ਅਕਾਲੀ ਪ੍ਰੰਪਰਾ ਲੇਖਕ- ਭਾਈ ਮਨਧੀਰ ਸਿੰਘ

ਅਕਾਲੀ ਪ੍ਰੰਪਰਾ ਲੇਖਕ- ਭਾਈ ਮਨਧੀਰ ਸਿੰਘ

ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਿਸਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਜਦੋਂ ਤਖਤ ਸ੍ਰੀ ਅਕਾਲ ਬੁੰਗਾ ਪਰਗਟ ਕੀਤਾ ਗਿਆ ਉਸੇ ਸਮੇਂ ਵਿਚ ਸੱਚੇ ਪਾਤਿਸਾਹ ਨੇ ਅਕਾਲੀ ਫੌਜ ਦਾ ਮੁੱਢ ਬੰਨਿਆ। ਖਾਲਸਾ ਪੰਥ ਦੀ ਸਾਜਨਾ ਤੋਂ ਬਾਅਦ ਅਕਾਲੀ ਪਰੰਪਰਾ ਨੇ ਬੁਲੰਦੀ ਹਾਸਲ ਕੀਤੀ। ਬੁੱਢਾ ਦਲ, ਮਿਸਲ ਸ਼ਹੀਦਾਂ ਅਤੇ ਬਾਬਾ ਬੀਰ ਸਿੰਘ ਨੌਰੰਗਾਬਾਦੀ ਅਠਾਰਵੀਂ ਸਦੀ ਵਿਚ ਗੁਰੂ ਖਾਲਸਾ ਪੰਥ ਵਿਚ ਪੰਥ ਅਕਾਲੀ ਪਰੰਪਰਾ ਨੂੰ ਨਿਭਾਉਣ ਵਾਲੇ ਸਿਰਮੌਰ ਜਥੇ ਸਨ। ਫਿਰੰਗੀ ਦੇ ਪੰਜਾਬ ਵਿਚ ਕਬਜ਼ੇ ਤੋਂ ਬਾਅਦ ਅਕਾਲੀ ਸਿੰਘਾਂ ਨੂੰ ਹਕੂਮਤੀ ਜ਼ਬਰ ਨਾਲ ਖਤਮ ਕਰਨ ਦਾ ਯਤਨ ਕੀਤਾ ਗਿਆ ਤੇ ਸਿੱਖ ਸੰਸਥਾਵਾਂ ਦੇ ਨਿਜ਼ਾਮ ਵਿਚ ਵਿਗਾੜ ਆਏ। ਜਿਸ ਵਿਚ ਨਵੀਂ ਕਿਸਮ ਦਾ ਅਕਾਲੀ ਦਲ ਬਣਿਆ।

ਸ਼ੁਰੂ ਦੇ ਪੰਜ ਸਾਲ ਨਵੇਂ ਅਕਾਲੀ ਦਲ ਨੇ ਅਹਿਮ ਯੋਗਦਾਨ ਪਾਇਆ, ਪਰ ਨਵੇਂ ਅਕਾਲੀ ਲ ਦੀ ਨੀਂਹ ਅਸਲ ਅਕਾਲੀ ਪਰੰਪਰਾ ਉਤੇ ਨਾ ਟਿਕੀ ਹੋਣ ਕਾਰਨ ਕੁਝ ਚਿਰ ਬਾਅਦ ਥਿੜਕਣੀ ਸ਼ੁਰੂ ਹੋ ਗਈ ਤੇ ਦੀ ਦੇ ਅੰਤ ਤੱਕ ਪਹੁੰਚਦਿਆਂ ਕਈ ਮਾੜੇ ਲੋਕ ‘ਅਕਾਲੀ’ ਨਾਮ ਦੀ ਆੜ ਲੈ ਕੇ ਲੁੱਟ ਮਾਰ ਕਰਨ ਵਾਲੇ ਪੈਦਾ ਹੋ ਗਏ ਅਤੇ ਵਰਤਮਾਨ ਸਮੇਂ ਵਿਚ ਅਕਾਲੀ ਦਲ ਵਿਚ ਅਕਾਲੀ ਪਰੰਪਰਾ ਬਿਲਕੁਲ ਹੀ ਅਲੋਪ ਹੋ ਗਈ ਹੈ, ਸੋ ਅੱਜ ਦੇ ਸਮੇਂ ਵਿਚ ਅਤਿ ਜਰੂਰੀ ਹੋ ਗਿਆ ਹੈ ਕਿ ਗੁਰਸੰਗਤ ਅਤੇ ਖਾਸ ਕਰਕੇ ਹੁਣ ਦੇ ‘ਨਵੀਨ ਅਕਾਲੀ’ ਕਹਾਉਣ ਵਾਲਿਆਂ ਵਿਚ ਅਕਾਲੀ ਪਰੰਪਰਾ ਦੇ ਪੁਰਾਤਨ ਸਖਸ਼ੀ ਅਤੇ ਸੰਗਤੀ ਉੱਚੇ ਆਦਰਸ਼ ਦਾ ਪ੍ਰਚਾਰ ਕੀਤਾ ਜਾਏ।

ਬੁਨਿਆਦੀ ਗੁਣ:

