‘ਸਿੱਖ ਨਸਲਕੁਸ਼ੀ ੧੯੮੪’ ਕਿਤਾਬ ਬਾਰੇ…

‘ਸਿੱਖ ਨਸਲਕੁਸ਼ੀ ੧੯੮੪’ ਕਿਤਾਬ ਬਾਰੇ…

1 ਨਵੰਬਰ 2021 ਨੂੰ ਜਾਰੀ ਕੀਤੀ ਗਈ ਕਿਤਾਬ ‘ਸਿੱਖ ਨਸਲਕੁਸ਼ੀ ੧੯੮੪’ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਅਤੇ ਪੰਥ ਸੇਵਕ ਰਣਜੀਤ ਸਿੰਘ ਵੱਲੋਂ ਸੰਪਾਦਿਤ ਕੀਤੀ ਗਈ ਹੈ। ਇਸ ਕਿਤਾਬ ਬਾਰੇ ਇਸਦੇ ਸੰਪਾਦਕਾਂ ਵੱਲੋਂ ਲਿਖੀ ਗਈ ਭੂਮਿਕਾ ਸਿੱਖ ਪੱਖ ਦੇ ਪਾਠਕਾਂ ਲਈ ਹੇਠਾਂ ਇੰਨ-ਬਿੰਨ ਸਾਂਝੀ ਕਰ ਰਹੇ ਹਾਂ: ਸੰਪਾਦਕ।

ਇਤਿਹਾਸ ਦੀ ਕੋਈ-ਕੋਈ ਘਟਨਾ ਸਭਿਅਤਾ ਦੀ ਸਾਂਝੀ ਯਾਦ ਵਿਚ ਲੰਮੇ ਸਮੇਂ ਲਈ ਅਹਿਮ ਰੂਪ ਧਾਰਨ ਕਰ ਲੈਂਦੀ ਹੈ। ਇਹਨਾਂ ਮਹਾਂ-ਘਟਨਾਵਾਂ (ਸਾਕਿਆਂ, ਘੱਲੂਘਾਰਿਆਂ) ਨੂੰ ਸਮਝਣਾ, ਵਿਚਾਰਨਾ, ਯਾਦ ਰੱਖਣਾ, ਇਹਨਾਂ ਤੋਂ ਸਬਕ ਹਾਸਲ ਕਰਨੇ ਇੰਨੇ ਅਹਿਮ ਹੋ ਜਾਂਦੇ ਹਨ ਕਿ ਉਸ ਤੋਂ ਬਿਨਾਂ ਸਾਬਤ ਕਦਮੀ ਨਾਲ ਭਵਿੱਖ ਵੱਲ ਤੁਰ ਸਕਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਜਦੋਂ ਵੀ ਕਿਸੇ ਮਨੁੱਖੀ ਸਮੂਹ ਨਾਲ ਅਜਿਹੀ ਘਟਨਾ ਜਾਂ ਤਰਾਸਦੀ ਵਾਪਰਦੀ ਹੈ ਤਾਂ ਉਸ ਦੇ ਪਹਿਲੇ ਚੱਲ ਰਹੇ ਅਮਲ ਪੂਰੀ ਤਰ੍ਹਾਂ ਨਿਰਾਰਥਕ ਹੋ ਜਾਂਦੇ ਹਨ। ਅਜਿਹੇ ਸਮੇਂ ਐਸੇ ਸਵਾਲ ਆਣ ਖੜ੍ਹੇ ਹੁੰਦੇ ਹਨ ਜਿੰਨ੍ਹਾਂ ਦੇ ਜਵਾਬ ਲੱਭ ਕੇ ਹੀ ਅੱਗੇ ਤੁਰਿਆ ਜਾ ਸਕਦਾ ਹੈ ਕਿ ਆਖਿਰ ਸਾਡੇ ਨਾਲ ਵਾਪਰਿਆ ਕੀ ਹੈ? ਇਹ ਕਿਉਂ ਵਾਪਰਿਆ ਹੈ? ਇਸ ਨੇ ਸਾਡੇ ਉੱਤੇ ਕੀ ਅਸਰ ਪਾਉਣੇ ਹਨ? ਅਤੇ ਅਸੀਂ ਉਹਨਾਂ ਅਸਰਾਂ ਤੋਂ ਕਿਵੇਂ ਉੱਭਰਨਾ ਹੈ?

ਜਿਵੇਂ ਸਿਆਣੇ ਕਹਿੰਦੇ ਹਨ ਕਿ

ਟੁੱਟੀ ਹੋਈ ਬਾਂਹ ਗਲ਼ ਨੂੰ ਆਉਂਦੀ ਹੈ ਤੇ ਉਸ ਦਾ ਆਸਰਾ ਤੱਕਦੀ ਹੈ ਉਸੇ ਤਰ੍ਹਾਂ ਮਨੁੱਖੀ ਸਮੂਹ ਵੀ ਮਹਾਂ-ਤਰਾਸਦੀਆਂ ਵਾਪਰਨ ਤੋਂ ਬਾਅਦ ਆਪਣੇ ਮੂਲ ਆਦਰਸ਼ ਦਾ ਆਸਰਾ ਤੱਕਦੇ ਹਨ। ਅਸਲ ਵਿਚ ਉਹਨਾਂ ਦਾ ਆਪਣਾ ਮੂਲ ਆਦਰਸ਼ ਹੀ ਅਜਿਹਾ ਆਸਰਾ ਹੁੰਦਾ ਹੈ ਜਿਹੜਾ ਅਜਿਹੇ ਬਿਖੜੇ ਹਾਲਾਤ ਵਿਚ ਉਹਨਾਂ ਨੂੰ ਦਰਪੇਸ਼ ਸਵਾਲਾਂ ਦੇ ਜਵਾਬ ਦੇ ਸਕਦਾ ਹੈ ਅਤੇ ਉਹਨਾਂ ਨੂੰ ਹਲਾਤ ਤੋਂ ਉੱਭਰਣ ਲਈ ਸਮਰੱਥਾਵਾਨ ਕਰ ਸਕਦਾ ਹੈ।

੧੯੮੪ ਈ. ਵਿਚ ਵਾਪਰੀਆਂ ਘਟਨਾਵਾਂ, ਘੱਲੂਘਾਰਾ ਜੂਨ ’੮੪ ਅਤੇ ਨਵੰਬਰ ੧੯੮੪ ਦੀ ਨਸਲਕੁਸ਼ੀ, ਅਜੋਕੇ ਸਮੇਂ ਵਿਚ ਅਜਿਹਾ ਕੇਂਦਰ ਬਿੰਦੂ ਬਣ ਗਈਆਂ ਹਨ ਕਿ ਸਿੱਖ ਇਸ ਸਮੇਂ ਤੋਂ ਪਹਿਲਾਂ ਅਤੇ ਬਾਅਦ ਦੇ ਸਮੇਂ ਨੂੰ ਹੁਣ ਇਸੇ ਨੁਕਤੇ ਤੋਂ ਵੇਖਦੇ ਹਨ। ਅਜਿਹਾ ਹੋਣਾ ਸੁਭਾਵਿਕ ਹੈ, ਕਿਉਂਕਿ ਜੂਨ ੧੯੮੪ ਵਿਚ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਅਤੇ ਹੋਰਨਾਂ ਅਨੇਕਾ ਗੁਰਧਾਮਾਂ, ਜਿਹਨਾਂ ਦੀ ਗਿਣਤੀ ੬੫ ਤੋਂ ਵੀ ਵੱਧ ਹੈ, ਉੱਤੇ ਭਾਰਤੀ ਫੌਜ ਵੱਲੋਂ ਕੀਤਾ ਗਿਆ ਕਹਿਰੀ ਹਮਲਾ ਅਤੇ ਨਵੰਬਰ ੧੯੮੪ ਵਿਚ ਦਿੱਲੀ, ਹਰਿਆਣਾ, ਹਿਮਾਚਲ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ, ਬਿਹਾਰ, ਪੱਛਮੀ-ਬੰਗਾਲ, ਮੱਧ ਪ੍ਰਦੇਸ਼, ਮਹਾਂਰਾਸ਼ਟਰ, ਤਾਮਿਲਨਾਡੂ ਆਦਿ ਸੂਬਿਆਂ ਦੇ ਸੈਂਕੜੇ ਤੋਂ ਵੀ ਵੱਧ ਸ਼ਹਿਰਾਂ ਵਿਚ ਕੀਤੀ ਗਈ ਸਿੱਖਾਂ ਦੀ ਨਸਲਕੁਸ਼ੀ ਸਿੱਖਾਂ ਲਈ ਇਕ ਕਹਿਰੀ ਘਟਨਾਕ੍ਰਮ ਸੀ। ਇਹਨਾਂ ਘਟਨਾਵਾਂ ਰਾਹੀਂ ਦਿੱਲੀ ਦਰਬਾਰ ਨੇ ਸਿੱਖਾਂ ਦੀ ਹਸਤੀ ਅਤੇ ਹੋਣੀ ਨੂੰ ਆਪਣੇ ਹਿਸਾਬ ਨਾਲ ਪ੍ਰਭਾਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਆਖਿਰ ਸਿੱਖਾਂ ਨਾਲ ਇਹ ਕੀ ਅਤੇ ਕਿਉਂ ਵਾਪਰਿਆ ਸੀ? ਦਿੱਲੀ ਹਕੂਮਤ ਕੀ ਕਰਨਾ ਚਾਹੁੰਦੀ ਸੀ? ਇਹ ਸਵਾਲ ਵੇਖਣ ਨੂੰ ਜਿੰਨੇ ਸਧਾਰਨ ਲੱਗਦੇ ਹਨ ਓਨੇ ਹੀ ਮੁਸ਼ਕਿਲ ਹਨ। ਇਸ ਦੇ ਜਵਾਬ ਵੱਖ-ਵੱਖ ਪੱਧਰਾਂ ਉੱਤੇ ਵੱਖ-ਵੱਖ ਨਜ਼ਰੀਏ ਤੋਂ ਦਿੱਤੇ ਜਾ ਸਕਦੇ ਸਨ ਤੇ ਦਿੱਤੇ ਗਏ ਵੀ ਹਨ; ਅਤੇ ਅਗਾਂਹ ਵੀ ਅਜਿਹਾ ਹੁੰਦਾ ਰਹੇਗਾ। ਸਾਰੇ ਪੱਖਾਂ ਨੂੰ ਮਿਲਾ ਕੇ ਮੁਕੰਮਲ ਤਸਵੀਰ ਉੱਭਰੇਗੀ।

ਅੱਜ ਦੇ ਸਮੇਂ

ਜਦੋਂ ਜੰਗ ਵਾਪਰਦੀ ਹੈ ਤਾਂ ਇਹ ਸਿਰਫ ਸਰੀਰਕ ਨਹੀਂ ਹੁੰਦੀ; ਬਲਕਿ ਉਸ ਦਾ ਬਹੁਤਾ ਹਿੱਸਾ ਮਨੋਵਿਗਿਆਨਕ ਹੁੰਦਾ ਹੈ। ਅਜੋਕੇ ਯੁਗ ਵਿਚ ਜੰਗ ਦਾ ਮਨੋਰਥ ਦੁਸ਼ਮਣ ਨੂੰ ਸਿਰਫ ਹਥਿਆਰਬੰਦ ਜੰਗ ਦੇ ਮੈਦਾਨ ਵਿਚ ਹਰਾਉਣਾ ਨਹੀਂ ਹੁੰਦਾ ਬਲਕਿ ਦੁਸ਼ਮਣ ਨੂੰ ਆਪਣੇ ਚੱਜ-ਅਚਾਰ, ਰਾਏ-ਵਿਚਾਰ ਤੇ ਨੈਤਿਕ ਮੱਤ, ਭਾਵ ਆਪਣੀ ਗਿਆਨ ਪਰੰਪਰਾ ਅਨੁਸਾਰ ਢਾਲਣਾ ਹੁੰਦਾ ਹੈ। ਇੰਡੀਆ ਨੇ ੧੯੮੪ ਦੇ ਘੱਲੂਘਾਰੇ ਇਸੇ ਮਨੋਰਥ ਲਈ ਵਰਤਾਏ ਸਨ। ਦਿੱਲੀ ਦਰਬਾਰ ਸਿੱਖਾਂ ਦੀ ਘਾੜਤ ਨੂੰ ਆਪਣੇ ਸਾਂਚੇ ਵਿਚ ਢਾਲਣਾ ਚਾਹੁੰਦਾ ਹੈ।

