ਵਿਸ਼ੇਸ ਲੇਖ – ਬਾਬਾ ਦੀਪ ਸਿੰਘ ਜੀ

ਵਿਸ਼ੇਸ ਲੇਖ – ਬਾਬਾ ਦੀਪ ਸਿੰਘ ਜੀ

ਲੇਖਕ- ਗਿਆਨੀ ਭਜਨ ਸਿੰਘ 

ਗੁਰਦੁਆਰਿਆਂ ਦੀ ਆਜ਼ਾਦੀ ਤੇ ਪਵਿੱਤਰਤਾ ਲਈ ਅਨੇਕਾਂ ਸਿੰਘਾਂ ਨੇ ਆਪਣੇ ਜੀਵਨ ਲੇਖੇ ਲਾਏ ਹਨ ਤੇ ਅਮਰ ਪਦਵੀ ਪਾ ਗਏ ਹਨ। ਇਨ੍ਹਾਂ ਸ਼ਹੀਦਾਂ ਵਿਚੋਂ ਬਾਬਾ ਦੀਪ ਸਿੰਘ ਜੀ ਉਹ ਮਹਾਨ ਸ਼ਹੀਦ ਹਨ, ਜਿਨ੍ਹਾਂ 80 ਸਾਲ ਦੀ ਬਿਰਧ ਆਯੂ ਵਿਚ ਅਜਿਹੀ ਤਲਵਾਰ ਚਲਾਈ, ਸ੍ਰੀ ਦਰਬਾਰ ਸਾਹਿਬ ਤਕ ਅਪੜਨ ਦਾ ਪ੍ਰਣ ਅਨੋਖੇ ਢੰਗ ਨਾਲ ਪੂਰਾ ਕਰਕੇ ਦਿਖਾਇਆ ਤੇ ਇਤਿਹਾਸ ਵਿਚ ਇਕ ਅਜਿਹੇ ਕਾਂਡ ਦਾ ਵਾਧਾ ਕੀਤਾ, ਜਿਸ ਵਰਗੀ ਮਿਸਾਲ ਦੁਨੀਆ ਦੇ ਇਤਿਹਾਸ ਵਿਚ ਹੋਰ ਕਿਧਰੇ ਨਹੀਂ ਮਿਲਦੀ।

ਅਹਿਮਦ ਸ਼ਾਹ ਅਬਦਾਲੀ ਨੇ ਕਈ ਵਾਰ ਭਾਰਤ ’ਤੇ ਹਮਲਾ ਕੀਤਾ ਤੇ ਹਰ ਵਾਰ ਉਹਦਾ ਰਾਹ ਰੋਕਣ ਵਾਲੇ, ਉਹਦੀ ਫੌਜ ਨੂੰ ਨੁਕਸਾਨ ਪਹੁੰਚਾਉਣ ਵਾਲੇ ਤੇ ਉਹਦੇ ਥਾਪੇ ਹਾਕਮਾਂ ਦੀ ਅਥਾਰਟੀ ਨੂੰ ਚੈਲਿੰਜ ਕਰਨ ਵਾਲੇ ਸਿੱਖਾਂ ਤੋਂ ਉਹ ਬਹੁਤ ਦੁਖੀ ਸੀ। ਪੰਜਾਬ ਥਾਂ-ਥਾਂ ਸਿੱਖਾਂ ਦੇ ਜਥੇ (ਮਿਸਲਾਂ) ਛਾ ਗਏ ਸਨ ਤੇ ਉਨ੍ਹਾਂ ਨੇ ਅਮਲੀ ਤੌਰ `ਤੇ ਇਥੋਂ ਦੀ ਹਕੂਮਤ ਨੂੰ ਨਕਾਰਾ ਕਰ ਦਿੱਤਾ ਸੀ। ਰਾਖੀ ਸਿਸਟਮ ਚਾਲੂ ਕਰਕੇ ਸਿੱਖਾਂ ਨੇ ਲੋਕਾਂ ਨੂੰ ਸਰਕਾਰ ਦੀ ਥਾਂ ਆਪਣੀ ਅਗਵਾਈ ਵਿਚ ਆਉਣ ਲਈ ਰਾਹ ਬਣਾ ਦਿੱਤਾ।

