ਮਸਤੂਆਣਾ ਸਾਹਿਬ ਸਲਾਨਾ ਜੋੜ ਮੇਲੇ ਦੀ ਪਵਿੱਤਰਤਾ ਬਹਾਲ ਕਰਨ ਦੀ ਮੁਹਿੰਮ

ਮਸਤੂਆਣਾ ਸਾਹਿਬ ਸਲਾਨਾ ਜੋੜ ਮੇਲੇ ਦੀ ਪਵਿੱਤਰਤਾ ਬਹਾਲ ਕਰਨ ਦੀ ਮੁਹਿੰਮ

ਪੂਰੀ ਦੁਨੀਆ ਤੇ ਖਾਸਕਰ ਮਾਲਵੇ ਦੇ ਇਲਾਕੇ ਵਿੱਚ ਲੋਕਾਂ ਨੂੰ ਗੁਰੂਘਰ ਨਾਲ ਜੁੜਨ ਅਤੇ ਗੁਰਸਿੱਖੀ ਨਾਲ ਪ੍ਰੇਮ ਰੱਖਣ ਦੀ ਲਗਨ ਲਗਾਉਣ ਵਾਲੇ ਗੁਰਮੁਖਾਂ ਵਿੱਚ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਨੂੰ ਉਚੇਚਾ ਯਾਦ ਕੀਤਾ ਜਾਂਦਾ ਹੈ। ਆਪਣੇ ਨਾਮ ਵਾਂਗ ਹੀ ਸੰਤ ਅਤਰ ਸਿੰਘ ਜੀ ਨੇ ਗੁਰਸਿੱਖੀ ਦੀ ਮਹਿਕ ਪੂਰੀ ਦੁਨੀਆ ਵਿਚ ਖਿਲਾਰੀ। ਸੰਤ ਜੀ ਜਦੋਂ ਹਜ਼ੂਰ ਸਾਹਿਬ ਗਏ, ਉਥੇ ਗੋਦਾਵਰੀ ਦਰਿਆ ਨੇੜੇ ਇਕਾਂਤ ਥਾਵਾਂ ਤੇ ਬੈਠ ਕੇ ਨਾਮ ਜਪਦੇ ਰਹੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਾਵਨ ਧਰਤੀ ਹਜ਼ੂਰ ਸਾਹਿਬ ਤੋਂ ਬਖਸਿਸ਼ਾਂ ਪ੍ਰਾਪਤ ਕਰਕੇ ਪੰਜਾਬ, ਸਿੰਧ ਦੇ ਇਲਾਕੇ ਵਿੱਚ ਲੰਮਾ ਸਮਾਂ ਪ੍ਰਚਾਰ ਕੀਤਾ। ਜਿਥੇ ਵੀ ਪਿੰਡ ਸ਼ਹਿਰ ਵਿੱਚ ਇਕਾਂਤ ਜਗ੍ਹਾ ਦੇਖਕੇ ਰੁਕਦੇ, ਗੁਰਬਾਣੀ ਪੜਨ ਜਾਂ ਨਾਮ ਸਿਮਰਨ ਵਿੱਚ ਲਗਾਤਾਰ ਬੈਠੇ ਰਹਿੰਦੇ। ਪਿੰਡ ਕੱਲਰ ਕਨੋਹਾ ਵਿੱਚ ਭਾਈ ਵਜੀਰ ਸਿੰਘ ਜੀ ਦੇ ਖੇਤ ਵਿੱਚ ਸਿਮਰਨ ਬੰਦਗੀ ਕੀਤੀ।

ਸੰਤ ਅਤਰ ਸਿੰਘ ਜੀ ਨੇ ਪਿੰਡ ਬਡਰੁੱਖਾਂ ਅਤੇ ਬਹਾਦਰਪੁਰ ਵਿਚਕਾਰ ਸੰਘਣੀ ਝਿੜੀ ਵਾਲੀ ਥਾਂ ’ਤੇ ਇਲਾਕੇ ਦੇ ਲੋਕਾਂ ਨੂੰ ਗੁਰਸਿੱਖੀ ਰੰਗ ਵਿੱਚ ਰੰਗਣ ਲਈ ਗੁਰਦੁਆਰੇ ਦਾ ਨਿਰਮਾਣ ਅਤੇ ਇਲਾਕੇ ਦੇ ਲੋਕਾਂ ਨੂੰ ਵਿਦਿਆ ਪੱਖੋਂ ਕਾਬਲ ਬਣਾਉਣ ਅਤੇ ਧਾਰਮਿਕ ਵਿਦਿਆ ਦੇਣ ਲਈ ਵਿਦਿਆਲਯਾ ਖੋਲ੍ਹਿਆ। ਸੰਤ ਜੀ ਨੇ ਇਲਾਕੇ ਦੀ ਇਕਾਂਤ ਜਗ੍ਹਾ ਨੂੰ ਸੰਗਤ ਦੇ ਇਕੱਤਰ ਹੋਣ ਲਈ ਚੁਣਿਆ।

ਹੁਣ ਹਰ ਸਾਲ ਸੰਤਾਂ ਦੀ ਬਰਸੀ ਉਪਰ ਵੱਡਾ ਜੋੜ ਮੇਲਾ ਹੁੰਦਾ ਹੈ। ਇਹ ਜੋੜ ਮੇਲਾ ਹਰ ਸਾਲ 30,31 ਜਨਵਰੀ ਅਤੇ 1 ਫਰਵਰੀ ਨੂੰ ਹੁੰਦਾ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਹਾਜਰੀ ਭਰਦੀ ਹੈ ਤੇ ਗੁਰੂ ਕੇ ਲੋਹ ਲੰਗਰ ਤਪਾਉਂਦੀ ਹੈ। ਪਿਛਲੇ ਸਮੇਂ ਵਿੱਚ ਸਿੱਖਾਂ ਦੇ ਜੋੜ ਮੇਲਿਆਂ ਦੇ ਮਹੌਲ ਵਿੱਚ ਵੱਡੀ ਤਬਦੀਲੀ ਆਈ ਹੈ ਤੇ ਉਹ ਆਮ ਮੇਲਿਆਂ ਵਰਗੇ ਬਣਦੇ ਜਾ ਰਹੇ ਹਨ, ਜਿੱਥੇ ਵੱਡੇ-ਵੱਡੇ ਝੂਲੇ, ਦੁਨਿਆਵੀ ਸਮਾਨ ਵਾਲੀਆਂ ਦੁਕਾਨਾਂ ਦੇ ਬਜਾਰ, ਟਰੈਕਟਰਾਂ ’ਤੇ ਵੱਡੀ-ਵੱਡੀ ਅਵਾਜ ਵਿੱਚ ਲੱਗੇ ਸਪੀਕਰ ਆਦਿ ਇਹਨਾਂ ਜੋੜ ਮੇਲਿਆਂ ਦੇ ਮਹੌਲ ਨੂੰ ਲਗਾਤਾਰ ਢਾਹ ਲਾ ਰਹੇ ਹਨ।

