ਸੁੱਚਾ ਸਿੰਘ ਲੰਗਾਹ ਨੂੰ ਤਨਖਾਹ ਲਾ ਕੇ ਖਾਲਸਾ ਪੰਥ ਵਿੱਚ ਸ਼ਾਮਲ ਕਰਨ ਦਾ ਫੈਸਲਾ ਗੁਰਮਤਿ ਜੁਗਤ ਅਨੁਸਾਰ ਢੁਕਵਾਂ ਨਹੀਂ

ਸੁੱਚਾ ਸਿੰਘ ਲੰਗਾਹ ਨੂੰ ਤਨਖਾਹ ਲਾ ਕੇ ਖਾਲਸਾ ਪੰਥ ਵਿੱਚ ਸ਼ਾਮਲ ਕਰਨ ਦਾ ਫੈਸਲਾ ਗੁਰਮਤਿ ਜੁਗਤ ਅਨੁਸਾਰ ਢੁਕਵਾਂ ਨਹੀਂ

ਜੁਝਾਰੂ ਪੰਥਕ ਸਖਸ਼ੀਅਤਾਂ  ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ ਚੌੜਾ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਅਮਰੀਕ ਸਿੰਘ ਈਸੜੂ, ਭਾਈ ਮਨਜੀਤ ਸਿੰਘ ਫਗਵਾੜਾ ਅਤੇ ਭਾਈ ਸੁਪੰਥ ਸੇਵਕਘ ਡੋਡ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੁੱਚਾ ਸਿੰਘ ਲੰਗਾਹ ਨੂੰ ਤਨਖਾਹ ਲਗਾ ਕੇ ਮੁੜ ਸ਼ਾਮਲ ਕਰਨ ਦੇ ਫੈਸਲੇ ਬਾਰੇ ਗੁਰਮਤਿ, ਸਿੱਖ ਸਿਧਾਂਤਾਂ, ਵਿਧੀ-ਵਿਧਾਨ, ਪਰੰਪਰਾ ਅਤੇ ਮਰਿਆਦਾ ਦੇ ਹਵਾਲੇ ਨਾਲ ਗੁਰੂ ਖਾਲਸਾ ਪੰਥ ਦੇ ਸਨਮੁੱਖ ਆਪਣੇ ਵਿਚਾਰ ਰੱਖੇ ਹਨ। ਇਨ੍ਹਾਂ ਸਖਸ਼ੀਅਤਾਂ ਵੱਲੋਂ ਲਿਖੀ ਗਈ ਖੁੱਲ੍ਹੀ ਚਿੱਠੀ ਹੈ ਤਾਂ ਪਾਠਕਾਂ ਦੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ:

ਸਾਂਝਾ ਬਿਆਨ

ਖਾਲਸਾ ਜੀਉੁ, 26 ਨਵੰਬਰ 2022 ਨੂੰ ਸੁੱਚਾ ਸਿੰਘ ਲੰਗਾਹ ਨੂੰ ਤਨਖਾਹ ਲਾ ਕੇ ਖਾਲਸਾ ਪੰਥ ਵਿੱਚ ਸ਼ਾਮਲ ਕਰਨ ਦਾ ਫੈਸਲਾ ਗੁਰਮਤਿ ਜੁਗਤ ਅਨੁਸਾਰ ਢੁਕਵਾਂ ਨਹੀਂ ਹੈ, ਕਿਉਂਕਿ ਇਸ ਵਿਚ ਇਕ ਪੰਥ ਵਿਚੋਂ ਛੇਕੇ ਵਿਅਕਤੀ ਨੂੰ ਸਾਦੇ ਕੁਰਹਿਤੀਏ ਵਾਂਗ ਹੀ ਤਨਖਾਹ ਲਾ ਕੇ ਪੰਥ ਵਿਚ ਸ਼ਾਮਲ ਕਰਨ ਦਾ ਸਿਧਾਂਤ ਤੇ ਮਰਿਆਦਾ ਤੋਂ ਊਣਾ ਫੈਸਲਾ ਕੀਤਾ ਗਿਆ ਹੈ। ਇਹ ਫੈਸਲਾ ਲੈਣ ਲੱਗਿਆਂ ਤਨਖਾਹ ਅਤੇ ਪੰਥ ਵਿਚੋਂ ਛੇਕੇ ਜਾਣ ਤੇ ਮੁੜ ਪੰਥ ਵਿਚ ਵਾਪਸੀ ਦੇ ਵਿਧੀ ਵਿਧਾਨ ਅਤੇ ਪ੍ਰਕਿਰਿਆ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ।