ਅਹਿਮਦ ਸ਼ਾਹ ਅਬਦਾਲੀ ਨੇ ਇਹ ਹਾਲਤ ਦੇਖ ਕੇ ਕਰੜੇ ਤੇ ਜ਼ਾਲਮ ਇਨਸਾਨ ਜਹਾਨ ਖਾਨ ਨੂੰ ਲਾਹੌਰ ਦਾ ਗਵਰਨਰ ਨੀਯਤ ਕੀਤਾ ਤੇ ਉਸ ਨੂੰ ਇਸ ਗੱਲ ਦੀ ਪੱਕੀ ਕੀਤੀ ਕਿ ਉਹ ਸਿੱਖਾਂ ਦੀ ਹਸਤੀ ਤੇ ਨਾਮੋ-ਨਿਸ਼ਾਨ ਖਤਮ ਕਰਨ ਲਈ ਆਪਣੀ ਪੂਰੀ ਵਾਹ ਲਾ ਦੇਵੇ। ਜਹਾਨ ਖਾਨ ਨੇ ਵੀ ਅਜਿਹੇ ਫੌਜੀ ਦਸਤੇ ਪਿੰਡਾਂ ਵਿਚ ਭੇਜ ਦਿੱਤੇ, ਜਿਨ੍ਹਾਂ ਘਰ-ਘਰ ਪੁਛ-ਪੜਤਾਲ ਕਰਕੇ ਸਿੱਖਾਂ ਨੂੰ ਖਤਮ ਕਰਨ ਦੇ ਪ੍ਰੋਗਰਾਮ ’ਤੇ ਅਮਲ ਸ਼ੁਰੂ ਕਰ ਦਿੱਤਾ। ਇਸ ਹਤਿਆਰੇ ਕਦਮ ਨਾਲ ਪਿੰਡਾਂ ਵਿਚ ਸਿੱਖ ਨਜ਼ਰ ਆਉਣੇ ਬੰਦ ਹੋ ਗਏ ਤੇ ਸਭ ਦੂਰ ਦੁਰਾਡੇ ਜੰਗਲਾਂ ਵਿਚ ਚਲੇ ਗਏ।

ਜਹਾਨ ਖਾਨ ਨੂੰ ਕਿਸੇ ਨੇ ਦੱਸਿਆ ਕਿ ਜਦ ਤਕ ਅੰਮ੍ਰਿਤਸਰ ਵਿਚ ਸਿੱਖਾਂ ਦਾ ਸਰੋਵਰ ਤੇ ਦਰਬਾਰ ਸਾਹਿਬ ਕਾਇਮ ਹੈ, ਇਹ ਖਤਮ ਨਹੀਂ ਹੋ ਸਕਦੇ। ਕਿਤਨੀ ਵੀ ਸਖਤੀ ਕਰ ਲਈਏ, ਇਹ ਦਿਲ ਨਹੀਂ ਹਾਰਨਗੇ। ਇਥੇ ਸਰੋਵਰ ਵਿਚ ਇਸ਼ਨਾਨ ਕਰਕੇ ਦਰਬਾਰ ਸਾਹਿਬ ਮੱਥਾ ਟੇਕ ਕੇ ਇਨ੍ਹਾਂ ਨੂੰ ਨਵਾਂ ਜੀਵਨ, ਨਵਾਂ ਉਤਸ਼ਾਹ ਤੇ ਨਵਾਂ ਜੋਸ਼ ਮਿਲ ਜਾਂਦਾ ਹੈ, ਇਸ ਲਈ ਇਹ ਜੀਵਨ ਸੋਮਾ ਖਤਮ ਕੀਤਾ ਜਾਏ। ਜਹਾਨ ਖਾਨ ਨੇ ਅੰਮ੍ਰਿਤਸਰ ਨੂੰ ਆਪਣਾ ਹੈੱਡ ਕੁਆਟਰ ਬਣਾ ਲਿਆ ਤੇ ਸਿੱਖਾਂ ਦੇ ਜਜ਼ਬਾਤ ਕੁਚਲਣ ਲਈ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਨੂੰ ਢਾਹ ਦਿੱਤਾ ਤੇ ਪਵਿੱਤਰ ਸਰੋਵਰ ਨੂੰ ਪੂਰ ਦਿੱਤਾ। ਇਹ ਗੱਲ 1760 ਈਸਵੀ ਦੀ ਹੈ।