  • ਅਕਾਲੀ ਉਹ, ਜੋ ਇਕ ਅਕਾਲ ਉਤੇ ਟੇਕ ਰੱਖੇ।
  • ਅਕਾਲੀ ਉਹ, ਜੋ ਆਪ ਨਾਮ ਬਾਣੀ ਦਾ ਪ੍ਰੇਮੀ ਹੋਵੇ ਅਤੇ ਗੁਰ-ਸੰਗਤ ਲਈ ਨਾਮ, ਗੁਰਬਾਣੀ ਤੇ ਕੀਰਤਨ ਦਾ ਅਖੰਡ ਪਰਵਾਹ ਚਲਾਵੇ ਤੇ ਗੁਰ-ਸੰਗਤ ਨੂੰ ਤੱਤ ਗੁਰਮਤਿ ਦੇ ਮਾਰਗ ਉਤੇ ਤੋਰੇ।
  • ਅਕਾਲੀ ਉਹ ਜੋ ਪੂਰਨ ਤਿਆਗ, ਵੈਰਾਗ ਦੀ ਨਿਰਲੇਪ ਬਿਰਤੀ ਰੱਖਦਾ ਹੋਵੇ।
  • ਅਕਾਲੀ ਸਿੰਘ ਪੰਥਕ ਸੇਵਾ ਤੇ ਸੰਗਰਾਮ ਦੀਆਂ ਕਰੜੀਆਂ ਘਾਲਾਂ ਘਾਲਦੇ ਹੋਏ ਭੀ ਦਿਸ਼੍ਰਟਮਾਨ ਜੀਵਨ ਅਹੁਦਿਆਂ ਤੇ ਪਦਵੀਆਂ ਤੋਂ ਨਿਰਲੇਪ ਹੁੰਦਾ ਹੈ ਭਾਵ ਮਾਨ ਰਹਿਤ ਤੇ ਹੰਕਾਰ ਰਹਿਤ ਹੁੰਦਾ ਹੈ।
  • ਅਕਾਲੀ ਆਪਣੇ ਹੱਥ ਆਏ ਪਦਾਰਥ, ਮਕਾਨ ਤੇ ਜਮੀਨ ਨੂੰ ਆਪਣੀ ਮਲਕੀਅਤ ਕਰ ਨਹੀ ਜਾਣਦੇ ਹਨ, ਸਗੋਂ ਅਕਾਲ ਪੁਰਖ ਦੀ ਦਾਤ ਕਰ ਜਾਣਦੇ ਹਨ।
  • ਅਕਾਲੀ ਸਿੰਘਾਂ ਦਾ ਪਵਿਤ੍ਰ ਜੀਵਨ ਭਾਵ ਰਹਿਤ ਦੀ ਪਰਪਕਤਾ, ਨਾਮ ਦੀ ਸਤ੍ਹਾ, ਬੇਗਰਜ ਸੇਵਾ ਸੰਗਰਾਮ ਤੇ ਧਰਮ ਰਚਾਰ ਐਸੇ ਗੁਣ ਸਨ ਕਿ ਜਿਸ ਕਾਰਨ ਪੰਥ ਦੇ ਸਾਰੇ ਸਰਦਾਰ ਅਤੇ ਗੁਰਸੰਗਤਿ ਅਕਾਲੀ ਸਿੰਘ ਨੂੰ ਸਿਰਮੌਰ ਮੰਨਦੇ ਸਨ।
  • ਅਕਾਲੀ ਸਿੰਘ ਲਈ ਪੰਥ ਸੇਵਾ ਦਾ ਕੋਈ ਕਾਲ (ਸ਼ਾਮ, ਸਵੇਰਾ ਜਾਂ ਰੈਣ) ਬੱਧਾ ਹੋਇਆ ਨਹੀ, ਹਰ ਸਮੇਂ, ਹਰ ਥਾਂ ਤੇ ਹਰ ਪ੍ਰਕਾਰ ਦੀ ਪੰਥ ਸੇਵਾ ਲਈ ਸਦਾ ਤਤਪਰ ਹੁੰਦਾ ਹੈ।
  • ਅਕਾਲੀ ਗੁਰੂ ਖਾਲਸਾ ਪੰਥ ਦੀ ਸੇਵਾ-ਭੂਮੀ ਵਿਚ ਜਨਮ ਤੇ ਮਰਨ ਤੋਂ ਨਿਰਭਉ ਅਤੇ ਵੈਰ ਵਿਰੋਧ ਨੂੰ ਜਿੱਤ ਚੁਕਿਆ ਨਿਰਵੈਰ ਸੂਰਮਾ ਹੁੰਦਾ ਹੈ। ਇਸੇ ਕਾਰਨ ਅਕਾਲੀ ਹੱਦ ਦਰਜੇ ਦੇ ਦਲੇਰ ਹੁੰਦੇ ਹਨ ਅਤੇ ਸੁਤੰਤਰ ਵਿਚਰਦੇ ਹਨ।
  • ਅਕਾਲੀ ਸਿੰਘ ਮਰਨ ਦੇ ਡਰ ਤੋਂ ਨਿਡਰ ਹੋ ਚੁੱਕਾ ਜੀਂਵਦਾ ਸ਼ਹੀਦ ਹੁੰਦਾ ਹੈ। ਅਕਾਲੀ ਸਮੇਂ ਪੁਰ ਹੀ ਸ਼ਹੀਦੀ ਪ੍ਰਾਪਤ ਨਹੀਂ ਕਰਦਾ ਬਲਕਿ ਜਦੋ ਤੋਂ ਅਕਾਲੀ ਬਾਣਾ ਧਾਰਦਾ ਹੈ ਉਸੇ ਦਿਨ ਤੋਂ ਗੁਰਮਤਿ ਦੇ ਆਸ਼ੇ ਪ੍ਰਥਾਏ ਸਿਰ ਤੇ ਧੜ ਦੀ ਬਾਜੀ ਖੇਡਣ ਦੀ ਉਡੀਕ ਵਿਚ ਰਹਿੰਦਾ ਹੈ।
  • ਪੁਰਾਤਨ ਸਮੇਂ ਅਕਾਲੀ ਸਿੰਘਾਂ ਦਾ ਵਜੂਦ ਆਪਣੇ ਆਪ ਵਿਚ ਰੂਹਾਨੀ ਖਿੱਚ ਦਾ ਕੇਂਦਰ ਹੁੰਦਾ ਸੀ। ਤਦੋਂ ਲੈਕਚਰ ਤੇ ਉਪਦੇਸ਼ਕਾਂ ਦੇ ਵਖਿਆਨ ਨਹੀਂ ਸੀ ਹੁੰਦੇ, ਬਸ ਤਖਤ ਸ੍ਰੀ ਅਕਾਲ ਬੁੰਗੇ ਆਓ ਨਾਮ ਰਸ ਰੱਤੇ, ਸ਼ਾਂਤਿ-ਸਰੋਵਰ ਅਕਾਲੀਆਂ ਦੇ ਦਰਸ਼ਨ ਮੇਲੇ ਮਿਕਨਾਤੀਸੀ ਅਸਰ ਪਾ ਕੇ ਗੁਰੂ ਚਰਨਾਂ ਵੱਲ ਖਿੱਚ ਲੈਂਦੇ ਸੀ।
  • ਅਕਾਲੀ ਜਬਰ ਧੱਕਾ ਕਦੇ ਨਹੀਂ ਕਰਦੇ। ਜਬਰ ਸਹਿਣਾ, ਜਬਰ ਕਰਨਾ ਦੁਇ ਗੱਲਾਂ ਤੋਂ ਉਚੇਰੇ ਹੁੰਦੇ ਹਨ।
  • ਪੁਰਾਤਨ ਸਮੇਂ ਤੋਂ ਅਕਾਲੀ ਜਾਂ ਨਿਹੰਗ ਸਿੰਘ ਇਕੋ ਅਰਥ ਵਾਲਾ ਪਦ ਹੈ।

ਜਿੰਦਗੀ ਦਾ ਆਦਰਸ਼ ਤੇ ਉਦੇਸ਼ :

  • ਤਖਤ ਸਿਰੀ ਅਕਾਲ ਬੁੰਗਾ ਸਾਹਿਬ, ਤਖਤ ਸਿਰੀ ਕੇਸਗੜ੍ਹ ਸਾਹਿਬ, ਤਖਤ ਸਿਰੀ ਰਿਮੰਦਰ ਜੀ ਪਟਨਾ ਸਾਹਿਬ, ਤਖਤ ਸਚਖੰਡ ਸਿਰੀ ਹਜੂਰ ਅਬਚਲਨਗਰ ਸਾਹਿਬ ਅਤੇ ਪੰਜਵਾਂ ਤਖਤ ਪੰਥ ਅਕਾਲੀ ਚਲਦਾ ਵਹੀਰ ਚਕਰਵਰਤੀ ਦੀ ਸੇਵਾ ਤੇ ਸੰਭਾਲ।
  • ਅਕਾਲੀ ਸਿੰਘ, ਖਾਲਸਾ ਜੀ ਕੇ ਬੋਲਬਾਲੇ, ਹਲੇਮੀ ਰਾਜ, ਜਰਵਾਣੇ ਦੀ ਭਖਿਆ ਅਤੇ ਸਰਬਤ ਦੇ ਭਲੇ ਲਈ ਸਦਾ ਗਜਦੇ ਹਨ।
  • ਅਕਾਲੀ ਸਿੰਘ ਅੰਦਰ ਸੇਵਾ ਦੀ ਕਰੜੀ ਘਾਲ ਦਾ ਚਾਉ, ਗੁਰ ਸੰਗਤ ਦੀ ਰਾਖੀ ਦੀ ਬੇਗਰਜ ਉਮੰਗ, ਧਾਰਮਕ ਉਤਸ਼ਾਹ, ਉੱਚਾ ਪਵਿੱਤਰ ਤੇ ਅਸੰਗ ਆਤਮ ਜੀਵਨ ਅਰ ਭਰਾਤਰੀ ਭਾਵ ਦਿਲ ਵਿਚ ਠਾਠਾਂ ਮਾਰਦਾ ਹੈ।
  • ਅਕਾਲੀ ਸਿੰਘਾਂ ਦੀ ਜ਼ਿੰਦਗੀ ਦਾ ਉਦੇਸ਼ ਗੁਰਦੁਆਰਿਆਂ ਦੀ ਕਾਇਮੀ ਅਤੇ ਸੁਧਾਈ, ਨਿਡਰ ਤੇ ਬੇਗਰਜ ਹੋ ਕੇ ਗੁਰਧਾਮਾਂ ਵਿਚ ਧਰਮ ਮਰਿਯਾਦਾ ਦੀ ਸੁਨਿਸਚਿਤ ਕਰਨ ਅਤੇ ਸਾਂਝੇ ਪੰਥਕ ਆਚਰਨ ਦੀ ਰਾਖੀ ਵਿਚ ਤਤਪਰ ਰਹਿਣਾ ਹੁੰਦਾ ਹੈ।
  • ਨਿਤਾਣੇ, ਦੁਖੀਆਂ ਤੇ ਸ਼ਰਨਾਗਤਾਂ ਦੀ ਰਖਿਆ ਅਤੇ ਸਹਾਇਤਾ ਕਰਨੀ ਹੁੰਦੀ ਹੈ।
  • ਗੁਰੂ ਖਾਲਸਾ ਪੰਥ ਅਤੇ ਗੁਰਸੰਗਤ ਦੀਆਂ ਸਾਂਝੀਆਂ ਲੋੜਾਂ ਅਤੇ ਚੁਣੌਤੀਆਂ ਦੇ ਹੱਲ ਲਈ ਬੇਗਰਜ ਹੋ ਕੇ ਧੁਰੇ ਨਿਆਈ ਕੇਂਦਰੀ ਭੂਮਿਕਾ ਨਿਭਾਉਣੀ।
  • ਅਕਾਲੀਆਂ ਦਾ ਇਹ ਕੰਮ ਹੁੰਦਾ ਸੀ ਕਿ ਪੰਥਕ ਫੈਸਲਾ ਭਾਵ ਗੁਰਮਤਾ ਸਾਰੇ ਗੁਰੂ ਖਾਲਸਾ ਪੰਥ ਅਤੇ ਗੁਰ ਸੰਗਤਿ ਵਿਚ ਨੱਕ ਦੀ ਸੇਧੇ ਮਨਵਾਇਆ ਤੇ ਲਾਗੂ ਕਰਵਾਇਆ ਜਾਏ।
  • ਇਹ ਐਸੇ ਸੰਨਿਆਸੀ ਹਨ ਜੋ ਦੁਨੀਆ ਦਾ ਤਿਆਗ ਕਰ ਉਦਾਸ ਹੋ ਵਣਾਂ ਵਿਚ ਤੇ ਬਰਫਾਂ ਵਿਚ ਨਹੀਂ ਜਾਂਦੇ, ਸਗੋਂ ਆਪਾ ਸਰਬਤ ਦੇ ਭਲੇ ਪ੍ਰਥਾਏ ਤੇ ਪੰਥ ਦੀ ਸੇਵਾ ਵਿਚ ਲਾਉਂਦੇ ਹਨ।
  • ਅਕਾਲੀ ਗੁਰੂ ਕਲਗੀਆਂ ਵਾਲੇ ਦੇ ਮਨ ਦੇ ਨਿਸੰਗ ਪਹਰੂਏ ਹਨ, ਵਾੜ ਹਨ, ਪਾਲਕ ਹਨ, ਗੁਰਸੰਗਤ ਦੀ ਜਿੰਦਜਾਨ ਤੇ ਤ੍ਰਾਣ ਹਨ।

ਬਿਰਤੀ

  • ਜ਼ੁਬਾਨ ਇਨ੍ਹਾਂ ਦੀ ਨਾਮ ਰਸ ਰੱਤੀ ਚੁੱਪ, ਪਰ ਬੋਲਣ ਤਾਂ ਬ੍ਰਹਮ ਗਿਆਨ।
  • ਜੇ ਜਗਤ ਦੀ ਗੱਲ ਕਰੋ ਤਾਂ ਪੰਥ ਰੱਖ੍ਯਾ, ਪੰਥ ਦੀ ਭਲਾਈ, ਪੰਥ ਦੇ ਬਚਾਉ ਦੀ, ਹੋਰ ਮਾਮਲੇ ਛੇੜੋ ਤਾਂ ਇਹ ਮੋਨੀ।
  • ਜੇ ਇਨ੍ਹਾਂ ਨਾਲ ਪਦਾਰਥ ਦੀ ਗੱਲ ਕਰੋ ਤਾਂ ਪਤੇ ਦਾ ਉੱਤਰ ਦੇਣਗੇ।
  • ਜੇ ਇਨ੍ਹਾਂ ਦਾ ਸਤਿਸੰਗ ਕਰੋ ਤਾਂ ਨਾਮ ਦਾ ਰੰਗ ਚੜ੍ਹੇਗਾ।
  • ਜੇ ਇਨ੍ਹਾਂ ਨਾਲ ਮੋਹ ਪਾਉ ਉਹ ਕਾਬੂ ਨਹੀਂ ਆਉਣਗੇ।
  • ਜੇ ਲਾਲਚ ਦਿਓ ਤਾਂ ਠੱਗੇ ਨਹੀਂ ਜਾਣਗੇ।
  • ਜੇ ਇਸਤ੍ਰੀਆਂ ਦੇ ਕਟਾਯਾਂ ਦੀ ਤੀਰ-ਬਰਖਾ ਹੇਠ ਖੜੇ ਕਰ ਦਿਓ ਤਾਂ ਕਿਸੇ ਇਕ ਦੀ ਨੋਕ ਦੀ ਚੋਭ ਬੀ ਨਹੀਂ ਖਾਣਗੇ।