May be an image of 11 people, beard, turban and text that says "ਖਾਲਸਾ ਪੰਥ ਜੀਉ ਦੇ ਨਾਮ ਖੁੱਲੀ ਚਿੱਠੀ ਮਾਮਲਾ ਸਿਧਾਂਤ, ਪਰੰਪਰਾ ਤੇ ਵਿਧੀ-ਵਿਧਾਨ ਦੀ ਅਣਦੇਖੀ ਦਾ"

ਇਹ ਗੱਲ ਸਭ ਭਲੀ ਭਾਂਤ ਜਾਣਦੇ ਹਨ ਕਿ ਸੁੱਚਾ ਸਿੰਘ ਲੰਗਾਹ ਨੂੰ ਪੰਥ ਵਿੱਚੋਂ ਸਿਰਫ ਇਸ ਲਈ ਹੀ ਨਹੀਂ ਸੀ ਛੇਕਿਆ ਗਿਆ ਕਿ ਉਸ ਨੇ ਪਰ-ਇਸਤਰੀ ਗਮਨ ਕਰਨ ਕਰਕੇ ਬੱਜਰ ਕੁਰਹਿਤ ਕੀਤੀ ਸੀ। ਉਸ ਨੂੰ ਤਾਂ ਇਸ ਲਈ ਛੇਕਣਾ ਪਿਆ ਤੇ ਛੇਕਿਆ ਗਿਆ ਸੀ ਕਿ ਉਹ ਪੰਥਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਰਾਜਨੀਤਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਜ਼ਿੰਮੇਵਾਰ ਅਹੁਦੇਦਾਰ ਸੀ ਤੇ ਉਸ ਨੇ ਇਹ ਬੱਜਰ ਕੁਰਹਿਤ ਕਰਕੇ ਸਿਰਫ਼ ਆਪਣੀ ਕਿਰਦਾਰਕੁਸ਼ੀ ਹੀ ਨਹੀਂ ਕੀਤੀ, ਸਗੋਂ ਇਸ ਸੰਸਥਾ ਤੇ ਪਾਰਟੀ ਦਾ ਅਪਮਾਨ ਵੀ ਕੀਤਾ ਸੀ। ਲੰਬੇ ਸਮੇ ਤੋਂ ਇਸ ਬੱਜਰ ਕੁਰਹਿਤ ਦਾ ਆਦੀ ਹੋਣ ਦੇ ਬਾਵਜੂਦ ਉਹ ਇਹਨਾਂ ਅਹੁਦਿਆਂ ’ਤੇ ਉਸ ਸਮੇਂ ਤੱਕ ਟਿਕਿਆ ਆ ਰਿਹਾ ਸੀ, ਜਿੰਨਾ ਚਿਰ ਉਸ ਦੀ ਅਸ਼ਲੀਲ ਵੀਡੀਉ ਜਨਤਕ ਨਹੀਂ ਹੋ ਗਈ ਤੇ ਉਸ ’ਤੇ ਇਸ ਗੁਨਾਹ ਦੀ ਐਫ਼. ਆਈ. ਆਰ. ਦਰਜ ਨਹੀਂ ਹੋ ਗਈ।

