ਸਿੱਖ ਰਾਜਨੀਤੀ ਦੀ ਵਰਤਮਾਨ ਦਸ਼ਾ ਤੇ ਭਵਿੱਖ ਦਾ ਅਮਲ: ਸ੍ਰੀ ਫਤਿਹਗੜ੍ਹ ਸਾਹਿਬ ਵਿਚਾਰ-ਗੋਸ਼ਟੀ ਦਾ ਸੰਖੇਪ ਤੱਤਸਾਰ

ਸਿੱਖ ਰਾਜਨੀਤੀ ਦੀ ਵਰਤਮਾਨ ਦਸ਼ਾ ਤੇ ਭਵਿੱਖ ਦਾ ਅਮਲ: ਸ੍ਰੀ ਫਤਿਹਗੜ੍ਹ ਸਾਹਿਬ ਵਿਚਾਰ-ਗੋਸ਼ਟੀ ਦਾ ਸੰਖੇਪ ਤੱਤਸਾਰ

ਪੰਥਕ ਸਖਸ਼ੀਅਤਾਂ ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਦਲਜੀਤ ਸਿੰਘ ਬਿੱਟੂ, ਭਾਈ ਨਰੈਣ ਸਿੰਘ ਚੌੜਾ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸਤਨਾਮ ਸਿੰਘ ਝੰਜੀਆ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਅਮਰੀਕ ਸਿੰਘ ਈਸੜੂ, ਭਾਈ ਸੁਖਦੇਵ ਸਿੰਘ ਡੋਡ ਅਤੇ ਭਾਈ ਮਨਜੀਤ ਸਿੰਘ ਫਗਵਾੜਾ ਦੇ ਸੱਦੇ ਉੱਤੇ ਸਿੱਖ ਵਿਦਵਾਨਾਂ ਅਤੇ ਵਿਚਾਰਵਾਨਾਂ ਦਾ ਇੱਕ ਇਜਲਾਸ ਅੱਜ (14 ਨਵੰਬਰ 2022 ਨੂੰ) ਗਿਆਨੀ ਗੁਰਮੁੱਖ ਸਿੰਘ ਯਾਦਗਾਰੀ ਹਾਲ, ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਕੀਤਾ ਗਿਆ। ਇਸ ਇਜਲਾਸ ਵਿੱਚ ਸ਼ਾਮਿਲ ਹੋਏ ਵਿਚਾਰਵਾਨਾਂ ਨੇ “ਸਿੱਖ ਰਾਜਨੀਤੀ ਦੀ ਵਰਤਮਾਨ ਦਸ਼ਾ ਅਤੇ ਭਵਿੱਖ ਦਾ ਅਮਲ” ਵਿਸ਼ੇ ਉਪਰ ਖੁੱਲ੍ਹ ਕੇ ਆਪਣੇ ਵਿਚਾਰ ਸਾਂਝੇ ਕੀਤੇ। 

ਡਾ. ਸਿਕੰਦਰ ਸਿੰਘ

ਸਮਾਗਮ ਦੌਰਾਨ ਵਿਚਾਰ ਚਰਚਾ ਦੀ ਸ਼ੁਰੂਆਤ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਉਕਤ ਪੰਥਕ ਸਖਸ਼ੀਅਤਾਂ ਵੱਲੋਂ ਸਿੱਖ ਸਮਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਸੰਵਾਦ ਦਾ ਮਾਹੌਲ ਸਿਰਜਣ ਲਈ ਵਿਚਾਰ ਗੋਸ਼ਟੀਆਂ ਕੀਤੀਆਂ ਜਾ ਰਹੀਆਂ ਹਨ। ਪੰਥਕ ਸੰਪਰਦਾਵਾਂ, ਜਥੇਬੰਦੀਆਂ ਅਤੇ ਸਖਸ਼ੀਅਤਾਂ ਨਾਲ ਲੰਘੇ ਮਹੀਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਿਚਾਰ ਗੋਸ਼ਟੀ ਕੀਤੀ ਗਈ ਸੀ ਅਤੇ ਮੌਜੂਦਾ ‘ਸ੍ਰੀ ਫਤਹਿਗੜ੍ਹ ਸਾਹਿਬ ਵਿਚਾਰ ਗੋਸ਼ਟੀ’ ਵਿਦਵਾਨਾਂ ਤੇ ਵਿਚਾਰਵਾਨਾਂ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵਿਚਾਰ ਗੋਸ਼ਟੀ ਦਾ ਮਨੋਰਥ ਖਾਲਸਾ ਪੰਥ  ਅਤੇ ਸਿੱਖ ਸਮਾਜ ਵਿਚ ਰੁਕੇ ਹੋਏ ਆਪਸੀ ਸੰਵਾਦ ਨੂੰ ਮੁੜ ਸੁਰਜੀਤ ਕਰਨਾ ਹੈ। 

ਪ੍ਰੋ. ਦਵਿੰਦਰ ਸਿੰਘ ਮੁਹਾਲੀ

ਵਿਚਾਰ ਚਰਚਾ ਦੌਰਾਨ ਪ੍ਰੋ. ਦਵਿੰਦਰ ਸਿੰਘ ਮੁਹਾਲੀ ਨੇ ਕਿਹਾ ਕਿ 1849 ਤੋਂ ਪਹਿਲਾਂ ਦਾ ਦੇਸ ਕਾਲ ਖਾਲਸਾ ਪਾਤਸ਼ਾਹੀ ਦੇ ਅਮਲ ਦਾ ਇਤਿਹਾਸ ਵਿਚ ਦਰਜ ਸਿਖਰੀ ਪ੍ਰਗਟਾਵਾ ਸੀ ਜਿਸ ਵਿੱਚ ਅਫਸਰਸ਼ਾਹੀ ਰਹਿਤ ਪ੍ਰਬੰਧ ਸੀ ਅਤੇ ਖੁਦਮੁਖਤਿਆਰੀ ਦੀ ਰਸਾਈ ਪਿੰਡ ਤੇ ਪੰਚਾਇਤੀ ਪੱਧਰ ਤੱਕ ਸੀ। ਉਨ੍ਹਾਂ ਕਿਰਤੀ ਵਰਗ ਨੂੰ ਸਮਰੱਥ ਕਰਨ ਅਤੇ ਖੁਦਮੁਖਤਿਆਰੀ ਦੀ ਪੰਚਾਇਤੀ ਪੱਧਰ ਤੱਕ ਰਸਾਈ ਕਰਨ ਵਾਲਾ ਪ੍ਰਬੰਧ ਸਿਰਜਣ ਦੀ ਸੇਧ ਅਪਣਾ ਕੇ ਚੱਲਣ ਦਾ ਸੁਝਾਅ ਦਿੱਤਾ।

ਪ੍ਰੋ. ਹਰਭਜਨ ਸਿੰਘ ਦੇਹਰਾਦੂਨ

ਪ੍ਰੋ. ਹਰਭਜਨ ਸਿੰਘ ਦੇਹਰਾਦੂਨ ਨੇ ਕਿਹਾ ਕਿ ਸਿੱਖ ਰਾਜਨੀਤੀ ਨੂੰ ਆਨੰਦਪੁਰ ਸਾਹਿਬ ਦੇ ਮਤੇ ਅਤੇ ਸਿੱਖ ਅਗਵਾਈ ਵਿੱਚ ਪੰਜਾਬ ਲਈ ਖਾਸ ਰਾਜਸੀ ਸੰਵਿਧਾਨਕ ਰੁਤਬਾ ਲੈਣ ਦੀ ਪਹੁੰਚ ਅਪਣਾ ਕੇ ਚੱਲਣ ਦੀ ਜ਼ਰੂਰਤ ਹੈ।