ਦੁਨੀਆਦਾਰੀ ਪ੍ਰਥਾਏ ਵਰਤਾਰਾ

  • ਅਕਾਲੀ ਸਿੰਘ ਗੁਰੂ ਸਾਹਿਬ ਵੱਲੋਂ ਖਾਲਸਾ ਜੀ ਨੂੰ ਸੁਤੰਤਰ ਵਿਚਰਣ ਦੇ ਕੀਤੇ ਗਏ ਹੁਕਮ ਨੂੰ ਨਿਭਾਉਂਦਿਆਂ ਕਿਸੇ ਵੀ ਦੁਨਿਆਵੀ ਤਖਤ, ਹਕੂਮਤਾਂ ਜਾਂ ਕਾਨੂੰਨਾਂ ਤੋਂ ਉਪਰ ਵਿਚਰਦੇ ਰਹੇ ਹਨ।
  • ਅਕਾਲੀ ਸਿੰਘਾਂ ਦੀ ਰਹਿਤ ਦੀ ਪਵਿਤਰਤਾ, ਸਮਵਰਤਨ ਅਤੇ ਸੋਧ ਦੇ ਡਰ ਕਰਕੇ ਦੁਨਿਆਵੀ ਰਾਜਸੀ ਆਗੂ ਵੀ ਕੁਰੀਤਾਂ ਤੇ ਕੁਚਾਲਾਂ ਤੋ ਚੁਕੰਨੇ ਰਿਹਾ ਕਰਦੇ ਸਨ।
  • ਅਕਾਲੀ ਸਿੰਘਾਂ ਦਾ ਜੀਵਨ ਆਮ ਸਿਖਾਂ ਲਈ ਜੀਵਨ ਗਾਡੀ ਰਾਹ ਅਤੇ ਉਹਨਾਂ ਦਾ ਕਰਤਵਯ ਸੰਗਤਾਂ ਲਈ ਨਮੂਨਾ ਹੋਇਆ ਕਰਦਾ ਸੀ।
  • ਅਕਾਲੀ ਕਮਜੋਰ ਵਿਚ ਜੋਰ ਭਰਦੇ, ਲੰਡੀ ਬੁਚੀ ਨੂੰ ਸੋਧਦੇ ਤੇ ਪੰਥ ਘਾਤਕਾਂ ਦੀਅ ਚਾਲਾਂ ਤੋਂਗੁਰ ਸੰਗਤ ਨੂੰ ਨਿਰਭਉ ਹੋ ਕੇ ਖਬਰਦਾਰ ਕਰਦੇ ਹਨ।
  • ਪੁਰਾਤਨ ਅਕਾਲੀ ਸਿੰਘ ਪੂਰੀ ਤਰ੍ਹਾ ਬੇਦਾਗ, ਮਾਨਯੋਗ ਤੇ ਮਹਾਂਬਲੀ ਸਨ।
  • ਅਕਾਲੀ ਸਿੰਘਾਂ ਦਾ ਜੀਵਨ ਆਮ ਸਿਖਾਂ ਲਈ ਜੀਵਨ ਗਾਡੀ ਰਾਹ ਅਤੇ ਉਹਨਾਂ ਦਾ ਕਰਤਵਯ ਸੰਗਤਾਂ ਲਈ ਨਮੂਨਾ ਹੋਇਆ ਕਰਦਾ ਸੀ।
  • ਸਭ ਕਿਸੇ ਨੂੰ ਪਿਆਰ ਨਾਲ ਮਿਲਦੇ ਸਨ, ਪਰ ਉਨ੍ਹਾਂ ਤੋਂ ਡਾਢੀ ਘ੍ਰਿਣਾ ਕਰਦੇ ਸਨ, ਜੋ ਹੈਂਕੜ ਤੇ ਬਲ ਤੇ ਚੜ੍ਹੇ ਹੋਏ ਆਪਣੇ ਆਪ ਨੂੰ ਉੱਚੇ ਤੋਂ ਉੱਚਾ ਸਮਝਦੇ ਸਨ।
  • ਅਕਾਲੀ ਸਿੰਘ ਜਾਇਦਾਦ ਦੇ ਕਬਜ਼ੇ ਦੇ ਕਾਨੂੰਨ ਦੇ ਪਾਬੰਦ (ਅਨੁਸਾਰੀ) ਨਹੀਂ ਸਨ। ਓਹ ਪਦਾਰਥ, ਮਕਾਨ ਤੇ ਭੋਆਂ ਨੂੰ ਕਿਸੇ ਦੀ ਮਲਕੀਅਤ ਨਹੀਂ ਮੰਨਦੇ ਸਨ, ਕਹਿੰਦੇ ਸਨ ਕਿ ਸਭ ਕੁਝ ਵਾਹਿਗੁਰੂ ਦਾ ਹੈ, ਮਨੁੱਖ ਸਭ ਭਰਾ ਹਨ।
  • ਮਿਲ ਕੇ ਪਿਆਰ ਨਾਲ ਜੀਵਨ ਨਿਰਬਾਹ ਕਰਨਾ ਸਭ ਦਾ ਧਰਮ ਹੈ । ਜਿਵੇਂ ਜਲ ਤੇ ਪੌਣ ਸਾਂਝੇ ਹਨ, ਇਵੇਂ ਹੀ ਭੋਂ ਸਾਂਝੀ ਹੈ, ਭੋਂ ਦੀ ਉਪਜ ਭੀ ਸਾਂਝੀ ਹੈ।
  • ਏਹ ਗੱਲ ਓਹ ਲੁੱਟ ਖਾਣ ਲਈ ਨਹੀਂ ਕਿਹਾ ਕਰਦੇ ਸਨ, ਸਗੋਂ ਆਪਣਾ ਆਪ ਲੁਟਾ ਕੇ ਦਿਖਾ ਦਿਆ ਕਰਦੇ ਸਨ। ਓਹ ਨਾ ਆਪਣੇ ਹੱਥ ਆਈ ਮਾਇਆ ਨੂੰ ਆਪਣੀ ਕਰ ਜਾਣਦੇ ਸਨ ਤੇ ਨਾ ਹੀ ਦੂਜੇ ਦੇ ਪਦਾਰਥਾਂ ਨੂੰ ਉਨ੍ਹਾਂ ਦਾ ਸਮਝਦੇ ਸਨ।

