ਵਿਸ਼ਵ ਸਿੱਖ ਇਕੱਤਰਤਾ ਵਿਚ ਗੁਰਮਤੇ ਦੀ ਵਿਧੀ ਰਾਹੀਂ ਲਿਆ ਜਾਵੇਗਾ ਸਾਂਝਾ ਫੈਸਲਾ: ਪੰਥ ਸੇਵਕ ਸ਼ਖ਼ਸੀਅਤਾਂ

ਵਿਸ਼ਵ ਸਿੱਖ ਇਕੱਤਰਤਾ ਵਿਚ ਗੁਰਮਤੇ ਦੀ ਵਿਧੀ ਰਾਹੀਂ ਲਿਆ ਜਾਵੇਗਾ ਸਾਂਝਾ ਫੈਸਲਾ: ਪੰਥ ਸੇਵਕ ਸ਼ਖ਼ਸੀਅਤਾਂ

ਅੰਮ੍ਰਿਤਸਰ (25 ਜੂਨ) : ਪੰਥ ਸੇਵਕ ਸਖਸ਼ੀਅਤਾਂ ਭਾਈ ਦਲਜੀਤ ਸਿੰਘ ਬਿੱਟੂ, ਭਾਈ ਨਰਾਇਣ ਸਿੰਘ, ਭਾਈ ਸਤਨਾਮ ਸਿੰਘ ਖੰਡੇਵਾਲਾ ਅਤੇ ਭਾਈ ਸਤਨਾਮ ਸਿੰਘ ਝੰਜੀਆਂ ਨੇ ਅੱਜ ਇਥੇ ਅੰਮ੍ਰਿਤਸਰ ਵਿਖੇ ਇਕ ਪੱਤਰਕਾਰ ਵਾਰਤਾ ਦੌਰਾਨ ਮੀਰੀ ਪੀਰੀ ਦਿਵਸ ਮੌਕੇ ਹੋਣ ਵਾਲੀ ਵਿਸ਼ਵ ਸਿੱਖ ਇਕੱਤਰਤਾ ਬਾਰੇ ਜਾਣਕਾਰੀ ਸਾਂਝੀ ਕੀਤੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਦਲਜੀਤ ਸਿੰਘ ਬਿੱਟੂ ਅਤੇ ਭਾਈ ਨਰਾਇਣ ਸਿੰਘ ਨੇ ਕਿਹਾ ਕਿ ਖਾਲਸਾ ਪੰਥ ਵਿਚ ਸਾਂਝੇ ਫੈਸਲਿਆਂ ਅਤੇ ਸਾਂਝੀ ਅਗਵਾਈ ਦੀ ਪਰੰਪਰਾ ਰਹੀ ਹੈ ਪਰ ਬੀਤੀ ਸਦੀ ਦੌਰਾਨ ਪੱਛਮੀ ਤਰਜ਼ ਦੇ ਜਥੇਬੰਦਕ ਢਾਂਚਿਆਂ ਤੇ ਅਮਲਾਂ ਕਾਰਨ ਇਹ ਪਰੰਪਰਾ ਵਿਚ ਖੜੋਤ ਆਈ ਹੈ। ਜਿਸ ਕਾਰਨ ਖਾਲਸਾ ਪੰਥ ਦੀ ਕੇਂਦਰੀ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਦਾ ਨਜ਼ਾਮ ਗੈਰ-ਪੰਥਕ ਲੀਹਾਂ ਉੱਤੇ ਚਲਾ ਗਿਆ ਹੈ ਅਤੇ ਇਸ ਵਿਚ ਪੰਚ ਪ੍ਰਧਾਨੀ ਸਾਂਝੀ ਅਗਵਾਈ ਅਤੇ ਗੁਰਮਤੇ ਦੀ ਪ੍ਰਧਾਨਤਾ ਨਹੀਂ ਰਹੀ।