ਸ. ਹਰਸਿਮਰਨ ਸਿੰਘ ਅਨੰਦਪੁਰ ਸਾਹਿਬ

ਸ. ਹਰਸਿਮਰਨ ਸਿੰਘ ਅਨੰਦਪੁਰ ਸਾਹਿਬ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਸਿੱਖ ਅਦਾਰੇ, ਸੰਸਥਾਵਾਂ, ਜਥੇਬੰਦੀਆਂ ਅਤੇ ਰਾਜਨੀਤੀ ਦੀ ਸਮਰੱਥਾ ਖੁਰੀ ਹੋਈ ਹੈ ਇਸ ਲਈ ਭਵਿੱਖ ਦਾ ਅਮਲ ਤੈਅ ਕਰਨ ਵੇਲੇ ਸਾਨੂੰ ਦੋ ਨੁਕਤਿਆਂ ਦੇ ਉੱਪਰ ਧਿਆਨ ਦੇਣ ਦੀ ਲੋੜ ਹੈ; ਇਕ ਕਿ ਅਸੀਂ ਇੰਡੀਆ ਵਿੱਚ ਕਿਸ ਕਿਸਮ ਦਾ ਪ੍ਰਬੰਧ ਚਾਹੁੰਦੇ ਹਾਂ ਅਤੇ ਦੂਜਾ ਕਿ ਪੰਜਾਬ ਦੀ ਰਾਜਨੀਤੀ ਦਾ ਖਲਾਅ ਭਰਨ ਲਈ ਅਸੀਂ ਕਿਸ ਤਰ੍ਹਾਂ ਦੇ ਮਾਡਲ ਉਭਾਰ ਸਕਦੇ ਹਾਂ। 

ਡਾ. ਚਮਕੌਰ ਸਿੰਘ

ਡਾ. ਚਮਕੌਰ ਸਿੰਘ ਨੇ ਕਿਹਾ ਕਿ ਸਿੱਖ ਰਾਜਨੀਤੀ ਦੀ ਵਰਤਮਾਨ ਦਸ਼ਾ ਨੂੰ ਇੱਕ ਸ਼ਬਦ ਵਿੱਚ ਸਮੇਟਣਾ ਹੋਵੇ ਤਾਂ ਉਹ ਸ਼ਬਦ ਹੈ “ਦੁਰਦਸ਼ਾ”। ਇਸ ਦੁਰਦਸ਼ਾ ਦਾ ਮੂਲ ਕਾਰਨ ‘ਗੁਰੂ ਵੱਲ ਪਿੱਠ’ ਹੈ ਅਤੇ ਜਿਸ ਦਾ ਹੱਲ ‘ਗੁਰੂ ਵੱਲ ਮੂੰਹ’ ਕਰਕੇ ਹੀ ਨਿਕਲ ਸਕਦਾ ਹੈ। ਭਵਿੱਖ ਦੇ ਅਮਲ ਬਾਰੇ ਉਨ੍ਹਾਂ ਕਿਹਾ ਕਿ ਨੌਜਵਾਨੀ ਨੂੰ ਸੰਭਾਲਣ ਤੇ ਸਿੱਖਿਅਤ ਕਰਨ ਵੱਲ ਖਾਸ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਅਤੇ ਕਿਸਾਨੀ ਨੂੰ ਸੰਭਾਲਣ ਦਾ ਬਾਨ੍ਹਣੂ ਬੰਨ੍ਹਣ ਦੀ ਲੋੜ ਹੈ। ਭਵਿੱਖ ਦੇ ਸਿੱਖ ਰਾਜਨੀਤੀਕ ਅਮਲ ਦਾ ਦਾਇਰਾ ਖੁੱਲ੍ਹਾ ਰੱਖਿਆ ਜਾਵੇ ਅਤੇ ਪੰਜਾਬ, ਇੰਡੀਅਨ ਉਪ-ਮਹਾਂਦੀਪ, ਦੱਖਣੀ ਏਸ਼ੀਆ ਅਤੇ ਸੰਸਾਰ ਵਿੱਚ ਵਾਪਰ ਰਹੇ ਘਟਨਾਕ੍ਰਮਾਂ ਦੇ ਹਾਣ ਦਾ ਪ੍ਰਬੰਧ ਸਿਰਜਣ ਲਈ ਪਹਿਲਕਦਮੀ ਹੋਵੇ।

ਪ੍ਰੋ. ਬਲਕਾਰ ਸਿੰਘ

ਪ੍ਰੋ. ਬਲਕਾਰ ਸਿੰਘ ਨੇ ਕਿਹਾ ਕਿ ਸਿੱਖ ਰਾਜਨੀਤੀ ਦੀ ਮੌਜੂਦਾ ਸਥਿਤੀ ਤੋਂ ਉਭਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਅਤੇ ਇਸ ਵਿੱਚ ਬਿਹਤਰ ਪ੍ਰਬੰਧ ਲਿਆਉਣ ਦੀ ਲੋੜ ਹੈ।