ਇਸ ਨੂੰ ਵਧੇਰੇ ਡੁੰਘਾਈ ਨਾਲ ਸਮਝਣ ਲਈ ਇਹ ਜਾਨਣਾ ਜਰੂਰੀ ਹੈ ਕਿ ਦਿੱਲੀ ਦਰਬਾਰ ਦੀ ਆਪਣੀ ਤਾਸੀਰ ਕੀ ਹੈ। ਦਿੱਲੀ ਦਰਬਾਰ ਦਾ ਮੌਜੂਦਾ ਢਾਂਚਾ ਬਸਤੀਵਾਦੀ ਬਰਤਾਨਵੀ ਸਾਮਰਾਜ ਦੀ ਵਿਰਾਸਤ ਹੈ। ੧੯੪੭ ਦੇ ਸੱਤਾ ਤਬਾਦਲੇ ਮੌਕੇ ਇੰਡੀਆ ਦੇ ਬਸਤੀਵਾਦੀ ਪ੍ਰੋਜੈਕਟ ਦੀ ਕਮਾਨ ਦਿੱਲੀ ਦਰਬਾਰ ਦੇ ਦੇਸੀ ਹਾਕਮਾਂ ਹੱਥ ਆ ਗਈ। ਦਿੱਲੀ ਦਰਬਾਰ ਦੇ ਨਵੇਂ ਹਾਕਮਾਂ ਨੇ ਇਸ ਢਾਂਚੇ ਨੂੰ ਬਸਤੀਵਾਦੀ ਲੀਹਾਂ ਉੱਤੇ ਹੀ ਅੱਗੇ ਵਧਾਇਆ। ਵੱਖ-ਵੱਖ ਰਿਆਸਤਾਂ ਸਮੇਤ ਬਹੁਤ ਸਾਰੇ ਅਜ਼ਾਦ ਖਿੱਤਿਆਂ ਨੂੰ ਫੌਜੀ ਬਲ ਨਾਲ ਇੰਡੀਆ ਵਿਚ ਰਲਾਇਆ ਗਿਆ, ਤੇ ਰਾਜ ਦਾ ਨਿਜ਼ਾਮ ਅਜਿਹਾ ਰੱਖਿਆ ਗਿਆ ਜਿੱਥੇ ਲੋਕਾਂ ਉੱਤੇ ਉਹਨਾਂ ਦੀ ਸਲਾਹ ਜਾਂ ਰਾਇ ਨਾਲ ਨਹੀਂ ਬਲਕਿ ਡੰਡੇ ਦੇ ਜ਼ੋਰ ਨਾਲ ਰਾਜ ਕੀਤਾ ਜਾਂਦਾ ਹੈ।

ਦੂਜਾ, ਇਸ ਬਹੁਭਾਂਤੀ ਖਿੱਤੇ ਨੂੰ ਇਕੋ ਰੰਗ ਵਿਚ ਰੰਗਣ ਲਈ ਇੱਥੇ ‘ਨੈਸ਼ਨਲਇਜ਼ਮ’ ਅਤੇ ‘ਨੇਸ਼ਨ ਸਟੇਟ’ ਦੀ ਉਸਾਰੀ ਦਾ ਪ੍ਰੋਜੈਕਟ ਵਿੱਢਿਆ ਗਿਆ। ਸੈਕੂਲਰ ਲਿਬਾਸ ਵਾਲੀ ‘ਇੰਡੀਅਨ ਨੇਸ਼ਨ’ ਅਤੇ ਪ੍ਰਤੱਖ ਬਿੱਪਰਵਾਦੀ ਲਿਬਾਸ ਵਾਲਾ ‘ਹਿੰਦੂ ਰਾਸ਼ਟਰ’, ਵੇਖਣ ਨੂੰ ਭਾਵੇਂ ਵੱਖੋ-ਵੱਖ ਹੋਣ ਦਾ ਭੁਲੇਖਾ ਪਾਉਂਦੇ ਹੋਣ ਪਰ ਇਹ ਦੋਵੇਂ ਹੀ ਇਕੋ ਸਿੱਕੇ ਦੇ ਦੋ ਪਹਿਲੂ ਹਨ ਅਤੇ ਪਹਿਲਾ ਮਹਿਜ਼ ਦੂਜੇ ਦਾ ਪੂਰਕ ਹੀ ਹੈ। ਦੋਵਾਂ ਦਾ ਮਨੋਰਥ ਇਸ ਬਹੁਭਾਂਤੀ ਖਿੱਤੇ ਦੀ ਵੰਨਸੁਵੰਨਤਾ, ਜਿਸ ਵਿਚ ਧਾਰਮਿਕ, ਨਸਲੀ, ਕੌਮੀ, ਸੱਭਿਆਚਾਰਕ, ਭਾਖਾਈ ਤੇ ਵਿਸ਼ਵਾਸ਼ ਦੀ ਵੰਨਸੁਵੰਨਤਾ ਸ਼ਾਮਿਲ ਹੈ, ਨੂੰ ਮੇਟ ਕੇ ਇਸ ਪੂਰੇ ਖਿੱਤੇ ਨੂੰ ਇਕੋ ਰੰਗਣ ਦੇਣੀ ਹੈ। ਫਰਕ ਸਿਰਫ ਇੰਨਾ ਹੈ ਕਿ ਇੰਡੀਅਨ ਨੈਸ਼ਨਲਿਸਟ ਧਾਰਾ ‘ਇੰਡੀਅਨ ਨੇਸ਼ਨ’ ਦੀ ਅਸਲ ਬਿਪਰਵਾਦੀ ਜਾਂ ਹਿੰਦੂਤਵੀ ਰੰਗਣ ਨੂੰ ਸਜਿਹੇ-ਸਜਿਹੇ ਉਭਾਰਨ ਦੇ ਹੱਕ ਵਿਚ ਸੀ, ਜਦਕਿ ਹਿੰਦੂ ਰਾਸ਼ਟਰਵਾਦੀ ਧਾਰਾ ਹੁਣ ਇਸ ਪੱਖੋਂ ਕੋਈ ਲੁਕ-ਲੁਕਾਅ ਨਹੀਂ ਰੱਖਣਾ ਚਾਹੁੰਦੀ।

ਦਿੱਲੀ ਦਰਬਾਰ ਦੀ ਤਾਸੀਰ ਦਾ ਤੀਜਾ ਤੱਤ ਬਿਪਰਵਾਦੀ ਨਿਜ਼ਾਮ ਹੈ ਜੋ ਕਿ ਵਰਣ-ਵੰਡ ਉੱਤੇ ਅਧਾਰਤ ਮਨੁੱਖੀ ਵੰਡ ਦਾ ਅਜਿਹਾ ਸਮਾਜਿਕ ਪ੍ਰਬੰਧ ਹੈ ਜਿਹੜਾ ਸਿਰਫ ਅਖੌਤੀ ਉੱਚ ਜਾਤਾਂ ਨੂੰ ਹੀ ਪੂਰਨ ਮਨੁੱਖ ਮੰਨਦਾ ਹੈ ਬਾਕੀਆਂ ਨੂੰ ਊਣੇ ਜਾਂ ਗੁਲਾਮ ਹੀ ਤਸਲੀਮ ਕਰਦਾ ਹੈ।

ਚੌਥਾ ਤੱਤ ਜੋ ਦਿੱਲੀ ਦਰਬਾਰ ਦੀ ਤਾਸੀਰ ਨੂੰ ਪ੍ਰਭਾਸ਼ਿਤ ਕਰਦਾ ਹੈ ਉਹ ਪੂੰਜੀਵਾਦੀ ਆਰਥਕ ਪ੍ਰਬੰਧ ਹੈ ਜਿਸ ਤਹਿਤ ਧਨਾਢਾਂ ਵੱਲੋਂ ਲੋਕਾਈ ਤੇ ਕੁਦਰਤੀ ਸਾਧਨਾਂ ਦੀ ਬੇਦਰੇਗ ਲੁੱਟ ਕੀਤੀ ਜਾਂਦੀ ਹੈ।

ਸਿੱਖਾਂ ਨੂੰ ਗੁਰੂ ਸਾਹਿਬਾਨ ਨੇ ‘ਸਰਬੱਤ ਦੇ ਭਲੇ’ ਦਾ ਬਿਰਧ ਬਖਸ਼ਿਆ ਹੈ।

ਗੁਰਮਤਿ ਕਾਇਨਾਤ ਦੇ ਸਭਨਾਂ ਜੀਆਂ ਅਤੇ ਸ਼ੈਆਂ ਦੀ ਅਹਿਮੀਅਤ ਨੂੰ ਤਸਲੀਮ ਕਰਦੀ ਹੈ ਜਿਸ ਤਹਿਤ ਸਿੱਖ ਵਿਸ਼ਵਦ੍ਰਿਸ਼ਟੀ ਵਿਚ ਸਾਰੇ ਮਨੁੱਖ ਬਰਾਬਰ ਹਨ ਤੇ ਇੱਥੇ ਊਚ-ਨੀਚ ਜਾਂ ਵਰਣ-ਵੰਡ ਲਈ ਕੋਈ ਥਾਂ ਨਹੀਂ ਹੈ। ਗੁਰਮਤਿ ਬਿੱਪਰ ਦੀ ਰੀਤ ਦਾ ਸਪਸ਼ਟ ਅਤੇ ਮੁਕੰਮਲ ਨਿਖੇਧ ਹੈ। ਗੁਰਮਤਿ ਦਾ ਆਸ਼ਾ ਪਿਆਰ ਤੇ ਸਾਂਝੀਵਾਲਤਾ, ਨਿਰਭਉਤਾ ਤੇ ਨਿਰਵੈਰਤਾ, ਅਤੇ ਸਤ-ਸੰਤੋਖ ਉੱਤੇ ਅਧਾਰਤ ਸਮਾਜ ਦਾ ਹੈ ਜਿਸ ਨੂੰ ‘ਬੇਗ਼ਮਪੁਰਾ’ ਕਿਹਾ ਜਾਂਦਾ ਹੈ। ਐਸੇ ਆਦਰਸ਼ਕ ਸਮਾਜ ਦੀ ਅੰਦਰੂਨੀ ਅਤੇ ਬਾਹਰੀ ਮਸਲਿਆਂ ਵਿਚ ਮਜਬੂਤੀ ਤੇ ਸੁਰੱਖਿਆ ਦੀ ਜਾਮਨੀ ਵਜੋਂ ਨਿਆਂ, ਅਜਾਦੀ ਤੇ ਤਰਕਸੰਗਤ ਵੰਡ ਅਧਾਰਤ ‘ਹਲੇਮੀ ਰਾਜ’ ਗੁਰੂ ਖਾਲਸਾ ਪੰਥ ਦਾ ਰਾਜਸੀ ਆਸ਼ਾ ਹੈ। ਇਹ ਦ੍ਰਿਸ਼ਟੀ ਕਿਸੇ ਇਕ ਖਾਸ ਨਸਲ, ਸੱਭਿਆਚਾਰ, ਭਾਖਿਆ, ਕੌਮ ਜਾਂ ਖਿੱਤੇ ਦੇ ਲੋਕਾਂ ਦੀ ਭਲਾਈ ਦੇ ਵਿਚਾਰ ਤੱਕ ਸੀਮਤ ਨਹੀਂ ਹੈ ਬਲਕਿ ਇੱਥੇ ਰਾਜਨੀਤੀ ਲਈ ‘ਸਰਬੱਤ ਦੇ ਭਲੇ’ ਦਾ ਆਸ਼ਾ ਬੁਨਿਆਦੀ ਮਾਰਗਸੇਧ ਹੈ; ਜਿਸ ਮੁਤਾਬਿਕ ਰਾਜ ਕਿਸੇ ਖਾਸ ਸਮੂਹ ਜਾਂ ਵਰਗ ਦੀ ਭਲਾਈ ਲਈ ਨਹੀਂ, ਬਲਕਿ ਵਿਆਪਕ ਲੋਕਾਈ ਦੇ ਭਲੇ ਅਤੇ ਬ੍ਰਹਿਮੰਡ ਦੇ ਸਮੁੱਚੇ ਅਮਲ ਵਿਚ ਇਕ-ਸੁਰਤਾ ਬਣਾਈ ਰੱਖਣ ਲਈ ਹੈ। ਇਹ ਸਿਰਫ ਖਿਆਲੀ ਆਦਰਸ਼ ਵਿਚਾਰ ਹੀ ਨਹੀਂ ਹੈ ਬਲਕਿ ਸਿੱਖਾਂ ਨੇ ਆਪਣੇ ਅਮਲ ਰਾਹੀਂ ਇਸ ਨੂੰ ਇਤਿਹਾਸ ਵਿਚ ਵੀ ਭਲੀਭਾਂਤ ਰੂਪਮਾਨ ਕੀਤਾ ਹੈ। ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਥਾਪਤ ਕੀਤਾ ਖਾਲਸਾ ਰਾਜ, ਮਿਸਲ ਕਾਲ ਦਾ ਰਾਖੀ ਪ੍ਰਬੰਧ, ਦਲ ਖਾਲਸਾ ਦੇ ਵੇਲੇ ਮਿਸਲਾਂ ਦੇ ਸਾਂਝੇ ਖਾਲਸਾ ਰਾਜ ਦੌਰਾਨ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਾਲੀ ਸਰਕਾਰ-ਏ-ਖਾਲਸਾ ਸਿੱਖ ਵਿਸ਼ਵਦ੍ਰਿਸ਼ਟੀ ਵਿਚਲੀ ‘ਸਰਬੱਤ ਦੇ ਭਲੇ’ ਵਾਲੀ ‘ਹਲੇਮੀ ਰਾਜ’ ਦੀ ਰਾਜਨੀਤੀ ਦੇ ਵਿਹਾਰਕ ਪ੍ਰਗਟਾਵੇ ਦੀਆਂ ਪ੍ਰਤੱਖ ਮਿਸਾਲਾਂ ਹਨ। ਸੋ, ਦਿੱਲੀ ਦਰਬਾਰ ਦੇ ਅਜਿਹੇ ਵਿਤਕਰੇ ਤੇ ਬੇਇਨਸਾਫੀ ਭਰਪੂਰ, ਵੰਨਸੁਵੰਨਤਾ ਮੇਟਣਵਾਲੇ, ਗੈਰ-ਕੁਦਰਤੀ ਅਤੇ ਅਣਮਨੁੱਖੀ ਖਾਸੇ ਦੇ ਮੁਕਾਬਲੇ ਗੁਰਮਤਿ ਦਾ ਬਿਰਧ ਅਜਾਦੀ, ਨਿਆਂ, ਵੰਨਸੁਵੰਨਤਾ ਤੇ ਕੁਦਰਤਿ ਪੱਖੀ ਅਤੇ ਸਰਬੱਤ ਦੇ ਭਲੇ ਵਾਲਾ ਹੈ, ਜਿਸ ਦੇ ਵਿਹਾਰ ਦੀ ਗਵਾਹੀ ਇਤਿਹਾਸ ਖੁਦ ਭਰਦਾ ਹੈ। ਅਜਿਹੀ ਸਥਿਤੀ ਵਿਚ ਗੁਰਮਤਿ ਦੇ ਧਾਰਨੀ ਸਿੱਖਾਂ ਨੂੰ ਬਿੱਪਰਵਾਦੀ ਦਿੱਲੀ ਦਰਬਾਰ ਆਪਣੇ ਲਈ ਸਦੀਵੀ ਅਤੇ ਗੰਭੀਰ ਚੁਣੌਤੀ ਮੰਨਦਾ ਹੈ।

