ਮਹਾਂਮਾਰੀ, ਸੇਵਾ ਦਾ ਸੰਕਲਪ, ਸਰਬੱਤ ਦਾ ਭਲਾ ਅਤੇ ਸਿੱਖ

ਮਹਾਂਮਾਰੀ, ਸੇਵਾ ਦਾ ਸੰਕਲਪ, ਸਰਬੱਤ ਦਾ ਭਲਾ ਅਤੇ ਸਿੱਖ

ਗੁਰੂ ਸਾਹਿਬਾਨ ਨੇ ਸਿੱਖ ਜਗਤ ਨੂੰ ਜੋ ਮੁੱਖ ਸੰਸਥਾਵਾਂ ਬਖਸ਼ਿਸ਼ ਕੀਤੀਆਂ ਉਹਨਾਂ ਵਿੱਚੋਂ ਇੱਕ ਗੁਰਦੁਆਰਾ ਸਾਹਿਬਾਨ ਹਨ।

ਭਾਈ ਕਾਹਨ ਸਿੰਘ ਨਾਭਾ
ਨੇ ਮਹਾਨ ਕੋਸ਼ ਵਿੱਚ ਗੁਰਦੁਆਰਾ ਸਾਹਿਬ ਨੂੰ ਪ੍ਰਭਾਸ਼ਿਤ ਕਰਦਿਆਂ ਕਿਹਾ ਹੈ ਕਿ

‘ਸਿੱਖਾਂ ਦਾ ਗੁਰਦੁਆਰਾ ਵਿਦਿਆਰਥੀ ਲਈ ਸਕੂਲ, ਆਤਮਜਿਗਆਸਾ ਵਾਲਿਆਂ ਲਈ ਗਿਆਨਉਦੇਸ਼ਕ ਆਚਾਰਯ, ਰੋਗੀਆਂ ਲਈ ਸ਼ਫ਼ਾਖ਼ਾਨਾ, ਭੁੱਖਿਆਂ ਲਈ ਅਮਨਪੂਰਣਾ, ਇਸਤ੍ਰੀ ਜਾਤਿ ਦੀ ਪਤ ਰੱਖਣ ਲਈ ਲੋਹਮਈ ਦੁਰਗਾ, ਅਤੇ ਮੁਸਾਫਰਾਂ ਲਈ ਵਿਸ਼੍ਰਾਮ ਦਾ ਅਸਥਾਨ ਹੈ’।

ਗੁਰੂ ਸਾਹਿਬ ਨੇ ਸਿੱਖਾਂ ਨੂੰ ਸਰਬੱਤ ਦੇ ਭਲੇ ਦਾ ਆਸ਼ਾ ਬਖਸ਼ਿਆ ਹੈ। ਸਰਬੱਤ ਦਾ ਭਲਾ ਕਿਸੇ ਖਾਸ ਖਿੱਤੇ ਵਿੱਚ ਰਹਿਣ ਵਾਲੇ ਜਾਂ ਕਿਸੇ ਖਾਸ ਮੁਲਕ/ਸਰਕਾਰ ਦੇ ਨਾਗਰਿਕਾਂ ਤੱਕ ਸੀਮਿਤ ਨਹੀਂ ਹੈ (ਜਿਹਾ ਕਿ ‘ਵੈਲਫੇਅਰ ਸਟੇਟ’ ਦੇ ਸੰਕਲਪ ਤਹਿਤ ਹੁੰਦਾ ਹੈ) ਅਤੇ ਨਾ ਹੀ ਇਹ ਸਿਰਫ ਮਨੁੱਖ ਜਾਤੀ ਦੀ ਭਲਾਈ ਤੱਕ ਸੀਮਿਤ ਨਹੀਂ ਹੈ ਬਲਕਿ ਇਸ ਵਿੱਚ ਸ੍ਰਿਸ਼ਟੀ ਦੇ ਸਿਰਜੇ ਹਰ ਚੱਲ-ਅਚੱਲ ਜੀਵ ਰੂਪ ਦਾ ਭਲਾ ਸ਼ਾਮਿਲ ਹੈ।

ਗੁਰੂ ਮਹਾਰਾਜ ਦਾ ਬਖਸ਼ਿਆਂ ਸੇਵਾ ਦਾ ਉੱਦਮ ਸਰਬੱਤ ਦੇ ਭਲੇ ਨੂੰ ਲਾਗੂ ਕਰਨ ਦਾ ਇੱਕ ਅਹਿਮ ਤੇ ਮੁੱਖ ਜਰੀਆ ਹੈ।