ਜਹਾਨ ਖਾਨ ਦੀ ਇਸ ਕਾਰਵਾਈ ਦੀ ਖ਼ਬਰ ਸਿੱਖਾਂ ਨੂੰ ਦੂਰ-ਦੁਰਾਡੇ ਜੰਗਲਾਂ ਵਿਚ ਵੀ ਜਾ ਪਹੁੰਚੀ ਤੇ ਸਾਰੀ ਸਿੱਖ ਕੌਮ ਵਿਚ ਗ਼ਮ ਤੇ ਗੁੱਸੇ ਦੀ ਲਹਿਰ ਫੈਲ ਗਈ। ਇਨ੍ਹਾਂ ਦਿਨਾਂ ਵਿਚ ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ, ਸਾਬੋ ਕੀ ਤਲਵੰਡੀ (ਬਠਿੰਡਾ) ਵਿਚ ਰਹਿੰਦੇ ਸਨ। ਬਾਬਾ ਦੀਪ ਸਿੰਘ ਜੀ ਇਥੋਂ ਦੇ ਜੰਮਪਲ ਨਹੀਂ ਸਨ। ਆਪ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਪਹੁਵਿੰਡ ਦੇ ਰਹਿਣ ਵਾਲੇ ਸਨ ਤੇ ਜਦ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖ਼ਾਲਸੇ ਨੂੰ ਖੰਡੇ ਦਾ ਅੰਮ੍ਰਿਤ-ਬਖਸ਼ਿਆ ਤਾਂ ਉਸ ਸਮੇਂ ਬਾਬਾ ਦੀਪ ਸਿੰਘ ਜੀ ਨੇ ਵੀ ਆਪਣੀ ਭਰ ਜਵਾਨੀ ਦੇ ਦਿਨਾਂ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਹੱਥਾਂ ਤੋਂ ਹੀ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ। ਆਪਣੇ ਸਮੇਂ ਦੇ ਉੱਘੇ ਵਿਦਵਾਨ ਸਨ। ਭਾਈ ਮਨੀ ਸਿੰਘ ਜੀ ਨਾਲ ਮਿਲ ਕੇ ਦਸਮ ਪਾਤਸ਼ਾਹ ਦੇ ਹੁਕਮ ਅਨੁਸਾਰ ਲਿਖਾਈ ਦਾ ਕੰਮ ਕਰਦੇ ਰਹੇ।

ਜਦ ਗੁਰੂ ਗੋਬਿੰਦ ਸਿੰਘ ਜੀ ਨੇ ਆਦਿ ਬੀੜ ਦੀ ਤਿਆਰੀ ਦਾ ਕੰਮ ਮੁੜ ਕੇ ਆਰੰਭਿਆ ਤਾਂ ਉਸ ਸਮੇਂ ਨਾਲ ਸੇਵਾ ਕਰਨ ਦਾ ਬਾਬਾ ਦੀਪ ਸਿੰਘ ਜੀ ਨੂੰ ਵੀ ਮੌਕਾ ਮਿਲਿਆ। ਸੁੰਦਰ ਲਿਖਾਈ ਤੇ ਵਿਦਵਤਾ ਕਰਕੇ ਆਪ ਦੀਆਂ ਲਿਖੀਆਂ ਬੀੜਾਂ ਦਾ ਪ੍ਰਕਾਸ਼ ਉਸ ਸਮੇਂ ਚਾਰੇ ਤਖ਼ਤ ਸਾਹਿਬ `ਤੇ ਕੀਤਾ ਗਿਆ। ਜਦ ਗੁਰੂ ਗੋਬਿੰਦ ਸਿੰਘ ਜੀ ਦੱਖਣ ਵੱਲ ਗਏ ਤਾਂ ਬਾਬਾ ਦੀਪ ਸਿੰਘ ਜੀ ਨੂੰ ਗੁਰੂ ਕੀ ਕਾਸ਼ੀ ਦਮਦਮਾ ਸਾਹਿਬ ਦੀ ਸੇਵਾ ਦਾ ਕੰਮ ਸੌਂਪ ਗਏ ਤੇ ਉਸ ਸਮੇਂ ਤੋਂ ਲੈ ਕੇ 1760 ਤਕ ਬਾਬਾ ਦੀਪ ਸਿੰਘ ਜੀ ਇਸੇ ਥਾਂ ਰਹੇ ਤੇ ਸਿੱਖੀ ਦਾ ਪ੍ਰਚਾਰ ਤੇ ਗੁਰਮਤਿ ਦੀ ਵਿਆਖਿਆ ਕਰਕੇ ਇਸ ਸਿੱਖ ਕੇਂਦਰ ਦਮਦਮਾ ਸਾਹਿਬ ਨੂੰ ਚਲਾਉਂਦੇ ਰਹੇ।