ਹੁਣ ਦੂਜੇ ਪਾਸੇ ਇੰਡੀਆ ਵਿਚ ਸਿੱਖਾਂ ਦੀ ਤਤਕਾਲੀ ਸਥਿਤੀ ਅਤੇ ਸਮਰੱਥਾ ਨੂੰ ਵੀ ਵਿਚਾਰਨ ਦੀ ਲੋੜ ਹੈ। ੧੯੪੭ ਦੀ ਵੰਡ ਦਾ ਸਿੱਖਾਂ ਨੇ ਬਹੁਤ ਵੱਡਾ ਸੰਤਾਪ   ਝੱਲਿਆ। ਪੰਜਾਬ ਦੀ ਵੰਡ ਵਿਚ ਬਹੁਤੇ ਸਿੱਖ ਆਪਣੀ ਜੱਦੀ-ਪੁਸ਼ਤੀ ਧਰਤੀ ਤੋਂ ਉਜਾੜੇ ਗਏ, ਇਤਿਹਾਸਕ ਗੁਰਧਾਮਾਂ ਤੋਂ ਵਿਛੋੜੇ ਗਏ, ਲੱਖਾਂ ਦੀ ਗਿਣਤੀ ਵਿਚ ਕਤਲ ਹੋਏ ਤੇ ਜ਼ਮੀਨ-ਜਾਇਦਾਦ, ਰਾਸ ਪੂੰਜੀ ਸਭ ਕੁਝ ਖੁਹਾ ਕੇ ਹੁਣ ਦੇ ਇੰਡੀਆ ਵਿਚ ਆਏ। ਗੁਰੂ ਸਾਹਿਬ ਦੇ ਓਟ-ਆਸਰੇ ਸਿੱਖ ਇਸ ਤਰਾਸਦੀ ਦੇ ਅਸਰ ਤੋਂ ਉੱਭਰੇ। ਆਪਣੇ ਸਮਾਜਿਕ ਤੇ ਰਾਜਸੀ ਅਦਾਰਿਆਂ ਰਾਹੀਂ ਸਿੱਖਾਂ ਨੇ ਇੰਡੀਆ ਅੰਦਰ ਆਪਣੀ ਸਮਾਜਿਕ ਤੇ ਰਾਜਸੀ ਹਸਤੀ ਦਾ ਪ੍ਰਗਟਾਵਾ ਕਰਨਾ ਸ਼ੁਰੂ ਕੀਤਾ। ਇਸ ਦੌਰਾਨ ਪੈਦਾ ਹੋਈ ਸਿੱਖਾਂ ਦੀ ਸਮਰੱਥਾ ਨੂੰ ਵੀ ਵਿਚਾਰਨਾ ਬਣਦਾ ਹੈ। ੧੯੭੦ਵਿਆਂ ਤੱਕ ਸਥਿਤੀ ਇਹ ਬਣ ਗਈ ਕਿ ਇੰਡੀਆ ਆਪਣੀ ਅੰਨ ਸੁਰੱਖਿਆ ਲਈ ਪੰਜਾਬ ਅਤੇ ਸਿੱਖਾਂ ਉੱਤੇ ਨਿਰਭਰ ਸੀ। ਇੰਡੀਆ ਦੀ ਬਾਹਰੀ ਸੁਰੱਖਿਆ ਦੇ ਮਾਮਲੇ ਵਿਚ ਫੌਜ ਵਿਚਲੀਆਂ ਸਿੱਖਾਂ ਦੀਆਂ ਰਜਮੈਂਟਾਂ ਬਹੁਤ ਅਹਿਮੀਅਤ ਰੱਖਦੀਆਂ ਸਨ ਤੇ ਇਹ ਗੱਲ ਹਾਲੀਆ ਜੰਗਾਂ ਨੇ ਸਾਬਿਤ ਕਰ ਦਿੱਤੀ ਸੀ। ਆਰਥਕ ਖੇਤਰ ਵਿਚ ਸਿੱਖਾਂ ਦੀ ਹੈਸੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲੱਗ ਸਕਦਾ ਹੈ ਕਿ ਕੋਲਾ ਖਣਨ ਤੇ ਇਸਪਾਤ ਉਦਯੋਗ ਵਰਗੇ ਕੋਰ ਸੈਕਟਰ ਅਤੇ ਕੱਚੇ ਮਾਲ ਤੇ ਵਪਾਰਕ ਵਸਤਾਂ ਦੀ ਢੋਆਢੁਆਈ (ਕਮਰਸ਼ੀਅਲ ਰੋਡ ਟਰਾਂਸਪੋਰਟ) ਦੀ ਤਕਰੀਬਨ ਮੁਕੰਮਲ ਮਾਲਕੀ ਸਿੱਖਾਂ ਕੋਲ ਸੀ। ਇੰਡੀਆ ਵਿਚ ਹੋ ਰਹੇ ਕਾਰਖਾਨੇਦਾਰੀ ਉਤਪਾਦਨ ਦੇ ਥੋਕ ਦੇ ਵਪਾਰ ਵਿਚ ਸਿੱਖਾਂ ਦਾ ਚੋਖਾ ਹਿੱਸਾ ਸੀ। ੧੯੭੫ ਦੀ ਐਮਰਜੰਸੀ ਮੌਕੇ ਸਿੱਖਾਂ ਵਲੋਂ ਕੀਤੇ ਗਏ ਜ਼ਬਰਦਸਤ ਅਤੇ ਸਫਲ ਰਾਜਸੀ ਵਿਰੋਧ ਨੇ ਕੇਂਦਰਵਾਦੀ ਤਾਕਤਾਂ ਨੂੰ ਚੁਣੌਤੀ ਦੇਣ ਅਤੇ ਇੰਡੀਆ ਵਿਚ ਕੇਂਦਰੀਕਰਨ ਵਿਰੋਧੀ ਰਾਜਸੀ ਜਮਾਤਾਂ ਨੂੰ ਲਾਮਬੱਧ ਕਰ ਸਕਣ ਦੀ ਸਿੱਖਾਂ ਦੀ ਸਮਰੱਥਾ ਸਾਫ ਤੌਰ ਉੱਤੇ ਜ਼ਾਹਰ ਕਰ ਦਿੱਤੀ ਸੀ। ਇਸ ਸਭ ਕਾਸੇ ਨੇ ਸਿੱਖਾਂ ਦੀ ਰਾਜਸੀ ਹੈਸੀਅਤ ਬੁਲੰਦ ਕੀਤੀ ਸੀ। ‘ਸਰਬੱਤ ਦੇ ਭਲੇ’ ਵਾਲੇ ਆਪਣੇ ਆਦਰਸ਼, ਤੇ ਇਸ ਨੂੰ ਰੂਪਮਾਨ ਕਰਦੇ ਰਾਜਸੀ ਇਤਿਹਾਸ ਕਰਕੇ, ਸਿੱਖ ਦਿੱਲੀ ਦਰਬਾਰ ਦੇ ਕੇਂਦਰੀਕਰਨ ਵਾਲੇ ਨਿਜ਼ਾਮ ਦੇ ਅਜਿਹੇ ਸੰਭਾਵੀ ਬਦਲ ’ਚ ਧੁਰੇ ਵਾਲੀ ਭੂਮਿਕਾ ਨਿਭਾਉਣ ਦੇ ਸਮਰੱਥ ਸਾਬਿਤ ਹੋ ਰਹੇ ਸਨ, ਜਿਹੜਾ ਕਿ ਸਾਰੇ ਖਿੱਤੇ ਦੇ ਲੋਕਾਂ ਦੀਆਂ ਪਛਾਣਾਂ ਅਤੇ ਉਹਨਾ ਦੇ ਸਰੋਕਾਰਾਂ ਦਾ ਸਤਿਕਾਰ ਬਹਾਲ ਕਰੇ।

ਅਜਿਹੀ ਸਥਿਤੀ ਵਿਚ ਸਿੱਖ ਦਿੱਲੀ ਦਰਬਾਰ ਸਾਹਮਣੇ ਇਕ ਅਜਿਹੀ ਚੁਣੌਤੀ ਬਣ ਗਏ ਸਨ ਜਿਸ ਦਾ ‘ਪੱਕਾ ਹੱਲ’ ਕੱਢਣਾ ਉਸ ਦੀ ਆਪਣੀ ਹੋਂਦ ਬਚਾਉਣ ਦਾ ਸਵਾਲ ਬਣਦਾ ਜਾ ਰਿਹਾ ਸੀ। ਇਸ ਤੋਂ ਬਾਅਦ ਉਹ ਅਮਲ ਸ਼ੁਰੂ ਹੁੰਦਾ ਹੈ ਜਿਸ ਦੀ ਸਿਖਰ ੧੯੮੪ ਦੇ ਜੂਨ ਅਤੇ ਨਵੰਬਰ ਦੇ ਘੱਲੂਘਾਰਿਆਂ ਦੇ ਰੂਪ ਵਿਚ ਹੋਈ। ਪਰ ਇਹ ਸਭ ਕੁਝ ਇੱਥੇ ਹੀ ਨਹੀਂ ਰੁਕਿਆ। ਦਿੱਲੀ ਦਰਬਾਰ ਨੇ ਇਸ ਸਾਰੇ ਅਮਲ ਅਤੇ ਘਟਨਾਕ੍ਰਮ ਨੂੰ, ਤੇ ਇਸ ਰਾਹੀਂ ਸਿੱਖਾਂ ਨੂੰ, ਦੁਨੀਆ ਤੇ ਖਿੱਤੇ ਦੇ ਲੋਕਾਂ ਸਾਹਮਣੇ ਆਪਣੇ ਮੁਤਾਬਿਕ ਮੁੜ-ਪ੍ਰਭਾਸ਼ਿਤ ਕਰਨ ਦਾ ਯਤਨ ਕੀਤਾ। ਜੇਕਰ ਗੱਲ ਨੂੰ ੧੯੮੪ ਦੇ ਜੂਨ ਅਤੇ ਨਵੰਬਰ ਦੇ ਘੱਲੂਘਾਰਿਆਂ ਤੱਕ ਹੀ ਸੀਮਤ ਕਰਕੇ ਵਿਚਾਰਨਾ ਹੋਵੇ ਤਾਂ ਦਿੱਲੀ ਦਰਬਾਰ ਨੇ ਜੂਨ ’੮੪ ਦੇ ਘੱਲੂਘਾਰੇ ਨੂੰ ‘ਸਿੱਖਾਂ ਦੇ ਪਵਿੱਤਰ ਅਸਥਾਨਾਂ ਨੂੰ ਅਤਿਵਾਦੀ ਅਨਸਰਾਂ ਕੋਲੋਂ ਮੁਕਤ ਕਰਵਾਉਣ’ ਦੀ ਕਾਰਵਾਈ ਦੱਸਿਆ। ਇਸੇ ਤਰ੍ਹਾਂ ਨਵੰਬਰ ’੮੪ ਦੀ ਨਸਲਕੁਸ਼ੀ ਨੂੰ ‘ਇੰਦਰਾ ਗਾਂਧੀ ਦੀ ਮੌਤ ਦਾ ਪ੍ਰਤੀਕਰਮ ਅਤੇ ਹਾਲਾਤ ਬੇਕਾਬੂ ਹੋ ਜਾਣ ਕਰਕੇ ਵਾਪਰੇ ਦੰਗਿਆਂ’ ਦੇ ਤੌਰ ਉੱਤੇ ਪ੍ਰਭਾਸ਼ਿਤ ਕੀਤਾ ਗਿਆ। ਕਿਸੇ ਵੀ ਤਰਾਸਦੀ ਜਾਂ ਘਟਨਾਕ੍ਰਮ ਨੂੰ ਦਿੱਤਾ ਜਾਣ ਵਾਲਾ ਨਾਂ ਉਸ ਬਾਰੇ ਨਜ਼ਰੀਏ ਦਾ ਦਾਇਰਾ ਵੀ ਤੈਅ ਕਰ ਦਿੰਦਾ ਹੈ। ਦਿੱਲੀ ਦਰਬਾਰ ਨੇ ਉਕਤ ਪਰਿਭਾਸ਼ਾਵਾਂ ਰਾਹੀਂ ਜੂਨ ਅਤੇ ਨਵੰਬਰ ੧੯੮੪ ਬਾਰੇ ਇਕ ਨਜ਼ਰੀਆ ਦੇਣ ਦੀ ਕੋਸ਼ਿਸ਼ ਕੀਤੀ।