ਪ੍ਰੋ. ਕੇਹਰ ਸਿੰਘ

ਪ੍ਰੋ. ਕੇਹਰ ਸਿੰਘ ਨੇ ਕਿਹਾ ਕਿ ਰਾਜਨੀਤੀ ਸੰਭਾਵਨਾਵਾਂ ਦੀ ਕਲਾ ਹੈ ਅਤੇ ਇਹ ਸਮਾਜ ਦੇ ਵਰਤਾਉ ਦਾ ਪ੍ਰਗਟਾਵਾ ਵੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਸਮਾਜ ਦੀ ਮੌਜੂਦਾ ਸਥਿਤੀ, ਪੰਜਾਬ ਦੇ ਭਾਈਚਾਰਕ ਹਾਲਾਤ ਅਤੇ ਵਿਆਪਕ ਸਮਾਜਿਕ ਪ੍ਰਬੰਧਨ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਭਵਿੱਖ ਦਾ ਅਮਲ ਉਸਾਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਵੀ ਇਸ ਵਿਚਾਰ ਦੇ ਹਾਮੀ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਧਿਆਨ ਕੇਂਦਰਿਤ ਕੀਤਾ ਜਾਵੇ।

ਸ. ਜਸਵੀਰ ਸਿੰਘ ਸ਼ੀਰੀ

ਸ. ਜਸਵੀਰ ਸਿੰਘ ਸ਼ੀਰੀ ਨੇ ਕਿਹਾ ਕਿ 1947 ਤੋਂ ਬਾਅਦ ਦੀ ‘ਸਿੱਖ ਨਾਕਾਮੀ’ ਅਸਲ ਵਿੱਚ ‘ਰਾਜਨੀਤਕ ਨਾਕਾਮੀ’ ਹੈ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਦੇ ਟੀਚੇ ਹੋਰ ਹੋ ਸਕਦੇ ਹਨ ਪਰ ਰਾਜਨੀਤੀ ਦੀ ਫੌਰੀ ਲੋੜ ਦੇ ਮੱਦੇਨਜ਼ਰ ਲੋਕਾਂ ਵਿਚ ਉਹ ਮਸਲੇ ਲੈ ਕੇ ਜਾਇਆ ਜਾਵੇ ਜਿਸ ਨਾਲ ਫੌਰੀ ਤੌਰ ਉੱਪਰ ਲੋਕਾਂ ਨੂੰ ਲਾਮਬੰਦ ਕੀਤਾ ਜਾ ਸਕੇ। ਉਨ੍ਹਾਂ ਮਿਸਾਲ ਵਜੋਂ ਕਿਹਾ ਕਿ ਰਾਜਨੀਤਕ ਖੇਤਰ ਦੀ ਪਹਿਲਕਦਮੀ ਵਾਸਤੇ ਸਿੱਖਾਂ ਨੂੰ ਵੱਖਰੇ ਧਰਮ ਵਜੋਂ ਮਾਨਤਾ ਦਿਵਾਉਣ ਦੀ ਗੱਲ ਮੁੜ ਖੜ੍ਹੀ ਕੀਤੀ ਜਾ ਸਕਦੀ ਹੈ। 

ਪ੍ਰੋ. ਸੁਖਦਿਆਲ ਸਿੰਘ

ਪ੍ਰੋ. ਸੁਖਦਿਆਲ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਸਿੱਖਾਂ ਵਿਚ ਰਾਜਨੀਤਕ ਅਗਵਾਈ (ਲੀਡਰਸ਼ਿਪ) ਦੀ ਘਾਟ ਹੈ। ਸਿੱਖਾਂ ਨੂੰ ਆਪਣੀ ਦ੍ਰਿੜ੍ਹ ਲੀਡਰਸ਼ਿਪ ਸਿਰਜਣ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਇਸ ਗੱਲ ਉੱਪਰ ਖਾਸ ਜ਼ੋਰ ਦਿੱਤਾ ਕਿ ਤਖਤ ਸਾਹਿਬਾਨ ਦਾ ਪ੍ਰਬੰਧ ਗੁਰਦੁਆਰਾ ਕਾਨੂੰਨ ਅਤੇ ਵੋਟਾਂ ਵਾਲੀਆਂ ਪਾਰਟੀਆਂ ਦੇ ਪ੍ਰਬੰਧ ਤੋਂ ਮੁਕਤ ਹੋਣਾ ਚਾਹੀਦਾ ਹੈ।