ਜਦ ਸ੍ਰੀ ਦਰਬਾਰ ਸਾਹਿਬ ਦੇ ਹੋਏ ਅਪਮਾਨ ਦੀ ਖ਼ਬਰ ਆਪ ਨੂੰ ਪਹੁੰਚੀ ਤਾਂ ਦਿਲ ’ਤੇ ਅਕਹਿ ਸੱਟ ਵੱਜੀ। ਅੰਦਰੋਂ ਦਿਲ ਨੇ ਟੁੰਬਿਆ ਤੇ ਉਸੇ ਵੇਲੇ ਆਪ ਨੇ ਸੀ ਦਰਬਾਰ ਸਾਹਿਬ ਦੀ ਪਵਿੱਤਰਤਾ ਭੰਗ ਕਰਨ ਵਾਲਿਆਂ ਨਾਲ ਟੱਕਰ ਲੈਣ ਦਾ ਫੈਸਲਾ ਕਰ ਲਿਆ ਤੇ ਆਸ-ਪਾਸ ਦੇ ਸਿੱਖ ਟਿਕਾਣਿਆਂ ‘ਤੇ ਇਤਲਾਹ ਭੇਜ ਦਿੱਤੀ। ਆਪ ਦੀ ਸ਼ਖ਼ਸੀਅਤ ਦਾ ਬੜਾ ਸਤਿਕਾਰ ਤੇ ਪ੍ਰਭਾਵ ਸੀ, ਇਸ ਲਈ ਝਟਪਟ ਸਿੰਘ ਆਪ ਦੀ ਅਗਵਾਈ ਹੇਠ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਮਾਲਵੇ ‘ਚੋਂ ਕੂਚ ਕਰਦਿਆਂ ਕਰਦਿਆਂ, ਖ਼ਾਲਸਾ ਦਲ ਦੀ ਗਿਣਤੀ ਪੰਜ ਹਜ਼ਾਰ ਤੋਂ ਵੱਧ ਗਈ।

ਦਰਿਆ ਪਾਰ ਕਰਕੇ ਸਿੰਘ ਮਾਝੇ ਵਿਚ ਦਾਖਲ ਹੋ ਗਏ ਤੇ ਇਥੇ ਮਝੈਲ ਸਿੰਘ ਵੀ ਉਨ੍ਹਾਂ ਨਾਲ ਮਿਲ ਗਏ। ਸੁੰਦਰ ਪੁਸ਼ਾਕਾ ਪਾ ਕੇ ਸ਼ਹੀਦੀ ਗਾਨੇ ਬੰਨ੍ਹ ਲਏ ਤੇ ਬਾਬਾ ਦੀਪ ਸਿੰਘ ਨੇ ਇਕ ਲਕੀਰ ਖਿੱਚੀ ਕਿ ਜੋ ਸ਼ਹੀਦੀ ਪਾਣ ਲਈ ਤਿਆਰ ਹੈ, ਉਹ ਇਸ ਲਕੀਰ ਨੂੰ ਪਾਰ ਕਰੇ। ਸਭ ਸਿੰਘ ਲਕੀਰ ਟੱਪ ਗਏ ਤੇ ਜੈਕਾਰੇ ਛੱਡਦੇ ਅੰਮ੍ਰਿਤਸਰ ਵੱਲ ਵਧਣ ਲੱਗੇ

