31 ਅਕਤੂਬਰ ਦਾ ਦਿਨ ਇਤਿਹਾਸ ਵੱਲੋਂ ਕੌਮ ਦੀ ਪ੍ਰੀਖਿਆ ਲੈਣ ਦਾ ਦਿਨ ਸੀ, ਪੁਰਾਤਨ ਇਤਿਹਾਸ ਸਾਹਮਣੇ ਸੱਚੇ ਹੋ ਕੇ ਸੁਰਖਰੂ ਹੋਣ ਦਾ ਦਿਨ ਸੀ ਅਤੇ ਕੌਮੀ ਯੋਧਿਆਂ ਨੇ ਇਸ ਪ੍ਰੀਖਿਆ ’ਚੋਂ ਪੂਰੇ ਵਟਾ ਪੂਰੇ ਨੰਬਰ ਲੈ ਕੇ ਕੌਮ ਦੀ ਰੱਖ ਵਿਖਾਈ ਸੀ, ਕੌਮ ਦਾ ਸਿਰ ਮਾਣ ਨਾਲ ਉੱਚਾ ਕੀਤਾ ਸੀ। ਧਰਤੀ ਦੇ ਸੱਚਖੰਡ, ਭਗਤੀ ਦੇ ਕੇਂਦਰ, ਸਿੱਖ ਕੌਮ ਦੇ ਜਾਨ ਤੋਂ ਪਿਆਰੇ ਦਰਬਾਰ ਸਾਹਿਬ ’ਤੇ ਸਮੇਂ ਦੇ ਹੰਕਾਰੀ, ਜਾਬਰ, ਦੁਸ਼ਟ ਹਾਕਮਾਂ ਨੇ, ਸਿੱਖੀ ਦੇ ਨਿਆਰੇ-ਨਿਰਾਲੇਪਣ ਦੇ ਖ਼ਾਤਮੇ ਲਈ ਇਕ ਨਹੀਂ ਅਨੇਕਾਂ ਵਾਰ ਹੱਲੇ ਬੋਲੇ ਅਤੇ ਧਰਤੀ ਦੇ ਇਸ ਸੱਚਖੰਡ ਨੂੰ ਢਹਿਢੇਰੀ ਕਰਨ ਦਾ ਕਹਿਰ ਢਾਹਿਆ।