ਜੁਝਾਰੂ ਪੰਥਕ ਸਖਸ਼ੀਅਤਾਂ ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ ਚੌੜਾ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਅਮਰੀਕ ਸਿੰਘ ਈਸੜੂ, ਭਾਈ ਮਨਜੀਤ ਸਿੰਘ ਫਗਵਾੜਾ ਅਤੇ ਭਾਈ ਸੁਪੰਥ ਸੇਵਕਘ ਡੋਡ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੁੱਚਾ ਸਿੰਘ ਲੰਗਾਹ ਨੂੰ ਤਨਖਾਹ ਲਗਾ ਕੇ ਮੁੜ ਸ਼ਾਮਲ ਕਰਨ ਦੇ ਫੈਸਲੇ ਬਾਰੇ ਗੁਰਮਤਿ, ਸਿੱਖ ਸਿਧਾਂਤਾਂ, ਵਿਧੀ-ਵਿਧਾਨ, ਪਰੰਪਰਾ ਅਤੇ ਮਰਿਆਦਾ ਦੇ ਹਵਾਲੇ ਨਾਲ ਗੁਰੂ ਖਾਲਸਾ ਪੰਥ ਦੇ ਸਨਮੁੱਖ ਆਪਣੇ ਵਿਚਾਰ ਰੱਖੇ ਹਨ। ਇਨ੍ਹਾਂ ਸਖਸ਼ੀਅਤਾਂ ਵੱਲੋਂ ਲਿਖੀ ਗਈ ਖੁੱਲ੍ਹੀ ਚਿੱਠੀ ਹੈ ਤਾਂ ਪਾਠਕਾਂ ਦੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ:
ਸਾਂਝਾ ਬਿਆਨ
ਖਾਲਸਾ ਜੀਉੁ, 26 ਨਵੰਬਰ 2022 ਨੂੰ ਸੁੱਚਾ ਸਿੰਘ ਲੰਗਾਹ ਨੂੰ ਤਨਖਾਹ ਲਾ ਕੇ ਖਾਲਸਾ ਪੰਥ ਵਿੱਚ ਸ਼ਾਮਲ ਕਰਨ ਦਾ ਫੈਸਲਾ ਗੁਰਮਤਿ ਜੁਗਤ ਅਨੁਸਾਰ ਢੁਕਵਾਂ ਨਹੀਂ ਹੈ, ਕਿਉਂਕਿ ਇਸ ਵਿਚ ਇਕ ਪੰਥ ਵਿਚੋਂ ਛੇਕੇ ਵਿਅਕਤੀ ਨੂੰ ਸਾਦੇ ਕੁਰਹਿਤੀਏ ਵਾਂਗ ਹੀ ਤਨਖਾਹ ਲਾ ਕੇ ਪੰਥ ਵਿਚ ਸ਼ਾਮਲ ਕਰਨ ਦਾ ਸਿਧਾਂਤ ਤੇ ਮਰਿਆਦਾ ਤੋਂ ਊਣਾ ਫੈਸਲਾ ਕੀਤਾ ਗਿਆ ਹੈ। ਇਹ ਫੈਸਲਾ ਲੈਣ ਲੱਗਿਆਂ ਤਨਖਾਹ ਅਤੇ ਪੰਥ ਵਿਚੋਂ ਛੇਕੇ ਜਾਣ ਤੇ ਮੁੜ ਪੰਥ ਵਿਚ ਵਾਪਸੀ ਦੇ ਵਿਧੀ ਵਿਧਾਨ ਅਤੇ ਪ੍ਰਕਿਰਿਆ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ।
ਸਿੱਖ ਰਹਿਤ ਮਰਯਾਦਾ ਅਨੁਸਾਰ ਚੌਹਾਂ ਬੱਜਰ ਕੁਰਹਿਤਾਂ ਵਿੱਚੋਂ ਕੋਈ ਬੱਜਰ ਕੁਰਹਿਤ ਕਰਨ ਵਾਲਾ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਆਪਣੀ ਕੁਰਹਿਤ ਦੀ ਗ਼ਲਤੀ ਮੰਨ ਕੇ ਤੇ ਭੁੱਲ ਬਖਸ਼ਾ ਕੇ ਕਿਸੇ ਵੀ ਸਥਾਨ ਤੋਂ ਮੁੜ ਅੰਮ੍ਰਿਤ ਛਕ ਸਕਦਾ ਹੈ, ਪਰ ਪੰਥ ਵਿੱਚੋਂ ਛੇਕਣ ਅਤੇ ਪੰਥ ਵਿੱਚੋਂ ਛੇਕੇ ਗਏ ਨੂੰ ਮੁੜ ਪੰਥ ਵਿੱਚ ਸ਼ਾਮਲ ਕਰਨ ਦਾ ਅਧਿਕਾਰ ਕੇਵਲ ਤੇ ਕੇਵਲ ਅਕਾਲ ਤਖ਼ਤ ਸਾਹਿਬ ਨੂੰ ਹੀ ਹੈ ਤੇ ਇਸ ਦਾ ਵਿਧੀ ਵਿਧਾਨ ਤੇ ਜੁਗਤ ਸਿੱਖ ਇਤਿਹਾਸ ਵਿੱਚ ਦਰਜ ਤੇ ਸਪਸ਼ਟ ਹੈ।