ਅੰਮ੍ਰਿਤਸਰ ਸ਼ਹਿਰ ਤੋਂ ਪੰਜ ਮੀਲ ਬਾਹਰ ਪਿੰਡ ਗੋਹਰਵਾਲ ਵਿਚ ਜਹਾਨ ਖਾਨ 20 ਹਜ਼ਾਰ ਫੌਜ ਲੈ ਕੇ ਆਇਆ। ਬੜੀ ਜ਼ਬਰਦਸਤ ਲੜਾਈ ਹੋਈ। ਗੁੱਸੇ ਤੇ ਜੋਸ਼ ਵਿਚ ਸਿੰਘਾਂ ਨੇ ਅਜੇਹਾ ਹਮਲਾ ਕੀਤਾ ਕਿ ਜਹਾਨ ਖਾਨ ਦੀ ਫੌਜ ਮੁਕਾਬਲੇ ਤੇ ਖੜੇ ਹੋਣ ਦਾ ਹੌਂਸਲਾ ਨਾ ਕਰ ਸਕੀ। ਉਹਦੀ ਫੌਜ ਪਿੱਛੇ ਹਟਦੀ ਗਈ ਤੇ ਸਿੰਘ ਤਲਵਾਰ ਵਾਂਹਦੇ ਸ਼ਹਿਰ ਦੇ ਨੇੜੇ ਆ ਗਏ।

ਬਾਬਾ ਦੀਪ ਸਿੰਘ ਜੀ ਦੇ ਸਹਾਇਕ ਸ. ਦਿਆਲ ਸਿੰਘ ਜੀ ਨੇ ਇਸ ਸਮੇਂ ਕਮਾਲ ਬੀਰਤਾ ਦਿਖਾਈ। ਆਪਣੇ 50 ਜਵਾਨਾਂ ਦਾ ਜਥਾ ਲੈ ਕੇ ਇਹ ਸ਼ੇਰ ਖੁਰਦ ਪਠਾਣੀ ਫੌਜ ਨੂੰ ਚੀਰਦਾ ਹੋਇਆ ਜਹਾਨ ਖਾਨ ਦੇ ਹਾਥੀ ਪਾਸ ਪਹੁੰਚ ਗਿਆ ਤੇ ਅੱਖ ਦੇ ਝਮਕਾਰੇ ਨਾਲੋਂ ਵੀ ਘੱਟ ਸਮੇਂ ਵਿਚ ਘੋੜੇ ਤੋਂ ਛਾਲ ਮਾਰ ਕੇ ਹਾਥੀ ‘ਤੇ ਚੜ੍ਹ ਗਿਆ ਤੇ ਜਹਾਨ ਖਾਨ ਦਾ ਸਿਰ ਵੱਢ ਲਿਆ। ਇਹ ਘਟਨਾ ਭਗਤ ਲਛਮਣ ਸਿੰਘ ਨੇ ਆਪਣੀ ਪੁਸਤਕ ‘ਸਿੱਖ ਮਾਰਟਰਜ਼` ਵਿਚ ਦੱਸੀ ਹੈ। ਕਈ ਇਤਿਹਾਸਕਾਰ ਲਿਖਦੇ ਹਨ ਕਿ ਜਹਾਨ ਖਾਨ ਇਸ ਸਮੇਂ ਨਹੀਂ ਮਾਰਿਆ ਗਿਆ ਸੀ।