ਭਾਵੇਂ ਕਿ ‘ਭਲਾਈ’ ਦੇ ਵਿਚਾਰ ਨੂੰ ਵਿਆਪਕ ਪੱਧਰ ਉੱਤੇ ਲਾਗੂ ਕਰਨ ਲਈ ਰਾਜ ਵੀ ਇੱਕ ਅਹਿਮ ਜ਼ਰੀਆ ਹੈ ਪਰ ਸਿੱਖਾਂ ਵੱਲੋਂ ਕੀਤਾ ਜਾਣ ਵਾਲਾ ਸਰਬੱਤ ਦਾ ਭਲਾ ਰਾਜ ਦਾ ਮੁਹਥਾਜ ਨਹੀਂ ਹੈ। ਇਹ ਗੱਲ ਕਹਿਣ ਦਾ ਭਾਵ ਇਹ ਨਹੀਂ ਹੈ ਕਿ ਸਿੱਖਾਂ ਲਈ ਰਾਜ ਦੀ ਅਹਿਮੀਅਤ ਘੱਟ ਹੈ ਬਲਕਿ ਇਹ ਦਰਸਾਉਣਾ ਹੈ ਕਿ ਗੁਰੂ ਦੇ ਮਾਰਗ ਉੱਤੇ ਚੱਲਣ ਲਈ ਸਿੱਖ ਕਿਸੇ ਖਾਸ ਰਾਜਸੀ ਹਾਲਾਤ ਦੇ ਨਿਰਭਰ ਨਹੀਂ ਹਨ। ਸਿੱਖਾਂ ਵੱਲੋਂ ਪੁਰਾਤਨ ਅਤੇ ਮੌਜੂਦਾ ਸਮੇਂ ਵਿੱਚ ਸਰਬੱਤ ਦੇ ਭਲੇ ਹਿਤ ਨਿੱਜੀ ਅਤੇ ਸਮੂਹਕ ਪੱਧਰ ਉੱਤੇ ਕੀਤੇ ਕਾਰਜਾਂ ਦੀਆਂ ਅਣਗਿਣਤ ਮਿਸਾਲਾਂ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ।