ਸ. ਜਸਪਾਲ ਸਿੰਘ ਸਿੱਧੂ

ਸ. ਜਸਪਾਲ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਸਿੱਖ 1920 ਮੌਕੇ ਆਪਣੇ ਆਗੂ ਵੋਟਾਂ ਵਾਲੇ ਪ੍ਰਬੰਧ ਤੋਂ ਬਿਨਾਂ ਚੁਣ ਕੇ ਸੁਚੱਜਾ ਗੁਰਦੁਆਰਾ ਪ੍ਰਬੰਧ ਦੇ ਸਕਦੇ ਸਨ ਤਾਂ ਇਹ ਗੱਲ ਹੁਣ ਵੀ ਸੰਭਵ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣ ਦੀ ਜ਼ਰੂਰਤ ਹੈ।

ਸ. ਰਾਜਵਿੰਦਰ ਸਿੰਘ ਰਾਹੀ

ਸ. ਰਾਜਵਿੰਦਰ ਸਿੰਘ ਰਾਹੀ ਅਤੇ ਡਾ. ਖੁਸ਼ਹਾਲ ਸਿੰਘ ਨੇ ਕਿਹਾ ਕਿ ਦਲਿਤ ਭਾਈਚਾਰੇ ਨੂੰ ਸਮਾਜ ਅਤੇ ਰਾਜਨੀਤੀ ਵਿਚ  ਬਰਾਬਰਤਾ ਵਾਲਾ ਦਰਜਾ ਤੇ ਬਣਦੀ ਥਾਂ ਦੇ ਕੇ ਹੀ ਸਿੱਖ ਰਾਜਨੀਤੀ ਸਹੀ ਸੇਧ ਵਿਚ ਚੱਲ ਸਕਦੀ ਹੈ। 

ਸ. ਗੁਰਤੇਜ ਸਿੰਘ (ਸਾਬਕਾ ਆਈ.ਏ.ਐਸ.)

ਸ. ਗੁਰਤੇਜ ਸਿੰਘ (ਸਾਬਕਾ ਆਈ.ਏ.ਐਸ.) ਨੇ ਕਿਹਾ ਕਿ ਇੰਡੀਆ ਦਾ ਨਿਜ਼ਾਮ ਜਾਤ-ਪਾਤੀ ਹੈ ਜਦ ਕਿ ਸਿੱਖੀ ਜਾਤ ਪਾਤ ਤੋਂ ਮੁਕਤ ਪ੍ਰਬੰਧ ਸਿਰਜਦੀ ਹੈ। ਸਿੱਖੀ ਦਾ ਮਨੋਰਥ ਗੁਰ-ਸ਼ਬਦ ਦਾ ਪ੍ਰਚਾਰ ਹੈ ਅਤੇ ਗੁਰ-ਸ਼ਬਦ ਦਾ ਰਾਜਸੀ ਬਿਰਧ ‘ਹੰਨੇ ਹੰਨੇ ਮੀਰੀ’ ਦਾ ਹੈ ਜਿਸ ਮੁਤਾਬਕ ਆਜ਼ਾਦੀ ਅਤੇ ਖੁਦਮੁਖਤਿਆਰੀ ਦੀ ਰਸਾਈ ਬਿਲਕੁਲ ਬੁਨਿਆਦੀ ਇਕਾਈ ਤੱਕ ਹੋਣੀ ਚਾਹੀਦੀ ਹੈ। ਉਨ੍ਹਾਂ ਇਸ ਵਿਚਾਰ ਗੋਸ਼ਟੀ ਦੌਰਾਨ ਇੱਕ ਰਾਜਨੀਤਕ ਪਾਰਟੀ ਦੇ ਸੰਵਿਧਾਨ ਦਾ ਖਰੜਾ ਵੀ ਵਿਚਾਰਵਾਨਾਂ ਦੇ ਸਾਹਮਣੇ ਸੁਝਾਅ ਵਜੋਂ  ਪੇਸ਼ ਕੀਤਾ।