ਸ਼ਹਿਰ ਦੇ ਦਰਵਾਜ਼ੇ ਨੇੜੇ ਰਾਮਸਰ ਪਾਸ ਫਿਰ ਬਹੁਤ ਸਖ਼ਤ ਲੜਾਈ ਹੋਈ। ਇਥੇ ਪਠਾਣੀ ਫੌਜ ਦੇ ਦੂਜੇ ਕਮਾਂਡਰ ਜਮਾਲ ਸ਼ਾਹ ਨੇ ਬਾਬਾ ਦੀਪ ਸਿੰਘ ਜੀ ਨੂੰ ਚੈਲਿੰਜ ਕੀਤਾ ਕਿ ਉਹਦੇ ਨਾਲ ਇਕੱਲੇ ਮੁਕਾਬਲਾ ਕਰ ਲੈਣ। ਜਮਾਲ ਸ਼ਾਹ ਅਜੇ ਜਵਾਨ ਸੀ ਤੇ ਬਾਬਾ ਦੀਪ ਸਿੰਘ ਜੀ 80 ਸਾਲ ਦੀ ਉਮਰ ਦੇ ਬਿਰਧ। ਪਰ ਉਹਨਾਂ ਤੁਰੰਤ ਚੈਲਿੰਜ ਪ੍ਰਵਾਨ ਕਰ ਲਿਆ ਤੇ ਜ਼ਬਰਦਸਤ ਲੜਾਈ ਕੀਤੀ। ਇਸ ਸਮੇਂ ਸ਼ਹਿਰ ਦੀਆਂ ਗਲੀਆਂ ਖੁਨ ਤੇ ਲੋਥਾਂ ਨਾਲ ਭਰ ਗਈਆਂ। ਬਾਬਾ ਦੀਪ ਸਿੰਘ ਜੀ ਦੇ ਸਾਥੀ ਮੁਖੀ ਸ. ਧਰਮ ਸਿੰਘ, ਸ. ਖੇਮ ਸਿੰਘ, ਸ. ਮਾਨ ਸਿੰਘ ਤੇ ਸ. ਰਾਮ ਸਿੰਘ ਵੀ ਅਨੇਕਾਂ ਸਿੰਘ ਸਮੇਤ ਸ਼ਹੀਦ ਹੋ ਗਏ। ਬਾਬਾ ਦੀਪ ਸਿੰਘ ਜੀ ਸਖ਼ਤ ਜ਼ਖਮੀ ਹੋ ਗਏ ਪਰ ਉਹ ਲੜਦੇ ਤੇ ਅੱਗੇ ਵਧਦੇ ਗਏ। ਕੁਝ ਇਤਿਹਾਸਕਾਰਾਂ ਦੀ ਲਿਖਤ ਅਨੁਸਾਰ ਉਨ੍ਹਾਂ ਦਾ ਸੀਸ ਧੜ ਤੋਂ ਵੱਖ ਹੋ ਗਿਆ ਪਰ ਆਪਣਾ ਪ੍ਰਣ ਨਿਭਾਉਣ ਲਈ ਉਨ੍ਹਾਂ ਅੰਦਰ ਅਜਿਹੀ ਸ਼ਕਤੀ ਜਾਗੀ ਕਿ ਉਨ੍ਹਾਂ ਆਪਣਾ ਸੀਸ ਖੱਬੇ ਹੱਥ ਦੀ ਤਲੀ ‘ਤੇ ਰੱਖ ਲਿਆ ਤੇ ਬਿਨਾਂ ਸੀਸ ਲੜਦੇ ਸੀ ਦਰਬਾਰ ਸਾਹਿਬ ਦੀ ਪ੍ਰਕਰਮਾ ਤਕ ਜਾ ਪਹੁੰਚੇ। ਇਥੇ ਅਪੜਦਿਆਂ ਤਕ ਹੋਰ ਪਠਾਣ ਜਰਨੈਲਾਂ ਵਿਚੋਂ ਵੀ ਸਾਬਰ ਅਲੀਖਾਨ, ਰੁਸਤਮ ਅਲੀ ਖਾਨ ਤੇ ਜ਼ਬਰਦਸਤ ਖਾਨ ਮਾਰੇ ਗਏ। ਇਨਾਂ ਜਰਨੈਲਾਂ ਨੂੰ ਮਾਰਨ ਵਾਲੇ ਅਣਖੀਲੇ ਸਿੰਘ ਸਰਦਾਰ, ਸ. ਹੀਰਾ ਸਿੰਘ ਤੇ ਸ. ਬਲਵੰਤ ਸਿੰਘ ਸਨ। ਜਦ ਇਤਨੇ ਜਰਨੈਲ ਮਾਰੇ ਗਏ ਤਾਂ ਪਠਾਣੀ, ਅਫਗਾਨੀ ਤੇ ਮੁਸਲਮਾਨ ਫੌਜ ਦੇ ਹੌਸਲੇ ਟੁੱਟ ਗਏ ਤੇ ਉਹ ਦਰਬਾਰ ਸਾਹਿਬ ਦਾ ਘੇਰਾ ਛੱਡ ਕੇ ਭੱਜ ਉਠੇ। ਬਾਬਾ ਦੀਪ ਸਿੰਘ ਜੀ ਤਾਂ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਤਕ ਅੱਪੜ ਕੇ ਸ਼ਹੀਦੀ ਪਾ ਗਏ ਪਰ ਬਾਕੀ ਸਿੰਘਾਂ ਨੇ ਅਟਾਰੀ ਤਕ ਪਿੱਛਾ ਕੀਤਾ ਤੇ ਪਠਾਣੀ ਫੌਜ ਤੋਂ ਸ੍ਰੀ ਦਰਬਾਰ ਸਾਹਿਬ ਦੀ ਬੇ ਅਦਬੀ ਦਾ ਬਦਲਾ ਲਿਆ। ਉਨ੍ਹਾਂ ਦਾ ਬੇ-ਹੱਦ ਜਾਨੀ ਨਕਸਾਨ ਕੀਤਾ ਤੇ ਬਹੁਤ ਸਾਰਾ ਅਸਲਾ ਤੇ ਸਾਮਾਨ ਖੋਹ ਲਿਆ।