ਅੱਜ ਜਦੋਂ ਮਨੁੱਖਤਾ ਕਰੋਨਾ ਮਹਾਂਮਾਰੀ ਦੀ ਮਾਰ ਹੇਠ ਹੈ ਤਾਂ ਇੱਕ ਵਾਰ ਮੁੜ ਸਿੱਖ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਸਰਬੱਤ ਦੇ ਭਲੇ ਆਸ਼ੇ ਮੁਤਾਬਿਕ ਗੁਰੂ ਸਾਹਿਬ ਵੱਲੋਂ ਬਖਸ਼ੀਆਂ ਸੰਸਥਾਵਾਂ ਦੀ ਵਡਿਆਈ ਸੰਸਾਰ ਵਿੱਚ ਉਜਾਗਰ ਕਰ ਰਹੇ ਹਨ। ਪਿਛਲੇ ਸਾਲ ਜਦੋਂ ਕਰੋਨਾ ਮਹਾਂਮਾਰੀ ਕਾਰਨ ਦੁਨੀਆ ਭਰ ਵਿੱਚ ਤਾਲਾਬੰਦੀ ਹੋਈ ਸੀ ਤਾਂ ਦੁਨੀਆ ਦੇ ਕੋਨੇ-ਕੋਨੇ ਵਿੱਚ ਸਿੱਖਾਂ ਨੇ ਲੋੜਵੰਦਾਂ ਤੱਕ ਰਸਦ-ਪਾਣੀ ਤੇ ਪਰਸ਼ਾਦੇ ਪਹੁੰਚਾਏ ਸਨ। ਹੁਣ ਜਦੋਂ ਇੰਡੀਆ ਵਿੱਚ ਕਰੋਨਾ ਮਹਾਂਮਾਰੀ ਦੇ ਪਰਕੋਪ ਸਾਹਮਣੇ ਆਪਣੇ ਨਾਕਾਫੀ ਪ੍ਰਬੰਧਾਂ ਕਰਕੇ ਸਰਕਾਰਾਂ ਲੋਕਾਂ ਦੀ ਜਾਨ ਬਚਾਉਣ ਵਿੱਚ ਨਾਕਾਮ ਸਾਬਿਤ ਹੋ ਰਹੀਆਂ ਹਨ ਤਾਂ ਸਿੱਖ ਗੁਰਦੁਆਰਾ ਸਾਹਿਬਾਨ ਰਾਹੀਂ ਤਰਾਹੇਮਾਮ ਕਰ ਰਹੀ ਲੋਕਾਈ ਦੇ ਭਲੇ ਹਿਤ ਜੁਟ ਗਏ ਹਨ। ਦਿੱਲੀ, ਗਾਜ਼ੀਆਬਾਦ ਸਮੇਤ ਇਸ ਖਿੱਤੇ ਦੇ ਵੱਖ-ਵੱਖ ਹਿੱਸਿਆਂ ਵਿਚਲੇ ਅਨੇਕਾਂ ਗੁਰਦੂਆਰਾ ਸਾਹਿਬਾਨ ਸਾਹ ਦੀ ਤਕਲੀਫ ਤੋਂ ਪੀੜਿਤ ਹਜ਼ਾਰਾਂ ਜੀਆਂ ਲਈ ‘ਆਕਸੀਜਨ’ ਦੀ ਸੇਵਾ ਕਰ ਰਹੇ ਹਨ। ਦੁਨੀਆ ਭਰ ਦੇ ਵੱਡੇ ਖਬਰ ਅਦਾਰੇ ਵਿਖਾ ਰਹੇ ਹਨ ਕਿ ਕਿਵੇਂ ਜੋ ਕਾਰਜ ਕਰਨ ਵਿੱਚ ਸਮਰੱਥ ਕਹਾਉਂਦੀਆਂ ਸਰਕਾਰਾਂ ਵੀ ਨਾਕਾਮ ਸਾਬਿਤ ਹੋ ਰਹੀਆਂ ਹਨ ਉਹ ਕਾਰਜ ਸਿੱਖਾਂ ਵੱਲੋਂ ਗੁਰਦੁਆਰਾ ਸਾਹਿਬਾਨ ਰਾਹੀਂ ਕੀਤਾ ਜਾ ਰਿਹਾ ਹੈ। ਜਿੱਥੇ ਸਰਕਾਰਾਂ ਹਸਪਤਾਲਾਂ ਵਿੱਚ ਬੈਡਾਂ ਦੀ ਕਮੀ ਨਾਲ ਦੋ ਚਾਰ ਹਨ ਸਿੱਖ ਗੁਰਦੁਆਰਾ ਸਾਹਿਬਾਨ ਵੱਲੋਂ ਮੌਕੇ ਦੇ ਹਾਲਾਤ ਮੁਤਾਬਿਕ ਲੋਕਾਂ ਨੂੰ ਉਹਨਾਂ ਦੇ ਸਾਧਨਾਂ ਉੱਤੇ ਹੀ ‘ਆਕਸੀਜਨ’ ਲਗਾ ਕੇ ਨਾ ਸਿਰਫ ਬੇਲੋੜੀਆਂ ਕਾਰਵਾਈਆਂ ਦੀ ਤਕਲੀਫ ਤੋਂ ਬਚਾਇਆ ਜਾ ਰਿਹਾ ਹੈ ਬਲਕਿ ਬਿਨਾ ਸਮਾਂ ਗਵਾਏ ਇੱਕ ਇੱਕ ਸਾਹ ਲਈ ਬੇਹਾਲ ਹੋਏ ਜੀਆਂ ਦੀ ਜਾਨ ਸੁਖਾਲੀ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਬਿਜਲ ਸੱਥ ਉੱਤੇ ਕੁਝ ਸੱਜਣਾਂ ਵੱਲੋਂ ਇਤਰਾਜ ਚੁੱਕੇ ਹਨ ਕਿ ਸਿੱਖ ਬਿਨਾ ਵਜਹ ਆਪਣਾ ਸਿਰਮਾਇਆ ਖਚਤ ਕਰ ਰਹੇ ਹਨ। ਮੁੱਖ ਰੂਪ ਵਿੱਚ ਦੋ ਦਲੀਲਾਂ ਨਜ਼ਰੀ ਪਈਆਂ ਹਨ ਕਿ ਸਿੱਖ ‘ਆਪਣਿਆਂ’ ਦੀ ਤਾਂ ਸਾਰ ਨਹੀਂ ਲੈਂਦੇ ਪਰ ‘ਦੂਜਿਆਂ’ ਉੱਤੇ ਆਪਣਾ ਸਿਰਮਾਇਆ ਲੁਟਾਉਣ ਲਈ ਐਵੇਂ ਤਾਹੂ ਹੋ ਜਾਂਦੇ ਹਨ। ਕਈਆਂ ਦਾ ਕਹਿਣਾ ਹੈ ਕਿ ਜਿਹਨਾਂ ਲੋਕਾਂ ਦੀ ਸਿੱਖ ਮਦਦ ਕਰ ਰਹੇ ਹਨ ਉਹ ਉਸ ਰਾਜ ਦੇ ਬਾਸ਼ਿੰਦੇ ਹਨ ਜਿਹੜਾ ਸਿੱਖਾਂ ਉੱਤੇ ਜੁਲਮ ਕਰਦਾ ਹੈ ਅਤੇ ਸਿੱਖਾਂ ਨੂੰ ਇਨਸਾਫ ਦੇਣ ਤੋਂ ਮੁਨਕਰ ਹੈ। ਇਹ ਦੋਵੇਂ ਦਲੀਲਾਂ ਹੀ ਵਾਜਿਬ ਨਹੀਂ ਠਹਿਰਾਈਆਂ ਜਾ ਸਕਦੀਆਂ। ਪਹਿਲੀ ਗੱਲ ਕਿ ਇੱਕ ਖਾਮੀ ਕਿਸੇ ਨੂੰ ਕੋਈ ਦੂਜਾ ਚੰਗਾ ਕਾਰਜ ਕਰਨ ਤੋਂ ਰੋਕਣ ਦਾ ਸਬੱਬ ਨਹੀਂ ਬਣਨੀ ਚਾਹੀਦੀ; ਬਲਿਕ ਚਾਹੀਦਾ ਤਾਂ ਇਹ ਹੈ ਕਿ ਚੰਗੇ ਕਾਰਜ ਜਾਰੀ ਰੱਖਦਿਆਂ ਪਿਛਲੀਆਂ ਖਾਮੀਆਂ ਦੂਰ ਕਰਨ ਵੱਲ ਵੀ ਧਿਆਨ ਦਿੱਤਾ ਜਾਵੇ। ਦੂਜਾ ਗੁਰੂ ਸਾਹਿਬ ਨੇ ਸਿੱਖ ਨੂੰ ਸਾਫ ਤਾਕੀਦ ਕੀਤੀ ਹੈ ਕਿ ‘ਨੀਚਾਂ ਦੀ ਰੀਸ’ ਨਹੀਂ ਕਰਨੀ। ਇਸ ਲਈ ਇਹ ਕਹਿਣਾ ਵੀ ਵਾਜਿਬ ਨਹੀਂ ਹੈ ਕਿ ਸਿੱਖ ਉੱਤੇ ਜੁਲਮ ਕਰਨ ਵਾਲੇ ਰਾਜ ਦੇ ਨਾਗਰਿਕਾਂ ਨੂੰ ਮੌਤ ਦੇ ਮੂਹੋਂ ਬਚਾਉਣ ਦਾ ਯਤਨ ਨਾ ਕੀਤਾ ਜਾਵੇ। ਕਿਸੇ ਦੀ ਬੁਰਾਈ ਦੇ ਹਵਾਲੇ ਨਾਲ ਸਿੱਖ ਆਪਣਾ ਗੁਣ ਨਹੀਂ ਗਵਾ ਸਕਦੇ। ਤੀਜਾ, ਜਿਵੇਂ ਕਿ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ‘ਸਰਬੱਤ ਦੇ ਭਲੇ ਦਾ ਆਸ਼ਾ’ ਵੈਲਫੇਅਰ ਸੇਟਟ ਸਿਧਾਂਤ ਵਾਙ ਕਿਸੇ ਖਾਸ ਵਰਗ ਜਾਂ ਹਿੱਸੇ ਤੱਕ ਸੀਮਿਤ ਨਹੀਂ ਹੈ, ਬਲਕਿ ਇਸ ਤੋਂ ਬਹੁਤ ਵਿਸ਼ਾਲ ਹੈ ਤੇ ਸਮੁੱਚੀ ਕਾਇਨਾਤ ਤੱਕ ਵਿਆਪਕ ਹੈ। ਇਸ ਮਾਮਲੇ ਵਿੱਚ ਭਾਈ ਘਨ੍ਹੀਆ ਜੀ ਦੀ ਸਾਖੀ ਸਿੱਖ ਜਗਤ ਲਈ ਇੱਕ ਅਹਿਮ ਚਾਨਣ ਮੁਨਾਰਾ ਹੈ।

ਅਖੀਰੀ ਗੱਲ ਕਿ

ਇਸ ਬਿਪਤਾ ਦੇ ਸਮੇਂ ਵਿੱਚ ਮਨੁੱਖਤਾ ਦੀ ਸੇਵਾ ਕਰਕੇ ਸਿੱਖ ਗੁਰੂ ਸਾਹਿਬਾਨ ਦੇ ਦੱਸੇ ਸੱਚੇ ਮਾਰਗ ਉੱਤੇ ਚੱਲ ਰਹੇ ਹਨ ਅਤੇ ਗੁਰੂਘਰ ਦੀ ਵਡਿਆਈ ਨੂੰ ਸੰਸਾਰ ਪੱਧਰ ਉੱਤੇ ਉਜਾਗਰ ਕਰ ਰਹੇ ਹਨ।

ਗੁਰੂ ਸਾਹਿਬ ਸਿੱਖਾਂ ਨੂੰ ਆਪਣੇ ਦਰਸਾਏ ਮਾਰਗ ਉੱਤੇ ਚੱਲਣ ਦਾ ਬਲ ਬਖਸ਼ਦੇ ਰਹਿਣ।

5 1 vote
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x