ਇਹ ਵੀ ਗੱਲ ਆਪਾਂ ਜਾਣਦੇ ਹਾਂ ਕਿ ਵਿਗਾੜ ਅਚਾਨਕ ਨਹੀਂ ਆਉਂਦੇ ਤੇ ਇਸ ਦਾ ਅਹਿਸਾਸ ਵੀ ਕਈ ਵਾਰ ਸਮੇਂ ਸਿਰ ਨਹੀਂ ਹੁੰਦਾ। ਸਤਿਗੁਰ ਰਹਿਮਤ ਕਰਨ ਤਾਂ ਇਹਨਾਂ ਵਿਗਾੜਾਂ ਨੂੰ ਠੱਲ ਪਾ ਕੇ ਮੋੜਾ ਪਾਉਣ ਦੇ ਮੌਕੇ ਮਿਲਦੇ ਹਨ। ਇਸੇ ਤਰ੍ਹਾਂ ਦਾ ਮੌਕਾ ਪਾਤਿਸਾਹ ਨੇ ਮਸਤੂਆਣਾ ਸਾਹਿਬ ਦੇ ਨੇੜਲੇ ਪਿੰਡਾਂ ਦੀ ਸੰਗਤ ਨੂੰ ਬਖਸ਼ਿਆ ਤੇ ਮਸਤੂਆਣਾ ਸਾਹਿਬ ਦੇ ਸਲਾਨਾ ਜੋੜ ਮੇਲੇ ਵਿਚ ਆਏ ਵਿਗਾੜ ਬਾਰੇ ਸੋਝੀ ਬਖਸ਼ੀ। ਇਹ ਸਮਝ ਸਮਾਂ ਰਹਿੰਦੇ ਆਈ ਆਖ ਸਕਦੇ ਹਾਂ, ਨਹੀਂ ਤਾਂ ਨੌਬਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਈ ਘਟਨਾ ਤਕ ਕਿਵੇਂ ਤੇ ਕਦੋਂ ਪਹੁੰਚ ਜਾਂਦੀ ਇਹ ਕਿਸੇ ਦੁਰਘਟਨਾ ਦੇ ਵਾਪਰਣ ਤੋਂ ਬਾਅਦ ਹੀ ਪਤਾ ਲੱਗਦਾ। ਆਪਾਂ ਜਾਣਦੇ ਹੀ ਹਾਂ ਕਿ ਪਿਛਲੇ ਸਾਲ ਹੋਲੇ-ਮਹੱਲੇ ਦੌਰਾਨ ਅਨੰਦਪੁਰ ਸਾਹਿਬ ਇਕ ਨਿਹੰਗ ਸਿੰਘ ਵੱਲੋਂ ਕੁਝ ਹੁਲੜਬਾਜਾਂ ਨੂੰ ਰੋਕਣ ‘ਤੇ ਉਹਨਾਂ ਵੱਲੋਂ ਕੀਤੇ ਹਮਲੇ ਵਿਚ ਉਸ ਸਿੰਘ ਦੀ ਜਾਨ ਚਲੀ ਗਈ ਸੀ। ਮਸਤੂਆਣਾ ਸਾਹਿਬ ਦੇ ਨੇੜਲੇ ਪਿੰਡਾਂ ਦੀ ਸੰਗਤ ਨੇ ਮਸਤੂਆਣਾ ਸਾਹਿਬ ਦੇ ਜੋੜ ਮੇਲੇ ਦੀ ਪਵਿੱਤਰਤਾ ਬਹਾਲ ਕਰਨ ਲਈ ਮੁਹਿੰਮ ਚਲਾਈ ਅਤੇ ਸੁਚੱਜੇ ਤਰੀਕੇ ਸਾਰੇ ਪ੍ਰਬੰਧਕ ਸੱਜਣਾ ਨੂੰ ਜੋੜ ਮੇਲੇ ਦੇ ਮਹੌਲ ਨੂੰ ਗੁਰਮਤਿ ਅਨੁਸਾਰੀ ਕਰਨ ਲਈ ਪ੍ਰੇਰਿਆ। ਇਸ ਸਾਰੀ ਮੁਹਿੰਮ ਦੀ ਜਾਣਕਾਰੀ ਸਬੰਧੀ ‘ਸਿੱਖ ਜਥਾ ਮਾਲਵਾ’ ਨਾਲ ਸੰਪਰਕ ਕੀਤਾ ਗਿਆ ਅਤੇ ਉਹਨਾਂ ਵੱਲੋਂ ਮੁਹਿੰਮ ਸਬੰਧੀ ਦਿੱਤੇ ਗਏ ਵੇਰਵੇ ਅਸੀਂ ਆਪਣੇ ਪਾਠਕਾਂ ਲਈ ਸਾਂਝੇ ਕਰ ਰਹੇ ਹਾਂ:

ਸਾਲ 2023 ਦੇ ਜੋੜ ਮੇਲੇ ਦੌਰਾਨ ਹੋਈ ਵਿਚਾਰ ਚਰਚਾ:

ਪਿਛਲੇ ਜੋੜ ਮੇਲੇ ਦੌਰਾਨ (31 ਜਨਵਰੀ 2023) ਸਿੱਖ ਜਥਾ ਮਾਲਵਾ ਦੇ ਪੜਾਅ ’ਤੇ ਸੰਗਤੀ ਰੂਪ ਵਿੱਚ ਵਿਚਾਰਾਂ ਹੋਈਆਂ। ਵਿਚਾਰਾਂ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਜੋੜ ਮੇਲੇ ਨੂੰ ਇਕਾਗਰਤਾ ਅਤੇ ਸ਼ਾਂਤੀ ਵਰਤਾਉਣ ਵਾਲੇ ਪਾਸੇ ਲਿਜਾਣ ਦੀ ਲੋੜ ਹੁਣ ਕਾਫ਼ੀ ਬਣ ਗਈ ਹੈ। ਸਾਂਝੀ ਰਾਇ ਇਹ ਬਣੀ ਕਿ ਅਗਲੇ ਸਾਲ ਤੱਕ ਇਸ ਪਾਸੇ ਵਿਚਾਰ ਪ੍ਰਵਾਹ ਤੋਰਨ, ਪਿੰਡਾਂ ਦੇ ਗੁਰਦੁਆਰਾ ਸੇਵਾ ਸੰਭਾਲ ਜਥੇ (ਪ੍ਰਬੰਧਕ ਕਮੇਟੀਆਂ), ਲੰਗਰ ਕਮੇਟੀਆਂ ਅਤੇ ਹੋਰ ਧਾਰਮਿਕ, ਸਨਮਾਨਯੋਗ ਅਤੇ ਜਿੰਮੇਵਾਰ ਸੱਜਣਾ ਨਾਲ ਰਾਬਤਾ ਕਰਕੇ ਜਮੀਨੀ ਪੱਧਰ ਉੱਤੇ ਲੋੜੀਦੇਂ ਸੁਧਾਰਾਂ ਲਈ ਉਦੱਮ ਕੀਤੇ ਜਾਣ ਅਤੇ 100 ਸਾਲਾ ਬਰਸੀ ਸਮਾਗਮਾਂ ਤੱਕ (ਸਾਲ 2027 ਦੇ ਜੋੜ ਮੇਲੇ ਤੱਕ) ਮਹੌਲ ਪੂਰਨ ਤੌਰ ’ਤੇ ਗੁਰਮਤਿ ਅਨੁਸਾਰੀ ਕੀਤਾ ਜਾਵੇ।

ਮੁਹਿੰਮ ਲਈ ਅਰਦਾਸ ਬੇਨਤੀ:

ਪਿੰਡਾਂ ਦੀਆਂ ਸੰਗਤਾਂ ਨਾਲ ਵਿਚਾਰਾਂ ਕਰਨ ਅਤੇ ਪ੍ਰਚਾਰ ਹਿਤ ਵੰਡਣ ਲਈ ਕੁਝ ਲਿਖਤੀ ਖਰੜੇ ਤਿਆਰ ਕਰਨ ਦਾ ਅਮਲ ਸ਼ੁਰੂ ਕੀਤਾ ਗਿਆ ਜੋ ਸੋਧ-ਸੁਧਾਈ ਉਪਰੰਤ ਕਰੀਬ ਸਤਬੰਰ 2023 ਦੇ ਸ਼ੁਰੂ ਵਿੱਚ ਵਿੱਚ ਮੁਕੰਮਲ ਕੀਤੇ ਗਏ। ਇਸੇ ਦੌਰਾਨ ਮਸਤੂਆਣਾ ਸਾਹਿਬ ਸਲਾਨਾ ਜੋੜ ਮੇਲੇ ਦੌਰਾਨ ਲਗਦੇ ਵੱਖ-ਵੱਖ ਪਿੰਡਾਂ ਦੇ ਲੰਗਰਾਂ ਦੀ ਸੂਚੀ ਤਿਆਰ ਕੀਤੀ ਗਈ ਤਾਂ ਕਿ ਸਾਰੀਆਂ ਲੰਗਰ ਕਮੇਟੀਆਂ ਨੂੰ ਨਿੱਜੀ ਤੌਰ ’ਤੇ ਜਾ ਕੇ ਮਿਲਿਆ ਜਾ ਸਕੇ।

10 ਸਤੰਬਰ 2023 ਨੂੰ ਗੁਰਦੁਆਰਾ ਸਾਹਿਬ ਅਕਾਲ ਬੁੰਗਾ, ਮਸਤੂਆਣਾ ਸਾਹਿਬ ਵਿਖੇ ਸਿੱਖ ਜਥਾ ਮਾਲਵਾ ਵੱਲੋਂ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਗਈ ਅਤੇ ਪਾਤਿਸਾਹ ਤੋਂ ਹੁਕਮ ਲੈ ਕੇ ਅਗਲੇ ਕਾਰਜ ਸ਼ੁਰੂ ਕਰਨ ਦੀ ਆਗਿਆ ਲਈ ਗਈ।

ਪਿੰਡਾਂ ਦੀਆਂ ਸੰਗਤਾਂ, ਲੰਗਰ ਕਮੇਟੀਆਂ, ਗੁਰਦੁਆਰਾ ਸੇਵਾ ਸੰਭਾਲ ਜਥਿਆਂ ਨਾਲ ਮੁਲਾਕਾਤਾਂ:

ਸਿੱਖ ਜਥਾ ਮਾਲਵਾ ਵੱਲੋਂ ਸਤੰਬਰ ਤੋਂ ਅਕਤੂਬਰ 2023 ਤੱਕ ਲਗਾਤਾਰ ਲੰਗਰ ਕਮੇਟੀਆਂ, ਨੌਜਵਾਨ ਜਥੇ, ਗੁਰਦੁਆਰਾ ਸੇਵਾ ਸੰਭਾਲ ਜਥੇ (ਪ੍ਰਬੰਧਕ ਕਮੇਟੀਆਂ), ਨਗਰ ਪੰਚਾਇਤਾਂ, ਪ੍ਰਚਾਰਕ ਅਤੇ ਹੋਰ ਅਹਿਮ ਸ਼ਖਸੀਅਤਾਂ ਨੂੰ ਮਿਲਿਆ ਗਿਆ ਅਤੇ ਉਹਨਾਂ ਨਾਲ ਮਸਤੂਆਣਾ ਸਾਹਿਬ ਸਲਾਨਾ ਜੋੜ ਮੇਲੇ ਦੇ ਮੌਜੂਦਾ ਮਹੌਲ ਅਤੇ ਉਸ ਦੀ ਪਵਿੱਤਰਤਾ ਦੀ ਬਹਾਲੀ ਸਬੰਧੀ ਵਿਚਾਰਾਂ ਕੀਤੀਆਂ ਗਈਆਂ।

ਵਿਚਾਰ ਗੋਸ਼ਟਿ:

8 ਅਕਤੂਬਰ 2023 ਨੂੰ ਗੁਰਦੁਆਰਾ ਸਾਹਿਬ ਨਾਨਕ ਨਾਮ ਚੜਦੀਕਲਾ ਪਿੰਡ ਬੇਨੜਾ ਵਿਖੇ ‘ਜੋੜ ਮੇਲੇ: ਵਿਗੜਦਾ ਰੂਪ ਅਤੇ ਰਵਾਇਤ ਅਨੁਸਾਰੀ ਬਹਾਲੀ ਦੇ ਰਾਹ’ ਵਿਸ਼ੇ ‘ਤੇ ਵਿਚਾਰ ਗੋਸ਼ਟਿ ਕਰਵਾਈ।

ਜਿਸ ਵਿੱਚ  ਵੱਖ-ਵੱਖ ਪਿੰਡਾਂ ਅਤੇ ਹਲਕਿਆਂ ਤੋਂ ਨੁਮਾਇੰਦਾ ਨੌਜਵਾਨਾਂ, ਵਿਦਿਆਰਥੀਆਂ, ਬਜ਼ੁਰਗਾਂ ਅਤੇ ਵਿਚਾਰਵਾਨਾਂ ਨੇ ਹਿੱਸਾ ਲਿਆ ਅਤੇ ਆਪਣੇ ਵਿਚਾਰ ਸਾਂਝੇ ਕੀਤੇ।

ਚਵਰਕੀ ਪਰਚਾ ‘ਖਾਲਸੇ ਦੇ ਜੋੜ ਮੇਲੇ’ ਜਾਰੀ:

ਸਿੱਖ ਜਥਾ ਮਾਲਵਾ ਵੱਲੋਂ 8 ਅਕਤੂਬਰ 2023 ਨੂੰ ਹੋਈ ਵਿਚਾਰ ਗੋਸ਼ਟਿ ਦੌਰਾਨ ਇੱਕ ਚਵਰਕੀ ਪਰਚਾ ‘ਖਾਲਸੇ ਦੇ ਜੋੜ ਮੇਲੇ’ ਜਾਰੀ ਕੀਤਾ ਗਿਆ। ਇਸ ਪਰਚੇ ਵਿੱਚ ਬਹੁਤ ਹੀ ਸਰਲ ਤਰੀਕੇ ਖਾਲਸੇ ਦੇ ਜੋੜ ਮੇਲੇ ਕੀ ਹਨ, ਉਥੇ ਕਿਸ ਤਰ੍ਹਾਂ ਦਾ ਮਹੌਲ ਹੋਣਾ ਚਾਹੀਦਾ ਹੈ, ਜੋੜ ਮੇਲਿਆਂ ਵਿਚ ਸੰਗਤ ਵਜੋਂ ਸਾਡੀਆਂ ਕੀ ਜਿੰਮੇਵਾਰੀਆ ਬਣਦੀਆਂ ਹਨ ਆਦਿ ਅਜਿਹੇ ਕਈ ਨੁਕਤਿਆਂ ਨੂੰ ਮੁਖਾਤਿਬ ਹੋਇਆ ਗਿਆ ਹੈ।

51 ਵੱਖ-ਵੱਖ ਪਿੰਡਾਂ/ਜਥਿਆਂ/ਸੰਸਥਾਵਾਂ ਵੱਲੋਂ ਮਤੇ:

ਪਿੰਡ-ਪਿੰਡ ਜਾ ਕੇ ਲੰਗਰ ਕਮੇਟੀਆਂ, ਨੌਜਵਾਨ ਜਥੇ, ਗੁਰਦੁਆਰਾ ਸੇਵਾ ਸੰਭਾਲ ਜਥੇ (ਪ੍ਰਬੰਧਕ ਕਮੇਟੀਆਂ), ਨਗਰ ਪੰਚਾਇਤਾਂ, ਪ੍ਰਚਾਰਕ ਅਤੇ ਹੋਰ ਅਹਿਮ ਸ਼ਖਸੀਅਤਾਂ ਨੂੰ ਮਿਲਣ ਤੋਂ ਬਾਅਦ 51 ਵੱਖ-ਵੱਖ ਪਿੰਡਾਂ/ਜਥਿਆਂ/ਸੰਸਥਾਵਾਂ ਵੱਲੋਂ ਮਸਤੂਆਣਾ ਸਾਹਿਬ ਸਲਾਨਾ ਜੋੜ ਮੇਲੇ ਦੀ ਪਵਿੱਤਰਤਾ ਬਹਾਲ ਕਰਨ ਹਿਤ ਫੌਰੀ ਲੋੜੀਂਦੀਆਂ ਤਬਦੀਲੀਆਂ ਲਈ ਮਤੇ ਪਾਏ ਗਏ ਜਿਸ ਵਿੱਚ ਬੇਨੜਾ, ਲੰਗਰ ਕਮੇਟੀ ਦੁੱਗਾਂ, ਗੁਰਦੁਆਰਾ ਸਾਹਿਬ ਦੁੱਗਾਂ, ਬਹਾਦਰਪੁਰ, ਹਸਨਪੁਰ, ਸਿੱਖ ਜਥਾ ਮਾਲਵਾ, ਮਹਿਲਾਂ, ਖਡਿਆਲ, ਰਟੌਲਾਂ, ਤਰੰਜੀ ਖੇੜਾ, ਚੱਠਾ ਨਨਹੇੜਾ, ਕਾਂਝਲਾ, ਮਾਨਵਤਾ ਦੀ ਸੇਵਾ ਸੰਸਥਾ ਢੰਡੋਲੀ ਖੁਰਦ, ਧੂਰੀ, ਲੱਡਾ, ਜੰਡਸਰ ਗੱਤਕਾ ਅਖਾੜਾ ਖਡਿਆਲ, ਪੁੰਨਵਾਲ, ਰਾਜੋਮਾਜਰਾ, ਗੁਰਦੁਆਰਾ ਕਮੇਟੀ ਬਡਬਰ, ਲੰਗਰ ਕਮੇਟੀ ਬਡਬਰ, ਸੰਤੋਖਪੁਰਾ, ਉਭਾਵਾਲ, ਲੌਂਗੋਵਾਲ, ਕਲੌਦੀ, ਨੱਤਾਂ, ਭੂਰੇ, ਲੰਗਰ ਕਮੇਟੀ ਖਿੱਲਰੀਆਂ, ਗੁਰਦੁਆਰਾ ਕਮੇਟੀ ਖਿੱਲਰੀਆਂ, ਸਪੋਰਟਸ ਕਲੱਬ ਖਿੱਲਰੀਆਂ, ਚੰਗਾਲ, ਤੁੰਗਾਂ, ਜੁਲਮਗੜ੍ਹ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੰਗਰੂਰ, ਗੁਰਦੁਆਰਾ ਸਾਹਿਬ ਨਗਰ ਮਹਿਲਾਂ ਚੌਂਕ, ਚੱਠਾ ਸੇਖਵਾਂ, ਲੋਹਾਖੇੜਾ, ਕੁਲਾਰਾਂ, ਥਲੇਸਾਂ, ਵਿਚਾਰ ਸਭਾ ਲੱਖੀ ਜੰਗਲ ਖਾਲਸਾ, ਗ੍ਰਾਮ ਪੰਚਾਇਤ ਭੈਣੀ ਜੱਸਾ, ਲੰਗਰ ਕਮੇਟੀ ਭੈਣੀ ਜੱਸਾ, ਸ੍ਰੀ ਗੁਰਦੁਆਰਾ ਰਾਮਗੜ੍ਹੀਆ ਸਭਾ ਧੂਰੀ, ਗਿਆਨੀ ਦਿੱਤ ਸਿੰਘ ਕਿਤਾਬਘਰ ਸੰਗਰੂਰ, ਜਨਾਲ, ਮੀਰੀ ਪੀਰੀ ਸੇਵਾ ਦਲ ਮਾਲਵਾ ਜੋਨ, ਬਾਲੀਆਂ, ਉੱਪਲੀ, ਗੱਤਕਾ ਅਖਾੜਾ ਬੇਗਮਪੁਰਾ, ਭਾਈ ਕਾਨ੍ਹ ਸਿੰਘ ਨਾਭਾ ਕਿਤਾਬਘਰ ਸੰਗਰੂਰ, ਦਰਬਾਰ-ਏ-ਖਾਲਸਾ ਅਤੇ ਨਗਰ ਭਿੰਡਰਾਂ ਸ਼ਾਮਲ ਹਨ।

ਮਸਤੂਆਣਾ ਸਾਹਿਬ ਦੇ ਤਿੰਨ ਪ੍ਰਬੰਧਕਾਂ ਵਿਚੋਂ ਭਾਈ ਹਰਬੇਅੰਤ ਸਿੰਘ ਨੇ ਕੀਤੀ ਪਹਿਲ:

20 ਅਕਤੂਬਰ 2023 ਨੂੰ ਗੁ: ਸਾਹਿਬ ਮਾਤਾ ਭੋਲੀ ਕੌਰ ਜੀ ਦੇ ਮੁਖ ਸੇਵਾਦਾਰ ਭਾਈ ਹਰਬੇਅੰਤ ਸਿੰਘ ਨੇ ਵੀਡੀਓ ਜਨਤਕ ਕਰਕੇ ਕਿਹਾ ਕਿ ਉਹਨਾਂ ਵਾਲੇ ਪਾਸੇ ਕੋਈ ਵੀ ਗੁਰਮਤਿ ਤੋਂ ਉਲਟ ਦੁਕਾਨ ਨਹੀਂ ਲਗਾਈ ਜਾਵੇਗੀ ਤੇ ਜੋੜ ਮੇਲੇ ਦਾ ਮਹੌਲ ਗੁਰਮਤਿ ਅਨੁਸਾਰੀ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।

ਤਿੰਨੇ ਪ੍ਰਬੰਧਕਾਂ ਨੂੰ ਮਤੇ ਅਤੇ ਸੰਗਤ ਦਾ ਹੁਕਮ ਸੌਂਪਿਆ ਗਿਆ:

22 ਅਕਤੂਬਰ 2023 ਨੂੰ ਸੰਗਤ ਵਲੋਂ ਮਸਤੂਆਣਾ ਸਾਹਿਬ ਦੇ ਮੁੱਖ ਪ੍ਰਬੰਧਕ, ਜਿਨ੍ਹਾਂ ਵਿੱਚ ਸ. ਜਸਵੰਤ ਸਿੰਘ ਖਹਿਰਾ (ਸਕੱਤਰ ਅਕਾਲ ਕਾਲਜ ਕੌਂਸਲ), ਭਾਈ ਹਰਬੇਅੰਤ ਸਿੰਘ (ਮੁੱਖ ਸੇਵਾਦਾਰ, ਗੁਰਦੁਆਰਾ ਸਾਹਿਬ ਮਾਤਾ ਭੋਲੀ ਕੌਰ ਜੀ) ਅਤੇ ਭਾਈ ਦਰਸ਼ਨ ਸਿੰਘ (ਮੁੱਖ ਸੇਵਾਦਾਰ, ਗੁਰਦੁਆਰਾ ਅੰਗੀਠਾ ਸਾਹਿਬ) ਸ਼ਾਮਲ ਹਨ, ਨੂੰ ਲਿਖਤੀ ਹੁਕਮ ਅਤੇ ਮਤੇ ਦੀਆਂ ਕਾਪੀਆਂ ਸੌਪੀਆਂ ਗਈਆਂ।