ਜੰਗ ਅਤੇ ਰਿਆਸਤ

  • ਨਿਹੰਗਾਂ ਜਾਂ ਅਕਾਲੀ ਸਿੰਘਾਂ ਦੇ ਜੱਥੇ ਜੰਗਾਂ- ਯੁੱਧਾਂ ਵਿਚ ਭੀ ਸ਼ਾਮਲ ਹੁੰਦੇ ਤੇ ਅਕਸਰ ਕਠਨ ਮਾਮਲੇ ਇਹੋ ਫਤਹ ਕਰਦੇ।
  • ਨੁਸ਼ਹਿਰੇ ਦਾ ਮੁਸਲਮਾਨੀ ਜਹਾਦ ਦਾ ਜੰਗ ਜੋ ਜਗਤ ਦੇ ਅਤਿ ਤੁੰਦ ਤੇ ਕਰੜੇ ਜੰਗਾਂ ਵਿਚੋਂ ਗਿਣਿਆ ਜਾਂਦਾ ਹੈ, ਅਕਾਲੀਆਂ ਦੀ ਅਗੁਵਾਨੀ ਤੇ ਅਤੁੱਟ ਦਲੇਰੀ ਦਾ ਇਕ ਸ਼ਾਨਦਾਰ ਨਮੂਨਾ ਹੈ।
  • ਜੰਗ ਕੇਵਲ ਗੁਰੂ ਗ੍ਰੰਥ ਅਤੇ ਗੁਰੂ ਪੰਥ ਜਾਂ ਉਪਕਾਰ ਲਈ ਕਰਦੇ ਸਨ, ਪਰ ਆਪਣੇ ਲਈ ਰਿਆਸਤਾਂ ਨਹੀਂ ਸਨ ਸਥਾਪਤ ਕਰਦੇ।

ਸਿੱਖ ਸਰਦਾਰ ਭਾਵ ਰਾਜਸੀ ਆਗੂ ਅਕਾਲੀ ਸਿੰਘਾਂ ਅੱਗੇ ਕਿਉ ਝੁਕੇ ਸਨ ?

  • ਅਕਾਲੀ ਸਿੰਘਾਂ ਦਾ ਪਵਿਤ੍ਰ ਜੀਵਨ ਭਾਵ ਰਹਿਤ ਦੀ ਪਰਪਕਤਾ, ਨਾਮ ਦੀ ਸਤ੍ਹਾ, ਬੇਗਰਜ ਸੇਵਾ ਸੰਗਰਾਮ ਤੇ ਧਰਮ ਪਰਚਾਰ ਐਸੇ ਗੁਣ ਸਨ ਕਿ ਜਿਸ ਦੇ ਅੱਗੇ ਪੰਥ ਦੇ ਸਾਰੇ ਫੌਜ ਤੇ ਤੋਪਾਂ ਵਾਲੇ ਸਰਦਾਰ ਇਨ੍ਹਾਂ ਪੰਛੀ (ਬਿਹੰਗਮ) ਬ੍ਰਿਤੀ ਵਾਲਿਆਂ ਦੇ ਅੱਗੇ ਝੁਕਦੇ ਅਰ ਬੇਵਸੇ ਝੁਕਦੇ ਸੀ।
  • ਪੁਰਾਤਨ ਸਮੇਂ ਇਹ ਕਦੇ ਨਹੀਂ ਸੀ ਹੋਇਆ ਕਿ ਗੁਰਮਤੇ ਵਿਚ ਹੋਏ ਫੈਸਲੇ ਦੇ ਵਿਰੁੱਧ ਕੋਈ ਟੁਰੇ।

ਅਕਾਲੀ ਸਿੰਘਾਂ ਦੇ ਵਿਚਰਨ ਦੇ ਚਾਰ ਪਹਿਲੂ

  • ਪਹਿਲੇ ਅਕਾਲੀ ਉਹ ਜੋ ਤਖਤ ਸ੍ਰੀ ਅਕਾਲ ਬੁੰਗਾ ਸਾਹਿਬ ਅਤੇ ਤਖਤ ਸਾਹਿਬਾਨ ਦੀ ਸੇਵਾ ਵਿਚ ਰਹਿਣ ਵਾਲਾ ਹਜੂਰੀ ਸੇਵਾਦਾਰ ਸਿੰਘ ਹੋਵੇ। ਅਕਾਲ ਬੁੰਗੇ ਦੇ ਸੇਵਕ ਕਈ ਵੇਰ ਇਨ੍ਹਾਂ ਵਿਚੋਂ ਚੋਣਵੇਂ ਹੋਇਆ ਕਰਦੇ ਸੇ।
  • ਦੂਜੇ ਅਕਾਲੀ ਉਹ ਜੋ ਖੁੱਲ੍ਹੇ ਵਿਚਰਨ ਵਾਲੇ ਭਾਵ ਵਹੀਰ ਬਣਾ ਕੇ ਪੰਥਕ ਕਾਰਜਾਂ ਲਈ ਜਗ੍ਹਾ ਜਗ੍ਹਾ ਫਿਰਦੇ ਸਨ । ਇਸ ਵਹੀਰ ਨੂੰ ਪੰਜਵਾਂ ਤਖਤ ਪੰਥ ਅਕਾਲੀ ਚਲਦਾ ਵਹੀਰ ਕਿਹਾ ਜਾਂਦਾ ਹੈ।
  • ਤੀਜੇ ਉਹ ਅਕਾਲੀ ਜੋ ਅਕਸਰ ਵਹੀਰਾਂ ਵਿਚ ਭੀ ਨਹੀਂ ਰਹੇ ਪਰ ਉਹਨਾਂ ਨੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਵਿਚ ਉਮਰਾਂ ਲਾਈਆਂ ਤੇ ਜੀਵਨ ਸਫਲ ਕੀਤੇ।
  • ਆਤਮਕ ਤਰੱਕੀ ਤੇ ਪੂਰਨ ਪਦ ਨੂੰ ਅੱਪੜਕੇ ਸਭ ਸਬੰਧਾਂ ਤੋਂ ਦੂਰ ਰਹਿੰਦੇ ਜੀਵਨ ਬਿਤਾਉਂਦੇ ਸਨ। ਇਹ ਚੌਥੀ ਪ੍ਰਕਾਰ ਦਾ ਅਕਾਲੀ ਇਕੱਲਾ ਵਿਚਰਦਾ, ਸਾਰੇ ਗੁਣ  ਆਪਣੀ ਸੰਪ੍ਰਦਾ ਦੇ ਰੱਖਦਾ ਸੀ, ਪਰ ਫੇਰ ਸਰੀਰ ਨਾਲ ਕੰਮ ਬੀ ਕਰਦਾ ਸੀ। ਇਸ ਪ੍ਰਕਾਰ ਦਾ ਇਕ ਅਕਾਲੀ ਇਕ ਬਿਦੇਸੀ ਇਤਿਹਾਸਕਾਰ ਕਨਿੰਘਮ ਨੇ ਅੱਖੀਂ ਡਿੱਠਾ ਸੀ ਜਿਸ ਬਾਬਤ ਉਹ ਲਿਖਦਾ ਹੈ ‘ਮੁਸੰਨਫ ਨੇ (ਅਰਥਾਤ ਮੈਂ) ਇਕ ਵੇਰੀ ਇਕ ਅਕਾਲੀ ਡਿੱਠਾ ਕਿ ਸਤਲੁਜ ਤੋਂ ਲੈ ਕੇ ਕੀਰਤਪੁਰ ਤੱਕ ਬਿਖੜੀਆਂ ਘਾਟੀਆਂ ਦੇ ਵਿਚ ਦੀ ਸੜਕ ਦੀ ਮੁਰੰਮਤ ਕਰ ਰਿਹਾ ਸੀ। ਉਹ ਆਮ ਤੌਰ ਤੇ ਦੁਨੀਆਂ ਤੋਂ ਉਪਰਾਮ ਰਹਿੰਦਾ ਸੀ। ਲੋਕ ਉਸਦਾ ਬੜਾ ਸਤਿਕਾਰ ਕਰਦੇ ਸਨ ਤੇ ਉਸ ਦੇ ਲਈ ਰੋਟੀ ਤੇ ਕੱਪੜੇ ਆਪੇ ਐਸੇ ਥਾਈਂ ਛੱਡ ਜਾਂਦੇ ਸਨ ਜਿਥੋਂ ਓਹ ਆਪੇ ਲੋੜ ਵੇਲੇ ਲੈ ਲਵੇ। ਉਸ ਦੇ ਅਹਿੱਲ ਤੇ ਦਿਲੋਂ ਜਾਨੋਂ ਲੱਗ ਕੇ ਕੰਮ ਕਰਨ ਵਾਲੇ ਆਚਰਣ ਦਾ ਅਸਰ ਇਕ ਹਿੰਦੂ ਭੇਡਾਂ ਚਾਰਨ ਵਾਲੇ ਨੌਜਵਾਨ ਤੇ ਐਸਾ ਹੋਇਆ ਕਿ ਜਿਸ ਨੇ ਕੁਝ ਅਕਾਲੀ ਬਾਣਾ ਧਾਰ ਲਿਆ, ਉਹ ਅਕਾਲੀ ਜੀ ਦਾ ਜ਼ਿਕਰ ਅਦਬ ਵਾਲੇ ਭੈ ਨਾਲ ਕਰਦਾ ਸੀ।” ਇਹ ਹਾਲ ਦੱਸਦਾ ਹੈ ਕਿ ਅਕਾਲੀ ਅੰਨ ਬਸਤ੍ਰ ਤੋਂ ਬੇ-ਪਰਵਾਹ ਦੁਨੀਆਂ ਤੋਂ ਸੰਨ੍ਯਾਸੀ, ਭਲੇ ਦੇ ਕੰਮ ਕਰਨ ਵਾਲਾ ਉਸਨੇ ਵੇਖਿਆ। ਇਹ ਗੱਲ ਪੱਛਮੀ ਲੇਖਕ ਜਿਸ ਨੇ ਉਸ ਨਾਲ ਵਰਤਕੇ ਅਤੇ ਅਤਿ ਨੇੜੇ ਹੋਕੇ ਨਹੀਂ ਡਿੱਠਾ, ਉਹ ਨਹੀਂ ਸਮਝ ਸਕਦਾ ਕਿ ਉਸ ਦੇ ਅੰਦਰ ਨਾਮ ਤੇ ਵਾਹਿਗੁਰੂ ਪ੍ਰੇਮ ਦੀ ਜਿਉਂਦੀ ਰੌਂਅ ਜਾਰੀ ਸੀ, ਜਿਸ ਕਰ ਕੇ ਉਸ ਵਿਚ ਤਿਆਗ ਵੈਰਾਗ ਤੇ ਸੇਵਾ ਦੇ ਗੁਣ ਐਨੇ ਪ੍ਰਬਲ ਸਨ।
  • ਵਿਆਹ ਇਨ੍ਹਾਂ ਵਿਚ ਹੁਕਮਨ ਮਨ੍ਹਾਂ ਨਹੀਂ ਹੈ, ਪਰ ਰਿਵਾਜਨ ਇਹ ਅਕਸਰ ਨਿਰਵਿਰਤ ਵਿਚਰਦੇ ਹਨ।

