ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਵਿਸ਼ੇਸ ਲੇਖ

ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਵਿਸ਼ੇਸ ਲੇਖ

ਹਰਭਗਤ ਨਿਰੰਜਨੀਏ ਦੀ ਮੁਖ਼ਬਰੀ – ਸਰਕਾਰ ਨੇ ਪਰਲੇ ਦਰਜੇ ਦੇ ਵਫ਼ਾਦਾਰ ਚੌਧਰੀਆਂ ਅਤੇ ਮੁਖਬਰਾਂ ਵਿੱਚੋਂ ਸਭ ਤੋਂ ਉਘਾ ਤੇ ਨਿਰਦਈ ਜੰਡਿਆਲਾ-ਗੁਰੂ ਦਾ ਹਰਭਗਤ ਨਿਰੰਜਨੀਆਂ ਸੀ।ਉਸਨੇ ਜ਼ਕਰੀਆ ਖਾਨ ਪਾਸ ਜਾ ਕੇ ਭਾਈ ਤਾਰੂ ਸਿੰਘ ਜੀ ਖਿਲਾਫ ਮੁਖ਼ਬਰੀ ਅਤੇ ਝੂਠ-ਸੱਚ ਬੋਲ ਕੇ ਅਤੇ ਵਧਾ ਚੜ੍ਹਾ ਕੇ ਗੱਲਾਂ ਕਰਕੇ ਭਾਈ ਤਾਰੂ ਸਿੰਘ ਜੀ ਖਿਲਾਫ਼ ਜ਼ਕਰੀਆ ਖਾਨ ਦੇ ਕੰਨ ਭਰੇ।

ਉਸ ਨੇ ਜਦ ਵੇਖਿਆ ਕਿ ਜ਼ਕਰੀਆ ਖ਼ਾਨ ਉਸ ਦੀਆਂ ਗੱਲਾਂ ਨਾਲ ਉਤੇਜਿਤ ਹੋ ਗਿਆ ਹੈ ਤਾਂ ਕਿਹਾ ਕਿ ਇਹ ਪੂਹਲੇ ਪਿੰਡ ਦਾ ਭਾਈ ਤਾਰੂ ਸਿੰਘ ਉਤੋਂ ਵੇਖਣ ਨੂੰ ਬੜਾ ਭੋਲਾ-ਭਾਲਾ, ਭਲਾ ਮਾਣਸ, ਮਿਠ-ਬੋਲੜਾ ਤੇ ਸਾਰਿਆਂ ਦਾ ਸਾਂਝਾ ਬਣਿਆ ਬੈਠਾ ਹੈ, ਪਰ ਵਿਚੋਂ ਬਹੁਤ ਹੀ ਖ਼ਤਰਨਾਕ ਹੈ। ਇਸ ਨੇ ਆਪਣੀ ਮੱਕਾਰੀ ਦਾ ਬੜਾ ਤਕੜਾ ਜਾਲ ਫੈਲਾਇਆ ਹੋਇਆ ਹੈ। ਇਸ ਪਾਸ ਸਰਕਾਰ ਦੇ ਬਾਗੀ ਸਿੰਘ ਰਾਤਾਂ ਕੱਟਦੇ ਹਨ। ਇਹ ਉਨ੍ਹਾਂ ਨੂੰ ਲੰਗਰ ਖੁਆਉਂਦਾ ਹੈ।  ਸਿੰਘ ਬਾਹਰ ਉਸ ਦੇ ਖੇਤਾਂ ਵਿਚ ਠਹਿਰਦੇ ਹਨ। ਇਸ ਪਾਸੋਂ ਇਲਾਕੇ ਦੀ ਸੂਹ ਲੈਂਦੇ ਹਨ ਅਤੇ ਸ਼ਾਹ-ਰਾਹਾਂ ਉਤੇ ਵਾਰਦਾਤਾਂ ਕਰਦੇ ਹਨ, ਪਿੰਡ ਵਿਚ ਵੱਸਣ ਵਾਲੀ ਤੁਹਾਡੀ ਪਰਜਾ ਦੇ ਖਾਂਦੇ-ਪੀਂਦੇ ਸਾਊ ਲੋਕਾਂ ਦੇ ਘਰ-ਘਾਟ ਲੁਟਦੇ ਹਨ। ਕਈ ਵਾਰ ਦਿਨ-ਦੀਵੀਂ ਧਾੜੇ ਮਾਰਦੇ ਹਨ। ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਦਿਨੇ ਹਲ ਵਾਹੁੰਦਾ ਹੈ, ਪਰ ਰਾਤ ਨੂੰ ਸੰਨਾਂ ਲਾ ਕੇ ਲੋਕਾਂ ਦੇ ਝੁਗੇ ਫੋਲ ਲੈਂਦਾ ਹੈ, ਸੰਨ੍ਹ ਲਾਉਣ ਦਾ ਬੜਾ ਮਾਹਿਰ ਹੈ। ਆਪ ਮਾੜਾ ਖਾਂਦਾ ਹੈ, ਭੁੱਖਾਂ ਕਟਦਾ ਹੈ, ਭੁੱਜੇ ਛੋਲੇ ਹੀ ਚੱਬ ਕੇ ਗੁਜ਼ਾਰਾ ਕਰ ਲੈਂਦਾ ਹੈ, ਪਰ ਸਿੰਘਾਂ ਨੂੰ ਵਧੀਆ ਅੰਨ-ਪਾਣੀ ਛਕਾਉਂਦਾ ਹੈ। ਲੀੜਾ ਕੱਪੜਾ ਤੇ ਖ਼ਰਚ ਆਦਿ ਵੀ ਦੇਂਦਾ ਹੈ। ਮਾਝੇ ਦੇ ਬੜੇ ਬੜੇ ਧਾੜਵੀ ਇਸ ਦੇ ਯਾਰ ਹਨ। ਧਾੜਿਆਂ, ਲੁੱਟਾਂ ਤੇ ਚੋਰੀ ਦੇ ਮਾਲ ਵਿਚੋਂ ਇਸ ਨੂੰ ਹਿੱਸਾ ਦੇਂਦੇ ਹਨ ਅਤੇ ਇਹ ਉਨ੍ਹਾਂ ਦੀ ਸੇਵਾ ਕਰਦਾ ਹੈ। ਚੌਧਰੀ ਮੱਸੇ ਦਾ ਕਾਤਿਲ ਮਹਿਤਾਬ ਸਿੰਘ ਮੀਰਾਂ ਕੋਟੀਆ ਅਤੇ ਇਸ ਕਿਸਮ ਦੇ ਹੋਰ ਖ਼ਤਰਨਾਕ ਸਿੰਘ ਉਸ ਪਾਸ ਆ ਕੇ ਠਹਿਰਦੇ ਹਨ। ਉਂਜ ਭਾਵੇਂ ਹਿੰਦੂ ਮੁਸਲਮਾਨਾਂ ਨੂੰ ਇਕੋ ਜਿਹਾ ਸਮਝਦਾ ਹੈ, ਵਖਾਲੇ ਲਈ ਬੜੀ ਕਰੜੀ ਬੰਦਗੀ ਕਰਦਾ ਹੈ, ਕਿਰਤ ਕਰਦਾ ਹੈ, ਲੋਕ ਉਸ ਨੂੰ ਕਬੀਰ ਤੇ ਧੰਨੇ ਵਰਗਾ ਭਗਤ ਸਮਝ ਕੇ ਸਤਿਕਾਰਦੇ ਹਨ, ਪਰ ਅੰਦਰੋਂ ਇਹ ਬੜਾ ਵੱਡਾ ਸਰਕਾਰ-ਵਿਦਰੋਹੀ ਹੈ। ਜਿਨ੍ਹਾਂ ਨੇ ਚੌਧਰੀ ਮੱਸਾ ਫ਼ੌਜਾਂ ਦੇ ਲਗੇ ਪਹਿਰਿਆਂ ਵਿਚੋਂ ਮਾਰ ਲਿਆ ਤੇ ਅੱਜ ਤਕ ਹੱਥ ਨਹੀਂ ਆਏ, ਉਹ ਇਸ ਪਾਸ ਆਉਂਦੇ ਹਨ, ਇਹ ਹੁਣ ਤੁਹਾਨੂੰ ਕਤਲ ਕਰਨ ਦੇ ਬਾਨ੍ਹਣੂੰ ਬੰਨ ਰਹੇ ਹਨ। ਸਰਕਾਰ ਨੂੰ ਹੁਣੇ ਈ ਆਪਣੇ ਬੰਦੋਬਸਤ ਨਾਲ ਤਕੜਾਈ ਕਰ ਦੇਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਕਿ ਇਹ ਕੋਈ ਕਾਰਾ ਕਰਵਾ ਦੇਵੇ, ਹੁਣੇ ਹੀ ਫੜ ਕੇ ਮੌਤ ਦੇ ਘਾਟ ਉਤਾਰ ਦੇਣਾ ਹੀ ਅਕਲਮੰਦੀ ਹੈ । ਹਜ਼ੂਰ! ਗਿਆ ਵੇਲਾ ਹੱਥ ਨਹੀਂ ਆਉਂਦਾ। ਇਸ ਪਾਸੇ ਤੁਰੰਤ ਧਿਆਨ ਦੇਵੋ। ਇਹ ਬੰਦਾ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ। ਜਿੰਨੀ ਛੇਤੀ ਹੋ ਸਕੇ, ਕਾਰਵਾਈ ਕੀਤੀ ਜਾਵੇ। ਚੰਗਾ ਹੋਵੇ ਜੇ ਇਸ ਨੂੰ ਅੱਜ ਭਲਕ ਹੀ ਫੜ ਲਿਆ ਜਾਵੇ ਤੇ ਫਿਰ ਜੀਉਂਦਾ ਲਾਹੌਰੋਂ ਵਾਪਸ ਨਾ ਮੁੜੇ। ਅਸੀਂ ਨਾ-ਚੀਜ਼ ਤਾਂ ਸਰਕਾਰ ਦੇ ਪੁਰਾਣੇ ਲੂਣ ਖਾਣ ਵਾਲਿਆਂ ਵਿਚੋਂ ਹਾਂ, ਇਸ ਲਈ ਅਸਾਂ ਤਾਂ ਜ਼ਰੂਰ ਨੇਕ ਰਾਏ ਹੀ ਦੇਣੀ ਹੈ। ਅਗੋਂ ਮੰਨਣਾ ਜਾਂ ਨਾ ਮੰਨਣਾ ਹਜ਼ੂਰ ਦੀ ਆਪਣੀ ਮਰਜ਼ੀ ਹੈ। 

ਸ਼ਹੀਦੀ ਸਾਕਾ ਭਾਈ ਤਾਰੂ ਸਿੰਘ ਜੀ ਕਿਤਾਬ ਖਰੀਦਣ ਲਈ ਤੰਦ ਨੂੰ ਛੂਹੋ

ਜ਼ਕਰੀਆ ਖ਼ਾਨ ਏਨਾ ਲੰਮਾ ਬਿਆਨ ਸੁਣ ਕੇ ਪੂਰਾ ਭਖ ਉਠਿਆ। ਜੰਡਿਆਲੀਏ ਨੂੰ ਸ਼ਾਬਾਸ਼ ਦਿੱਤੀ ਤੇ ਮੋਮਨ ਖ਼ਾਨ ਨੂੰ ਬੁਲਾ ਕੇ ਹੁਕਮ ਦਿਤਾ ਕਿ ਮਾਝੇ ਵਿਚ ਪਢਾਣੇ ਲਾਗੇ ਪੂਹਲਾ ਪਿੰਡ ਹੈ । ਉੱਥੋਂ ਦਾ ਇਕ ਤਾਰੂ ਸਿੰਘ ਨਾਉਂ ਦਾ ਸਿਖ ਹੈ, ਲੋਕ ਉਸ ਨੂੰ ਭਾਈ ਤੇ ਭਗਤ ਕਹਿ ਕੇ ਵੀ ਸੱਦਦੇ ਹਨ। ਉਸ ਨੂੰ ਛੇਤੀ ਤੋਂ ਛੇਤੀ ਬੰਦੀ ਬਣਾ ਕੇ ਕਚਹਿਰੀ ਵਿਚ ਪੇਸ਼ ਕੀਤਾ ਜਾਵੇ। 

ਭਾਈ ਤਾਰੂ ਸਿੰਘ ਜੀ ਦੀ ਗ੍ਰਿਫ਼ਤਾਰੀ

ਹੁਕਮ ਦੀ ਦੇਰ ਸੀ, ਇਕ ਅਫ਼ਸਰ ਪੁਲਸ ਦਾ ਦਸਤਾ ਲੈ ਕੇ ਚੜ੍ਹ ਪਿਆ ਤੇ ਪਛਾਣੇ ਥਾਈਂ ਹੁੰਦਾ ਹੋਇਆ ਅਗਲੇ ਦਿਨ ਪੁਹਲਾ ਪਿੰਡ ਆਣ ਘੇਰਿਆ। ਲੋਕ ਹੈਰਾਨ ਰਹਿ ਗਏ ਕਿ ਇਸ ਪਿੰਡ ਵਿਚ ਪੁਲਸ ਅੱਗੇ ਨਾ ਪਿਛੇ, ਪਰ ਅੱਜ ਕਿਉਂ ? ਪੁਲਸ-ਅਫ਼ਸਰ ਸੱਥ ਵਿਚ ਜਾ ਬੈਠਾ ਤੇ ਨੰਬਰਦਾਰ ਨੂੰ ਬੁਲਾ ਲਿਆ। ਉਸ ਦੀ ਖੂਬ ਝਾੜ ਝੰਬ ਕੀਤੀ ਕਿ ਉਸ ਨੇ ਅੱਜ ਤੋਂ ਪਹਿਲਾਂ ਖੁਦ ਆਪ ਕਿਉਂ ਨਾ ਤਾਰੂ ਸਿੰਘ ਵਰਗੇ ਸਰਕਾਰ-ਵਿਦਰੋਹੀ ਬਾਰੇ ਰਿਪੋਰਟ ਦਿੱਤੀ। ਉਸ ਨੂੰ ਫੜਾਉਣ ਦਾ ਪਹਿਲਾਂ ਯਤਨ ਕਿਉਂ ਨਹੀਂ ਕੀਤਾ। ਤੁਸੀਂ ਪਿੰਡਾਂ ਵਿਚ ਸਰਕਾਰ ਦੇ ਬਾਗੀ ਪਾਲਦੇ ਹੋ। ਕੀ ਇਹ ਇਰਾਦਾ ਤਾਂ ਨਹੀਂ ਕਿ ਤੁਹਾਡਾ ਵੀ ਘਾਣ ਬੱਚਾ ਘਾਣ ਨਾਲ ਹੀ ਪੜਿਆ ਜਾਵੇ। ਕੁਝ ਹੋਰ ਵੀ ਪਿੰਡ ਦੇ ਸਿਆਣੇ ਲੋਕ ਆ ਪਹੁੰਚੇ ਸਨ ਤੇ ਅਫ਼ਸਰ ਨੂੰ ਇੰਜ ਲੋਹੇ-ਲਾਖਾ ਹੋਇਆ ਤੇ ਉਪਰਲੇ ਸਖ਼ਤ ਬੋਲ ਕਹਿੰਦੇ ਨੂੰ ਸੁਣਿਆ। ਸਾਰੇ ਹੈਰਾਨ ਪਰੇਸ਼ਾਨ ਕਿ ਇਹ ਕੀ ਸੁਣ ਰਹੇ ਹਨ। ਨੰਬਰਦਾਰ ਤੇ ਲੋਕਾਂ ਬੜੇ ਤਰਲੇ ਨਾਲ ਕਿਹਾ ਕਿ ਦੁਹਾਈ ਰੱਬ ਦੀ, ਇਹ ਸਭ ਕੋਰਾ ਝੂਠ ਹੈ। ਕਿਸੇ ਪਾਪੀ ਚੁਗ਼ਲ ਨੇ ਗਰੀਬ ਉਤੇ ਝੂਠੀ ਲੂਤੀ ਫੂਕੀ ਹੈ। ਉਸ ਨੇ ਕਿਸੇ ਨੂੰ ਤਾਂ ਕੀ ਕਹਿਣਾ ਹੈ, ਉਹ ਤਾਂ ਤੁਰਨ ਲੱਗਾ ਗਲੀਆਂ ਦੇ ਕਖਾਂ ਨੂੰ ਵੀ ਨਹੀਂ ਦੁਖਾਉਂਦਾ। ਸਾਥੋਂ ਜੋ ਚਾਹੋ, ਸਫ਼ਾਈ ਲੈ ਲਵੇ ਅਤੇ ਜੇ ਇਸ ਵਿਚ ਰੰਚ-ਮਾਸਾ ਵੀ ਝੂਠ ਜਾਂ ਫ਼ਰਕ ਨਿਕਲੇ ਤਾਂ ਸਰਕਾਰ ਜੋ ਚਾਹੇ, ਸਾਨੂੰ ਡੰਨ ਦੇਵੇ। ਪਰ ਪੁਲਸ ਨੇ ਇਕ ਨਾ ਸੁਣੀ। ਉਲਟੀ ਲੋਕਾਂ ਦੀ ਹੋਰ ਲਾਹ ਪਾਹ ਕਰਨ ਲੱਗੀ। ਤਾੜ ਕੇ ਹੁਕਮ ਦਿਤਾ ਕਿ ਉਸ ਨੂੰ ਪੇਸ਼ ਕਰੋ। ਜਿੰਨਾ ਚਿਰ ਨਹੀਂ ਆਉਂਦਾ, ਉਸ ਦੇ ਘਰ ਦੇ ਜੀਅ ਫੜ ਲਿਆਵੋ।

