ਸਿੱਖ ਕੌਮ ਦੇ ਸ਼ਾਨਾਮੱਤੇ, ਅਨੂਠੇ, ਵਿਲੱਖਣ ਇਤਿਹਾਸ ਦੇ ਭਾਵੇਂ ਹਰ ਪੰਨੇ ਤੇ ਵਿਲੱਖਣ ਇਬਾਰਤ ਕੌਮ ਨੇ ਆਪਣੀ ਬਹਾਦਰੀ, ਕੁਰਬਾਨੀ, ਜਜ਼ਬੇ ਨਾਲ ਲਿਖੀ ਹੈ। ਪ੍ਰੰਤੂ ਕੁਝ ਪੰਨੇ ਜਿਹੜੇ ਧਰੂ-ਤਾਰੇੇ ਵਾਗੂੰ ਚਮਕਦੇ ਹਨ, ਉਨਾਂ ਨੇ ਇਤਿਹਾਸ ਨੂੰ ਨਵਾਂ ਮੋੜ ਦਿੱਤਾ ਹੈ। ਕੌਮ ਨੂੰ ਜੀਵਨ-ਦਾਨ ਦਿੱਤਾ ਹੈ। ਇਹ ਪੰਨੇ ਕੌਮ ਨੂੰ ਆਪਣੇ ਵਿਰਸੇ ਦਾ ਹਾਣੀ ਬਣਾਉਣ ਲਈ ਅਨੂਠੀ ਸ਼ਹਾਦਤ ਦੇ ਕੇ ਆਪਣੇ ਖੂਨ ਨਾਲ ਲਿਖਣ ਵਾਲੇ ਯੋਧਿਆਂ ਦੀ ਲਾਸਾਨੀ ਕੁਰਬਾਨੀ ਦੀ ਦਾਸਤਾਨ ਵਾਲੇ ਹਨ।
31 ਅਕਤੂਬਰ ਦਾ ਦਿਨ ਇਤਿਹਾਸ ਵੱਲੋਂ ਕੌਮ ਦੀ ਪ੍ਰੀਖਿਆ ਲੈਣ ਦਾ ਦਿਨ ਸੀ, ਪੁਰਾਤਨ ਇਤਿਹਾਸ ਸਾਹਮਣੇ ਸੱਚੇ ਹੋ ਕੇ ਸੁਰਖਰੂ ਹੋਣ ਦਾ ਦਿਨ ਸੀ ਅਤੇ ਕੌਮੀ ਯੋਧਿਆਂ ਨੇ ਇਸ ਪ੍ਰੀਖਿਆ ’ਚੋਂ ਪੂਰੇ ਵਟਾ ਪੂਰੇ ਨੰਬਰ ਲੈ ਕੇ ਕੌਮ ਦੀ ਰੱਖ ਵਿਖਾਈ ਸੀ, ਕੌਮ ਦਾ ਸਿਰ ਮਾਣ ਨਾਲ ਉੱਚਾ ਕੀਤਾ ਸੀ। ਧਰਤੀ ਦੇ ਸੱਚਖੰਡ, ਭਗਤੀ ਦੇ ਕੇਂਦਰ, ਸਿੱਖ ਕੌਮ ਦੇ ਜਾਨ ਤੋਂ ਪਿਆਰੇ ਦਰਬਾਰ ਸਾਹਿਬ ’ਤੇ ਸਮੇਂ ਦੇ ਹੰਕਾਰੀ, ਜਾਬਰ, ਦੁਸ਼ਟ ਹਾਕਮਾਂ ਨੇ, ਸਿੱਖੀ ਦੇ ਨਿਆਰੇ-ਨਿਰਾਲੇਪਣ ਦੇ ਖ਼ਾਤਮੇ ਲਈ ਇਕ ਨਹੀਂ ਅਨੇਕਾਂ ਵਾਰ ਹੱਲੇ ਬੋਲੇ ਅਤੇ ਧਰਤੀ ਦੇ ਇਸ ਸੱਚਖੰਡ ਨੂੰ ਢਹਿਢੇਰੀ ਕਰਨ ਦਾ ਕਹਿਰ ਢਾਹਿਆ। ਪ੍ਰੰਤੂ ਕੁਦਰਤ ਨੇ, ਕੌਮ ਨੇ ਉਨਾਂ ਦੁਸ਼ਟਾਂ ਨੂੰ 153 ਦਿਨਾਂ ਤੋਂ ਵੱਧ ਸਮਾਂ ਇਸ ਧਰਤੀ ਤੇ ਰਹਿਣ ਦਾ ਹੱਕ ਨਹੀਂ ਦਿੱਤਾ।
ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਦੇਸ਼ ’ਚ ਐਮਰਜੈਂਸੀ ਲਾ ਕੇ, ਦੇਸ਼ ਨੂੰ ਜੇਲਖਾਨੇ ’ਚ ਤਬਦੀਲ ਕਰ ਦਿੱਤਾ ਗਿਆ। ਗੁਰੂ ਨਾਨਕ ਪਾਤਸ਼ਾਹ ਦੇ ਵਾਰਿਸਾਂ ਨੇ ‘ਬਾਬਰ ਨੂੰ ਜਾਬਰ’ ਆਖਣ ਲਈ ਇੰਦਰਾ ਗਾਂਧੀ ਦੇ ਜ਼ੁਲਮੋਂ-ਤਸ਼ੱਦਦ ਵਿਰੁੱਧ ਮੋਰਚਾ ਲਾ ਦਿੱਤਾ। ਇੰਦਰਾ ਗਾਂਧੀ ਦੇ ਜਬਰ ਦੇ ਬਾਵਜੂਦ ਇਹ ਮੋਰਚਾ ਨਿਰੰਤਰ 19 ਮਹੀਨੇ ਚੱਲਦਾ ਰਿਹਾ।
ਜਿਵੇਂ ਕਦੇ ਅਬਦਾਲੀ ਨੇ ਆਖਿਆ ਸੀ ਕਿ ਜੇ ਸਿੱਖ ਖ਼ਤਮ ਨਾ ਕੀਤੇ ਤਾਂ ਇਹ ਇਕ ਦਿਨ ਇਸ ਦੇਸ਼ ਦੇ ਹਾਕਮ ਬਣਨਗੇ। ਇੰਦਰਾ ਗਾਂਧੀ ਨੂੰ ਓਹੋ ਅਹਿਸਾਸ ਹੋ ਗਿਆ ਤੇ ਉਸਨੇ ਉਸੇ ਦਿਨ ਤੋਂ ਸਿੱਖਾਂ ਨੂੰ ਸਬਕ ਸਿਖਾਉਣ ਲਈ, ਉਨਾਂ ਦੇ ਖ਼ਾਤਮੇ ਦੀ ਸਹੁੰ ਖਾ ਲਈ। ਸਿੱਖਾਂ ਪ੍ਰਤੀ ਇੰਦਰਾ ਗਾਂਧੀ ਦੇ ਮਨ ’ਚ ਨਫ਼ਰਤ ਇਸ ਕਦਰ ਪੈਦਾ ਹੋ ਗਈ ਕਿ ਉਸਨੇ ਰੂਸ, ਇੰਗਲੈਂਡ ਵਰਗੇ ਮਲਕਾਂ ਤੋਂ ਮੱਦਦ ਲੈ ਕੇ ਭਗਤੀ ਤੇ ਕੇਂਦਰ ਤੇ ਆਪਣੀਆਂ ਫੌਜਾਂ ਕਿਸੇ ਦੁਸ਼ਮਣ ਦੇਸ਼ ਵਾਗੂੰ ਚਾੜ ਦਿੱਤੀਆਂ। ਇੰਦਰਾ ਗਾਂਧੀ ਦੇ ਜਾਬਰ ਹੁਕਮ ਸਦਕਾ, ਫੌਜ ਨੇ, ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਆਈਆਂ, ਸਿੱਖ ਸੰਗਤਾਂ ਦਾ ਵਹਿਸ਼ੀਆਨਾ ਕਤਲੇਆਮ ਕੀਤਾ। ਸ੍ਰੀ ਅਕਾਲ ਤਖ਼ਤ ਸਾਹਿਬ ਟੈਂਕਾਂ, ਤੋਪਾਂ ਦੇ ਗੋਲਿਆਂ ਨਾਲ ਤਬਾਹ ਕਰ ਦਿੱਤਾ।
ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ’ਚ ਸ਼ੁਸ਼ੋਭਿਤ ‘ਗੁਰਾਂ ਦੀ ਦੇਹਿ’ ਨੂੰ ਗੋਲੀਆਂ ਨਾਲ ਛਲਨੀ ਕਰ ਦਿੱਤਾ। ਸਿੱਖਾਂ ਦੇ ਸਾਹਿਤਕ ਤੇ ਸੱਭਿਆਚਾਰਕ ਖਜ਼ਾਨੇ ਨੂੰ ਨੇਸਤਨਾਬੂਦ ਕਰ ਦਿੱਤਾ ਗਿਆ, ਪੂਰਾ ਪੰਜਾਬ ਬੰਦੀ ਬਣਾ ਲਿਆ ਗਿਆ। ਇੱਕੋ ਵੇਲੇ 37 ਗੁਰੂ ਘਰਾਂ ਤੇ ਫੌਜੀ ਹਮਲਾ ਕਰਕੇ, ਸਿੱਖਾਂ ਦਾ ਕਤਲੇਆਮ ਕੀਤਾ ਗਿਆ।