ਸਿੱਖਾਂ ਲਈ ਇਹ ਦੋਵੇਂ ਘਟਨਾਕ੍ਰਮ ਅਤਿ ਦੁੱਖਦਾਈ ਸਨ। ੧੯੮੪ ਤੋਂ ਬਾਅਦ ਸਿੱਖ ਆਪਣੀ ਹਸਤੀ ਅਤੇ ਹੈਸੀਅਤ ਦੇ ਸਵਾਲਾਂ ਦੇ ਸਨਮੁਖ ਖੜ੍ਹੇ ਸਨ। ਜੂਨ ਮਹੀਨੇ ਵਿਚ ਵਾਪਰੇ ਘੱਲੂਘਾਰੇ ਤੋਂ ਬਾਅਦ ਹੀ ਆਪਣੇ ਮੂਲ ਨਾਲ ਜੁੜੇ ਸਿੱਖਾਂ ਨੂੰ ਸਪਸ਼ਟ ਇਸ਼ਾਰੇ ਮਿਲ ਗਏ ਸਨ ਕਿ ਕੀ ਵਾਪਰਿਆ ਹੈ, ਕਿਉਂ ਵਾਪਰਿਆ ਹੈ ਤੇ ਹੁਣ ਕੀ ਕਰਨਾ ਹੈ? ਉਹਨਾ ਨੂੰ ਪਤਾ ਲੱਗ ਗਿਆ ਸੀ ਕਿ ਜੋ ਵਾਪਰਿਆ ਹੈ ਉਹ ‘ਘੱਲੂਘਾਰਾ’ ਹੈ ਅਤੇ ਹੁਣ ਅਗਲਾ ਪੈਂਡਾ ਸ਼ਹੀਦੀਆਂ ਦਾ ਹੈ। ਪਰ ਆਪਣੇ ਮੂਲ ਤੋਂ ਦੂਰ ਜਾ ਚੁੱਕੇ ਹਿੱਸੇ, ਖਾਸ ਕਰਕੇ ਆਧੁਨਿਕ ਢਾਂਚੇ ਵਿਚ ਪੜ੍ਹੇ ਤੇ ਪ੍ਰਵਾਨ ਚੜ੍ਹੇ ਸਿੱਖਾਂ ਲਈ, ਸਥਿਤੀ ਬਹੁਤ ਉਲਝਣ ਵਾਲੀ ਬਣ ਗਈ ਸੀ। ਜੋ ਵਾਪਰਿਆ ਸੀ ਉਹ ਉਹਨਾ ਲਈ ਮੰਨਣਯੋਗ ਹੀ ਨਹੀਂ ਸੀ। ਉਹ ਇਸ ਨਜ਼ਰੀਏ ਤੋਂ ਵੇਖ ਰਹੇ ਸਨ ਕਿ ਇਕ ਸਟੇਟ ਆਪਣੇ ਹੀ ਲੋਕਾਂ ਉੱਤੇ ਇੰਝ ਹਮਲਾਵਰ ਨਹੀਂ ਹੋ ਸਕਦੀ, ਤੇ ਜੇ ਅਜਿਹਾ ਹੋਇਆ ਹੈ ਤਾਂ ਇਸ ਪਿੱਛੇ ਜਰੂਰ ਕੋਈ ਵਾਜਿਬ ਕਾਰਨ ਹੋਵੇਗਾ। ਇਸ ਲੀਹ ਉੱਤੇ ਚੱਲਦਿਆਂ ਸਿੱਖਾਂ ਦੇ ਇਸ ਹਿੱਸੇ ਨੂੰ ਸਟੇਟ ਦਾ ਸਿਰਜਿਆ ਜਾ ਰਿਹਾ ਬਿਰਤਾਂਤ ਕਿ ‘ਦਰਬਾਰ ਸਾਹਿਬ ਨੂੰ ਅਤਿਵਾਦੀ ਅਨਸਰਾਂ ਕੋਲੋਂ ਮੁਕਤ ਕਰਵਾਇਆ ਗਿਆ ਹੈ’ ਕੁਝ ਹੱਦ ਤੱਕ ਸਹੀ ਲੱਗਣ ਲੱਗ ਗਿਆ ਸੀ। ਪਰ ਇਸ ਘਟਨਾਕ੍ਰਮ ਦੀ ਪੀੜ ਉਹ ਵੀ ਮਹਿਸੂਸ ਕਰਦੇ ਸਨ ਤੇ ਇਸ ਲਈ ਵਿਚ-ਵਿਚਾਲੇ ਵਾਲਾ ਰਾਹ ਇਹ ਲੱਭ ਰਹੇ ਸਨ ਕਿ ਸਰਕਾਰ ਨੂੰ ਫੌਜ ਜਾਂ ਲੋੜ ਤੋਂ ਵੱਧ ਤਾਕਤ ਦੀ ਵਰਤੋਂ ਨਹੀਂ ਸੀ ਕਰਨੀ ਚਾਹੀਦੀ। ਇਹ ਹਿੱਸਾ ਦਿੱਲੀ ਦਰਬਾਰ ਦੀ ਕਾਰਵਾਈ ਦੀ ਹਕੀਕਤ ਨੂੰ ਤਸਲੀਮ ਕਰਨ ਦੀ ਬਜਾਏ ਖੁਦ ਨੂੰ (ਸਿੱਖਾਂ ਨੂੰ) ਦੋਸ਼ ਦੇਣ ਦੇ ਰਾਹ ਤੁਰ ਪਿਆ ਸੀ।

ਪਰ ਗੱਲ ਜੂਨ ੧੯੮੪ ਉੱਤੇ ਵੀ ਨਹੀਂ ਰੁਕੀ। ੩੧ ਅਕਤੂਬਰ ੧੯੮੪ ਨੂੰ ਭਾਈ ਬੇਅੰਤ ਸਿੰਘ ਅਤੇ ਭਾਈ ਸਤਵੰਤ ਸਿੰਘ ਵੱਲੋਂ ਇੰਡੀਆ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸੋਧ ਦੇਣ ਤੋਂ ਬਾਅਦ ਰਾਜਧਾਨੀ ਦਿੱਲੀ ਸਮੇਤ ਇੰਡੀਆ ਭਰ ਵਿਚ ਸਿੱਖਾਂ ਉੱਤੇ ਕਹਿਰੀ ਹਮਲੇ ਕੀਤੇ ਗਏ ਤੇ ਉਹਨਾ ਦਾ ਬੇਕਿਰਕੀ ਨਾਲ ਕਤਲੇਆਮ ਕੀਤਾ ਗਿਆ। ਸਿੱਖ ਬੀਬੀਆਂ ਦੀ ਗਲੀਆਂ-ਬਜ਼ਾਰਾਂ ਵਿਚ ਪੱਤ ਰੋਲੀ ਗਈ। ਸਿੱਖਾਂ ਦੀਆਂ ਅਰਬਾਂ ਦੀਆਂ ਜਾਇਦਾਦਾਂ ਰਾਖ ਦਾ ਢੇਰ ਬਣਾ ਦਿੱਤੀਆਂ ਗਈਆਂ। ਹਾਲਾਤ ਇਹ ਬਣੇ ਕਿ ਸਰਕਾਰੀ ਸੇਵਾਵਾਂ ਵਿਚਲੇ ਤੇ ਸਿਖਰਲੇ ਸੰਵਿਧਾਨਿਕ ਅਹੁਦਿਆਂ ਉੱਤੇ ਬੈਠੇ ਸਿੱਖ ਵੀ ਸੁਰੱਖਿਅਤ ਨਾ ਰਹੇ। ਇਸ ਘਟਨਾਕ੍ਰਮ ਨੇ ਹਰ ਵੰਨਗੀ ਦੇ ਸਿੱਖ ਅੱਗੇ ਦਿੱਲੀ ਦਰਬਾਰ ਦਾ ਸੱਚ ਇਕ ਵਾਰ ਤਾਂ ਉਘਾੜ ਕੇ ਰੱਖ ਦਿੱਤਾ ਸੀ। ਸਭਨਾ ਸਿੱਖਾਂ ਨੇ ਮਹਿਸੂਸ ਕੀਤਾ ਕਿ ‘ਦੇਸ਼ ਸਾਨੂੰ ਮਾਰ ਰਿਹਾ ਹੈ।’

ਦਿੱਲੀ ਦਰਬਾਰ ਨੇ

ਘੱਲੂਘਾਰਾ ਜੂਨ ’੮੪ ਅਤੇ ਨਵੰਬਰ ੧੯੮੪ ਦੀ ਨਸਲਕੁਸ਼ੀ ਵਰਤਾਅ ਕੇ ਸਿੱਖਾਂ ਦੇ ਸਵੈਮਾਣ ਨੂੰ ਮੇਸਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਸੀ ਕਿਉਂਕਿ ਸਵੈਮਾਣ ਹੀ ਸਵੈਭਰੋਸੇ ਅਤੇ ਮਨੋਵਿਗਿਆਨਕ ਸਮਰੱਥਾ ਦਾ ਸੋਮਾਂ ਹੁੰਦਾ ਹੈ। ਦਿੱਲੀ ਦਰਬਾਰ ਨੇ ਆਪਣੇ ਵੱਲੋਂ ਸਿੱਖਾਂ ਦੇ ਅਜਿਹੀ ਸਰੀਰਕ, ਮਨੋਵਿਗਿਆਨ ਅਤੇ ਆਰਥਿਕ ਸੱਟ ਮਾਰੀ ਸੀ ਕਿ ਉਹ ਉੱਠਣ ਜੋਗੇ ਨਾ ਰਹਿਣ। ਦੂਜੇ ਪਾਸੇ ਆਪਣੇ ਮੂਲ ਆਦਰਸ਼ ਨਾਲ ਜੁੜੇ ਸਿੱਖਾਂ ਨੇ ਆਪਣੇ ਇਤਿਹਾਸ ਅਤੇ ਰਿਵਾਇਤ ਤੋਂ ਪ੍ਰੇਰਣਾ ਲੈ ਕੇ ਦਿੱਲੀ ਦਰਬਾਰ ਦੀ ਇਸ ਅਸਾਵੀਂ ਜੰਗ ਦੀ ਚਣੌਤੀ ਨੂੰ ਪ੍ਰਵਾਨ ਕੀਤਾ ਅਤੇ ਖਿੜੇ ਮੱਥੇ ਸ਼ਹੀਦੀਆਂ ਹਾਸਿਲ ਕੀਤੀਆਂ।

ਅੱਜ ਅਸੀਂ ਉਕਤ ਘਟਨਾਕ੍ਰਮ ਤੋਂ ਕਰੀਬ ਪੌਣੇ ਚਾਰ ਦਹਾਕੇ ਦੀ ਵਿੱਥ ਉੱਤੇ ਖੜ੍ਹੇ ਹਾਂ। ਜੂਨ ੧੯੮੪ ਦੇ ਫੌਜੀ ਹਮਲੇ ਸਿੱਖ ਇਤਿਹਾਸ ਅਤੇ ਸਿੱਖਾਂ ਦੇ ਮਨਾ ਵਿਚ ਤੀਜੇ ਘੱਲੂਘਾਰੇ ਵੱਜੋਂ ਦਰਜ਼ ਹੋ ਚੱਕੇ ਹਨ। ਨਵੰਬਰ ੧੯੮੪ ਬਾਰੇ ਦਿੱਲੀ ਦਰਬਾਰ ਵੱਲੋਂ ਸਿਰਜੇ ‘ਦੰਗਿਆਂ’ ਦੇ ਬਿਰਤਾਂਤ ਨੂੰ ਸਿੱਖ ਆਪਣੇ ਦਰਮਿਆਨ ਤਾਂ ਪੂਰੀ ਤਰ੍ਹਾਂ ਨਕਾਰ ਚੁੱਕੇ ਹਨ ਅਤੇ ਹੁਣ ਦੁਨੀਆ ਸਾਹਮਣੇ ਵੀ ਇਸ ਝੂਠੇ ਬਿਰਤਾਂਤ ਨੂੰ ਲੀਰੋ ਲੀਰ ਕਰ ਰਹੇ ਹਨ। ਸਮੂਹਿਕ ਸਿੱਖ ਮਾਨਸਿਕਤਾ ਨੇ ਨਵੰਬਰ ੧੯੮੪ ਦੇ ਕਤਲੇਆਮਾਂ ਨੂੰ ‘ਸਿੱਖ ਨਸਲਕੁਸ਼ੀ ੧੯੮੪’ ਤਸਲੀਮ ਕੀਤਾ ਹੈ, ਤੇ ਇਹੀ ਗੱਲ ਦੁਨੀਆ ਸਾਹਮਣੇ ਉਜਾਗਰ ਕੀਤੀ ਜਾ ਰਹੀ ਹੈ। ਸਿੱਖ ਦੁਨੀਆ ਨੂੰ ਦੱਸ ਰਹੇ ਹਨ ਕਿ ਜਿੰਨੀ ਦੇਰ ਤੱਕ ਕਿਸੇ ਜ਼ੁਰਮ ਦੀ ਸਹੀ ਤਸੀਰ ਦੀ ਸ਼ਨਾਖਤ ਕਰਕੇ ਉਸ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ ਓਨੀ ਦੇਰ ਤੱਕ ਇਨਸਾਫ, ਨੈਤਿਕ ਜਿੰਮੇਵਾਰੀ ਤੇ ਹਮਦਰਦੀ ਦੇ ਭਾਵ ਬੇਮਾਅਨੇ ਹੀ ਰਹਿੰਦੇ ਹਨ।

