ਪੰਜਾਬ ਦਾ ਜਲ ਸੰਕਟ: ਸਮਾਂ ਖੁੰਝਦਾ ਜਾ ਰਿਹੈ!

ਪੰਜਾਬ ਦਾ ਜਲ ਸੰਕਟ: ਸਮਾਂ ਖੁੰਝਦਾ ਜਾ ਰਿਹੈ!

ਅੱਜ ਤੋਂ ਕੁਝ ਦਹਾਕੇ ਪਹਿਲਾਂ ਜਦੋਂ ਇਹ ਗੱਲ ਕਹੀ ਜਾਂਦੀ ਸੀ ਕਿ ਜਿਸ ਹਿਸਾਬ ਨਾਲ ਅਸੀਂ ਪੰਜਾਬ ਵਿੱਚੋਂ ਜ਼ਮੀਨੀ ਪਾਣੀ ਕੱਢ ਰਹੇ ਹਾਂ ਉਸ ਹਿਸਾਬ ਨਾਲ ਪੰਜਾਬ ਦਾ ਜ਼ਮੀਨੀ ਪਾਣੀ ਮੁੱਕ ਜਾਵੇਗਾ ਤਾਂ ਬਹੁਤੇ ਲੋਕ ਇਹ ਕਹਿ ਦਿੰਦੇ ਸਨ ਕਿ ਇਹ ਐਵੇਂ ਬੱਸ ਗੱਲਾਂ ਨੇ, ਜ਼ਮੀਨ ਵਿਚੋਂ ਵੀ ਪਾਣੀ ਕਦੇ ਮੁੱਕਿਐ? ਪਰ ਹੁਣ ਬਹੁਤੇ ਲੋਕ ਇਹ ਗੱਲ ਨਹੀਂ ਕਹਿੰਦੇ ਕਿਉਂਕਿ ਜਿਸ ਰਫਤਾਰ ਨਾਲ ਪੰਜਾਬ ਵਿੱਚ ਜ਼ਮੀਨੀ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ ਉਸ ਦਾ ਅਸਰ ਹੁਣ ਸਧਾਰਨ ਸਮਝ ਵਾਲਿਆਂ ਨੂੰ ਵੀ ਸਾਫ ਦਿਖ ਰਿਹਾ ਹੈ। ਇਸ ਵਾਰ ਬਰਸਾਤ ਤੋਂ ਪਹਿਲਾਂ ਕੁਝ ਦਿਨ ਹੀ ਔੜ ਦੇ ਰਹੇ ਤਾਂ ਲੋਕਾਈ ਚ ਹਾਹਾਕਾਰ ਮੱਚ ਗਈ। ਪਰ ਹੁਣ ਬਰਸਾਤ ਸ਼ੁਰੂ ਹੋ ਗਈ ਹੈ ਤੇ ਬਿਜਲੀ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ ਤੇ ਅਸੀਂ ਫਿਰ ਸਭ ਕੁਝ ਭੁੱਲ-ਭੁਲਾ ਜਾਵਾਂਗੇ। ਭਾਵ ਕਿ ਹਾਲੀ ਵੀ ਪੰਜਾਬ ਵਿੱਚ ਜ਼ਮੀਨੀ ਪਾਣੀ ਦੇ ਸੰਕਟ ਦੀ ਗੰਭੀਰਤਾ ਬਾਰੇ ਲੋਕ ਪੂਰੀ ਤਰ੍ਹਾਂ ਸੁਚੇਤ ਨਹੀਂ ਹਨ ਹਾਲਾਂਕਿ ਸਥਿਤੀ ਇਹ ਹੈ ਕਿ ਬਹੁਤਾ ਪੰਜਾਬ ਹੁਣ ਪੀਣ ਵਾਲੇ ਪਾਣੀ ਲਈ ਵੀ ਬਿਜਲੀ ਉੱਤੇ ਚੱਲਣ ਵਾਲੀਆਂ ਮੋਟਰਾਂ ਉੱਤੇ ਨਿਰਭਰ ਹੈ। ਸਿਰਫ ਖੇਤਾਂ ਨੂੰ ਹੀ ਨਹੀਂ ਬਿਜਲੀ ਨਾ ਹੋਣ ਦੀ ਸੂਰਤ ਵਿੱਚ ਪੰਜਾਬ ਦਾ ਬਹੁਤਾ ਹਿੱਸਾ ਹੁਣ ਪੀਣ ਵਾਲਾ ਪਾਣੀ ਵੀ ਤੇਲ/ਜਨਰੇਟਰ ਬਾਲ ਕੇ ਜ਼ਮੀਨ ਹੇਠੋਂ ਕੱਢਦਾ ਹੈ। ਪੰਜਾਬ ਵਿੱਚ ਹੁਣ ਬਹੁਤ ਥੋੜੇ ਘਰ ਹੋਣਗੇ ਜਿਹਨਾ ਨੂੰ ਬਿਨਾ ਬਿਜਲੀ ਤੋਂ ਪੀਣ ਵਾਲਾ ਪਾਣੀ ਨਲਕਿਆਂ ਰਾਹੀਂ ਮਿਲਦਾ ਹੋਵੇ ।