ਇਸ ਮੌਕੇ ਭਾਈ ਹਰਬੇਅੰਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਸੰਗਤ ਦਾ ਹੁਕਮ ਸਿਰ ਮੱਥੇ ਪ੍ਰਵਾਨ ਹੈ। ਸੰਗਤ ਦੇ ਹੁਕਮ ਮੁਤਾਬਿਕ ਉਹਨਾਂ ਵਲੋਂ ਸੁਧਾਰਾਂ ਸਬੰਧੀ ਪ੍ਰਬੰਧ ਕੀਤੇ ਜਾਣਗੇ। ਭਾਈ ਦਰਸ਼ਨ ਸਿੰਘ ਨੇ ਵੀ ਸੰਗਤ ਦਾ ਹੁਕਮ ਪ੍ਰਵਾਨ ਕਰਦਿਆਂ ਕਿਹਾ ਕਿ ਸੁਧਾਰਾਂ ਨੂੰ ਲਾਗੂ ਕਰਨ ਸਬੰਧੀ ਪ੍ਰਬੰਧ ਕੀਤੇ ਜਾਣਗੇ। ਅਕਾਲ ਕਾਲਜ ਕੌਂਸਲ ਸਕੱਤਰ ਸ. ਜਸਵੰਤ ਸਿੰਘ ਖਹਿਰਾ ਵਲੋਂ ਕਿਹਾ ਗਿਆ ਕਿ ਇਹ ਸਾਰੀਆਂ ਗੱਲਾਂ ਗੁਰਮਤਿ ਅਨੁਸਾਰੀ ਹਨ ਅਤੇ ਕੌਂਸਲ ਵਲੋਂ ਇਸਨੂੰ ਲਾਗੂ ਕਰਨ ਦੀ ਹਾਮੀ ਹੈ। ਉਹਨਾਂ ਕਿਹਾ ਕਿ ਛੇਤੀ ਹੀ ਕੌਂਸਲ ਵਲੋਂ ਇਸ ਬਾਰੇ ਮਤਾ ਪਾਇਆ ਜਾਵੇਗਾ। ਨਾਲ ਹੀ ਉਹਨਾਂ ਨੇ ਸੰਗਤੀ ਹੁਕਮਾਂ ਨੂੰ ਲਾਗੂ ਕਰਨ ਲਈ ਸੰਗਤ ਦੇ ਸਹਿਯੋਗ ਦੀ ਮੰਗ ਕੀਤੀ।

ਪਿੰਡਾਂ ਵਿੱਚ ਅਤੇ ਮਸਤੂਆਣਾ ਸਾਹਿਬ ਵਿਖੇ ਵੱਡੇ ਫਲੈਕਸ ਲਗਾਏ ਗਏ:

ਪਿੰਡਾਂ ਵਿੱਚ ਅਤੇ ਮਸਤੂਆਣਾ ਸਾਹਿਬ ਅੰਦਰ ਜੋੜ ਮੇਲੇ ਦੀ ਪਵਿੱਤਰਤਾ ਸਬੰਧੀ ਜਾਣਕਾਰੀ ਦਿੰਦੇ ਵੱਡੇ ਫਲੈਕਸ ਲਗਾਏ ਗਏ। ਭਾਈ ਹਰਬੇਅੰਤ ਸਿੰਘ ਅਤੇ ਭਾਈ ਦਰਸ਼ਨ ਸਿੰਘ ਨੇ ਵੀ ਆਪਣੇ ਵਾਲੇ ਪਾਸੇ ਫਲੈਕਸਾਂ ਲਗਵਾਈਆਂ।

ਕਰੀਬ 40 ਤੋਂ ਵੱਧ ਪਿੰਡਾਂ ਵਿੱਚ ਫਲੈਕਸਾਂ ਲਗਾਈਆਂ ਗਈਆਂ।

ਪਿੰਡਾਂ ਵਿੱਚ ਸਮਾਗਮ:

ਮਸਤੂਆਣਾ ਸਾਹਿਬ ਸਲਾਨਾ ਜੋੜ ਮੇਲੇ ਸਬੰਧੀ ਚੱਲ ਰਹੀ ਮੁਹਿੰਮ ਦੀ ਜਾਣਕਾਰੀ ਦੇਣ ਅਤੇ ਸੰਗਤਾਂ ਨੂੰ ਲਾਮਬੰਦ ਕਰਨ ਲਈ ਸਿੱਖ ਜਥਾ ਮਾਲਵਾ ਵੱਲੋਂ ਮਸਤੂਆਣਾ ਸਾਹਿਬ ਦੇ ਨੇੜਲੇ ਪਿੰਡਾਂ ਵਿੱਚ ਛੋਟੇ-ਛੋਟੇ ਸਮਾਗਮ ਕੀਤੇ ਗਏ ਅਤੇ ਸੰਗਤ ਨੂੰ ‘ਖਾਲਸੇ ਦੇ ਜੋੜ ਮੇਲੇ’ ਚਵਰਕੀ ਪਰਚੇ ਵੰਡੇ ਗਏ।

ਅਕਾਲ ਕਾਲਜ ਕੌਂਸਲ ਵੱਲੋਂ ਮਤਾ ਪਾਉਣ ਵਿੱਚ ਢਿੱਲ:

ਇਸ ਦੌਰਾਨ ਅਕਾਲ ਕਾਲਜ ਕੌਂਸਲ ਵੱਲੋਂ ਸਿਰਫ ਮਿਲਣ ਲਈ ਸੁਨੇਹੇ ਦਿੱਤੇ ਜਾਂਦੇ ਰਹੇ ਪਰ ਇਸ ਪਾਸੇ ਕੋਈ ਹੋਰ ਅਮਲੀ ਕਾਰਵਾਈ ਨਾ ਕੀਤੀ ਗਈ। ਫਿਰ ਕੌਂਸਲ ਵੱਲੋਂ ਇਹ ਤਜਵੀਜ ਆਈ ਕਿ ਫਿਜੀਕਲ ਕਾਲਜ ਦੇ ਖੇਡ ਮੈਦਾਨ ਵਿੱਚ ਝੂਲੇ ਅਤੇ ਬਜਾਰ ਦਾ ਪ੍ਰਬੰਧ ਕਰ ਦਿੱਤਾ ਜਾਵੇਗਾ ਹੋਰ ਕਿਸੇ ਪਾਸੇ ਕੁਝ ਵੀ ਅਜਿਹਾ ਨਹੀਂ ਹੋਵੇਗਾ। ਇਹ ਤਜਵੀਜ ਸੰਗਤ ਨੇ ਪ੍ਰਵਾਨ ਨਹੀਂ ਕੀਤੀ। 25 ਨਵੰਬਰ 2023 ਨੂੰ ਸਕੱਤਰ, ਅਕਾਲ ਕਾਲਜ ਕੌਂਸਲ ਨਾਲ ਮੁਲਾਕਾਤ ਦੌਰਾਨ ਸੰਗਤ ਨੇ ਇਹ ਸਪਸ਼ਟ ਕੀਤਾ ਕਿ ਜੋ ਸੰਗਤ ਵੱਲੋਂ ਲਿਖਤੀ ਹੁਕਮ ਦਿੱਤਾ ਗਿਆ ਸੀ, ਉਸ ਤੋਂ ਉਰੇ ਕੁਝ ਵੀ ਪ੍ਰਵਾਨ ਨਹੀਂ ਹੈ ਅਤੇ ਨਾ ਹੀ ਹੋਵੇਗਾ। ਸਕੱਤਰ, ਅਕਾਲ ਕਾਲਜ ਕੌਂਸਲ ਵੱਲੋਂ ਸੰਗਤ ਦੀ ਭਾਵਨਾ ਸਮਝਦਿਆਂ ਸੰਗਤ ਨਾਲ ਚੱਲਣ ਦਾ ਬਚਨ ਦੁਹਰਾਇਆ ਅਤੇ ਆਪਣੀਆਂ ਬਾਕੀ ਤਜਵੀਜ਼ਾਂ ਰੱਦ ਕਰ ਕੇ ਮਸਤੂਆਣਾ ਸਾਹਿਬ ਸਲਾਨਾ ਜੋੜ ਮੇਲੇ ਦੀ ਪਵਿੱਤਰਤਾ ਲਈ ਰਲ ਮਿਲ ਕੇ ਯਤਨ ਕਰਨ ਲਈ ਕਿਹਾ।

ਅਕਾਲ ਕਾਲਜ ਕੌਂਸਲ ਵੱਲੋਂ ਮਤਾ ਪਾਸ:

27 ਨਵੰਬਰ 2023 ਨੂੰ ਅਕਾਲ ਕਾਲਜ ਕੌਂਸਲ ਦੀ ਬੈਠਕ ਹੋਈ ਜਿਸ ਵਿੱਚ ਸੰਗਤ ਦੀ ਭਾਵਨਾ ਅਨੁਸਾਰ ਮਤਾ ਪਾਸ ਕੀਤਾ ਗਿਆ। 2 ਦਸੰਬਰ 2023 ਨੂੰ ਅਕਾਲ ਕਾਲਜ ਕੌਂਸਲ ਦਾ 27 ਨਵੰਬਰ ਵਾਲਾ ਮਤਾ ਜਨਤਕ ਹੋਇਆ ਜਿਸ ਵਿੱਚ ਦਰਜ ਹੈ ਕਿ:

1. ਹਰ ਇਕ ਪੰਡਾਲ ਦੇ ਸਪੀਕਰਾਂ ਦੀ ਅਵਾਜ ਸਿਰਫ ਪੰਡਾਲ ਤੱਕ ਸੀਮਤ ਰੱਖਣ ਦਾ ਪ੍ਰਬੰਧ ਕੀਤਾ ਜਾਵੇ। ਇਸ ਲਈ ਯੂਨਿਟਾਂ ਵਾਲੇ ਸਪੀਕਰਾਂ ਦੀ ਥਾਂ ਬਕਸਿਆਂ ਵਾਲੇ ਸਪੀਕਰਾਂ ਦੀ ਵਰਤੋਂ ਨੂੰ ਤਰਜੀਹ ਦਿੱਤੀ ਜਾਵੇ।

2. ਮੇਨ ਰੋਡ ਵਾਲੇ ਗੇਟ ਤੋਂ ਅੰਦਰ ਗੁਰਦੁਆਰਾ ਗੁਰਸਾਗਰ ਦੀ ਡਿਉਡੀ ਤੱਕ, ਗੁਰਦੁਆਰਾ ਗੁਰਸਾਗਰ ਤੋਂ ਮੇਨ ਲੰਗਰ ਤੱਕ, ਗੁਰਦੁਆਰਾ ਅੰਗੀਠਾ ਸਾਹਿਬ ਵਾਲੇ ਮੇਨ ਗੇਟ ਤੋਂ ਮੇਨ ਲੰਗਰ ਤੱਕ, ਪਿੰਡ ਲਿਦੜਾਂ ਵਾਲੇ ਗੇਟ ਤੋਂ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਤੱਕ, ਗੁਰਦੁਆਰਾ ਗੁਰਸਾਗਰ ਦੀ ਡਿਉਡੀ ਦੇ ਸਾਹਮਣੇ ਚੰਗਾਲ ਰੋਡ ਦੇ ਦੋਨੋ ਸਾਈਡਾਂ ਤੇ ਸਿਰਫ ਗੁਰਮਤਿ ਅਨੁਸਾਰ ਦੁਕਾਨਾਂ ਹੀ ਲਗਾਈਆਂ ਜਾਣ। ਗੁਰਮਤਿ ਅਨੁਸਾਰ ਦੁਕਾਨਾਂ/ਪ੍ਰਦਰਸ਼ਨੀਆਂ ਵਿਚ ਕਕਾਰ, ਸਸਤ੍ਰ, ਸਿੱਖ ਇਤਿਹਾਸ/ਗੁਰਬਾਣੀ/ਗੁਰਇਤਿਹਾਸ/ਪੰਜਾਬੀ ਸਾਹਿਤ ਨਾਲ ਸਬੰਧਤ ਕਿਤਾਬਾਂ। ਸਿੱਖ ਇਤਿਹਾਸ ਅਤੇ ਸਿੱਖ ਕਿਰਦਾਰਾਂ ਨਾਲ ਸਬੰਧਤ ਚਿੱਤਰ, ਡੀ.ਜੇ ਅਤੇ ਸਪੀਕਰ ਤੋਂ ਬਿਨਾਂ ਦਸਤਾਰ ਕੈਂਪ, ਖੇਤੀਬਾੜੀ ਨਾਲ ਸਬੰਧਤ ਦੁਕਾਨਾਂ (ਬਿਨਾਂ ਵੱਡੀ ਮਸ਼ੀਨਰੀ ਤੋਂ), ਸਿਹਤ ਸਹੂਲਤਾਂ ਨਾਲ ਸਬੰਧਤ ਕੈਂਪ ਆਦਿ ਸ਼ਾਮਿਲ ਹਨ।