‘ਦੰਗਿਆਂ’ ਤੋਂ ‘ਨਸਲਕੁਸ਼ੀ’ ਦੇ ਬਿਰਤਾਂਤ ਤੱਕ ਪਹੁੰਚਣ ਵਿਚ ਸਿੱਖਾਂ ਨੇ ਖੁਦ ਵੀ ਇਕ ਸਫਰ ਤਹਿ ਕੀਤਾ ਹੈ। ਭਾਵੇਂ ਕਿ ਚੇਤਨ ਬੁੱਧ ਹਿੱਸੇ ਨੇ ਨਵੰਬਰ ੧੯੮੪ ਤੋਂ ਫੌਰਨ ਬਾਅਦ ਹੀ ਇਹ ਗੱਲ ਦਾ ਪ੍ਰਗਟਾਵਾ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਜੋ ਕੁਝ ਵਾਪਰਿਆ ਉਹ ਆਪਣੇ ਆਪ ਭੜਕੇ ਦੰਗੇ ਜਾਂ ਗੁੱਸੇ ਦਾ ਪ੍ਰਗਟਾਵਾ ਹਰਗਿਜ਼ ਨਹੀਂ ਸੀ ਪਰ ਫਿਰ ਵੀ ਦਿੱਲੀ ਦਰਬਾਰ ਦੀ ਸਾਧਨ ਸਮਰੱਥਾ ਕਾਰਨ ਦੰਗਿਆਂ ਦਾ ਬਿਰਤਾਂਤ ਹਾਵੀ ਰਿਹਾ। ਇਸ ਨੇ ਸਿੱਖਾਂ ਦੇ ਵੀ ਕਾਫੀ ਸਾਰੇ ਹਿੱਸੇ ਨੂੰ ਆਪਣੀ ਮਾਰ ਹੇਠ ਲਿਆਂਦਾ ਤੇ ਇਹ ਹਿੱਸਾ ਨਵੰਬਰ ੧੯੮੪ ਦੇ ਕਤਲੇਆਮਾਂ ਲਈ ‘ਦੰਗੇ’’ ਸ਼ਬਦ ਹੀ ਵਰਤਦਾ ਰਿਹਾ ਹੈ ਭਾਵੇਂਕਿ ਉਹ ਇਹ ਗੱਲ ਹੀ ਕਿਉਂ ਨਾ ਕਹਿਣ ਕਿ ਇਹ ਪੂਰੀ ਤਰ੍ਹਾਂ ਇਕਪਾਸੜ ਕਾਰਵਾਈ ਸੀ ਜਿਸ ਵਿਚ ਸਿੱਖਾਂ ਨੂੰ ਮਿੱਥ ਕੇ ਵਿਓਂਤਬੱਧ ਤੇ ਜਥੇਬੰਦ ਤਰੀਕੇ ਨਾਲ ਕਤਲ ਕੀਤਾ ਗਿਆ। ਪਾਠਕਾਂ ਨੂੰ ਇਹ ਗੱਲ ਹਥਲੀ ਪੁਸਤਕ ਵਿਚਲੀਆਂ ਲਿਖਤਾਂ ਵਿਚੋਂ ਵੀ ਵੇਖਣ ਨੂੰ ਮਿਲੇਗੀ ਕਿ ਦਿੱਲੀ ਦਰਬਾਰ ਦਾ ‘ਦੰਗਿਆਂ’ ਵਾਲਾ ਬਿਰਤਾਂਤ ਕਿੰਨਾ ਹਾਵੀ ਰਿਹਾ ਹੋਵੇਗਾ ਕਿ ਨਵੰਬਰ ੧੯੮੪ ਨੂੰ ਵਿਓਂਤਬੱਧ ਤੇ ਜਥੇਬੰਦ ਕੀਤੀ ਸਿੱਖ ਵਿਰੋਧੀ ਕਾਰਵਾਈ ਮੰਨਣ ਵਾਲੇ ਲੇਖਕ ਵੀ ਇਸ ਘਟਨਾਕ੍ਰਮ ਨੂੰ ਬਿਆਨ ਕਰਨ ਲੱਗਿਆਂ ਦੰਗੇ ਲਫ਼ਜ਼ ਹੀ ਵਰਤਦੇ ਸਨ।

ਦੋ ਮਨੁੱਖੀ ਅਧਿਕਾਰ ਸੰਗਠਨਾਂ ‘ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼’ ਅਤੇ ‘ਪੀਪਲਜ਼ ਯੂਨੀਅਨ ਫਾਰ ਡੈਮੌਕਰੈਟਿਕ ਰਾਈਟਸ’ ਵੱਲੋਂ ਨਵੰਬਰ ੧੯੮੪ ਦੇ ਪਹਿਲੇ ਹਫਤੇ ਦੌਰਾਨ ਦਿੱਲੀ ਵਿਚੋਂ ਮੌਕੇ ਉੱਤੇ ਇਕੱਤਰ ਕੀਤੇ ਗਏ ਵੇਰਵਿਆਂ ਉੱਤੇ ਅਧਾਰਤ ਆਪਣੇ ਲੇਖੇ ‘ਦੋਸ਼ੀ ਕੌਣ’ ਵਿਚ ਸਭ ਤੋਂ ਪਹਿਲਾਂ ਇਹਨਾਂ ਕਤਲੇਆਮਾਂ ਦੇ ਵਿਓਂਤਬੱਧ ਅਤੇ ਜਥੇਬੰਦ ਕੀਤੇ ਹੋਣ ਦਾ ਤੱਥ ਦਸਤਾਵੇਜ਼ੀ ਸਬੂਤਾਂ ਸਮੇਤ ਜੱਗ-ਜ਼ਾਹਰ ਕੀਤਾ ਗਿਆ ਸੀ। ਇਸ ਤੋਂ ਬਾਅਦ ਜਸਟਿਸ ਵੀ. ਤਾਰਕੁੰਡੇ ਦੀ ਅਗਵਾਈ ਹੇਠ ਜਾਰੀ ਹੋਏ ਲੇਖੇ ‘ਦਿੱਲੀ ਹਿੰਸਾ ਬਾਰੇ ਸੱਚ: ਰਾਸ਼ਟਰ ਦੇ ਨਾਂ ਇਕ ਰਿਪੋਰਟ’ ਵਿਚ ਇਹ ਮਹੱਤਵਪੁਰਨ ਨੁਕਤਾ ਉਭਾਰਿਆ ਗਿਆ ਸੀ ਕਿ “੧ ਨਵੰਬਰ ੧੯੮੪ ਤੋਂ ੪ ਨਵੰਬਰ ੧੯੮੪ ਤੱਕ ਵਾਪਰੀਆਂ ਘਟਨਾਵਾਂ ਨੂੰ ‘ਫਿਰਕੂ ਦੰਗੇ’ ਕਹਿਣਾ ਗਲਤ ਹੈ।” ਇਸ ਤੋਂ ਅਗਲੇ ਦਹਾਕਿਆਂ ਵਿਚ ‘ਦੰਗਿਆਂ’ ਦੇ ਸਰਕਾਰੀ ਬਿਰਤਾਂਤ ਦੇ ਮੁਕਾਬਲੇ ਉੱਤੇ ਨਵੰਬਰ ੧੯੮੪ ਬਾਰੇ ‘ਸਰਕਾਰੀ ਕਤਲੇਆਮ’ ਦੀ ਸੰਗਿਆ ਤਹਿਤ ਇਕ ਬਿਰਤਾਂਤ ਉੱਭਰਿਆ, ਜਿਸ ਵਿਚ ਇਹ ਗੱਲ ਉਭਾਰੀ ਗਈ ਕਿ ਨਵੰਬਰ ੧੯੮੪ ਦਾ ਘਟਨਾਕ੍ਰਮ ਦੰਗੇ ਭਾਵ ਦੋ ਧਿਰਾਂ ਦਰਮਿਆਨ ਹੋਈ ਹਿੰਸਾ ਤੇ ਇਕ ਦੂਜੇ ਦੀ ਕੀਤੀ ਗਈ ਮਾਰ-ਕੱਟ ਹਰਗਿਜ਼ ਨਹੀਂ ਸੀ, ਬਲਕਿ ਅਸਲ ਵਿਚ ਇਹ ਸਰਕਾਰ ਵੱਲੋਂ ਵਿਓਂਤਿਆ ਅਤੇ ਜਥੇਬੰਦ ਕੀਤਾ ਸਿੱਖਾਂ ਦਾ ਸਰਕਾਰੀ ਕਤਲੇਆਮ ਸੀ।

ਹਥਲੀ ਕਿਤਾਬ ਵਿਚ ਸ਼ਾਮਿਲ ਲਿਖਤਾਂ ਵਿਚੋਂ ਸਾਲ ੨੦੦੦ ਵਿਚ ਸ਼ੁਰੂ ਹੋਏ ਮਾਸਿਕ ਰਸਾਲੇ ‘ਸਿੱਖ ਸ਼ਹਾਦਤ’ ’ਚ ਛਪੀਆਂ ਕੁਝ ਲਿਖਤਾਂ ਵਿਚ ਨਵੰਬਰ ੧੯੮੪ ਦੇ ਕਤਲੇਆਮਾਂ ਨੂੰ ਨਸਲਕੁਸ਼ੀ ਵੱਜੋਂ ਬਿਆਨ ਕੀਤਾ ਗਿਆ। ਸਿੱਖਾਂ ਨੇ ਸਾਲ ੨੦੧੦ ਦੇ ਕਰੀਬ ਨਵੰਬਰ ੧੯੮੪ ਨੂੰ ‘ਸਿੱਖ ਨਸਲਕੁਸ਼ੀ ੧੯੮੪’ ਦੇ ਤੌਰ ਉੱਤੇ ਪ੍ਰਭਾਸ਼ਿਤ ਕਰਨ ਦਾ ਬਿਰਤਾਂਤ ਬੱਝਵੇਂ ਰੂਪ ਵਿਚ ਉਭਾਰਨਾ ਸ਼ੁਰੂ ਕੀਤਾ। ਇਸ ਵਿਚ ਸਿੱਖ ਡਾਇਸਪੋਰਾ (ਵਿਦੇਸ਼ਾਂ ਵਿਚ ਰਹਿੰਦੇ ਸਿੱਖਾਂ) ਨੇ ਮੋਹਰੀ ਭੂਮਿਕਾ ਨਿਭਾਈ। ਸਿੱਖਾਂ ਦੀ ਨਵੀਂ ਪੀੜ੍ਹੀ ਉੱਤੇ ਦਿੱਲੀ ਦਰਬਾਰ ਦੇ ‘ਦੰਗਿਆਂ’ ਵਾਲੇ ਬਿਰਤਾਂਤ ਦੀ ਛਾਪ ਬਹੁਤ ਘੱਟ ਸੀ, ਖਾਸ ਕਰਕੇ ੧੯੮੪ ਤੋਂ ਬਾਅਦ ਵਿਦੇਸ਼ਾਂ ਵਿਚ ਜੰਮੀ-ਪਲੀ ਸਿੱਖ ਪੀੜ੍ਹੀ ਉੱਤੇ। ਇਸੇ ਸਮੇਂ ਦੌਰਾਨ ਵਿਦੇਸ਼ਾਂ ਵਿਚ ਕਈ ਸਿੱਖ ਸੰਸਥਾਵਾਂ ਵੱਲੋਂ ਸਿੱਖ ਨਸਲਕੁਸ਼ੀ ੧੯੮੪ ਦੇ ਤੱਥ ਨੂੰ ਮਾਨਤਾ ਦਿਵਾਉਣ ਦੇ ਯਤਨ ਵੀ ਸ਼ੁਰੂ ਹੋਏ, ਜਿਸ ਨੇ ਇਸ ਬਿਰਤਾਂਤ ਨੂੰ ਚੋਖਾ ਹੁਲਾਰਾ ਦਿੱਤਾ। ਇਸੇ ਸਮੇਂ ਦੌਰਾਨ ਵਿਦੇਸ਼ਾਂ ਵਿਚ ਸਿੱਖ ਵਿਦਿਆਰਥੀਆਂ ਅਤੇ ਖੋਜਾਰਥੀਆਂ ਵਿਚੋਂ ਕੁਝ ਨੇ ਆਪਣੀ ਪੜ੍ਹਾਈ ਦੌਰਾਨ ‘ਸਿੱਖ ਨਸਲਕੁਸ਼ੀ ੧੯੮੪’ ਨੂੰ ਆਪਣੀ ਖੋਜ ਦਾ ਵਿਸ਼ਾ ਵੀ ਬਣਾਇਆ।