ਜਥੇਬੰਦੀ ਅਤੇ ਜਥੇਦਾਰ

  • ਜਥੇਬੰਦੀ ਇਨ੍ਹਾਂ ਦੀ ਇਸ ਤਰ੍ਹਾਂ ਦੀ ਸੀ ਕਿ ਹਰ ਵਹੀਰ ਦਾ ਇਕ ਜਥੇਦਾਰ ਹੁੰਦਾ ਸੀ।
  • ਜਥੇਦਾਰ ਦੀ ਸਭ ਤੋਂ ਵੱਡੀ ਮਹਿਮਾ ਨਾਮ-ਰਸੀਆ ਤੇ ਅਭੈ ਹੋਣਾ ਹੁੰਦੀ ਸੀ, ਪੁਰਤਨ ਸਮੇਂ ਕਈ ਵੇਰ ਜਥੇਦਾਰ ਨੂੰ ‘ਗੁਰਦੇਵ ਸਿੰਘ’ ਭੀ ਸੱਦਦੇ ਸਨ।
  • ਆਪਣੇ ਜਥੇ ਦਾ ਇਹ ਗੁਰਮੁਖ ਤੇ ਸਰਦਾਰ ਹੁੰਦਾ ਸੀ, ਪ੍ਰਬੰਧ ਸਾਰਾ ਇਸ ਦੇ ਹੱਥ ਹੁੰਦਾ ਸੀ, ਸਾਰੇ ਇਸ ਦਾ ਹੁਕਮ ਮੰਨਦੇ ਸੇ।
  • ਅੰਮ੍ਰਿਤ ਛਕਾਉਣਾ ਵੀ ਜਥੇਦਾਰ ਦਾ ਕੰਮ ਹੁੰਦਾ ਸੀ।
  • ਜਥੇਦਾਰ ਦੇ ਜੇ ਸਾਰੇ ਵਿਰੋਧੀ ਹੋ ਜਾਣ ਤਾਂ ਨਵਾਂ ਥਾਪ ਲੈਂਦੇ ਸਨ, ਪਰ ਜਥੇਦਾਰ ਦੇ ਹੁਕਮੋਂ ਸਿਰ ਨਹੀਂ ਸਨ ਫੇਰਦੇ ਪਰ ਇਹ ਗੱਲ ਹੋਈ ਕਦੇ ਘਟ ਹੀ ਹੈ। ਕਿਉਂਕਿ ਪੂਰਨ ਤ੍ਯਾਗੀ ਤੇ ਨਾਮਰਸੀਏ ਹੋਣ ਕਰਕੇ ਓਹ ਕਾਰਨ ਜੋ ਜਥਿਆਂ ਵਿਚ ਵਿਖਰੇਵੇਂ ਦੇ ਪੈਂਦੇ ਹਨ, ਮੌਜੂਦ ਹੀ ਨਹੀਂ ਸਨ ਹੁੰਦੇ। ਇਸ ਕਰ ਕੇ ਇਹ ਘਟਨਾ ਲਗਪਗ ਨਹੀਂ ਹੋਈ ਵਾਂਙੂ ਹੈ।
  • ਪੁਰਾਤਨ ਸਮੇਂ ਵਿਚ ਜਥੇ ਦੇ ਜਥੇਦਾਰ ਦੀ ਚੋਣ ਪੰਜ ਸਿਰੋਮਣੀ ਸਿੰਘ- ਗ੍ਰੰਥੀ ਸਿੰਘ, ਨਿਸ਼ਾਨਚੀ ਸਿੰਘ, ਨਗਾਰਚੀ ਸਿੰਘ, ਲਾਂਗਰੀ ਸਿੰਘ ਤੇ ਦੇਗੀਆਂ ਸਿੰਘ ਕਰਦੇ ਸਨ।