ਇਹ ਕੁਝ ਪਿੰਡ ਦੀ ਸੱਥ ਵਿਚ ਹੁੰਦਾ ਵੇਖ-ਸੁਣ ਕੇ ਇਕ ਗਭਰੂ ਪੁਲਸ ‘ ਤੋਂ ਅੱਖ ਬਚਾਅ ਕੇ ਖਿਸਕ ਗਿਆ ਤੇ ਭਜ ਕੇ ਖੇਤ ਵਿਚ ਹਲ ਵਾਹੁੰਦੇ ਭਾਈ ਤਾਰੂ ਸਿੰਘ ਪਾਸ ਪਹੁੰਚਿਆ ਤੇ ਕਹਿਣ ਲੱਗਾ ਕਿ ਭਾਈ ਜੀ, ਹਲ ਛੱਡ ਕੇ ਇਥੋਂ ਕਿਸੇ ਪਾਸੇ ਖਿਸਕ ਜਾਵੋ। ਤੁਹਾਨੂੰ ਫੜਨ ਲਈ ਪਿੰਡ ਨੂੰ ਪੁਲਸ ਘੇਰੀ ਬੈਠੀ ਹੈ। ਉਹ ਤੁਹਾਨੂੰ ਸਰਕਾਰ ਦਾ ਬਾਗੀ ਕਹਿ ਰਹੀ ਹੈ। ਕਿਸੇ ਚੁਗਲ ਦਾ ਬੇੜਾ ਗਰਕ ਹੋ ਗਿਆ ਹੈ, ਜੋ ਏਡੀ ਝੂਠੀ ਤੁਹਮਤ ਤੁਹਾਡੇ ਉਤੇ ਲਾ ਦਿਤੀ ਹੈ। ਬਥੇਰੀ ਸਫ਼ਾਈ ਦਿਤੀ ਹੈ, ਪਰ ਉਹ ਮੰਨਦੇ ਹੀ ਨਹੀਂ। ਤੁਹਾਨੂੰ ਫੜ ਕੇ ਲਾਹੌਰ ਲੈ ਜਾਣ ਲਈ ਕਹਿ ਰਹੇ ਹਨ। ਲਾਹੌਰ ਲੈ ਜਾ ਕੇ ਕਿਹੜਾ ਸਿੰਘ ਅੱਜ ਤਕ ਜੀਊਂਦਾ ਮੁੜਨ ਦਿਤਾ ਹੈ। ਤੁਸੀਂ ਛੇਤੀ ਏਥੋਂ ਹਟ ਕੇ ਝਿੜੀ ਵਲ ਹੋ ਜਾਵੇ ਤੇ ਉਥੇ ਜਾ ਲੁਕੋ। ਉਹਦੇ ਵਿਚ ਉਨ੍ਹਾਂ ਵੜਨਾ ਨਹੀਂ ਤੇ ਤੁਹਾਨੂੰ ਲਭ ਸਕਣਾ ਨਹੀਂ। ਸਾਡੇ ਨਾਲ ਜੋ ਹੋਉਗੀ, ਅਸੀਂ ਨਿੱਬੜ ਲਵਾਂਗੇ। ਮਾਲ-ਡੰਗਰ ਦਾ ਤੁਸੀਂ ਫਿਕਰ ਨਾ ਕਰਿਓ, ਅਸੀਂ ਸਾਂਭਾਂਗੇ, ਭੁਖਿਆਂ ਨਹੀਂ ਰਹਿਣ ਦੇਂਦੇ, ਤੁਹਾਨੂੰ ਵੀ ਪ੍ਰਸ਼ਾਦਾ ਇਥੇ ਰਾਤ ਨੂੰ ਅੱਖ ਬਚਾਅ ਕੇ ਦੇ ਜਾਇਆ ਕਰਾਂਗੇ। ਪੁਲਸ ਕਿੰਨਾ ਕੁ ਚਿਰ ਪਿੰਡ ਬਹਿ ਰਹੇਗੀ। ਦੋ ਚਾਰ ਦਿਨਾਂ ਵਿਚ ਝਖ ਮਾਰ ਕੇ ਉਠ ਜਾਵੇਗੀ। ਜਦ ਠੰਡ-ਠੰਢੋਲਾ ਹੋ ਗਿਆ, ਤੁਹਾਨੂੰ ਦੱਸ ਦਿਆਂਗੇ, ਤੁਸੀਂ ਮੁੜ ਆਇਓ। ਆਏ ਗਏ ਰਾਹੀ ਪਾਤੀ ਨੂੰ ਤੁਹਾਡੇ ਵਾਂਗ ਹੀ ਲੰਗਰ-ਪਾਣੀ ਛਕਾਵਾਂਗੇ। ਮੈਂ ਹੱਥ ਜੋੜਦਾ ਹਾਂ, ਤੁਸੀਂ ਇਥੋਂ ਖਿਸਕ ਜਾਵੋ। ਪੁਲਸ ਖੇਤ ਵੱਲ ਵੀ ਆਈ ਖੜੀ ਹੈ। ਤੁਸੀਂ ਮਿੰਨਤ ਮੰਨ ਲਵੋ। ਨੌਜੁਆਨ ਨੇ ਇਹ ਵਾਕ ਬੜੀ ਕਾਹਲੀ ਵਿਚ ਤੇ ਭਰੇ ਦਿਲ ਨਾਲ ਕਹੇ।

ਭਾਈ ਤਾਰੂ ਸਿੰਘ ਜੀ ਨੇ ਆਉਣ ਵਾਲੇ ਗਭਰੂ ਨੂੰ ਧੀਰਜ ਦੇਦਿਆਂ ਕਿਹਾ ਕਿ ਤੂੰ ਆਪਣੀ ਸੋਚ ਮੂਜਬ ਜੋ ਇੰਜ ਭੱਜੇ ਆ ਕੇ ਮੈਨੂੰ ਅਗਲਵਾਂਢੀ ਖ਼ਬਰਦਾਰ ਕਰ ਕੇ ਆਪਣੇ ਵਲੋਂ ਮੇਰੇ ਨਾਲ ਹਮਦਰਦੀ ਨਿਭਾਈ ਹੈ, ਮੈਂ ਉਸ ਲਈ ਤੇਰਾ ਧੰਨਵਾਦੀ ਹਾਂ। ਭੱਜੇ ਤਾਂ ਉਹ ਜੋ ਚੋਰ ਉਚੱਕਾ ਹੋਵੇ, ਮੈਂ ਕੋਈ ਗੁਨਾਹੀ ਜਾਂ ਮੁਜਰਮ ਥੋੜਾ ਹਾਂ ? ਸੱਚ ਨੂੰ ਆਂਚ ਨਹੀਂ ਆਉਂਦੀ। ਪਿੰਡ ਨੂੰ ਅਜਾਈਂ ਵਖਤ ਵਿਚ ਪਾ ਕੇ ਮੈਂ ਜਾਨ ਬਚਾਅ ਲਵਾਂ, ਇਹ ਤਾਂ ਬੜਾ ਪਾਪ ਹੋਵੇਗਾ; ਹਮੇਸ਼ਾ ਲਈ ਦਾ ਲੱਗ ਜਾਵੇਗਾ। ਸੂਰਮਿਆਂ ਤੇ ਭਰੋਸੇ ਵਾਲਿਆਂ ਦੀ ਪਰਖ ਔਖੀ ਘੜੀ ਵਿਚ ਹੀ ਹੁੰਦੀ ਹੈ। ਕਾਇਰਾਂ ਵਾਂਗ ਭਜ ਜਾਵਾਂ ਤਾਂ ਸਿੰਘ ਦੀ ਸ਼ਾਨ ਦੇ ਹੀ ਉਲਟ ਹੈ। ਅੱਜ ਨਹੀਂ ਤਾਂ ਕੱਲ ਮਰਨਾ ਤਾਂ ਹੈ ਹੀ, ਗੀਦੀਆਂ ਵਾਂਗ ਮਰ ਕੇ ਸਿੱਖੀ ਦੀ ਆਨ ਸ਼ਾਨ ਨੂੰ ਕਿਉਂ ਵੱਟਾ ਲਾਈਏ ? ਮੈਂ ਹੁਣ ਆਪ ਹੀ ਪਿੰਡ ਨੂੰ ਜਾਂਦਾ ਹਾਂ। ਤੂੰ ਹਰਨਾੜੀ ਘਰ ਪਹੁੰਚਾ ਦੇਵੀਂ। ਇਹ ਕਹਿ ਕੇ ਭਾਈ ਤਾਰੂ ਸਿੰਘ ਜੀ ਉਸ ਅੱਖਾਂ ਭਰੀ ਖੜੇ ਗਭਰੂ ਨੂੰ ਪ੍ਰਾਣੀ ਫੜਾ ਕੇ ਪਿੰਡ ਵੱਲ ਨੂੰ ਤੁਰ ਪਏ।

ਭਾਈ ਸਾਹਿਬ ਪਿੰਡ ਵੱਲ ਨੂੰ ਅਥੋਂ ਲੰਘ ਆਏ ਸਨ, ਜਦ ਉਸ ਪਾਸਿਓਂ ਆ ਰਹੇ ਸਵਾਰਾਂ ਦੀ ਧੂੜ ਦਿਸੀ। ਸਮਝ ਗਏ ਕਿ ਪੁਲਸ ਦੇ ਸਵਾਰ ਆ ਰਹੇ ਹਨ। ਪਿੰਡ ਦੇ ਦੋ ਆਦਮੀ ਵੀ ਨਾਲ ਸਨ। ਜਦ ਲਾਗੇ ਪੁਜੇ ਤਾਂ ਭਾਈ ਤਾਰੂ ਸਿੰਘ ਨੇ ਫ਼ਤਹ ਬੁਲਾ ਕੇ ਕਿਹਾ ਕਿ ਤੁਹਾਨੂੰ ਖੇਚਲ ਦੀ ਲੋੜ ਨਹੀਂ ਸੀ, ਮੈਂ ਸੁਣ ਕੇ ਆਪ ਹੀ ਆ ਰਿਹਾ ਸਾਂ। ਪਰ ਪੁਲਸ ਵਾਲੇ ਆਪਣਾ ਰੁਅਬ ਛਾਂਟਣ ਲੱਗੇ। ਇਕ ਸਵਾਰ ਉਤਰ ਕੇ ਝੱਟ ਨਾਲ ਉਨ੍ਹਾਂ ਦੀਆਂ ਬਾਹਾਂ ਪਿਛੇ ਬੰਨ੍ਹਣ ਲੱਗਾ। ਭਾਈ ਸਾਹਿਬ ਨੇ ਕਿਹਾ ਕਿ ਜੇ ਮੈਂ ਭਜਣਾ ਹੁੰਦਾ ਤਾਂ ਆਪ ਤੁਹਾਡੇ ਵੱਲ ਕਿਉਂ ਆਉਂਦਾ। ਮੈਂ ਸਿੰਘ ਹਾਂ, ਕੋਈ ਬਦਮਾਸ਼ ਨਹੀਂ। ਆਰਾਮ ਨਾਲ ਘੋੜਿਆਂ ‘ਤੇ ਚੜ੍ਹੇ ਚਲੋ, ਮੈਂ ਤੁਹਾਡੇ ਨਾਲ ਚੱਲਦਾ ਹਾਂ, ਜਿਧਰ ਤੁਸੀਂ ਚਾਹੁੰਦੇ ਹੋ। ਇਥੋਂ ਅੱਗੇ ਚੱਲ ਕੇ ਪੁਲਸ ਵਾਲਿਆਂ ਨਾਲ ਭਾਈ ਤਾਰੂ ਸਿੰਘ ਜੀ ਸੱਥ ਵਿਚ ਬੈਠੇ ਪੁਲਸ-ਅਫ਼ਸਰ ਪਾਸ ਪਹੁੰਚੇ ਤੇ ਗੱਜ ਕੇ ਫ਼ਤਹ ਬੁਲਾਈ। ਘੋੜ-ਸਵਾਰਾਂ ਆਪਣੀ ਕਾਰਕਰਦਗੀ ਪਾਉਂਦਿਆਂ ਕਿਹਾ ਕਿ ਜਨਾਬ, ਇਹ ਤਾਰੂ ਸਿੰਘ ਹੈ ਤੇ ਫੜ ਲਿਆਂਦਾ ਹੈ। ਥੋੜੀ ਜਿਹੀ ਢਿਲ ਹੋ ਜਾਂਦੀ ਤਾਂ ਸ਼ਾਇਦ ਹੱਥ ਹੀ ਨਾ ਆਉਂਦਾ। ਅਸਾਂ ਬੜੀ ਹਿੰਮਤ ਨਾਲ ਗ੍ਰਿਫ਼ਤਾਰ ਕੀਤਾ ਹੈ ਜਨਾਬ ਇਸ ਨੂੰ।

ਅਹਿਦੀਆ ਪੁਲਸ ਵਾਲੀ ਗਰਮੀ ਜ਼ਰੂਰ ਵਿਖਾਉਂਦਾ, ਪਰ ਭਾਈ ਤਾਰੂ ਸਿੰਘ ਦੀ ਮਾਸੂਮ ਸ਼ਕਲ-ਸੂਰਤ ਨੇ ਉਸ ਦੀ ਗਰਮੀ ਠੰਢੀ ਪਾ ਦਿਤੀ। ਪਲ ਭਰ ਪਿਛੋਂ ਉਸ ਨੇ ਹੁਕਮ ਦਿੱਤਾ ਕਿ ਇਸ ਦੀਆਂ ਮੁਸ਼ਕਾਂ ਬੰਨ੍ਹ ਲਈਆਂ ਜਾਣ।