ਨਸਲਕੁਸ਼ੀ ਦੇ ਤੱਥ ਨੂੰ ਮਾਨਤਾ ਦਿਵਾਉਣਾ ਬਿਖੜਾ ਅਤੇ ਲੰਮੇਰਾ ਕਾਰਜ ਹੁੰਦਾ ਹੈ। ਨਸਲਕੁਸ਼ੀ ਦਾ ਜ਼ੁਰਮ ਜਿਆਦਾਤਰ ਕਿਸੇ ਰਾਜ-ਪ੍ਰਬੰਧ, ਭਾਵ ਮੁਲਕ ਦੀ ਸੱਤਾ, ਵੱਲੋਂ ਕੀਤਾ ਜਾਂਦਾ ਹੈ, ਤੇ ਹਮੇਸ਼ਾ ਹੀ ਇਹ ਧਿਰ ਨਸਲਕੁਸ਼ੀ ਤੋਂ ਮੁਨਕਰ ਹੁੰਦੀ ਹੈ; ਅਜਿਹੇ ਵਿਚ ਪੀੜਤ ਧਿਰ ਲਈ ਆਪਣੇ ਵਿਰੁੱਧ ਹੋਏ ਜ਼ੁਰਮ ਦੀ ਅਸਲ ਤਾਸੀਰ ਨੂੰ ਤਸਲੀਮ ਕਰਵਾਉਣਾ ਸੁਖਾਲਾ ਨਹੀਂ ਹੁੰਦਾ। ਦੋਸ਼ੀ ਮੁਲਕ ਸਦਾ ਹੀ ਆਪਣੇ ਸਾਰੇ ਵਸੀਲੇ ਝੋਕ ਕੇ ਨਸਲਕੁਸ਼ੀ ਦੀ ਮਾਨਤਾ ਦਾ ਵਿਰੋਧ ਕਰਦਾ ਹੈ ਤੇ ਆਪਣੇ ਬਿਰਤਾਂਤ ਨੂੰ ਹੀ ਸੱਚਾ ਅਤੇ ਸਹੀ ਦੱਸਦਾ ਹੈ। ਇਹ ਅਮਲ ਕਿਸ ਤਰ੍ਹਾਂ ਦਾ ਹੁੰਦਾ ਹੈ ਇਸ ਬਾਰੇ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ੧੯੧੫ ਤੋਂ ੧੯੧੭ ਦੌਰਾਨ ਤੁਰਕੀ ਦੀ ਸਲਤਨਤ-ਏ-ਉਸਮਾਨੀਆ ਵੱਲੋਂ ਅਰਮੀਨੀਆਈ ਲੋਕਾਂ ਦੀ ਨਸਲਕੁਸ਼ੀ ਕੀਤੀ ਗਈ ਸੀ। ਪਰ ਇਸ ਤੱਥ ਨੂੰ ਤਸਲੀਮ ਕਰਵਾਉਣ ਲਈ ਅਰਮੀਨੀਆਈ ਲੋਕ ਅਜੇ ਤੱਕ ਯਤਨਸ਼ੀਲ ਹਨ। ਹਾਲ ਵਿਚ ਹੀ ੨੪ ਅਪਰੈਲ ੨੦੨੧ ਨੂੰ ਜਦੋਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਅਰਮੀਨੀਆਈ ਨਸਲਕੁਸ਼ੀ ਦੇ ਤੱਥ ਨੂੰ ਮਾਨਤਾ ਦਿੱਤੀ ਹੈ ਤੇ ਤੁਰਕੀ ਦੀ ਸਰਕਾਰ ਵੱਲੋਂ ਅਰਮੀਨੀਆਈ ਨਸਲਕੁਸ਼ੀ ਦੇ ਤੱਥ ਤੋਂ ਮੁਨਕਰ ਹੁੰਦਿਆਂ ਇਸ ਮਾਨਤਾ ਉੱਤੇ ਇਤਰਾਜ ਜਤਾਇਆ ਗਿਆ। ਤੁਰਕੀ ਦੇ ਰਾਸ਼ਟਰਪਤੀ ਇਰਦੋਗਨ ਨੇ ਅਮਰੀਕੀ ਰਾਸ਼ਟਰਪਤੀ ਨੂੰ ਇਹ ਮਾਨਤਾ ਰੱਦ ਕਰਨ ਲਈ ਕਿਹਾ ਹੈ। ਸਦੀ ਪਹਿਲਾਂ ਵਾਪਰੀ ਅਰਮੀਨੀਆਈ ਨਸਲਕੁਸ਼ੀ, ਜਿਸ ਨੂੰ ਕਿ ਦੁਨੀਆ ਦੇ ਕਈ ਮੁਲਕ ਅਤੇ ਵੱਡੀਆਂ ਤਾਕਤਾਂ ਤਸਲੀਮ ਕਰ ਚੁੱਕੀਆਂ ਹਨ, ਦੀ ਮਾਨਤਾ ਦਾ ਦੋਸ਼ੀ ਮੁਲਕ ਵੱਲੋਂ ਹਾਲੀ ਤੱਕ ਵੀ ਵਿਰੋਧ ਕੀਤਾ ਜਾ ਰਿਹਾ ਤਾਂ ਸਿੱਖ ਨਸਲਕੁਸ਼ੀ ੧੯੮੪ ਨੂੰ ਵਾਪਰਿਆਂ ਤੇ ਹਾਲੀ ੩੭ ਕੁ ਸਾਲ ਹੀ ਹੋਏ ਹਨ। ਇਸ ਲਈ ਜ਼ਾਹਿਰ ਹੈ ਕਿ ਸਿੱਖ ਨਸਲਕੁਸ਼ੀ ੧੯੮੪ ਦੇ ਹਕੀਕੀ ਤੱਥ ਦੀ ਮਾਨਤਾ ਦਾ ਪੈਂਡਾ ਵੀ ਬਿਖੜਾ ਹੈ ਪਰ ਸਿੱਖ ਇਸ ਉੱਤੇ ਸਾਬਤ ਕਦਮੀ ਨਾਲ ਵਧ ਰਹੇ ਹਨ। ਇਹ ਸਿੱਖ ਡਾਇਸਪੋਰੇ ਦੇ ਯਤਨਾ ਦਾ ਹੀ ਨਤੀਜਾ ਹੈ ਕਿ ਇੰਡੀਆ ਦੇ ਤਿੱਖੇ ਵਿਰੋਧ ਅਤੇ ਸ਼ਾਜਸ਼ਾਂ ਦੇ ਬਾਵਜੂਦ ਅਮਰੀਕਾ ਦੇ ਕਨੈਟੀਕੱਟ ਅਤੇ ਪੈਨਸਲਵੇਨੀਆ ਸੂਬਿਆਂ ਅਤੇ ਕਨੇਡਾ ਦੇ ਆਨਟਾਰੀਓ ਸੂਬੇ ਦੀਆਂ ਵਿਧਾਨ ਸਭਾਵਾਂ ਨੇ ਸਿੱਖ ਨਸਲਕੁਸ਼ੀ ਦੇ ਤੱਥ ਨੂੰ ਮਾਨਤਾ ਦਿੱਤੀ ਹੈ। ਪੈਨਸਿਲਵੇਨੀਆ ਦੀ ਵਿਧਾਨ ਸਭਾ ਵਿਚੋਂ ਇੰਡੀਆ ਨੇ ਮਤਾ ਵਾਪਿਸ ਕਰਵਾਉਣ ਲਈ ਵੀ ਪੂਰਾ ਜ਼ੋਰ ਲਾਇਆ ਪਰ ਜਦੋਂ ਕਾਮਯਾਬੀ ਨਾ ਮਿਲੀ ਤਾਂ ਅਖੀਰ ਇੰਡੀਅਨ ਖਬਰਖਾਨੇ ਰਾਹੀਂ ਇਹ ਝੂਠੀ ਖਬਰ ਨਸ਼ਰ ਕਰਵਾਈ ਕਿ ਮਤਾ ਰੱਦ ਕਰ ਦਿੱਤਾ ਗਿਆ ਹੈ।

ਹਥਲੀ ਕਿਤਾਬ ਦਾ ਵਿਚਾਰ ‘ਸਿੱਖ ਸ਼ਹਾਦਤ’ ਰਸਾਲੇ ਵਿਚ ਛਪੀਆਂ ਲਿਖਤਾਂ ਦੀ ਅਹਿਮੀਅਤ ਨੂੰ ਵਿਚਾਰਦਿਆਂ ਹੀ ਉੱਭਰਿਆ। ਖਾੜਕੂ ਲਹਿਰ ਤੋਂ ਬਾਅਦ ਸਿੱਖ ਬਿਰਤਾਂਤ ਨੂੰ ਉਭਾਰਨ ਵਿਚ ਇਸ ਰਸਾਲੇ ਦੀ ਅਹਿਮ ਭੂਮਿਕਾ ਰਹੀ। ਇਸੇ ਵਰ੍ਹੇ ਹੀ ਜੂਨ ੧੯੮੪ ਦੇ ਘੱਲੂਘਾਰੇ ਬਾਰੇ ‘ਸਿੱਖ ਸ਼ਹਾਦਤ’ ਰਸਾਲੇ ਵਿਚ ਛਪਦੀਆਂ ਰਹੀਆਂ ਲਿਖਤਾਂ ਨੂੰ ‘ਤੀਜਾ ਘੱਲੂਘਾਰਾ’ ਸਿਰਲੇਖ ਹੇਠ ਸਿੱਖ ਸ਼ਹਾਦਤ ਪੁਸਤਕ ਲੜੀ ਤਹਿਤ ਤੀਸਰੀ ਕਿਤਾਬ ਵੱਜੋਂ ਛਾਪਿਆ ਗਿਆ ਹੈ। ਸੋ, ਇਸ ਪੱਖ ਤੋਂ ਹੋਈ ਮੁੱਢਲੀ ਵਿਚਾਰ ਤੋਂ ਬਾਅਦ ਨਵੰਬਰ ੧੯੮੪ ਬਾਰੇ ਸਿੱਖ ਸ਼ਹਾਦਤ ਰਸਾਲੇ ਵਿਚ ਛਪੀ ਸਮੱਗਰੀ ਨੂੰ ਪੁਸਤਕ ਰੂਪ ਪੇਸ਼ ਕਰਨ ਦਾ ਕਾਰਜ ‘ਸਿੱਖ ਤਵਾਰੀਖ ਅਤੇ ਰਾਜਨੀਤੀ ਬੁੰਗੇ’ ਵੱਲੋਂ ਕੀਤੇ ਜਾਣ ਦਾ ਸੁਝਾਅ ਪ੍ਰਵਾਣ ਹੋਇਆ। ਇਸ ਕਾਰਜ ਦੌਰਾਨ ਮਹਿਸੂਸ ਹੋਇਆ ਕਿ ਇਸ ਕਾਰਜ ਵਿਚ ਸਮੱਗਰੀ ਸਰੋਤ ਦਾ ਘੇਰਾ ਇਕ ਸਰੋਤ (ਸਿੱਖ ਸ਼ਹਾਦਤ) ਦੀ ਬਜ਼ਾਏ ਵਧਾ ਲਿਆ ਜਾਵੇ ਅਤੇ ਹੋਰਨਾਂ ਸਰੋਤਾਂ ਤੋਂ ਵੀ ਸੰਬੰਧਤ ਲਿਖਤਾਂ ਇਸ ਵਿਚ ਸ਼ਾਮਿਲ ਕੀਤੀਆਂ ਜਾਣ।

ਕਾਰਜ ਦਾ ਦਾਇਰਾ ਹੱਡੀਂ ਹੰਢਾਏ ਤੇ ਅੱਖੀਂ-ਡਿੱਠੇ ਹਾਲ, ਵੇਰਵੇ ਅਤੇ ਪੜਚੋਲ, ਨਵੰਬਰ ੧੯੮੪ ਦੇ ਕਤਲੇਆਮਾਂ ਨੂੰ ਨਸਲਕੁਸ਼ੀ ਦੀ ਦ੍ਰਿਸ਼ਟੀ ਤੋਂ ਬਿਆਨ ਕਰਦੀਆਂ ਲਿਖਤਾਂ, ਅਤੇ ਸਿੱਖ ਨਸਲਕੁਸ਼ੀ ੧੯੮੪ ਦੇ ਤੱਥ ਨੂੰ ਮਾਨਤਾ ਦੇਣ ਦੇ ਕੌਮਾਂਤਰੀ ਦਸਤਾਵੇਜ਼ਾਂ ਤੱਕ ਮਿੱਥਿਆ ਗਿਆ। ਇਸੇ ਅਧਾਰ ਉੱਤੇ ਹਥਲੀ ਕਿਤਾਬ ਦੀ ਵਿਸ਼ਾ ਵੰਡ ਕੀਤੀ ਗਈ ਹੈ।

