ਪ੍ਰਵਾਸ ਅਤੇ ਝੁਰਦਾ ਪੰਜਾਬ

ਪ੍ਰਵਾਸ ਅਤੇ ਝੁਰਦਾ ਪੰਜਾਬ

ਅਕਾਲ ਪੁਰਖ ਵੱਲੋਂ ਇਸ ਧਰਤ ‘ਤੇ ਬਖਸ਼ਿਸ਼ ਕੀਤੀ ਕੁੱਲ ਖ਼ਲਕਤ ਵਿਚੋਂ ਮਨੁੱਖ ਨੂੰ ਸਭ ਤੋਂ ਉੱਤਮ ਦਰਜਾ ਪ੍ਰਾਪਤ ਹੈ। ਆਦਮ ਜ਼ਾਤ ਲਈ ਸਮੂਹ ਅਤੇ ਸਮਾਜ ਦੇ ਅਰਥ ਬਾਕੀ ਜੀਵ-ਜੰਤੂਆਂ ਨਾਲੋਂ ਵੱਖਰੇ ਹਨ। ਮਨੁੱਖ ਦਾ ਸਮਾਜ ਨਾਲ ਸਬੰਧ ਉੱਤਮ ਕਿਸਮ ਦਾ ਹੈ ਅਤੇ ਉਸ ਦਾ ਸਮਾਜ ਬਿਨਾ ਗੁਜ਼ਾਰਾ ਸੰਭਵ ਨਹੀਂ ਹੈ। ਦੁਨੀਆਂ ‘ਤੇ ਵੱਸਦੇ ਬਾਕੀ ਸਮਾਜਾਂ ਨਾਲ ਸਿੱਖਾਂ ਦਾ ਸਮਾਜਿਕ ਸਰੋਕਾਰ ਨਿਵੇਕਲਾ ਹੈ। ਸਿੱਖਾਂ ਦੇ ਸਮਾਜਿਕ ਸਰੋਕਾਰਾਂ ਨੂੰ ਸਮਝਣ ਲਈ ਇਸ ਦੀਆਂ ਸੰਵੇਦਨਸ਼ੀਲ ਅਤੇ ਭੀੜ੍ਹੀਆਂ ਤੰਦਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇੱਕ ਸਮਾਜ ਦੇ ਰੂਪ ਵਿੱਚ ਸਿੱਖ ਕਿਵੇਂ ਸੋਚਦੇ ਹਨ ਇਸ ਦਾ ਸਪਸ਼ਟ ਝਲਕਾਰਾ ਗੁਰੂ ਸਾਹਿਬਾਨ ਦੇ ਜੀਵਨ ਕਾਲ ਦੌਰਾਨ, ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ, ਮਿਸਲਾਂ ਅਤੇ ਘੱਲੂਘਾਰਿਆਂ ਸਮੇਂ, ਸਿੱਖ ਰਾਜ ਦੀ ਸਥਾਪਤੀ ਅਤੇ ਖਿੰਡਾਅ ਸਮੇਂ, ਅੰਗਰੇਜ਼ੀ ਰਾਜ ਅਤੇ ਅੰਗਰੇਜੀ ਰਾਜ ਦੌਰਾਨ ਚੱਲੀਆਂ ਸਿੱਖ ਲਹਿਰਾਂ ਸਮੇਂ ਅਤੇ ਪਿਛਲੇ ਸਮੇਂ ਤੱਕ ਦੀ ਰਾਜਸੀ ਉਤਪਤੀ ਸਮੇਂ ਸਪੱਸ਼ਟ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਪਿਛਲੇ ਦਹਾਕਿਆਂ ਵਿੱਚ ਚੱਲੀਆਂ ਲਹਿਰਾਂ ਇਥੋਂ ਤੱਕ ਕਿ ਮੌਜ਼ੂਦਾ ਦੌਰ ਦਾ ਕਿਸਾਨੀ ਸੰਘਰਸ਼ ਵੀ ਸਿੱਖਾਂ/ਪੰਜਾਬੀਆਂ ਦੇ ਸਮਾਜਿਕ ਸਬੰਧਾਂ ਦੇ ਪ੍ਰਪੱਕਤਾ ਦੇ ਦਰਸ਼ਨ ਕਰਾਉਂਦਾ ਹੈ। ਮਨੁੱਖਾਂ ਨਾਲ ਤਾਂ ਕੀ ਪੰਜਾਬ ਦੇ ਲੋਕਾਂ ਦਾ ਪਸ਼ੂਆਂ, ਫ਼ਸਲਾਂ, ਖੇਤੀ ਅਤੇ ਹੋਰ ਜੀਵ ਜੰਤੂਆਂ ਨਾਲ਼ ਸਰੋਕਾਰ ਤੇ ਰਿਸ਼ਤਾ ਮਿਸਾਲੀ ਕਿਸਮ ਦਾ ਹੈ। ਅਸੀਂ ਅਕਸਰ ਸੁਣਦੇ ਹਾਂ ਇਹ ਪੁਰਾਣੇ ਸਮਿਆਂ ਵਿੱਚ ਜਦੋਂ ਸਾਡੇ ਪੁਰਖੇ ਬਲਦਾਂ ਨਾਲ ਖੇਤੀ ਕਰਦੇ ਸਨ, ਜਦੋਂ ਕੋਈ ਬਲਦ ਬੁੱਢਾ ਹੋ ਜਾਣਾ ਤਾਂ ਉਸ ਦੀ ਸੇਵਾ ਸੰਭਾਲ ਘਰ ਦੇ ਬਜ਼ੁੁਰਗਾਂ ਵਾਂਗ ਹੀ ਕੀਤੀ ਜਾਂਦੀ ਸੀ ਅਤੇ ਉਸ ਨੇ ਘਰਾਂ ਦੇ ਬਜ਼ੁਰਗਾਂ ਵਾਂਗ ਹੀ ਉਮਰ ਵਿਹਾ ਕੇ ਕਿਸਾਨ ਦੇ ਘਰ ਹੀ ਪ੍ਰਾਣ ਤਿਆਗਣੇ ਹੁੰਦੇ ਸਨ। ਲਵੇਰਿਆਂ ਪ੍ਰਤੀ ਵਿਹਾਰ ਵੀ ਇਸੇ ਕਿਸਮ ਦਾ ਸੀ। ਪੁਰਾਣੇ ਸਮਿਆਂ ਵਿੱਚ ਜਦੋਂ ਪਿੰਡਾਂ ਦੀ ਆਰਥਿਕਤਾ ਪੂਰੀ ਤਰ੍ਹਾਂ ਖੇਤੀ ‘ਤੇ ਅਧਾਰਤ ਸੀ ਤਾਂ ਬੇਜ਼ਮੀਨੇ ਲੋਕ ਕਿਸਾਨ ਨਾਲ ਸੀਰ (ਸਾਂਝ) ਦੀ ਖੇਤੀ ਕਰਦੇ ਸਨ। ਪੰਜਾਬ ਵਿੱਚ ਹਜ਼ਾਰਾਂ ਉਦਾਹਰਨਾਂ ਅਜਿਹੀਆਂ ਹਨ ਜਿੱਥੇ ਇਹ ਸਾਂਝ ਕਈ ਪੁਸ਼ਤਾਂ ਤੱਕ ਨਿਭਦੀ ਰਹੀ ਹੈ ਭਾਵੇਂ ਕਿ ਸਿਆਸੀ ਲੋਭ ਵਿੱਚ ਆ ਕੇ ਕੁਝ ਗ਼ੈਰ ਸੰਜੀਦਾ ਲੋਕਾਂ ਨੇ ਇਨ੍ਹਾਂ ਸਬੰਧਾਂ ਵਿੱਚ ਖਟਾਸ ਪੈਦਾ ਕਰਨ ਦੀ ਕੋਈ ਕਸਰ ਨਹੀਂ ਛੱਡੀ ਪਰ ਸ਼ਾਇਦ ਉਹ ਇਹ ਨਹੀਂ ਜਾਣਦੇ ਕਿ ‘ਪੰਜਾਬ ਵਸਦਾ ਗੁਰਾਂ ਦੇ ਨਾਂ ਉੱਤੇ’! ਰਿਸ਼ਤਿਆਂ ਦੀਆਂ ਮਜਬੂਤ ਤੰਦਾਂ ਸਾਹਾਂ ਨਾਲ ਨਿਭਦੀਆਂ ਤੇ ਮੌਤ ਨਾਲ ਟੁੱਟਦੀਆਂ ਹਨ। ਮੌਤ ਪ੍ਰਤੀ ਵੀ ਧਰਤ ਪੰਜਾਬ ਦੇ ਵਾਸੀਆਂ ਦੀ ਸਮਝ ਬਹੁਤ ਸੂਖਮ ਅਤੇ ਪਾਕੀਜ਼ਗੀ ਵਾਲੀ ਹੈ। ਦੁਨੀਆਂ ਭਰ ਵਿਚ ਬੰਦੇ ਦੇ ਮਰਨ ਤੋਂ ਬਾਅਦ ‘ਬੰਦਾ ਮੁੱਕ ਗਿਆ’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਪ੍ਰੰਤੂ ਸਾਡੇ ਗੁਰੂ ਸਾਹਿਬਾਨ ਨੇ ਇਸ ਅਟੱਲ ਸੱਚਾਈ ਲਈ ਵੀ ਬੇਹੱਦ ਸਤਿਕਾਰਤ ਸ਼ਬਦ ‘ਅਕਾਲ ਚਲਾਣਾ’ ਵਰਤਿਆ ਹੈ। ਕਿਸੇ ਦੀ ਮੌਤ ‘ਤੇ ਸਾਡੇ ਲੋਕ ‘ਚੜ੍ਹਾਈ ਕਰ ਗਿਆ’ ਜਾਂ ‘ਅਕਾਲ ਚਲਾਣਾ ਕਰ ਗਿਆ’ ਸ਼ਬਦ ਦੀ ਵਰਤੋਂ ਕਰਦੇ ਹਨ। ਮੌਤ ਤੋਂ ਬਾਅਦ ਅੰਤਿਮ ਅਰਦਾਸ ਕਰਕੇ ਹੀ ਮਨੁੱਖ ਦਾ ਮਨੁੱਖ ਨਾਲ ਸਬੰਧ ਖ਼ਤਮ ਮੰਨਿਆ ਜਾਂਦਾ ਹੈ। ਫਿਰ ਵੀ ‘ਅਕਾਲ ਨਾਲ ਅਭੇਦ ਹੋਏ ਮਨੁੱਖ ਦੀ ਸਦੀਵੀਂ ਤੇ ਮਿੱਠੀ ਯਾਦ ਆਪਣਿਆਂ ਦੇ ਮਨ ਵਿੱਚ ਸਮੋਈ ਰਹਿੰਦੀ ਹੈ। ਭਾਵੇਂ ਕਿ ਸ਼ਹੀਦ ਨਾਲ ਸਾਡਾ ਸਬੰਧ ਸ਼ਹਾਦਤ ਤੋਂ ਬਾਅਦ ਸ਼ੁਰੂ ਹੁੰਦਾ ਹੈ।

ਸਵਾਲ ਹੁਣ ਇਹ ਹੈ ਕਿ ਰਿਸ਼ਤਿਆਂ ਦੇ ਮੋਹ ਦੀਆਂ ਤੰਦਾਂ ਵਿੱਚ ਇਸ ਤਰ੍ਹਾਂ ਲਬਰੇਜ਼ ਅਤੇ ਗੜੁੱਚ ਸਮਾਜ ਦੀ ਮਾਨਸਿਕਤਾ ‘ਤੇ ਅਜੋਕੇ ਪ੍ਰਵਾਸ ਦਾ ਕੀ ਪ੍ਰਭਾਵ ਪੈ ਰਿਹਾ ਹੈ ? ਪੰਜਾਬ ਤੋਂ ਪ੍ਰਵਾਸ ਕੋਈ ਨਵਾਂ ਵਰਤਾਰਾ ਨਹੀਂ ਹੈ। ਪਰ ਪਹਿਲਾਂ ਪ੍ਰਵਾਸ ਦਾ ਰੂਪ ਅਤੇ ਮਕਸਦ ਹੋਰ ਸੀ। ਇਹ ਪ੍ਰਵਾਸ ਅਜੋਕੇ ਵਰਤਾਰੇ ਵਾਂਗ ‘ਹਿਜ਼ਰਤ’ ਵਰਗਾ ਨਹੀਂ ਸੀ ਸਗੋਂ ਇਹ ਥੋੜ੍ਹ ਚਿਰਾ ਭਾਵ ਕੁਝ ਸਾਲਾਂ ਜਾਂ ਇੱਕ ਦੋ ਦਹਾਕਿਆਂ ਦਾ ਹੁੰਦਾ ਸੀ। ਲੋਕ ਵਿਦਿਆ ਪ੍ਰਾਪਤੀ ਜਾਂ ਮਾਇਕ ਸੌਖ ਲਈ ਬੇਗਾਨੀ ਧਰਤ ‘ਤੇ ਜਾਂਦੇ ਅਤੇ ਸਮਾਂ ਪਾ ਕੇ ਮੁੜ ਆਪਣੀ ਧਰਤ ‘ਤੇ ਆ ਵਸਦੇ।ਲਾਮ ਨੂੰ ਗਏ ਲੋਕ ਵੀ ਜੰਗਾਂ ਮੁੱਕਣ ‘ਤੇ ਮੁੜ ਆਉਂਦੇ ਸਨ। ਉਨ੍ਹਾਂ ਸਮਿਆਂ ਵਿੱਚ ਵੀ ਇਨ੍ਹਾਂ ਪ੍ਰਦੇਸੀਆਂ ਦੀ ਯਾਦ ਵਿੱਚ ਗਾਏ ਲੋਕ ਗੀਤਾਂ ਵਿੱਚ ਡਾਹਢਾ ਦਰਦ ਹੁੰਦਾ ਸੀ। ਪਰ ਅਜੋਕੇ ਪਦਾਰਥਵਾਦੀ ਯੁੱਗ ਵਿੱਚ ਪ੍ਰਵਾਸ ਦੇ ਅਰਥ ਬਿਲਕੁਲ ਬਦਲ ਗਏ ਹਨ। ਪੰਜਾਬ ਤੋਂ ਹੋ ਰਿਹਾ ਬੇਮੁਹਾਰਾ ਅਤੇ ਦਿਸ਼ਾਹੀਣ ਪ੍ਰਵਾਸ ਪੰਜਾਬ,ਪੰਜਾਬੀਅਤ ਅਤੇ ਸਿੱਖਾਂ ਦੀ ਤਰਜ਼ੇ ਜ਼ਿੰਦਗੀ ਦੇ ਸਾਰੇ ਪਹਿਲੂਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ, ਜਿਨ੍ਹਾਂ ਵਿੱਚੋਂ ਮਾਨਸਿਕ ਸਿਹਤ ਅਹਿਮ ਮੁੱਦਾ ਹੈ। ਪੰਜਾਬ ਦੀ ਮਾਨਸਿਕ ਸਿਹਤ ਬਾਰੇ ਪਿੱਛੇ ਜਿਹੇ ਜਾਰੀ ਹੋਏ ਅੰਕੜਿਆਂ ਤੋਂ ਹੈਰਾਨੀਜਨਕ ਖ਼ੁੁਲਾਸਾ ਹੋਇਆ ਹੈ ਜਿਸ ਅਨੁਸਾਰ ਪੰਜਾਬ ਵਿੱਚ ਮਾਨਸਿਕ ਸਿਹਤ ਵਿਕਾਰਾਂ ਦੇ ਮਾਮਲਿਆਂ ਵਿੱਚ ਵੀਹ ਫ਼ੀਸਦੀ ਵਾਧਾ ਹੋਇਆ ਹੈ ਜੋ ਕਿ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ।

ਪ੍ਰਵਾਸ ਨੇ ਪੰਜਾਬੀਆਂ ਦੇ ਹਰ ਉਮਰ ਵਰਗ ਦੀ ਮਾਨਸਿਕਤਾ ਨੂੰ ਪ੍ਰਭਾਵਿਤ ਕੀਤਾ ਹੈ। ਸਭ ਤੋਂ ਪਹਿਲਾ ਪ੍ਰਭਾਵਤ ਵਰਗ ਨਵਜੰਮੇ ਜਾਂ ਬਹੁਤ ਛੋਟੇ ਬੱਚੇ ਹਨ। ਪ੍ਰਵਾਸ ਦੇ ਮੁੱਢਲੇ ਸੰਘਰਸ਼ ਦੀਆਂ ਚੁਣੌਤੀਆਂ ਹੰਢਾਅ ਰਹੇ ਮਾਂ-ਪਿਉ ਅਕਸਰ ਆਪਣੇ ਛੇ ਮਹੀਨੇ /ਸਾਲ /ਦੋ ਸਾਲਾਂ ਦੀਆਂ ਔਲਾਦਾਂ ਨੂੰ ਆਪਣੇ ਰਿਸ਼ਤੇਦਾਰਾਂ ਕੋਲ ਛੱਡ ਜਾਂਦੇ ਹਨ ਤਾਂ ਜੋ ਉਹ ਵਧੇਰੇ ਸੌਖ ਨਾਲ ਬਹੁਤਾ ਕੰਮ ਕਰਕੇ ਬਹੁਤੇ ਪੈਸੇ ਕਮਾ ਸਕਣ। ਹੁਣ ਕੋਈ ਵੀ ਸਕਾ ਸਬੰਧੀ ਭਾਵੇਂ ਜਿੰਨਾ ਮਰਜ਼ੀ ਲਾਡ ਲਡਾਏ ਪਰ ਮਾਂ -ਪਿਉ ਵਿਹੂਣਾ ਬੱਚਾ ਕਿਸ ਤਰ੍ਹਾਂ ਦੀ ਮਾਨਸਿਕ ਅਵਸਥਾ ਵਿਚੋਂ ਲੰਘ ਰਿਹਾ ਹੁੰਦਾ ਹੈ ਉਸ ਨੂੰ ਸਹਿਜੇ ਹੀ ਸਮਝ ਸਕਦਾ ਹੈ। ਇਸ ਤਰ੍ਹਾਂ ਦੇ ਅਧੂਰੇ ਪਾਲਣ ਪੋਸ਼ਣ ਦਾ ਅਸਰ ਤਾ-ਉਮਰ ਉਸ ਦੀ ਜ਼ਿੰਦਗੀ ‘ਤੇ ਰਹੇਗਾ। ਜਿਹੜੇ ਮਾਂ-ਪਿਓ ਬੱਚੇ ਦੇ ਬਚਪਨ ਵੇਲੇ ਉਸ ਤੋਂ ਦੂਰ ਹੋ ਗਏ, ਉਹ ਬੱਚਾ ਜਵਾਨ ਹੋ ਕੇ ਬੁੱਢੇ ਹੋ ਚੁੱਕੇ ਮਾਪਿਆਂ ਦੇ ਨੇੜੇ ਕਿਉਂ ਹੋਉ ?

ਪ੍ਰਵਾਸ ਤੋਂ ਪ੍ਰਭਾਵਿਤ ਦੂਜਾ ਵਰਗ ਉਨ੍ਹਾਂ ਜਵਾਨ ਬੱਚਿਆਂ ਦਾ ਹੈ ਜੋ ਕਿਸੇ ਕਾਰਨ ਵਿਦੇਸ਼ ਜਾਣ ਵਾਲੀ ਅੰਗਰੇਜ਼ੀ ਦੀ ਪ੍ਰੀਖਿਆ ਪਾਸ ਨਹੀਂ ਕਰ ਸਕੇ ਜਾਂ ਕਿਸੇ ਹੋਰ ਕਾਰਨ ਉਨ੍ਹਾਂ ਦਾ ਵਿਦੇਸ਼ ਜਾਣ ਦਾ ਸਬੱਬ ਨਹੀਂ ਬਣ ਸਕਿਆ। ਉਹ ਤਾਂ ਬਸ ਇਸੇ ਨਮੋਸ਼ੀ ਦਾ ਸ਼ਿਕਾਰ ਹਨ ਕਿ ਵਿਦੇਸ਼ ਨਾ ਜਾਣ ਕਾਰਨ ਉਨ੍ਹਾਂ ਨੇ ਜੀਵਨ ਦਾ ਅਸਲ ਮਕਸਦ ਹੀ ਗੁਆ ਲਿਆ ਹੈ। ਹੁਣ ਉਨ੍ਹਾਂ ਦਾ ਕਿਸੇ ਵੀ ਉਸਾਰੂ ਕੰਮ ਵਿੱਚ ਮਨ ਨਹੀਂ ਲੱਗ ਰਿਹਾ। ਜੇਕਰ ਉਹ ਅਗਲੇਰੀ ਪੜ੍ਹਾਈ ਕਰ ਵੀ ਰਹੇ ਹਨ ਤਾਂ ਉਨ੍ਹਾਂ ਨੂੰ ਵਿਅਰਥ ਲੱਗ ਰਹੀ ਹੈ। ਦਿਸ਼ਾਹੀਣ ਹੋਈ ਜਵਾਨੀ ਨਸ਼ਿਆਂ ਦੀ ਦਲਦਲ ਵਿਚ ਧਸਦੀ ਜਾ ਰਹੀ ਹੈ। ਨਵੇਂ ਨਵੇਂ ਵਿਦੇਸ਼ ਗਏ ਸਮਝ ਤੋਂ ਕੋਰੇ ਇਨ੍ਹਾਂ ਦੇ ਸਾਥੀ ਇਨ੍ਹਾਂ ਨੂੰ ਫੋਨ ਕਰ ਆਪਣੀ ਅਖ਼ੌਤੀ ਵਿਦੇਸ਼ੀ ਚਮਕ ਦਮਕ ਦਿਖਾਉਣ ਦੇ ਚੱਕਰ ਵਿੱਚ ਇਨ੍ਹਾਂ ਨੂੰ ਹੋਰ ਵਧੇਰੇ ਹੀਣਤਾ ਵਿੱਚ ਲਿਜਾ ਰਹੇ ਹਨ। ‘ਇੱਥੇ ਰੱਖਿਆ ਕੀ ਹੈ?’ ਵਰਗੇ ਅੱਖੜ ਬੋਲ ਅੱਲੜ ਮਾਨਸਿਕਤਾ ਨੂੰ ਝੰਜੋੜਨ ਲਈ ਕਾਫ਼ੀ ਹਨ। ਇਸ ਤੋਂ ਇਲਾਵਾ ਨਿਆਣੀ ਉਮਰੇ ਸਕੂਲ ਵਿੱਚ ਨਾਲ ਪੜਦੇ ਬਹੁਤੇ ਸੰਗੀ ਸਾਥੀ ਅਤੇ ਰਿਸ਼ਤੇਦਾਰਾਂ ਦੇ ਹਮਉਮਰ ਬੱਚਿਆਂ ਦੇ ਵਿਦੇਸ਼ ਚਲੇ ਜਾਣ ਦਾ ਅਸਰ ਕੋਮਲ ਮਨਾਂ ‘ਤੇ ਪੈਣਾ ਸੁਭਾਵਿਕ ਹੀ ਹੈ ਉੱਪਰੋਂ ਸਮਾਜ ਦੀ ਬੌਧਿਕ ਕੰਗਾਲੀ ਅਤੇ ਆਪੋ ਧਾਪੀ ਕਾਰਨ ਕੋਈ ਗੱਲ ਕਰਨ -ਸੁਨਣ ਵਾਲਾ ਵੀ ਨਹੀਂ ਹੈ। ਅਗਲਾ ਪ੍ਰਭਾਵਿਤ ਵਰਗ 30 ਤੋਂ 50 ਸਾਲਾਂ ਦੇ ਉਨ੍ਹਾਂ ਲੋਕਾਂ ਦਾ ਹੈ ਜੋ ਇਸ ਸਮੇਂ ਪੰਜਾਬ ਵਿੱਚ ਨੌਕਰੀਪੇਸ਼ਾ ਹਨ ਜਾਂ ਖੇਤੀ ਕਰਦੇ ਹਨ ਅਤੇ ਜਾਂ ਕੋਈ ਮੁਨਾਫ਼ੇ ਦਾ ਵਪਾਰ ਧੰਦਾ ਕਰਦੇ ਹਨ।