ਪੁਲਸ ਪਿੰਡ ਵਿਚ ਕਿਸ ਵਾਸਤੇ ਆਈ ਸੀ, ਇਸ ਦਾ ਬੱਚੇ ਬੱਚੇ ਨੂੰ ਪਤਾ ਲੱਗ ਚੁੱਕਾ ਸੀ। ਭਾਈ ਤਾਰੂ ਸਿੰਘ ਦੀ ਬਿਰਧ ਮਾਤਾ ਤੇ ਭੈਣ ਨੂੰ ਵੀ ਸੱਦ ਲਿਆ ਗਿਆ। ਮਾਂ ਨੇ ਜਦ ਬੇਦੋਸ਼ੇ ਪੁਤ ਦੀਆਂ ਇੰਜ ਮੁਸ਼ਕਾਂ ਕਸੀਦੀਆਂ ਵੇਖੀਆਂ ਤਾਂ ਉਸ ਦੀ ਮਮਤਾ ਤੜਫ ਉਠੀ। ਅਹਿਦੀਏ ਦਾ ਹਾੜਾ ਕਢਿਆ ਕਿ ਇਸ ਨੂੰ ਇੰਜ ਨਾ ਬੰਨ੍ਹੇ। ਪਿੰਡ ਵਾਲੇ ਹਾਜ਼ਰ ਹਨ, ਤਸਦੀਕ ਪੜਤਾਲ ਕਰ ਲਵੋ, ਮੇਰੇ ਬੱਚੇ ਦਾ ਕੋਈ ਕਸੂਰ ਨਹੀਂ ਹੈ। ਹੱਕ ਹਲਾਲ ਦੀ ਕਿਰਤ ਕਰਦਾ ਹੈ। ਕਦੀ ਕਿਸੇ ਨੂੰ ਮਾੜਾ ਨਹੀਂ ਬੋਲਿਆ। ਨੰਬਰਦਾਰ ਨੂੰ ਪੁਛ ਲਵੋ। ਪੰਚਾਇਤ ਪਾਸੋਂ ਤਸੱਲੀ ਲੈ ਲਵੋ। ਮੇਰੇ ਬੁੜਾਪੇ ਦਾ ਤਾਂ ਸਹਾਰਾ ਹੀ ਇਹੋ ਹੈ। ਅਹਿਦੀਏ ਨੇ ਕੜਕ ਕੇ ਆਖਿਆ ਕਿ ਸਰਕਾਰ-ਵਿਦਰੋਹੀ ਪੁਤ ਦਿਆਂ ਜੁਰਮਾਂ ਉਤੇ ਇੰਜ ਪਰਦੇ ਨਹੀਂ ਪੈਣ ਲੱਗੇ ਬੁੜੀਏ ! ਤੇਰੇ ਭਾ ਦਾ ਸਾਊ ਹੋਵੇਗਾ, ਪਰ ਸਰਕਾਰ ਦੀਆਂ ਨਜ਼ਰਾਂ ਵਿਚ ਇਹ ਵਿਦਰੋਹੀ ਹੈ। ਬਾਗੀਆਂ ਨੂੰ ਪਨਾਹ ਦੇਂਦਾ ਹੈ। ਸਰਕਾਰੀ ਅਫ਼ਸਰਾਂ ਦਿਆਂ ਕਾਤਲਾਂ ਨੂੰ ਪਾਸ ਠਹਿਰਾਉਂਦਾ ਹੈ ਤੇ ਅੰਨ-ਪਾਣੀ ਨਾਲ ਸੇਵਾ ਕਰਦਾ ਹੈ ਤੇ ਉਨ੍ਹਾਂ ਨੂੰ ਖ਼ਰਚੇ ਦੇਂਦਾ ਹੈ। ਧਾੜੇ ਮਰਵਾ ਕੇ ਵਿਚੋਂ ਹਿੱਸੇ ਲੈਂਦਾ ਹੈ। ਦਿਨੇ ਹਲ ਵਾਹ ਛਡਿਆ, ਰਾਤ ਨੂੰ ਸੰਨ੍ਹਾਂ ਲਾ ਲਈਆਂ। ਤੇਰੀਆਂ ਮੋਮੋਠਗਣੀਆਂ ਦਾ ਸਾਡੇ ਉਤੇ ਕੀ ਅਸਰ ਹੈ। ਤੁਸੀਂ ਦੋਵੇਂ ਮਾਵਾਂ ਧੀਆਂ ਸਰਕਾਰ ਦੇ ਵਿਦਰੋਹੀਆਂ ਨੂੰ ਰੋਟੀਆਂ ਪਕਾਅ ਪਕਾਅ ਕੇ ਖੁਆਉਂਦੀਆਂ ਹੋ। ਤੁਹਾਡਾ ਜੁਰਮ ਵੀ ਘਟ ਨਹੀਂ। ਤੇਰੇ ਬੁੜੇਪੇ ਉਤੇ ਤਰਸ ਆਉਂਦਾ ਹੈ, ਪਰ ਇਸ ਕੁੜੀ ਨੂੰ ਨਹੀਂ ਛਡਣਾ। ਇਸ ਨੂੰ ਵੀ ਨਾਲ ਬੰਨ੍ਹ ਲਿਆ ਜਾਵੇ । ਲਾਹੌਰ ਜਾ ਕੇ ਦੁੱਧ-ਪਾਣੀ ਅੱਡੋ ਅੱਡ ਹੋ ਜਾਵੇਗੀ। ਹਾਜ਼ਰ ਲੋਕਾਂ ਜਦ ਇਹ ਸੁਣਿਆ, ਕਲੇਜਾ ਫੜ ਲਿਆ। ਕਰ ਕੀ ਸਕਦੇ ਸਨ, ਤੜਫ਼ ਕੇ ਰਹਿ ਗਏ।

ਅੱਜ ਵਾਂਗ ਉਸ ਸਮੇਂ ਪਿੰਡ ਆਉਣ ਵਾਲੇ ਸਰਕਾਰੀ ਕਰਮਚਾਰੀਆਂ ਦੇ ਜਲ-ਪਾਣੀ ਤੇ ਰੋਟੀ ਟੁੱਕ ਦਾ ਪ੍ਰਬੰਧ ਨੰਬਰਦਾਰਾਂ ਸਿਰ ਹੀ ਹੁੰਦਾ ਸੀ। ਜਦ ਪੁਲਸ ਖਾ ਪੀ ਕੇ ਤੁਰਨ ਲੱਗੀ ਤਾਂ ਨੰਬਰਦਾਰ ਤੇ ਪੰਚਾਇਤ ਵਾਲਿਆਂ ਹੱਥ ਬੰਨ ਕੇ ਬੜੀ ਅਧੀਨਗੀ ਨਾਲ ਤਰਲੇ ਲੈਂਦਿਆਂ ਬੀਬੀ ਤਾਰੋ ਉਤੇ ਰਹਿਮ ਕਰਨ ਲਈ ਕਿਹਾ ਕਿ ਇਹ ਪਿੰਡ ਦੀ ਧੀ ਧਿਆਣੀ ਹੈ। ਪਿੰਡ ਉਤੇ ਇਹ ਧੱਕਾ ਨਾ ਕਰੋ। ਨਿਰਦੋਸ਼ ਕੰਨਿਆ ਹੈ, ਦਇਆ ਕਰੋ ਤੇ ਇਸ ਨੂੰ ਛੱਡ ਦਿਉ। ਪਹਿਲਾਂ ਤਾਂ ਅਹਿਦੀਆ ਆਕੜਿਆ, ਪਰ ਲੋਕਾਂ ਦਾ ਇਸ਼ਾਰਾ ਸਮਝ ਕੇ ਕੁਝ ਰਕਮ ਇਕੱਤਰ ਕਰ ਕੇ ਅੱਗੇ ਲਿਆ ਧਰੀ। ਬੀਬੀ ਤਾਰੋ ਨੂੰ ਛੁਡਾ ਲਿਆ ਗਿਆ।

ਲੋਕਾਂ ਦੇ ਮਿੰਨਤ ਤਰਲਾ ਕਰਨ ‘ਤੇ ਪੁਲਸ ਨੇ ਮਾਂ ਤੇ ਭੈਣ ਨੂੰ ਆਗਿਆ ਦੇ ਦਿਤੀ ਕਿ ਉਹ ਅੱਗੇ ਹੋ ਕੇ ਤਾਰੂ ਸਿੰਘ ਨੂੰ ਮਿਲ ਲੈਣ। ਦੋਹਾਂ ਨੇ ਅੱਗੇ ਵਧ ਕੇ ਤਾਰੂ ਸਿੰਘ ਜੀ ਨੂੰ ਜੱਫੀ ਵਿਚ ਲੈ ਲਿਆ ਤੇ ਬੇਦੋਸ਼ਾ ਪੁਤ ਤੇ ਵੀਰ ਨੂੰ ਬੱਝਾ ਵੇਖ ਕੇ ਉਭੇ ਸਾਹੀਂ ਰੋਣ ਲੱਗ ਪਈਆਂ। ਉਹ ਸਮਝਦੀਆਂ ਸਨ ਕਿ ਇਸ ਨੇ ਹੁਣ ਕਦ ਮੁੜਨਾ ਹੈ, ਇਹ ਮੇਲੇ ਅਖ਼ੀਰ ਦੇ ਹਨ, ਦਿਲ ਹੰਝੂਆਂ ਰਾਹੀਂ ਵਹਿ ਤੁਰਿਆ। ਤਾਰੂ ਸਿੰਘ ਨੇ ਦੋਹਾਂ ਨੂੰ ਧੀਰਜ ਦੇਦਿਆਂ ਕਿਹਾ ਕਿ ਮੈਂ ਬਿਲਕੁਲ ਨਿਰਦੋਸ਼ ਹਾਂ। ਵਾਹਿਗੁਰੂ ਜਾਣਦਾ ਹੈ ਤੇ ਉਹੀ ਮੇਰਾ ਰਾਖਾ ਹੈ। ਤੁਸੀਂ ਸਬਰ ਤੇ ਹੌਸਲਾ ਕਰਨਾ ਹੈ। ਆਏ ਗਏ ਦੀ ਸੇਵਾ ਇੰਜ ਹੀ ਜਾਰੀ ਰਹੇ। ਗੁਰੂ ਕਾ ਲੰਗਰ ਸਦਾ ਵਾਂਗ ਚਲਦਾ ਰਹੇ, ਵਾਹਿਗੁਰੂ ਸਹਾਈ ਹੋਣਗੇ। ਕੋਈ ਝੂਠੀ ਆਸ ਨਹੀਂ ਰਖਣੀ। ਲਾਹੌਰ ਜਾ ਕੇ ਮੇਰਾ ਜੀਊਂਦਾ ਮੁੜਨਾ ਮੁਸ਼ਕਲ ਹੈ। ਮੈਨੂੰ ਨਿਸਚਾ ਹੈ, ਇਹ ਭਾਣਾ ਵਾਪਰ ਕੇ ਰਹਿਣਾ ਹੈ। ਸੋ ਤੁਸੀਂ ਉਸ ਦੀ ਰਜ਼ਾਅ ਵਿਚ ਰਹਿਣਾ ਹੈ। ਦਿਲ ਨਹੀਂ ਛੋਟਾ ਕਰਨਾ। ਜ਼ੋਰਾਵਰ ਸਿੰਘ ਤੇ ਫ਼ਤਹ ਸਿੰਘ ਦੀ ਕੁਰਬਾਨੀ ਨੂੰ ਚੇਤੇ ਰੱਖ ਕੇ ਚੜ੍ਹਦੀ ਕਲਾ ਵਿਚ ਰਹਿਓ ਵਾਹਿਗੁਰੂ ਨੂੰ ਅੰਗ ਸੰਗ ਸਮਝਣਾ। ਮੇਰੀ ਥਾਂ ਹੁਣ ਪਿੰਡ ਵਾਲਿਆਂ ਨੂੰ ਸਮਝਿਓ। ਤੁਹਾਡੇ ਲਈ ਇਹ ਸਾਰੇ ਹੀ ਤਾਰੂ ਸਿੰਘ ਹਨ। ਮਾਵਾਂ ਨੂੰ ਰੀਝ ਹੁੰਦੀ ਹੈ ਕਿ ਪੁਤ ਜਵਾਨ ਹੋਣ ਤੇ ਉਨ੍ਹਾਂ ਨੂੰ ਘੋੜੀ ਚੜ੍ਹਦਿਆਂ ਨੂੰ ਵੇਖਣ। ਭੈਣਾਂ ਵੀ ਇਹੋ ਹੀ ਚਾਹੁੰਦੀਆਂ ਹਨ। ਲਉ ਮੇਰੇ ਮਾਤਾ ਜੀ ਤੇ ਭੈਣ ਜੀ, ਮੈਂ ਅੱਜ ਘੋੜੀ ਚੜ ਚਲਿਆ ਹਾਂ। ਮਾਤਾ ਜੀ, ਭਰੋਸਾ ਰਖਿਓ, ਮੈਂ ਤੁਹਾਡੇ ਦੁੱਧ ਨੂੰ ਲਾਜ ਨਹੀਂ ਲਾਵਾਂਗਾ। ਸਿੱਖੀ ਦੀ ਸ਼ਾਨ ਨੂੰ ਕਲੰਕਤ ਨਹੀਂ ਕਰਾਂਗਾ।

ਫਿਰ ਪਿੰਡ ਵਾਲਿਆਂ ਨੂੰ ਕਿਹਾ-ਮੇਰੇ ਬਜ਼ੁਰਗੋ ਤੇ ਭਰਾਵੋ, ਜੇ ਮੇਰੇ ਬਾਪੂ ਜੀ ਜੀਉਂਦੇ ਹੁੰਦੇ ਤਾਂ ਮਾਂ ਤੇ ਭੈਣ ਦੀ ਸੌਂਪਣਾ ਦੀ ਖੇਚਲ ਤੁਹਾਨੂੰ ਨਾ ਦੇਂਦਾ। ਉਹ ਆਪੇ ਸਾਰੀ ਗੱਲ ਨੂੰ ਸਾਂਭ ਲੈਂਦੇ। ਮੈਨੂੰ ਕੋਈ ਫ਼ਿਕਰ ਨਾ ਰਹਿੰਦਾ। ਤੁਹਾਡੇ ਬਿਨਾਂ ਹਣ ਇਨ੍ਹਾਂ ਦੁਖੀਆਂ ਦਾ ਕੌਣ ਹੈ ? ਇਸ ਲਈ ਹੁਣ ਇਨ੍ਹਾਂ ਦੀ ਬਾਂਹ ਤੁਹਾਡੇ ਹੱਥ ਫੜਾ ਚਲਿਆ ਹਾਂ। ਮੇਰੀ ਤੁਹਾਨੂੰ ਸਾਰਿਆਂ ਨੂੰ ਹੁਣ ਇਹ ਆਖ਼ਰੀ ਫ਼ਤਹ ਹੈ।

ਕੋਈ ਐਸੀ ਅੱਖ ਨਹੀਂ, ਜੋ ਤਰੱਪ ਤਰੱਪ ਹੰਝ ਨਾ ਕਰ ਰਹੀ ਹੋਵੇ। ਪੱਥਰ-ਦਿਲ ਪੁਲਸ ਵਾਲਿਆਂ ‘ਚੋਂ ਕਈਆਂ ਦੇ ਦਿਲ ਘਰ ਗਏ ਸਨ। ਦਿਲ ਦੀ ਪੀੜਾ ਅੱਖਾਂ ਵਿਚ ਆ ਗਈ। ਪਰ ਇਹ ਹੁਕਮ ਦੇ ਬੱਧੇ ਮੁਲਾਜ਼ਮ ਸਨ। ਕੀ ਕਰ ਸਕਦੇ ਸਨ ?