ਕਿਤਾਬ ਦੇ ਪਹਿਲੇ ਭਾਗ ਵਿਚ ਨਵੰਬਰ ੧੯੮੪ ਦੀ ਸਿੱਖ ਨਸਲਕੁਸ਼ੀ ਦੇ ‘ਹੱਡੀਂ ਹੰਢਾਏ ਤੇ ਅੱਖੀਂ-ਡਿੱਠੇ ਹਾਲ’ ਸ਼ਾਮਿਲ ਹਨ। ਇਸ ਭਾਗ ਵਿਚ ਵੱਖ-ਵੱਖ ਸਰੋਤਾਂ ਵਿਚ ਪਹਿਲਾਂ ਪ੍ਰਕਾਸ਼ਿਤ ਹੋਈਆਂ ਲਿਖਤਾਂ ਦੇ ਨਾਲ-ਨਾਲ ਕੁਝ ਨਵੀਆਂ ਲਿਖਤਾਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ। ਕਿਤਾਬ ਦੇ ਦੂਜੇ ਭਾਗ ਦਾ ਸਿਰਲੇਖ ‘ਨਸਲਕੁਸ਼ੀ ਦਾ ਖੁਰਾ-ਖੋਜ’ ਰੱਖਿਆ ਗਿਆ ਹੈ। ਨਵੰਬਰ ੧੯੮੪ ਦੇ ਕਤਲੇਆਮਾਂ ਨੂੰ ਦਿੱਲੀ ਦਰਬਾਰ ਅਤੇ ਇਸਦੇ ਜ਼ਰਖਰੀਦ ਖਬਰਖਾਨੇ ਨੇ ‘ਦਿੱਲੀ ਦੰਗਿਆਂ’ ਦਾ ਨਾਂ ਦਿੱਤਾ ਸੀ। ਇਸ ਤੋਂ ਦੋ ਪ੍ਰਭਾਵ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ- ਪਹਿਲਾ ਕਿ ਇਹ ‘ਦੰਗੇ’ ਸਨ ਤੇ ਦੂਜਾ ਕਿ ਇਹ ‘ਦਿੱਲੀ’ ਵਿਚ ਵਾਪਰੇ ਸਨ। ਇਹ ਭਾਗ ਵਿਚ ਸਮਕਾਲੀ ਸਰੋਤਾਂ, ਖਾਸ ਤੌਰ ਉੱਤੇ ਸਿਰਦਾਰ ਸੁਰਜੀਤ ਸਿੰਘ ਸੋਖੀ ਦੀ ਕਿਤਾਬ ‘ਸਿੱਖਾਂ ਦਾ ਕਤਲੇਆਮ’, ਤੋਂ ਇਕਤਰ ਕੀਤੀ ਜਾਣਕਾਰੀ ਦੇ ਨਾਲ-ਨਾਲ ਹੁਣ ਤੱਕ ਸਾਹਮਣੇ ਆਈ, ਤੇ ਇਕ ਚੱਲ ਰਹੇ ਖੋਜ ਕਾਰਜ ਦੌਰਾਨ ਸਾਹਮਣੇ ਆ ਰਹੀ ਜਾਣਕਾਰੀ, ਵੀ ਸ਼ਾਮਿਲ ਕਰਕੇ ਉਹਨਾਂ ਥਾਵਾਂ ਦੀ ਨਿਸ਼ਾਨ ਦੇਹੀ ਕੀਤੀ ਗਈ ਹੈ ਜਿੱਥੇ ਨਵੰਬਰ ੧੯੮੪ ਦੀ ਸਿੱਖ ਨਸਲਕੁਸ਼ੀ ਦੌਰਾਨ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਸ ਭਾਗ ਵਿਚ ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ ਸੂਬਾ ਵਾਰ ਨਕਸ਼ਿਆਂ ਅਤੇ ਥਾਵਾਂ ਦੀਆਂ ਸੂਚੀਆਂ ਤੇ ਹੋਰਨਾਂ ਵੇਰਵਿਆਂ ਦੇ ਰੂਪ ਵਿਚ ਬਿਆਨ ਕੀਤਾ ਗਿਆ ਹੈ। ਅਸੀਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਸਮਕਾਲੀ ਅਤੇ ਹਾਲੀਆ ਸਰੋਤਾਂ ਤੋਂ ਉਹਨਾ ਸਾਰੀਆਂ ਥਾਵਾਂ ਦੀ ਸ਼ਨਾਖਤ ਕਰਕੇ ਵੇਰਵੇ ਸਾਂਝੇ ਕਰ ਦਿੱਤੇ ਜਾਣ ਜਿੱਥੇ ਸਿੱਖ ਨਸਲਕੁਸ਼ੀ ੧੯੮੪ ਦੌਰਾਨ ਸਿੱਖਾਂ ਉੱਤੇ ਜ਼ੁਲਮ ਢਾਹੇ ਗਏ ਸਨ। ਪਰ ਅਸੀਂ ਇਹ ਦਾਅਵਾ ਹਰਗਿਜ਼ ਨਹੀਂ ਕਰਦੇ ਕਿ ਇਹ ਵੇਰਵੇ ਮੁਕੰਮਲ ਜਾਂ ਅੰਤਮ ਹਨ। ਅਸੀਂ ਇਸ ਕਾਰਜ ਦੌਰਾਨ ਵੀ ਵੇਖਿਆ ਹੈ, ਤੇ ਇਕ ਚੱਲ ਰਹੇ ਖੋਜ ਕਾਰਜ ਦੌਰਾਨ ਵੀ ਅਜਿਹੀਆਂ ਕਈ ਥਾਵਾਂ ਦੇ ਵੇਰਵੇ ਉਜਾਗਰ ਹੋਏ ਹਨ, ਜਿਹਨਾ ਬਾਰੇ ਪਹਿਲੇ ਸਰੋਤਾਂ ਤੋਂ ਜਾਣਕਾਰੀ ਨਹੀਂ ਸੀ ਮਿਲਦੀ। ਸੋ ਇਹ ਸੰਭਾਵਨਾ ਮੌਜੂਦ ਹੈ ਕਿ ਹਾਲੀ ਵੀ ਹੋਰ ਬਹੁਤ ਥਾਵਾਂ ਅਤੇ ਵੇਰਵੇ ਸਾਹਮਣੇ ਆਉਣਗੇ। ਅਸੀਂ ਪਾਠਕਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਜੇਕਰ ਤੁਹਾਨੂੰ ਅਜਿਹੀ ਕਿਸੇ ਥਾਂ ਜਾਂ ਵੇਰਵਿਆਂ ਬਾਰੇ ਜਾਣਕਾਰੀ ਹੋਵੇ ਤਾਂ ਸਾਡੇ ਤੱਕ ਜਰੂਰ ਪਹੁੰਚਦੀ ਕਰੋ ਤਾਂ ਕਿ ਉਸ ਦੀ ਤਸਦੀਕ ਕਰਕੇ ਅਗਲੀਆਂ ਛਾਪਾਂ ਵਿਚ ਸ਼ਾਮਿਲ ਕੀਤੀ ਜਾ ਸਕੇ।

ਹਥਲੀ ਕਿਤਾਬ ਦੇ ਤੀਜੇ ਭਾਗ ਦਾ ਸਿਰਲੇਖਵੇਰਵੇ ਅਤੇ ਪੜਚੋਲ’ ਹੈ ਜਿਸ ਵਿਚ ਨਵੰਬਰ ੧੯੮੪ ਦੇ ਘਟਨਾਕ੍ਰਮ ਦੇ ਵੇਰਵੇ, ਅਤੇ ਇਸ ਬਾਰੇ ਵੱਖ-ਵੱਖ ਪੱਖਾਂ ਤੋਂ ਪੜਚੋਲ ਕਰਦੀਆਂ ਲਿਖਤਾਂ ਸ਼ਾਮਿਲ ਕੀਤੀਆਂ ਗਈਆਂ ਹਨ। ਚੌਥੇ ਭਾਗ ਦਾ ਸਿਰਲੇਖ ‘ਦੰਗੇ ਨਹੀਂ ਨਸਲਕੁਸ਼ੀ’ ਹੈ। ਇਸ ਵਿਚ ਨਵੰਬਰ ੧੯੮੪ ਦੇ ਘਟਨਾਕ੍ਰਮ ਨੂੰ ਨਸਲਕੁਸ਼ੀ ਸਿੱਧ, ਤੇ ਬਿਆਨ, ਕਰਦੀਆਂ ਲਿਖਤਾਂ ਅਤੇ ਤਕਰੀਰਾਂ ਸ਼ਾਮਿਲ ਕੀਤੀਆਂ ਗਈਆਂ ਹਨ। ਪੰਜਵਾਂ ਤੇ ਆਖਰੀ ਭਾਗ ‘ਦਸਤਾਵੇਜ਼’ ਹੈ ਜਿਸ ਵਿਚ ਤਖਤ ਸ੍ਰੀ ਅਕਾਲ ਬੁੰਗਾ ਸਾਹਿਬ, ਦਿੱਲੀ ਵਿਧਾਨ ਸਭਾ, ਵਿਦੇਸ਼ਾਂ ਵਿਚਲੀਆਂ ਵਿਧਾਨ ਸਭਾਵਾਂ, ਸਰਕਾਰੀ ਅਹੁਦੇਦਾਰਾਂ, ਸਿਟੀ ਕੌਂਸਲਾਂ ਅਤੇ ਹੋਰਨਾਂ ਅਦਾਰਿਆਂ ਵੱਲੋਂ ਸਿੱਖ ਨਸਲਕੁਸ਼ੀ ਦੇ ਤੱਥ ਨੂੰ ਮਾਨਤਾ ਦਿੰਦੇ ਮਤੇ ਅਤੇ ਐਲਾਨ ਸ਼ਾਮਿਲ ਕੀਤੇ ਗਏ ਹਨ। ਮੂਲ ਦਸਤਾਵੇਜ਼ ਦੀ ਤਸਵੀਰ ਹੀ ਇੰਨ-ਬਿੰਨ ਕਿਤਾਬ ਵਿਚ ਛਾਪੀ ਗਈ ਹੈ ਅਤੇ ਨਾਲ ਉਸ ਦਾ ਪੰਜਾਬੀ ਉਲੱਥਾ ਛਾਪਿਆ ਗਿਆ ਹੈ। ਅਸੀਂ ਇਹ ਦਾਅਵਾ ਤਾਂ ਹਰਗਿਜ਼ ਨਹੀਂ ਕਰਦੇ ਪਰ ਅਸੀਂ ਆਪਣੇ ਵੱਲੋਂ ਇਹ ਪੂਰੀ ਕੋਸ਼ਿਸ਼ ਕੀਤੀ ਹੈ ਕਿ ਹੁਣ ਤੱਕ ਸਿੱਖ ਨਸਲਕੁਸ਼ੀ ਦੇ ਤੱਥ ਨੂੰ ਮਿਲੀ ਮਾਨਤਾ ਦੇ ਸਾਰੇ ਦਸਤਾਵੇਜ਼ ਇਕੱਠੇ ਕਰਕੇ ਹਥਲੀ ਕਿਤਾਬ ਵਿਚ ਛਾਪ ਦਿੱਤੇ ਜਾਣ। ਕੁਝ ਸਿਟੀ ਕੌਂਸਲਾਂ, ਜਿੱਥੇ ਕਿ ਸਿੱਖ ਨਸਲਕੁਸ਼ੀ ਦਾ ਯਾਦ ਦਿਹਾੜਾ ਮਨਾਉਣ ਵੇਲੇ ਹਰ ਸਾਲ ਸਿੱਖ ਨਸਲਕੁਸ਼ੀ ਨੂੰ ਮਾਨਤਾ ਦੇਣ ਦੇ ਐਲਾਨ ਜਾਰੀ ਹੁੰਦੇ ਹਨ, ਉੱਥੇ ਦੇ ਸਿਰਫ ਪਹਿਲੇ ਸਾਲ ਕੀਤੇ ਗਏ ਐਲਾਨ ਦੀ ਨਕਲ ਹੀ ਸ਼ਾਮਿਲ ਕੀਤੀ ਗਈ ਹੈ। ਅਸੀਂ ਪਾਠਕਾਂ ਨੂੰ ਵੀ ਸਨਿਮਰ ਬੇਨਤੀ ਕਰਦੇ ਹਾਂ ਕਿ ਜੇਕਰ ਸਿੱਖ ਨਸਲਕੁਸ਼ੀ ਨੂੰ ਕਿਸੇ ਵੀ ਸਰਕਾਰ, ਸੰਸਥਾ ਜਾਂ ਅਦਾਰੇ ਵੱਲੋਂ ਮਾਨਤਾ ਦਿੱਤੇ ਜਾਣ ਦੇ ਹੋਰ ਦਸਤਾਵੇਜ਼, ਜਾਂ ਉਹਨਾ ਬਾਰੇ ਜਾਣਕਾਰੀ, ਤੁਹਾਡੇ ਧਿਆਨ ਵਿਚ ਹੋਵੇ ਤਾਂ ਸਾਡੇ ਨਾਲ ਜਰੂਰ ਸਾਂਝੀ ਕਰੋ ਤਾਂ ਕਿ ਅਗਲੀਆਂ ਛਾਪਾਂ ਵਿਚ ਉਹਨਾਂ ਨੂੰ ਵੀ ਸ਼ਾਮਿਲ ਕੀਤਾ ਜਾ ਸਕੇ।

ਕਿਤਾਬ ਵਿਚ ਪ੍ਰਕਾਸ਼ਿਤ ਲਿਖਤਾਂ ਬਾਬਤ ਅਸੀਂ ਇਹ ਬੇਨਤੀ ਜਰੂਰ ਸਾਂਝੀ ਕਰਨੀ ਚਾਹੁੰਦੇ ਹਾਂ ਕਿ ਇਹ ਲਿਖਤਾਂ ਵੱਖ-ਵੱਖ ਲੇਖਕਾਂ ਵੱਲੋਂ ਵੱਖ-ਵੱਖ ਸਮੇਂ ਉੱਤੇ ਲਿਖੀਆਂ ਗਈਆਂ ਹਨ। ਜ਼ਾਹਿਰ ਹੈ ਕਿ ਉਹਨਾ ਦਾ ਆਪਣਾ-ਆਪਣਾ ਨਜ਼ਰੀਆ ਹੈ। ਇਹਨਾ ਲਿਖਤਾਂ ਨੂੰ ਇਸ ਕਾਰਜ ਦਾ ਹਿੱਸਾ ਬਣਾਉਣ ਦਾ ਫੈਸਲਾ ਉਹਨਾ ਵਿਚ ਦਰਜ਼ ਵੇਰਵਿਆਂ, ਖਾਸ ਕਰਕੇ ਜੋ ਕੁਝ ਨਵੰਬਰ ੧੯੮੪ ਦੇ ਕਤਲੇਆਮਾਂ ਦੌਰਾਨ ਵਾਪਰਿਆਂ ਜਾਂ ਉਸ ਦੀ ਪੜਚੋਲ ਦੇ ਮਿੱਥੇ ਗਏ ਅਧਾਰਾਂ, ਕਾਰਨ ਲਿਆ ਗਿਆ ਹੈ। ਹੋ ਸਕਦਾ ਹੈ ਕਿ ਕਿਸੇ ਲਿਖਤ ਵਿਚ ਦਰਜ਼ ਕਿਸੇ ਨੁਕਤੇ ਜਾਂ ਦ੍ਰਿਸ਼ਟੀ ਨਾਲ ਸਾਡੀ ਸਹਿਮਤੀ ਨਾ ਵੀ ਹੋਵੇ, ਫਿਰ ਵੀ ਜੇਕਰ ਲਿਖਤ ਮਿੱਥੇ ਗਏ ਮੂਲ ਅਧਾਰ ਉੱਤੇ ਖਰੀ ਉੱਤਰਦੀ ਲੱਗੀ ਤਾਂ ਉਸ ਨੂੰ ਸ਼ਾਮਿਲ ਕਰ ਲਿਆ ਗਿਆ। ਉਂਝ ਸਾਡੀ ਇਹ ਪੂਰੀ ਕੋਸ਼ਿਸ਼ ਰਹੀ ਹੈ ਕਿ ਪਹਿਲਾਂ ਛਪੀਆਂ ਲਿਖਤਾਂ ਨੂੰ ਬਿਨਾ ਤਬਦੀਲੀ ਦੇ ਹੀ ਛਾਪਿਆ ਜਾਵੇ ਪਰ ਕੁਝ ਥਾਵਾਂ ਉੱਤੇ, ਖਾਸ ਕਰਕੇ ਜਿੱਥੇ ਨਵੰਬਰ ੧੯੮੪ ਦੇ ਕਤਲੇਆਮਾਂ ਲਈ ‘ਦੰਗੇ’ ਸ਼ਬਦ ਜਾਂ ਜੂਨ ੧੯੮੪ ਲਈ ਸਰਕਾਰੀ ਸ਼ਬਦਾਵਲੀ ‘ਅਪਰੇਸ਼ਨ ਬਲੂ ਸਟਾਰ’ ਦੀ ਵਰਤੋਂ ਕੀਤੀ ਗਈ ਸੀ, ਓਥੇ ਬਰੈਕਟ ਵਿਚ ਅਸੀਂ ਆਪਣੇ ਵੱਲੋਂ ਕੁਝ ਸ਼ਬਦ ਦਰਜ਼ ਕੀਤੇ ਹਨ ਤਾਂ ਕਿ ਸੰਬੰਧਤ ਗੱਲ ਜਾਂ ਸ਼ਬਦ ਨੂੰ ਸਹੀ ਜਾਂ ਵਧੇਰੇ ਸਪਸ਼ਟ ਸੰਦਰਭ ਵਿਚ ਪੇਸ਼ ਕੀਤਾ ਜਾ ਸਕੇ। ਜਿਹੜੀ ਪਹਿਲਾਂ ਛਪੀ ਲਿਖਤ ਨੂੰ ਇਸ ਕਾਰਜ ਵਿਚ ਸ਼ਾਮਿਲ ਕਰਨ ਲਈ ਮੂਲ ਲੇਖਕ ਨੇ ਆਪ ਸੋਧਿਆ ਹੈ ਉਹ ਲਿਖਤ ਨਵੀਂ ਮੰਨ ਕੇ ਹੀ ਛਾਪੀ ਗਈ ਹੈ ਅਤੇ ਓਥੇ ਪਹਿਲੇ ਸਰੋਤ ਦਾ ਜ਼ਿਕਰ ਨਹੀਂ ਕੀਤਾ ਗਿਆ।

