁੰਦੇ ਹਨ। ਖਾਲਸਾ ਇਸ ਡੁੱਲ੍ਹੇ ਖੂਨ ਨੂੰ ਨਤਮਸਤਕ ਹੁੰਦਿਆਂ ਅਰਦਾਸ ਵਿੱਚ ਜੁੱਟ ਜਾਂਦਾ ਹੈ ਕਿ ਸਤਿਗੁਰੂ ਸਾਡੇ ‘ਤੇ ਵੀ ਰਹਿਮ ਕਰਕੇ ਪੰਥ ਦੀ ਸੇਵਾ ਅਤੇ ਗੁਰਸਿੱਖੀ ਮਾਰਗ ਦੇ ਇਸ ਸਿਖਰਲੇ ਮੁਕਾਮ (ਸ਼ਹਾਦਤ) ਵੱਲ ਵੱਧਨ ਲਈ ਬਲ ਬਖਸ਼ਿਸ਼ ਕਰਨ।

0 0 votes
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x