ਇਕ ਸਵਾਰ ਦੇ ਪਿਛੇ ਭਾਈ ਤਾਰੂ ਸਿੰਘ ਜੀ ਨੂੰ ਬਿਠਾ ਕੇ ਪਾਣੇ ਪਿੰਡ ਵਲ ਲੈ ਤੁਰੋ। ਕਈ ਭੁਬਾਂ ਮਾਰ ਕੇ ਰੋ ਉਠੇ। ਮਾਯੂਸੀ ਤੇ ਗ਼ਮ ਦੀਆਂ ਮੂਰਤਾਂ ਬਣੇ, ਜਾਂਦੀ ਪੁਲਸ ਨੂੰ ਤੱਕ ਰਹੇ ਸਨ। ਮਾਂ ਤੇ ਭੈਣਾਂ ਦੇ ਦਿਲਾਂ ਦੀ ਪੀੜ ਨੂੰ ਕੋਈ ਆਲ-ਔਲਾਦ ਵਾਲਾ ਹੀ ਸਮਝ ਸਕਦੈ। ਅੱਖਾਂ ਦੇ ਸਾਹਮਣੇ ਮਾਂ ਦੇ ਇਕੱਲੇ ਪੁਤ ਤੇ ਭੈਣ ਦੇ ਇਕੋ ਇਕ ਵੀਰੋ ਨੂੰ ਮੌਤ ਦੇ ਘਾਟ ਵਲ ਲਈ ਜਾ ਰਹੇ ਸਨ। ਜਦ ਤਕ ਦਿਸਦਾ ਰਿਹਾ, ਇਕ ਆਸ ਜਿਹੀ ਬੱਝੀ ਰਹੀ, ਨਜ਼ਰ ਪਿੱਛਾ ਕਰਦੀ ਰਹੀ। ਜਦ ਜਾਂਦੇ ਦਿਸਣੋਂ ਹਟ ਗਏ ਤਾਂ ਮਾਵਾਂ ਧੀਆਂ ਝਿਸੀਆਂ ਵੱਟੀ, ਹੌਕੇ ਲੈਂਦੀਆਂ ਘਰ ਨੂੰ ਤੁਰ ਪਈਆਂ। ਸਾਰੇ ਲੋਕ ਡੌਰ-ਭੌਰੇ ਹੋਏ ਪਏ ਸਨ ਕਿ ਇਹ ਕੀ ਭਾਣਾ ਵਾਪਰ ਗਿਆ ਹੈ। ਸਾਰੇ ਘਰ ਤਕ ਨਾਲ ਆਏ। ਸਾਰਿਆਂ ਦੇ ਦਿਲਾਂ ਵਿਚ ਆਉਣ ਵਾਲੇ ਦੋ ਚਾਰ ਦਿਨਾਂ ਵਿਚ ਵਾਪਰਨ ਵਾਲੇ ਭਾਣੇ ਦਾ ਨਕਸ਼ਾ ਸੀ, ਜੋ ਕਿਸੇ ਨੂੰ ਮੂੰਹ ਨਹੀਂ ਸੀ ਖੋਣ ਦੇਂਦਾ। ਕੌਣ ਅੱਗੇ ਵਧ ਕੇ ਮਾਂ ਦੇ ਦਿਲ ਨੂੰ ਢਾਸਣਾ ਦੇਵੇ। ਸੂਰਜ ਹੁੰਦਿਆਂ ਪੂਹਲਿਆਂ ਵਿਚ ਗਹਿਰਾ ਹਨੇਰ ਪਸਰਿਆ ਹੋਇਆ ਸੀ।

ਅਜੇ ਦਿਨ ਨਹੀਂ ਸੀ ਅਸਤਿਆ ਜਦ ਪੁਲਸ ਦਾ ਦਸਤਾ ਭਾਈ ਤਾਰੂ ਸਿੰਘ ਨੂੰ ਲੈ ਕੇ ਪਿੰਡ ਪਢਾਣੇ ਪਹੁੰਚ ਕੇ ਰਾਤ-ਕਟੀ ਲਈ ਪਿੰਡ ਦੀ ਸਥ ਵਿਚ ਆਣ ਉਤਰਿਆ ਤੇ ਚੌਧਰੀ ਨੂੰ ਬੁਲਾ ਕੇ ਘੋੜਿਆਂ ਦੇ ਦਾਣੇ-ਪੱਠੇ ਤੇ ਪੁਲਸ ਦੀਆਂ ਰੋਟੀਆਂ ਦਾ ਹੁਕਮ ਦਿਤਾ। ਪਿੰਡ ਵਿਚ ਪਲੋ ਪਲੀ ਜੰਗਲ ਦੀ ਅੱਗ ਵਾਂਗ ਇਹ ਖ਼ਬਰ ਫੈਲ ਗਈ ਕਿ ਇਹ ਪੁਲਸ-ਦਸਤਾ ਖ਼ਾਨ ਬਹਾਦਰ ਨਾਜ਼ਿਮ ਲਾਹੌਰ ਦੇ ਹੁਕਮ ਤਹਿਤ ਭਾਈ ਤਾਰੂ ਸਿੰਘ ਪੂਹਲਿਆਂ ਵਾਲੇ ਨੂੰ ਫੜ ਕੇ ਲਾਹੌਰ ਲਈ ਜਾ ਰਿਹਾ ਹੈ। ਭਾਈ ਤਾਰੂ ਸਿੰਘ ਦੀ ਪ੍ਰਭਤਾ ਤੇ ਨਾਮ ਦੂਰ ਦੂਰ ਤਕ ਫੈਲਿਆ ਹੋਇਆ ਸੀ। ਸਾਰੇ ਜਾਣਦੇ ਸਨ ਕਿ ਇਹ ਹਰ ਇਕ ਦਾ ਸਹਾਈ ਹੈ ਤੇ ਬਿਨਾਂ ਕਿਸੇ ਭਿੰਨ-ਭੇਤ ਦੇ ਆਏ ਗਏ ਦੀ ਸੇਵਾ ਆਦਰ ਕਰਨ ਵਾਲਾ ਸਾਧੂ ਸੁਭਾਅ ਗੁਰਮੁਖ ਸਿੰਘ ਹੈ। ਭਾਵੇਂ ਚੁਗ਼ਲਾਂ ਤੇ ਮੁਖ਼ਬਰਾਂ ਨੇ ਇਲਾਕੇ ਵਿਚ ਬਹੁਤ ਹੀ ਵਧੀਕੀਆਂ ਤੇ ਪਾਪ ਕੀਤੇ ਸਨ, ਪਰ ਅੱਜ ਤਕ ਕਿਸੇ ਨੇ ਇਸ ਵਲ ਕਿਸੇ ਅਪਰਾਧ ਦੇ ਦੋਸ਼ ਵਜੋਂ ਉੱਗਲੀ ਨਹੀਂ ਸੀ ਉਠਾਈ। ਅੱਜ ਕਿਉਂ ਏਕਾ ਏਕ ਇਸ ਦਰਵੇਸ਼ ਨੂੰ ਫੜ ਕੇ ਲਈ ਜਾਂਦੇ ਹਨ। ਕੁਝ ਆਦਮੀਆਂ ਜਾ ਕੇ ਭਾਈ ਸਾਹਿਬ ਦੀਆਂ ਮੁਸ਼ਕਾਂ ਕਸੀਆਂ ਹੋਈਆਂ ਅੱਖੀਂ ਵੇਖੀਆਂ। ਉਹ ਭਾਵੇਂ ਬੈਠਾ ਮੰਜੇ ਤੇ ਸੀ, ਪਰ ਬਣਾਇਆ ਬੰਦੀ ਸੀ। ਤਸੱਲੀ ਹੋ ਗਈ ਕਿ ਗੱਲ ਠੀਕ ਹੈ।

ਸਾਰਿਆਂ ਨੂੰ ਇਸ ਗੱਲ ਦਾ ਗਿਆਨ ਸੀ ਕਿ ਲਾਹੌਰੋਂ ਸਿੰਘ ਜੀਉਂਦਾ ਨਹੀਂ ਮੁੜਨਾ। ਇਹ ਬੇਦੋਸ਼ਾ ਸਿੰਘ, ਜੋ ਇਕ ਪਰਮਾਤਮਾ ਸਰੂਪ ਹੈ ਤੇ ਜਿਸ ਨੇ ਅਜੇ ਤਕ ਕਿਸੇ ਦਾ ਦਿਲ ਨਹੀਂ ਦੁਖਾਇਆ, ਇੰਜ ਅਜਾਈਂ ਮਾਰਿਆ ਜਾਣਾ ਬੜੀ ਮਾੜੀ ਗੱਲ ਹੈ। ਪੁਲਸ ਵਾਲਿਆਂ ਪੋਲੇ ਪੈਰੀਂ ਤਾਂ ਛਡਣਾ ਨਹੀਂ, ਪਰ ਜਿਵੇਂ ਕਿਵੇਂ ਵੀ ਹੋ ਸਕੇ, ਭਾਈ ਸਾਹਿਬ ਨੂੰ ਛੁਡਾ ਲਿਆ ਜਾਵੇ। ਛੁਡਾਉਣ ਦਾ ਇਕੋ ਰਾਹ ਸੀ ਕਿ ਉਨ੍ਹਾਂ ਨੂੰ ਪੁਲਸ ਤੋਂ ਜ਼ਬਰਦਸਤੀ ਖੋਹ ਲਿਆ ਜਾਵੇ। ਕੁਝ ਮਨਚਲੇ ਗਭਰੂਆਂ ਕਿਹਾ ਕਿ ਸੁੱਕਾ-ਪੁੱਕਾ ਛੁਡਾ ਲੈਣ ਦਾ ਕੀ ਮਤਲਬ ਹੈ, ਪੁਲਸ ਨੂੰ ਵੀ ਰੱਜ ਕੇ ਕੁੱਟਿਆ ਜਾਵੇ। ਜੋ ਕੁਝ ਬਿਪਤਾ ਪਵੇਗੀ, ਸਿਰਾਂ ਤੇ ਝਲ ਲਵਾਂਗੇ। ਪਰ ਪੁਲਸ ਵੀ ਤਾਂ ਯਾਦ ਰਖੂ ਕਿ ਗਏ ਸਾਂ ਕਿਸੇ ਬੇਦੋਸ਼ੇ ਨੂੰ ਫੜਨ।

ਇਹ ਮਤਾ ਪਕਾਅ ਕੇ ਗਭਰੂ ਸੋਟੇ ਸੇਲੇ ਤੇ ਤਾਂਬਲ, ਜੋ ਹੱਥ ਵਿਚ ਆਇਆ, ਲੈ ਕੇ ਛੇਵੀਂ ਪਾਤਸ਼ਾਹੀ ਦੇ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋ ਗਏ। ਕੁਝ ਬਜ਼ੁਰਗ ਬਾਬੇ ਵੀ ਇਥੇ ਆਣ ਪਹੁੰਚੇ ਸਨ। ਸਾਰਿਆਂ ਦਾ ਜੋਸ਼ ਡੁਲ੍ਹ ਡੁੱਲ੍ਹ ਪੈਂਦਾ ਸੀ। ਇੰਜ ਜਾਪਦਾ ਸੀ ਕਿ ਇਹ ਹੁਣ ਵੀ ਪੁਲਸ ਦੇ ਗਲ ਪਏ ਕਿ ਪਏ। ਪਰ ਇਕ ਵਡੇਰੀ ਉਮਰ ਦੇ ਸਿੰਘ ਨੇ ਬੜੇ ਗੰਭੀਰ ਆਵਾਜ਼ ਵਿਚ ਕਿਹਾ, “ਸੂਰਮਿਓ , ਜ਼ਰਾ ਕੁ ਜੋਰਾ ਕਰੋ। ਜੋ ਕੁਝ ਤੁਸਾਂ ਮਤਾ ਪਕਾਇਆ ਹੈ ਤੇ ਜੋ ਕਰਨਾ ਚਾਹੁੰਦੇ ਹੋ, ਤੁਹਾਨੂੰ ਇਹੋ ਹੀ ਸ਼ੋਭਦਾ ਹੈ। ਮੇਰੀ ਅਰਜੋਈ ਮੰਨੋ ਤਾਂ ਇਕ ਵਾਰ ਭਾਈ ਜੀ ਦੇ ਮਨ ਦੀ ਵੀ ਪੁਛ ਲੈਣੀ ਚਾਹੀਦੀ ਹੈ ਕਿ ਇਸ ਮਤੇ ਬਾਰੇ ਉਨ੍ਹਾਂ ਦਾ ਕੀ ਇਰਾਦਾ ਹੈ। ਉਹ ਧਰਮੀ ਤੇ ਬੰਦਗੀ ਵਾਲੇ ਸਿੰਘ ਹਨ। ਮੌਤ ਦਾ ਉਨ੍ਹਾਂ ਨੂੰ ਕੋਈ ਡਰ ਨਹੀਂ। ਮੈਂ ਕਈ ਵਾਰ ਉਨ੍ਹਾਂ ਦੇ ਪੂਹਲੀ ਦਰਸ਼ਨ ਕੀਤੇ ਹਨ ਤੇ ਉਨ੍ਹਾਂ ਪਾਸ ਰਾਤਾਂ ਵੀ ਕੱਟੀਆਂ ਹਨ। ਆਪਾਂ ਜੇ ਉਨ੍ਹਾਂ ਦੀ ਇਛਾ ਤੋਂ ਬਿਨਾਂ ਉਨ੍ਹਾਂ ਨੂੰ ਛੁਡਾ ਲਈਏ ਤਾਂ ਹਕੁਮਤ ਨੇ ਤਾਂ ਖ਼ੈਰ ਨਹੀਂ ਗੁਜ਼ਾਰਨੀ। ਸਾਡੇ ਬਚਾਅ ਲਈ ਉਹ ਕਲ ਤਾਈਂ ਆਪ ਹੀ ਲਾਹੌਰ ਜਾ ਪੇਸ਼ ਹੋਣ। ਕਿਉਂਕਿ ਉਹ ਇਹੋ ਜਿਹੀ ਰਿਹਾਈ ਲੈ ਕੇ ਜ਼ਿੰਦਾ ਰਹਿਣਾ ਅਤੀ ਕਾਇਰਤਾ ਸਮਝਣਗੇ। ਇਹ ਉਨ੍ਹਾਂ ਦੇ ਗੁਰਸਿਖ ਜੀਵਨ ਦੀ ਸ਼ਾਨ ਦੇ ਅਨਕੁਲ ਨਹੀਂ ਹੈ। ਇਹ ਮੇਰਾ ਪੱਕਾ ਨਿਸਚਾ ਹੈ। ਅੱਗੇ ਤੁਹਾਡੀ ਮਰਜ਼ੀ। ਫਿਰ ਵੀ ਅੰਤ ਵਿਚ ਮੈਂ ਇਹੋ ਹੀ ਕਹਾਂਗਾ ਕਿ ਉਨ੍ਹਾਂ ਦੀ ਆਗਿਆ ਤੋਂ ਬਿਨਾਂ ਕੁਝ ਨਾ ਕਰਿਓ।”

ਇਹ ਸੁਣ ਕੇ ਸਾਰਿਆਂ ਹਾਜ਼ਰ ਸਿੰਘਾਂ ਨੇ ਉਸ ਬਜ਼ੁਰਗ ਸਿੰਘ ਨੂੰ ਬੇਨਤੀ ਕੀਤੀ ਕਿ ਤੁਸੀਂ ਆਪ ਹੀ ਸਹਿਜ ਨਾਲ ਜਾ ਕੇ ਭਾਈ ਜੀ ਦੀ ਸਲਾਹ ਲੈ ਆਉ। ਉਹ ਸਿੰਘ ਤਾਂ ਇਸ ਕੰਮ ਲਈ ਤੁਰ ਗਿਆ, ਬਾਕੀ ਵਾਹਿਗੁਰੂ ਅੱਗੇ ਅਰਦਾਸ ਕਰਨ ਲੱਗ ਪਏ ਕਿ ਹੇ ਸੱਚੇ ਪਾਤਸ਼ਾਹ ! ਰਹਿਮ ਕਰ ਕੇ ਭਾਈ ਜੀ ਦੇ ਮੂੰਹੋਂ ਇਕ ਵਾਰ ‘ਹਾਂ’ ਕਢਵਾ ਦੇਹ ਤੇ ਸਾਡੇ ਦਿਲ ਦੀਆਂ ਹੋ ਜਾਣ। ਫਿਰ ਪੁਲਸ ਵਾਲੇ ਪਰਚੰਡ ਉਡਦੇ ਵੇਖਿਓ। ਅਰਕਾਂ ਤੇ ਗੋਡਿਆਂ ਤੋਂ ਬਾਹੀਂ ਲਤਾਂ ਭੰਨਾਂਗੇ। ਹੇ ਮੀਰੀ ਪੀਰੀ ਦਿਆ ਮਾਲਕਾ ! ਅੱਜ ਸਾਡੀ ਜੋਦੜੀ ਸੁਣ ਲੈ।