ਖੈਰ ਇਸ ਹਾਲਾਤ ਵਿੱਚ ਇਹ ਸਵਾਲ ਬਾਰੇ ਹੁਣ ਲੋਕ ਕੁਝ ਗੰਭੀਰਤਾ ਨਾਲ ਪੁੱਛਦੇ ਹਨ ਕਿ ਕੀ ਪੰਜਾਬ ਵਿੱਚੋਂ ਸੱਚੀਂ ਜ਼ਮੀਨੀ ਪਾਣੀ ਮੁੱਕ ਸਕਦੈ? ਤੇ ਪੰਜਾਬ ਸੱਚੀਂ ਮਾਰੂਥਲ ਬਣ ਸਕਦੈ?

ਇਸ ਸਵਾਲ ਦਾ

ਜਵਾਬ ਜਾਨਣਾ ਇੰਨਾ ਵੀ ਔਖਾਂ ਨਹੀਂ ਹੈ। ਬੱਸ ਕੁਝ ਬੁਨਿਆਦੀ ਜਿਹੇ ਅੰਕੜੇ ਅਤੇ ਨੁਕਤੇ ਕਿਸੇ ਵੀ ਸਧਾਰਨ ਬੁੱਧੀ ਮਨੁੱਖ ਸਾਹਮਣੇ ਰੱਖ ਦਿਓ ਤਾਂ ਜਵਾਬ ਮਿਲ ਜਾਂਦਾ ਹੈ।

ਪੰਜਾਬ ਵਿੱਚ ਜਮੀਨੀ ਪਾਣੀ ਦੀ ਸਥਿਤੀ ਦੇ ਅੰਕੜੇ ਸਰਕਾਰੀ ਤੌਰ ਉੱਤੇ ਹਰ ਚਾਰ ਸਾਲ ਬਾਅਦ ਇਕੱਠੇ ਕੀਤੇ ਜਾਂਦੇ ਹਨ। ਇਹ ਅੰਕੜੇ ਅਖੀਰੀ ਵਾਰ ਸਾਲ 2017 ਵਿੱਚ ਇਕੱਠੇ ਕੀਤੇ ਗਏ ਸਨ ਅਤੇ ਇਹ ਕਿਹਾ ਗਿਆ ਸੀ ਕਿ ਪੰਜਾਬ ਦਾ ਜ਼ਮੀਨੀ ਪਾਣੀ ਦਾ ਭੰਡਾਰ 22 ਸਾਲਾਂ ਵਿੱਚ ਮੁੱਕ ਜਾਵੇਗਾ, ਭਾਵ ਕਿ 2040 ਵਿੱਚ ਪੰਜਾਬ ਦੀ ਹਾਲਤ ਮਾਰੂਥਲ ਵਾਲੀ ਹੋਵੇਗੀ। ਇਹ ਗੱਲ ਕਿਸ ਅਧਾਰ ਉੱਤੇ ਕਹੀ ਗਈ? ਆਓ ਜਾਣੀਏ!