ਪ੍ਰੋ. ਮੇਹਰ ਸਿੰਘ ਗਿੱਲ

ਪ੍ਰੋ. ਮੇਹਰ ਸਿੰਘ ਗਿੱਲ ਨੇ ਕਿਹਾ ਕਿ ਰਾਜਸੀ ਹੱਦਾਂ ਸਰਹੱਦਾਂ ਬਦਲਦੀਆਂ ਰਹਿੰਦੀਆਂ ਹਨ ਤੇ ਸੋਵੀਅਤ ਯੂਨੀਅਨ ਤੇ ਯੁਗੋਸਲਾਵੀਆ ਵਿਚੋਂ ਵੀ 23 ਨਵੇਂ ਮੁਲਕ ਹੋਂਦ ਵਿੱਚ ਆਏ ਸਨ। ਉਨ੍ਹਾਂ ਕਿਹਾ ਕਿ ਪੰਜਾਬ ਤੇ ਸਿੱਖਾਂ ਨੂੰ ਦਰਪੇਸ਼ ਬਹੁਤੀਆਂ ਸਮੱਸਿਆਵਾਂ ਦਿੱਲੀ ਨਿਜ਼ਾਮ ਵੱਲੋਂ ਇਕ ਨੀਤੀ ਤਹਿਤ ਥੋਪੀਆਂ ਗਈਆਂ ਹਨ। 

ਸ. ਆਜ਼ਾਦਵੀਰ ਸਿੰਘ

ਸ. ਆਜ਼ਾਦਵੀਰ ਸਿੰਘ ਨੇ ਕਿਹਾ ਕਿ ਸਿੱਖ ਰਾਜਨੀਤੀ ਇੱਕ ਪਵਿੱਤਰ ਸ਼ਬਦ ਹੈ ਅਤੇ ਇਸ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਨ ਲਈ ਨੌਜਵਾਨਾਂ ਨੂੰ ਯੋਗ ਅਗਵਾਈ ਦੇਣ ਦੀ ਜਰੂਰਤ ਹੈ। 

ਡਾ. ਗੁਰਮੀਤ ਸਿੰਘ ਸਿੱਧੂ

ਡਾ. ਗੁਰਮੀਤ ਸਿੰਘ ਸਿੱਧੂ ਨੇ ਕਿਹਾ ਕਿ ਰਾਜਨੀਤਕ ਸੇਧ ਮਿੱਥਣ ਵੇਲੇ ਸਾਡੀ ਜਿਆਦਾਤਰ ਪਹੁੰਚ ਇਤਿਹਾਸ ਆਧਾਰਤ ਹੁੰਦੀ ਹੈ ਅਤੇ ਸਾਨੂੰ ਗੁਰਬਾਣੀ ਤੋਂ ਰੌਸ਼ਨੀ ਲੈਣ ਦੀ ਵਧੇਰੇ ਜ਼ਰੂਰਤ ਹੈ।

ਇਸ ਮੌਕੇ “ਵੰਗਾਰ” ਮਾਸਿਕ ਰਸਾਲੇ ਦੇ ਸੰਪਾਦਕ ਸ. ਬਲਜੀਤ ਸਿੰਘ ਖਾਲਸਾ ਵਲੋਂ ਭੇਜਿਆ ਗਿਆ ਸੰਖੇਪ ਲਿਖਤੀ ਪਰਚਾ ਸੰਚ ਸੰਚਾਲਕ ਵਲੋਂ ਪੜ੍ਹ ਕੇ ਸੁਣਾਇਆ ਗਿਆ।

ਇਸ ਵਿਚਾਰ-ਗੋਸ਼ਟੀ ਦਾ ਸੰਚਾਲਨ ਕਰਨ ਵਾਲੇ ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਸਾਰੇ ਵਿਚਾਰਵਾਨਾਂ ਅਤੇ ਵਿਦਵਾਨਾਂ ਵੱਲੋਂ ਦਿੱਤੇ ਗਏ ਨੁਕਤੇ ਇਕੱਤਰ ਕਰ ਲਏ ਗਏ ਹਨ ਅਤੇ ਸਿੱਖ ਰਾਜਨੀਤੀ ਦੇ ਭਵਿੱਖ ਬਾਰੇ ਸ਼ੁਰੂ ਕੀਤੀ ਗਈ ਇਹ ਵਿਚਾਰ ਲੜੀ ਅਗਾਂਹ ਵੀ ਜਾਰੀ ਰਹੇਗੀ।