ਉਹ ਸਿੰਘ ਗੁਰਦੁਆਰਾ ਸਾਹਿਬਾਂ ਘਰ ਆਇਆ ਤੇ ਦੁੱਧ ਲੈ ਕੇ ਭਾਈ ਜੀ ਨੂੰ ਛਕਾਉਣ ਦੇ ਪੱਜ ਉਥੇ ਜਾ ਪਹੁੰਚਿਆ। ਪੁਲਸ ਨੇ ਉਸ ਨੂੰ ਨਾ ਰੋਕਿਆ। ਸਿੰਘ ਨੇ ਮੌਕਾ ਪਾ ਕੇ ਅਸਲੋਂ ਮੱਧਮ ਅਵਾਜ਼ ਵਿਚ ਪਿੰਡ ਵਾਲਿਆਂ ਦਾ ਮਤਾ ਦੱਸਿਆ ਕਿ ਉਹ ਪੁਲਸ ਪਾਸੋਂ ਤੁਹਾਨੂੰ ਜ਼ਬਰਦਸਤੀ ਛੁਡਾਉਣਾ ਚਾਹੁੰਦੇ ਹਨ ਤੇ ਇਸ ਕੰਮ ਲਈ ਸੋਟੇ ਲੈ ਕੇ ਗੁਰਦੁਆਰਾ ਸਾਹਿਬ ਵਿਖੇ ਤੁਹਾਡੀ ‘ਹਾਂ’ ਦੀ ਉਡੀਕ ਵਿਚ ਬੈਠੇ ਹਨ। ਕਹਿੰਦੇ ਹਨ ਕਿ ਭਾਈ ਜੀ ਨਿਰਦੋਸ਼ ਹਨ ਤੇ ਅਸੀਂ ਪੁਲਸ ਨੂੰ ਇਹ ਨਹੀਂ ਕਰਨ ਦੇਣਾ ਕਿ ਤੁਹਾਨੂੰ ਲਾਹੌਰ ਲੈ ਜਾਵੇ। ਸਾਡਾ ਫ਼ਿਕਰ ਨਾ ਕਰਨ। ਅਸੀਂ ਹਰ ਬਿਪਤਾ ਨੂੰ ਗੱਜ ਵੱਜ ਕੇ ਸਿਰ ‘ਤੇ ਝਲਾਂਗੇ। ਵੱਡੀ ਗੱਲ ਤਾਂ ਇਹੋ ਹੀ ਹੋਵੇਗੀ ਨਾ, ਕਿ ਖ਼ਾਨ ਬਹਾਦਰ ਦੀ ਫ਼ੌਜ ਆ ਕੇ ਪਿੰਡ ਸਾੜ-ਫੁਕ ਦੇਵੇਗੀ। ਅਸੀਂ ਸਾਲ ਦੋ ਸਾਲ ਲਈ ਜੰਗਲਾਂ ਵਿਚ ਜਾ ਟਿਕਾਂਗੇ। ਸਾਡੇ ਹੋਰ ਵੀ ਭਰਾ ਤਾਂ ਇੰਜ ਹੀ ਦਿਨ-ਕਟੀ ਕਰ ਰਹੇ ਹਨ। ਜਦ ਬਲ ਪਊ, ਫਿਰ ਪਿੰਡ ਆਣ ਵਸਾਵਾਂਗੇ।

ਭਾਈ ਸਾਹਿਬ ਨੇ ਉਸ ਨੂੰ ਧੀਰਜ ਦੇ ਕੇ ਕਿਹਾ, “ਖ਼ਾਨ ਬਹਾਦਰ ਦਾ ਜ਼ੁਲਮ-ਜਬਰ ਦਾ ਭਠ ਕੁਰਬਾਨੀ ਦਾ ਲਹੂ ਪਿਆਂ ਹੀ ਠੰਡਾ ਹੋਣਾ ਹੈ। ਅੱਜ ਮੈਨੂੰ ਵਾਹਿਗੁਰੂ ਨੇ ਇਹ ਮੌਕਿਆ ਬਖ਼ਸ਼ਿਆ ਹੈ ਤੇ ਖੁੰਝਿਆਂ ਪਤਾ ਨਹੀਂ ਫਿਰ ਕਦੋਂ ਮਿਲੇ। ਤੁਹਾਨੂੰ ਵਖਤ ਵਿਚ ਪਾ ਕੇ ਮੈਂ ਬਚ ਨਿਕਲਾਂ, ਪੰਥ ਨੂੰ ਕੀ ਮੂੰਹ ਵਿਖਾਵਾਂਗਾ ਤੇ ਵਾਹਿਗੁਰੂ ਪਾਸ ਕਿਵੇਂ ਸੁਰਖ਼ਰੂ ਹੋ ਕੇ ਜਾਵਾਂਗਾ। ਸਿਰ ਦਿੱਤਿਆਂ ਜ਼ੁਲਮ ਦੇ ਭਾਂਬੜ ਠੰਡੇ ਹੋਣੇ ਹਨ। ਕੁਰਬਾਨੀ ਤੋਂ ਮੁਖ ਮੋੜਨਾ ਸਿੰਘਾਂ ਦੀ ਸ਼ਾਨ ਦੇ ਉਲਟ ਹੈ। ਜਿਸ ਮੌਤ ਲਈ ਮੈਂ ਅੱਜ ਜਾ ਰਿਹਾ ਹਾਂ, ਇਸ ਨਾਲ ਪੰਥ ਦੀ ਚੜਦੀ ਕਲਾ ਹੋਵੇਗੀ ਤੇ ਜ਼ੁਲਮ ਪਾਪ ਦਾ ਨਾਸ ਹੋਵੇਗਾ। ਜੇ ਮੈਂ ਮੌਤੋਂ ਡਰ ਕੋ ਬਚ ਨਿਕਲਣਾ ਹੁੰਦਾ ਤਾਂ ਮੈਂ ਪਿੰਡ ਵੀ ਪੁਲਸ ਪਾਸੋਂ ਨੱਠ ਸਕਦਾ ਸਾਂ। ਜੰਗਲ ਵਿਚ ਚਲਿਆ ਜਾਂਦਾ ਤਾਂ ਕਿਸ ਮਾਈ ਦੇ ਲਾਲ ਮੇਰੇ ਪਿਛੇ ਆਉਣਾ ਸੀ। ਕੁਰਬਾਨੀ ਦਾ ਸਮਾਂ ਆ ਗਿਆ ਹੈ। ਮੈਂ ਸ਼ਹੀਦੀ ਗਾਨਾ ਬੰਨ੍ਹ ਕੇ ਤੁਰਿਆ ਹਾਂ, ਹੁਣ ਵਾਪਸ ਜਾਣਾ ਅਸੰਭਵ ਹੈ। ਸਤਿਗੁਰਾਂ ਨੇ ਸਿੰਘਾਂ ਨੂੰ ਭਾਣੇ ਵਿਚ ਰਹਿਣ ਦਾ ਸਬਕ ਦ੍ਰਿੜਾਇਆ ਹੈ, ਇਸ ਤੋਂ ਬਾਹਰ ਜਾਣਾ ਸਿਖ ਨੂੰ ਸੋਭਦਾ ਨਹੀਂ। ਤੁਸੀਂ ਹੁਣ ਵਾਪਸ ਜਾ ਕੇ ਸਾਰਿਆਂ ਨੂੰ ਮੇਰੇ ਵਲੋਂ ਪਿਆਰ ਨਾਲ ਫ਼ਤਹ ਬੁਲਾ ਕੇ, ਮੇਰੀ ਕੀਤੀ ਬੇਨਤੀ ਦੱਸ ਕੇ ਚੁਪ-ਚਾਪ ਘਰਾਂ ਨੂੰ ਲੈ ਜਾਵੋ। ਕਿਸੇ ਵੀ ਕਿਸਮ ਦਾ ਉਪੱਧਰ ਨਹੀਂ ਕਰਨਾ। ਇਹ ਮੇਰੀ ਤੁਹਾਡੇ ਸਾਰਿਆਂ ਅੱਗੇ ਜੋਦੜੀ ਹੈ ।

ਉਸ ਸਿੰਘ ਨੇ ਵਾਪਸ ਆ ਕੇ ਜੋ ਭਾਈ ਸਾਹਿਬ ਨੇ ਕਿਹਾ ਸੀ, ਕਹਿ ਸੁਣਾਇਆ। ਪੁਲਸ ਵਿਰੁੱਧ ਲੂਹਰੀਆਂ ਲੈ ਰਹੇ ਤੇ ਫਰਕਦੇ ਡੌਲੇ ਸ਼ਾਂਤ ਹੋ ਗਏ ! ਸਿੰਘ ਦਿਲ ਮਸੋਸਦੇ ਹੋਏ ਘਰਾਂ ਨੂੰ ਪਰਤ ਗਏ।

ਦਿਨ ਚੜਿਆ ਤੇ ਪੁਲਸ ਨੰਬਰਦਾਰਾਂ ਦਾ ਲਿਆਂਦਾ ਲੱਸੀ ਪਾਣੀ ਛਕ ਕੇ ਲਾਹੌਰ ਨੂੰ ਉਠ ਤੁਰੀ। ਪੁਲਸ ਭਾਈ ਸਾਹਿਬ ਨੂੰ ਲੈ ਕੇ ਦੁਪਹਿਰ ਤੋਂ ਪਹਿਲਾਂ ਹੀ ਲਾਹੌਰ ਜਾ ਪਹੁੰਚੀ।

ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ

ਮੋਮਨ ਖ਼ਾਨ ਨੇ ਭਾਈ ਤਾਰੂ ਸਿੰਘ ਨੂੰ ਹਥਕੜੀ ਤੇ ਬੇੜੀਆਂ ਪਾ ਕੇ ਜ਼ਕਰੀਆ ਖ਼ਾਨ ਦੀ ਲੱਗੀ ਕਚਹਿਰੀ ਵਿਚ ਜਾ ਪੇਸ਼ ਕੀਤਾ, ਭਰੀ ਕਚਹਿਰੀ ਵਿਚ ਭਾਈ ਤਾਰੂ ਸਿੰਘ ਜੀ ਨੇ ਗਜਵੀਂ ਆਵਾਜ਼ ਵਿਚ ਉੱਚੀ ਸਾਰੀ ਫ਼ਤਹ ਬੁਲਾਈ। ਦੀਵਾਨ ਲਖਪਤ ਰਾਏ ਤੜਫ਼ ਉਠਿਆ ਤੇ ਕਿਹਾ, “ਸਿਖੜਿਆ ! ਇਹ ਅਨੰਦਪੁਰ ਵਿਖੇ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਜਾਂ ਅੰਮ੍ਰਿਤਸਰ ਦਾ ਹਰਿਮੰਦਰ ਨਹੀਂ, ਜਿਥੇ ਤੇਰੀ ਬੁਲਾਈ ਫ਼ਤਹ ਪਰਵਾਨ ਹੋਵੇਗੀ। ਇਹ ਮੁਗਲੀਆ ਰਾਜ ਦੇ ਪੰਜਾਬ ਦੇ ਨਾਜ਼ਮ ਸਾਹਿਬ ਜਨਾਬ ਖ਼ਾਨ ਬਹਾਦਰ ਸਾਹਿਬ ਦੀ ਕਚਹਿਰੀ ਹੈ। ਇਥੇ ਸਲਾਮ ਬੁਲਾਈਦੀ ਹੈ; ਸਿਰਫ਼ ਸਲਾਮ ਹੀ ਕਬੂਲ ਹੁੰਦੀ ਹੈ। ਜੇ ਜ਼ਿੰਦਗੀ ਚਾਹੁੰਦਾ ਹੈਂ ਤਾਂ ਨਾਜ਼ਿਮ ਸਾਹਿਬ ਨੂੰ ਝੁਕ ਕੇ ਸਲਾਮ ਕਰ ਤੇ ਨਾਲ ਹੀ ਫ਼ਤਹ ਬੁਲਾਉਣ ਦੀ ਗੁਸਤਾਖੀ ਲਈ ਹੱਥ ਜੋੜ ਕੇ ਮੁਆਫ਼ੀ ਮੰਗ, ਨਹੀਂ ਤਾਂ ਮੌਤ ਦੇ ਘਾਟ ਉਤਾਰ ਦਿਤਾ ਜਾਵੇਂਗਾ।”

ਭਾਈ ਤਾਰੂ ਸਿੰਘ ਜੀ ਨੇ ਬੜੀ ਧੀਰਜ ਤੇ ਨਿਰਭੈਤਾ ਨਾਲ ਉੱਤਰ ਦਿਤਾ-ਮੌਤ ਤੋਂ ਬੁਜ਼ਦਿਲ ਤੇ ਕਾਇਰ ਲੋਕ ਡਰਿਆ ਕਰਦੇ ਹਨ। ਅਸੀਂ ਖੰਡੇ ਦੀ ਧਾਰ ਚੋਂ ਪੈਦਾ ਹੋਏ ਹਾਂ। ਮੌਤ ਤਾਂ ਸਾਡੀ ਖਿਡਾਰੀ ਹੈ। ਮਰਦਾਂ ਦੀ ਮੌਤੇ ਮਰਨ ਵਾਲੇ ਮੌਤ ਨੂੰ ਅਗਲਵਾਂਢੀ ਹੋ ਕੇ ਮਿਲਿਆ ਕਰਦੇ ਹਨ; ਡਰਿਆ ਨਹੀਂ ਕਰਦੇ। ਦੀਵਨ ਸਾਹਿਬ, ਤੁਹਾਨੂੰ ਭਲੀ ਭਾਂਤ ਪਤਾ ਹੈ ਕਿ ਸਿੰਘ ਸਦਾ ਫ਼ਤਹ ਗਜਾਉਂਦੇ ਹਨ ਤੇ ਰਹਿੰਦੀ ਦੁਨੀਆ ਤਕ ਗਜਾਉਂਦੇ ਰਹਿਣਗੇ।”

ਖ਼ਾਨ ਬਹਾਦਰ ਐਸਾ ਦਲੇਰੀ ਭਰਿਆ ਜਵਾਬ ਸੁਣ ਕੇ ਬੜਾ ਕ੍ਰੋਧ ਵਿਚ ਆਇਆ। ਉਸ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਭਾਈ ਤਾਰੂ ਸਿੰਘ ਨੇ ਬੜੀ ਨਿਰਭੈਤਾ ਸਹਿਤ ਸਿੰਘ-ਤਕਣੀ ਨਾਲ ਉਸ ਵਲ ਵੇਖਦਿਆਂ ਪੁਛਿਆਂ, ” ਮੈਨੂੰ ਕਿਸ ਦੋਸ਼ ਵਿਚ ਬੰਦੀ ਬਣਾ ਕੇ ਇਥੇ ਮੰਗਵਾਇਆ ਹੈ ?”