ਇਹ ਵਰਗ ਵੀ ਇਸ ਝੋਰੇ ਦਾ ਸ਼ਿਕਾਰ ਹੈ ਕਿ ਉਨ੍ਹਾਂ ਨੇ ਵਿਦੇਸ਼ੀ ਵਸਣ ਦਾ ਮੌਕਾ ਕਿਉਂ ਗਵਾਇਆ। ਚੰਗੀ ਆਮਦਨ ਅਤੇ ਸੌਖੀ ਜ਼ਿੰਦਗੀ ਦੇ ਬਾਵਜੂਦ ਵੀ ਇਹ ਇੱਕ ਅਤ੍ਰਪਿਤ ਤ੍ਰੇਹ ਵਿੱਚ ਭਟਕ ਰਹੇ ਹਨ।ਇਹ ਵਰਗ ਸੋਸ਼ਲ ਮੀਡੀਆ ‘ਤੇ ਬੇਹੱਦ ਸਰਗਰਮ ਰਹਿੰਦਾ ਹੈ ਅਤੇ ਸੋਸ਼ਲ ਮੀਡੀਆ ਰਾਹੀਂ ਉੱਤਮ ਦਰਜੇ ਦੇ ਸਮਾਜ ਦੀ ਉਸਾਰੀ ਦਾ ਸਮਰਥਕ ਹੈ। ‘ਬਦਲਾਅ’ ਦੇ ਰੂਪ ਵਿੱਚ ਉੱਭਰੇ ਮੌਜੂਦਾ ਰਾਜਨੀਤਕ ਢਾਂਚੇ ਦੀ ਉਸਾਰੀ ਵਿੱਚ ਇਸ ਉਮਰ ਵਰਗ ਦਾ ਪ੍ਰਮੁੱਖ ਰੋਲ ਹੈ। ਵਿਦੇਸ਼ੀ ਵਸਦੇ ਪੰਜਾਬ ਦੇ ਪੁੱਤ ਪੰਜਾਬ ਲਈ ਕੁਝ ਕਰਨ ਦੇ ਦਿਸ਼ਾਹੀਣ ਜ਼ਜਬੇ ਕਾਰਨ ਇਸ ਉਮਰ ਵਰਗ ਨੂੰ ਪੈਸੇ ਭੇਜਦੇ ਰਹਿੰਦੇ ਹਨ।ਇਨ੍ਹਾਂ ਪੈਸਿਆਂ ਦੀ ਵਰਤੋਂ ਪੰਜਾਬ ਵਿੱਚ ‘ਖੇਡਾਂ ਨੂੰ ਉਤਸ਼ਾਹਿਤ’ ਕਰਨ ਦੇ ਪੈਂਤੜੇ ਅਧੀਨ ਕਬੱਡੀ ਖੇਡ ਮੇਲਿਆਂ ‘ਤੇ ਹਰ ਸਾਲ ਕਰੋੜਾਂ ਰੁਪਈਆ ਫੂਕ ਕੇ ਕੀਤੀ, ਜਿਸ ਨਾਲ ਮਾਂ ਖੇਡ ਕਬੱਡੀ ਦਾ ਪਿਛਲੇ ਪੱਚੀ ਵਰ੍ਹਿਆਂ ਵਿੱਚ ਐਸਾ ਵਿਕਾਸ ਹੋਇਆ, ਜਿਸ ਨਾਲ ਪੰਜਾਬ ਵਿੱਚ ਨਸ਼ਿਆਂ ਦੇ ਪਸਾਰ ਅਤੇ ਬਦਮਾਸ਼ੀ ਸਭਿਆਚਾਰ ਲਿਆਉਣ ਲਈ ਰਾਹ ਮੋਕਲਾ ਹੋਇਆ ਹੈ। ਖੇਡ ਮੇਲਿਆਂ ਤੋਂ ਬਚੇ ਪੈਸਿਆਂ ਨਾਲ ਸ਼ਾਮ ਨੂੰ ਸ਼ਰਾਬ ਪੀਣ ਦੇ ਸ਼ੌਕ ਤੋਂ ਸ਼ੁਰੂ ਹੋਈ ਗੱਲ ਸਮੈਕ ਅਤੇ ਚਿੱਟੇ ‘ਤੇ ਆ ਗਈ। ਬਹੁਤੇ ਖਿਡਾਰੀ ਨਸ਼ੇ ਦੇ ਟੀਕਿਆਂ ਨਾਲ ਨਾੜਾਂ ਵਿੰਨ ਕੇ ਮੈਦਾਨ ਵਿੱਚ ਉੱਤਰਦੇ ਹਨ। ਖੇਡ ਖੇਡ ਨਾ ਰਹਿ ਕੇ ਨਸ਼ੇ, ਵਪਾਰ ਅਤੇ ਬਦਮਾਸ਼ੀ ਦੀ ਸ਼ਤਰੰਜ ਬਣ ਗਈ ਹੈ। ਵਿਦੇਸ਼ ਰਹਿੰਦਿਆਂ ਨੂੰ ਵੀ ਸਾਰੀ ਗੱਲ ਦਾ ਪਤਾ ਹੈ ਪਰ ਮੌਜੂਦਾ ਦੌਰ ਦੀਆਂ ਰੰਗ ਬਰੰਗੀਆਂ ਫਲੈਕਸਾਂ ‘ਤੇ ਲੱਗਦੀਆਂ ਫੋਟੋਆਂ ਥੱਲੇ ਨਾਂ ਨਾਲ ਲਿਖੇ ਹੋਏ ਵਿਦੇਸ਼ੀ ਮੁਲਕਾਂ ਦੇ ਨਾਂ ਦੀ ਖੁਮਾਰੀ ਬਾਕੀ ਸਭ ਕਾਸੇ ‘ਤੇ ਪਰਦਾ ਪਾ ਦਿੰਦੀ ਹੈ। ਸਭ ਤੋਂ ਅਫਸੋਸਨਕ ਗੱਲ ਇਹ ਕਿ ਵਰਤਾਰਾ ਗੁਰੂ ਦੀ ਯਾਦ ਵਿੱਚ ਨਿਕਲਦੇ ਨਗਰ ਕੀਰਤਨਾਂ ਤੱਕ ਵੀ ਪੁੱਜ ਗਿਆ ਹੈ।

ਪ੍ਰਵਾਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਉਨ੍ਹਾਂ ਮਾਪਿਆ ਦਾ ਵਰਗ ਹੈ ਜਿਨ੍ਹਾਂ ਨੇ ਆਪਣੇ ਬੱਚੇ ਵਿਦੇਸ਼ ਤੋਰ ਦਿੱਤੇ ਹਨ। ਆਰਥਿਕ ਯੋਜਨਾਬੰਦੀ ਜਾਂ ਅਬਾਦੀ ਕੰਟਰੋਲ ਦੇ ਪ੍ਰਭਾਵ ਹੇਠ ਰਹੇ ਇਸ ਵਰਗ ਦੀ ਇੱਕ ਜਾਂ ਦੋ ਬੱਚੇ ਹਨ। ਚੰਗੇ ਭਵਿੱਖ ਦੀ ਆਸ ਨਾਲ ਜਾਂ ਕਹਿ ਲਉ ਜ਼ਿੰਮੇਵਾਰੀਆਂ ਜਲਦੀ ਨਿਬੇੜਨ ਦੀ ਲੋੜ ਤੋਂ ਵੱਧ ਸਿਆਣਪ ਦੇ ਪ੍ਰਭਾਵ ਹੇਠ ਇੰਨ੍ਹਾਂ ਆਪਣੇ ਅੱਲੜ੍ਹ ਉਮਰ ਦੇ ਨਿਆਣੇ ਵਿਦੇਸ਼ ਭੇਜ ਦਿੱਤੇ। ਪੂਰੀ ਜ਼ਿੰਦਗੀ ਆਪਣੇ ਸ਼ੌਕਾਂ ਦੀ ਬਲੀ ਦੇ ਕੇ ਅਤੇ ਹੱਦ ਦਰਜੇ ਦੀਆਂ ਕੰਜੂਸੀਆਂ ਕਰਕੇ ਬਣਾਏ ਵੱਡੇ ਘਰ ਹੁਣ ਜਵਾਕਾਂ ਬਿਨਾਂ ਖਾਣ ਨੂੰ ਆਉਂਦੇ ਹਨ। ਡਾਲਰਾਂ ਵਿੱਚ ਜਵਾਕਾਂ ਦੀਆਂ ਮੋਟੀਆਂ ਫੀਸਾਂ, ਰਹਿਣ ਦੀ ਸਮੱਸਿਆ, ਕੰਮ ਮਿਲਣ ਦੀ ਔਖ, ਅੱਲੜ ਉਮਰ ਦੇ ਜਵਾਕਾਂ ਦੀਆਂ ਕਰਤੂਤਾਂ ਇਹ ਸਾਰਾ ਕੁਝ ਮਿਲ ਕੇ ਮਾਨਸਿਕ ਪ੍ਰੇਸ਼ਾਨੀ ਦਾ ਸਬੱਬ ਬਣਦਾ ਹੈ। ਪਹਿਲਾਂ ਪੜ੍ਹਾਈ, ਫੇਰ ਕੱਚੇ ਪੱਕੇ ਨਾਗਰਿਕ ਬਣਨ ਦੀ ਦੌੜ, ਫਿਰ ਵਿਆਹ ਵਿਆਹ ਤੋਂ ਬਾਅਦ ਘਰੇਲੂ ਕਲੇਸ਼, ਤਲਾਕ ,ਮੁੜ ਵਿਆਹ ਇਹ ਸਾਰਾ ਕੁਝ ਤਾਂ ਅਣਚਿਤਵਿਆ ਪੱਲੇ ਪੈ ਗਿਆ। ਇੱਕਲਾਪਣ ਹੰਢਾਅ ਰਹੇ ਮਾਪੇ ਇੱਕ ਮਾਨਸਿਕ ਸੰਤਾਪ ਹੀ ਕੱਟ ਰਹੇ ਹਨ। ਅੱਜ ਦਾ ਪੰਜਾਬ ਮਾਨਸਿਕ ਤੌਰ ‘ਤੇ ਬਿਮਾਰ ਹੈ।ਇਸ ਪਾਕ ਮੁਕੱਦਸ ਧਰਤ ‘ਤੇ ਨਸ਼ਿਆਂ ਦਾ ਅੰਨ੍ਹਾ ਜ਼ੋਰ, ਸ਼ਾਮ ਨੂੰ ਸ਼ਰਾਬ ਦੇ ਠੇਕਿਆਂ ‘ਤੇ ਲੱਗਦੇ ਮੇਲੇ, ਮਾਨਸਿਕ ਰੋਗਾਂ ਦੇ ਡਾਕਟਰਾਂ ਦੀਆਂ ਦੁਕਾਨਾਂ ‘ਤੇ ਬੈਠੀਆਂ ਭੀੜਾਂ, ਨੀਂਦ ਦੀਆਂ ਗੋਲੀਆਂ ਦੀ ਵਿਕਰੀ, ਦਰਗਾਹਾਂ ‘ਤੇ ਝੂਮਦੇ ਲੋਕ ਅਤੇ ਪਾਖੰਡੀ ਬਾਬਿਆਂ ਦੇ ਡੇਰਿਆਂ ਦੀਆਂ ਰੌਣਕਾਂ ਪੰਜਾਬ ਦੇ ਮਾਨਸਿਕ ਰੋਗੀ ਹੋਣ ਦੀਆਂ ਅਲਾਮਤਾਂ ਹਨ। ਪਹਿਲਾਂ ਪ੍ਰਵਾਸ ਨੇ ਪੰਜਾਬ ਨੂੰ ਸਾਂਭਿਆ ਸੀ ਤੇ ਪੰਜਾਬ ਵਿੱਚ ਰੰਗਲੇ ਚੁਬਾਰੇ ਪਵਾਏ ਸਨ। ਹੁਣ ਦਾ ਦਿਸ਼ਾਹੀਣ ਅਤੇ ਹਿਜ਼ਰਤ ਵਰਗਾ ਮੂੰਹਜ਼ੋਰ ਪ੍ਰਵਾਸ ਪੰਜਾਬ ਨੂੰ ਉਜਾੜ ਰਿਹਾ ਹੈ ਤੇ ਖਾਲੀ ਕਰ ਰਿਹਾ ਹੈ ਨਾਲ ਹੀ ਪੰਜਾਬ ਦੀ ਸੰਵੇਦਨਸ਼ੀਲ ਮਾਨਸਿਕਤਾ ਨੂੰ ਬਹੁਤ ਕੁਚੱਜੇ ਢੰਗ ਨਾਲ ਪ੍ਰਭਾਵਿਤ ਕਰ ਰਿਹਾ ਹੈ। ਗੰਭੀਰ ਚਿੰਤਨ ਦਾ ਸਮਾਂ ਆ ਗਿਆ ਹੈ।ਇਹ ਨਾ ਹੋਵੇ ਕਿ ਬਹੁਤ ਦੇਰ ਹੋ ਜਾਵੇ !

ਅਮਨਦੀਪ ਸਿੰਘ ਮਲੇਰਕੋਟਲਾ

5 1 vote
Article Rating
Subscribe
Notify of
2 ਟਿੱਪਣੀਆਂ
Oldest
Newest Most Voted
Inline Feedbacks
View all comments
2
0
Would love your thoughts, please comment.x
()
x