ਸ਼ਹੀਦੀ ਅਸਥਾਨ ਬਾਬਾ ਦੀਪ ਸਿੰਘ ਜੀ

ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਅਸਥਾਨ ‘ਤੇ ਉਨਾਂ ਦੀ ਯਾਦਗਾਰ ਬਣੀ ਹੋਈ ਹੈ। ਬਾਬਾ ਜੀ ਦੇ ਸਾਥੀ ਸ਼ਹੀਦਾਂ ਦੀਆਂ ਯਾਦਗਾਰਾਂ ਦੇ ਵੀ ਗੁਰਦੁਆਰੇ ਅੰਮ੍ਰਿਤਸਰ ਵਿਚ ਹਨ। ਬਬੇਕਸਰ ਦੇ ਕੰਢੇ ਸ. ਧਰਮ ਸਿੰਘ ਜੀ ਦੀ ਯਾਦ ਵਿਚ ਗੁਰਦੁਆਰਾ ਹੈ। ਇਸ ਤਰਾਂ ਕਟੜਾ ਰਾਮਗੜੀਆ ਤੇ ਅਖਾੜਾ ਮਗਨੀ ਰਾਮ ਨੇੜੇ ਗੁਰਦੁਆਰੇ ਉਨ੍ਹਾਂ ਬਹਾਦਰਾਂ ਦੀ ਲਾਮਿਸਾਲ ਕੁਰਬਾਨੀ ਤੇ ਸ਼ਹੀਦੀਆਂ ਦੀਆਂ ਯਾਦਗਾਰਾਂ ਹਨ।

ਬਾਬਾ ਦੀਪ ਸਿੰਘ ਜੀ ਦੀ ਉਮਰ ਦਾ ਬੁੱਢਾ ਜਰਨੈਲ ਇਤਿਹਾਸ ਵਿਚ ਹੋਰ ਕੋਈ ਨਹੀਂ ਮਿਲਦਾ ਤੇ ਨਾ ਹੀ ਜਿਵੇਂ ਆਪ ਨੇ ਸ਼ਹੀਦੀ ਪਾਈ, ਉਸ ਤਰ੍ਹਾਂ ਦੀ ਕੋਈ ਮਿਸਾਲ ਕਿਸੇ ਵੀ ਦੇਸ਼ ਦੇ ਇਤਿਹਾਸ ਵਿਚੋਂ ਮਿਲਦੀ ਹੈ।

0 0 votes
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x