ਅਸੀਂ ਉਹਨਾ ਸਭਨਾ ਲੇਖਕਾਂ ਅਤੇ ਮੂਲ ਪ੍ਰਕਾਸ਼ਕਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਜਿਹਨਾ ਦੀਆਂ ਲਿਖਤਾਂ ਹਥਲੀ ਕਿਤਾਬ ਵਿਚ ਸ਼ਾਮਿਲ ਕੀਤੀਆਂ ਗਈਆਂ ਹਨ। ਇਸ ਕਾਰਜ ਵਿਚ ਸ਼ਾਮਿਲ ਕੀਤੇ ਗਏ ਦਸਤਾਵੇਜ਼ਾਂ ਨੂੰ ਮੁਹੱਈਆਂ ਕਰਵਾਉਣ ਅਤੇ ਭਾਲਣ ਵਿਚ ਮਦਦ ਕਰਨ ’ਚ ਬਹੁਤ ਸਾਰੇ ਪੰਥ ਸੇਵਕਾਂ ਅਤੇ ਸਿੱਖ ਸੱਜਣਾਂ ਨੇ ਸਹਿਯੋਗ ਦਿੱਤਾ ਹੈ ਜਿਹਨਾ ਦੀ ਮਦਦ ਤੋਂ ਬਿਨਾ ਸ਼ਾਇਦ ਇਹ ਦਸਤਾਵੇਜ਼ ਇਕਤਰ ਕਰਨੇ ਮੁਸ਼ਕਿਲ ਸਨ। ਇਹਨਾ ਸਭਨਾ ਦਾ, ਤੇ ਖਾਸ ਕਰਕੇ ਅਮਰੀਕਾ ਦੇ ਕਨੈਟੀਕੱਟ ਸੂਬੇ ਤੋਂ ਸਰਗਰਮ ਸਿੱਖ ਸਿਆਸਤਦਾਨ ਤੇ ਸਿੱਖ ਨਸਲਕੁਸ਼ੀ ਦੇ ਤੱਥ ਨੂੰ ਮਾਨਤਾ ਦਿਵਾਉਣ ਲਈ ਉਚੇਚੇ ਉੱਦਮ ਕਰਨ ਵਾਲੇ ਭਾਈ ਸਵਰਨਜੀਤ ਸਿੰਘ ਖਾਲਸਾ, ਕਨੇਡਾ ਤੋਂ ਪੰਥ ਸੇਵਕ ਭਾਈ ਲਖਵਿੰਦਰ ਸਿੰਘ, ਭਾਈ ਪ੍ਰਭਜੋਤ ਸਿੰਘ, ਬ੍ਰੈਂਪਟਨ ਤੋਂ ਸਿੱਖ ਸਿਆਸਤਦਾਨ ਸ. ਹਰਕੀਰਤ ਸਿੰਘ ਅਤੇ ਅਮਰੀਕਾ ਦੇ ਸ਼ਹਿਰ ਫ੍ਰੈਜ਼ਨੋ ਤੋਂ ਸਹਾਇਕ ਸਿਟੀ ਅਟਾਰਨੀ ਸ. ਰਾਜ ਸਿੰਘ ਬਧੇਸ਼ਾ, ਦਾ ਉਹਨਾ ਵੱਲੋਂ ਦਿੱਤੀ ਜਾਣਕਾਰੀ ਲਈ ਧੰਨਵਾਦ।

ਕਿਤਾਬ ਦੇ ਸਮੁੱਚੇ ਕਾਰਜ ਆਪਣੀਆਂ ਕੀਮਤੀ ਰਾਵਾਂ ਦੇਣ ਲਈ, ਸਮੱਗਰੀ ਇਕੱਤਰ ਕਰਨ ਵਿਚ ਸਹਿਯੋਗ ਦੇਣ ਲਈ ਤੇ ਇਸ ਕਾਰਜ ਲਈ ਦਿਨ ਰਾਤ ਇਕ ਕਰਕੇ ਇਸਨੂੰ ਨੇਪਰੇ ਚਾੜ੍ਹਨ ਵਿਚ ਭਰਪੂਰ ਮਦਦ ਕਰਨ ਲਈ ਸ. ਅਮਰਿੰਦਰ ਸਿੰਘ ਅਤੇ ਸ. ਰਵਿੰਦਰਪਾਲ ਸਿੰਘ ਦਾ ਤਹਿ ਦਿਲੋਂ ਧੰਨਵਾਦ। ਸਿੱਖ ਨਸਲਕੁਸ਼ੀ ਦੇ ਖੁਰਾਖੋਜ ਨਾਲ ਜੁੜੇ ਵੇਰਵੇ ਸਾਂਝੇ ਕਰਨ ਲਈ ਸ. ਗੁਰਜੰਟ ਸਿੰਘ ਅਤੇ ਇਸ ਖੁਰਾਖੋਜ ਨੂੰ ਸੰਬੰਧਤ ਨਕਸ਼ਿਆਂ ਉੱਤੇ ਅੰਕਤ ਕਰਨ ਲਈ ਅਣਥੱਕ ਮਿਹਨਤ ਕਰਨ ਵਾਲੇ ਨੌਜਵਾਨ ਤੇ ਹੋਣਹਾਰ ਵਿਦਿਆਰਥੀ ਗੁਰਜੋਤ ਸਿੰਘ ਦਾ ਹਾਰਦਿਕ ਧੰਨਵਾਦ। ਅਸੀਂ ਇਸ ਕਿਤਾਬ ਦੇ ਵਿਸ਼ੇ-ਵਸਤੂ ਨੂੰ ਰੂਪਮਾਨ ਕਰਦਾ ਢੁਕਵਾਂ ਸਰਵਰਕ ਤਿਆਰ ਕਰਨ ਲਈ ਸਿੱਖ ਚਿੱਤਰਕਾਰ ਸ. ਪਰਮ ਸਿੰਘ ਦਾ ਹਾਰਦਿਕ ਧੰਨਵਾਦ ਕਰਦੇ ਹਾਂ। ਸਾਰੀ ਸਮੱਗਰੀ ਨੂੰ ਪੁਸਤਕ ਦੇ ਪੰਨਿਆਂ ਦਾ ਰੂਪ ਦੇਣ ਲਈ ਗਰਾਫਿਕਸ ਡਿਜ਼ਾਇਨਰ ਗੁਰਮੇਲ ਸਿੰਘ ਹੋਰਾਂ ਦਾ ਵੀ ਧੰਨਵਾਦ ਕਰਨਾ ਬਣਦਾ ਹੈ ਜਿਹਨਾ ਸਮੇਂ ਦੀ ਸੀਮਤਾਈ ਨੂੰ ਭਲੀ ਭਾਂਤ ਮਹਿਸੂਸ ਕਰਦਿਆਂ ਦਿਨ-ਰਾਤ ਇਕ ਕਰਕੇ ਇਸ ਕਾਰਜ ਨੂੰ ਵੇਲੇ ਸਿਰ ਨੇਪਰੇ ਚਾੜ੍ਹਿਆ। ਅਸੀਂ ‘ਸਿੱਖ ਤਵਾਰੀਖ ਅਤੇ ਰਾਜਨੀਤੀ ਬੁੰਗੇ’ ਦੇ ਇਸ ਕਾਰਜ ਨੂੰ ਕਿਤਾਬ ਰੂਪ ਵਿਚ ਪਾਠਕਾਂ ਤੱਕ ਲੈ ਕੇ ਜਾਣ ਦੀ ਜ਼ਿੰਮੇਵਾਰੀ ਓਟਣ ਵਾਸਤੇ ਬਿਬੇਕਗੜ੍ਹ ਪ੍ਰਕਾਸ਼ਨ ਦੇ ਵੀ ਸ਼ੁਕਰਗੁਜ਼ਾਰ ਹਾਂ।

ਸਾਡਾ ਇਹ ਮੰਨਣਾ ਹੈ ਕਿ ਇਹ ਇਕ ਸਾਂਝਾ ਕਾਰਜ ਹੈ ਜਿਸ ਵਿਚ ਸਾਡੇ ਵੱਲੋਂ ਪਾਇਆ ਗਿਆ ਹਿੱਸਾ ਕਿਸੇ ਤੋਂ ਵੀ ਵਧੀਕ ਨਹੀਂ ਹੈ। ਕਾਰਜ ਦੇ ਸੰਪਾਦਕ ਵੱਜੋਂ ਜੋ ਮਾਣ ਸਾਡੇ ਹਿੱਸੇ ਪਿਆ ਹੈ ਉਹ ਇਸ ਸਾਂਝੇ ਕਾਰਜ ਨਾਲ ਜੁੜੇ ਸਭਨਾ ਸੱਜਣਾਂ ਦਾ ਸਾਂਝਾ ਹੈ। ਇਸ ਕਾਰਜ ਬਾਰੇ ਵੀ ਸਾਡਾ ਇਹ ਹੀ ਮੰਨਣਾ ਹੈ ਕਿ ਇਹ ਕਿਸੇ ਵੀ ਤਰ੍ਹਾਂ ਇਸ ਵਿਸ਼ੇ ਉੱਤੇ ਮੁਕੰਮਲ ਕਾਰਜ ਨਹੀਂ ਹੈ। ਅਸੀਂ ਆਪਣੀ ਸਮਰੱਥਾ ਮੁਤਾਬਿਕ ਵੱਖ-ਵੱਖ ਥਾਈਂ ਪਈਆਂ ਲਿਖਤਾਂ ਤੇ ਵੇਰਵੇ ਇਕੱਤਰ ਕਰਨ ਦਾ ਹੀ ਉੱਦਮ ਕੀਤਾ ਹੈ ਪਰ ਇਸ ਪੱਖ ਤੋਂ ਵੀ ਹਾਲੀ ਹੋਰ ਬਹੁਤ ਯਤਨ ਕੀਤੇ ਜਾਣ ਦੀ ਥਾਂ ਪਈ ਹੈ। ਜੇਕਰ ਇਹ ਕਾਰਜ ਕਿਸੇ ਅਗਲੇਰੇ ਕਾਰਜ ਲਈ ਪ੍ਰੇਰਣਾ, ਜਾਂ ਕਿਸੇ ਸਿੱਖ ਨਸਲਕੁਸ਼ੀ ਦੇ ਖੋਜੀ ਲਈ ਸਮੱਗਰੀ ਦੇ ਸਰੋਤ ਵੱਜੋਂ ਸਹਾਈ ਹੋਵੇ, ਤਾਂ ਅਸੀਂ ਇਸਨੂੰ ਇਹ ਯਤਨ ਦੀ ਸਫਲਤਾ ਮੰਨਾਂਗੇ। ਇਸ ਕਾਰਜ ਵਿਚਲੀਆਂ ਕਮੀਆਂ ਨੂੰ ਨਿਮਰਤਾ ਨਾਲ ਆਪਣੀ ਝੋਲੀ ਵਿਚ ਪਵਾਉਂਦਿਆਂ ਅਸੀਂ ਗੁਰੂ ਮਹਾਰਾਜ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਹੇ ਸੱਚੇ ਪਾਤਿਸ਼ਾਹ ਸਾਡੀ ਮੱਤ ਊਣੀ ਹੈ ਤੁਸੀਂ ਆਪ ਹੀ ਕਿਰਪਾ ਕਰਕੇ ਆਪਣੇ ਪੰਥ ਦੀ ਸੇਵਾ ਲੈਂਦੇ ਰਹਿਣਾ।

ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਿਹ ॥

ਪਰਮਜੀਤ ਸਿੰਘ ਗਾਜ਼ੀ, ਰਣਜੀਤ ਸਿੰਘ

੯ ਕੱਤਕ, ਨਾਨਕਸ਼ਾਹੀ ਸੰਮਤ ੫੫੩

(੨੫ ਅਕਤੂਬਰ, ੨੦੨੧ ਈ.)

5 2 votes
Article Rating
Subscribe
Notify of
2 ਟਿੱਪਣੀਆਂ
Oldest
Newest Most Voted
Inline Feedbacks
View all comments
2
0
Would love your thoughts, please comment.x
()
x