ਰਸਦਾਂ ਅਤੇ ਬਸਤਰ (ਰੋਟੀ ਤੇ ਕੱਪੜਾ)

  • ਅਕਾਲੀਆਂ ਦਾ ਨਿਰਬਾਹ ਇਨ੍ਹਾਂ ਨੂੰ ਪਿਆਰ ਨਾਲ ਮਿਲੀ ਭੇਟਾ ਸੀ ਜਾਂ ਗੁਰਦਵਾਰੇ ਦੇ ਲੰਗਰ ਤੋਂ ਹੋਣਾ ਹੁੰਦਾ ਹੈ।
  • ਅਕਾਲੀ ਕਿਸੇ ਤੋਂ ਕੁਛ ਮੰਗਦਾ ਨਹੀਂ, ਕਦੇ ਕਿਸੇ ਹਾਲਤ ਵਿਚ ਵੀ ਹੱਥ ਨਹੀਂ ਅੱਡਦੇ।
  • ਪੁਰਾਤਨ ਸਮੇਂ ਜੇ ਅਕਾਲੀ ਸਫਰ ਵਿਚ ਹਨ, ਪਾਸ ਕੁਛ ਨਹੀਂ ਪ੍ਰਸ਼ਾਦੇ ਦਾ ਵੇਲਾ ਹੈ, ਤਾਂ ਕਿਸੇ ਪਿੰਡ ਸ਼ਹਿਰ ਦੀ ਗਲੀ ਜਾ ਵੜਨਗੇ, ਜਿਸ ਘਰ ਮਰਜ਼ੀ ਹੈ ਲੰਘ ਜਾਣਗੇ, ਉਸ ਵੇਲੇ ਦੇ ਨਿਰਬਾਹ ਜੋਗਾ ਅੰਨ ਮਾਤ੍ਰ ਲੈ ਕੇ ਟੁਰ ਆਉਣਗੇ, ਹੀਰੇ ਮੋਤੀ ਪਾਸ ਪਏ ਰਹਿਣ, ਤੱਕਣਗੇ ਨਹੀਂ।
  • ਇਥੋਂ ਤਕ ਕਿ ਉਸ ਡੰਗ ਤੋਂ ਵਧੀਕ ਦਾ ਅੰਨ ਵੀ ਨਹੀਂ ਚੁੱਕਣਗੇ। ਜਿਥੇ ਚੋਗਾ ਜਿਸ ਵੇਲੇ ਮਿਲ ਗਿਆ ਖਾ ਲਿਆ, ਜਿਥੇ ਰਾਤ ਪੈ ਗਈ ਟਿਕ ਗਏ। ਇਸੇ ਵਾਸਤੇ ਮਗਰੋਂ ਇਨ੍ਹਾਂ ਦਾ ਨਾਮ ਬਿਹੰਗਮ ਭੀ ਪੈ ਗਿਆ ਸੀ, ਅਰਥਾਤ ਪੰਛੀ ਬ੍ਰਿਤੀ ਵਾਲੇ।
  • ਪੁਰਾਤਨ ਨਿਹੰਗ ਸਿੰਘ ਲੰਗਰ ਤਿਆਰ ਕਰਕੇ ਲੰਗਰ ਦਾ ਨਗਾਰਾ ਵਜਾਉਂਦੇ ਸਨ । ਫੇਰ ਭੁੱਖੇ, ਨੰਗੇ, ਗਰੀਬ-ਗੁਰਬੇ ਨੂੰ ਲੰਗਰ ਛਕਾਉਂਦੇ ਜੇਕਰ ਬਚ ਜਾਂਦਾ ਤਾਂ ਆਪ ਛਕ ਲੈਂਦੇ। ਨਹੀਂ ਤਾਂ ਫਿਰ ਕੜਾਕਾ ਹੀ ਕੱਟ ਲੈਦੇ ਹਨ।
  • ਨਿਹੰਗ ਸਿੰਘਾਂ ਵਿਚ ਸੁਖ ਨਿਧਾਨ (ਭੰਗ) ਦਾ ਰਿਵਾਜ, ਨਿਹਾਅਤ ਕਸ਼ਟਾਂ ਦੇ ਜੀਵਨ, ਥਕਾਨਾਂ ਤੇ ਦੁਖਾਂ ਤੋਂ ਸਰੀਰ ਨੂੰ ਸੁਖ ਦੇਣ ਲਈ ਪਿਆ ਸੀ, ਇਸੇ ਕਰਕੇ ਇਸ ਦਾ ਨਾਮ ‘ਸੁਖ ਨਿਧਾਨ’ ਪਿਆ।
  • ਅਕਾਲੀ ਨੀਲੇ ਰੰਗ ਦਾ ਬਾਣਾ ਪਹਿਨਦੇ ਹਨ।
  • ਪੁਰਾਤਨ ਸਮੇਂ ਇਕ ਨਿਹੰਗ ਸਿੰਘ ਪਾਸ ਕਛਹਿਰੇ ਤਾਂ ਦੋ ਹੁੰਦੇ ਸੇ, ਪਰ ਚੋਲਾ, ਦਸਤਾਰਾ, ਚਾਦਰ ਇਹ ਕਦੇ ਦੋ ਨਹੀਂ ਰੱਖਦੇ ਹੁੰਦੇ ਸਨ।
  • ਅਕਾਲੀ ਸਿੰਘ ਸੀਸ ਉਪਰ ਫਰਰਾ ਨਿਸ਼ਾਨ ਸਾਹਿਬ ਦੇ ਰੂਪ ਵਿਚ ਲਹਿਰਾਉਦੇ ਹਨ । ਪੁਰਾਤਨ ਸਮੇਂ ਵਿਚ ਜਿਸ ਨੇ ਬਾਰਾਂ ਸਾਲ ਪੰਥ ਦੀ ਕਰੜੀ ਸੇਵਾ ਕੀਤੀ ਹੁੰਦੀ ਸੀ, ਉਸਨੂੰ ਪੰਜ ਫਰਰੇਧਾਰੀ ਸਿੰਘਾਂ ਵਲੋਂ ਫਰਰਾ ਮਿਲਦਾ ਸੀ।