ਸੁੱਚਾ ਸਿੰਘ ਲੰਗਾਹ ਬਰੀ ਹੋਣ ਲਈ ਅਦਾਲਤ ਵਿੱਚ ਜਿਸ ਗੁਨਾਹ ਤੋਂ ਮੁੱਕਰ ਗਿਆ ਸੀ, ਹੁਣ ਉਹਨੇ ਉਹੋ ਗੁਨਾਹ ਅਕਾਲ ਤਖ਼ਤ ਸਾਹਿਬ ’ਤੇ ਪ੍ਰਵਾਨ ਕੀਤਾ ਹੈ। ਉਸ ਨੂੰ ਤਨਖ਼ਾਹ ਲਾਉਣ ਤੋਂ ਪਹਿਲਾਂ ਉਸ ਵੱਲੋਂ ਕੀਤੇ ਗਏ ਸਾਰੇ ਗੁਨਾਹਾਂ ਦੀ ਪੁੱਛਗਿੱਛ ਕਰਨੀ ਜ਼ਰੂਰੀ ਸੀ, ਜਿਹੜੀ ਬਿਲਕੁਲ ਹੀ ਨਹੀਂ ਕੀਤੀ ਗਈ।
ਪੰਜ ਸਿੰਘ ਸਾਹਿਬਾਨ ਵਿੱਚ ਸ਼ਾਮਲ ਹੋ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਉਸ ਨੂੰ ਆਦੇਸ਼ ਦਿੱਤਾ ਸੀ ਕਿ ਸੰਗਤ ਵੱਲ ਮੂੰਹ ਕਰਕੇ ਕਹਿ, “ਮੈਂ ਪਰ-ਇਸਤਰੀ ਗਮਨ ਦੀ ਬੱਜਰ ਕੁਰਹਿਤ ਕੀਤੀ ਹੈ,” ਪਰ ਉਸ ਨੇ ਇਸ ਵਿਚੋਂ ਸਿਰਫ ਇੰਨਾ ਹੀ ਕਿਹਾ, “ਮੈਂ ਬੱਜਰ ਕੁਰਹਿਤ ਕੀਤੀ ਹੈ।” ਨਾ ਤਾਂ ਲੰਗਾਹ ਨੇ ਹੀ ਪੂਰਾ ਆਦੇਸ਼ ਮੰਨਿਆ ਤੇ ਨਾ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਉਸ ਨੂੰ ਪੂਰਾ ਆਦੇਸ਼ ਮਨਾਉਣ ਦਾ ਯਤਨ ਕੀਤਾ। ਬੱਜਰ ਕੁਰਹਿਤੀਏ ਨੂੰ ਪੰਥ ਵਿੱਚ ਮੁੜ ਸ਼ਾਮਲ ਹੋਣ ਲਈ ਦੋਬਾਰਾ ਅੰਮ੍ਰਿਤ ਛਕਣਾ ਪੈਂਦਾ ਹੈ, ਪਰ ਗਿਆਨੀ ਹਰਪ੍ਰੀਤ ਸਿੰਘ ਨੇ ਉਸ ਨੂੰ ਜੋ ਤਨਖਾਹ ਲਾਈ ਹੈ, ਉਸ ਵਿੱਚ ਮੁੜ ਅੰਮ੍ਰਿਤ ਛਕਣ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ। ਇੰਝ ਸਿੱਖ ਰਹਿਤ ਮਰਯਾਦਾ ਤੇ ਖ਼ਾਲਸਾਈ ਸਿਧਾਤਾਂ ਦਾ ਘੋਰ ਉਲੰਘਣ ਹੋਇਆ ਹੈ। ਤਨਖਾਹ ਵਿੱਚ ਢਾਡੀਆਂ ਨੂੰ ਲੰਗਰ ਛਕਾਉਣ ਦਾ ਆਦੇਸ਼ ਵੀ ਮਰਯਾਦਾ ਅਨੁਸਾਰ ਢੁਕਵਾਂ ਫੈਸਲਾ ਨਹੀਂ ਹੈ ਕਿਉਂਕਿ ਜਿੰਨਾਂ ਚਿਰ ਤਨਖਾਹੀਆ ਤਨਖਾਹ ਪੂਰੀ ਕਰਕੇ ਅਕਾਲ ਤਖਤ ’ਤੇ ਅਰਦਾਸ ਨਹੀਂ ਕਰਵਾ ਲੈਂਦਾ, ਉਨਾ ਚਿਰ ਉਸ ਹੱਥੋਂ ਪ੍ਰਸ਼ਾਦਾ ਛਕਣਾ ਖੁਦ ਤਨਖਾਹੀਆ ਹੋਣ ਵਾਲੀ ਭੁੱਲ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਲੰਗਾਹ ਨੂੰ ਸਿਆਸੀ ਖੇਤਰ ਵਿੱਚ ਵਿਚਰਨ ਤੇ ਧਾਰਮਿਕ ਖੇਤਰ ਵਿੱਚ ਨਾ ਵਿਚਰਨ ਦਾ ਆਦੇਸ਼ ਦੇ ਕੇ ਮੀਰੀ-ਪੀਰੀ ਦੀ ਸੁਮੇਲਤਾ ਦੇ ਗੁਰਮਤਿ ਸਿਧਾਂਤ ਨੂੰ ਵੀ ਅੱਖੋਂ ਪਰੋਖੇ ਕਰ ਦਿੱਤਾ ਹੈ ਤੇ ਸਿਆਸੀ ਪ੍ਰਭਾਵ ਪ੍ਰਵਾਨ ਕਰਕੇ ਉਸ ਲਈ ਸਿਆਸੀ ਖੇਤਰ ਵਿੱਚ ਵਿਚਰਨ ਦਾ ਰਾਹ ਖੋਲ੍ਹਿਆ ਹੈ।