ਸਾਲ 2017 ਦੇ ਅੰਕੜਿਆਂ ਮੁਤਾਬਿਕ -

(ੳ) ਪੰਜਾਬ ਵਿੱਚ ਜ਼ਮੀਨੀ ਪਾਣੀ ਦਾ 300 ਮੀਟਰ (1000 ਫੁੱਟ) ਡੁੰਘਾਈ ਤੱਕ ਦਾ ਕੁੱਲ ਭੰਡਾਰ = 3 ਅਰਬ 14 ਕਰੋੜ ਕਿਉਬਿਕ ਮੀਟਰ
(ਅ)ਪੰਜਾਬ ਵਿੱਚ ਸਾਲਾਨਾ ਜੋ ਪਾਣੀ ਜ਼ਮੀਨ ਹੇਠਾਂ ਰੀਚਾਰਜ ਹੁੰਦਾ ਹੈ = 23 ਕਰੋੜ 93 ਲੱਖ ਕਿਉਬਿਕ ਮੀਟਰ
(ੲ) ਪੰਜਾਬ ਵਿੱਚ ਜ਼ਮੀਨੀ ਪਾਣੀ ਕੱਢਣ ਦੀ ਸਲਾਨਾ ਸੁਰੱਖਿਅਤ ਹੱਦ = 21 ਕਰੋੜ 59 ਲੱਖ ਕਿਉਬਿਕ ਮੀਟਰ
(ਸ) ਪੰਜਾਬ ਵਿੱਚੋਂ ਜਿੰਨਾ ਪਾਣੀ ਸਲਾਨਾ ਜ਼ਮੀਨ ਹੇਠੋਂ ਕੱਢਿਆ ਜਾ ਰਿਹਾ ਹੈ = 35 ਕਰੋੜ 78 ਲੱਖ ਕਿਉਬਿਕ ਮੀਟਰ
(ਹ) ਪੰਜਾਬ ਦੇ ਜ਼ਮੀਨੀ ਪਾਣੀ ਦੇ ਭੰਭਾਰ ਚ ਹਰ ਸਾਲ ਪੈ ਰਿਹਾ ਘਾਪਾ = 14 ਕਰੋੜ 2 ਲੱਖ ਕਿਉਬਿਕ ਮੀਟਰ [(ੲ) – (ਸ) = (ਹ)]

ਹੁਣ ਗੱਲ ਬਿਲਕੁਲ ਸਾਫ ਹੈ ਕਿ ਪੰਜਾਬ ਕੋਲ 314 ਕਰੋੜ ਕਿੳ.ਮੀ. ਦਾ ਜ਼ਮੀਨੀ ਜਲ ਭੰਡਾਰ ਹੈ ਜਿਸ ਵਿੱਚੋਂ ਹਰ ਸਾਲ 14.2 ਕਰੋੜ ਕਿਉ.ਮੀ. ਘਟ ਰਿਹਾ ਹੈ।

ਸੋ, 314/14 = 22.42। ਭਾਵ ਕਿ ਪੰਜਾਬ ਦੇ ਜ਼ਮੀਨੀ ਪਾਣੀ ਦੇ ਭੰਡਾਰ ਵਿੱਚ ਪੈ ਰਹੇ 14 ਕਰੋੜ ਕਿਉ.ਮੀ. ਦੇ ਸਲਾਨਾ ਘਾਪੇ ਅਧਾਰ ਉੱਤੇ 314 ਕਰੋੜ ਕਿਉ.ਮੀ. ਦਾ ਇਹ ਭੰਡਾਰ ਕਰੀਬ 22 ਸਾਲ ਵਿੱਚ ਮੁੱਕ ਜਾਵੇਗਾ।

ਧਿਆਨ ਦਿਓ ਕਿ 22 ਸਾਲ ਦਾ ਸਮਾਂ ਸਾਲ 2017 ਤੋਂ ਸੀ ਪਰ ਹੁਣ ਸਾਲ 2021 ਲੰਘ ਰਿਹਾ ਹੈ ਭਾਵ ਕਿ ਇਹਨਾਂ 22 ਸਾਲਾਂ ਵਿੱਚੋਂ ਵੀ 5 ਸਾਲ ਲੰਘ ਚੁੱਕੇ ਹਨ।

ਹੁਣ ਇਹ ਗੱਲ ਵੱਲ ਵੀ ਧਿਆਨ ਦਿਓ ਕਿ ਸਾਲ 2017 ਤੋਂ 22 ਸਾਲ ਦੀ ਮਿਆਦ ਵੀ ਤਾਂ ਹੀ ਮਿਲਣੀ ਸੀ ਜੇਕਰ ਪੰਜਾਬ ਵਿੱਚ ਪਿਛਲੀ ਦਰ ਉੱਤੇ ਔਸਤ ਬਰਸਾਤ ਹੁੰਦੀ ਰਹੇ ਤਾ ਕਿ ਪਾਣੀ ਰੀਚਾਰਜ ਦੀ ਦਰ ਬਰਕਾਰ ਰਹੇ ਅਤੇ ਜ਼ਮੀਨ ਹੇਠੋਂ ਪਾਣੀ ਕੱਢਣ ਦੀ ਦਰ ਪਹਿਲਾਂ ਵਾਲੀ ਹੱਦ ਤੱਕ ਹੀ ਰਹੇ। ਪਰ ਪਿਛਲੇ ਸਾਲਾਂ ਦੌਰਾਨ ਪੰਜਾਬ ਵਿੱਚ ਬਰਸਾਤਾਂ ਲਗਾਤਾਰ ਘਟ ਰਹੀਆਂ ਹਨ, ਤੇ ਦੂਜੇ ਬੰਨੇ ਝੋਨੇ ਹੇਠ ਰਕਬਾ ਬੇਰੋਕ ਵਧਦੇ ਜਾਣ ਕਾਰਨ ਜ਼ਮੀਨ ਹੇਠੋਂ ਪਾਣੀ ਕੱਢਣ ਦੀ ਦਰ ਵਧਦੀ ਜਾ ਰਹੀ ਹੈ। ਅਜਿਹੇ ਵਿੱਚ ਇਹ ਸਮਝਣਾ ਔਖਾ ਨਹੀਂ ਹੈ ਕਿ ਪੰਜਾਬ ਕੋਲ ਹਕੀਕੀ ਤੌਰ ਉੱਤੇ 15 ਸਾਲ ਦਾ ਸਮਾਂ ਵੀ ਨਹੀਂ ਬਚਿਆ।