ਪੰਥ ਵਿੱਚੋਂ ਛੇਕੇ ਜਾਣ ਤੋਂ ਬਾਅਦ ਵੀ ਸੁੱਚਾ ਸਿੰਘ ਲੰਗਾਹ ਆਕੀ ਹੋਇਆ ਰਿਹਾ ਸੀ ਤੇ ਉਸ ਨੇ ਧਾਰਮਿਕ ਤੇ ਰਾਜਨੀਤਕ ਖੇਤਰ ਵਿੱਚ ਆਪਣੀਆਂ ਸਰਗਰਮੀਆਂ ਬੇਰੋਕ-ਟੋਕ ਜਾਰੀ ਰੱਖੀਆਂ ਹੋਈਆਂ ਸਨ। ਆਪਣੀ ਬੱਜਰ ਕੁਰਹਿਤ ਨੂੰ ਮੰਨਣ ਦੇ ਥਾਂ ਉਹ ਇਸ ਨੂੰ ਆਪਣੇ ਵਿਰੁੱਧ ਹੋਈ ਸਿਆਸੀ ਸਾਜ਼ਿਸ਼ ਪ੍ਰਚਾਰਦਾ ਰਿਹਾ ਸੀ। ਅਕਾਲ ਤਖ਼ਤ ਤੋਂ ਛੇਕੇ ਜਾਣ ਵਾਲੇ ਗੁਨਾਹੀ ਨਾਲ ਰੋਟੀ-ਬੇਟੀ ਦੀ ਸਾਂਝ ਨਾ ਰੱਖਣ ਦਾ ਹੁਕਮ ਹੁੰਦਾ ਹੈ। ਜਿਸ ਦਾ ਅਰਥ ਹੈ, ਧਾਰਮਿਕ, ਰਾਜਨੀਤਕ, ਸਮਾਜਿਕ ਅਤੇ ਆਰਥਿਕ ਖੇਤਰ ਵਿੱਚ ਕਿਸੇ ਕਿਸਮ ਦਾ ਰਿਸ਼ਤਾ-ਨਾਤਾ ਨਾ ਰੱਖਣਾ। ਅਜਿਹਾ ਨਾਤਾ ਰੱਖਣ ਵਾਲਾ, ਸਿੱਖ ਰਹਿਤ ਮਰਯਾਦਾ ਅਨੁਸਾਰ ਤਨਖਾਹੀਆ ਹੁੰਦਾ ਹੈ ਤੇ ਲੰਗਾਹ ਨਾਲ ਰਿਸ਼ਤਾ ਨਾਤਾ ਰੱਖਣ ਵਾਲੇ ਵੀ ਸਭ ਤਨਖ਼ਾਹੀਏ ਹਨ ਤੇ ਉਹਨਾਂ ਨੂੰ ਤਨਖ਼ਾਹੀਏ ਬਣਾਉਣ ਵਾਲਾ ਮੁੱਖ ਅਪਰਾਧੀ ਵੀ ਸੁੱਚਾ ਸਿੰਘ ਲੰਗਾਹ ਹੀ ਹੈ। ਲੰਗਾਹ ਨੇ ਅੰਮ੍ਰਿਤ ਛਕਣ ਦਾ ਨਾਟਕ ਵੀ ਖੇਡਿਆ ਸੀ ਤੇ ਇਸ ਨਾਟਕ ਵਿੱਚ ਸ਼ਾਮਲ ਪਾਤਰਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜ ਸਿੰਘ ਸਾਹਿਬਾਨ ਵਿੱਚ ਸ਼ਾਮਲ ਹੋ ਕੇ ਤਨਖ਼ਾਹ ਵੀ ਲਾਈ ਸੀ, ਪਰ ਉਸ ਨਾਟਕ ਦੇ ਮੁੱਖ ਪਾਤਰ ਲੰਗਾਹ ਨੂੰ ਹੁਣ ਇਸ ਅਪਰਾਧ ਬਾਰੇ ਪੁੱਛਣ ਤੋਂ ਮਿਥ ਕੇ ਸੰਕੋਚ ਕਰ ਲਿਆ ਗਿਆ ਹੈ ਤੇ ਉਸ ਨਾਲ ਨਾਤਾ ਬਣਾਈ ਰੱਖਣ ਵਾਲਿਆਂ ਦੀ ਗੱਲ ਵੀ ਨਹੀਂ ਕੀਤੀ ਗਈ। ਲੰਗਾਹ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੋਣ ਤੇ ਵੀ ਧਾਰੀਵਾਲ ਵਿਖੇ ਰਮਾਇਣ ਦੇ ਪਾਠ ਕਰਾਉਂਦਾ ਰਿਹਾ ਸੀ, ਉਸ ਵਿਰੁੱਧ ਇਹ ਸ਼ਿਕਾਇਤ ਵੀ ਅਕਾਲ ਤਖ਼ਤ ਸਾਹਿਬ ’ਤੇ ਚਿਰਾਂ ਤੋਂ ਸੁਣਵਾਈ ਦੀ ਉਡੀਕ ਵਿਚ ਹੈ, ਪਰ ਉਸ ਨੂੰ ਵਿਚਾਰਿਆ ਹੀ ਨਹੀਂ ਗਿਆ।