ਭਖੇ ਹੋਏ ਖ਼ਾਨ ਬਹਾਦਰ ਨੇ ਕੜਕ ਕੇ ਕਿਹਾ, “ਤਾਰੂ ਸਿੰਘਾ, ਤੇਰੀਆਂ ਕਰਤੂਤਾਂ ਦਾ ਪੂਰੀ ਤਰ੍ਹਾਂ ਪਤਾ ਲੱਗ ਚੁਕਾ ਹੈ। ਤੂੰ ਹਕੂਮਤ ਦੇ ਬਾਗੀਆਂ ਨੂੰ ਪਨਾਹ ਦੇ ਕੇ ਆਪਣੇ ਪਾਸ ਰਖਦਾ ਹੈਂ। ਡਾਕੂ ਤੇ ਧਾੜਵੀ ਤੇਰੇ ਪਾਸ ਆ ਕੇ ਟਿਕਦੇ ਹਨ ਤੇ ਇਨ੍ਹਾਂ ਪਾਸੋਂ ਮਾਝੇ ਵਿਚ ਦੂਰ ਦੂਰ ਤਕ ਸੰਨ੍ਹਾਂ ਲਵਾਉਂਦਾ, ਡਾਕੇ ਤੇ ਧਾੜੇ ਮਰਵਾਉਂਦਾ ਹੈਂ ਅਤੇ ਐਸੀਆਂ ਹੋਰ ਵਾਰਦਾਤਾਂ ਕਰਾਉਂਦਾ ਰਹਿੰਦਾ ਹੈਂ। ਲੁਟ ਤੇ ਚੋਰੀ-ਡਾਕਿਆਂ ਦੇ ਮਾਲ ’ਚੋਂ ਹਿੱਸਾ ਲੈਂਦਾ ਹੈਂ ਤੇ ਪਰਦਾ-ਪੋਸ਼ੀ ਲਈ ਜ਼ਾਹਰਾ ਤੌਰ ਤੇ ਗਰੀਬਾਂ ਅਮੀਰਾਂ ਲਈ ਲੰਗਰ ਦਾ ਢੋਂਗ ਰਚਿਆ ਹੋਇਆ ਹੈ। ਜੋ ਕੁਝ ਪੱਟੀ ਵਿਚ ਹੋਇਆ ਹੈ ਤੇ ਫ਼ੌਜਦਾਰ ਨਾਲ ਜੋ ਵਾਪਰੀ ਹੈ, ਉਸ ਸਾਰੇ ਦਾ ਤੂੰ ਹੀ ਮੋਢੀ ਹੈ। ਕਿਸੇ ਗੱਲੋਂ ਮੁਕਰੇਂ ਤਾਂ ਹਰ-ਭਗਤ ਨਿਰੰਜਨੀਆ ਜੰਡਿਆਲੇ ਵਾਲਾ ਠੋਸ ਸਬੂਤ ਦੇ ਕੇ ਆਪਣੀ ਗਵਾਹੀ ਨਾਲ ਤੇਰੇ ਅਪਰਾਧ ਸਾਬਤ ਕਰ ਸਕਦੈ।”

ਅਗੋਂ ਭਾਈ ਤਾਰੂ ਸਿੰਘ ਜੀ ਨੇ ਉੱਤਰ ਦਿੱਤਾ, “ਤੇਰੇ ਝੂਠੇ ਗਵਾਹਾਂ ਦੀ ਲੋੜ ਤਦ ਪਵੇ ਜੇ ਤਾਰੂ ਸਿੰਘ ਵੀ ਝੂਠ ਬੋਲਣ ਜਾਣਦਾ ਹੋਵੇ। ਤੇਰੀ ਨਿਗਾਹ ਵਿਚ ਤੇਰੇ ਇਹ ਗਵਾਹ ਬਹੁਤ ਸੱਚੇ ਹਨ। ਜੋ ਕੁਝ ਕਹਿੰਦੇ ਹਨ ਠੀਕ ਹੈ। ਉਹ ਤਾਂ ਕਾਇਰਾਂ ਵਾਂਗ ਲੁਕ ਛਿਪ ਕੇ ਤੇਰੇ ਪਾਸ ਆ ਕੇ ਝੂਠ ਸੱਚ ਗੰਢ ਕੇ ਲੂਤੀਆਂ ਫੂਕਦੇ ਹਨ। ਤੇ ਅੰਦਰੋਂ ਕਿਸੇ ਡਰ ਨਾਲ ਉਨ੍ਹਾਂ ਦੇ ਦਿਲ ਧੜਕਦੇ ਰਹਿੰਦੇ ਹਨ। ਮੈਂ ਤੇਰੀ ਭਰੀ ਕਚਹਿਰੀ ਵਿਚ ਲਲਕਾਰ ਕੇ ਆਖਦਾ ਹਾਂ ਕਿ ਪੱਟੀ ਵਿਚ ਜੋ ਕੁਝ ਹੋਇਆ, ਉਸ ਦਾ ਕਰਤਾ ਧਰਤਾ ਮੈਂ ਹਾਂ। ਇਕ ਗ਼ਰੀਬ ਮੁਸਲਮਾਨ ਦੀ ਧੀ ਤੇਰੇ ਵਲੋਂ ਥਾਪੇ ਲੋਕਾਂ ਦੀ ਇਜ਼ਤ ਤੇ ਜਾਨ ਮਾਲ ਦੇ ਰਾਖੇ ਮੁਖੀ ਨੇ ਜ਼ਬਰਦਸਤੀ ਉਧਾਲ ਕੇ ਨਿਕਾਹ ਤੋਂ ਬਿਨਾਂ ਹੀ ਘਰ ਪਾ ਲਈ। ਤੇਰੀ ਇਸ ਕਚਹਿਰੀ ਵਿਚੋਂ ਵੀ ਉਸ ਨੂੰ ਇਨਸਾਫ਼ ਨਾ ਮਿਲਿਆ ਤੇ ਉਹ ਲਾਹੌਰੋਂ ਸੀਨਾ ਪਿਟਦਾ ਘਰ ਨੂੰ ਮੁੜਿਆ। ਕਿਸੇ ਪਾਸਿਉਂ ਢੋਈ ਨਾ ਮਿਲਦੀ ਵੇਖ ਕੇ ਉਸ ਨੇ ਸਿੰਘਾਂ ਪਾਸ ਬਹੁੜੀ ਕੀਤੀ। ਦੁਸ਼ਟ ਨੂੰ ਸੋਧ ਕੇ ਬੱਚੇ ਨੂੰ ਇਨਸਾਫ਼ ਲੈ ਕੇ ਦਿਤਾ। ਉਸ ਦੀ ਧੀ ਵਾਪਸ ਕਰਵਾਈ। ਫ਼ਰਕ ਕੇਵਲ ਏਨਾ ਹੈ ਕਿ ਤੂੰ ਇਸ ਨੂੰ ਜ਼ੁਲਮ ਤੇ ਬਗ਼ਾਵਤ ਸਮਝਦਾ ਹੈਂ, ਗੁਨਾਹ ਸਮਝਦਾ ਹੈਂ, ਅਸੀਂ ਇਸ ਨੂੰ ਧਰਮ ਤੇ ਉਪਕਾਰ ਸਮਝਦੇ ਹਾਂ।

“ਤੂੰ ਜਿਨ੍ਹਾਂ ਸਿੰਘਾਂ ਨੂੰ ਹਕੁਮਤ ਦੇ ਬਾਗੀ, ਡਾਕੂ ਤੇ ਲੁਟੇਰੇ ਕਹਿੰਦਾ ਹੈਂ, ਉਹ ਗੁਰੂ ਕੇ ਲਾਲ ਹਨ। ਉਹ ਜ਼ੁਲਮੀ ਰਾਜ ਦੀ ਸਫ਼ ਵਲ੍ਹੇਟਣ ਲਈ ਅਤੇ ਗਰੀਬਾਂ ਉਤੇ ਪਰਉਪਕਾਰ ਕਰਨ ਲਈ ਘਰ-ਘਾਟ ਛਡ ਕੇ ਸਿਰ ਤਲੀ ਤੇ ਧਰੀ ਫਿਰਦੇ ਹਨ। ਉਨ੍ਹਾਂ ਦੀ ਸੇਵਾ ਕਰਨਾ ਮੇਰੇ ਲਈ ਸਰਵ-ਉਚ ਕਰਤੱਵ ਹੈ। ਇਹ ਮੇਰਾ ਧਰਮ ਸਿਖਾਂਦਾ ਹੈ।”

ਜ਼ਕਰੀਆ ਖ਼ਾਨ ਨੇ ਆਪਣੇ ਗੁੱਸੇ ‘ਤੇ ਕਾਬੂ ਪਾਉਂਦੇ ਹੋਏ ਨੇ ਕਿਹਾ, “ਤਾਰੂ ਸਿੰਘ ! ਜਦ ਤੂੰ ਆਪਣੇ ਜੁਰਮ ਦਾ ਇਕਬਾਲ ਕਰ ਲਿਆ ਹੈ, ਤੇਰੇ ਬਚ ਨਿਕਲਣ ਦਾ ਕੋਈ ਰਾਹ ਨਹੀਂ ਹੈ। ਬੜੇ ਭਿਆਨਕ ਤਸੀਹੇ ਦੇ ਦੇ ਕੇ ਮਾਰਿਆ ਜਾਵੇਗਾ। ਤੈਨੂੰ ਪਤਾ ਹੋਵੇਗਾ ਕਿ ਤੈਥੋਂ ਪਹਿਲੇ ਸਿੰਘ ਬੜੇ ਸਖ਼ਤ ਅਜ਼ਾਬ ਦੇ ਦੇ ਕੇ ਕਤਲ ਕੀਤੇ ਗਏ ਸਨ। ਉਹ ਵੀ ਆਪਣੀ ਜ਼ਿਦ ਤੋਂ ਬਾਜ਼ ਨਾ ਆਏ। ਤੂੰ ਚੜਦੀ ਜਵਾਨੀ ਹੈਂ, ਤੇ ਇਸਲਾਮ ਦਾ ਰਹਿਮ ਦਾ ਦਰਵਾਜ਼ਾ ਤੇਰੇ ਲਈ ਖੁਲਾ ਹੈ। ਦੀਨ ਇਸਲਾਮ ਕਬੂਲ ਕਰ ਕੇ ਤੂੰ ਬੇ-ਵਕਤ ਤੇ ਅਜਾਈਂ ਮੌਤ ਮਰਨੋਂ ਬਚ ਸਕਦੇਂ ।

ਭਾਈ ਤਾਰੂ ਸਿੰਘ ਜੀ ਨੇ ਬੜੇ ਹੀ ਠਰੰਮੇ ਨਾਲ ਜਵਾਬ ਦਿਤਾ, “ਮੁਸਲਮਾਨ ਬਣ ਕੇ ਵੀ ਤਾਂ ਆਖ਼ਰ ਨੂੰ ਮਰਨਾ ਹੀ ਹੈ। ਕੀ ਤੁਹਾਨੂੰ ਮੁਸਲਮਾਨਾਂ ਨੂੰ ਮੌਤ ਨਹੀਂ ਆਵੇਗੀ ? ਅਵੱਸ਼ ਆਵੇਗੀ। ਜੋ ਜੰਮਿਆ ਹੈ, ਉਸ ਲਈ ਮੌਤ ਅਵੱਸ਼ ਹੈ। ਸਾਨੂੰ ਤਾਂ ਗੂੜ੍ਹਤੀ ਹੀ ਮੌਤ ਨੇ ਦਿਤੀ ਹੈ। ਚੰਦ ਰੋਜ਼ ਦੀ ਨਿਗੂਣੀ ਜ਼ਿੰਦਗੀ ਬਦਲੇ ਆਪਣੇ ਅਨਮੋਲ ਧਰਮ ਨੂੰ ਕਿਉਂ ਛੱਡਿਆ ਜਾਵੇ ! ਜਿਵੇਂ ਮੱਛੀ ਪਾਣੀ ਤੋਂ ਬਿਨਾਂ ਬਚ ਨਹੀਂ ਸਕਦੀ, ਸਿਖ ਵੀ ਸਿੱਖੀ ਤੋਂ ਅਲਹਿਦਾ ਹੋ ਕੇ ਜ਼ਿੰਦਾ ਨਹੀਂ ਰਹਿ ਸਕਦਾ। ਇਸ ਕੂੜੀ ਜ਼ਿੰਦਗੀ ਬਦਲੇ ਮੈਂ ਸਿੱਖੀ ਨਾਲ ਸੌਦਾ ਕਿਵੇਂ ਕਰ ਸਕਦਾਂ ? ਸਿੱਖੀ ਤਾਂ ਕੇਸਾਂ ਸਵਾਸਾਂ ਨਾਲ ਨਿਭੇਗੀ। ਜਦ ਤਕ ਦਮ ਬਾਕੀ ਹਨ, ਸਿੱਖੀ ਨਹੀਂ ਛੱਡ ਸਕਦਾ। ਇਸ ਸੰਬੰਧ ਵਿਚ ਤੇਰੀ ਨਸੀਹਤ ਦੀ ਕਦਾਚਿਤ ਲੋੜ ਨਹੀਂ। ਜੋ ਜੀਅ ਵਿਚ ਆਵੇ, ਮੇਰੇ ਨਾਲ ਸਖ਼ਤੀ ਕਰ ਲੈ, ਮੈਂ ਤੈਥੋਂ ਰਹਿਮ ਦੀ ਭੀਖ ਵੀ ਨਹੀਂ ਮੰਗਣੀ। ਇਹ ਮੇਰਾ ਤੈਨੂੰ ਆਖ਼ਰੀ ਤੇ ਅਟੱਲ ਜਵਾਬ ਹੈ।”

ਖ਼ਾਨ ਬਹਾਦਰ ਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ। ਗੁੱਸੇ ਵਿਚ ਗਰਜਿਆ, “ਜਿਹੜੇ ਕੇਸਾਂ ਦਾ ਐਡਾ ਲਾਡ ਤੇ ਮਾਣ ਕਰਦਾ ਹੈਂ, ਇਹ ਮੈਂ ਜੁੱਤੀਆਂ ਨਾਲ ਪਲ ਵਿਚ ਉਖੇੜ ਦਿਆਂਗਾ ਸਵਾਸ ਤੇਰੇ ਮੈਂ ਕਿਵੇਂ ਕਢਦਾ ਹਾਂ, ਇਹ ਦੁਨੀਆ ਵੇਖੇਗੀ।”

ਕੇਸਾਂ ਦੀ ਬੇਅਦਬੀ ਸੁਣ ਕੇ ਭਾਈ ਤਾਰੂ ਸਿੰਘ ਵੀ ਰੋਹ ਵਿਚ ਆ ਗਿਆ। ਭਬਕ ਕੇ ਬੋਲਿਆ, “ਜੁੱਤੀਆਂ ਤਾਂ ਤੇਰੇ ਸਿਰ ਵਿਚ ਪੈਣਗੀਆਂ। ਜਿਹੜੇ ਪੂਰੇ ਸਿੰਘ ਹਨ, ਵਾਹਿਗੁਰੂ ਦੀ ਕਿਰਪਾ ਨਾਲ ਉਨ੍ਹਾਂ ਦੀ ਸਿੱਖੀ ਕੇਸ ਸਵਾਸਾਂ ਨਾਲ ਨਿਭੇਗੀ ।

ਇਹ ਅਦਾਲਤ ਕੀ ਸੀ ? ਕੇਵਲ ਇਕ ਵਿਖਾਵਾ, ਹਰ ਕਿਸਮ ਦਾ ਜਬਰ ਤੇ ਪਾਪ ਇਸ ਅਦਾਲਤ ਦੀ ਦੰਭੀ ਕਾਰਵਾਈ ਰਾਹੀਂ ਸਿੱਖਾਂ ਉਤੇ ਢਾਹਿਆਂ ਜਾਂਦਾ। ਝਟ ਫ਼ਤਵਾ ਦਿਤਾ ਗਿਆ ਕਿ ਇਸ ਗੁਸਤਾਖ਼ ਸਿਖ ਨੂੰ ਚਰਖੀ ਉਤੇ ਚਾੜਿਆ ਜਾਵੇ ਤੇ ਓਨਾ ਚਿਰ ਇਸ ਨੂੰ ਉਤੋਂ ਉਤਾਰਿਆ ਨਾ ਜਾਵੇ ਜਿੰਨਾ ਚਿਰ ਇਹ ਤੌਬਾ ਤੌਬਾ ਨਾ ਬੋਲ ਉਠੇ ਤੋ ਜ਼ਬਾਨੋਂ ਨਾ ਕਹੇ ਕਿ ਸਿੱਖੀ ਤਿਆਗ ਕੇ ਮੈਂ ਇਸਲਾਮ ਕਬੂਲਣ ਨੂੰ ਤਿਆਰ ਹਾਂ। ਅਸਲ ਵਿਚ ਖ਼ਾਨ ਬਹਾਦਰ ਤਾਰੂ ਸਿੰਘ ਨੂੰ ਮਾਰਨ ਦੀ ਥਾਂ ਤਸੀਹੇ ਦੇ ਦੇ ਕੇ ਮੁਹੰਮਦੀ ਦੀਨ ਦੇ ਘੇਰੇ ਵਿਚ ਲਿਆਉਣਾ ਚਾਹੁੰਦਾ ਸੀ। ਇੰਜ ਹੋ ਜਾਣ ਨਾਲ ਬਾਕੀ ਸਿੱਖਾਂ ਦੀ ਦ੍ਰਿੜਤਾ ਤੇ ਹੱਠ ਉਤੇ ਕਰਾਰੀ ਚੋਟ ਹੋਵੇਗੀ ਤੇ ਸ਼ਾਇਦ ਇਸ ਦਾ ਅਸਰ ਦੁਜਿਆਂ ਉਤੇ ਵੀ ਪਵੇ ਤੇ ਸਿਖ ਵੇਖੋ-ਵੇਖੀ ਮੁਸਲਮਾਨ ਬਣਦੇ ਜਾਣ। ਉਸ ਨੇ ਫਿਰ ਦਬਕਾ ਮਾਰਿਆ ਕਿ ਦੂਰੋਂ ਦੂਰੋਂ ਮੌਤ ਜਿੰਨੀ ਸਹਿਲ ਤੇ ਚੰਗੀ ਪ੍ਰਤੀਤ ਹੁੰਦੀ ਹੈ, ਨੇੜੇ ਆਉਣ ’ਤੇ ਓਨੀ ਹੀ ਭਿਆਨਕ ਹੋ ਜਾਇਆ ਕਰਦੀ ਹੈ। ਆਪਣੀ ਜਵਾਨੀ ਤੇ ਤਰਸ ਖਾ, ਪਿਛੇ ਰੋਂਦੀ ਕੁਰਲਾਂਦੀ ਮਾਂ ਅਤੇ ਭੈਣ ਵਲ ਨਿਗਾਹ ਮਾਰ। ਗਲਤ ਰਸਤਾ ਛੱਡ ਦੇਹ। ਅਸਲਾਮ ਕਬੂਲ ਕਰ ਲੈ, ਦੁਨੀਆ ਦੇ ਸਾਰੇ ਸੁਖ ਹਾਜ਼ਰ ਕਰ ਦਿਤੇ ਜਾਣਗੇ। ਨਹੀਂ ਤੇ ਯਾਦ ਰਖ, ਸਦਾ ਲਈ ਖ਼ਾਕ ਵਿਚ ਮਿਲਾ ਦਿਤਾ ਜਾਵੇਗਾ।