ਉਹਨਾ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਦਾ ਪੰਥਕ ਨਿਜ਼ਾਮ ਨਾ ਹੋਣ ਕਾਰਨ ਹੀ ਵੋਟਾਂ ਦੇ ਮੁਫਾਦਾਂ ਵਾਲੀਆਂ ਪਾਰਟੀਆਂ ਤਖਤ ਸਾਹਿਬਾਨ ਦੇ ਜਥੇਦਾਰਾਂ ਨੂੰ ਆਪਣੀ ਮਨਮਰਜੀ ਨਾਲ ਲਗਾ ਅਤੇ ਲਾਹ ਦਿੰਦੇ ਹਨ। ਇਸ ਦਾ ਪ੍ਰਤੱਖ ਪ੍ਰਮਾਣ ਹਾਲੀਆ ਘਟਨਾਕ੍ਰਮ ਹੈ ਜਿਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾ ਕੇ ਗਿਆਨੀ ਰਘਬੀਰ ਸਿੰਘ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਐਲਾਨਿਆ ਗਿਆ ਹੈ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਈ ਸਤਨਾਮ ਸਿੰਘ ਖੰਡੇਵਾਲਾ ਅਤੇ ਭਾਈ ਸਤਨਾਮ ਸਿੰਘ ਝੰਜੀਆਂ ਨੇ ਕਿਹਾ ਕਿ ਸੇਵਾ ਸੰਭਾਲ ਦੇ ਪੰਥਕ ਨਿਜ਼ਾਮ ਬਾਰੇ ਸਾਂਝੀ ਰਾਏ ਬਣਾਉਣ ਲਈ ਪੰਥ ਸੇਵਕ ਸਖਸ਼ੀਅਤਾਂ ਵੱਲੋਂ ਵੱਖ-ਵੱਖ ਸਿੱਖ ਤੇ ਪੰਥਕ ਹਿੱਸਿਆਂ ਵਿਚ ਸਾਂਝੀ ਰਾਏ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ।

ਉਹਨਾ ਕਿਹਾ ਕਿ ਆਉਂਦੀ 28 ਜੂਨ ਨੂੰ ਮੀਰੀ ਪੀਰੀ ਦਿਵਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇਕੱਤਰਤਾ ਕੀਤੀ ਜਾ ਰਹੀ ਹੈ। ਇਹ ਇਕੱਤਰਤਾ ਇੱਕ ਨੁਮਾਇੰਦਾ ਇਕੱਠ ਹੋਵੇਗਾ ਜਿਸ ਵਿਚ ਸੰਸਾਰ ਭਰ ਵਿਚ ਖਾਲਸਾ ਪੰਥ ਅਤੇ ਗੁਰ-ਸੰਗਤਿ ਦੀ ਸੇਵਾ ਵਿਚ ਵਿਚਰ ਰਹੇ ਕਾਰਜਸ਼ੀਲ ਜਥਿਆਂ ਦੇ ਨੁਮਾਇੰਦੇ ਹਿੱਸਾ ਲੈਣਗੇ।

ਪੰਥਕ ਸਖਸ਼ੀਅਤਾਂ ਨੇ ਕਿਹਾ ਕਿ ਵਿਸ਼ਵ ਸਿੱਖ ਇਕੱਤਰਤਾ ਲਈ ਸੱਦੇ ਦਿੱਤੇ ਜਾ ਚੁੱਕੇ ਹਨ। ਉਹਨਾ ਕਿਹਾ ਕਿ ਵਿਸ਼ਵ ਸਿੱਖ ਇਕੱਤਰਤਾ ਦਾ ਮਨੋਰਥ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਪੰਥਕ ਲੀਹਾਂ ਅਨੁਸਾਰੀ ਕਰਨ ਵਾਸਤੇ ਗੁਰਮਤਿ ਆਸ਼ੇ ਤੇ ਪੰਥਕ ਪਰੰਪਰਾ ਅਨੁਸਾਰ ਸਾਂਝਾ ਫੈਸਲਾ ਲੈਣਾ ਸੁਹਿਰਦ ਯਤਨ ਕਰਨਾ ਹੈ। ਉਹਨਾ ਕਿਹਾ ਕਿ ਇੱਕਤਰਤਾ ਦੇ ਸੱਦੇ ਨੂੰ ਸੁਹਿਰਦ ਹਿੱਸਿਆਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।

ਪੰਥ ਸੇਵਕ ਸਖਸ਼ੀਅਤਾਂ ਨੇ ਆਸ ਪ੍ਰਗਟਾਈ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਨੁਮਾਇੰਦਾ ਇਕੱਤਰਤਾ ਗੁਰਮਤਿ ਆਸ਼ੇ ਤੇ ਪੰਥਕ ਪਰੰਪਰਾ ਅਨੁਸਾਰ ਮਿੱਥੇ ਮਨੋਰਥ ਸਰ ਕਰਨ ਵਿਚ ਕਾਮਯਾਬ ਹੋਵੇਗੀ।

0 0 votes
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x