ਸਿੱਖ ਰਹਿਤ ਮਰਯਾਦਾ ਅਨੁਸਾਰ ਚੌਹਾਂ ਬੱਜਰ ਕੁਰਹਿਤਾਂ ਵਿੱਚੋਂ ਕੋਈ ਬੱਜਰ ਕੁਰਹਿਤ ਕਰਨ ਵਾਲਾ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਆਪਣੀ ਕੁਰਹਿਤ ਦੀ ਗ਼ਲਤੀ ਮੰਨ ਕੇ ਤੇ ਭੁੱਲ ਬਖਸ਼ਾ ਕੇ ਕਿਸੇ ਵੀ ਸਥਾਨ ਤੋਂ ਮੁੜ ਅੰਮ੍ਰਿਤ ਛਕ ਸਕਦਾ ਹੈ, ਪਰ ਪੰਥ ਵਿੱਚੋਂ ਛੇਕਣ ਅਤੇ ਪੰਥ ਵਿੱਚੋਂ ਛੇਕੇ ਗਏ ਨੂੰ ਮੁੜ ਪੰਥ ਵਿੱਚ ਸ਼ਾਮਲ ਕਰਨ ਦਾ ਅਧਿਕਾਰ ਕੇਵਲ ਤੇ ਕੇਵਲ ਅਕਾਲ ਤਖ਼ਤ ਸਾਹਿਬ ਨੂੰ ਹੀ ਹੈ ਤੇ ਇਸ ਦਾ ਵਿਧੀ ਵਿਧਾਨ ਤੇ ਜੁਗਤ ਸਿੱਖ ਇਤਿਹਾਸ ਵਿੱਚ ਦਰਜ ਤੇ ਸਪਸ਼ਟ ਹੈ।

ਸੁਚਾ ਸਿੰਘ ਲੰਗਾਹ ਨੂੰ ਤਨਖਾਹ ਸਿਰਫ ਪਰ-ਇਸਤਰੀ ਗਮਨ ਦੀ ਬਜਰ ਕੁਰਹਿਤ ਦੇ ਅਪਰਾਧ ਵਿੱਚ ਹੀ ਲਾਈ ਗਈ ਹੈ, ਜਦਕਿ ਉਸ ਦੇ ਅਨੇਕਾਂ ਗੁਨਾਹਾਂ ਸਬੰਧੀ ਸਿੱਖ ਸੰਗਤਾਂ ਵੱਲੋਂ ਅਕਾਲ ਤਖ਼ਤ ਸਾਹਿਬ ’ਤੇ ਪਹਿਲਾਂ ਹੀ ਘਟਨਾਕ੍ਰਮ ਅਤੇ ਤਥ ਪੇਸ਼ ਕੀਤੇ ਹੋਏ ਹਨ, ਜਿਸ ਵਿੱਚ ਉਸ ਦੇ ਹੋਰ ਵੀ ਕਈ ਗ਼ਲਤ ਤੇ ਨਜਾਇਜ਼ ਸੰਬੰਧਾਂ ਦਾ ਜ਼ਿਕਰ ਹੈ।

ਸੁੱਚਾ ਸਿੰਘ ਲੰਗਾਹ ਦੇ ਪੁੱਤ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ – World Punjabi Times

ਸੁੱਚਾ ਸਿੰਘ ਲੰਗਾਹ ਬਰੀ ਹੋਣ ਲਈ ਅਦਾਲਤ ਵਿੱਚ ਜਿਸ ਗੁਨਾਹ ਤੋਂ ਮੁੱਕਰ ਗਿਆ ਸੀ, ਹੁਣ ਉਹਨੇ ਉਹੋ ਗੁਨਾਹ ਅਕਾਲ ਤਖ਼ਤ ਸਾਹਿਬ ’ਤੇ ਪ੍ਰਵਾਨ ਕੀਤਾ ਹੈ। ਉਸ ਨੂੰ ਤਨਖ਼ਾਹ ਲਾਉਣ ਤੋਂ ਪਹਿਲਾਂ ਉਸ ਵੱਲੋਂ ਕੀਤੇ ਗਏ ਸਾਰੇ ਗੁਨਾਹਾਂ ਦੀ ਪੁੱਛਗਿੱਛ ਕਰਨੀ ਜ਼ਰੂਰੀ ਸੀ, ਜਿਹੜੀ ਬਿਲਕੁਲ ਹੀ ਨਹੀਂ ਕੀਤੀ ਗਈ।

ਪੰਜ ਸਿੰਘ ਸਾਹਿਬਾਨ ਵਿੱਚ ਸ਼ਾਮਲ ਹੋ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਉਸ ਨੂੰ ਆਦੇਸ਼ ਦਿੱਤਾ ਸੀ ਕਿ ਸੰਗਤ ਵੱਲ ਮੂੰਹ ਕਰਕੇ ਕਹਿ, “ਮੈਂ ਪਰ-ਇਸਤਰੀ ਗਮਨ ਦੀ ਬੱਜਰ ਕੁਰਹਿਤ ਕੀਤੀ ਹੈ,” ਪਰ ਉਸ ਨੇ ਇਸ ਵਿਚੋਂ ਸਿਰਫ ਇੰਨਾ ਹੀ ਕਿਹਾ, “ਮੈਂ ਬੱਜਰ ਕੁਰਹਿਤ ਕੀਤੀ ਹੈ।” ਨਾ ਤਾਂ ਲੰਗਾਹ ਨੇ ਹੀ ਪੂਰਾ ਆਦੇਸ਼ ਮੰਨਿਆ ਤੇ ਨਾ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਉਸ ਨੂੰ ਪੂਰਾ ਆਦੇਸ਼ ਮਨਾਉਣ ਦਾ ਯਤਨ ਕੀਤਾ। ਬੱਜਰ ਕੁਰਹਿਤੀਏ ਨੂੰ ਪੰਥ ਵਿੱਚ ਮੁੜ ਸ਼ਾਮਲ ਹੋਣ ਲਈ ਦੋਬਾਰਾ ਅੰਮ੍ਰਿਤ ਛਕਣਾ ਪੈਂਦਾ ਹੈ, ਪਰ ਗਿਆਨੀ ਹਰਪ੍ਰੀਤ ਸਿੰਘ ਨੇ ਉਸ ਨੂੰ ਜੋ ਤਨਖਾਹ ਲਾਈ ਹੈ, ਉਸ ਵਿੱਚ ਮੁੜ ਅੰਮ੍ਰਿਤ ਛਕਣ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ। ਇੰਝ ਸਿੱਖ ਰਹਿਤ ਮਰਯਾਦਾ ਤੇ ਖ਼ਾਲਸਾਈ ਸਿਧਾਤਾਂ ਦਾ ਘੋਰ ਉਲੰਘਣ ਹੋਇਆ ਹੈ। ਤਨਖਾਹ ਵਿੱਚ ਢਾਡੀਆਂ ਨੂੰ ਲੰਗਰ ਛਕਾਉਣ ਦਾ ਆਦੇਸ਼ ਵੀ ਮਰਯਾਦਾ ਅਨੁਸਾਰ ਢੁਕਵਾਂ ਫੈਸਲਾ ਨਹੀਂ ਹੈ ਕਿਉਂਕਿ ਜਿੰਨਾਂ ਚਿਰ ਤਨਖਾਹੀਆ ਤਨਖਾਹ ਪੂਰੀ ਕਰਕੇ ਅਕਾਲ ਤਖਤ ’ਤੇ ਅਰਦਾਸ ਨਹੀਂ ਕਰਵਾ ਲੈਂਦਾ, ਉਨਾ ਚਿਰ ਉਸ ਹੱਥੋਂ ਪ੍ਰਸ਼ਾਦਾ ਛਕਣਾ ਖੁਦ ਤਨਖਾਹੀਆ ਹੋਣ ਵਾਲੀ ਭੁੱਲ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਲੰਗਾਹ ਨੂੰ ਸਿਆਸੀ ਖੇਤਰ ਵਿੱਚ ਵਿਚਰਨ ਤੇ ਧਾਰਮਿਕ ਖੇਤਰ ਵਿੱਚ ਨਾ ਵਿਚਰਨ ਦਾ ਆਦੇਸ਼ ਦੇ ਕੇ ਮੀਰੀ-ਪੀਰੀ ਦੀ ਸੁਮੇਲਤਾ ਦੇ ਗੁਰਮਤਿ ਸਿਧਾਂਤ ਨੂੰ ਵੀ ਅੱਖੋਂ ਪਰੋਖੇ ਕਰ ਦਿੱਤਾ ਹੈ ਤੇ ਸਿਆਸੀ ਪ੍ਰਭਾਵ ਪ੍ਰਵਾਨ ਕਰਕੇ ਉਸ ਲਈ ਸਿਆਸੀ ਖੇਤਰ ਵਿੱਚ ਵਿਚਰਨ ਦਾ ਰਾਹ ਖੋਲ੍ਹਿਆ ਹੈ।

ਗੁਰੂ ਰੂਪ ਖਾਲਸਾ ਜੀਉ, ਗਿਆਨੀ ਹਰਪ੍ਰੀਤ ਸਿੰਘ ਦੀ ਸੁਚਾ ਸਿੰਘ ਲੰਗਾਹ ਦੇ ਮਾਮਲੇ ਵਿੱਚ ਕੀਤੀ ਗਈ ਕਾਰਵਾਈ ਆਪ ਜੀ ਦੇ ਸਨਮੁੱਖ ਪੇਸ਼ ਹੈ। ਇਸ ਦੀ ਗੁਰਮਤਿ ਵਿਧੀ ਵਿਧਾਨ, ਅਕਾਲ ਤਖਤ ਸਾਹਿਬ ਦੀ ਮਾਣ ਮਰਯਾਦਾ ਤੇ ਖਾਲਸਾਈ ਸਿਧਾਤਾਂ ’ਤੇ ਪਰਖ ਕਰਕੇ ਫੈਸਲਾ ਆਪ ਜੀ ਨੇ ਕਰਨਾ ਹੈ ਕਿ ਕਿਤੇ ਸਿਆਸੀ ਦਬਾਅ ਹੇਠ ਗਿਆਨੀ ਗੁਰਬਚਨ ਸਿੰਘ ਵੱਲੋਂ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਮਾਫੀ ਵਾਂਗ ਗਿਆਨੀ ਹਰਪ੍ਰੀਤ ਸਿੰਘ ਦਾ ਲੰਗਾਹ ਸੰਬੰਧੀ ਫੈਸਲਾ ਵੀ ਉਸੇ ਕੜੀ ਦਾ ਹਿੱਸਾ ਹੀ ਤਾਂ ਨਹੀਂ ?
0 0 votes
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x