ਭਾਈ ਤਾਰੂ ਸਿੰਘ ਨੇ ਜ਼ਖ਼ਮੀ ਸ਼ੇਰ ਵਾਂਗ ਗਰਜ ਕੇ ਆਖਿਆ, “ਸੂਬੇਦਾਰ ਸਾਹਿਬ ! ਮੌਤ ਨਾਮਰਦਾਂ ਤੇ ਕਾਇਰਾਂ ਵਾਸਤੇ ਹੁੰਦੀ ਹੈ, ਜੀਉਂਦਿਆਂ ਵਾਸਤੇ ਨਹੀਂ। ਅਸੀਂ ਤਾਂ ਜ਼ਿੰਦਗੀ ਹੀ ਮੌਤ ਵਿਚੋਂ ਪ੍ਰਾਪਤ ਕੀਤੀ ਹੈ। ਪਲ ਪਲ ਪਿਛੋਂ ਮੌਤ ਮੌਤ ਕਹਿ ਕੇ ਸਾਨੂੰ ਤੇਰੇ ਡਰਾਵੇ ਕੀ ਕਹਿੰਦੇ ਹਨ ? ਤੇਰੀ ਪਟਾਰੀ ਵਿਚ ਮੌਤ ਦਾ ਜਿੰਨਾ ਵੀ ਵੱਡਾ ਭਿਆਨਕ ਰੂਪ ਹੈ, ਕੱਢ ਲੈ। ਅਗਲੇ ਸਿੰਘਾਂ ਉਤੇ ਤੇ ਅੱਤ ਦਰਜੇ ਦੇ ਅਤਿਆਚਾਰਾਂ ਦੀਆਂ ਰੀਝਾਂ ਪੂਰੀਆਂ ਕੀਤੀਆਂ ਹਨ, ਮੇਰੇ ਤੇ ਵੀ ਕਰ ਲੈ ! ਖ਼ਾਲਸਾ ਹਾਜ਼ਰ ਹੈ। ਮੌਤੋਂ ਡਰ ਕੇ ਮੈਂ ਆਪਣਾ ਧਰਮ ਛਡ ਦਿਆਂਗਾ, ਇਹ ਤੇਰਾ ਖ਼ਾਮ ਖ਼ਿਆਲ ਹੈ। ਤੇਰੇ ਜ਼ਬਰ ਤੇ ਮੇਰੇ ਸਬਰ ਦੀ ਪਰਖ ਹੈ। ਤੂੰ, ਤੇਰੀ ਕਚਹਿਰੀ ਤੇ ਦੁਨੀਆ ਵੇਖ ਲਵੇਗੀ, ਇਸ ਪਰਖ ਵਿਚ ਕੌਣ ਜਿਤਦਾ ਤੇ ਕੌਣ ਹਾਰਦਾ ਹੈ।”

ਤੁਰੰਤ ਚਰਖੀ ਚਾੜ੍ਹਨ ਦਾ ਇਸ਼ਾਰਾ ਹੋ ਗਿਆ। ਜੱਲਾਦਾਂ ਸਿੰਘ ਨੂੰ ਪਹੀਏ ਉਤੇ ਨਰੜ ਕੇ ਗੇੜੇ ਦਿਤੇ ਤੇ ਹੱਡ ਕੜਕਾ ਦਿਤੇ। ਮਾਸ ਉਡਿਆ ਤੇ ਮੂੰਹ ਥਾਣੀ ਲਹੂ ਵਗਣ ਲੱਗਾ। ਗੁੰਦਿਆ ਤੇ ਭਰਿਆ ਹੋਇਆ ਦਰਸ਼ਨੀ ਸਰੀਰ ਪਲ ਵਿਚ ਮਰੋੜ ਕੇ ਰਖ ਦਿਤਾ। ਜਿੰਨਾ ਚਿਰ ਹੋਸ਼ ਰਹੀ, ਸਿੰਘ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੀ ਗਿਆ। ਜਦ ਬਿਲਕੁਲ ਬੇਹੋਸ਼ ਹੋ ਗਿਆ ਤਾਂ ਇਸ਼ਾਰਾ ਪਾ ਕੇ ਜੱਲਾਦਾਂ ਉਸ ਨੂੰ ਖੋਲ੍ਹ ਕੇ ਭੁੰਜੇ ਲਾਹ ਦਿਤਾ। ਨੀਮ ਮੁਰਦਾ ਜਿਸਮ ਨੂੰ ਚੁਕਵਾ ਕੇ ਬੰਦੀਖਾਨੇ ਭੇਜ ਦਿਓ। ਇਹ ਹੁਕਮ ਵੀ ਨਾਲ ਹੀ ਜਾਰੀ ਕਰ ਦਿਤਾ ਗਿਆ ਕਿ ਹੋਸ਼ ਆਉਣ ‘ਤੇ ਕਲ੍ਹ ਇਸ ਨੂੰ ਕਚਹਿਰੀ ਵਿਚ ਲਿਆਂਦਾ ਜਾਵੇ। ਵੇਖਣ ਵਾਲਿਆਂ ‘ਚੋਂ ਕੋਈ ਨਹੀਂ ਸੀ ਸਮਝਦਾ ਕਿ ਇਹ ਅਧ-ਮੋਇਆ ਸਿਖ ਕੱਲ੍ਹ ਤਕ ਜ਼ਿੰਦਾ ਰਹਿ ਸਕੇਗਾ। ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਅਜੇ ਸਿੰਘ ਦੀ ਕਰੜੀ ਅਜ਼ਮਾਇਸ਼ ਬਾਕੀ ਸੀ।

ਹੋਸ਼ ਆਉਣ ਤੇ ਅਗਲੇ ਦਿਨ ਫਿਰ ਪੇਸ਼ੀ ਹੋਈ। ਸਿੰਘ ਨੇ ਪਹਿਲਾਂ ਵਾਂਗ ਫ਼ਤਹ ਬੁਲਾਈ ਤੇ ਸਾਰੀ ਕਚਹਿਰੀ ਸੜ ਬਲ ਕੇ ਕੋਲਾ ਹੋ ਗਈ। ਸਭ ਤੋਂ ਜ਼ਿਆਦਾ ਔਖਿਆਈ ਦੀਵਾਨ ਲਖਪਤ ਰਾਏ ਨੂੰ ਹੋਈ। “ਸੁਣਾ ਕੁਝ ਆਇਆ ਸੁਆਦ ਚਰਖੀ ਦਾ ?” ਖ਼ਾਨ ਬਹਾਦਰ ਨੇ ਪੁਛਿਆ, “ਚਰਖੀ ਦਾ ਸੁਆਦ ?”

ਸ਼ਹੀਦੀ ਗੰਜ, ਭਾਈ ਤਾਰੂ ਸਿੰਘ ਜੀ, ਨੋਲੱਖਾ ਬਾਜ਼ਾਰ, ਲਾਹੌਰ (ਇੱਕ ਪੁਰਾਣੀ ਤਸਵੀਰ)

ਭਾਈ ਤਾਰੂ ਸਿੰਘ ਜੀ ਨੇ ਉੱਤਰ ਦਿੱਤਾ, “ਤੂੰ ਇਸ ਅਨੰਦ ਨੂੰ ਕੀ ਜਾਣੇਂ ? ਸ਼ਮਾ ਉਤੇ ਪਰਵਾਨੇ ਦੇ ਪਰ ਸੜਨ ਦੇ ਸੁਆਦ ਦਾ ਮੱਖੀਆਂ ਨੂੰ ਕੀ ਪਤਾ। ਚਰਖੀ ਦਾ ਸੁਆਦ ਕੋਈ ਆਸ਼ਿਕ ਸਾਦਿਕ ਹੀ ਜਾਣਦੇ ਹਨ। ਕੋਈ ਅਨੰਦ ਲੈਣਾ ਹੈ ਤਾਂ ਪਲਕ ਲਈ ਆਪ ਚਰਖੀ ਤੇ ਚੜ ਕੇ ਵੇਖ ਲੈ।”

ਏਡਾ ਟਕੋਰਾਂ ਭਰਿਆ ਤੇ ਹਤਕ ਭਰਪੂਰ ਜਵਾਬ ਸੁਣ ਕੇ ਜ਼ਕਰੀਆ ਖ਼ਾਨ ਨੂੰ ਅੱਗ ਲੱਗ ਉਠੀ। ਉਸ ਨੇ ਨਵਾਂ ਹੁਕਮ ਦਿਤਾ। ਜੱਲਾਦਾਂ ਨੇ ਜਮੂਰਾਂ ਤੇ ਤੱਤੀਆਂ ਸੀਖਾਂ ਨਾਲ ਅੱਖਰ ਅੱਖਰ ਹੁਕਮ ਪੂਰਾ ਕਰ ਦਿਤਾ। ਪਰ ਸਿੰਘ ਦੀ ਅਡੋਲਤਾ ਵਿਚ ਕੋਈ ਫ਼ਰਕ ਨਾ ਪਿਆ। ਨਾਜ਼ਿਮ ਨੇ ਫਿਰ ਆਖ਼ਰੀ ਵਾਰ ਸਮਝਾਉਣ ਦਾ ਯਤਨ ਕੀਤਾ। ਭਾਈ ਤਾਰੂ ਸਿੰਘ ਜੀ ਨੇ ਪਹਿਲਾਂ ਨਾਲੋਂ ਵੀ ਕਰੜਾ ਉੱਤਰ ਦਿੰਦਿਆਂ ਕਿਹਾ ਕਿ ਆਪਣਾ ਧਰਮ ਛਡ ਕੇ ਮੈਂ ਇਸਲਾਮ ਕਬੂਲ ਕਰ ਲਵਾਂਗਾ, ਇਹ ਬਿਲਕੁਲ ਅਨਹੋਣੀ ਗੱਲ ਹੈ। ਮੈਂ ਪਹਿਲਾਂ ਹੀ ਕਹਿ ਦਿਤਾ ਸੀ ਕਿ ਮੇਰਾ ਸਿੱਖੀ ਧਰਮ ਕੇਸਾਂ ਸੁਆਸਾਂ ਨਾਲ ਨਿਭੇਗਾ। ਤੈਨੂੰ ਭੁਲੇਖਾ ਕਿਸ ਗੱਲ ਦਾ ਹੈ ?”

ਖ਼ਾਨ ਬਹਾਦਰ ਦੇ ਗੁੱਸੇ ਦੀ ਹੱਦ ਨਾ ਰਹੀ। ਉਸ ਨੇ ਕਿਹਾ, “ਮੈਂ ਪਹਿਲਾਂ ਤੇਰੇ ਕੇਸਾਂ ਦੀ ਹੀ ਖ਼ਬਰ ਲੈਂਦਾ ਹਾਂ। ਇਨ੍ਹਾਂ ਨੂੰ ਮੁੰਨ ਕੇ ਇਨ੍ਹਾਂ ਦਾ ਵਾਣ ਵਟਾਉਂਦਾ ਹਾਂ, ਵੇਖਦਾ ਹਾਂ ਤੇਰੇ ਕੇਸ ਕਿਵੇਂ ਤੇਰੇ ਧਰਮ ਨਾਲ ਨਿਭਦੇ ਹਨ।”

ਸਿੰਘ ਨੇ ਵੀ ਬੜੇ ਹੌਸਲੇ ਨਾਲ ਉੱਤਰ ਦਿੱਤਾ, “ਐ ਜ਼ਾਲਮ ਹਾਕਿਮ !
ਮੇਰੇ ਸਤਿਗੁਰੂ ਨੂੰ ਮਨਜ਼ੂਰ ਹੋਇਆ ਤਾਂ ਮੇਰੀ ਸਿੱਖੀ ਕੇਸਾਂ ਸੁਆਸਾਂ ਨਾਲ ਨਿਭੇਗੀ। ਪਰ ਤੈਨੂੰ ਖ਼ਾਲਸੇ ਦੀ ਜੁੱਤੀ ਅੱਗੇ ਲੱਗ ਕੇ ਜਾਣਾ ਪਵੇਗਾ।”

ਝਟ ਨਾਈ ਮੰਗਵਾ ਕੇ ਕੇਸ ਕਤਲ ਕਰਨ ਦਾ ਹੁਕਮ ਦਿਤਾ। ਨਾਈ ਨੇ ਕਈ ਰਗੜੇ ਮਾਰੇ, ਪਰ ਇਕ ਵੀ ਕੇਸ ਨਾ ਕਟਿਆ ਗਿਆ। ਬਸ ਫਿਰ ਲੋਹੇ ਲਾਖੇ ਹੋਏ ਖ਼ਾਨ ਬਹਾਦਰ ਨੇ ਝਟ ਮੋਚੀ ਮੰਗਵਾ ਕੋ ਹੁਕਮ ਦਿਤਾ, “ਤਾਰੂ ਸਿੰਘ ਨੂੰ ਆਪਣੇ ਕੇਸਾਂ ਦਾ ਬਹੁਤ ਮਾਣ ਹੈ। ਇਸ ਢੰਗ ਨਾਲ ਇਸ ਦੇ ਕੇਸ ਉਤਾਰ ਦਿਉ ਕਿ ਮੁੜ ਕੇ ਉੱਗ ਹੀ ਨਾ ਸਕਣ। ਰੰਬੀ ਨਾਲ ਸਣੇ ਕੇਸਾਂ ਖੋਪਰੀ ਹੀ ਉਡਾ ਦਿਓ।”

ਹੁਕਮ ਮਿਲਦਿਆਂ ਸਾਰ ਜੱਲਾਦ ਉਸ ਦੀਆਂ ਲੱਤਾਂ ਤੇ ਬਾਹੀਂ ਬੰਨ੍ਹਣ ਲੱਗੇ। ਸਿੰਘ ਨੇ ਇਤਰਾਜ਼ ਕੀਤਾ, “ਇਹ ਕਿਉਂ ? ਬੰਨ੍ਹਣ ਵਾਲਿਆਂ ਕਿਹਾ ਕਿ ਤੇਰੀ ਖੋਪਰੀ ਲਥਣੀ ਹੈ। ਰੰਬੀ ਦੀ ਵਾਦ ਨਾਲ ਤੂੰ ਤੜਕੇਂਗਾ ਤੇ ਮੋਚੀ ਦੇ ਕੰਮ ਵਿਚ ਵਿਘਨ ਪਵੇਗਾ। ਇੰਜ ਕੰਮ ਨੂੰ ਵਾਧੂ ਦੇਰ ਲੱਗੇਗੀ।