ਹੁਣ ਜਦੋਂ ਆਉਂਦੇ ਕਰੀਬ ਡੇਢ ਦਹਾਕੇ ਵਿੱਚ ਪੰਜਾਬ ਦੇ 300 ਮੀਟਰ (1000 ਫੁੱਟ) ਤੱਕ ਦੇ ਜ਼ਮੀਨੀ ਪਾਣੀ ਦੇ ਤਿੰਨੇ ਪੱਤਣ ਮੁੱਕ ਜਾਣਗੇ ਤਾਂ ਪੰਜਾਬ ਦੀ ਸਥਿਤੀ ਕੀ ਹੋਵੇਗੀ? ਕੀ ਇਹ ਹਰਿਆ-ਭਰਿਆ ਅਤੇ ਖੁਸ਼ਹਾਲ ਖਿੱਤਾ ਹੋਵੇਗਾ? ਜਾਂ ਇਸ ਦੀ ਹਾਲਤ ਕਿਸੇ ਮਾਰੂਥਲ ਵਰਗੀ ਹੋਵੇਗੀ? ਇਸ ਬਾਰੇ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ। ਜਿੰਦਗੀ ਤਾਂ ਥਾਰ ਮਾਰੂਥਲ ਵਿੱਚ ਵੀ ਚੱਲਦੀ ਹੈ ਪਰ ਚੱਲਦੀ ਕਿਵੇਂ ਹੈ ਇਸ ਬਾਰੇ ਬਿਜਾਲ (ਇੰਟਰਨੈਟ) ਉੱਤੇ ਬਹੁਤ ਜਾਣਕਾਰੀ ਮਿਲ ਜਾਂਦੀ ਹੈ ਜਿਸ ਤੋਂ ਪੰਜਾਬ ਦੇ ਉਸ ਭਵਿੱਖ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਜਿਸ ਦੀ ਕਾਮਨਾ ਭਾਵੇਂ ਸਾਡੇ ਵਿੱਚੋਂ ਕੋਈ ਵੀ ਨਹੀਂ ਕਰੇਗਾ ਪਰ ਜਿਸ ਵੱਲ ਅਸੀਂ ਸਮੂਹਿਕ ਤੌਰ ਉੱਤੇ ਬੇਰੋਕ ਤੁਰੇ ਜਾ ਰਹੇ ਹਾਂ।

ਹੁਣ ਸਮਾਂ ਗੰਭੀਰ ਹੋ ਕੇ ਬਰਬਾਦੀ ਦੀ ਇਸ ਰਫਤਾਰ ਨੂੰ ਮੱਠੀ ਕਰਨ ਤੇ ਠੱਲ੍ਹ ਪਾਉਣ ਦਾ ਹੈ ਨਹੀਂ ਤਾਂ

ਜਿਸ ਰਾਹ ਦੇ ਅਗਲੇ ਸਿਰੇ ਉੱਤੇ ਖੂਹ ਜਾਂ ਖੱਡ ਹੋਵੇ ਉਸ ਉੱਤੇ ਅੱਖਾਂ ਬੰਦ ਕਰਕੇ ਤੁਰਨ ਨਾਲ ਕੀ ਨਤੀਜਾ ਨਿੱਕਲੇਗਾ ਇਹ ਆਪਾ ਸਭ ਭਲੀ-ਭਾਂਤ ਜਾਣਦੇ ਹਾਂ।


 

 

4 2 votes
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x