ਲੋਕਾਈ ਵਿਚ ਸਤਿਕਾਰ

  • ਪੁਰਾਤਨ ਸਮੇਂ ਲੋਕਾਂ ਵਿਚ ਇਤਨਾ ਸਤਿਕਾਰ ਅਕਾਲੀਆਂ ਦਾ ਸੀ ਕਿ ਜਦੋਂ ਨਿਹੰਗ ਸਿੰਘ ਆ ਜਾਣ ਤੇ ਲੋਕੀਂ ਸੁਣ ਲੈਣ ਕਿ ਨਿਹੰਗ ਆਏ ਹਨ, ਤਾਂ ਬੂਹੇ ਖੋਲ੍ਹ ਘਰਾਂ ਤੋਂ ਬਾਹਰ ਆ ਕੇ ਅਦਬ ਨਾਲ ਹੱਥ ਜੋੜ ਕੇ ਖਲੋ ਜਾਂਦੇ ਸਨ ਤੇ ਸਾਰੇ ਚਾਹੁੰਦੇ ਸਨ ਕਿ ਇਹ ਮੇਰੇ ਘਰ ਅੰਦਰ ਜਾਣ। ਫੇਰ ਜਿਸ ਘਰ ਏਹ ਵੜ ਜਾਣ ਉਹ ਆਪਣੇ ਧੰਨ ਭਾਗ ਸਮਝਦਾ ਸੀ।
  • ਅਕਾਲੀਆਂ ਬਾਬਤ ਕਹਾਵਤ ਅੱਜ ਤੱਕ ਲੋਕਾਈ ਦੇ ਮੂੰਹਾਂ ਤੇ ਚੜ੍ਹੀ ਹੋਈ ਹੈ: ‘ਆਏ ਨੀ ਨਿਹੰਗ ਬੂਹਾ ਖੋਲ੍ਹ ਦੇ ਨਿਸ਼ੰਗ ।” ਜਿਸ ਦਾ ਭਾਵ ਇਹ ਸੀ ਕਿ ਏਹ ਉੱਚੇ ਖਿਆਲ ਵਾਲੇ ਲੋਕ ਹਨ, ਇਨ੍ਹਾਂ ਨੂੰ ਰੋਕੋ ਨਾ, ਖੁਲ੍ਹੇ ਦਿਲ ਅੰਦਰ ਆਉਣ ਦਿਓ, ਏਹ ਤੁਹਾਡੇ ਘਰ ਦੇ ਮਾਲ, ਧਨ, ਰੂਪ ਕਿਸੇ ਸ਼ੈ ਦੇ ਰਵਾਦਾਰ ਨਹੀਂ। ਨਿਰਬਾਹ ਮਾਤ੍ਰ ਅੰਨ ਲੈਣਗੇ ਤੇ ਤੇਰੀ ਕਮਾਈ ਸਫ਼ਲ ਕਰ ਜਾਣਗੇ।
  • ਇਸ ਦਾ ਕਾਰਨ ਇਹ ਸੀ ਕਿ ਨਿਹੰਗਾਂ ਤੇ ਸਿੰਘਾਂ ਵਿਚ ਮਾਲ ਮਿਲਖ ਦੇ ਕਬਜ਼ੇ ਦੇ ਖ਼ਿਆਲ ਦਾ ਤਿਆਗ ਕਰਨਾ ਮੁੱਖ ਗੁਣ ਸੀ।
  • ਉਹ ਨਾ ਕੇਵਲ ਆਪ ਹੀ ਮਾਲਕ ਨਹੀਂ ਬਣਦੇ ਸੇ ਸਗੋਂ ਕਿਸੇ ਨੂੰ ਵੀ ਕਿਸੇ ਮਾਲ ਦਾ ਮਾਲਕ ਨਹੀਂ ਸੇ ਸਮਝਦੇ । ਸਭ ਮਾਲ ਅੰਨ, ਬਸਤ੍ਰ, ਪਦਾਰਥ ਦਾ ਮਾਲਕ ਉਨ੍ਹਾਂ ਦੀ ਨਜ਼ਰ ਵਿਚ ਵਾਹਿਗੁਰੂ ਸੀ। ਉਹ ਜਦ ਲੋੜ ਵੇਲੇ ਕਿਸੇ ਦੇ ਘਰੋਂ ਅੰਨ ਮਾਤ੍ਰ ਅੰਗੀਕਾਰ ਕਰਦੇ ਸੇ ਤਦ ਉਸ ਘਰ ਵਾਲੇ ਦੇ ਅੰਨ ਨੂੰ ਉਸ ਦਾ ਸਮਝ ਕੇ ਹੱਥ ਨਹੀਂ ਸੇ ਲਾਉਂਦੇ, ਪਰ ਦਾਣਾ ਪਾਣੀ ਗੁਰੂ ਕਾ ਸਮਝ ਕੇ ਸਾਂਝੇ ਬਾਬਲ ਦੇ ਭੰਡਾਰੇ ਵਿਚੋਂ ਭੁੱਖ ਪੂਰਨ ਮਾਤ੍ਰ ਅੰਨ ਸ੍ਵੀਕਾਰ ਕਰਦੇ ਸੇ।
  • ਇਸ ਹਾਲਤ ਵਿਚ ਉਨ੍ਹਾਂ ਦਾ ਨਿਰਬਾਹ ਕਠਨ ਜਾਪਦਾ ਹੈ, ਪਰ ਉਨ੍ਹਾਂ ਦਾ ਆਚਰਨ ਐਸਾ ਹੀ ਪਵਿੱਤ੍ਰ ਸੀ ਤੇ ਉਹ ਕਹਿਣੀ ਤੇ ਕਰਨੀ ਦੇ ਐਸੇ ਹੀ ਸੂਰਮੇ ਸਨ।
  • ਪਰੰਤੂ ਇਹ ਸਾਰੇ ਤਿਆਗ ਤੇ ਵਰਤਾਰੇ ਦੀਆਂ ਖੁੱਲ੍ਹਾਂ ਇਨ੍ਹਾਂ ਲੋਕਾਂ ਵਿਚ ਨਾਮ ਦੇ ਆਧਾਰ ਤੇ ਸਨ, ਅਰਥਾਤ ਆਤਮ ਜੀਵਨ (ਰੂਹਾਨੀ ਜ਼ਿੰਦਗੀ) ਇਸਦਾ ਮੂਲ ਸੀ। ਪਦਾਰਥਕ ਵੰਡ ‘ਪਰਸਪਰ ਮਾਦੀ ਏਕਤਾ ਦਾ ਖ਼ਿਆਲ ਇਨ੍ਹਾਂ ਗੱਲਾਂ ਦਾ ਮੂਲ ਨਹੀਂ ਸੀ। ਆਤਮ ਜੀਵਨ ਤੋਂ ਖਾਲੀ, ਉਚੇ ਇਖ਼ਲਾਕ ਤੋਂ ਵਿਰਵੇ ਨਿਰੇ ਮਾਯਾ ਤੇ ਮਾਦਾ ਪ੍ਰਸਤੀ ਤੇ ਪਦਾਰਥ ਯਾ ਰਾਜਸੀ ਭੁੱਖਾਂ ਵਾਲੀ ਸੰਸਾਰੀ ਬ੍ਰਿਤੀ ਅਕਾਲੀ ਦਾ ਆਦਰਸ਼ ਕਦੇ ਨਹੀਂ ਸੀ

ਮਨਧੀਰ ਸਿੰਘ (ਪੰਥ ਸੇਵਕ ਜੱਥਾ ਦੋਆਬਾ)

5 1 vote
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x