ਭਾਈ ਤਾਰੂ ਸਿੰਘ ਨੇ ਉਨ੍ਹਾਂ ਨੂੰ ਰੋਕਦਿਆਂ ਹੋਇਆਂ ਕਿਹਾ, “ਮੈਂ ਕੋਈ ਭੇਡ ਬੱਕਰੀ ਨਹੀਂ ਹਾਂ, ਜਿਸ ਨੂੰ ਤੁਸੀਂ ਹਲਾਲ ਕਰਨ ਲੱਗੇ ਹੋ ਅਤੇ ਜਿਸ ਨੂੰ ਢਾਹ ਕੇ ਨਪਣਾ ਘੁਟਣਾ ਤੁਹਾਡੇ ਲਈ ਜ਼ਰੂਰੀ ਹੈ। ਮੈਂ ਕਲਗੀਧਰ ਦਾ ਸਿੰਘ ਹਾਂ ਤੇ ਆਪਣੇ ਪਿਆਰੇ ਤੋਂ ਕੁਰਬਾਨ ਹੋਣ ਲੱਗਾ ਹਾਂ। ਤੁਸੀਂ ਮੈਨੂੰ ਜੂੜ ਬੰਨ੍ਹ ਕੇ ਖੋਪਰਾ ਲਾਹ ਦਿਉ ਤਾਂ ਇਹ ਕੁਰਬਾਨੀ ਕਾਹਦੀ ਹੈ ? ਰੰਬੀ ਚਲਣ ਨਾਲ ਦਰਦ ਮੈਨੂੰ ਨਹੀਂ, ਸਗੋਂ ਤੁਹਾਨੂੰ ਹੋਵੇਗੀ, ਤੁਹਾਡੇ ਖ਼ਾਨ ਬਹਾਦਰ ਨੂੰ ਹੋਵੇਗੀ। ਤੁਸੀਂ ਮੋਚੀ ਤੋਂ ਜਿਵੇਂ ਜੀਅ ਚਾਹਵੇ, ਰੰਬੀ ਚਲਵਾਓ; ਮੈਂ ਸੀ ਵੀ ਨਹੀਂ ਕਰਾਂਗਾ। ਤੜਫਣਾ ਤਾਂ ਇਕ ਪਾਸੇ ਰਿਹਾ, ਮੈਂ ਹਿਲਾਂਗਾ ਵੀ ਨਹੀਂ। ਤੁਸੀਂ ਆਪਣੇ ਮਨ ਦੀਆਂ ਪੂਰੀਆਂ ਕਰੋ, ਸਾਨੂੰ ਆਪਣੇ ਮਨ ਦੀ ਕਰਨ ਦਿਓ।”

ਭਾਈ ਤਾਰੂ ਸਿੰਘ ਚੌਂਕੜਾ ਮਾਰ ਕੇ, ਬਾਹਾਂ ਪਿਛਲੇ ਪਾਸੇ ਕਰ ਕੇ ਹੱਥ ਭੁੰਜੇ ਲਾ ਕੇ ਚੰਗੀ ਤਰ੍ਹਾਂ ਬੈਠ ਗਿਆ, ਮਾਨੋ ਰੰਬੀ ਉਤੇ ਹਥੌੜੀ ਦੀ ਸੱਟ ਵਿਰੁਧ ਟਗ ਰਖਣ ਦਾ ਜਤਨ ਕਰ ਰਿਹਾ ਹੋਵੇ ਕਿ ਮੋਚੀ ਨੂੰ ਉਸ ਦੀ ਕਾਰਵਾਈ ਵਿਚ ਕੋਈ ਔਖਿਆਈ ਨਾ ਹੋਵੇ। ਮੋਚੀ ਰੰਬੀ ਦੀ ਧਾਰ ਕੱਢ ਕੇ ਭਾਈ ਤਾਰੂ ਸਿੰਘ ਜੀ ਦੇ ਪਾਸ ਬਿਲਕੁਲ ਉਸ ਦੇ ਰੂਬਰੂ ਬੈਠ ਗਿਆ। ਮੱਥੇ ਉਤੇ ਵਾਲਾਂ ਦੀ ਪਾਲ ਤੋਂ ਵਾਹਵਾ ਥੱਲੇ ਰੰਬੀ ਰਖ ਕੇ ਪਿਛੋਂ ਹਥੌੜੀ ਦੀ ਸੱਟ ਮਾਰ ਕੇ ਰੰਬੀ ਚੰਗੂ ਅੰਦਰ ਧਸਾ ਦਿਤੀ। ਰੰਬੀ ਪੁਟਦਿਆਂ ਲਹੂ ਦੀਆਂ ਧਾਰਾਂ ਛੂਟ ਪਈਆਂ। ਫਿਰ ਸੱਜੇ ਖੱਬੇ ਦੋਹਾਂ ਕੰਨਾਂ ਦੇ ਪਿਛਲੇ ਪਾਸੇ ਤਕ ਇਸ ਤਰ੍ਹਾਂ ਨਾਲ ਨਾਲ ਰਖ ਕੇ ਗਿੱਚੀ ਛੱਡ ਕੇ ਇਕ ਧਾਰ ਦੀ ਸ਼ਕਲ ਦਾ ਲੰਮਾ ਜ਼ਖ਼ਮ ਲਾ ਲਿਆ। ਖ਼ੂਨ ਦੀਆਂ ਧਾਰਾਂ ਮੂੰਹ ਉਤੋਂ ਦੀ ਦਾੜ੍ਹੀ ਥਾਣੀ ਹੋ ਕੇ ਪੋਟ ਤੋਂ ਵਗ ਕੇ ਚੌਕੜਾ ਵੱਜੇ ਪੱਟਾਂ ਉਤੇ ਦੀ ਵਗ ਕੇ ਜ਼ਮੀਨ ਉਤੇ ਵਹਿਣ ਲਗੀਆਂ। ਸਿੰਘ “ਅਕਾਲ ਅਕਾਲ” ਜਪੀ ਜਾਵੇ ਤੇ ਮੋਚੀ ਰੰਬੀ ਦਾ ਉੜੇਸਣਾ ਦੇ ਦੇ ਕਚਰ ਕਚਰ ਖੋਪਰੀ ਉਤਾਰੀ ਗਿਆ ਭਾਈ ਤਾਰੂ ਸਿੰਘ ਖੂਨ ਤੇ ਬੋਟੀਆਂ ਦੇ ਛਪੜ ਵਿਚ ਬੈਠਾ ਹੋਇਆ ਸੀ। ਮੋਚੀ ਦੀ ਰੰਬੀ ਤੇ ਹੱਥ ਖੂਨ ਨਾਲ ਲੱਤ-ਪੱਤ ਹੋਏ ਸਨ। ਹੁਣ ਉਹ ਉਠ ਕੇ ਖ਼ੂਨ ਦੇ ਛਪੜ ਵਿਚ ਖਲੋਤਾ ਹੋਇਆ ਸਿਰ ਦੇ ਪਿਛਲੇ ਪਾਸੇ ਵਾਲਾ ਖੋਪਰੀ ਦਾ ਹਿੱਸਾ ਲਾਹ ਰਿਹਾ ਸੀ। ਵੇਖਣ ਵਾਲੇ ਸਾਰੇ, ਇਹ ਖ਼ੂਨੀ ਨਜ਼ਾਰਾ ਵੇਖ ਕੇ ਤ੍ਰਾਹਮਾਨ ਤ੍ਰਾਹਮਾਨ ਕਰ ਰਹੇ ਸਨ। ਕਈ ਤਾਂ ਇਸ ਭਿਆਨਕ ਝਾਕੀ ਨੂੰ ਵੇਖਣ ਦੀ ਤਾਬ ਨਾ ਝਲਦੇ ਹੋਏ ਉਥੋਂ ਲਾਂਭੇ ਹੋ ਗਏ। ਕਈ ਦੰਦਾਂ ਥਲੇ ਜੀਭ ਦਈ ਕਸੀਸ ਵੱਟੀ ਖੜੇ ਸਨ, ਵੇਖਣ ਲਈ ਕਿ ਇਸ ਤੋਂ ਅੱਗੇ ਕੀ ਹੁੰਦਾ ਹੈ। ਸਾਰੇ ਹੈਰਾਨ ਸਨ ਕਿ ਇਹ ਸਿਖ ਏਨੀ ਪੀੜ ਕਿਵੇਂ ਜਰੀ ਜਾ ਰਿਹਾ ਹੈ ? ਉਹ ਅਡੋਲ-ਚਿਤ ਬੈਠਾ ਹੋਇਆ ਜਪੁਜੀ ਸਾਹਿਬ ਦਾ ਜਾਪ ਕਰ ਰਿਹਾ ਸੀ।

ਖੋਪਰੀ ਹੁਣ ਗਿੱਚੀ ਤਕ ਲਥ ਗਈ, ਕੇਵਲ ਪਿਛਲਾ ਹਿੱਸਾ ਅਜੇ ਧੌਣ ਨਾਲ ਜੁੜਿਆ ਹੋਇਆ ਸੀ। ਮੋਚੀ ਨੇ ਰੰਬੀ ਦੇ ਮੂੰਹ ਤੋਂ ਉਂਗਲ ਨਾਲ ਬੋਟੀਆਂ ਸਾਫ਼ ਕਰ ਕੇ ਉਸ ਨੂੰ ਥੋੜਾ ਜਿਹਾ ਫਿਰ ਤੇਜ਼ ਕੀਤਾ। ਫਿਰ ਗਿਚੀ ਤਕ ਦੇ ਵਾਲਾਂ ਵਾਲਾ ਹਿੱਸਾ ਇਕੋ ਰਗੜੇ ਵਿਚ ਵੱਢ ਕੇ ਕੇਸਾਂ ਤੋਂ ਫੜ ਕੇ ਖੋਪਰੀ ਉਤਾਂਹ ਹੀ ਚੁਕ ਲਈ। ਇਕ ਹੱਥ ਵਿਚ ਰੰਬੀ, ਦੂਜੇ ਹੱਥ ਵਿਚ ਖੋਪਰੀ ਚੁਕ ਕੇ ਪਹਿਲਾਂ ਸਿੰਘ ਵਲ ਤੇ ਫੇਰ ਜ਼ਕਰੀਆ ਖ਼ਾਨ ਵਲ ਤੱਕਿਆ, ਮਾਨੋ ਪੁਛ ਰਿਹਾ ਹੋਵੇ, ਹੁਕਮ ਦੀ ਤਾਮੀਲ ਵਿਚ ਕੋਈ ਕਸਰ ਤਾਂ ਨਹੀਂ ਰਹਿ ਗਈ। ਸਬੇਦਾਰ ਨੇ ਸਿਰ ਹਿਲਾ ਕੇ ਤਾਮੀਲ ਦੀ ਪੂਰਤੀ ਲਈ ਸ਼ਾਬਾਸ਼ ਦਿੱਤੀ। ਫਿਰ ਇਸ਼ਾਰਾ ਪਾ ਕੇ ਖੋਪਰੀ ਭਾਈ ਤਾਰੂ ਸਿੰਘ ਤੋਂ ਜ਼ਰਾ ਕੁ ਹਟ ਕੇ ਉਸ ਦੇ ਸਾਹਮਣੇ ਹੀ ਰਖ ਦਿਤੀ।

ਭਾਈ ਤਾਰੂ ਸਿੰਘ ਉਸੇ ਤਰ੍ਹਾਂ ਹੀ ਪਿਛਾਂਹ ਹੱਥ ਲਾਈ ਖੂਨ ਵਿਚ ਗੜੁਚ ਉਸ ਲਹੂ-ਬੋਟੀਆਂ ਨਾਲ ਬਣੇ ਛੱਪੜ ਵਿਚ ਅਡੋਲ ਬੈਠਾ ਸੀ। ਖੂਨ ਨਾਲ ਭਿੱਜੀਆਂ ਅੱਖਾਂ ਨਾਲ ਖ਼ਾਨ ਬਹਾਦਰ ਵੱਲ ਤਕਿਆ ਤੇ ਪੁਛਿਆ, “ਖ਼ਾਨ ਬਹਾਦਰ ! ਕੋਈ ਹੋਰ ਅਰਮਾਨ ਜੇ ਪੂਰਾ ਕਰਨ ਵਾਲਾ ਰਹਿੰਦਾ ਹੋਵੇ ਤਾਂ ਸਿੰਘ ਹਾਜ਼ਰ ਹੈ।” ਆਸ਼ਿਕ ਨੇ ਆਪਣੇ ਪਿਆਰੇ ਤੋਂ ਪ੍ਰੇਮ-ਰਸ ਪਾਉਣ ਲਈ ਖੋਪਰੀ ਦਾ ਕਾਸਾ ਬਣਾ ਲਿਆ ਸੀ। ਖ਼ਾਨ ਬਹਾਦਰ ਉਸ ਨਾਲ ਅੱਖਾਂ ਨਾ ਮਿਲਾ ਸਕਿਆ। ਹੁਣ ਤਕ ਖੂਨ ਕਾਫ਼ੀ ਵਗ ਚੁਕਿਆ ਸੀ। ਕੁਝ ਦੇਰ ਬਾਅਦ ਤਾਰੂ ਸਿੰਘ ਬੇਹੋਸ਼ ਹੋ ਕੇ ਉਸ ਖੂਨ ਦੀ ਬਣੀ ਝੀਲ ਵਿਚ ਡਿਗ ਪਿਆ।

ਇਹ ਸਭ ਕੁਝ ਉਸ ਥਾਂ ਹੋਇਆ, ਜਿਸ ਨੂੰ ਸ਼ਹੀਦਗੰਜ ਸਿੰਘਣੀਆਂ (ਲਾਹੌਰ ਰੇਲਵੇ ਸਟੇਸ਼ਨ ਦੇ ਐਨ ਸਾਹਮਣੇ ਤੇ ਬਿਲਕੁਲ ਪਾਸ ਹੀ) ਕਹਿੰਦੇ ਹਨ। ਇਤਿਹਾਸਾਂ ਵਿਚ ਇਸ ਥਾਂ ਨੂੰ ਨਖ਼ਾਸ ਚੌਕ ਲਿਖਿਆ ਹੈ। ਅੱਜ ਇਹ ਥਾਂ ਲੰਡਾ ਬਾਜ਼ਾਰ ਅਖਵਾਉਂਦਾ ਹੈ। ਇਥੇ ਨਾਜ਼ਮ ਲਾਹੌਰ ਦੀ ਕਚਹਿਰੀ ਸੀ। ਇਸ ਦੇ ਦੁਆਲੇ ਡੂੰਘੀ ਖਾਈ ਜਿਹੀ ਬਣੀ ਹੋਈ ਸੀ। ਭਾਈ ਤਾਰੂ ਸਿੰਘ ਜੀ ਨੂੰ, ਜੋ ਨੀਮ ਮੁਰਦਾ ਹਾਲਤ ਵਿਚ ਸੀ, ਇਸ ਖਾਈ ਵਿਚ ਸੁਟਾ ਦਿਤਾ ਗਿਆ।

* ਉਕਤ ਲਿਖਤ ਸ. ਸਵਰਨ ਸਿੰਘ ਹੋਰਾਂ ਦੀ ਕਿਤਾਬ “ਸ਼ਹੀਦੀ ਸਾਕਾ ਭਾਈ ਸਿੰਘ ਜੀ” ਵਿਚੋਂ ਲਈ ਗਈ ਹੈ। ਉੱਪਰ ਛਪੀ ਲਿਖਤ ਦੇ ਪਹਿਲੇ ਹਿੱਸੇ ਵਿਚ ਇਸ ਛਾਪ ਦੀ ਲੋੜ ਮੁਤਾਬਕ ਕੁਝ ਤਬਦੀਲੀ ਕੀਤੀ ਗਈ ਹੈ। ਭਾਈ ਤਾਰੂ ਸਿੰਘ ਜੀ ਦੀ ਗ੍ਰਿਫਤਾਰੀ ਅਤੇ ਸ਼ਹੀਦੀ ਬਾਰੇ ਪ੍ਰਸੰਗ ਬਿਲਕੁਲ ਉਸੇ ਤਰ੍ਹਾਂ ਹੀ ਛਾਪੇ ਗਏ ਹਨ ਜਿਵੇਂ ਕਿ ਸ. ਸਵਰਨ ਸਿੰਘ ਹੋਰਾਂ ਦੀ ਕਿਤਾਬ ਵਿਚ ਦਰਜ਼ ਹਨ।

 

0 0 votes
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x