ਮੂਹਰਲੀ ਕਤਾਰ ਵਿਚ – ਖੱਬਿਓਂ-ਸੱਜੇ ਵੱਲ: ਭਾਈ ਨਰਾਇਣ ਸਿੰਘ ਚੌੜਾ, ਭਾਈ ਦਲਜੀਤ ਸਿੰਘ ਬਿੱਟੂ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਤਰਲੋਕ ਸਿੰਘ, ਭਾਈ ਸਤਨਾਲ ਸਿੰਘ ਝੰਜੀਆਂ ਤੇ ਭਾਈ ਸਤਨਾਮ ਸਿੰਘ ਖੰਡੇਵਾਲਾ

ਪ੍ਰਬੰਧਕਾਂ ਵੱਲੋਂ ਸਮੂਹ ਵਿਚਾਰਵਾਨਾਂ ਤੇ ਵਿਦਵਾਨਾਂ ਦਾ ਧੰਨਵਾਦ ਕਰਦਿਆਂ ਹੋਇਆਂ ਭਾਈ ਨਰਾਇਣ ਸਿੰਘ ਚੌੜਾ ਨੇ ਕਿਹਾ ਕਿ ਸ੍ਰੀ ਅੰਮ੍ਰਿਤਸਰ ਗੋਸ਼ਟੀ ਅਤੇ ਸ੍ਰੀ ਫਤਹਿਗਡ਼੍ਹ ਸਾਹਿਬ ਗੋਸ਼ਟੀ ਦੀ ਤਰਜ਼ ਉੱਪਰ ਹੀ ਖਾਲਸਾ ਪੰਥ ਅਤੇ ਸਿੱਖ ਸਮਾਜ ਦੇ ਵੱਖ ਵੱਖ ਹਿੱਸਿਆਂ ਨਾਲ ਸੰਵਾਦ ਦਾ ਇਹ ਸਿਲਸਿਲਾ ਅਗਾਂਹ ਵੀ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਇਸ ਲੜੀ ਤਹਿਤ ਅਗਲੀ ਵਿਚਾਰ ਗੋਸ਼ਟੀ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ। 

ਸ੍ਰੀ ਫਤਿਹਗੜ੍ਹ ਸਾਹਿਬ ਵਿਚਾਰ ਗੋਸ਼ਟੀ ਦਾ ਇਕ ਦ੍ਰਿਸ਼

ਇਸ ਵਿਚਾਰ ਗੋਸ਼ਟੀ ਵਿਚ ਦੱਖਣੀ ਏਸ਼ੀਆ ਭਾਸ਼ਾ ਅਤੇ ਸੱਭਿਆਚਾਰ ਕੇਂਦਰ, ਸਿੱਖ ਜਥਾ ਮਾਲਵਾ, ਵਿਚਾਰ ਸਭਾ ਲੱਖੀ ਜੰਗਲ ਖਾਲਸਾ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ, ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨੁਮਾਇੰਦਿਆਂ, ਪੰਜਾਬ ਲਾਇਰਜ਼ ਵੱਲੋਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੌਲੀ, ਉੱਘੇ ਪੱਤਰਕਾਰ ਸ.ਪ. ਸਿੰਘ ਅਤੇ ਭਾਈ ਤਰਲੋਕ ਸਿੰਘ (ਅੰਮ੍ਰਿਤ ਸੰਚਾਰ ਜਥਾ) ਨੇ ਵੀ ਸ਼ਮੂਲੀਅਤ ਕੀਤੀ।

ਸ੍ਰੀ ਫਤਿਹਗੜ੍ਹ ਸਾਹਿਬ ਵਿਚਾਰ ਗੋਸ਼ਟੀ ਦਾ ਇਕ ਹੋਰ ਦ੍ਰਿਸ਼
5 1 vote
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x