3. ਅਕਾਲ ਡਿਗਰੀ ਕਾਲਜ ਦੇ ਸਾਹਮਣੇ ਵਾਲੇ ਮੇਨ ਪਾਰਕ ਵਿਚ ਅਤੇ ਚੰਗਾਲ ਰੋਡ ਦੇ ਦੂਸਰੀ ਸਾਈਡ (ਪ੍ਰਾਈਵੇਟ ਜ਼ਮੀਨ ਵਿਚ) ਝੂਲੇ ਨਾ ਲਗਵਾਏ ਜਾਣ।

4. ਅਲੱਗ-ਅਲੱਗ ਪਿੰਡਾਂ ਵੱਲੋਂ ਸਜਾਏ ਜਾਂਦੇ ਲੰਗਰਾਂ ਵਿਚ, ਸਪੀਕਰ ਨਾ ਲਗਾਏ ਜਾਣ ਅਤੇ ਇਕ ਲੰਗਰ ਪਿੱਛੇ ਸਿਰਫ ਇਕ ਜਾਂ ਦੋ ਸਾਧਨਾਂ (ਟਰੈਕਟਰ-ਟਰਾਲੀ ਜਾਂ ਜੀਪ ਆਦਿ) ਨੂੰ ਹੀ ਆਉਣ ਦਿੱਤਾ ਜਾਵੇ, ਤਾਂ ਜੋ ਅੰਦਰਲੇ ਰਸਤੇ ਤੰਗ ਨਾ ਹੋਵਣ।

5. ਜੋੜ-ਮੇਲੇ ਅੰਦਰ ਟਰੈਕਟਰਾਂ ਤੇ ਡੈੱਕ ਨਾ ਲਗਾਏ ਜਾਣ।

6. ਜੋੜ-ਮੇਲੇ ਦੌਰਾਨ ਕਿਸੇ ਕਿਸਮ ਦੀ ਪ੍ਰਦਰਸ਼ਨੀ ਕੌਂਸਲ ਦੀ ਪ੍ਰਵਾਨਗੀ ਤੋਂ ਬਾਅਦ ਹੀ ਲੱਗ ਸਕੇਗੀ।

ਉਪਰੋਕਤ ਮਤਿਆਂ ਦਾ ਉਤਾਰਾ ਮਾਣਯੋਗ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਸੰਗਰੂਰ ਨੂੰ ਕਰਕੇ ਬੇਨਤੀ ਕਰਕੇ ਉਪਰੋਕਤ ਮਤਿਆਂ ਨੂੰ ਲਾਗੂ ਕਰਾਉਣ ਲਈ ਪ੍ਰਸਾਸ਼ਨ ਤੋਂ ਸਹਿਯੋਗ ਦੀ ਮੰਗ ਕੀਤੀ ਜਾਵੇਗੀ। – ਸਕੱਤਰ, ਅਕਾਲ ਕਾਲਜ ਕੌਂਸਲ

ਸੰਗਤ ਸਮਰੱਥ ਹੈ:

ਇਹ ਸਭ ਸੰਗਤ ਦੇ ਸਾਂਝੇ ਉੱਦਮ ਸਦਕਾ ਹੀ ਸੰਭਵ ਹੋਇਆ ਹੈ। ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਕਹਿੰਦੇ ਹੁੰਦੇ ਸਨ ਕਿ ਸੰਗਤ ਸਮਰੱਥ ਹੈ, ਚਾਹੇ ਤਾਂ ਸਾਰੇ ਰਿਵਾਜ ਬਦਲ ਸਕਦੀ ਹੈ। ਸੰਗਤ ਨੇ ਆਪਣਾ ਰੁਤਬਾ ਪਛਾਣਿਆਂ ਤੇ ਆਪਣੇ ਅਮਲ ਰਾਹੀਂ ਇਹ ਸਾਬਤ ਕੀਤਾ ਕਿ ਸੰਗਤ ਸਮਰੱਥ ਹੈ। ਬਾਕੀ ਥਾਵਾਂ ਦੀ ਸੰਗਤ ਨੂੰ ਵੀ ਆਪੋ ਆਪਣੇ ਨੇੜਲੇ ਸਥਾਨਾਂ ’ਤੇ ਹੁੰਦੇ ਜੋੜ ਮੇਲਿਆਂ ਸਬੰਧੀ ਸਾਂਝੇ ਉੱਦਮ ਕਰਨੇ ਚਾਹੀਦੇ ਹਨ ਅਤੇ ਜੋੜ ਮੇਲਿਆਂ ਦੀ ਪਵਿੱਤਰਤਾ ਬਹਾਲ ਕਰਨੀ ਚਾਹੀਦੀ ਹੈ।

0 0 votes
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x