ਧੀਆਂ-ਭੈਣਾਂ ਦੀ ਪੱਤ ਰੋਲੀ ਗਈ। ਬਜ਼ੁਰਗ ਬਾਪੂਆਂ ਦੀ ਦਾੜੀ ਤੇ ਦਸਤਾਰ ਰੋਲੀ ਗਈ। ਅੱਤ ਦਾ ਕਹਿਰ, ਕੌਮ ਨੇ ਸਹਾਰਿਆ। ਕੀ ਇਸ ਕਹਿਰ ਨੂੰ ਕੋਈ ਸੱਚਾ ਸਿੱਖ ਚੁੱਪ-ਚਾਪ ਬਰਦਾਸ਼ਤ ਕਰ ਸਕਦਾ ਸੀ? ਕੀ ਉਸਦੀਆਂ ਅੱਖਾਂ ਅੱਗੋਂ ਇਹ, ਖੌਫ਼ਨਾਕ, ਮੰਜ਼ਰ ਅਤੇ ਪੁਰਾਤਨ ਇਤਿਹਾਸ ਦਾ ਦਿ੍ਰਸ਼ ਆਲੋਪ ਹੋ ਸਕਦਾ ਸੀ? ਜੇ ਅੱਜ ਦੇ ਦਿਨ 31 ਅਕਤੂਬਰ ਨੂੰ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਪੁਰਾਤਨ ਸਿੰਘਾਂ ਵਾਲੇ ਇਤਿਹਾਸ ਨੂੰ ਨਾ ਦੁਹਰਾਉਂਦੇ ਤਾਂ ਕੀ ਅੱਜ ਸਿੱਖ ਕੌਮ ਸਿਰ ਚੁੱਕ ਕੇ ਤੁਰਨਯੋਗੀ ਰਹਿ ਗਈ ਹੁੰਦੀ?
ਸਿੱਖੀ ’ਚ ਹਿੰਸਾ ਲਈ, ਕਤਲੋਗਾਰਤ ਲਈ ਕੋਈ ਥਾਂ ਨਹੀਂ, ਪ੍ਰੰਤੂ ਦੁਸ਼ਟ ਦੇ ਜ਼ੁਲਮੋ-ਸ਼ਿਤਮ ਨੂੰ ਬਰਦਾਸ਼ਤ ਕਰਨ ਦੀ ਵੀ ਕਿਸੇ ਸਿੱਖ ਨੂੰ ਆਗਿਆ ਨਹੀਂ। ਜ਼ੁਲਮ ਕਰਨਾ ਤੇ ਜ਼ੁਲਮ ਸਹਿਣਾ, ਸਿੱਖੀ ’ਚ ਬਰਾਬਰ ਦੇ ਗੁਨਾਹ ਹਨ। ਜਬਰ ਦਾ ਮੁਕਾਬਲਾ ਪਹਿਲਾ ਸਬਰ ਨਾਲ ਅਤੇ ਜਦੋਂ ਅੱਤ ਹੋ ਜਾਵੇ ਫ਼ਿਰ ਜਬਰ ਦਾ ਅੰਤ ਕਰਨ ਲਈ ਸਿਖ਼ਰਲਾ ਹਥਿਆਰ ਵਰਤਣਾ, ਸਿੱਖੀ ਸਿਧਾਂਤਾਂ ਵੱਲੋਂ ਦਰਸਾਇਆ ਮਾਰਗ ਹੈ।
ਇਸ ਮਾਰਗ ਨੂੰ ਅੱਜ ਦੇ ਦਿਨ ਭਾਈ ਬੇਅੰਤ ਸਿੰਘ ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਨੇ ਅਪਨਾਇਆ ਸੀ। ਉਨਾਂ ਇਤਿਹਾਸ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਹਮਲਾਵਰਾਂ ਨੂੰ 153 ਦਿਨਾਂ ’ਚ ਸੋਧਣ ਦੀ ਪ੍ਰੀਖਿਆ ਨੂੰ ਪਾਸ ਕੀਤਾ ਅਤੇ ਕੌਮ ਦੇ ਜਿੳੂਂਦੀ ਹੋਣ ਦਾ ਪ੍ਰਤੱਖ ਪ੍ਰਮਾਣ ਦਿੱਤਾ। ਇਸੇ ਪ੍ਰਤੱਖ ਪ੍ਰਮਾਣ ਤੋਂ ਫ਼ਿਰਕੂ ਜਾਨੂੰਨੀ ਹਿੰਦੂਵਾਦੀ ਤਾਕਤਾਂ, ਧੁਰ ਅੰਦਰ ਤੱਕ ਹਿੱਲੀਆਂ ਤੇ ਉਨਾਂ ਆਪਣੀ ਇਸ ਬੁਖਲਾਹਟ ਦਾ ਸਬੂਤ ਸਿੱਖ ਕਤਲੇਆਮ ਦੇ ਵਹਿਸ਼ੀਆਨਾ ਢੰਗ ਨਾਲ ਦਿੱਤਾ।
ਅੱਜ ਜਦੋਂ ਅਸੀਂ ਭਾਈ ਬੇਅੰਤ ਸਿੰਘ ਦੀ ਸ਼ਹੀਦੀ ਨੂੰ ਅਤੇ ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਦੀ ਦਲੇਰੀ, ਕੁਰਬਾਨੀ ਤੇ ਬਹਾਦਰੀ ਨੂੰ ਯਾਦ ਕਰ ਰਹੇ ਹਾਂ ਤਾਂ ਸਾਨੂੰ ਇਹ ਵੀ ਯਾਦ ਕਰਨਾ ਪਵੇਗਾ ਕਿ ਜਿਸ ਕੌਮ ਨੂੰ ਆਪਣੇ ਭਗਤੀ ਦੇ ਕੇਂਦਰ ਵੱਲ ਕਿਸੇ ਦੁਸ਼ਟ ਨੂੰ ਕੈਰੀ ਅੱਖ ਨਾਲ ਵੇਖਣ ਦੀ ਕਦੇ ਆਗਿਆ ਨਹੀਂ ਸੀ ਦਿੱਤੀ।
ਅੱਜ ਉਸ ਕੌਮ ਦੇ ਗੁਰੂ ਦੀ ਦਿਨ-ਦਿਹਾੜੇ, ਆਏ ਦਿਨ ਬੇਅਦਬੀ ਹੋ ਰਹੀ ਹੈ ਅਤੇ ਕੌਮ ਉਸ ਬੇਅਦਬੀ ਦੇ ਦੋਸ਼ੀਆਂ ਦੀ ਗਿ੍ਰਫ਼ਤਾਰੀ ਦੀ ਮੰਗ ਕਰਦੀ, ਜਾਬਰ ਹਕੂਮਤ ਦੀਆਂ ਗੋਲੀਆਂ ਖਾ-ਖਾ ਸ਼ਹੀਦ ਹੋਈ ਜਾ ਰਹੀ ਹੈ, ਪ੍ਰੰਤੂ ਇਨਸਾਫ਼ ਲਈ ਦੁਸ਼ਟ ਦੋਸ਼ੀਆਂ ਦੀ ਗਿ੍ਰਫ਼ਤਾਰੀ ਲਈ ਸਰਕਾਰ ਅੱਗੇ ਝੋਲੀ ਅੱਡਣ ਤੱਕ ਹੀ ਮਜ਼ਬੂਰ ਹੈ। ਫ਼ਿਰ ਅੱਜ ਦੇ ਮਹਾਨ ਇਤਿਹਾਸ ਅੱਗੇ ਸਿਵਾਏ ਸ਼ਰਮਸ਼ਾਰ ਹੋਣ ਤੋਂ ਹੋਰ ਕੀ ਹੋ ਸਕਦਾ ਹੈ? ਪ੍ਰੰਤੂ ਸਿਰਜਿਆ ਗਿਆ ਇਤਿਹਾਸ ਤਾਂ ਹਰ 31 ਅਕਤੂਬਰ ਨੂੰ ਸਾਡੀ ਗੈਰਤ ਨੂੰ ਵੰਗਾਰਦਾ ਰਹੇਗਾ, ਇਹ ਪੱਕਾ ਹੈ।
ਧੰਨਵਾਦ ਸਹਿਤ ਰੋਜ਼ਾਨਾ ਪਹਿਰੇਦਾਰ ਵਿੱਚੋਂ